Home rss national punjabi2ਰਾਸ਼ਟਰੀ ਖ਼ਬਰਾਂ ਕੀ ਆਰਟੀਫਿਸ਼ਲ ਇੰਟੈਲੀਜੈਂਸ, ਵਾਕਈ ਮਨੁੱਖਤਾ ਨੂੰ ਖਤਮ ਕਰ ਸਕਦੀ ਹੈ, ਖੋਜਕਰਤਾ ਕੀ...

ਕੀ ਆਰਟੀਫਿਸ਼ਲ ਇੰਟੈਲੀਜੈਂਸ, ਵਾਕਈ ਮਨੁੱਖਤਾ ਨੂੰ ਖਤਮ ਕਰ ਸਕਦੀ ਹੈ, ਖੋਜਕਰਤਾ ਕੀ ਚੇਤਾਵਨੀ ਦੇ ਰਹੇ ਹਨ?

2
0

Source :- BBC PUNJABI

ਸੁੰਨਸਾਨ ਪਿਆ ਹੋਇਆ ਸ਼ਹਿਰੀ ਇਲਾਕੇ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਏਆਈ ਦੀ ਸੁਰੱਖਿਆ ਬਾਰੇ ਚਿੰਤਾਵਾਂ ਨੂੰ ਖੋਜਕਰਤਾਵਾਂ ਦੀਆਂ ਤਿੱਖੀਆਂ ਚੇਤਾਵਨੀਆਂ ਨੇ ਹੋਰ ਵਧਾ ਦਿੱਤਾ ਹੈ, ਜਿਨ੍ਹਾਂ ਨੇ ਇਸ ਤਕਨਾਲੋਜੀ ਦੇ ਕਾਬੂ ਤੋਂ ਬਾਹਰ ਹੋ ਜਾਣ ਦੇ ਵਧਦੇ ਖਤਰੇ ਵੱਲ ਧਿਆਨ ਦਿਵਾਇਆ ਹੈ।

ਹਾਲ ਹੀ ਦੀਆਂ ਕੁਝ ਸਭ ਤੋਂ ਨਿਰਾਸ਼ਾਜਨਕ ਭਵਿੱਖਬਾਣੀਆਂ ਚੇਤਾਵਨੀ ਦਿੰਦੀਆਂ ਹਨ ਕਿ ਅਗਲੇ ਦਹਾਕੇ ਅੰਦਰ ਆਰਟੀਫਿਸ਼ਲ ਇੰਟੈਲੀਜੈਂਸ ਵੱਲੋਂ ਸਾਰੇ ਮਨੁੱਖਾਂ ਦਾ ਅੰਤ ਕਰ ਦੇਣ ਦੀ ਸੰਭਾਵਨਾ 10% ਤੋਂ ਵੀ ਵੱਧ ਹੋ ਸਕਦੀ ਹੈ।

ਹਾਲਾਂਕਿ ਏਆਈ ਨਾਲ ਜੁੜੇ ਹੋਰ ਲੋਕ ਇਨ੍ਹਾਂ ਅਨੁਮਾਨਾਂ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਂਦੇ ਹਨ ਅਤੇ ਕਹਿੰਦੇ ਹਨ ਕਿ ਵੱਡੀ ਚਿੰਤਾ ਇਹ ਹੈ ਕਿ ਮਨੁੱਖ ਏਆਈ ਨੂੰ ਹੋਰ ਮਨੁੱਖਾਂ ਦੇ ਖ਼ਿਲਾਫ਼ ਵਰਤ ਸਕਦੇ ਹਨ।

ਇਹ ਵਿਨਾਸ਼ਕਾਰੀ ਸੰਦੇਸ਼ ਏਆਈ ਦੀ ਦੁਨੀਆਂ ਦੇ ਉਸ ਹਿੱਸੇ ਤੋਂ ਆ ਰਹੀਆਂ ਹਨ ਜਿਸਨੂੰ ਅਕਸਰ “ਏਆਈ ਡੂਮਰਜ਼” ਕਿਹਾ ਜਾਂਦਾ ਹੈ। ਪਰ ਵੱਡਾ ਸਵਾਲ ਇਹ ਹੈ ਕਿ ਇਹ ਡੂਮਰਜ਼ ਕਿਵੇਂ ਮੰਨਦੇ ਹਨ ਕਿ ਏਆਈ ਹਕੀਕਤ ਵਿੱਚ ਮਨੁੱਖਤਾ ਦਾ ਅੰਤ ਕਰ ਸਕਦੀ ਹੈ।

ਸਾਈਬਰ ਪੱਤਰਕਾਰ ਜੋ ਟਾਈਡੀ ਉਹਨਾਂ ਕੁਝ ਸੰਭਾਵਿਤ ਦ੍ਰਿਸ਼ਾਂ ‘ਤੇ ਵਿਚਾਰ ਕਰਦੇ ਹਨ ਜਿਨ੍ਹਾਂ ਦੀ ਖੋਜਕਰਤਾ ਕਲਪਨਾ ਕਰ ਰਹੇ ਹਨ।

ਪਹਿਲਾ ਦ੍ਰਿਸ਼: ਬੁਨਿਆਦੀ ਢਾਂਚੇ ‘ਤੇ ਹੈਕਿੰਗ

ਏਆਈ (AI) ਦੀ ਵਰਤੋਂ ਕਰਦੀ ਇੱਕ ਔਰਤ, ਅਤੇ ਨਾਲ ਹੀ ਏਆਈ ਨੈੱਟਵਰਕ ਅਤੇ ਕਨੈਕਸ਼ਨਾਂ ਦਾ ਇੱਕ ਕੰਪੋਜ਼ਿਟ।

ਤਸਵੀਰ ਸਰੋਤ, Getty Images

ਪਹਿਲਾ ਦ੍ਰਿਸ਼ ਸੰਖੇਪ ਵਿੱਚ ਜੇਜੈਕਬ ਕੌਕਸਨ ਨੇ ਪੇਸ਼ ਕੀਤਾ ਸੀ, ਜੋ ਪਹਿਲਾਂ ਓਪਨ ਏਆਈ ਅਤੇ ਫਿਰ ਐਂਥਰੋਪਿਕ ਵਿੱਚ ਖੋਜਕਰਤਾ ਰਹੇ ਸਨ। ਇਸ ਮਹੀਨੇ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਨਾਟਕੀ ਢੰਗ ਨਾਲ ਅਸਤੀਫ਼ਾ ਦਿੰਦਿਆਂ ਮਨੁੱਖਤਾ ਲਈ ਖ਼ਤਰੇ ਦੀ ਚੇਤਾਵਨੀ ਦਿੱਤੀ ਸੀ ਅਤੇ ਦਲੀਲ ਦਿੱਤੀ ਸੀ ਕਿ ਇਹ ਕੰਪਨੀਆਂ “ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੂਆ ਖੇਡ ਰਹੀਆਂ ਹਨ”।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ “ਤਰੱਕੀ ਦੀ ਹੈਰਾਨ ਕਰ ਦੇਣ ਵਾਲੀ ਰਫ਼ਤਾਰ” ਦਾ ਮਤਲਬ ਹੈ ਕਿ ਜੋ ਚੀਜ਼ਾਂ ਪਹਿਲਾਂ ਵਿਗਿਆਨਕ ਕਲਪਨਾ ਦੀ ਦੁਨੀਆ ਦਾ ਹਿੱਸਾ ਸਨ, ਉਹ ਹੁਣ “ਹਕੀਕਤ ਬਣਦੀਆਂ ਜਾ ਰਹੀਆਂ ਹਨ”।

ਇੱਕ “ਠੋਸ ਉਦਾਹਰਨ” ਵਜੋਂ ਉਨ੍ਹਾਂ ਕਿਹਾ, “ਏਆਈ ਅਜਿਹੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਨੂੰ ਹੈਕ ਕਰ ਸਕਦੀ ਹੈ ਜਿਨ੍ਹਾਂ ‘ਤੇ ਦੁਨੀਆ ਚੱਲਦੀ ਹੈ।”

ਉਨ੍ਹਾਂ ਦੇ ਦ੍ਰਿਸ਼ ਮੁਤਾਬਕ, ਕੋਈ ਬੇਕਾਬੂ ਏਆਈ ਸਿਸਟਮ ਇੰਟਰਨੈੱਟ ਪ੍ਰੋਡਵਾਈਡਰਜ਼ ਅਤੇ ਬਿਜਲੀ ਗ੍ਰਿਡ ਜਿਹੀਆਂ ਪ੍ਰਣਾਲੀਆਂ ਦੇ ਕੰਪਿਊਟਰ ਨੈੱਟਵਰਕਾਂ ਵਿੱਚ ਦਾਖ਼ਲ ਹੋ ਸਕਦੀ ਹੈ।

ਜੇ ਏਆਈ ਇਨ੍ਹਾਂ ਸਭ ਨੂੰ ਬੰਦ ਕਰ ਦੇਵੇ, ਤਾਂ ਬਹੁਤ ਅਫ਼ਰਾਤਫ਼ਰੀ ਪੈਦਾ ਹੋ ਸਕਦੀ ਹੈ, ਜਿੱਥੇ ਨਾ ਬਿਜਲੀ ਹੋਵੇਗੀ, ਨਾ ਹੀਟਿੰਗ, ਨਾ ਠੰਢਕ ਦੀਆਂ ਸਹੂਲਤਾਂ ਅਤੇ ਨਾ ਹੀ ਇੰਟਰਨੈੱਟ ਕਨੈਕਟਿਵਿਟੀ।

ਇਸ ਤੋਂ ਅੱਗੇ ਵਧਦੇ ਹੋਏ, ਕੁਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਪਰਮਾਣੂ ਤਬਾਹੀਆਂ ਵੀ ਸੰਭਵ ਹੋ ਸਕਦੀਆਂ ਹਨ।

ਦੂਜਾ ਦ੍ਰਿਸ਼: ਏਆਈ ਦਾ ਕਬਜ਼ਾ

ਅਗਲਾ ਦ੍ਰਿਸ਼ ਇੱਕ ਵਿਸਥਾਰਪੂਰਣ ਅਤੇ ਪ੍ਰਭਾਵਸ਼ਾਲੀ, ਪਰ ਨਾਲ ਹੀ ਕਾਫ਼ੀ ਅਟਕਲਾਂ ਵਾਲੇ, ਖੋਜ ਪੱਤਰ ਏਆਈ 2027 ਤੋਂ ਆਉਂਦਾ ਹੈ। ਇਹ ਪੱਤਰ ਅਪ੍ਰੈਲ 2025 ਵਿੱਚ ਏਆਈ ਖੋਜਕਰਤਾਵਾਂ ਦੇ ਇੱਕ ਸਮੂਹ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ।

ਇਸ ਦੇ ਸਹਿ-ਲੇਖਕ ਥਾਮਸ ਲਾਰਸਨ ਨੇ ਹਾਲ ਹੀ ਵਿੱਚ ਬੀਬੀਸੀ ਨੂੰ ਦੱਸਿਆ ਕਿ ਰਿਪੋਰਟ ਤੋਂ ਬਾਅਦ ਤਕਨਾਲੋਜੀ ਹੋਰ ਤੇਜ਼ੀ ਨਾਲ ਅੱਗੇ ਵਧੀ ਹੈ, ਅਤੇ ਉਸ ਦ੍ਰਿਸ਼ ਦਾ ਵਰਣਨ ਕੀਤਾ ਜਿਸ ਤੋਂ ਉਹ ਸਭ ਤੋਂ ਵੱਧ ਡਰਦੇ ਹਨ।

“ਏਆਈ ਆਪਣੇ ਆਪ ਨੂੰ ਲਗਾਤਾਰ ਸੁਧਾਰਦੀ ਹੈ ਅਤੇ ਇਹ ਪ੍ਰਕਿਰਿਆ ਤੇਜ਼ੀ ਨਾਲ ਵਧਦੀ ਜਾਂਦੀ ਹੈ। ਨਤੀਜੇ ਵਜੋਂ ਅਜਿਹੀ ਆਰਟੀਫਿਸ਼ਲ ਇੰਟੈਲੀਜੈਂਸ ਬਣ ਜਾਂਦੀ ਹੈ ਜਿਸਦੇ ਕੋਲ ਵੱਡੀ ਗਿਣਤੀ ਵਿੱਚ ਰੋਬੋਟ ਹੁੰਦੇ ਹਨ ਜੋ ਅਰਥਵਿਵਸਥਾ ਦੇ ਜ਼ਿਆਦਾਤਰ ਫ਼ਿਜ਼ੀਕਲ ਕੰਮ ਕਰ ਰਹੇ ਹੁੰਦੇ ਹਨ।

ਪਰ ਇਹ ਦੋਸਤਾਨਾ ਨਹੀਂ ਹੁੰਦੀ ਅਤੇ ਆਪਣੇ ਹਿਤਾਂ ਲਈ ਹੀ ਕੰਮ ਕਰਦੀ ਹੈ। ਫਿਰ ਆਖ਼ਿਰਕਾਰ ਇਹ ਇੱਕ ਜੈਵਿਕ ਹਥਿਆਰ ਛੱਡ ਦਿੰਦੀ ਹੈ, ਜਿਸ ਨਾਲ ਜ਼ਿਆਦਾਤਰ ਮਨੁੱਖ ਮਾਰੇ ਜਾਂਦੇ ਹਨ, ਅਤੇ ਇਹ ਖੁਦ ਹੀ ਰੋਬੋਟ-ਆਧਾਰਿਤ ਅਰਥਵਿਵਸਥਾ ਚਲਾਉਂਦੀ ਰਹਿੰਦੀ ਹੈ। ਫਿਰ ਮਨੁੱਖਾਂ ਦੀ ਕੋਈ ਲੋੜ ਨਹੀਂ ਰਹਿੰਦੀ।”

ਤੀਜਾ ਦ੍ਰਿਸ਼: ਇੱਕ ਟੀਚੇ ਨੂੰ ਸਭ ਤੋਂ ਵੱਧ ਤਰਜੀਹ ਦੇਣਾ

ਰੋਬੋਟ ਸਾਹਮਣੇ ਖੜ੍ਹੀ ਲੜਕੀ

ਤਸਵੀਰ ਸਰੋਤ, Getty Images

ਇੱਕ ਹੋਰ ਦ੍ਰਿਸ਼ ਵਿੱਚ, ਮਨੁੱਖਤਾ ਦਾ ਅੰਤ ਇੱਕ ਗਲਤੀ ਵਜੋਂ ਹੁੰਦਾ ਹੈ। ਇਸ ਮਸ਼ਹੂਰ “ਪੇਪਰਕਲਿਪ ਮੈਕਸਿਮਾਈਜ਼ਰ ਹਾਈਪੋਥਿਸਿਸ” ਦੀ ਕਲਪਨਾ 20 ਸਾਲ ਤੋਂ ਵੀ ਵੱਧ ਪਹਿਲਾਂ ਸਵੀਡਿਸ਼ ਦਰਸ਼ਨਸ਼ਾਸਤਰੀ ਨਿਕ ਬੋਸਟ੍ਰਮ ਨੇ ਕੀਤੀ ਸੀ।

ਉਹ ਇਸਨੂੰ ਇੱਕ “ਵਿਚਾਰ ਪ੍ਰਯੋਗ” ਵਜੋਂ ਦਰਸਾਉਂਦੇ ਹਨ, ਜਿਸ ਵਿੱਚ ਇੱਕ ਕਾਲਪਨਿਕ ਏਆਈ ਪ੍ਰਣਾਲੀ ਦਾ ਇੱਕੋ ਮਕਸਦ ਵੱਧ ਤੋਂ ਵੱਧ ਪੇਪਰਕਲਿਪ ਬਣਾਉਣਾ ਹੁੰਦਾ ਹੈ।

ਉਹ ਸਮਝਾਉਂਦੇ ਹਨ, “ਇਹ ਸਾਡੇ ਨਾਲ ਨਫ਼ਰਤ ਨਹੀਂ ਕਰਦੀ ਜਾਂ ਮਨੁੱਖਾਂ ਪ੍ਰਤੀ ਕੋਈ ਰੰਜਿਸ਼ ਨਹੀਂ ਰੱਖਦੀ, ਪਰ ਇਹੀ ਇਸਦਾ ਇਕੱਲਾ ਟੀਚਾ ਹੁੰਦਾ ਹੈ। ਉਸ ਟੀਚੇ ਦੀ ਪ੍ਰਾਪਤੀ ਲਈ ਇਹ ਕੁਝ ਸਹਾਇਕ ਉਪ-ਟੀਚੇ ਵੀ ਰੱਖ ਸਕਦੀ ਹੈ, ਜਿਵੇਂ ਹੋਰ ਤਾਕਤ ਜਾਂ ਹੋਰ ਬੁੱਧੀਮਤਾ ਹਾਸਲ ਕਰਨਾ।”

“ਫਿਰ ਵਿਚਾਰ ਇਹ ਹੈ ਕਿ ਕੋਈ ਵੀ ਬਹੁਤ ਸ਼ਕਤੀਸ਼ਾਲੀ ਇਕਾਈ ਜੋ ਕਿਸੇ ਵੀ ਟੀਚੇ ਦਾ ਪਿੱਛਾ ਕਰ ਰਹੀ ਹੋਵੇ, ਚਾਹੇ ਉਹ ਪੇਪਰਕਲਿਪ ਹੋਣ ਜਾਂ ਕੁਝ ਹੋਰ, ਉਸਦੇ ਅਜਿਹੇ ਉਪ-ਟੀਚੇ ਹੋ ਸਕਦੇ ਹਨ ਜੋ ਮਨੁੱਖਤਾ ਦੇ ਨਾਸ਼ ਤੱਕ ਲੈ ਜਾਣ, ਕਿਉਂਕਿ ਜੇ ਮਨੁੱਖ ਰੋਕਣ ਲਈ ਮੌਜੂਦ ਨਾ ਹੋਣ ਤਾਂ ਉਹ ਹੋਰ ਵੱਧ ਪੇਪਰਕਲਿਪ ਬਣਾ ਸਕਦੀ ਹੈ।”

ਇਸ ਦ੍ਰਿਸ਼ ਦਾ ਪਹਿਲੀ ਵਾਰ ਵਰਣਨ ਕਰਨ ਤੋਂ ਦੋ ਦਹਾਕਿਆਂ ਬਾਅਦ, ਬੋਸਟ੍ਰਮ ਨੇ ਬੀਬੀਸੀ ਨੂੰ ਦੱਸਿਆ ਕਿ ਇਹ “ਕਾਰਟੂਨੀ” ਕਹਾਣੀ ਦਰਅਸਲ ਇਹ ਦਰਸਾਉਣ ਲਈ ਸੀ ਕਿ ਕਿਸੇ ਮਹਾਂਬੁੱਧੀਮਾਨ ਪ੍ਰਣਾਲੀ ਦੇ ਮਨੁੱਖਤਾ ਲਈ ਖ਼ਤਰਾ ਬਣਨ ਵਾਸਤੇ ਉਸਦਾ ਸਪੱਸ਼ਟ ਤੌਰ ‘ਤੇ ਵਿਰੋਧੀ ਟੀਚਾ ਹੋਣਾ ਜ਼ਰੂਰੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਏਆਈ ਬਾਰੇ “ਦੋ ਵੱਖ-ਵੱਖ ਵਿਚਾਰ” ਹਨ। ਇਕ ਪਾਸੇ ਉਹ ਇਸਦੇ ਸੰਭਾਵਿਤ ਫ਼ਾਇਦਿਆਂ ਤੋਂ ਉਤਸ਼ਾਹਿਤ ਹਨ, ਪਰ ਦੂਜੇ ਪਾਸੇ ਇਸਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਵੀ ਹਨ।

ਚੌਥਾ ਦ੍ਰਿਸ਼: ਅਣਜਾਣ

ਏਆਈ ਸੁਰੱਖਿਆ ਬਾਰੇ ਇੱਕ ਹੋਰ ਵਿਚਾਰਧਾਰਾ ਵੀ ਹੈ, ਜੋ ਮੰਨਦੀ ਹੈ ਕਿ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਨਾ ਬੇਕਾਰ ਹੈ ਕਿ ਕੋਈ ਮਹਾਬੁੱਧੀਮਾਨ ਏਆਈ ਕਿਵੇਂ ਅਤੇ ਕਿਉਂ ਮਨੁੱਖਾਂ ਨੂੰ ਮਾਰਨ ਤੱਕ ਪਹੁੰਚ ਸਕਦੀ ਹੈ।

ਇਹ ਦਲੀਲ ਮੱਧ ਸਤੰਬਰ ਵਿੱਚ ਬੀਬੀਸੀ ਨੂੰ ਦਿੱਤੇ ਇੰਟਰਵਿਊ ਦੌਰਾਨ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੇਫ ਐਂਡ ਐਥੀਕਲ ਏਆਈ ਦੇ ਪ੍ਰਧਾਨ ਸਟੂਅਰਟ ਰਸਲ ਨੇ ਪੇਸ਼ ਕੀਤੀ ਸੀ। ਇਹ ਇੱਕ ਅੰਤਰਰਾਸ਼ਟਰੀ ਗੈਰ-ਮੁਨਾਫ਼ਾ ਸੰਸਥਾ ਹੈ।

ਉਨ੍ਹਾਂ ਕਿਹਾ, “ਜੇ ਤੁਸੀਂ ਕਲਪਨਾ ਕਰੋ ਕਿ ਚਿੰਪਾਂਜ਼ੀ ਤੋਂ ਇਹ ਪੁੱਛਿਆ ਜਾਵੇ ਕਿ ਮਨੁੱਖ ਤੁਹਾਨੂੰ ਕਿਵੇਂ ਖਤਮ ਕਰਨਗੇ, ਤਾਂ ਉਨ੍ਹਾਂ ਲਈ ਇਸਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੋਵੇਗਾ, ਕਿਉਂਕਿ ਜੋ ਅਸੀਂ ਕਰਦੇ ਹਾਂ, ਉਹ ਉਸਨੂੰ ਸਮਝਦੇ ਹੀ ਨਹੀਂ।”

“ਅਸੀਂ ਵੱਖ-ਵੱਖ ਦ੍ਰਿਸ਼ਾਂ ਦੀ ਕਲਪਨਾ ਕਰ ਸਕਦੇ ਹਾਂ, ਪਰ ਮੇਰੇ ਵਿਚਾਰ ਵਿੱਚ ਇਹ ਚਰਚਾ ਇਸ ਧਾਰਨਾ’ਤੇ ਆਧਾਰਿਤ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕੁਝ ਅਜਿਹਾ ਬਣਾ ਲੈੰਦੇ ਹੋ ਜੋ ਮਨੁੱਖਾਂ ਨਾਲੋਂ ਕਿਤੇ ਵੱਧ ਬੁੱਧੀਮਾਨ ਹੈ, ਤਾਂ ਫਿਰ ਅੱਗੇ ਜੋ ਕੁਝ ਵੀ ਹੁੰਦਾ ਹੈ ਉਸ ‘ਤੇ ਸਾਡਾ ਕਾਬੂ ਨਹੀਂ ਰਹਿੰਦਾ।”

ਮਾਈਕਰੋਸੋਫਟ ਏਆਈ ਦੇ ਮੁਖੀ ਮੁਸਤਫਾ ਸੁਲੇਮਾਨ ਨੇ ਵੀ ਇਸ ਚਰਚਾ ਵਿੱਚ ਹਿੱਸਾ ਲੈਂਦਿਆਂ ਉਹਨਾਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਹੈ ਜੋ ਅਜਿਹੀਆਂ ਏਆਈ ਪ੍ਰਣਾਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜੋ ਆਪਣੇ ਟੀਚੇ ਖੁਦ ਨਿਰਧਾਰਤ ਕਰ ਸਕਣ, ਪੈਸਾ ਕਮਾ ਸਕਣ ਅਤੇ ਸੰਪਤੀਆਂ ਦੀ ਮਲਕੀਅਤ ਰੱਖ ਸਕਣ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਇਸਦਾ ਮਤਲਬ ਹੋਵੇਗਾ “ਅਸਲ ਵਿੱਚ ਸਿਲਿਕਾਨ ਦੀ ਇੱਕ ਨਵੀਂ ਪ੍ਰਜਾਤੀ ਨੂੰ ਜਨਮ ਦੇਣਾ”, ਜੋ “ਨਿਸ਼ਚਿਤ ਤੌਰ ‘ਤੇ ਸਰੋਤਾਂ ਲਈ ਸਾਡੇ ਨਾਲ ਮੁਕਾਬਲਾ ਕਰ ਸਕਦੀ ਹੈ, ਚਾਹੇ ਉਹ ਮਨੁੱਖਤਾ ਦੀ ਕਿੰਨੀ ਵੀ ਪਰਵਾਹ ਕਰਦੀ ਹੋਵੇ ਜਾਂ ਸਾਡੇ ਨਾਲ ਕਿੰਨਾ ਵੀ ਪਿਆਰ ਕਰਦੀ ਹੋਵੇ”।

ਇਹ ਸਭ ਕਿੰਨਾ ਸੰਭਵ ਹੈ?

ਏਆਈ ਨੂੰ ਠੱਲ੍ਹਣ ਲਈ ਲੰਡਨ ਵਿਚ ਪ੍ਰੋਟੈਸਟ ਦੀ ਫੋਟੋ

ਤਸਵੀਰ ਸਰੋਤ, Getty Images

ਇਹ ਸਭ ਕਾਫ਼ੀ ਨਿਰਾਸ਼ਾਜਨਕ ਅਤੇ ਵਿਗਿਆਨਕ ਕਲਪਨਾ ਵਰਗਾ ਲੱਗਦਾ ਹੈ, ਪਰ ਏਆਈ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਅਤੇ ਲਗਾਤਾਰ ਵਧ ਰਹੇ ਸਮੂਹ ਦੇ ਲੋਕ ਮੰਨਦੇ ਹਨ ਕਿ ਇਨ੍ਹਾਂ ਵਿੱਚੋਂ ਕੁਝ ਜਾਂ ਸਾਰੇ ਦ੍ਰਿਸ਼ ਵਾਸਤਵਿਕ ਸੰਭਾਵਨਾਵਾਂ ਹਨ, ਹਾਲਾਂਕਿ ਇਹ ਅਟੱਲ ਨਹੀਂ ਹਨ।

ਤਾਜ਼ਾ ਚਿੰਤਾਵਾਂ ਉਸ ਸਮੇਂ ਸਾਹਮਣੇ ਆਈਆਂ ਹਨ ਜਦੋਂ ਓਪਨ ਏਆਈ, ਐਂਥਰੋਪਿਕ ਅਤੇ ਮੈਟਾ ਦੇ ਏਆਈ ਏਜੰਟਾਂ ਵੱਲੋਂ ਕਾਬੂ ਤੋਂ ਬਾਹਰ ਹੋਏ ਵਰਤਾਰਿਆਂ ਅਤੇ ਹੈਕਿੰਗ ਦੀਆਂ ਕਈ ਘਟਨਾਵਾਂ ਦੀਆਂ ਰਿਪੋਰਟਾਂ ਆਈਆਂ।

ਸਾਈਬਰ ਜਗਤ ਦੇ ਕੁਝ ਲੋਕ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਮਾਡਲ ਬਣਾਉਣ ਵਾਲਿਆਂ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ।

ਅਮਰੀਕੀ ਸਾਈਬਰ ਅਥਾਰਟੀ ਸੀਆਈਐਸਏ ਦੀ ਸਾਬਕਾ ਮੁਖੀ ਅਤੇ ਇਸ ਵੇਲੇ ਅੰਤਰਰਾਸ਼ਟਰੀ ਸਾਈਬਰ ਸੁਰੱਖਿਆ ਕਾਨਫ਼ਰੰਸਾਂ ਕਰਵਾਉਣ ਵਾਲੀ ਸਸਤਾ ਆਰਐਸਏ ਕਾਨਫਰੰਸ ਦੀ ਸੀਈਓ ਜੈਨ ਈਸਟਰਲੀ ਕਹਿੰਦੀ ਹੈ, “ਇਹ ਮਸ਼ੀਨਾਂ, ਜੋ ਥੱਕਦੀਆਂ ਨਹੀਂ, ਰੁਕਦੀਆਂ ਨਹੀਂ, ਟੀਚਿਆਂ ਦਾ ਪਿੱਛਾ ਕਰਦੀਆਂ ਹਨ ਅਤੇ ਬਹੁਤ ਸਮਰੱਥ ਹਨ, ਜੋ ਕੁਝ ਵੀ ਕਰਦੀਆਂ ਹਨ, ਉਹ ਇਸ ਗੱਲ ਦਾ ਨਤੀਜਾ ਹੁੰਦਾ ਹੈ ਕਿ ਉਨ੍ਹਾਂ ਨੂੰ ਕਿਵੇਂ ਬਣਾਇਆ ਗਿਆ ਹੈ।”

ਉਨ੍ਹਾਂ ਕਿਹਾ, “ਮੂਲ ਗੱਲ ਇਹ ਹੈ ਕਿ ਜੇ ਤੁਸੀਂ ਤਕਨਾਲੋਜੀ ਦੇ ਨਿਰਮਾਤਾ ਹੋ, ਤਾਂ ਤੁਹਾਨੂੰ ਆਪਣੀ ਆਪਣੀ ਸੁਰੱਖਿਆ ਨੂੰ ਪਹਿਲੀ ਤਰਜੀਹ ਦਿੰਦਿਆਂ ਇਸ ਨੂੰ ਡਿਜ਼ਾਇਨ , ਵਿਕਸਿਤ, ਟੈਸਟ ਅਤੇ ਉਪਲਬਧ ਕਰਵਾਉਣਾ ਚਾਹੀਦਾ ਹੈ।”

ਕੁਝ ਲੋਕ ਇਹ ਵੀ ਮੰਨਦੇ ਹਨ ਕਿ ਏਆਈ ਦੇ ਖ਼ਤਰੇ ਵਾਸਤਵਿਕ ਹਨ, ਪਰ ਮਨੁੱਖੀ ਜਾਤੀ ਦੇ ਪੂਰੇ ਅੰਤ ਤੱਕ ਨਹੀਂ ਪਹੁੰਚਣਗੇ।

ਵਿਗਿਆਨੀ ਅਤੇ ਲੇਖਕ ਗੈਰੀ ਮਾਰਕਸ ਲੰਬੇ ਸਮੇਂ ਤੋਂ ਵੱਡੀਆਂ ਏਆਈ ਕੰਪਨੀਆਂ ਦੀ ਆਲੋਚਨਾ ਕਰਦੇ ਆ ਰਹੇ ਹਨ ਕਿ ਉਹ ਘੱਟ ਪਾਰਦਰਸ਼ਤਾ ਅਤੇ ਕਾਨੂੰਨੀ ਨਿਯਮਾਂ ਦੇ ਬਿਨਾਂ ਕੰਮ ਕਰ ਰਹੀਆਂ ਹਨ, ਪਰ ਉਹ ਨਹੀਂ ਮੰਨਦੇ ਕਿ ਤਕਨਾਲੋਜੀ ਮਨੁੱਖਾਂ ਦਾ ਅੰਤ ਕਰ ਦੇਵੇਗੀ।

ਉਨ੍ਹਾਂ ਕਿਹਾ, “ਜੇ ਏਆਈ ਸੱਚਮੁੱਚ ਮਨੁੱਖਤਾ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ, ਜੇਕਰ ਉਹ ਅਜਿਹਾ ਕਰਨਾ ਚਾਹੁੰਦੀ ਵੀ ਹੋਵੇ, ਜੋ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ, ਪਰ ਜੇਕਰ ਉਸ ਨੇ ਅਜਿਹਾ ਕੀਤਾ ਤਾਂ ਮਨੁੱਖ ਪਲਟ ਕੇ ਜਵਾਬ ਦੇਣਗੇ।”

“ਅਸੀਂ ਸਾਰੇ ਡਾਟਾ ਸੈਂਟਰਾਂ ਨੂੰ ਨਸ਼ਟ ਕਰ ਦੇਵਾਂਗੇ ਅਤੇ ਬਿਜਲੀ ਘਰਾਂ ‘ਤੇ ਹਮਲੇ ਕਰ ਦੇਵਾਂਗੇ। ਇਸ ਲਈ ਪੂਰੀ ਤਰ੍ਹਾਂ ਖ਼ਤਮ ਹੋ ਜਾਣਾ, ਜਿੱਥੇ ਕੋਈ ਵੀ ਬਚੇ ਨਾ ਅਤੇ ਮੁੜ ਨਿਰਮਾਣ ਕਰਨ ਵਾਲਾ ਕੋਈ ਨਾ ਹੋਵੇ, ਮੈਨੂੰ ਸੰਭਵ ਨਹੀਂ ਲੱਗਦਾ।”

ਮਾਰਕਸ ਦਾ ਮੰਨਣਾ ਹੈ ਕਿ ਇਸ ਵੇਲੇ ਖ਼ਤਮੇ ਵਾਲੇ ਦ੍ਰਿਸ਼ਾਂ ‘ਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਹੋਰ ਸੰਭਾਵਿਤ ਸਮੱਸਿਆਵਾਂ ‘ਤੇ ਘੱਟ ਧਿਆਨ ਹੈ ਜਿਨ੍ਹਾਂ ਨੂੰ ਉਹ ਵੱਧ ਯਥਾਰਥਵਾਦੀ ਮੰਨਦੇ ਹਨ, ਜਿਵੇਂ ਕਿ ਭਵਿੱਖ ਵਿੱਚ ਮਨੁੱਖਾਂ ਵੱਲੋਂ ਏਆਈ ਦੀ ਮਦਦ ਨਾਲ ਹੋਰ ਮਨੁੱਖਾਂ ਉੱਤੇ ਕੀਤੇ ਜਾਣ ਵਾਲੇ ਵੱਡੇ ਸਾਈਬਰ ਹਮਲੇ।

ਜਿਵੇਂ ਕਿ ਇਹ ਚਰਚਾ ਜਾਰੀ ਹੈ ਕਿ ਕੀ ਕਿਆਮਤੀ ਦ੍ਰਿਸ਼ ਵਾਸਤਵ ਵਿੱਚ ਸੰਭਵ ਹਨ ਜਾਂ ਨਹੀਂ, ਓਪਨ ਏਆਈ, ਐਂਥਰੋਪਿਕ ਅਤੇ ਮੈਟਾ ਵਰਗੀਆਂ ਏਆਈ ਕੰਪਨੀਆਂ ਹੁਣ ਖੁੱਲ੍ਹੇ ਤੌਰ ‘ਤੇ ਇਸ ਗੱਲ ‘ਤੇ ਵਿਚਾਰ ਕਰ ਰਹੀਆਂ ਹਨ ਕਿ ਵਿਕਾਸ ਦੀ ਗਤੀ ਕਿਵੇਂ ਹੌਲੀ ਕੀਤੀ ਜਾਵੇ ਅਤੇ ਸੁਰੱਖਿਆ ਸੰਬੰਧੀ ਖੋਜ ‘ਤੇ ਹੋਰ ਕੰਮ ਕਿਵੇਂ ਕੀਤਾ ਜਾਵੇ।

ਲਾਰਸਨ ਕਹਿੰਦੇ ਹਨ ਕਿ ਉਹ “ਬਹੁਤ ਖੁਸ਼ ਹਨ ਕਿ ਏਆਈ ਸੁਰੱਖਿਆ ਨੂੰ ਆਖ਼ਿਰਕਾਰ ਉਹ ਧਿਆਨ ਮਿਲ ਰਿਹਾ ਹੈ ਜਿਸਦੀ ਇਹ ਹੱਕਦਾਰ ਹੈ।”

ਉਹ ਸ਼ਾਮਲ ਕਰਦੇ ਹਨ, “ਮੈਂ ਆਸ ਕਰਦਾ ਹਾਂ ਕਿ ਸਮਾਜ ਦੇ ਵੱਡੇ ਪੱਧਰ ‘ਤੇ ਉੱਠ ਰਹੀ ਇਹ ਆਵਾਜ਼ ਅਜਿਹੀਆਂ ਨੀਤੀਆਂ ਦੇ ਰੂਪ ਵਿੱਚ ਨਤੀਜਾ ਦੇਵੇਗੀ ਜੋ ਅਸਲ ਵਿੱਚ ਖ਼ਤਰੇ ਨੂੰ ਘਟਾ ਸਕਣ।”

ਪਰ ਅਸਲ ਅੰਤਰਰਾਸ਼ਟਰੀ ਨਿਯਮ ਬਣਾਉਣ ਲਈ ਅਮਰੀਕੀ ਸਰਕਾਰ ਦੀ ਕਾਰਵਾਈ ਲਾਜ਼ਮੀ ਹੋਵੇਗੀ, ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਕਹਿ ਚੁੱਕੇ ਹਨ ਕਿ ਉਹ ਨਿੱਜੀ ਤੌਰ ‘ਤੇ ਮੰਨਦੇ ਹਨ ਕਿ ਏਆਈ ਸੁਰੱਖਿਆ ਨੂੰ ਲੈ ਕੇ ਜੋ ਡਰ ਪ੍ਰਗਟ ਕੀਤੇ ਜਾਂਦੇ ਹਨ, ਉਹ ਇੱਕ “ਧੋਖਾ” ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI