Home ਰਾਸ਼ਟਰੀ ਖ਼ਬਰਾਂ ਮੋਰੱਕੋ ਤੋਂ ਹੁਣ ਤੱਕ ਹਜ਼ਾਰਾਂ ਲੋਕ ਸਪੇਨ ਦੇ ਸਿਉਟਾ ਪਹੁੰਚੇ, ਕਿੱਥੇ ਹੈ...

ਮੋਰੱਕੋ ਤੋਂ ਹੁਣ ਤੱਕ ਹਜ਼ਾਰਾਂ ਲੋਕ ਸਪੇਨ ਦੇ ਸਿਉਟਾ ਪਹੁੰਚੇ, ਕਿੱਥੇ ਹੈ ਇਹ ਥਾਂ ਜੋ ਪਰਵਾਸ ਨਾਲ ਜੁੜੇ ਤਣਾਅ ਦੇ ਕੇਂਦਰ ਵਿੱਚ ਹੈ

5
0

Source :- BBC PUNJABI

ਹਾਲ ਹੀ ਦੇ ਦਿਨਾਂ ਵਿੱਚ ਹਜ਼ਾਰਾਂ ਪਰਵਾਸੀ ਮੋਰੱਕੋ ਤੋਂ ਸਰਹੱਦ ਪਾਰ ਕਰਕੇ ਸਿਉਟਾ ਪਹੁੰਚੇ ਹਨ

ਹਾਲ ਹੀ ਦੇ ਦਿਨਾਂ ਵਿੱਚ ਹਜ਼ਾਰਾਂ ਪਰਵਾਸੀ ਮੋਰੱਕੋ ਤੋਂ ਸਰਹੱਦ ਪਾਰ ਕਰਕੇ ਸਿਉਟਾ ਪਹੁੰਚੇ ਹਨ, ਜਿਸ ਤੋਂ ਬਾਅਦ ਸਪੇਨ ਦੀ ਸਰਕਾਰ ਨੂੰ ਇਲਾਕੇ ਵਿੱਚ ਸੁਰੱਖਿਆ ਸਥਿਤੀ ਬਣਾਈ ਰੱਖਣ ਲਈ ਫ਼ੌਜ ਬੁਲਾਉਣੀ ਪਈ।

ਅਨੁਮਾਨ ਹੈ ਕਿ ਲਗਭਗ 60,000 ਲੋਕ ਉਹ ਵਾੜ ਪਾਰ ਕਰਨ ਵਿੱਚ ਕਾਮਯਾਬ ਰਹੇ ਹਨ ਜੋ ਮੋਰੱਕੋ ਨੂੰ ਅਫ਼ਰੀਕੀ ਇਲਾਕੇ ਵਿੱਚ ਮੌਜੂਦ ਸਪੇਨ ਦੇ ਸ਼ਹਿਰ ਤੋਂ ਵੱਖ ਕਰਦੀ ਹੈ। ਇਹ ਅੰਕੜਾ ਹਾਲੀਆ ਸਾਲਾਂ ਵਿੱਚ ਸਪੇਨ ਦੇ ਸਾਹਮਣੇ ਆਈ ਪਰਵਾਸੀਆਂ ਦੀ ਸਭ ਤੋਂ ਵੱਡੀ ਭੀੜ ਵਿੱਚੋਂ ਇੱਕ ਹੈ।

ਸਪੇਨ ਦੇ ਪ੍ਰਧਾਨ ਮੰਤਰੀ ਨੇ ਇਸ ਲਈ ਮਨੁੱਖੀ ਤਸਕਰੀ ਕਰਨ ਵਾਲੇ ਗਿਰੋਹਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਇਹ ਗਿਣਤੀ ਉਨ੍ਹਾਂ ਪਰਵਾਸੀਆਂ ਦੀ ਗਿਣਤੀ ਤੋਂ ਵੀ ਵੱਧ ਹੈ, ਜੋ ਪਿਛਲੇ 10 ਸਾਲਾਂ ਵਿੱਚ ਜ਼ਮੀਨੀ ਰਸਤੇ ਸਿਉਟਾ ਅਤੇ ਮੇਲੀਲਾ ਪਹੁੰਚੇ ਹਨ।

ਲੰਘੇ ਸ਼ੁੱਕਰਵਾਰ ਦੁਪਹਿਰ ਤੱਕ, ਸਮੁੰਦਰ ਵਿੱਚ ਡੁੱਬਣ ਕਾਰਨ ਘੱਟੋ-ਘੱਟ 57 ਲੋਕਾਂ (ਪਰਵਾਸੀਆਂ) ਦੀ ਮੌਤ ਦੀ ਖ਼ਬਰ ਸੀ।

ਹਾਲ ਹੀ ਦੇ ਦਿਨਾਂ ਵਿੱਚ ਹਜ਼ਾਰਾਂ ਪਰਵਾਸੀ ਮੋਰੱਕੋ ਤੋਂ ਸਰਹੱਦ ਪਾਰ ਕਰਕੇ ਸਿਉਟਾ ਪਹੁੰਚੇ ਹਨ

ਤਸਵੀਰ ਸਰੋਤ, Getty

ਸਿਉਟਾ ਸ਼ਹਿਰ ਕਿੱਥੇ ਹੈ?

ਸਿਉਟਾ ਉੱਤਰੀ ਅਫ਼ਰੀਕਾ ਵਿੱਚ ਭੂਮੱਧ ਸਾਗਰ ਉੱਤੇ ਸਥਿੱਤ ਇੱਕ ਸਪੇਨੀ ਖ਼ੁਦਮੁਖ਼ਤਿਆਰ ਸ਼ਹਿਰ ਹੈ, ਜੋ ਸਟ੍ਰੇਟ ਆਫ਼ ਜਿਬਰਾਲਟਰ ਦੇ ਬਿਲਕੁਲ ਕਿਨਾਰੇ ਉੱਤੇ ਸਥਿੱਤ ਹੈ। ਇਹ ਲੰਬੇ ਸਮੇਂ ਤੋਂ ਉਨ੍ਹਾਂ ਪਰਵਾਸੀਆਂ ਲਈ ਇੱਕ ਕ੍ਰਾਸਿੰਗ ਪੁਆਇੰਟ ਰਿਹਾ ਹੈ ਜੋ ਯੂਰਪੀ ਇਲਾਕੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦ ਹਨ।

ਇਸ ਹਫ਼ਤੇ, ਹਜ਼ਾਰਾਂ ਲੋਕਾਂ ਨੇ ਸਰਹੱਦ ਦੀ ਵਾੜ ਨੂੰ ਪਾਰ ਕੀਤਾ ਜਾਂ ਅਲ-ਤਾਰਾਜਾਲ ਸਰਹੱਦੀ ਬ੍ਰੇਕਵਾਟਰ ਤੋਂ ਤੈਰ ਕੇ ਸਿਉਟਾ ਦੇ ਤੱਟ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ।

ਗੈਰ-ਅਧਿਕਾਰਿਤ ਪਰਵਾਸ ਵਿੱਚ ਵਾਧੇ ਦੀ ਵਜ੍ਹਾ ਕੀ ਹੈ?

ਸਪੇਨ ਦੀ ਸਰਕਾਰ ਨੂੰ ਇਲਾਕੇ ਵਿੱਚ ਸੁਰੱਖਿਆ ਸਥਿਤੀ ਬਣਾਈ ਰੱਖਣ ਲਈ ਫ਼ੌਜ ਬੁਲਾਉਣੀ ਪਈ

ਤਸਵੀਰ ਸਰੋਤ, Reuters

ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਮੋਰੱਕੋ ਤੋਂ ਹੋ ਰਹੇ ਇਸ ਗੈਰ-ਅਧਿਕਾਰਿਤ ਪਰਵਾਸ ਵਿੱਚ ਵਾਧੇ ਦੀ ਵਜ੍ਹਾ ਕੀ ਹੈ ਜਾਂ ਉਸ ਦੇਸ਼ ਦੇ ਅਧਿਕਾਰੀਆਂ ਨੇ ਇਸ ਨੂੰ ਰੋਕਣ ਲਈ ਕਿੰਨੀ ਕੋਸ਼ਿਸ਼ ਕੀਤੀ।

ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਸਿਉਟਾ ਦੀ ਸਥਾਨਕ ਸਰਕਾਰ – ਜੋ ਕੇਂਦਰੀ ਸਰਕਾਰ ਦੀ ਸੋਸ਼ਲਿਸਟ ਪਾਰਟੀ ਦਾ ਵਿਰੋਧ ਕਰਦੀ ਹੈ – ਨੇ ਰਾਸ਼ਟਰਪਤੀ ਪੇਦਰੋ ਸਾਂਚੇਜ਼ ਨੂੰ ਰਾਸ਼ਟਰੀ ਐਮਰਜੈਂਸੀ ਐਲਾਨ ਕਰਨ ਲਈ ਕਿਹਾ, ਤਾਂ ਜੋ ਸੰਕਟ ਨਾਲ ਨਜਿੱਠਣ ਲਈ ਅਸਾਧਾਰਣ ਸਰੋਤਾਂ ਤੱਕ ਪਹੁੰਚ ਮਿਲ ਸਕੇ।

ਸਰਹੱਦ ਪਾਰ ਕਰਨ ਦੀ ਇਸ ਲਹਿਰ ਦੀ ਕੁਝ ਯੂਰਪੀ ਆਗੂਆਂ ਨੇ ਆਲੋਚਨਾ ਕੀਤੀ, ਜਦਕਿ ਹੋਰਾਂ ਨੇ ਸਪੇਨੀ ਸਰਕਾਰ ਨੂੰ ਮਦਦ ਦੀ ਪੇਸ਼ਕਸ਼ ਕੀਤੀ।

ਪਰਵਾਸ ਨਾਲ ਜੁੜੇ ਤਣਾਅ ਦਾ ਕੇਂਦਰ

ਅਨੁਮਾਨ ਹੈ ਕਿ ਲਗਭਗ 50,000 ਲੋਕ ਉਹ ਵਾੜ ਪਾਰ ਕਰਨ ਵਿੱਚ ਕਾਮਯਾਬ ਰਹੇ ਹਨ ਜੋ ਮੋਰੱਕੋ ਨੂੰ ਅਫ਼ਰੀਕੀ ਇਲਾਕੇ ਵਿੱਚ ਮੌਜੂਦ ਸਪੇਨ ਦੇ ਸ਼ਹਿਰ ਤੋਂ ਵੱਖ ਕਰਦੀ ਹੈ

ਤਸਵੀਰ ਸਰੋਤ, EPA/Shutterstock

ਇਸ ਹਫ਼ਤੇ ਸਿਉਟਾ ਵਿੱਚ ਜੋ ਹੋਇਆ, ਉਹ ਕੋਈ ਨਵੀਂ ਸਥਿਤੀ ਨਹੀਂ ਹੈ।

ਲਗਭਗ 85,000 ਵਸਨੀਕਾਂ ਵਾਲਾ ਇਹ ਸ਼ਹਿਰ ਹਾਲੀਆ ਸਾਲਾਂ ਵਿੱਚ ਮੈਡਰਿਡ ਅਤੇ ਰਬਾਤ ਦਰਮਿਆਨ ਵੱਡੇ ਕੂਟਨੀਤਿਕ ਸੰਕਟਾਂ ਦਾ ਕੇਂਦਰ ਰਿਹਾ ਹੈ।

ਮਈ 2021 ਵਿੱਚ, ਮੋਰੱਕੋ ਸਰਕਾਰ ਨੇ ਆਪਣਾ ਸਰਹੱਦੀ ਕੰਟਰੋਲ ਹਟਾ ਦਿੱਤਾ ਅਤੇ ਮੋਰੱਕੋ ਅਤੇ ਉਪ-ਸਹਾਰਾ ਅਫ਼ਰੀਕੀ ਦੇਸ਼ਾਂ ਦੇ ਲਗਭਗ 8,000 ਲੋਕਾਂ ਨੂੰ ਸਿਰਫ਼ ਦੋ ਦਿਨਾਂ ਵਿੱਚ ਸਿਉਟਾ ਵਿੱਚ ਦਾਖ਼ਲ ਹੋਣ ਦਿੱਤਾ, ਹਾਲਾਂਕਿ ਸਪੇਨੀ ਅਧਿਕਾਰੀਆਂ ਨੇ ਕੋਈ ਅਧਿਕਾਰਿਤ ਅੰਕੜਾ ਨਹੀਂ ਦਿੱਤਾ।

ਇਸ ਕਦਮ ਨੂੰ ਮੋਰੱਕੋ ਵੱਲੋਂ ਜਵਾਬੀ ਕਾਰਵਾਈ ਵਜੋਂ ਦੇਖਿਆ ਗਿਆ। ਸਪੇਨ ਨੇ ਪੱਛਮੀ ਸਹਾਰਾ (ਇੱਕ ਵਿਵਾਦਿਤ ਇਲਾਕਾ) ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਇੱਕ ਆਗੂ ਨੂੰ ਸਪੇਨ ਦੇ ਹਸਪਤਾਲ ਵਿੱਚ ਇਲਾਜ ਕਰਵਾਉਣ ਦੀ ਇਜਾਜ਼ਤ ਦਿੱਤੀ ਸੀ, ਜਿਸ ਦੇ ਜਵਾਬ ਵਿੱਚ ਮੋਰੱਕੋ ਨੇ ਇਹ ਕਦਮ ਚੁੱਕਿਆ।

ਤਣਾਅ ਉਸ ਵੇਲੇ ਘੱਟ ਹੋ ਗਿਆ ਅਤੇ ਸਰਹੱਦ ਉੱਤੇ ਕੰਟਰੋਲ ਮੁੜ ਬਹਾਲ ਹੋ ਗਿਆ, ਜਦੋਂ ਸਪੇਨ ਦੇ ਪ੍ਰਧਾਨ ਮੰਤਰੀ ਨੇ ਪੱਛਮੀ ਸਹਾਰਾ ਬਾਰੇ ਆਪਣੇ ਦੇਸ਼ ਦੇ ਪੁਰਾਣੇ ਰੁਖ਼ ਨੂੰ ਬਦਲ ਦਿੱਤਾ ਅਤੇ ਅਗਲੇ ਸਾਲ ਮੋਰੱਕੋ ਦੇ ਰਾਜਾ ਮੁਹੰਮਦ ਛੇਵੇਂ ਨਾਲ ਮੁਲਾਕਾਤ ਕੀਤੀ।

ਸਿਉਟਾ ਅਤੇ ਕੁਝ ਹੱਦ ਤੱਕ ਮੇਲੀਲਾ, ਗੈਰ-ਕਾਨੂੰਨੀ ਤਰੀਕੇ ਨਾਲ ਲੋਕਾਂ ਦੇ ਆਉਣ-ਜਾਣ (ਮਾਈਗ੍ਰੇਸ਼ਨ) ਦੇ ਹਾਟਸਪਾਟ ਕਿਉਂ ਹਨ? ਇਸ ਦੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਹੈ – ਇਨ੍ਹਾਂ ਦੀ ਭੂਗੋਲਿਕ ਸਥਿਤੀ।

ਇੱਕ ਖ਼ਾਸ ਜਗ੍ਹਾ

ਸੈਟੇਲਾਈਟ ਤਸਵੀਰਾਂ ਵਿੱਚ ਸਿਉਟਾ ਵਿੱਚ ਮੋਰੱਕੋ ਅਤੇ ਸਪੇਨ ਨੂੰ ਵੱਖ ਕਰਨ ਵਾਲੀ ਵਾੜ ਅਤੇ ਤਾਰਾਹਲ ਬੀਚ ਰਾਹੀਂ ਲੋਕਾਂ ਦੇ ਆਉਣ ਦਾ ਦ੍ਰਿਸ਼ ਦਿਖਾਈ ਦਿੰਦਾ ਹੈ

ਤਸਵੀਰ ਸਰੋਤ, Satellite image ©2026 Vantor

ਸਿਉਟਾ ਅਤੇ ਮੇਲੀਲਾ, ਉੱਤਰੀ ਅਫ਼ਰੀਕਾ ਵਿੱਚ ਸਪੇਨ ਦੇ ਦੋ ਇਲਾਕੇ ਹਨ। ਇਨ੍ਹਾਂ ਵਿੱਚ ਸਿਉਟਾ ਵੱਡਾ ਹੈ ਅਤੇ ਮੇਲੀਲਾ ਉਸ ਤੋਂ ਲਗਭਗ 400 ਕਿਲੋਮੀਟਰ ਪੂਰਬ ਵੱਲ ਸਥਿੱਤ ਹੈ। ਇਹ ਦੋਵੇਂ ਅਫ਼ਰੀਕਾ ਦੇ ਭੂਮੱਧ ਸਾਗਰੀ ਤੱਟ ਉੱਤੇ ਸਥਿਤ ਹਨ।

ਇਹ ਦੋਵੇਂ ਖ਼ੁਦਮੁਖ਼ਤਿਆਰ ਸ਼ਹਿਰ ਸਪੇਨ ਦੇ ਹਨ ਅਤੇ ਅਫ਼ਰੀਕਾ ਨਾਲ ਯੂਰਪੀ ਸੰਘ ਦੀ ਇਕਲੌਤੀ ਜ਼ਮੀਨੀ ਸਰਹੱਦ ਬਣਾਉਂਦੇ ਹਨ।

17ਵੀਂ ਸਦੀ ਤੋਂ ਸਪੇਨ ਦੇ ਅਧਿਕਾਰ ਖੇਤਰ ਵਿੱਚ ਰਹੇ ਸਿਉਟਾ ਵਿੱਚ ਇਸਾਈ ਅਤੇ ਮੁਸਲਿਮ ਆਬਾਦੀ ਰਹਿੰਦੀ ਹੈ। ਇੱਥੇ ਸਪੇਨੀ ਅਤੇ ਮੋਰੱਕਨ ਵਸਨੀਕ ਅਤੇ ਸਰਹੱਦ ਪਾਰ ਕੰਮ ਕਰਨ ਵਾਲੇ ਲੋਕ ਵੀ ਰਹਿੰਦੇ ਹਨ, ਜੋ ਕਾਫ਼ੀ ਹੱਦ ਤੱਕ ਮਿਲ-ਜੁਲ ਕੇ ਰਹਿੰਦੇ ਹਨ।

ਮੋਰੱਕੋ ਅਧਿਕਾਰਿਤ ਤੌਰ ‘ਤੇ ਸਿਉਟਾ ਅਤੇ ਮੇਲੀਲਾ ਨੂੰ ਸਪੇਨ ਦਾ ਇਲਾਕਾ ਨਹੀਂ ਮੰਨਦਾ ਅਤੇ ਆਮ ਤੌਰ ‘ਤੇ ਇਨ੍ਹਾਂ ਨੂੰ ਕਬਜ਼ੇ ਵਾਲੇ ਇਲਾਕੇ ਕਹਿੰਦਾ ਹੈ।

1971 ਵਿੱਚ ਸਿਉਟਾ ਵਿੱਚ ਵਾੜ (ਫੈਂਸ) ਲਗਾਉਣ ਦਾ ਕੰਮ ਸ਼ੁਰੂ ਹੋਇਆ। ਇਹ 8 ਕਿਲੋਮੀਟਰ ਲੰਬੀ ਵਾੜ ਧਾਤੂ ਦੀ ਹੈ ਅਤੇ ਕਈ ਵਾਰ ਬਦਲਾਅ ਤੋਂ ਬਾਅਦ ਹੁਣ 10 ਮੀਟਰ ਉੱਚੀ ਹੈ। ਇਸ ਨੂੰ ਇਸ ਲਈ ਲਗਾਇਆ ਗਿਆ ਹੈ ਤਾਂ ਜੋ ਮੋਰੱਕੋ ਦੇ ਇਲਾਕੇ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਿਆ ਜਾ ਸਕੇ।

ਸੈਟੇਲਾਈਟ ਤਸਵੀਰਾਂ ਵਿੱਚ ਸਿਉਟਾ ਵਿੱਚ ਮੋਰੱਕੋ ਅਤੇ ਸਪੇਨ ਨੂੰ ਵੱਖ ਕਰਨ ਵਾਲੀ ਵਾੜ ਅਤੇ ਤਾਰਾਹਲ ਬੀਚ ਰਾਹੀਂ ਲੋਕਾਂ ਦੇ ਆਉਣ ਦਾ ਦ੍ਰਿਸ਼ ਦਿਖਾਈ ਦਿੰਦਾ ਹੈ

ਤਸਵੀਰ ਸਰੋਤ, Satellite image ©2026 Vantor

ਮੇਲੀਲਾ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਵਾੜ ਹੈ।

ਹਾਲਾਂਕਿ ਮਨੁੱਖੀ ਅਧਿਕਾਰ ਸੰਗਠਨਾਂ ਨੇ ਦੋ ਦੇਸ਼ਾਂ ਦਰਮਿਆਨ ਕੰਧ ਬਣਾਉਣ ਨੂੰ ਆਜ਼ਾਦੀ ਨਾਲ ਆਉਣ-ਜਾਣ ਦੇ ਅਧਿਕਾਰ ਦੀ ਉਲੰਘਣਾ ਦੱਸਿਆ ਹੈ, ਪਰ ਸਪੇਨ ਸਰਕਾਰ ਅਤੇ ਯੂਰਪੀ ਸੰਘ ਨੇ ਮਾਈਗ੍ਰੇਸ਼ਨ ਕੰਟਰੋਲ ਅਤੇ ਇਲਾਕੇ ਵਿੱਚ ਸੁਰੱਖਿਆ ਬਣਾਈ ਰੱਖਣ ਲਈ ਸਿਉਟਾ ਦੀ ਵਾੜ ਵਿੱਚ ਕੀਤੇ ਗਏ ਸੁਧਾਰਾਂ ਦਾ ਬਚਾਅ ਕੀਤਾ ਹੈ।

ਸਪੇਨ ਦੇ ਰੱਖਿਆ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਆਮ ਹਾਲਾਤਾਂ ਵਿੱਚ ਸਿਉਟਾ ਵਿੱਚ ਫ਼ੌਜ ਅਤੇ ਸਿਵਲ ਗਾਰਡ ਦੇ 3,000 ਜਵਾਨ ਤਾਇਨਾਤ ਰਹਿੰਦੇ ਹਨ।

ਪਰ ਪਿਛਲੇ ਕੁਝ ਘੰਟਿਆਂ ਵਿੱਚ, ਸਪੇਨ ਸਰਕਾਰ ਨੇ ਹਾਲਾਤ ਨਾਲ ਨਜਿੱਠਣ ਲਈ ਹੋਰ ਫੌਜੀ ਤਾਇਨਾਤ ਕਰਨ ਦੇ ਹੁਕਮ ਦਿੱਤੇ ਹਨ। ਇੱਥੇ ਹਾਲਾਤ ਕਾਬੂ ਤੋਂ ਬਾਹਰ ਦੱਸੇ ਗਏ ਸੀ, ਹਾਲਾਂਕਿ ਇਸ ਸ਼ੁੱਕਰਵਾਰ ਨੂੰ ਸਥਿਤੀ ਕੁਝ ਹੱਦ ਤੱਕ ਕਾਬੂ ਵਿੱਚ ਰਹੀ।

ਤਾਰਾਹਲ ਬੀਚ

ਬਹੁਤ ਸਾਰੇ ਪਰਵਾਸੀ ਅਲ ਤਾਰਾਹਲ ਰਾਹੀਂ ਸਿਉਟਾ ਆਉਂਦੇ ਹਨ, ਜੋ ਸਿਉਟਾ ਦੀ ਵਾੜ ਦੇ ਅੰਤ 'ਤੇ ਸਥਿਤ ਇੱਕ ਬੀਚ ਹੈ

ਤਸਵੀਰ ਸਰੋਤ, Reuters

ਸਿਉਟਾ ਸਪੇਨ ਦਾ ਇੱਕ ਖ਼ੁਦਮੁਖ਼ਤਿਆਰ (ਆਟੋਨੋਮਸ) ਸ਼ਹਿਰ ਹੈ, ਜਿਸ ਦਾ ਖ਼ਾਸ ਕਾਨੂੰਨੀ ਦਰਜਾ 1995 ਦੇ ਆਟੋਨੋਮੀ ਕਾਨੂੰਨ ਤਹਿਤ ਦਿੱਤਾ ਗਿਆ ਹੈ।

ਇਸ ਤਰ੍ਹਾਂ ਨਾਲ, ਇਸ ਸ਼ਹਿਰ ਨੂੰ ਸਪੇਨ ਦੀਆਂ ਹੋਰ ਨਗਰ ਪਾਲਿਕਾਵਾਂ ਨਾਲੋਂ ਵੱਧ ਅਧਿਕਾਰ ਮਿਲਦੇ ਹਨ, ਪਰ ਮੈਡਰਿਡ ਜਾਂ ਅੰਡਾਲੂਸੀਆ ਵਰਗੀਆਂ ਖ਼ੁਦਮੁਖ਼ਤਿਆਰ ਕਮਿਊਨਿਟੀਆਂ ਵਾਲੇ ਵਿਸ਼ੇਸ਼ ਅਧਿਕਾਰ ਨਹੀਂ ਮਿਲਦੇ।

ਬਹੁਤ ਸਾਰੇ ਪਰਵਾਸੀ ਅਲ ਤਾਰਾਹਲ ਰਾਹੀਂ ਸਿਉਟਾ ਆਉਂਦੇ ਹਨ, ਜੋ ਸਿਉਟਾ ਦੀ ਵਾੜ ਦੇ ਅੰਤ ‘ਤੇ ਸਥਿਤ ਇੱਕ ਬੀਚ ਹੈ, ਜਿੱਥੇ ਇੱਕ ਕਸਟਮ ਦਫ਼ਤਰ ਅਤੇ ਇੱਕ ਸਰਹੱਦੀ ਚੈਕਪੋਸਟ ਹੈ।

ਇਸ ਹਫ਼ਤੇ ਦੀ ਐਮਰਜੈਂਸੀ ਅਤੇ 2021 ਦੀ ਐਮਰਜੈਂਸੀ, ਦੋਵਾਂ ਵਿੱਚ ਹੀ ਤਾਰਾਹਲ ਬੀਚ ਸਪੇਨ ਦੀ ਧਰਤੀ ਤੱਕ ਪਹੁੰਚਣ ਦੇ ਮੁੱਖ ਟ੍ਰਾਂਜ਼ਿਟ ਪੁਆਇੰਟਾਂ ਵਿੱਚੋਂ ਇੱਕ ਬਣ ਗਈ।

ਸਪੇਨ ਦੇ ਕਾਨੂੰਨ ਮੁਤਾਬਕ, ਜੋ ਪਰਵਾਸੀ ਕਦੇ-ਕਦੇ ਜ਼ਮੀਨੀ ਰਸਤੇ ਆਉਂਦੇ ਹਨ, ਉਨ੍ਹਾਂ ਨੂੰ ਸਿਵਲ ਗਾਰਡ ਜਾਂ ਰੈੱਡ ਕ੍ਰਾਸ ਵਾਲੇ ਦੇਖਦੇ ਹਨ ਅਤੇ ਉਨ੍ਹਾਂ ਨੂੰ ਟੈਂਪਰਰੀ ਫ਼ੋਰੇਨਰਜ਼ ਅਸਿਸਟੈਂਸ ਸੈਂਟਰ (ਸੀਏਟੀਈ) ਜਾਂ ਟੈਂਪਰਰੀ ਇਮੀਗ੍ਰੈਂਟ ਸਟੇ ਸੈਂਟਰ (ਸੀਈਟੀਆਈ) ਲਿਜਾਇਆ ਜਾਂਦਾ ਹੈ।

ਸਮੱਸਿਆ ਇਹ ਹੈ ਕਿ ਇਹ ਸੰਸਥਾਵਾਂ ਇਸ ਹਫ਼ਤੇ ਹੋਈ ਭਾਰੀ ਭੀੜ ਦਾ ਸਾਹਮਣਾ ਨਹੀਂ ਕਰ ਸਕਦੀਆਂ।

ਸਪੇਨ ਦੇ ਪ੍ਰਧਾਨ ਮੰਤਰੀ ਪੇਦਰੋ ਸਾਂਚੇਜ਼ ਨੇ ਸ਼ੁੱਕਰਵਾਰ ਨੂੰ ਸਿਉਟਾ ਦੇ ਆਪਣੇ ਦੌਰੇ ਦੌਰਾਨ ਕਿਹਾ, “ਜੋ ਕੁਝ ਹੋਇਆ ਹੈ, ਉਹ ਸਪੇਨ ਦੀ ਖੇਤਰੀ ਅਖੰਡਤਾ ਅਤੇ ਇੱਕ ਸਪੇਨੀ ਸ਼ਹਿਰ ਦੀਆਂ ਸਰਹੱਦਾਂ ਦੀ ਉਲੰਘਣਾ ਹੈ।”

ਸਪੇਨ ਦੇ ਗ੍ਰਹਿ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਰਹੱਦ ਪਾਰ ਕਰਨ ਵਾਲੇ ਘੱਟੋ-ਘੱਟ 48,000 ਪਰਵਾਸੀ ਪਹਿਲਾਂ ਹੀ ਮੋਰੱਕੋ ਪਰਤ ਚੁੱਕੇ ਹਨ।

(ਤਸਵੀਰ ਡਿਜ਼ਾਈਨ: ਡੈਨਿਯਲ ਆਰਸੇ-ਲੋਪੇਜ਼, ਗੈਟੀ ਇਮੇਜਿਸ ਦੀਆਂ ਤਸਵੀਰਾਂ ਨਾਲ)

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI