Home rss national punjabi2ਰਾਸ਼ਟਰੀ ਖ਼ਬਰਾਂ ‘ਮੈਂ ਫਟੇ ਹੋਏ ਬੂਟ ਪਾ ਕੇ ਵੀ ਆਵਾਂਗਾ, ਫਿਰ ਕਰ ਲੈਣਾ ਟ੍ਰੋਲ’,...

‘ਮੈਂ ਫਟੇ ਹੋਏ ਬੂਟ ਪਾ ਕੇ ਵੀ ਆਵਾਂਗਾ, ਫਿਰ ਕਰ ਲੈਣਾ ਟ੍ਰੋਲ’, ਸਲਮਾਨ ਖ਼ਾਨ ਨੇ ਟ੍ਰੋਲਿੰਗ ਕਰਨ ਵਾਲਿਆਂ ਨੂੰ ਸਖ਼ਤ ਲਹਿਜ਼ੇ ਵਿੱਚ ਜਵਾਬ ਦਿੰਦਿਆਂ ਕੀ ਕੁਝ ਕਿਹਾ

5
0

Source :- BBC PUNJABI

ਸਲਮਾਨ ਖ਼ਾਨ ਨੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਵਿੱਚ ਟਰੋਲਿੰਗ ਦੀ ਆਲੋਚਨਾ ਕੀਤੀ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਆਨਲਾਈਨ ਟ੍ਰੋਲਿੰਗ ਕਰਨ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ।

‘ਰਿਐਲਿਟੀ ਸ਼ੋਅ’ ਬਿੱਗ ਬੌਸ ਵਿੱਚ ਸਲਮਾਨ ਖ਼ਾਨ ਨੇ ਕਿਹਾ ਕਿ ਸਮਾਜ ਵਿੱਚ ਟ੍ਰੋਲਿੰਗ ਵਧਦੀ ਜਾ ਰਹੀ ਹੈ।

ਲੋਕਾਂ ਦੀ ਉਮਰ, ਸਿਹਤ, ਲੁੱਕ, ਪਰਿਵਾਰ ਅਤੇ ਇੱਥੋਂ ਤੱਕ ਕਿ ਮਾਂ ਬਣਨ ‘ਤੇ ਵੀ ਟ੍ਰੋਲਿੰਗ ਕੀਤੀ ਜਾ ਰਹੀ ਹੈ।

ਸਲਮਾਨ ਖ਼ਾਨ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦੀ ਇਹ ਟਿੱਪਣੀ ਪਿਛਲੇ ਦਿਨੀਂ ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਦੀ ਟ੍ਰੋਲਿੰਗ ਦੀ ਘਟਨਾ ਤੋਂ ਬਾਅਦ ਆਈ ਹੈ।

ਪਤੀ ਵਿੱਕੀ ਕੌਸ਼ਲ ਦੇ ਨਾਲ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ, ਕੈਟਰੀਨਾ ਕੈਫ਼ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ।

ਕੈਟਰੀਨਾ ਕੈਫ਼ ਅਤੇ ਵਿੱਕੀ ਕੌਸ਼ਲ ਨੇ ਪਿਛਲੇ ਸਾਲ ਨਵੰਬਰ ਵਿੱਚ ਇੱਕ ਪੁੱਤਰ ਦਾ ਸਵਾਗਤ ਕੀਤਾ ਸੀ।

ਇਸ ਦੇ ਲਗਭਗ ਨੌਂ ਮਹੀਨੇ ਬਾਅਦ ਕੈਟਰੀਨਾ ਪਹਿਲੀ ਵਾਰ ਕਿਸੇ ਜਨਤਕ ਪ੍ਰੋਗਰਾਮ ਵਿੱਚ ਨਜ਼ਰ ਆਏ ਅਤੇ ਮਾਂ ਬਣਨ ਤੋਂ ਬਾਅਦ ਉਨ੍ਹਾਂ ਦੀ ਲੁੱਕ ਵਿੱਚ ਬਦਲਾਅ ਨੂੰ ਦੇਖ ਕੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਕੈਟਰੀਨਾ ਦੀਆਂ ਤਸਵੀਰਾਂ ‘ਤੇ ਕਈ ਯੂਜ਼ਰਸ ਨੇ ਕਮੈਂਟ ਕਰਦੇ ਹੋਏ ਉਨ੍ਹਾਂ ਦੇ ਭਾਰ ਵਧਣ ‘ਤੇ ਸਵਾਲ ਚੁੱਕੇ ਸਨ।

ਕੁਝ ਲੋਕਾਂ ਨੇ ਤਾਂ ਉਨ੍ਹਾਂ ਨੂੰ ਬਾਡੀ ਸ਼ੇਮਿੰਗ ਦਾ ਸ਼ਿਕਾਰ ਬਣਾਇਆ। ਉੱਥੇ ਹੀ ਕਈ ਲੋਕਾਂ ਨੇ ਟ੍ਰੋਲਿੰਗ ਕਰਨ ਵਾਲਿਆਂ ਦੀ ਆਲੋਚਨਾ ਕਰਦੇ ਹੋਏ ਸਮਝਾਇਆ ਕਿ ਗਰਭ ਅਵਸਥਾ ਅਤੇ ਜਣੇਪੇ ਦਾ ਇੱਕ ਔਰਤ ਦੇ ਸਰੀਰ ‘ਤੇ ਕਿਵੇਂ ਅਸਰ ਪੈਂਦਾ ਹੈ।

ਸਲਮਾਨ ਖ਼ਾਨ ਨੇ ਟ੍ਰੋਲਿੰਗ ਨੂੰ ਲੈ ਕੇ ਕੀ ਕਿਹਾ

ਸਲਮਾਨ ਖਾਨ

ਤਸਵੀਰ ਸਰੋਤ, Getty Images

ਸਲਮਾਨ ਖ਼ਾਨ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਟ੍ਰੋਲਿੰਗ ਦੀ ਆਲੋਚਨਾ ਕਰਦਿਆਂ ਕਿਹਾ ਕਿ ਲੋਕ ਹਰ ਸ਼ੋਅ ਵਿੱਚ ਉਨ੍ਹਾਂ ਦੀ ਉਮਰ ਨੂੰ ਲੈ ਕੇ ਟਿੱਪਣੀ ਕਰਦੇ ਹਨ। ਲੋਕ ਕਹਿੰਦੇ ਹਨ ਕਿ ਸਲਮਾਨ ਖ਼ਾਨ ਬੁੱਢਾ ਹੋ ਗਿਆ ਹੈ।

ਉਨ੍ਹਾਂ ਨੇ ਕਿਹਾ, “ਹਰ ਸ਼ੋਅ ਵਿੱਚ ਲੋਕ ਉਮਰ ‘ਤੇ ਟਿੱਪਣੀ ਕਰਦੇ ਹਨ। ਉਹ (ਸਲਮਾਨ ਖ਼ਾਨ) ਬੁੱਢਾ ਹੋ ਗਿਆ ਹੈ। ਤੁਸੀਂ ਕਿਸ ਚੀਜ਼ ‘ਤੇ ਟ੍ਰੋਲ ਕਰ ਰਹੇ ਹੋ। ਉਸ ਦੇ ਭਾਰ ‘ਤੇ, ਉਸ ਦੀ ਲੁੱਕ ‘ਤੇ, ਉਸ ਦੇ ਖ਼ਾਨਦਾਨ ‘ਤੇ। ਕਿਸੇ ਦੀ ਸਮਾਈਲ ‘ਤੇ, ਕਿਸੇ ਦੇ ਫਲੌਪ ਹੋਣ ‘ਤੇ ਟ੍ਰੋਲਿੰਗ ਕੀਤੀ ਜਾਂਦੀ ਹੈ।”

“ਕਿਸੇ ਦੇ ਮਾਂ ਬਣਨ ‘ਤੇ ਟ੍ਰੋਲਿੰਗ ਹੁੰਦੀ ਹੈ। ਅਜਿਹਾ ਕਰਕੇ ਤੁਸੀਂ ਦਿਖਾਉਂਦੇ ਹੋ ਕਿ ਤੁਹਾਡੀ ਪਰਵਰਿਸ਼ ਕਿਹੋ ਜਿਹੀ ਹੋਈ ਹੈ। ਮੈਨੂੰ ਟ੍ਰੋਲ ਕੀਤਾ ਗਿਆ। ਲੋਕ ਕਹਿੰਦੇ ਹਨ ਕਿ ਬੁੱਢਾ ਹੋ ਗਿਆ ਹੈ। ਸੱਠ ਸਾਲ ਹੋ ਗਏ ਹਨ, ਯਾਰ। ਕਰ ਲਓ ਨਾ ਟ੍ਰੋਲ, ਕਿੰਨਾ ਕਰਨਾ ਚਾਹੁੰਦੇ ਹੋ।”

ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਦੌਰਾਨ ਹੀ ਆਪਣੀ ਟੀ-ਸ਼ਰਟ ਉਤਾਰ ਦਿੱਤੀ ਅਤੇ ਆਪਣਾ ਸਰੀਰ ਦਿਖਾਉਂਦੇ ਹੋਏ ਕਹਿਣ ਲੱਗੇ, “ਲੋਕ ਕਹਿੰਦੇ ਹਨ ਕਿ ਭਰਾ (ਸਲਮਾਨ) ਮੋਟਾ ਹੋ ਗਿਆ ਹੈ। ਭਰਾ ਨੂੰ ਟ੍ਰੋਲ ਕਰ ਰਹੇ ਹਨ ਲੋਕ। ਇਹ ਲੋਕ ਜੋ ਕਮੈਂਟ ਕਰਦੇ ਹਨ, ਉਹ ਪਹਿਲਾਂ ਆਪਣਾ ਚਿਹਰਾ ਦੇਖ ਲੈਣ।”

“ਆਪਣਾ ਜਿਸਮ ਦੇਖ ਲੈਣ। ਉਸ ਤੋਂ ਬਾਅਦ ਟ੍ਰੋਲਿੰਗ ਕਰਨ। ਆਪਣੇ ਮਾਂ-ਬਾਪ ਨੂੰ ਦੇਖਣ। ਪਹਿਲਾਂ ਉਨ੍ਹਾਂ ਦੀ ਸਿਹਤ ਦੇਖਣ। ਉਸ ਤੋਂ ਬਾਅਦ ਟ੍ਰੋਲਿੰਗ ਕਰਨ।”

ਉਨ੍ਹਾਂ ਨੇ ਕਿਹਾ, “ਇਹ ਸਮਝ ਵਿੱਚ ਆਉਂਦਾ ਹੈ ਕਿ ਕੋਈ ਕਹਿੰਦਾ ਹੈ ਕਿ ਭਰਾ ਦਾ ਭਾਰ ਵਧ ਜਾਂ ਘਟ ਗਿਆ। ਪਰ ਲੋਕ ਮਜ਼ਾਕ ਉਡਾਉਂਦੇ ਹਨ। ਸੋਹੇਲ (ਸਲਮਾਨ ਦੇ ਭਰਾ), ਵਰੁਣ ਦੀ ਟ੍ਰੋਲਿੰਗ ਕੀਤੀ ਜਾਂਦੀ ਹੈ। ਹਰ ਇੰਡਸਟਰੀ ਵਿੱਚ ਟ੍ਰੋਲਿੰਗ ਕਰਨ ਵਾਲੇ ਲੋਕ ਹਨ।”

“ਮੈਂ ਫਟੇ ਹੋਏ ਬੂਟ ਵੀ ਪਾਉਂਦਾ ਹਾਂ। ਅਗਲੀ ਵਾਰ ਉਹ ਵੀ ਪਾ ਕੇ ਆਵਾਂਗਾ। ਫਿਰ ਟ੍ਰੋਲਿੰਗ ਕਰਦੇ ਰਹਿਣਾ। ਪੌਲਿਟੀਸ਼ੀਅਨ, ਐਕਟਰ ਸਭ ਦੀ ਟ੍ਰੋਲਿੰਗ ਕਰਦੇ ਹਨ ਇਹ ਲੋਕ। ਜੇ ਉਨ੍ਹਾਂ ਦਾ ਕੰਮ ਚੰਗਾ ਨਹੀਂ ਹੈ ਤਾਂ ਕਹੋ ਕਿ ਤੁਸੀਂ ਚੰਗੇ ਨੇਤਾ ਜਾਂ ਅਦਾਕਾਰ ਨਹੀਂ ਹੋ।”

ਕੈਟਰੀਨਾ ਕੈਫ਼ ਦੀ ਟ੍ਰੋਲਿੰਗ ਦੇ ਖ਼ਿਲਾਫ਼ ਲੋਕਾਂ ਨੇ ਕੀ ਕਿਹਾ ਸੀ

ਪਿਛਲੇ ਦਿਨੀਂ ਅਦਾਕਾਰਾ ਕੈਟਰੀਨਾ ਕੈਫ਼ ਇੱਕ ਪ੍ਰੋਗਰਾਮ ਵਿੱਚ ਪਤੀ ਵਿੱਕੀ ਕੌਸ਼ਲ ਦੇ ਨਾਲ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕੀਤਾ ਸੀ।

ਕਈ ਸੋਸ਼ਲ ਮੀਡੀਆ ਯੂਜ਼ਰਸ, ਪੱਤਰਕਾਰਾਂ ਅਤੇ ਮਨੋਰੰਜਨ ਵਿਸ਼ਲੇਸ਼ਕਾਂ ਨੇ ਅਜਿਹੀਆਂ ਟਿੱਪਣੀਆਂ ਨੂੰ ‘ਬਾਡੀ ਸ਼ੇਮਿੰਗ’ ਕਰਾਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਦੇ ਸਰੀਰ, ਰੂਪ-ਰੰਗ ਜਾਂ ਸਰੀਰਕ ਬਣਤਰ ਦਾ ਮਜ਼ਾਕ ਉਡਾਉਣਾ ਜਾਂ ਉਸ ਦੀ ਆਲੋਚਨਾ ਕਰਨਾ ਕਦੇ ਵੀ ਉਚਿਤ ਨਹੀਂ ਹੈ।

ਸਾਬਕਾ ਸੰਸਦ ਮੈਂਬਰ ਅਤੇ ਸ਼ਿਵ ਸੈਨਾ (ਊਧਵ) ਦੀ ਆਗੂ ਪ੍ਰਿਅੰਕਾ ਚਤੁਰਵੇਦੀ ਨੇ ਐਕਸ ‘ਤੇ ਲਿਖਿਆ, “ਪਿਆਰੀਆਂ ਔਰਤਾਂ, ਤੁਹਾਡਾ ਵਜ਼ਨ ਵਧੇ ਜਾਂ ਘਟੇ, ਤੁਹਾਡੀ ਉਮਰ, ਤੁਹਾਡਾ ਲੁੱਕ, ਤੁਹਾਡਾ ਸਰੀਰ ਜਾਂ ਤੁਹਾਡੀ ਚਮੜੀ ਕਿਹੋ ਜਿਹੀ ਹੈ- ਇਸ ‘ਤੇ ਟਿੱਪਣੀ ਕਰਨ ਵਾਲੇ ਹਰ ਵਿਅਕਤੀ ਨੂੰ ਤੁਹਾਨੂੰ ਕੋਈ ਸਫਾਈ ਦੇਣ ਦੀ ਲੋੜ ਨਹੀਂ ਹੈ। ਅੱਜ ਕੈਟਰੀਨਾ ਹੋਵੇ ਜਾਂ ਕੱਲ੍ਹ ਕੋਈ ਹੋਰ, ਸਾਨੂੰ ਕਿਸੇ ਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਹੈ- ਸਾਡੀ ਜ਼ਿੰਦਗੀ, ਸਾਡਾ ਸਰੀਰ ਅਤੇ ਸਾਡੇ ਫ਼ੈਸਲੇ ਸਾਡੇ ਆਪਣੇ ਹਨ।”

ਕੈਟਰੀਨਾ ਕੈਫ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਲਿਖਿਆ, “ਤੁਹਾਨੂੰ ਆਪਣੇ ਸਰੀਰ ਬਾਰੇ ਕਿਸੇ ਨੂੰ ਕੋਈ ਸਫਾਈ ਦੇਣ ਦੀ ਲੋੜ ਨਹੀਂ ਹੈ। ਮਾਂ ਬਣਨ ਬਾਰੇ ਵੀ ਕਿਸੇ ਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਹੈ। ਵਜ਼ਨ ਵਧਣ ਨੂੰ ਲੈ ਕੇ ਵੀ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਹੈ। ਅਤੇ ਹੁਣ ਤੁਸੀਂ ਕਿਹੋ ਜਿਹੇ ਦਿਖਦੇ ਹੋ, ਇਸ ਨੂੰ ਲੈ ਕੇ ਵੀ ਤੁਹਾਨੂੰ ਕਿਸੇ ਨੂੰ ਕੋਈ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ।”

ਖੁਸ਼ਬੂ ਨੇ ਲਿਖਿਆ, “ਕਹਿੰਦੇ ਹਨ, ਸੁੰਦਰਤਾ ਦੇਖਣ ਵਾਲੇ ਦੀ ਨਜ਼ਰ ਵਿੱਚ ਹੁੰਦੀ ਹੈ ਅਤੇ ਤੁਸੀਂ ਕਿੰਨੇ ਖੂਬਸੂਰਤ ਦਿਖਣਾ ਚਾਹੁੰਦੇ ਹੋ, ਇਸ ਦਾ ਵੀ ਕਿਸੇ ਨੂੰ ਜਵਾਬ ਦੇਣਾ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ।”

ਮਨੋਰੰਜਨ ਵਿਸ਼ਲੇਸ਼ਕ ਫ਼ਰੀਦੂਨ ਸ਼ਹਿਰਯਾਰ ਨੇ ਲਿਖਿਆ ਕਿ ਕੈਟਰੀਨਾ ਕੈਫ਼ ਤਸਵੀਰਾਂ ਵਿੱਚ ਬੇਹੱਦ ਖੂਬਸੂਰਤ ਅਤੇ ਆਕਰਸ਼ਕ ਲੱਗ ਰਹੇ ਹਨ।

ਉਨ੍ਹਾਂ ਨੇ ਆਲੋਚਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਨਕਾਰਾਤਮਕ ਅਤੇ ਜ਼ਹਿਰੀਲੀਆਂ ਟਿੱਪਣੀਆਂ ਨਾਲ ਲੋਕਾਂ ਦੀ ਜ਼ਿੰਦਗੀ ਦੇ ਖੁਸ਼ਗਵਾਰ ਅਤੇ ਨਿੱਜੀ ਪਲਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਨ।

ਉਨ੍ਹਾਂ ਨੇ ਕਿਹਾ, “ਇਹੀ ਕਾਰਨ ਹੈ ਕਿ ਕਈ ਕਲਾਕਾਰ ਵਜ਼ਨ ਘਟਾਉਣ ਲਈ ਗ਼ੈਰ-ਕੁਦਰਤੀ ਤਰੀਕਿਆਂ ਦਾ ਸਹਾਰਾ ਲੈਂਦੇ ਹਨ ਅਤੇ ਕਈ ਲੋਕਾਂ ਨੇ ਤਾਂ ਇਸ ਕਾਰਨ ਆਪਣੀ ਜਾਨ ਵੀ ਗੁਆ ਦਿੱਤੀ ਹੈ।”

ਫ਼ਰੀਦੂਨ ਸ਼ਹਿਰਯਾਰ ਨੇ ਅੱਗੇ ਕਿਹਾ, “ਕੈਟਰੀਨਾ ਕੈਫ਼ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਹਾਸਲ ਕੀਤਾ ਹੈ। ਉਨ੍ਹਾਂ ਦੀ ਜ਼ਿੰਦਗੀ ਦਾ ਇਹ ਸਮਾਂ ਅਜੇ ਬਹੁਤ ਮਹੱਤਵਪੂਰਨ ਹੈ ਅਤੇ ਉਨ੍ਹਾਂ ਦਾ ਬੱਚਾ ਉਨ੍ਹਾਂ ਲਈ ਬਹੁਤ ਅਨਮੋਲ ਹੈ।”

ਕਈ ਯੂਜ਼ਰਸ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ‘ਤੇ ਔਰਤਾਂ ਦੇ ਲੁੱਕ ‘ਤੇ ਲਗਾਤਾਰ ਧਿਆਨ ਕੇਂਦਰਿਤ ਕਰਨ ਨਾਲ ਨਾ ਸਿਰਫ਼ ਮਸ਼ਹੂਰ ਹਸਤੀਆਂ ਬਲਕਿ ਆਮ ਔਰਤਾਂ ਦੇ ਸਵੈ-ਸਨਮਾਨ ‘ਤੇ ਵੀ ਅਸਰ ਪੈ ਰਿਹਾ ਹੈ।

ਉਨ੍ਹਾਂ ਦੇ ਵਿਚਾਰ ਵਿੱਚ, ਸਰੀਰ ਵਿੱਚ ਹੋਣ ਵਾਲੀਆਂ ਕੁਦਰਤੀ ਤਬਦੀਲੀਆਂ ਬਾਰੇ ਵਧੇਰੇ ਜਾਗਰੂਕਤਾ, ਹਮਦਰਦੀ ਅਤੇ ਜ਼ਿੰਮੇਵਾਰ ਚਰਚਾ ਦੀ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੋੜ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI