Source :- BBC PUNJABI
ਤਸਵੀਰ ਸਰੋਤ, Getty Images
ਇੰਗਲੈਂਡ ਦੀ ਇੱਕ ਵੱਡੀ ਖੋਜ ਮੁਤਾਬਕ ਕਈ ਔਰਤਾਂ ਮਾਹਵਾਰੀ (ਪੀਰੀਅਡਜ਼) ਦੇ ਦਰਦ ਲਈ ਸਭ ਤੋਂ ਪ੍ਰਭਾਵਸ਼ਾਲੀ ਦਵਾਈ ਦੀ ਵਰਤੋਂ ਨਹੀਂ ਕਰ ਰਹੀਆਂ ਹਨ।
ਸੁਪਰਮਾਰਕੀਟ ਦੇ ਲੌਇਲਟੀ ਕਾਰਡਾਂ ਦੇ 10 ਸਾਲਾਂ ਦੇ ਡਾਟਾ ਅਤੇ 21.1 ਕਰੋੜ ਦੇ ਲੈਣ-ਦੇਣ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਟੈਂਪੋਨ ਅਤੇ ਸੈਨੇਟਰੀ ਪੈਡਾਂ ਦੇ ਨਾਲ ਸਭ ਤੋਂ ਵੱਧ ਪੈਰਾਸੀਟਾਮੋਲ ਖਰੀਦੀ ਜਾਂਦੀ ਹੈ।
ਪਰ ਮਾਹਰਾਂ ਦਾ ਕਹਿਣਾ ਹੈ ਕਿ ਕਈ ਔਰਤਾਂ ਲਈ ਆਈਬਿਊਪ੍ਰੋਫੇਨ ਇੱਕ ਬਿਹਤਰ ਚੋਣ ਹੋ ਸਕਦੀ ਹੈ ਕਿਉਂਕਿ ਇਹ ਮਾਹਵਾਰੀ ਦੌਰਾਨ ਮਾਸਪੇਸ਼ੀਆਂ ‘ਚ ਹੋਣ ਵਾਲੀ ਖਿੱਚ (ਕ੍ਰੈਂਪਸ) ਨੂੰ ਘਟਾਉਣ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੈ।
ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਮਾਹਵਾਰੀ ਦੇ ਦਰਦ ਦੀ ਵਿਆਪਕਤਾ ਅਤੇ ਇਸ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦੇ ਹਨ, ਜਿਸ ਬਾਰੇ ਪਹਿਲਾਂ ਘੱਟ ਅਧਿਐਨ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਪੈਰਾਸੀਟਾਮੋਲ ਬਾਰੇ ਲੋਕ ਜ਼ਿਆਦਾ ਜਾਣਦੇ ਹਨ, ਸ਼ਾਇਦ ਇਸੇ ਲਈ ਇਸ ਦਵਾਈ ਦੀ ਖਰੀਦ ਵੱਧ ਹੁੰਦੀ ਹੈ।
ਤਸਵੀਰ ਸਰੋਤ, Getty Images
ਹਾਲਾਂਕਿ ਪੈਰਾਸੀਟਾਮੋਲ ਵੀ ਇੱਕ ਪ੍ਰਭਾਵਸ਼ਾਲੀ ਦਰਦ-ਨਿਵਾਰਕ ਦਵਾਈ ਹੈ, ਪਰ ਆਈਬਿਊਪ੍ਰੋਫੇਨ ਮਾਹਵਾਰੀ ਦੇ ਦਰਦ ਲਈ ਇਸ ਲਈ ਵਧੀਆ ਮੰਨੀ ਜਾਂਦੀ ਹੈ ਕਿਉਂਕਿ ਇਹ ਪ੍ਰੋਸਟੈਗਲੈਂਡਿਨਜ਼ ਨਾਮਕ ਰਸਾਇਣਾਂ ਦੀ ਉਤਪਤੀ ਨੂੰ ਘਟਾਉਂਦੀ ਹੈ। ਇਹ ਰਸਾਇਣ ਬੱਚੇਦਾਨੀ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਅਤੇ ਦਰਦ ਦਾ ਕਾਰਨ ਬਣਦੇ ਹਨ।
ਦੂਜੇ ਪਾਸੇ ਪੈਰਾਸੀਟਾਮੋਲ ਮੁੱਖ ਤੌਰ ‘ਤੇ ਦਿਮਾਗ ਵਿੱਚ ਦਰਦ ਦੇ ਸੰਕੇਤਾਂ ਨੂੰ ਰੋਕ ਕੇ ਕੰਮ ਕਰਦੀ ਹੈ, ਇਸ ਲਈ ਇਹ ਸਿਰ ਦਰਦ ਘਟਾਉਣ ਵਿੱਚ ਮਦਦਗਾਰ ਹੁੰਦੀ ਹੈ। ਇਸ ਤੋਂ ਇਲਾਵਾ ਤੇਜ਼ ਬੁਖਾਰ ਜਾਂ ਫਲੂ ਹੋਣ ਦੀ ਸਥਿਤੀ ਵਿੱਚ ਇਸ ਦਾ ਇਸਤੇਮਾਲ ਰਾਹਤ ਦੇਣ ਵਿੱਚ ਮਦਦ ਕਰਦਾ ਹੈ।
ਖੋਜਕਾਰਾਂ ਨੇ 2006 ਤੋਂ 2015 ਦਰਮਿਆਨ 34 ਲੱਖ ਖਰੀਦਦਾਰਾਂ ਦੇ ਖਰੀਦ ਰਿਕਾਰਡਾਂ ਦਾ ਅਧਿਐਨ ਕੀਤਾ ਗਿਆ।
ਪੀਐਲਓਐਸ (ਪਬਲਿਕ ਲਾਇਬ੍ਰੇਰੀ ਆਫ ਸਾਇੰਸ) ਡਿਜੀਟਲ ਹੈਲਥ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਮੁਤਾਬਕ ਪੀਰੀਅਡ ਦੌਰਾਨ ਇਸਤੇਮਾਲ ਹੋਣ ਵਾਲੇ ਉਤਪਾਦਾਂ ਦੀ ਅੱਧੀ ਖਰੀਦ ਦੇ ਨਾਲ ਦਰਦ ਘਟਾਉਣ ਵਾਲੀਆਂ ਦਵਾਈਆਂ ਦੀ ਵੀ ਖਰੀਦ ਹੋਈ ਸੀ।
ਇਨ੍ਹਾਂ ਵਿੱਚੋਂ ਕਰੀਬ ਦੋ-ਤਿਹਾਈ ਦਵਾਈਆਂ ਪੈਰਾਸੀਟਾਮੋਲ ਆਧਾਰਿਤ ਸਨ, ਜਦਕਿ ਇੱਕ-ਤਿਹਾਈ ਆਈਬਿਊਪ੍ਰੋਫੇਨ ਆਧਾਰਿਤ ਦਵਾਈਆਂ ਸਨ।
ਤਸਵੀਰ ਸਰੋਤ, Getty Images
ਬ੍ਰਿਸਟਲ ਯੂਨੀਵਰਸਿਟੀ ਦੀ ਖੋਜਕਾਰ ਡਾ. ਅਨਿਆ ਸਕਾਟੋਵਾ ਨੇ ਕਿਹਾ ਕਿ ਇਹ ਡਾਟਾ ਪੂਰੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰਦਾ ਪਰ ਇਹ ਇਸ ਗੱਲ ਦੀ ਝਲਕ ਜ਼ਰੂਰ ਦਿੰਦਾ ਹੈ ਕਿ ਔਰਤਾਂ ਮਾਹਵਾਰੀ ਦੇ ਦਰਦ ਲਈ ਕੀ ਖਰੀਦ ਰਹੀਆਂ ਹਨ।
ਆਮ ਤੌਰ ‘ਤੇ ਪੀਰੀਅਡਸ ਦੌਰਾਨ ਮਾਸਪੇਸ਼ੀਆਂ ‘ਚ ਹੋਣ ਵਾਲੀ ਖਿੱਚ ਮਾਸਿਕ ਚੱਕਰ ਦਾ ਇੱਕ ਸਧਾਰਨ ਹਿੱਸਾ ਹੁੰਦੀਆਂ ਹਨ। ਇਹ ਉਦੋਂ ਹੁੰਦੀਆਂ ਹਨ ਜਦੋਂ ਬੱਚੇਦਾਨੀ ਦੀਆਂ ਮਾਸਪੇਸ਼ੀਆਂ ਆਪਣੀ ਅੰਦਰਲੀ ਪਰਤ ਨੂੰ ਬਾਹਰ ਕੱਢਣ ਲਈ ਸੁੰਗੜਦੀਆਂ (ਕੰਟਰੈਕਟ) ਹਨ।
ਇਸ ਦੌਰਾਨ ਸਰੀਰ ਪ੍ਰੋਸਟੈਗਲੈਂਡਿਨਜ਼ ਨਾਂ ਦੇ ਹਾਰਮੋਨ ਵਰਗੇ ਰਸਾਇਣ ਬਣਾਉਂਦਾ ਹੈ। ਜਿਨ੍ਹਾਂ ਔਰਤਾਂ ਦੇ ਸਰੀਰ ਵਿੱਚ ਇਨ੍ਹਾਂ ਦਾ ਪੱਧਰ ਵੱਧ ਹੁੰਦਾ ਹੈ, ਉਨ੍ਹਾਂ ਵਿੱਚ ਮਾਹਵਾਰੀ ਦੇ ਦਰਦ ਅਤੇ ਖਿੱਚ ਜ਼ਿਆਦਾ ਗੰਭੀਰ ਹੋ ਸਕਦੀਆਂ ਹਨ।
ਨੌਟਿੰਘਮ ਯੂਨੀਵਰਸਿਟੀ ਦੇ ਖੋਜਕਾਰ ਪ੍ਰੋਫੈਸਰ ਜੇਮਜ਼ ਗੋਲਡਿੰਗ ਨੇ ਕਿਹਾ ਕਿ ਇਸ ਖੇਤਰ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦਾ ਇਹ ਇੱਕ ਵੱਡਾ ਮੌਕਾ ਹੈ। ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਮਾਹਵਾਰੀ ਦੇ ਦਰਦ ਤੋਂ ਰਾਹਤ ਦੇ ਤਰੀਕਿਆਂ ਬਾਰੇ ਅਜੇ ਵੀ ਖੋਜ ਦੀ ਕਮੀ ਹੈ।
ਉਨ੍ਹਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ, “ਮੈਨੂੰ ਨਹੀਂ ਲੱਗਦਾ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਜੇ ਮਰਦਾਂ ਨੂੰ ਮਾਹਵਾਰੀ ਦਾ ਦਰਦ ਹੁੰਦਾ ਤਾਂ ਅੱਜ ਤੱਕ ਅਸੀਂ ਇਸ ਬਾਰੇ ਕਾਫ਼ੀ ਵੱਧ ਜਾਣਕਾਰੀ ਅਤੇ ਖੋਜ ਕਰ ਚੁੱਕੇ ਹੁੰਦੇ।”
ਆਈਬਿਊਪ੍ਰੋਫੇਨ ਇੱਕ ਗੈਰ-ਸਟੇਰਾਇਡਲ ਐਂਟੀ-ਇਨਫਲਾਮੇਟਰੀ ਦਵਾਈ ਹੈ, ਜੋ ਦਰਦ ਘਟਾਉਣ ਦੇ ਨਾਲ-ਨਾਲ ਸੋਜ ਨੂੰ ਵੀ ਘਟਾਉਂਦੀ ਹੈ। ਇਸ ਤੋਂ ਇਲਾਵਾ ਇਹ ਪ੍ਰੋਸਟੈਗਲੈਂਡਿਨਜ਼ ਦੇ ਪੱਧਰ ਨੂੰ ਵੀ ਘਟਾਉਂਦੀ ਹੈ ਜੋ ਮਾਹਵਾਰੀ ਦੌਰਾਨ ਮਾਸਪੇਸ਼ੀਆਂ ਵਿੱਚ ਖਿੱਚ ਅਤੇ ਦਰਦ ਲਈ ਜ਼ਿੰਮੇਵਾਰ ਹੁੰਦੇ ਹਨ। ਜਦੋਂਕਿ ਪੈਰਾਸੀਟਾਮੋਲ ਵਿੱਚ ਸੋਜ ਘਟਾਉਣ ਵਾਲੇ ਇਹ ਗੁਣ ਨਹੀਂ ਹੁੰਦੇ।
ਤਸਵੀਰ ਸਰੋਤ, Getty Images
ਚੈਰਿਟੀ ਐਂਡੋਮੀਟ੍ਰਿਓਸਿਸ ਯੂਕੇ ਮੁਤਾਬਕ ਪੀਰੀਅਡਸ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਜਾਂ ਪੀਰੀਅਡ ਦਰਦ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੀ ਆਈਬਿਊਪ੍ਰੋਫੇਨ ਲੈਣਾ ਵਧੇਰੇ ਪ੍ਰਭਾਵਸ਼ਾਲੀ ਹੋ ਸਕਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਸਰੀਰ ਵਿੱਚ ਪ੍ਰੋਸਟੈਗਲੈਂਡਿਨਜ਼ ਬਣਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਪ੍ਰਭਾਵ ਨੂੰ ਘਟਾਉਣਾ ਸ਼ੁਰੂ ਕਰ ਦਿੰਦੀ ਹੈ।
ਨੈਸ਼ਨਲ ਹੈਲਥ ਸਰਵਿਸ ਦਾ ਕਹਿਣਾ ਹੈ ਕਿ ਜੇ ਮਾਹਵਾਰੀ ਦਾ ਦਰਦ ਇੰਨਾ ਗੰਭੀਰ ਹੋਵੇ ਕਿ ਤੁਹਾਡੇ ਰੋਜ਼ਾਨਾ ਦੇ ਕੰਮਕਾਜ ਵਿੱਚ ਰੁਕਾਵਟ ਪੈਦਾ ਹੋਵੇ ਜਾਂ ਇਹ ਤੁਹਾਡੇ ਲਈ ਚਿੰਤਾ ਦਾ ਕਾਰਨ ਬਣੇ ਤਾਂ ਤੁਹਾਨੂੰ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਇਸ ਦਾ ਕਾਰਨ ਇਹ ਹੈ ਕਿ ਕਈ ਵਾਰ ਬਹੁਤ ਜ਼ਿਆਦਾ ਮਾਹਵਾਰੀ ਦਰਦ ਕਿਸੇ ਅੰਦਰੂਨੀ ਸਿਹਤ ਸਮੱਸਿਆ ਦਾ ਸੰਕੇਤ ਹੋ ਸਕਦਾ ਹੈ, ਜਿਵੇਂ ਕਿ ਐਂਡੋਮੀਟ੍ਰਿਓਸਿਸ ਜਾਂ ਫਾਈਬ੍ਰੋਇਡਜ਼ ।
ਹਰ ਦਵਾਈ ਦੀ ਤਰ੍ਹਾਂ, ਦਰਦ-ਨਿਵਾਰਕ (ਪੇਨਕਿਲਰ) ਗੋਲੀਆਂ ਦੇ ਕੁਝ ਸਾਈਡ ਇਫੈਕਟ ਵੀ ਹੋ ਸਕਦੇ ਹਨ। ਆਈਬਿਊਪ੍ਰੋਫੇਨ ਹਰ ਕਿਸੇ ਲਈ ਢੁੱਕਵੀਂ ਨਹੀਂ ਹੁੰਦੀ, ਇਸ ਲਈ ਇਸ ਨੂੰ ਲੈਣ ਤੋਂ ਪਹਿਲਾਂ ਪੈਕ ਦੇ ਅੰਦਰ ਦਿੱਤੀ ਗਈ ਜਾਣਕਾਰੀ ਅਤੇ ਸਾਵਧਾਨੀਆਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




