Home rss national punjabi2ਰਾਸ਼ਟਰੀ ਖ਼ਬਰਾਂ ਮਿਲਾਵਟੀ ਖਾਣਾ ਲਿਵਰ, ਕਿਡਨੀ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਕਿਵੇਂ...

ਮਿਲਾਵਟੀ ਖਾਣਾ ਲਿਵਰ, ਕਿਡਨੀ, ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਕਿਵੇਂ ਨੁਕਸਾਨ ਪਹੁੰਚਾ ਸਕਦਾ ਹੈ

4
0

Source :- BBC PUNJABI

ਖਾਣਾ

ਤਸਵੀਰ ਸਰੋਤ, Getty Images

ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖਿਆ ਹੈ ਕਿ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਕਈ ਖੁਰਾਕ ਉਤਪਾਦਨ ਇਕਾਈਆਂ (ਫੂਡ ਮੈਨਿਊਫੈਕਚਰਿੰਗ ਯੂਨਿਟਾਂ) ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਵਿਭਾਗ ਦੇ ਕਮਿਸ਼ਨਰ ਤੁਕਾਰਾਮ ਮੁੰਡੇ ਨੇ ਕਿਹਾ ਹੈ ਕਿ ਸੂਬੇ ਵਿੱਚ ਖੁਰਾਕ ਨਾਲ ਜੁੜੀਆਂ 1400 ਥਾਵਾਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਿੱਥੇ ਨਿਯਮਾਂ ਦੀ ਗੰਭੀਰ ਉਲੰਘਣਾ ਪਾਈ ਗਈ, ਉੱਥੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ 400 ਥਾਵਾਂ ‘ਤੇ ਸੁਧਾਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।

ਤੁਕਾਰਾਮ ਮੁੰਡੇ ਨੇ ਕਿਹਾ ਹੈ ਕਿ ਨਿਯਮਾਂ ਦੀ ਕਿਸੇ ਵੀ ਉਲੰਘਣਾ ਦੀ ਸ਼ਿਕਾਇਤ ਮਹਾਰਾਸ਼ਟਰ ਸਰਕਾਰ ਦੇ ਪੋਰਟਲ ‘ਤੇ ਦਰਜ ਕਰਵਾਈ ਜਾ ਸਕਦੀ ਹੈ।

ਖੁਰਾਕ ਅਤੇ ਦਵਾਈ ਪ੍ਰਸ਼ਾਸਨ ਦੀ ਇਹ ਮੁਹਿੰਮ ਦੇਸ਼ ਭਰ ਵਿੱਚ ਸੁਰਖੀਆਂ ਬਣ ਰਹੀ ਹੈ। ਆਈਸਕ੍ਰੀਮ ਪਾਰਲਰਾਂ, ਦੁੱਧ ਦੀਆਂ ਡੇਅਰੀਆਂ, ਹੋਟਲਾਂ ਅਤੇ ਸਰਕਾਰੀ ਅਦਾਰਿਆਂ ਦੀਆਂ ਕੈਂਟੀਨਾਂ ਵਿੱਚ ਛਾਪੇ ਮਾਰੇ ਗਏ ਹਨ।

ਇਸ ਮੁਹਿੰਮ ਦੇ ਬਹਾਨੇ ਖੁਰਾਕ ਵਿੱਚ ਮਿਲਾਵਟ, ਮਾੜੀ ਗੁਣਵੱਤਾ ਵਾਲੇ ਭੋਜਨ ਅਤੇ ਸਾਫ-ਸਫਾਈ ਦੀ ਕਮੀ ਵਰਗੇ ਮੁੱਦਿਆਂ ‘ਤੇ ਚਰਚਾ ਹੋ ਰਹੀ ਹੈ। ਫੂਡ ਪੋਇਜ਼ਨਿੰਗ ਅਤੇ ਇਸ ਦੇ ਨਤੀਜਿਆਂ ਦੀ ਵੀ ਗੱਲ ਕੀਤੀ ਜਾ ਰਹੀ ਹੈ।

ਖਾਣਾ

ਤਸਵੀਰ ਸਰੋਤ, Getty Images

ਅਸੀਂ ਇਸ ਲੇਖ ਵਿੱਚ ਇਨ੍ਹਾਂ ਮੁੱਦਿਆਂ ‘ਤੇ ਵਿਸਥਾਰ ਨਾਲ ਗੱਲ ਕਰਾਂਗੇ।

ਫੂਡ ਪੁਆਇਜ਼ਨਿੰਗ, ਮਿਲਾਵਟ ਅਤੇ ਇਨ੍ਹਾਂ ਸਾਰੀਆਂ ਸਥਿਤੀਆਂ ਦੇ ਨਤੀਜੇ ਸਿਰਫ਼ ਇੱਕ ਦਿਨ ਪੇਟ ਖ਼ਰਾਬ ਹੋਣ, ਉਲਟੀਆਂ ਆਉਣ ਅਤੇ ਡਾਕਟਰ ਵੱਲੋਂ ਇੱਕ-ਦੋ ਦਿਨ ਦੀਆਂ ਗੋਲੀਆਂ ਦੇਣ ਤੱਕ ਸੀਮਿਤ ਨਹੀਂ ਹੁੰਦੇ। ਇਨ੍ਹਾਂ ਦੇ ਲੰਬੇ ਸਮੇਂ ਵਾਲੇ ਨਤੀਜੇ ਵੀ ਹੁੰਦੇ ਹਨ।

ਇਸ ਤੋਂ ਇਲਾਵਾ ਇਹ ਵੀ ਇੱਕ ਵੱਡੀ ਗਲਤਫ਼ਹਿਮੀ ਹੈ ਕਿ ਫੂਡ ਪੁਆਇਜ਼ਨਿੰਗ ਸਿਰਫ਼ ਪੇਟ ਖ਼ਰਾਬ ਹੋਣ ਦਾ ਨਾਮ ਹੈ। ਆਓ, ਇਸ ਬਾਰੇ ਜਾਣਦੇ ਹਾਂ।

ਖਾਣਾ

ਤਸਵੀਰ ਸਰੋਤ, Getty Images

ਖਾਣ-ਪੀਣ ਦੀਆਂ ਚੀਜ਼ਾਂ ਅਤੇ ਫਲਾਂ ਵਿੱਚ ਮਿਲਾਵਟ ਦੀਆਂ ਘਟਨਾਵਾਂ ਕੋਈ ਨਵੀਂ ਗੱਲ ਨਹੀਂ ਹਨ। ਦਰਅਸਲ, ਪੂਰੀ ਦੁਨੀਆ ਵਿੱਚ, ਖ਼ਾਸ ਕਰਕੇ ਪੱਛਮੀ ਦੇਸ਼ਾਂ ਵਿੱਚ, ਖਾਣੇ ਦੀ ਗੁਣਵੱਤਾ, ਉਸ ਦੇ ਸਟੋਰ ਕਰਨ ਅਤੇ ਵਿੱਕਰੀ ਨੂੰ ਲੈਕੇ ਕਾਫ਼ੀ ਸਖ਼ਤ ਨਿਯਮ ਹਨ।

ਹਾਲਾਂਕਿ ਪਿਛਲੇ ਕੁਝ ਦਿਨਾਂ ਦੀਆਂ ਖ਼ਬਰਾਂ ਤੋਂ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਬਦਕਿਸਮਤੀ ਨਾਲ ਭਾਰਤ ਵਿੱਚ ਕੁਝ ਥਾਵਾਂ ‘ਤੇ ਅਜਿਹੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ।

ਮਿਲਾਵਟ ਅਤੇ ਨਿਯਮਾਂ ਦੀ ਉਲੰਘਣਾ ਕਾਰਨ ਕਈ ਰਸਾਇਣ, ਭਾਰੀ ਧਾਤਾਂ, ਨਕਲੀ ਰੰਗ ਅਤੇ ਕੀਟਨਾਸ਼ਕਾਂ ਦੇ ਅੰਸ਼ ਥੋੜ੍ਹੀ ਪਰ ਲਗਾਤਾਰ ਮਾਤਰਾ ਵਿੱਚ ਸਰੀਰ ਵਿੱਚ ਦਾਖ਼ਲ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਪ੍ਰਭਾਵ ਸਾਲਾਂ ਤੱਕ ਵੇਖੇ ਜਾ ਸਕਦੇ ਹਨ। ਅਜਿਹੇ ਜ਼ਹਿਰੀਲੇ ਤੱਤ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਇਕੱਠੇ ਹੁੰਦੇ ਰਹਿੰਦੇ ਹਨ।

ਨਤੀਜੇ ਵਜੋਂ ਇਹ ਜਿਗਰ, ਗੁਰਦਿਆਂ, ਪਾਚਨ ਪ੍ਰਣਾਲੀ, ਦਿਲ ਅਤੇ ਹਾਰਮੋਨ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕੁਝ ਅਧਿਐਨਾਂ ਵਿੱਚ ਅਜਿਹੇ ਦੂਸ਼ਿਤ ਭੋਜਨ ਨੂੰ ਕਿਡਨੀ ਦੀਆਂ ਬਿਮਾਰੀਆਂ, ਲਿਵਰ ਦੇ ਰੋਗ ਅਤੇ ਸ਼ੂਗਰ ਨਾਲ ਜੋੜਿਆ ਗਿਆ ਹੈ, ਜਦਕਿ ਕੁਝ ਅਧਿਐਨਾਂ ਵਿੱਚ ਇਸ ਦਾ ਸਬੰਧ ਕੈਂਸਰ ਨਾਲ ਵੀ ਦਰਸਾਇਆ ਗਿਆ ਹੈ, ਹਾਲਾਂਕਿ ਕਾਰਨ ਅਤੇ ਨਤੀਜੇ ਦਾ ਪੱਕਾ ਸੰਬੰਧ ਅਜੇ ਸਾਬਿਤ ਨਹੀਂ ਹੋਇਆ ਹੈ।

ਸਿਰਫ਼ ਇਸ ਲਈ ਕਿ ਕੋਈ ਭੋਜਨ ਖਾਣ ਤੋਂ ਤੁਰੰਤ ਬਾਅਦ ਅਸੁਵਿਧਾ ਨਹੀਂ ਹੁੰਦੀ, ਇਸ ਦਾ ਮਤਲਬ ਇਹ ਨਹੀਂ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਲਈ ਮਿਲਾਵਟ ਦਾ ਮਸਲਾ ਸਿਰਫ਼ ਫੂਡ ਪੁਆਇਜ਼ਨਿੰਗ ਤੱਕ ਸੀਮਿਤ ਨਹੀਂ ਹੈ, ਸਗੋਂ ਲੰਬੇ ਸਮੇਂ ਦੀ ਜਨਤਕ ਸਿਹਤ ਨਾਲ ਜੁੜਿਆ ਮਾਮਲਾ ਹੈ।

ਕੀ ਭਾਰਤ ਵਿੱਚ ਕੋਈ ਨਿਯਮ ਨਹੀਂ ਹਨ?

ਖਾਣਾ

ਤਸਵੀਰ ਸਰੋਤ, Getty Images

ਸਰਕਾਰੀ ਅੰਕੜਿਆਂ ਮੁਤਾਬਕ, 2022 ਤੋਂ 2025 ਦੇ ਵਿਚਕਾਰ ਅਧਿਕਾਰੀਆਂ ਵੱਲੋਂ ਜਾਂਚੇ ਗਏ ਲਗਭਗ ਹਰ ਛੇ ਵਿੱਚੋਂ ਇੱਕ ਖੁਰਾਕ ਦਾ ਨਮੂਨਾ ਖੁਰਾਕ ਸੁਰੱਖਿਆ ਮਾਪਦੰਡਾਂ ‘ਤੇ ਖਰਾ ਨਹੀਂ ਉਤਰਿਆ। ਇਸੇ ਮਿਆਦ ਦੌਰਾਨ 1,100 ਤੋਂ ਵੱਧ ਖੁਰਾਕ ਸਬੰਧੀ ਕਾਰੋਬਾਰਾਂ ਦੇ ਲਾਇਸੈਂਸ ਰੱਦ ਕੀਤੇ ਗਏ।

ਮਾਹਿਰਾਂ ਮੁਤਾਬਕ, ਇਹ ਨਮੂਨੇ ਕਈ ਕਾਰਨਾਂ ਕਰਕੇ ਫੇਲ੍ਹ ਹੋ ਸਕਦੇ ਹਨ। ਇਨ੍ਹਾਂ ਵਿੱਚ ਸਫ਼ਾਈ ਦੀ ਘਾਟ, ਲੇਬਲਿੰਗ ਨਿਯਮਾਂ ਦੀ ਉਲੰਘਣਾ, ਦੂਸ਼ਣ ਜਾਂ ਮਿਲਾਵਟ ਦੇ ਮਾਮਲੇ ਸ਼ਾਮਿਲ ਹਨ।

ਅਪ੍ਰੈਲ 2026 ਵਿੱਚ ਹੋਈ ਇੱਕ ਬੈਠਕ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨਐਚਆਰਸੀ) ਨੇ ਖਾਣੇ ‘ਚ ਮਿਲਾਵਟ ਦੇ ਖ਼ਿਲਾਫ਼ ਕਈ ਮਹੱਤਵਪੂਰਨ ਕਦਮਾਂ ਦੀ ਸਿਫ਼ਾਰਸ਼ ਕੀਤੀ। ਇਨ੍ਹਾਂ ਸੁਝਾਵਾਂ ਵਿੱਚ ਪੂਰੀ ਫੂਡ ਸਪਲਾਈ ਚੇਨ ਦੀ ਮੈਪਿੰਗ ਕਰਨਾ, ਹਰ ਪੜਾਅ ‘ਤੇ ਦੂਸ਼ਣ ਦੀ ਸੰਭਾਵਨਾ ਦੀ ਜਾਂਚ, ਭੋਜਨ ਸੁਰੱਖਿਆ ਪ੍ਰਣਾਲੀ ਵਿੱਚ ਨਾਗਰਿਕ ਭਾਗੀਦਾਰੀ ਵਧਾਉਣਾ, ਜਾਗਰੂਕਤਾ ਮੁਹਿੰਮਾਂ ਚਲਾਉਣਾ, ਸਕੂਲੀ ਪੱਧਰ ‘ਤੇ ਭੋਜਨ ਸੁਰੱਖਿਆ ਦੀ ਸਿੱਖਿਆ ਸ਼ੁਰੂ ਕਰਨਾ, ਲੈਬ ਅਤੇ ਟੈਸਟਿੰਗ ਸੁਵਿਧਾਵਾਂ ਮਜ਼ਬੂਤ ਕਰਨਾ ਅਤੇ ਖਾਣੇ ਵਿੱਚ ਮਿਲਾਵਟ ਦੀਆਂ ਸ਼ਿਕਾਇਤਾਂ ਲਈ ਡਿਜ਼ਿਟਲ ਪ੍ਰਣਾਲੀ ਤਿਆਰ ਕਰਨਾ ਸ਼ਾਮਿਲ ਸੀ।

ਇਸ ਤੋਂ ਇਲਾਵਾ ਖੁਰਾਕ ਗੁਣਵੱਤਾ ਦੀ ਰੀਅਲ-ਟਾਈਮ ਨਿਗਰਾਨੀ ਲਈ ਘੱਟ ਲਾਗਤ ਵਾਲੇ ਆਰਟੀਫ਼ਿਸ਼ਲ ਇੰਟੈਲੀਜੈਂਸ (ਏਆਈ) ਟੂਲਾਂ ਦੀ ਵਰਤੋਂ, ਟੈਸਟਿੰਗ ਵਿੱਚ ਵੱਧ ਪਾਰਦਰਸ਼ਤਾ, ਵਿਕਰੇਤਾਵਾਂ ਦੀ ਪਾਲਣਾ ਸੰਬੰਧੀ ਜਾਣਕਾਰੀ ਜਨਤਕ ਕਰਨਾ ਅਤੇ ਕੇਂਦਰ ਤੇ ਸੂਬਾ ਪੱਧਰੀ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੀ ਵੀ ਸਿਫ਼ਾਰਸ਼ ਕੀਤੀ ਗਈ।

ਖਾਣਾ

ਤਸਵੀਰ ਸਰੋਤ, Getty Images

ਭਾਰਤ ਵਿੱਚ ਖਾਣੇ ਜਾਂ ਭੋਜਨ ਵਿੱਚ ਮਿਲਾਵਟ ਨੂੰ ਰੋਕਣ ਲਈ ਨਿਯਮ ਮੌਜੂਦ ਹਨ। ਸਾਲ 2006 ਦੇ ਕਾਨੂੰਨ ਤਹਿਤ ਬਣਾਈ ਗਈ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਖਾਣੇ ਦੇ ਉਤਪਾਦਨ, ਸਟੋਰੇਜ, ਆਵਾਜਾਈ ਅਤੇ ਵਿੱਕਰੀ ਨੂੰ ਨਿਯੰਤਰਿਤ ਕਰਦੀ ਹੈ।

ਨਿਯਮਾਂ ਅਨੁਸਾਰ, ਵੱਡੀਆਂ ਫੂਡ ਕੰਪਨੀਆਂ ਤੋਂ ਲੈਕੇ ਛੋਟੇ ਵਿਕਰੇਤਾਵਾਂ ਤੱਕ ਸਭ ਲਈ ਲਾਇਸੈਂਸ ਲੈਣਾ ਲਾਜ਼ਮੀ ਹੈ। ਫੂਡ ਸੇਫਟੀ ਅਧਿਕਾਰੀਆਂ ਨੂੰ ਜਾਂਚ ਕਰਨ, ਨਮੂਨੇ ਇਕੱਠੇ ਕਰਨ ਅਤੇ ਸ਼ਿਕਾਇਤਾਂ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।

FSSAI ਦੇ ਸਾਬਕਾ ਮੁਖੀ ਪਵਨ ਅਗਰਵਾਲ ਨੇ ਨਿਕਿਤਾ ਯਾਦਵ ਨੂੰ ਦੱਸਿਆ, “ਇਹ ਦੁਨੀਆ ਦੇ ਸਭ ਤੋਂ ਆਧੁਨਿਕ ਭੋਜਨ ਸੁਰੱਖਿਆ ਕਾਨੂੰਨਾਂ ਵਿਚੋਂ ਇੱਕ ਹੈ। ਇਹ ਸਪਸ਼ਟ ਮਾਪਦੰਡ ਤੈਅ ਕਰਦਾ ਹੈ ਕਿ ਭੋਜਨ/ਖਾਣਾ ਕਿਵੇਂ ਵੇਚਿਆ ਜਾਣਾ ਚਾਹੀਦਾ ਹੈ ਅਤੇ ਕਿਵੇਂ ਨਹੀਂ।”

ਹਾਲਾਂਕਿ ਹਕੀਕਤ ਵਿੱਚ ਇਸ ਪ੍ਰਣਾਲੀ ਨੂੰ ਅਕਸਰ ਸਮੱਸਿਆ ਸਾਹਮਣੇ ਆਉਣ ਤੋਂ ਬਾਅਦ ਹੀ ਲਾਗੂ ਕਰਨਾ ਸ਼ੁਰੂ ਕੀਤਾ ਜਾਂਦਾ ਹੈ।

ਅਗਰਵਾਲ ਨੇ ਕਿਹਾ, “ਵੱਡੀਆਂ ਕੰਪਨੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਤਪਾਦ ਬਾਜ਼ਾਰ ਵਿੱਚ ਲਿਆਉਣ ਤੋਂ ਪਹਿਲਾਂ ਟੈਸਟ ਕਰਨ। ਪਰ ਭੋਜਨ ਪ੍ਰਣਾਲੀ ਦਾ ਵੱਡਾ ਹਿੱਸਾ ਇਸ ਤਰ੍ਹਾਂ ਕੰਮ ਨਹੀਂ ਕਰਦਾ।”

“ਅਕਸਰ ਖਾਣੇ ਦੀ ਜਾਂਚ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਕਿਸੇ ਗੜਬੜ ਦਾ ਸ਼ੱਕ ਪੈਦਾ ਹੁੰਦਾ ਹੈ।”

ਨਿਕਿਤਾ ਯਾਦਵ ਨੇ ਫੂਡ ਟੈਸਟਿੰਗ ਕਰਨ ਵਾਲੀ ਲੈਬ ਔਰਿਗਾ ਰਿਸਰਚ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਅਰੋੜਾ ਨਾਲ ਵੀ ਗੱਲਬਾਤ ਕੀਤੀ।

ਉਨ੍ਹਾਂ ਦਾ ਕਹਿਣਾ ਸੀ ਕਿ ਫੂਡ ਟੈਸਟਿੰਗ ਪ੍ਰਣਾਲੀ ਵਿੱਚ ਇੱਕ ਬੁਨਿਆਦੀ ਖਾਮੀ ਮੌਜੂਦ ਹੈ।

ਸੌਰਭ ਅਰੋੜਾ ਕਹਿੰਦੇ ਹਨ, “ਕਾਰੋਬਾਰਾਂ ਲਈ ਹਰ ਛੇ ਜਾਂ 12 ਮਹੀਨੇ ਵਿੱਚ ਸਿਰਫ਼ ਇੱਕ ਵਾਰ ਟੈਸਟਿੰਗ ਲਈ ਨਮੂਨੇ ਭੇਜਣੇ ਲਾਜ਼ਮੀ ਹਨ। ਪਰ ਇਸ ਸੀਮਿਤ ਟੈਸਟਿੰਗ ਪ੍ਰਣਾਲੀ ਦਾ ਵੀ ਅਕਸਰ ਗਲਤ ਫਾਇਦਾ ਚੁੱਕਿਆ ਜਾਂਦਾ ਹੈ।”

“ਉਹ ਇਹ ਯਕੀਨੀ ਬਣਾਉਂਦੇ ਹਨ ਕਿ ਜਾਂਚ ਲਈ ਭੇਜਿਆ ਨਮੂਨਾ ਸਾਰੇ ਮਾਪਦੰਡ ਪੂਰੇ ਕਰਦਾ ਹੋਵੇ। ਪਰ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਉਸੇ ਖਾਣੇ ਦੇ ਹੋਰ ਬੈਚ ਦੀ ਗੁਣਵੱਤਾ ਵੀ ਉਹੀ ਹੋਵੇਗੀ।”

ਮਿਲਾਵਟ ਦਾ ਅਸਰ ਸਰੀਰ ‘ਚ ਹੌਲੀ-ਹੌਲੀ ਕਿਵੇਂ ਨਜ਼ਰ ਆਉਂਦਾ ਹੈ?

ਖਰੀਦਦਾਰੀ ਕਰਦੀ ਮਹਿਲਾ

ਤਸਵੀਰ ਸਰੋਤ, Getty Images

ਮਿਲਾਵਟ ਵਾਲੇ ਭੋਜਨ ਦੇ ਸਾਰੇ ਪ੍ਰਭਾਵ ਤੁਰੰਤ ਸਾਹਮਣੇ ਨਹੀਂ ਆਉਂਦੇ। ਕਈ ਵਾਰ ਸਰੀਰ ਵਿੱਚ ਪਹੁੰਚਣ ਵਾਲੇ ਜ਼ਹਿਰੀਲੇ ਤੱਤ ਸਾਲਾਂ ਤੱਕ ਚੁੱਪਚਾਪ ਨੁਕਸਾਨ ਪਹੁੰਚਾਉਂਦੇ ਰਹਿੰਦੇ ਹਨ।

ਲਿਵਰ ਅਤੇ ਕਿਡਨੀ ਮੁੱਖ ਤੌਰ ‘ਤੇ ਸਰੀਰ ਵਿੱਚ ਆਉਣ ਵਾਲੇ ਰਸਾਇਣਾਂ, ਰੰਗਾਂ, ਭਾਰੀ ਧਾਤਾਂ, ਕੀਟਨਾਸ਼ਕਾਂ ਦੇ ਅੰਸ਼ਾਂ ਅਤੇ ਉਦਯੋਗਿਕ ਰਸਾਇਣਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ। ਅਜਿਹੇ ਪਦਾਰਥਾਂ ਨਾਲ ਲੰਬੇ ਸਮੇਂ ਤੱਕ ਸੰਪਰਕ ਇਨ੍ਹਾਂ ਅੰਗਾਂ ‘ਤੇ ਵਾਧੂ ਦਬਾਅ ਪਾ ਸਕਦਾ ਹੈ।

ਇਸ ਤੋਂ ਇਲਾਵਾ, ਕੁਝ ਜ਼ਹਿਰੀਲੇ ਤੱਤ ਕੋਸ਼ਿਕਾਵਾਂ ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ, ਸਰੀਰ ਵਿੱਚ ਹਲਕੀ ਪਰ ਲਗਾਤਾਰ ਸੋਜ ਪੈਦਾ ਕਰ ਸਕਦੇ ਹਨ, ਹਾਰਮੋਨ ਸੰਤੁਲਨ ਵਿਗਾੜ ਸਕਦੇ ਹਨ ਜਾਂ ਪਾਚਨ ਪ੍ਰਣਾਲੀ ਵਿੱਚ ਮੌਜੂਦ ਲਾਭਕਾਰੀ ਬੈਕਟੀਰੀਆ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਬਹੁਤ ਸਾਰੇ ਲੋਕਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗਦਾ ਕਿਉਂਕਿ ਸ਼ੁਰੂਆਤੀ ਪੜਾਅ ਵਿੱਚ ਕੋਈ ਲੱਛਣ ਨਹੀਂ ਦਿਖਦੇ। ਪਰ ਸਮੇਂ ਦੇ ਨਾਲ ਇਨ੍ਹਾਂ ਤਬਦੀਲੀਆਂ ਦੇ ਪ੍ਰਭਾਵ ਸਿਹਤ ‘ਤੇ ਸਾਹਮਣੇ ਆਉਣ ਲੱਗਦੇ ਹਨ।

ਛੋਟੇ ਬੱਚੇ, ਗਰਭਵਤੀ ਮਹਿਲਾਵਾਂ, ਬਜ਼ੁਰਗ ਅਤੇ ਲਿਵਰ, ਕਿਡਨੀ ਜਾਂ ਹੋਰ ਲੰਬੇ ਸਮੇਂ ਦੀਆਂ ਬਿਮਾਰੀਆਂ ਨਾਲ ਪੀੜਤ ਲੋਕ ਵਧੇਰੇ ਖ਼ਤਰੇ ਵਿੱਚ ਹੋ ਸਕਦੇ ਹਨ। ਇਸ ਲਈ ਭਵਿੱਖ ਦੀ ਸਿਹਤ ਦੀ ਰੱਖਿਆ ਲਈ ਵੀ ਭੋਜਨ ਸੁਰੱਖਿਆ ਬਹੁਤ ਮਹੱਤਵਪੂਰਨ ਹੈ।

ਕਿਹੜੇ ਅੰਗ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ?

ਖਾਣਾ

ਤਸਵੀਰ ਸਰੋਤ, Getty Images

ਨਵੀ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਗੈਸਟਰੋਐਂਟਰੋਲੋਜੀ, ਹੈਪਾਟੋਲੋਜੀ, ਇੰਟਰਵੈਂਸ਼ਨਲ ਐਂਡੋਸਕੋਪੀ ਅਤੇ ਲਿਵਰ ਟ੍ਰਾਂਸਪਲਾਂਟੇਸ਼ਨ ਦੇ ਸਲਾਹਕਾਰ ਡਾਕਟਰ ਦੀਪਕ ਭਾਂਗਲੇ ਕਹਿੰਦੇ ਹਨ, “ਮਿਲਾਵਟ ਵਾਲੇ ਭੋਜਨ ਦੇ ਤੁਰੰਤ ਪ੍ਰਭਾਵ ਇਸ ਗੱਲ ‘ਤੇ ਨਿਰਭਰ ਕਰਦੇ ਹਨ ਕਿ ਮਿਲਾਵਟ ਕੀ ਹੈ ਅਤੇ ਕਿੰਨੀ ਮਾਤਰਾ ਵਿੱਚ ਲਈ ਗਈ ਹੈ।”

”ਆਮ ਲੱਛਣਾਂ ਵਿੱਚ ਮਤਲੀ, ਉਲਟੀਆਂ, ਦਸਤ, ਪੇਟ ਦਰਦ, ਪੇਟ ‘ਚ ਅਫਾਰਾ, ਸਿਰਦਰਦ ਅਤੇ ਚੱਕਰ ਆਉਣਾ ਸ਼ਾਮਲ ਹਨ। ਕੁਝ ਲੋਕਾਂ ਨੂੰ ਐਲਰਜੀ, ਚਮੜੀ ‘ਤੇ ਦਾਣੇ ਜਾਂ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ। ਗੰਭੀਰ ਮਾਮਲਿਆਂ ਵਿੱਚ ਇਹ ਜ਼ਹਿਰੀਲੇ ਤੱਤ ਲਿਵਰ, ਕਿਡਨੀਆਂ ਜਾਂ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰ ਸਕਦੇ ਹਨ, ਜਿਸ ਕਾਰਨ ਡੀਹਾਈਡ੍ਰੇਸ਼ਨ, ਦੌਰੇ ਜਾਂ ਹੋਰ ਮੈਡੀਕਲ ਐਮਰਜੈਂਸੀ ਪੈਦਾ ਹੋ ਸਕਦੀ ਹੈ। ਛੋਟੇ ਬੱਚਿਆਂ, ਗਰਭਵਤੀ ਮਹਿਲਾਵਾਂ, ਬਜ਼ੁਰਗਾਂ ਅਤੇ ਕਮਜ਼ੋਰ ਰੋਗ ਪ੍ਰਤੀਰੋਧਕ ਸਮਰੱਥਾ ਵਾਲੇ ਲੋਕਾਂ ਨੂੰ ਇਸ ਦਾ ਖ਼ਤਰਾ ਵੱਧ ਹੁੰਦਾ ਹੈ।”

ਅਸੀਂ ਡਾਕਟਰ ਭਾਂਗਲੇ ਨੂੰ ਪੁੱਛਿਆ ਕਿ ਮਿਲਾਵਟੀ ਅਤੇ ਆਮ ਤੌਰ ‘ਤੇ ਘਟੀਆ ਕੁਆਲਿਟੀ ਵਾਲੇ ਖਾਣੇ ਦਾ ਸਭ ਤੋਂ ਵੱਧ ਅਸਰ ਸਰੀਰ ਦੇ ਕਿਹੜੇ ਅੰਗਾਂ ‘ਤੇ ਪੈਂਦਾ ਹੈ। ਉਨ੍ਹਾਂ ਨੇ ਇਸ ਬਾਰੇ ਵਿਸਥਾਰ ਨਾਲ ਜਵਾਬ ਦਿੱਤੇ:

ਸਵਾਲ: ਲਗਾਤਾਰ ਮਿਲਾਵਟੀ ਭੋਜਨ ਨਾਲ ਕਿਹੜੇ ਅੰਗ ਸਭ ਤੋਂ ਵੱਧ ਜੋਖਮ ਵਿੱਚ ਹੁੰਦੇ ਹਨ?

ਡਾਕਟਰ ਭਾਂਗਲੇ: ਲਿਵਰ ਅਤੇ ਕਿਡਨੀਆਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ, ਕਿਉਂਕਿ ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਛਾਣਨ ਦਾ ਕੰਮ ਕਰਦੇ ਹਨ। ਲਗਾਤਾਰ ਜ਼ਹਿਰੀਲੇ ਪ੍ਰਭਾਵ ਕਾਰਨ ਇਨ੍ਹਾਂ ਅੰਗਾਂ ‘ਤੇ ਦਬਾਅ ਵਧਦਾ ਹੈ, ਟਿਸ਼ੂਆਂ ‘ਤੇ ਦਾਗ ਬਣਦੇ ਹਨ ਅਤੇ ਅੰਤ ਵਿੱਚ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ।

ਪੇਟ ਅਤੇ ਆਂਤਾਂ ਨੂੰ ਵੀ ਨੁਕਸਾਨ ਹੁੰਦਾ ਹੈ, ਜਿਸ ਕਾਰਨ ਸੋਜ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਸੀਸਾ ਅਤੇ ਕੈਡਮੀਅਮ ਵਰਗੀਆਂ ਭਾਰੀ ਧਾਤਾਂ ਸਰੀਰ ਵਿੱਚ ਇਕੱਠੀਆਂ ਹੋ ਕੇ ਦਿਲ, ਖ਼ੂਨ ਦੀਆਂ ਨਾੜੀਆਂ ਅਤੇ ਨਰਵਸ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

ਸਵਾਲ: ਲਿਵਰ ‘ਤੇ ਇਸ ਦਾ ਕੀ ਅਸਰ ਪੈਂਦਾ ਹੈ?

ਡਾਕਟਰ ਭਾਂਗਲੇ: ਲਿਵਰ ਸਰੀਰ ਦਾ ਮੁੱਖ ਕੈਮੀਕਲ ਫਿਲਟਰ ਹੈ। ਜਦੋਂ ਭੋਜਨ ਵਿੱਚ ਕੈਮੀਕਲ ਵਾਲੇ ਰੰਗ, ਫਾਰਮਾਲਿਨ ਵਰਗੇ ਪ੍ਰਿਜ਼ਰਵੇਟਿਵ ਜਾਂ ਫੰਗਸ ਤੋਂ ਪੈਦਾ ਹੋਣ ਵਾਲੇ ਜ਼ਹਿਰੀਲੇ ਤੱਤ ਹੁੰਦੇ ਹਨ ਤਾਂ ਲਿਵਰ ਨੂੰ ਉਨ੍ਹਾਂ ਨੂੰ ਤੋੜਨ ਲਈ ਲਗਾਤਾਰ ਕੰਮ ਕਰਨਾ ਪੈਂਦਾ ਹੈ। ਇਸ ਦੌਰਾਨ ‘ਫ੍ਰੀ ਰੈਡਿਕਲ’ ਨਾਂ ਦੇ ਹਾਨੀਕਾਰਕ ਪਦਾਰਥ ਬਣਦੇ ਹਨ, ਜੋ ਲੀਵਰ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਇਸ ਕਾਰਨ ਸੋਜ, ਫੈਟ ਜਮ੍ਹਾਂ ਹੋਣਾ ਅਤੇ ਫਾਈਬ੍ਰੋਸਿਸ ਹੋ ਸਕਦਾ ਹੈ। ਲੰਬੇ ਸਮੇਂ ਤੱਕ ਅਜਿਹੇ ਜ਼ਹਿਰੀਲੇ ਪਦਾਰਥਾਂ ਨਾਲ ਸੰਪਰਕ ਫੈਟੀ ਲਿਵਰ, ਸਿਰੋਸਿਸ ਅਤੇ ਲਿਵਰ ਕੈਂਸਰ ਦੇ ਜੋਖਮ ਨੂੰ ਵਧਾ ਸਕਦਾ ਹੈ।

ਪਨੀਰ

ਤਸਵੀਰ ਸਰੋਤ, Getty Images

ਸਵਾਲ: ਕੀ ਮਿਲਾਵਟ ਆਂਤਾਂ ਦੇ ਮਾਈਕ੍ਰੋਬਾਇਓਮ ਦਾ ਸੰਤੁਲਨ ਵਿਗਾੜ ਸਕਦੀ ਹੈ?

ਡਾਕਟਰ ਭਾਂਗਲੇ: ਹਾਂ। ਰਸਾਇਣਕ ਮਿਲਾਵਟਾਂ, ਉਦਯੋਗਿਕ ਰੰਗ (ਡਾਈ) ਅਤੇ ਡਿਟਰਜੈਂਟ ਦੇ ਅੰਸ਼ ਪੇਟ ਅਤੇ ਆਂਤਾਂ ਦੀ ਸੁਰੱਖਿਆ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਅਲਸਰ, ਐਸਿਡਿਟੀ ਅਤੇ ਲੰਬੇ ਸਮੇਂ ਦੀ ਗੈਸਟ੍ਰਾਈਟਿਸ ਹੋ ਸਕਦੀ ਹੈ।

ਇਸ ਤੋਂ ਇਲਾਵਾ ਇਹ ਜ਼ਹਿਰੀਲੇ ਤੱਤ ਲੱਖਾਂ “ਚੰਗੇ” ਬੈਕਟੀਰੀਆ ਨੂੰ ਤਬਾਹ ਕਰ ਦਿੰਦੇ ਹਨ, ਜੋ ਪਾਚਨ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ਲਈ ਜ਼ਰੂਰੀ ਹੁੰਦੇ ਹਨ।

ਜਦੋਂ ਇਹ ਲਾਭਕਾਰੀ ਬੈਕਟੀਰੀਆ ਘਟ ਜਾਂਦੇ ਹਨ ਤਾਂ ਨੁਕਸਾਨਦੇਹ ਬੈਕਟੀਰੀਆ ਵਧਣ ਲੱਗਦੇ ਹਨ ਅਤੇ “ਲੀਕੀ ਗਟ” ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਕਾਰਨ ਜ਼ਹਿਰੀਲੇ ਤੱਤ ਸਿੱਧੇ ਖ਼ੂਨ ਵਿੱਚ ਦਾਖ਼ਲ ਹੋ ਜਾਂਦੇ ਹਨ ਅਤੇ ਸਰੀਰ ਵਿੱਚ ਸੋਜ, ਪੇਟ ‘ਚ ਅਫਾਰਾ, ਪੋਸ਼ਕ ਤੱਤਾਂ ਦਾ ਘੱਟ ਜਜ਼ਬ ਹੋਣਾ ਅਤੇ ਲੰਬੇ ਸਮੇਂ ਦੀਆਂ ਪਾਚਨ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਦਿਲ ਅਤੇ ਹਾਰਮੋਨਾਂ ‘ਤੇ ਕੀ ਅਸਰ ਪੈਂਦਾ ਹੈ?

ਪੇਟ 'ਚ ਦਰਦ ਨਾਲ ਪਰੇਸ਼ਾਨ ਮਹਿਲਾ

ਤਸਵੀਰ ਸਰੋਤ, Getty Images

ਡਾਕਰਤ ਭਾਂਗਲੇ ਮੁਤਾਬਕ, ਖਾਣੇ ‘ਚ ਮਿਲਾਵਟ ਦਿਲ ਦੀ ਸਿਹਤ ਲਈ ਵੀ ਗੰਭੀਰ ਖ਼ਤਰਾ ਬਣ ਸਕਦੀ ਹੈ। ਸਰੋਂ ਦੇ ਤੇਲ ਵਿੱਚ ਜ਼ਹਿਰੀਲੇ ਅਰਜੀਮੋਨ ਤੇਲ ਦੀ ਮਿਲਾਵਟ ਇਸ ਦੀ ਇੱਕ ਜਾਣੀ-ਪਛਾਣੀ ਉਦਾਹਰਨ ਹੈ।

ਭਾਰੀ ਧਾਤਾਂ ਖ਼ੂਨ ਦੀਆਂ ਨਾੜੀਆਂ ਵਿੱਚ ਇਕੱਠੀਆਂ ਹੋ ਕੇ ਉਨ੍ਹਾਂ ਨੂੰ ਸਖ਼ਤ ਅਤੇ ਤੰਗ ਕਰ ਸਕਦੀਆਂ ਹਨ। ਇਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਅਤੇ ਦਿਲੀ ਬਿਮਾਰੀਆਂ ਦਾ ਜੋਖਮ ਵਧ ਜਾਂਦਾ ਹੈ।

ਇਸ ਤੋਂ ਇਲਾਵਾ ਘਟੀਆ ਗੁਣਵੱਤਾ ਵਾਲੀਆਂ ਮਿਲਾਵਟੀ ਚਰਬੀਆਂ “ਬੈਡ” ਕੋਲੇਸਟਰੋਲ ਨੂੰ ਵਧਾਉਂਦੀਆਂ ਹਨ, ਦਿਲ ਦੀਆਂ ਨਾੜੀਆਂ ਨੂੰ ਬੰਦ (ਬਲੌਕ) ਕਰਦੀਆਂ ਹਨ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧਾ ਦਿੰਦੀਆਂ ਹਨ।

ਕੁਝ ਰਸਾਇਣ ਜਿਵੇਂ ਬੀਪੀਏ, ਬੀਪੀਐਸ, ਫਥਾਲੇਟਸ। ਪੀਐਫਏਐਸ,ਓਰਗਨੋਕਲੋਰਿਕ ਕੀਟਨਾਸ਼ਕ (ਡੀਡੀਟੀ/ਡੀਡੀਈ), ਪੀਸੀਬੀਜ਼, ਪੀਬੀਡੀਈਜ਼ (BPA, BPS, Phthalates, PFAS, PCBs, PBDEs) ਅਤੇ ਸੀਸਾ, ਕੈਡਮੀਅਮ, ਆਰਸੇਨਿਕ ਵਰਗੀਆਂ ਭਾਰੀ ਧਾਤਾਂ ਸਰੀਰ ਦੇ ਹਾਰਮੋਨ ਤੰਤਰ ਵਿੱਚ ਰੁਕਾਵਟ ਪਾ ਸਕਦੀਆਂ ਹਨ।

ਮੁੰਬਈ ਦੇ ਵੋਕਹਾਰਟ ਹਸਪਤਾਲ ਦੇ ਐਂਡੋਕ੍ਰਾਈਨੋਲੋਜਿਸਟ ਡਾਕਟਰ ਪ੍ਰਣਵ ਘੋਡੀ ਕਹਿੰਦੇ ਹਨ ਕਿ ਇਨ੍ਹਾਂ ਰਸਾਇਣਾਂ ਦਾ ਥਾਇਰਾਇਡ ਗ੍ਰੰਥੀ ‘ਤੇ ਵੀ ਅਸਰ ਪੈ ਸਕਦਾ ਹੈ, ਜੋ ਸਰੀਰ ਦੇ ਮੈਟਾਬੋਲਿਜ਼ਮ ਅਤੇ ਗਰਭ ਅਵਸਥਾ ਤੇ ਬਚਪਨ ਵਿੱਚ ਦਿਮਾਗੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ।

ਉਹ ਕਹਿੰਦੇ ਹਨ ਕਿ ਗਰਭਵਤੀ ਮਹਿਲਾਵਾਂ ਨੂੰ ਖ਼ਾਸ ਸਾਵਧਾਨੀ ਵਰਤਣੀ ਚਾਹੀਦੀ ਹੈ, ਕਿਉਂਕਿ ਬੀਪੀਏ, ਪੀਐਫਏਐਸ, ਪੀਸੀਬੀਜ਼, ਸੀਸਾ ਅਤੇ ਕੈਡਮੀਅਮ ਵਰਗੇ ਰਸਾਇਣ ਨਾੜੂਏ ਰਾਹੀਂ ਭ੍ਰੂਣ ਤੱਕ ਪਹੁੰਚ ਸਕਦੇ ਹਨ ਅਤੇ ਭਰੂਣ ਦੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਕਿਡਨੀਆਂ ਦੀ ਸਿਹਤ ‘ਤੇ ਕੀ ਅਸਰ ਪੈਂਦਾ ਹੈ?

ਕਿਡਨੀ

ਤਸਵੀਰ ਸਰੋਤ, Getty Images

ਕਿਡਨੀਆਂ ਖ਼ੂਨ ਵਿੱਚੋਂ ਹਾਨੀਕਾਰਕ ਰਸਾਇਣਾਂ ਅਤੇ ਬੇਕਾਰ ਪਦਾਰਥਾਂ ਨੂੰ ਛਾਣ ਕੇ ਸਰੀਰ ਤੋਂ ਬਾਹਰ ਕੱਢਣ ਦਾ ਮਹੱਤਵਪੂਰਨ ਕੰਮ ਕਰਦੀਆਂ ਹਨ। ਮਿਲਾਵਟੀ ਭੋਜਨ ਵਿੱਚ ਮੌਜੂਦ ਦੂਸ਼ਿਤ ਤੱਤਾਂ ਨਾਲ ਵਾਰ-ਵਾਰ ਸੰਪਰਕ ਕਿਡਨੀਆਂ/ਗੁਰਦਿਆਂ ‘ਤੇ ਵਾਧੂ ਦਬਾਅ ਪਾ ਸਕਦਾ ਹੈ।

ਸੀਸਾ ਅਤੇ ਕੈਡਮੀਅਮ ਵਰਗੀਆਂ ਭਾਰੀ ਧਾਤਾਂ ਲੰਬੇ ਸਮੇਂ ਵਿੱਚ ਕਿਡਨੀਆਂ ਦੇ ਟਿਸ਼ੂਆਂ ਵਿੱਚ ਇਕੱਠੀਆਂ ਹੋ ਕੇ ਉਨ੍ਹਾਂ ਦੀ ਛਾਣਨ ਦੀ ਸਮਰੱਥਾ ਨੂੰ ਘਟਾ ਸਕਦੀਆਂ ਹਨ।

ਵੋਕਹਾਰਟ ਹਸਪਤਾਲ ਦੇ ਨੇਫਰੋਲੋਜਿਸਟ ਅਤੇ ਕਿਡਨੀ ਟ੍ਰਾਂਸਪਲਾਂਟ ਮਾਹਿਰ ਡਾਕਟਰ ਨਿਖਿਲ ਭਸੀਨ ਕਹਿੰਦੇ ਹਨ ਕਿ ਸੀਸਾ, ਕੈਡਮੀਅਮ, ਆਰਸੇਨਿਕ ਅਤੇ ਪਾਰਾ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਹਨ ਕਿਉਂਕਿ ਇਹ ਸਮੇਂ ਦੇ ਨਾਲ ਕਿਡਨੀਆਂ ਦੇ ਟਿਸ਼ੂਆਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਉਹ ਕਹਿੰਦੇ ਹਨ ਕਿ ਸ਼ੁਰੂਆਤੀ ਪੜਾਅ ਵਿੱਚ ਲੱਛਣ ਪਛਾਣਨਾ ਮੁਸ਼ਕਿਲ ਹੁੰਦਾ ਹੈ। ਸਮੇਂ ਦੇ ਨਾਲ ਪੈਰਾਂ ਜਾਂ ਚਿਹਰੇ ‘ਤੇ ਸੋਜ, ਪਿਸ਼ਾਬ ਦੀ ਮਾਤਰਾ ਘਟਣਾ, ਲਗਾਤਾਰ ਥਕਾਵਟ, ਮਤਲੀ, ਭੁੱਖ ਵਿੱਚ ਕਮੀ, ਬਲੱਡ ਪ੍ਰੈਸ਼ਰ ਵਧਣਾ ਜਾਂ ਪਿਸ਼ਾਬ ਵਿੱਚ ਖ਼ੂਨ ਆਉਣ ਵਰਗੇ ਲੱਛਣ ਦਿਖ ਸਕਦੇ ਹਨ।

ਇਸ ਲਈ ਨਿਯਮਿਤ ਸਿਹਤ ਜਾਂਚ ਬਹੁਤ ਜ਼ਰੂਰੀ ਹੈ।

ਅਸੀਂ ਕੀ ਕਰ ਸਕਦੇ ਹਾਂ?

ਖਾਣ-ਪੀਣ ਦੀਆਂ ਚੀਜ਼ਾਂ ਭਰੋਸੇਯੋਗ ਸਰੋਤਾਂ ਤੋਂ ਖਰੀਦੋ।

ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋਵੋ।

ਸ਼ੱਕੀ ਰੰਗ ਜਾਂ ਦਿੱਖ ਵਾਲੀਆਂ ਚੀਜ਼ਾਂ ਤੋਂ ਬਚੋ।

ਬੀਪੀਏ ਜਾਂ ਫਥਾਲੇਟਸ ਵਾਲੇ ਪਲਾਸਟਿਕ ਦੇ ਡੱਬਿਆਂ ਵਿੱਚ ਖਾਣਾ ਗਰਮ ਕਰਨ ਤੋਂ ਬਚੋ।

ਪ੍ਰੋਸੈਸਡ ਅਤੇ ਡੱਬਾਬੰਦ ਖਾਣੇ ਦੀ ਖਪਤ ਘਟਾਓ।

ਮਿਲਾਵਟ ਦਾ ਸ਼ੱਕ ਹੋਣ ‘ਤੇ ਸਬੰਧਿਤ ਅਧਿਕਾਰੀਆਂ ਕੋਲ ਸ਼ਿਕਾਇਤ ਕਰੋ।

ਸੰਤੁਲਿਤ ਅਤੇ ਵੱਖ-ਵੱਖ ਕਿਸਮ ਦੀ ਖੁਰਾਕ ਖਾਣ ਨਾਲ ਸਰੀਰ ਲਈ ਸੰਭਾਵਿਤ ਜੋਖਮ ਘਟਾਇਆ ਜਾ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI