Source :- BBC PUNJABI
ਤਸਵੀਰ ਸਰੋਤ, Getty Images
ਸੀ-ਸੈਕਸ਼ਨ ਤੋਂ ਬਾਅਦ ਕਈ ਔਰਤਾਂ ਨੂੰ ਡਿਲੀਵਰੀ ਤੋਂ ਕਈ ਮਹੀਨਿਆਂ ਬਾਅਦ ਵੀ ਉਨ੍ਹਾਂ ਦਾ ਹੇਠਲਾ ਪੇਟ ਬਾਹਰ ਨਿਕਲਿਆ ਜਾਂ ਫੁੱਲਿਆ ਰਹਿੰਦਾ ਹੈ। ਇਸ ਕਾਰਨ ਬਹੁਤ ਸਾਰੇ ਲੋਕ ਇਹ ਮੰਨਦੇ ਹਨ ਕਿ ਸੀ-ਸੈਕਸ਼ਨ ਤੋਂ ਬਾਅਦ ਵੀ ਢਿੱਡ ਦਾ ਫੁੱਲਣਾ ਸਥਾਈ ਤੌਰ ‘ਤੇ ਬਣਿਆ ਰਹਿੰਦਾ ਹੈ।
ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਸ ਬਦਲਾਅ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ, ਜਿਸ ਨੂੰ ‘ਸੀ-ਸੈਕਸ਼ਨ ਪਾਊਚ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸ ਦੇ ਪਿੱਛੇ ਦੀ ਸੱਚਾਈ ਕੁਝ ਵੱਖਰੀ ਹੈ। ਮਾਹਿਰਾਂ ਦੇ ਅਨੁਸਾਰ ਇਹ ਬਦਲਾਅ ਸਿਰਫ਼ ਸਰਜਰੀ ਕਾਰਨ ਨਹੀਂ ਹੁੰਦਾ, ਸਗੋਂ ਗਰਭ ਅਵਸਥਾ ਦੌਰਾਨ ਸਰੀਰ ਵਿੱਚ ਹੋਣ ਵਾਲੀਆਂ ਸਰੀਰਕ ਤਬਦੀਲੀਆਂ ਦਾ ਨਤੀਜਾ ਹੁੰਦਾ ਹੈ।
ਗਰਭ ਅਵਸਥਾ ਦੌਰਾਨ ਪੇਟ ਦੀਆਂ ਮਾਸਪੇਸ਼ੀਆਂ, ਚਮੜੀ ਅਤੇ ਜੋੜਨ ਵਾਲੇ ਟਿਸ਼ੂ ਵਧ ਰਹੇ ਭਰੂਣ ਨੂੰ ਅਨੁਕੂਲ ਬਣਾਉਣ ਲਈ ਖਿਚਾਅ ਕਰਦੇ ਹਨ। ਬੱਚੇ ਦੇ ਜਨਮ ਤੋਂ ਬਾਅਦ ਸਰੀਰ ਨੂੰ ਠੀਕ ਹੋਣ ਵਿੱਚ ਕਾਫ਼ੀ ਸਮਾਂ ਲੱਗਦਾ ਹੈ। ਕੁਝ ਔਰਤਾਂ ਵਿੱਚ ਮਾਸਪੇਸ਼ੀਆਂ ਦੀ ਕਮਜ਼ੋਰੀ, ਪੇਟ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ, ਢਿੱਲੀ ਚਮੜੀ ਜਾਂ ਭਾਰ ਵਧਣ ਕਾਰਨ ਪੇਟ ਜ਼ਿਆਦਾ ਬਾਹਰ ਨਿਕਲਿਆ ਹੋਇਆ ਦਿਖਾਈ ਦੇ ਸਕਦਾ ਹੈ।
ਇਸ ਲਈ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਪੇਟ ਦਾ ਆਪਣੇ ਪਹਿਲਾਂ ਵਾਲੇ ਆਕਾਰ ਵਿੱਚ ਵਾਪਸ ਨਾ ਆਉਣਾ ਅਕਸਰ ਸਰੀਰ ਦੀ ਇੱਕ ਕੁਦਰਤੀ ਪ੍ਰਕਿਰਿਆ ਦਾ ਹਿੱਸਾ ਹੁੰਦਾ ਹੈ। ਆਓ ਜਾਣਦੇ ਹਾਂ ਕਿ ਸੀਜ਼ੇਰੀਅਨ ਸੈਕਸ਼ਨ (ਸੀ-ਸੈਕਸ਼ਨ) ਤੋਂ ਬਾਅਦ ਪੇਟ ਦੇ ਬਾਹਰ ਨਿਕਲਿਆ ਰਹਿਣ ਦੇ ਅਸਲ ਕਾਰਨ ਕੀ ਹਨ ਅਤੇ ਕਿਹੜੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਸੀ-ਸੈਕਸ਼ਨ ਤੋਂ ਬਾਅਦ ਢਿੱਡ ‘ਤੇ ਚਰਬੀ ਕਿਉਂ ਉਭਰ ਆਉਂਦੀ ਹੈ? ਇਸ ਦੇ ਕੀ ਕਾਰਨ ਹਨ?
ਜਨਮ ਤੋਂ ਬਾਅਦ ਢਿੱਡ ਦੇ ਬਾਹਰ ਨਿਕਲਣ ਦੇ ਕਈ ਕਾਰਨ ਹੋ ਸਕਦੇ ਹਨ। ਗਰਭ ਅਵਸਥਾ ਦੌਰਾਨ ਪੇਟ ਦੀਆਂ ਮਾਸਪੇਸ਼ੀਆਂ ਅਤੇ ਕਨੈਕਟਿਵ ਟਿਸ਼ੂਜ਼ ‘ਤੇ ਪੈਣ ਵਾਲੇ ਦਬਾਅ ਕਾਰਨ ਕੁਝ ਔਰਤਾਂ ਵਿੱਚ ਰੈਕਟਸ ਐਬਡੋਮਿਨਿਸ ਮਾਸਪੇਸ਼ੀਆਂ ਵਿਚਕਾਰ ਫ਼ਾਸਲਾ ਪੈ ਸਕਦਾ ਹੈ।
ਇਸ ਸਥਿਤੀ ਨੂੰ ਡਾਇਸਟੇਸਿਸ ਰੇਕਟੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜਨਮ ਤੋਂ ਬਾਅਦ ਵਜ਼ਨ ਵੱਧ ਜਾਣਾ, ਚਮੜੀ ਦਾ ਢਿੱਲਾ ਪੈ ਜਾਣਾ, ਹਾਰਮੋਨਲ ਤਬਦੀਲੀਆਂ, ਸਰੀਰ ਵਿੱਚ ਪਾਣੀ ਇਕੱਠਾ ਹੋਣਾ ਅਤੇ ਸਰੀਰਕ ਗਤੀਵਿਧੀਆਂ ਵਿੱਚ ਕਮੀ ਆਉਣਾ ਵੀ ਪੇਟ ਦੇ ਆਕਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸੀਜ਼ੇਰੀਅਨ ਸੈਕਸ਼ਨ ਤੋਂ ਬਾਅਦ ਜ਼ਖ਼ਮ ਭਰਨ ਦੌਰਾਨ ਬਣਨ ਵਾਲੇ ਟਿਸ਼ੂ ਕਾਰਨ ਪੇਟ ਦੇ ਹੇਠਲੇ ਹਿੱਸੇ ਨੇੜੇ ਹਲਕਾ ਜਿਹਾ ਉਭਾਰ ਜਾਂ ਸੋਜ ਹੋ ਸਕਦੀ ਹੈ। ਇਸੇ ਕਰਕੇ ਕਈ ਔਰਤਾਂ ਨੂੰ ਲੱਗਦਾ ਹੈ ਕਿ ਸਰਜਰੀ ਕਾਰਨ ਉਨ੍ਹਾਂ ਦਾ ਪੇਟ ਬਾਹਰ ਨਿਕਲ ਆਇਆ ਹੈ। ਹਾਲਾਂਕਿ, ਜ਼ਿਆਦਾਤਰ ਮਾਮਲਿਆਂ ਵਿੱਚ ਇਹ ਬਦਲਾਅ ਸਰੀਰ ਦੀ ਇਲਾਜ ਪ੍ਰਕਿਰਿਆ ਦਾ ਹਿੱਸਾ ਹੁੰਦਾ ਹੈ।
ਜਨਮ ਤੋਂ ਬਾਅਦ ਪੇਟ ਦੀਆਂ ਮਾਸਪੇਸ਼ੀਆਂ ਦਾ ਪੁਨਰਨਿਰਮਾਣ ਕੁਝ ਹੀ ਹਫ਼ਤਿਆਂ ‘ਚ ਪੂਰਾ ਨਹੀਂ ਹੁੰਦਾ, ਮਾਸਪੇਸ਼ੀਆਂ, ਚਮੜੀ ਅਤੇ ਹੋਰ ਟਿਸ਼ੂਆਂ ਨੂੰ ਆਪਣੀ ਪਹਿਲਾਂ ਵਾਲੀ ਸਥਿਤੀ ਵਿੱਚ ਵਾਪਸ ਆਉਣ ਲਈ ਮਹੀਨੇ ਲੱਗ ਸਕਦੇ ਹਨ।
ਇਸ ਲਈ ਧੀਰਜ ਬਣਾਈ ਰੱਖਣਾ, ਸੰਤੁਲਿਤ ਖੁਰਾਕ ਲੈਣਾ ਅਤੇ ਮਾਹਿਰਾਂ ਦੀ ਸਲਾਹ ਅਨੁਸਾਰ ਕਸਰਤ ਕਰਨਾ ਬਹੁਤ ਮਹੱਤਵਪੂਰਨ ਹੈ। ਹਾਲਾਂਕਿ ਜੇ ਤੁਹਾਨੂੰ ਦਰਦ, ਅਸਧਾਰਨ ਸੋਜ, ਬੁਖਾਰ ਜਾਂ ਕਿਸੇ ਗਾਂਠ ਵਰਗੀ ਸਮੱਸਿਆ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।
ਤਸਵੀਰ ਸਰੋਤ, Getty Images
ਕੀ ਸੀ-ਸੈਕਸ਼ਨ ਕਾਰਨ ਪੇਟ ਬਾਹਰ ਨਿਕਲਿਆ ਹੋਇਆ ਦਿਖਾਈ ਦਿੰਦਾ ਹੈ? ਇਸ ਸਵਾਲ ਬਾਰੇ ਅਸੀਂ ਡਾ. ਨੇਹਾ ਅਭਿਜੀਤ ਪਵਾਰ ਨਾਲ ਗੱਲ ਕੀਤੀ, ਜੋ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿੱਚ ਇੱਕ ਗਾਇਨੀਕੋਲੋਜਿਸਟ ਹਨ।
ਉਨ੍ਹਾਂ ਨੇ ਦੱਸਿਆ, “ਸੀ-ਸੈਕਸ਼ਨ ਪਾਊਚ ਦਿਖਣ ਦਾ ਮੁੱਖ ਕਾਰਨ ਗਰਭ ਅਵਸਥਾ ਦੌਰਾਨ ਸਰੀਰ ਵਿੱਚ ਆਉਣ ਵਾਲੇ ਬਦਲਾਅ ਹੁੰਦੇ ਹਨ। ਗਰਭਾਵਸਥਾ ਦੌਰਾਨ ਪੇਟ ਦੀ ਕੰਧ ਕਾਫ਼ੀ ਫੈਲ ਜਾਂਦੀ ਹੈ ਅਤੇ ਪੇਟ ਦੀਆਂ ਮਾਸਪੇਸ਼ੀਆਂ ਇੱਕ-ਦੂਜੇ ਤੋਂ ਵੱਖ ਹੋ ਸਕਦੀਆਂ ਹਨ। ਸੀ-ਸੈਕਸ਼ਨ ਲਈ ਲਾਇਆ ਗਿਆ ਚੀਰਾ ਅਤੇ ਉਸ ਤੋਂ ਬਾਅਦ ਬਣਨ ਵਾਲਾ ਨਿਸ਼ਾਨ ਜ਼ਖ਼ਮ ਭਰਨ ਦੀ ਪ੍ਰਕਿਰਿਆ ਦੌਰਾਨ ਇੱਕ ਛੋਟੀ ਜਿਹੀ ਤਹਿ ਬਣਾ ਸਕਦੇ ਹਨ, ਜਿਸ ਕਾਰਨ ਪੇਟ ਦਾ ਹੇਠਲਾ ਹਿੱਸਾ ਵੱਧ ਉਭਰਿਆ ਹੋਇਆ ਨਜ਼ਰ ਆਉਂਦਾ ਹੈ।”
ਉਹ ਅੱਗੇ ਕਹਿੰਦੇ ਹਨ, “ਹਾਲਾਂਕਿ ਇਸ ਲਈ ਸਿਰਫ਼ ਸਰਜਰੀ ਹੀ ਜ਼ਿੰਮੇਵਾਰ ਨਹੀਂ ਹੁੰਦੀ। ਸਰੀਰ ਦੀ ਮੁਦਰਾ (ਪੋਸਚਰ), ਚਮੜੀ ਦੀ ਲਚਕ, ਜ਼ਖ਼ਮ ਭਰਨ ਦੀ ਪ੍ਰਕਿਰਿਆ ਅਤੇ ਮਾਸਪੇਸ਼ੀਆਂ ਦੀ ਤਾਕਤ ਵੀ ਅੰਤਿਮ ਦਿੱਖ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਇਹ ਕਹਿਣਾ ਸਹੀ ਨਹੀਂ ਹੈ ਕਿ ਪੇਟ ਦਾ ਆਕਾਰ ਜਾਂ ਦਿਖਾਈ ਦੇਣ ਵਾਲਾ ਉਭਾਰ ਪੂਰੀ ਤਰ੍ਹਾਂ ਸੀਜ਼ੇਰੀਅਨ ਸੈਕਸ਼ਨ ‘ਤੇ ਹੀ ਨਿਰਭਰ ਕਰਦਾ ਹੈ।”
ਤਸਵੀਰ ਸਰੋਤ, Getty Images
ਸੀਜ਼ੇਰੀਅਨ ਸੈਕਸ਼ਨ ਤੋਂ ਬਾਅਦ ਪੇਟ ਬਾਹਰ ਨਿਕਲਣ ਦੇ ਮੁੱਖ ਕਾਰਨ ਕੀ ਹਨ?
- ਪੇਟ ਦੀ ਕੰਧ ਦਾ ਵੱਧ ਖਿੱਚ ਜਾਣਾ
- ਪੇਟ ਅਤੇ ਕਮਰ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ
- ਰੈਕਟਸ ਐਬਡੋਮਿਨਿਸ ਮਾਸਪੇਸ਼ੀਆਂ ਵਿੱਚ ਖਿਚਾਅ (ਡਾਇਸਟੇਸਿਸ ਰੇਕਟੀ)
- ਸਰੀਰ ਵਿੱਚ ਵਾਧੂ ਚਰਬੀ ਦਾ ਇਕੱਠਾ ਹੋਣਾ
- ਚਮੜੀ ਦਾ ਢਿੱਲਾ ਪੈ ਜਾਣਾ
- ਸਰੀਰ ਵਿੱਚ ਪਾਣੀ ਰੁਕਣਾ ਅਤੇ ਹਾਰਮੋਨਲ ਤਬਦੀਲੀਆਂ
- ਜਨਮ ਤੋਂ ਬਾਅਦ ਸਿਹਤਯਾਬੀ ਦੌਰਾਨ ਸਰੀਰਕ ਗਤੀਵਿਧੀਆਂ ਵਿੱਚ ਕਮੀ ਆਉਣਾ
ਜ਼ਿਆਦਾਤਰ ਮਾਮਲਿਆਂ ਵਿੱਚ, ਪੇਟ ਦਾ ਉਭਰਿਆ ਹੋਇਆ ਦਿਖਾਈ ਦੇਣਾ ਕਿਸੇ ਸਰਜਰੀ ਸਬੰਧੀ ਸਮੱਸਿਆ ਦਾ ਸੰਕੇਤ ਨਹੀਂ ਹੁੰਦਾ। ਸਗੋਂ ਇਹ ਇਹ ਬੱਚੇ ਦੇ ਜਨਮ ਤੋਂ ਬਾਅਦ ਸਰੀਰ ਦੀ ਕੁਦਰਤੀ ਰਿਕਵਰੀ ਪ੍ਰਕਿਰਿਆ ਦਾ ਹਿੱਸਾ ਹੈ।
ਸੀਜ਼ੇਰੀਅਨ ਸੈਕਸ਼ਨ ਤੋਂ ਬਾਅਦ ਪੇਟ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ?
ਇਸ ਬਾਰੇ ਗੱਲ ਕਰਦਿਆਂ ਡਾ. ਨੇਹਾ ਪਵਾਰ ਨੇ ਦੱਸਿਆ, “ਸੀ-ਸੈਕਸ਼ਨ ਤੋਂ ਬਾਅਦ ਸ਼ੁਰੂਆਤੀ ਜ਼ਖ਼ਮ ਨੂੰ ਭਰਨ ਵਿੱਚ ਆਮ ਤੌਰ ‘ਤੇ 6 ਤੋਂ 8 ਹਫ਼ਤੇ ਲੱਗਦੇ ਹਨ। ਹਾਲਾਂਕਿ, ਪੇਟ ਦੀਆਂ ਮਾਸਪੇਸ਼ੀਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ 6 ਮਹੀਨੇ ਤੋਂ ਲੈ ਕੇ ਇੱਕ ਸਾਲ ਜਾਂ ਇਸ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈ। ਮਾਸਪੇਸ਼ੀਆਂ ਦੀ ਤਾਕਤ ਵਾਪਸ ਆਉਣਾ, ਕਨੈਕਟਿਵ ਟਿਸ਼ੂਆਂ ਦੀ ਮੁਰੰਮਤ ਅਤੇ ਚਮੜੀ ਦਾ ਮੁੜ ਕੱਸਣਾ ਇੱਕ ਹੌਲੀ-ਹੌਲੀ ਹੋਣ ਵਾਲੀ ਪ੍ਰਕਿਰਿਆ ਹੈ।”
ਉਨ੍ਹਾਂ ਨੇ ਅੱਗੇ ਦੱਸਿਆ, “ਸਿਹਤਯਾਬੀ ਖੁਰਾਕ, ਸਰੀਰਕ ਗਤੀਵਿਧੀਆਂ, ਬੱਚੇ ਨੂੰ ਦੁੱਧ ਪਿਲਾਉਣਾ ਅਤੇ ਗਰਭ ਅਵਸਥਾਵਾਂ ਦੀ ਗਿਣਤੀ ਵਰਗੇ ਕਈ ਕਾਰਕਾਂ ‘ਤੇ ਨਿਰਭਰ ਕਰਦੀ ਹੈ। ਔਰਤਾਂ ਨੂੰ ਆਪਣੇ ਸਰੀਰ ਨੂੰ ਪੂਰਾ ਸਮਾਂ ਦੇਣਾ ਚਾਹੀਦਾ ਹੈ ਅਤੇ ਆਪਣੀ ਰਿਕਵਰੀ ਦੀ ਤੁਲਨਾ ਹੋਰਾਂ ਨਾਲ ਨਹੀਂ ਕਰਨੀ ਚਾਹੀਦੀ।”
ਤਸਵੀਰ ਸਰੋਤ, Getty Images
ਡਾਇਸਟੇਸਿਸ ਰੇਕਟੀ ਕੀ ਹੈ?
ਡਾਇਸਟੇਸਿਸ ਰੇਕਟੀ ਇੱਕ ਅਜਿਹੀ ਸਥਿਤੀ ਹੈ ਜਿਸ ਵਿੱਚ ਗਰਭ ਅਵਸਥਾ ਦੌਰਾਨ ਕਨੈਕਟਿਵ ਟਿਸ਼ੂਆਂ ਦੇ ਵੱਧ ਖਿੱਚ ਜਾਣ ਕਾਰਨ ਪੇਟ ਦੀਆਂ ਦੋਵੇਂ ਰੈਕਟਸ ਐਬਡੋਮਿਨਿਸ ਮਾਸਪੇਸ਼ੀਆਂ ਆਪਸ ਵਿੱਚੋਂ ਵੱਖ ਹੋ ਜਾਂਦੀਆਂ ਹਨ। ਇਹ ਜਨਮ ਤੋਂ ਬਾਅਦ ਇੱਕ ਆਮ ਸਮੱਸਿਆ ਹੈ ਅਤੇ ਇਹ ਨਾਰਮਲ ਡਿਲੀਵਰੀ ਅਤੇ ਸੀਜ਼ੇਰੀਅਨ ਸੈਕਸ਼ਨ ਦੋਹਾਂ ਤੋਂ ਬਾਅਦ ਹੋ ਸਕਦੀ ਹੈ। ਇਸ ਦਾ ਮੁੱਖ ਕਾਰਨ ਡਿਲੀਵਰੀ ਦਾ ਤਰੀਕਾ ਨਹੀਂ, ਸਗੋਂ ਗਰਭ ਅਵਸਥਾ ਹੈ।
ਡਾ. ਨੇਹਾ ਪਵਾਰ ਕਹਿੰਦੇ ਹਨ, “ਇਸ ਸਥਿਤੀ ਵਿੱਚ ਔਰਤਾਂ ਨੂੰ ਪੇਟ ਫੁੱਲਿਆ ਹੋਇਆ ਮਹਿਸੂਸ ਹੋਣਾ, ਕੋਰ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਪਿੱਠ ਦਰਦ ਵਰਗੇ ਲੱਛਣ ਨਜ਼ਰ ਆ ਸਕਦੇ ਹਨ। ਕਈ ਮਾਮਲਿਆਂ ਵਿੱਚ ਜਨਮ ਤੋਂ ਬਾਅਦ ਪਹਿਲੇ ਇੱਕ ਸਾਲ ਦੌਰਾਨ ਇਹ ਸਮੱਸਿਆ ਆਪਣੇ ਆਪ ਹੀ ਠੀਕ ਹੋ ਜਾਂਦੀ ਹੈ।”
ਉਹ ਅੱਗੇ ਕਹਿੰਦੇ ਹਨ, “ਹਾਲਾਂਕਿ ਜੇ ਮਾਸਪੇਸ਼ੀਆਂ ਵਿਚਕਾਰ ਪਿਆ ਫ਼ਾਸਲਾ ਲੰਬੇ ਸਮੇਂ ਤੱਕ ਬਣਿਆ ਰਹੇ, ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਫਿਜ਼ਿਓਥੈਰਪੀ ਅਤੇ ਕੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਖਾਸ ਕਸਰਤਾਂ ਕਾਫ਼ੀ ਲਾਭਦਾਇਕ ਸਾਬਤ ਹੋ ਸਕਦੀਆਂ ਹਨ।”
ਅਸੀਂ ਮਾਹਿਰਾਂ ਤੋਂ ਪੁੱਛਿਆ ਕਿ ਕੀ ਡਾਇਸਟੇਸਿਸ ਰੇਕਟੀ ਦੀ ਜਾਂਚ ਜਾਂ ਨਿਗਰਾਨੀ ਘਰ ਵਿੱਚ ਕੀਤੀ ਜਾ ਸਕਦੀ ਹੈ। ਇਸ ਬਾਰੇ ਮੁੰਬਈ ਸੈਂਟਰਲ ਸਥਿਤ ਵੋਕਹਾਰਟ ਹਸਪਤਾਲ ਦੀ ਪ੍ਰਸੂਤੀ ਅਤੇ ਗਾਇਨੀਕੋਲੋਜਿਸਟ ਡਾ. ਰਿਚਾ ਭਾਰਦਵਾਜ ਨੇ ਜਾਣਕਾਰੀ ਦਿੱਤੀ।
ਤਸਵੀਰ ਸਰੋਤ, Getty Images
ਡਾ. ਰਿਚਾ ਨੇ ਕਿਹਾ, “ਔਰਤਾਂ ਘਰ ਵਿੱਚ ਸਧਾਰਣ ਸਵੈ-ਜਾਂਚ ਕਰ ਸਕਦੀਆਂ ਹਨ, ਪਰ ਇਹ ਕਿਸੇ ਮਾਹਿਰ ਵੱਲੋਂ ਕੀਤੀ ਜਾਣ ਵਾਲੀ ਜਾਂਚ ਦਾ ਬਦਲ ਨਹੀਂ ਹੋ ਸਕਦਾ। ਗਾਇਨੀਕੋਲੋਜਿਸਟ ਜਾਂ ਮਹਿਲਾ ਸਿਹਤ ਨਾਲ ਸੰਬੰਧਤ ਫਿਜ਼ਿਓਥੈਰਾਪਿਸਟ ਮਾਸਪੇਸ਼ੀਆਂ ਦੇ ਵੱਖਰੇਪਣ ਦੀ ਹੱਦ, ਕੋਰ ਮਾਸਪੇਸ਼ੀਆਂ ਦੀ ਕਾਰਗੁਜ਼ਾਰੀ ਅਤੇ ਹੋਰ ਸੰਬੰਧਤ ਸਮੱਸਿਆਵਾਂ ਦਾ ਸਹੀ ਮੁਲਾਂਕਣ ਕਰ ਸਕਦੇ ਹਨ ਅਤੇ ਉਚਿਤ ਪੁਨਰਵਾਸ (ਰਿਹੈਬਿਲਿਟੇਸ਼ਨ) ਪ੍ਰੋਗਰਾਮ ਦੀ ਸਲਾਹ ਦੇ ਸਕਦੇ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਜੇ ਪੇਟ ਦੀ ਸੋਜ ਜਾਂ ਉਭਾਰ ਲੰਬੇ ਸਮੇਂ ਤੱਕ ਬਣਿਆ ਰਹੇ, ਦਰਦ ਦਾ ਕਾਰਨ ਬਣੇ ਜਾਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਨ ਲੱਗੇ, ਤਾਂ ਮਾਹਿਰ ਨਾਲ ਸਲਾਹ ਕਰਨਾ ਖਾਸ ਤੌਰ ‘ਤੇ ਜ਼ਰੂਰੀ ਹੈ।”
ਸੀ-ਸੈਕਸ਼ਨ ਤੋਂ ਬਾਅਦ ਕਦੋਂ ਤੋਂ ਕਸਰਤ ਸ਼ੁਰੂ ਕੀਤੀ ਜਾ ਸਕਦੀ ਹੈ?
ਇਹ ਇੱਕ ਅਜਿਹਾ ਸਵਾਲ ਹੈ ਜੋ ਅਕਸਰ ਪੁੱਛਿਆ ਜਾਂਦਾ ਹੈ ਕਿ ਸੀ-ਸੈਕਸ਼ਨ ਤੋਂ ਬਾਅਦ ਸਿਹਤਯਾਬੀ ਲਈ ਕਿਹੜੀਆਂ ਕਸਰਤਾਂ ਸਭ ਤੋਂ ਵੱਧ ਫ਼ਾਇਦੇਮੰਦ ਹੁੰਦੀਆਂ ਹਨ ਅਤੇ ਸ਼ੁਰੂਆਤੀ ਦੌਰ ਵਿੱਚ ਕਿਹੜੀਆਂ ਕਸਰਤਾਂ ਤੋਂ ਬਚਣਾ ਚਾਹੀਦਾ ਹੈ।
ਡਾ. ਰਿਚਾ ਭਾਰਦਵਾਜ ਕਹਿੰਦੇ ਹਨ, “ਸ਼ੁਰੂਆਤ ਵਿੱਚ ਹਲਕੀਆਂ ਸਾਹ ਲੈਣ ਦੀਆਂ ਕਸਰਤਾਂ, ਪੇਲਵਿਕ ਫਲੋਰ ਐਕਸਰਸਾਈਜ਼, ਡੂੰਘੀਆਂ ਕੋਰ ਮਾਸਪੇਸ਼ੀਆਂ ਨੂੰ ਸਰਗਰਮ ਕਰਨ ਵਾਲੀਆਂ ਕਸਰਤਾਂ ਅਤੇ ਹੌਲੀ-ਹੌਲੀ ਟਹਿਲਣਾ ਸਭ ਤੋਂ ਵੱਧ ਲਾਭਦਾਇਕ ਹੁੰਦਾ ਹੈ। ਇਹ ਕਸਰਤਾਂ ਸਰੀਰ ਦੇ ਠੀਕ ਹੋ ਰਹੇ ਟਿਸ਼ੂਆਂ ‘ਤੇ ਵਾਧੂ ਦਬਾਅ ਪਾਏ ਬਿਨਾਂ ਮਾਸਪੇਸ਼ੀਆਂ ਦੀ ਕਾਰਗੁਜ਼ਾਰੀ ਨੂੰ ਮੁੜ ਬਹਾਲ ਕਰਨ ਵਿੱਚ ਮਦਦ ਕਰਦੀਆਂ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਸ਼ੁਰੂਆਤੀ ਪੜਾਅ ਵਿੱਚ ਤੇਜ਼ ਦੌੜਨਾ, ਭਾਰੀ ਵਜ਼ਨ ਚੁੱਕਣਾ, ਪੇਟ ਦੀਆਂ ਸਖ਼ਤ ਕਸਰਤਾਂ, ਸਿਟ-ਅੱਪਸ, ਕਰੰਚੇਜ਼ ਅਤੇ ਪਲੈਂਕਸ ਵਰਗੀਆਂ ਕਸਰਤਾਂ ਤੋਂ ਬਚਣਾ ਚਾਹੀਦਾ ਹੈ। ਇਹ ਕਸਰਤਾਂ ਪੇਟ ਦੀਆਂ ਮਾਸਪੇਸ਼ੀਆਂ ‘ਤੇ ਦਬਾਅ ਵਧਾ ਸਕਦੀਆਂ ਹਨ, ਜਿਸ ਨਾਲ ਸਿਹਤਯਾਬੀ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ, ਖ਼ਾਸ ਕਰਕੇ ਜੇ ਤੁਹਾਨੂੰ ਡਾਇਸਟੇਸਿਸ ਰੇਕਟੀ ਦੀ ਸਮੱਸਿਆ ਹੋਵੇ।”
ਤਸਵੀਰ ਸਰੋਤ, Getty Images
ਕਿਹੜੀ ਕਸਰਤ ਸਭ ਤੋਂ ਵੱਧ ਫ਼ਾਇਦੇਮੰਦ ਹੈ, ਇਸ ਬਾਰੇ ਪਨਵੇਲ ਸਥਿਤ ਬਾਲੇਂਸੀਆ ਫਿਜ਼ਿਓਥੈਰੇਪੀ ਸੈਂਟਰ ਦੀ ਡਾ. ਪ੍ਰਿਯੰਕਾ ਧਾਰਗਲਕਰ ਕਹਿੰਦੇ ਹਨ, “ਰਿਕਵਰੀ ਦੇ ਸ਼ੁਰੂਆਤੀ ਦੌਰਾਨ ਡਾਇਫ੍ਰੈਮੈਟਿਕ ਬ੍ਰੀਦਿੰਗ (ਪੇਟ ਰਾਹੀਂ ਸਾਹ ਲੈਣ ਦੀਆਂ ਕਸਰਤਾਂ), ਪੇਲਵਿਕ ਫਲੋਰ ਮਾਸਪੇਸ਼ੀਆਂ ਨੂੰ ਸਰਗਰਮ ਕਰਨ ਵਾਲੀਆਂ ਕਸਰਤਾਂ, ਹਲਕੀਆਂ ਕੋਰ ਮਜ਼ਬੂਤੀ ਵਾਲੀਆਂ ਕਸਰਤਾਂ ਅਤੇ ਟਹਿਲਣ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਹੌਲੀ-ਹੌਲੀ ਰੋਜ਼ਾਨਾ ਦੇ ਕੰਮਾਂ ਵਿੱਚ ਮਦਦਗਾਰ ਤਾਕਤ ਵਧਾਉਣ ਵਾਲੀਆਂ ਕਸਰਤਾਂ ਅਤੇ ਪਿਲਾਟੇਜ਼ ਵੱਲ ਵਧਿਆ ਜਾ ਸਕਦਾ ਹੈ।”
ਉਹ ਅੱਗੇ ਕਹਿੰਦੇ ਹਨ, “ਹਾਲਾਂਕਿ ਸ਼ੁਰੂਆਤੀ ਪੜਾਅ ਵਿੱਚ ਪੇਟ ਦੀਆਂ ਮਾਸਪੇਸ਼ੀਆਂ ‘ਤੇ ਬਹੁਤ ਜ਼ਿਆਦਾ ਦਬਾਅ ਪਾਉਣ ਵਾਲੀਆਂ ਕਸਰਤਾਂ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਵਿੱਚ ਪਰੰਪਰਾਗਤ ਸਿਟ-ਅੱਪਸ, ਕਰੰਚੇਜ਼, ਉੱਚ ਤੀਬਰਤਾ ਵਾਲੇ ਪਲੈਂਕਸ, ਭਾਰੀ ਵਜ਼ਨ ਚੁੱਕਣਾ ਅਤੇ ਹੋਰ ਉੱਚ ਪ੍ਰਭਾਵ ਵਾਲੀਆਂ ਕਸਰਤਾਂ ਸ਼ਾਮਲ ਹਨ। ਜਦੋਂ ਤੱਕ ਜ਼ਖ਼ਮ ਪੂਰੀ ਤਰ੍ਹਾਂ ਠੀਕ ਨਾ ਹੋ ਜਾਵੇ ਅਤੇ ਕੋਰ ਮਾਸਪੇਸ਼ੀਆਂ ‘ਤੇ ਵਧੀਆ ਕੰਟਰੋਲ ਨਾ ਆ ਜਾਵੇ, ਉਦੋਂ ਤੱਕ ਅਜਿਹੀਆਂ ਕਸਰਤਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।”
ਕੀ ਇਸ ਦੌਰਾਨ ਪੇਲਵਿਕ ਫਲੋਰ ਐਕਸਰਸਾਈਜ਼ ਕਰਨੀ ਚਾਹੀਦੀ ਹੈ?
ਪੇਲਵਿਕ ਫਲੋਰ ਕਸਰਤਾਂ ਬਾਰੇ ਡਾ. ਪ੍ਰਿਯੰਕਾ ਧਾਰਗਲਕਰ ਨੇ ਕਿਹਾ, “ਪੇਲਵਿਕ ਫਲੋਰ ਦੀਆਂ ਮਾਸਪੇਸ਼ੀਆਂ, ਪੇਟ ਦੀਆਂ ਡੂੰਘੀਆਂ ਮਾਸਪੇਸ਼ੀਆਂ, ਡਾਇਆਫ੍ਰੈਮ ਅਤੇ ਪਿੱਠ ਦੀਆਂ ਮਾਸਪੇਸ਼ੀਆਂ ਇੱਕ ਕਾਰਜਸ਼ੀਲ ਇਕਾਈ ਵਜੋਂ ਮਿਲ ਕੇ ਕੰਮ ਕਰਦੀਆਂ ਹਨ। ਪੇਲਵਿਕ ਫਲੋਰ ਮਾਸਪੇਸ਼ੀਆਂ ਦੀ ਤਾਕਤ ਅਤੇ ਤਾਲਮੇਲ ਵਿੱਚ ਸੁਧਾਰ ਕਰਨ ਨਾਲ ਕੋਰ ਮਾਸਪੇਸ਼ੀਆਂ ਨੂੰ ਆਪਣੀ ਪਹਿਲਾਂ ਵਾਲੀ ਸਥਿਰਤਾ ਮੁੜ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੈ। ਇਸ ਨਾਲ ਪੇਟ ਦੀ ਕਾਰਗੁਜ਼ਾਰੀ ਬਿਹਤਰ ਹੁੰਦੀ ਹੈ, ਸਹੀ ਮੁਦਰਾ (ਪੋਸਚਰ) ਬਣੀ ਰਹਿੰਦੀ ਹੈ ਅਤੇ ਜਨਮ ਤੋਂ ਬਾਅਦ ਸਰੀਰ ਦੀ ਰਿਕਵਰੀ ਵਿੱਚ ਵੀ ਮਦਦ ਮਿਲਦੀ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਹਾਲਾਂਕਿ, ਰਿਹੈਬਿਲੀਟੇਸ਼ਨ ਜਾਂ ਮੁੜ ਸਿਹਤਯਾਬੀ ਦਾ ਮਕਸਦ ਸਿਰਫ਼ ਪੇਟ ਦੇ ਆਕਾਰ ਜਾਂ ਦਿੱਖ ਨੂੰ ਸੁਧਾਰਨਾ ਨਹੀਂ ਹੋਣਾ ਚਾਹੀਦਾ, ਸਗੋਂ ਸਰੀਰ ਦੀ ਸਮੁੱਚੀ ਕਾਰਗੁਜ਼ਾਰੀ ਅਤੇ ਤਾਕਤ ਨੂੰ ਬਿਹਤਰ ਬਣਾਉਣਾ ਵੀ ਉਨਾ ਹੀ ਮਹੱਤਵਪੂਰਨ ਹੈ।”
ਤਸਵੀਰ ਸਰੋਤ, Getty Images
ਕੀ ਸੀ-ਸੈਕਸ਼ਨ ਦਾ ਦਾਗ ਜਾਂ ਸਟ੍ਰੈਚ ਮਾਰਕ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਵਿਘਨ ਪਾਉਂਦਾ ਹੈ? ਕੀ ਬੈਲੀ ਬੈਲਟ ਲਾਭਦਾਇਕ ਹੈ?
ਸੀਜ਼ੇਰੀਅਨ ਸੈਕਸ਼ਨ ਤੋਂ ਬਾਅਦ ਜ਼ਿਆਦਾਤਰ ਔਰਤਾਂ ਤੁਰੰਤ ਪਹਿਲਾਂ ਵਾਂਗ ਦਿਖਣਾ ਚਾਹੁੰਦੀਆਂ ਹਨ। ਉਹ ਜਲਦ ਤੋਂ ਜਲਦ ਆਪਣੀ ਪੁਰਾਣੀ ਸਰੀਰਕ ਹਾਲਤ ਵਿੱਚ ਵਾਪਸ ਆਉਣਾ ਚਾਹੁੰਦੀਆਂ ਹਨ। ਪਰ ਸਰੀਰ ਨੂੰ ਪੂਰੀ ਤਰ੍ਹਾਂ ਠੀਕ ਹੋਣ ਲਈ ਸਮਾਂ ਚਾਹੀਦਾ ਹੈ।
ਕਈ ਔਰਤਾਂ ਬਹੁਤ ਜਲਦੀ ਤੀਬਰ ਕਸਰਤਾਂ ਸ਼ੁਰੂ ਕਰ ਦਿੰਦੀਆਂ ਹਨ, ਪੇਟ ਦੀਆਂ ਕਸਰਤਾਂ ਗਲਤ ਢੰਗ ਨਾਲ ਕਰਦੀਆਂ ਹਨ, ਬੱਚੇ ਨੂੰ ਦੁੱਧ ਪਿਲਾਉਣ ਦੌਰਾਨ ਬਹੁਤ ਸਖ਼ਤ ਡਾਇਟ ਅਪਣਾਉਂਦੀਆਂ ਹਨ ਜਾਂ ਸੋਸ਼ਲ ਮੀਡੀਆ ‘ਤੇ ਹੋਰ ਔਰਤਾਂ ਨਾਲ ਆਪਣੀ ਤੁਲਨਾ ਕਰਨ ਲੱਗਦੀਆਂ ਹਨ।
ਕੁਝ ਲੋਕ ਸਿਰਫ਼ ਬੈਲੀ ਬੈਲਟ ਦੀ ਵਰਤੋਂ ‘ਤੇ ਹੀ ਧਿਆਨ ਦਿੰਦੇ ਹਨ ਪਰ ਕੋਰ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਵੱਲ ਘੱਟ ਧਿਆਨ ਦਿੰਦੇ ਹਨ। ਗਰਭ ਅਵਸਥਾ ਅਤੇ ਸਰਜਰੀ ਤੋਂ ਬਾਅਦ ਸਹੀ ਰਿਕਵਰੀ ਲਈ ਧੀਰਜ, ਸੰਤੁਲਿਤ ਖੁਰਾਕ, ਹੌਲੀ-ਹੌਲੀ ਸਰੀਰਕ ਗਤੀਵਿਧੀਆਂ ਵਿੱਚ ਵਾਧਾ ਅਤੇ ਪੂਰਾ ਆਰਾਮ ਬਹੁਤ ਜ਼ਰੂਰੀ ਹੁੰਦਾ ਹੈ।
ਤਸਵੀਰ ਸਰੋਤ, Getty Images
ਸੀਜ਼ੇਰੀਅਨ ਸੈਕਸ਼ਨ ਦੌਰਾਨ ਜਿੱਥੇ ਚੀਰਾ ਲਗਾਇਆ ਜਾਂਦਾ ਹੈ, ਉਸ ਥਾਂ ਨੂੰ ਪੂਰੀ ਤਰ੍ਹਾਂ ਭਰਨਾ ਜ਼ਰੂਰੀ ਹੁੰਦਾ ਹੈ।
ਡਾ. ਰਿਚਾ ਭਾਰਦਵਾਜ ਕਹਿੰਦੇ ਹਨ, “ਸੀ-ਸੈਕਸ਼ਨ ਤੋਂ ਬਾਅਦ ਜ਼ਖ਼ਮ ਭਰਨ ਦੀ ਪ੍ਰਕਿਰਿਆ ਵਿੱਚ ਨਿਸ਼ਾਨ ਬਣਨਾ ਸੁਭਾਵਿਕ ਹੈ। ਕੁਝ ਔਰਤਾਂ ਵਿੱਚ ਇਹ ਨਿਸ਼ਾਨ ਸਖ਼ਤ ਹੋ ਸਕਦੇ ਹਨ, ਜਿਸ ਕਾਰਨ ਚੱਲਣ-ਫਿਰਣ ਵਿੱਚ ਰੁਕਾਵਟ ਆ ਸਕਦੀ ਹੈ ਜਾਂ ਕੁਝ ਖਾਸ ਹਰਕਤਾਂ ਦੌਰਾਨ ਖਿੱਚ ਅਤੇ ਅਸਹਿਜਤਾ ਮਹਿਸੂਸ ਹੋ ਸਕਦੀ ਹੈ। ਜਦੋਂ ਜ਼ਖ਼ਮ ਪੂਰੀ ਤਰ੍ਹਾਂ ਠੀਕ ਹੋ ਜਾਵੇ ਅਤੇ ਡਾਕਟਰ ਇਜਾਜ਼ਤ ਦੇਣ, ਤਾਂ ਇੱਕ ਸਿਖਲਾਈ ਪ੍ਰਾਪਤ ਫਿਜ਼ਿਓਥੈਰਾਪਿਸਟ ਵੱਲੋਂ ਕੀਤੀ ਜਾਣ ਵਾਲੀ ਸਕਾਰ ਮੋਬਿਲਾਈਜ਼ੇਸ਼ਨ (ਨਿਸ਼ਾਨ ਨੂੰ ਲਚਕੀਲਾ ਬਣਾਉਣ ਦੀ ਤਕਨੀਕ) ਟਿਸ਼ੂਆਂ ਦੀ ਲਚਕ ਵਿੱਚ ਸੁਧਾਰ ਕਰ ਸਕਦੀ ਹੈ, ਅਸਹਿਜਤਾ ਘਟਾ ਸਕਦੀ ਹੈ ਅਤੇ ਸਰੀਰ ਦੀ ਹਿਲਜੁਲ ਨੂੰ ਆਸਾਨ ਬਣਾ ਸਕਦੀ ਹੈ। ਹਾਲਾਂਕਿ, ਜ਼ਖ਼ਮ ਦੇ ਪੂਰੀ ਤਰ੍ਹਾਂ ਭਰਨ ਤੋਂ ਪਹਿਲਾਂ ਉਸ ਦੀ ਮਾਲਿਸ਼ ਕਰਨੀ ਜਾਂ ਉਸ ਨੂੰ ਵਾਰ-ਵਾਰ ਛੂਹਣਾ ਨਹੀਂ ਚਾਹੀਦਾ।”
ਕਈ ਔਰਤਾਂ ਇਸ ਸਰਜਰੀ ਤੋਂ ਬਾਅਦ ਪੇਟ ਦੀ ਬੈਲਟ (ਬੈਲੀ ਬੈਲਟ) ਪਹਿਨਦੀਆਂ ਹਨ, ਪਰ ਉਨ੍ਹਾਂ ਨੂੰ ਅਕਸਰ ਇਹ ਨਹੀਂ ਪਤਾ ਹੁੰਦਾ ਕਿ ਕੀ ਇਸ ਨਾਲ ਸੱਚਮੁੱਚ ਪੇਟ ਦੀ ਚਰਬੀ ਘੱਟ ਹੁੰਦੀ ਹੈ ਜਾਂ ਇਹ ਕਿੰਨੀ ਹੱਦ ਤੱਕ ਮਦਦਗਾਰ ਸਾਬਤ ਹੁੰਦੀ ਹੈ।
ਤਸਵੀਰ ਸਰੋਤ, Getty Images
ਡਾ. ਭਾਰਦਵਾਜ ਕਹਿੰਦੇ ਹਨ, “ਜਨਮ ਤੋਂ ਬਾਅਦ ਵਰਤੀਆਂ ਜਾਣ ਵਾਲੀਆਂ ਪੇਟ ਦੀਆਂ ਪੱਟੀਆਂ ਜਾਂ ਬੈਲੀ ਬੈਲਟਾਂ ਤੋਂ ਅਸਥਾਈ ਸਹਾਰਾ ਅਤੇ ਆਰਾਮ ਮਿਲ ਸਕਦਾ ਹੈ, ਖ਼ਾਸ ਕਰਕੇ ਸੀ-ਸੈਕਸ਼ਨ ਤੋਂ ਬਾਅਦ ਦੇ ਸ਼ੁਰੂਆਤੀ ਕੁਝ ਹਫ਼ਤਿਆਂ ਦੌਰਾਨ। ਇਨ੍ਹਾਂ ਦੀ ਮਦਦ ਨਾਲ ਔਰਤਾਂ ਨੂੰ ਚੱਲਣ-ਫਿਰਨ, ਖੰਘਣ ਜਾਂ ਰੋਜ਼ਾਨਾ ਦੇ ਕੰਮ ਕਰਨ ਵੇਲੇ ਵਧੇਰੇ ਸਹਾਰਾ ਮਹਿਸੂਸ ਹੋ ਸਕਦਾ ਹੈ।”
ਉਹ ਅੱਗੇ ਕਹਿੰਦੇ ਹਨ, “ਹਾਲਾਂਕਿ, ਇਹ ਬੈਲਟਾਂ ਪੇਟ ਦੀਆਂ ਵੱਖ ਹੋਈਆਂ ਮਾਸਪੇਸ਼ੀਆਂ ਨੂੰ ਦੁਬਾਰਾ ਨਹੀਂ ਜੋੜਦੀਆਂ ਅਤੇ ਨਾ ਹੀ ਪੇਟ ਦੀ ਚਰਬੀ ਨੂੰ ਸਥਾਈ ਤੌਰ ‘ਤੇ ਘਟਾਉਂਦੀਆਂ ਹਨ। ਇਨ੍ਹਾਂ ਦੀ ਵਰਤੋਂ ਸਿਰਫ਼ ਡਾਕਟਰ ਦੀ ਸਲਾਹ ਅਨੁਸਾਰ, ਸਹੀ ਢੰਗ ਨਾਲ ਅਤੇ ਨਿਯਮਿਤ ਕਸਰਤਾਂ ਤੇ ਰਿਹੈਬਿਲੀਟੇਸ਼ਨ ਪ੍ਰੋਗਰਾਮ ਦੇ ਨਾਲ ਹੀ ਕਰਨੀ ਚਾਹੀਦੀ ਹੈ। ਬੈਲੀ ਬੈਲਟਾਂ ਨੂੰ ਲੰਬੇ ਸਮੇਂ ਦੇ ਹੱਲ ਵਜੋਂ ਨਹੀਂ ਦੇਖਣਾ ਚਾਹੀਦਾ।”
ਸੀ-ਸੈਕਸ਼ਨ ਬਾਰੇ ਆਮ ਗਲਤ ਧਾਰਨਾਵਾਂ ਅਤੇ ਉਨ੍ਹਾਂ ਦੇ ਜਵਾਬ
ਪ੍ਰਸ਼ਨ- ਸੀ-ਸੈਕਸ਼ਨ ਤੋਂ ਬਾਅਦ ਪੇਟ ਬਾਰੇ ਕਿਹੜੀਆਂ ਆਮ ਗਲਤ ਧਾਰਨਾਵਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ?
ਡਾ. ਨੇਹਾ ਪਵਾਰ- ਇੱਕ ਆਮ ਗਲਤ ਧਾਰਨਾ ਇਹ ਹੈ ਕਿ ਸੀ-ਸੈਕਸ਼ਨ ਨਾਲ ਪੇਟ ਸਥਾਈ ਰੂਪ ਨਾਲ ਵੱਡਾ ਹੋ ਜਾਂਦਾ ਹੈ। ਅਸਲ ਵਿੱਚ ਗਰਭ ਅਵਸਥਾ ਦੌਰਾਨ ਸਰੀਰ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੀ ਇਸ ਵਿੱਚ ਕਿਤੇ ਜ਼ਿਆਦਾ ਭੂਮਿਕਾ ਹੁੰਦੀ ਹੈ।
ਕੁਝ ਲੋਕਾਂ ਦਾ ਮੰਨਣਾ ਹੈ ਕਿ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਸਖ਼ਤ ਕਸਰਤਾਂ ਸ਼ੁਰੂ ਕਰਨ ਨਾਲ ਸਿਹਤਯਾਬੀ ਤੇਜ਼ ਹੋ ਜਾਂਦੀ ਹੈ। ਪਰ ਅਸਲ ਵਿੱਚ ਬਹੁਤ ਜਲਦੀ ਕਸਰਤ ਸ਼ੁਰੂ ਕਰਨ ਨਾਲ ਰਿਕਵਰੀ ਦੀ ਪ੍ਰਕਿਰਿਆ ਹੌਲੀ ਹੋ ਸਕਦੀ ਹੈ। ਇਸ ਲਈ ਸੁਰੱਖਿਅਤ ਅਤੇ ਹੌਲੀ-ਹੌਲੀ ਰਿਹੈਬਿਲੀਟੇਸ਼ਨ (ਪੁਨਰਵਾਸ) ਅਪਣਾਉਣਾ ਬਿਹਤਰ ਵਿਕਲਪ ਹੈ।
ਸਵਾਲ: ਕਿਹੜੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਜਿਵੇਂ ਕਿ ਹਰਨੀਆ, ਗੰਭੀਰ ਦਰਦ ਜਾਂ ਅਸਧਾਰਨ ਸੋਜ?
ਡਾ. ਨੇਹਾ ਪਵਾਰ: ਜੇ ਤੁਹਾਨੂੰ ਲਗਾਤਾਰ ਜਾਂ ਵੱਧਦਾ ਹੋਇਆ ਦਰਦ, ਜ਼ਖ਼ਮ ਦੇ ਆਲੇ-ਦੁਆਲੇ ਵਧਦੀ ਲਾਲੀ, ਬੁਖਾਰ, ਬਦਬੂਦਾਰ ਰਸਾਅ, ਬਹੁਤ ਜ਼ਿਆਦਾ ਸੋਜ ਜਾਂ ਜ਼ਖ਼ਮ ਵਿੱਚੋਂ ਖੂਨ ਆਉਣ ਵਰਗੀਆਂ ਸਮੱਸਿਆਵਾਂ ਹੋਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਖੰਘਣ ਜਾਂ ਜ਼ੋਰ ਲਗਾਉਣ ਸਮੇਂ ਉਭਾਰ ਦਾ ਹੋਰ ਸਪੱਸ਼ਟ ਹੋ ਜਾਣਾ ਹਰਨੀਆ ਦਾ ਸੰਕੇਤ ਹੋ ਸਕਦਾ ਹੈ।”
ਉਨ੍ਹਾਂ ਨੇ ਇਹ ਵੀ ਕਿਹਾ ਕਿ ਔਰਤਾਂ ਨੂੰ ਪੇਟ ਵਿੱਚ ਤੇਜ਼ ਦਰਦ, ਲਗਾਤਾਰ ਸੁੰਨਪਣ ਜਾਂ ਦਰਦ ਦੇ ਨਾਲ ਹੋਣ ਵਾਲੀ ਸੋਜ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸ਼ੁਰੂਆਤੀ ਜਾਂਚ ਨਾਲ ਜਟਿਲਤਾਵਾਂ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕਦਾ ਹੈ, ਉਚਿਤ ਇਲਾਜ ਕੀਤਾ ਜਾ ਸਕਦਾ ਹੈ ਅਤੇ ਗੰਭੀਰ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਤਸਵੀਰ ਸਰੋਤ, Getty Images
ਸਵਾਲ: ਪੇਟ ਦੀ ਰਿਕਵਰੀ ਵਿੱਚ ਵਜ਼ਨ, ਹਾਰਮੋਨ, ਬੱਚੇ ਨੂੰ ਦੁੱਧ ਪਿਲਾਉਣਾ ਅਤੇ ਉਮਰ ਦੀ ਕੀ ਭੂਮਿਕਾ ਹੁੰਦੀ ਹੈ?
ਡਾ. ਨੇਹਾ ਪਵਾਰ: ਡਿਲਵਰੀ ਤੋਂ ਬਾਅਦ ਦੀ ਸਿਹਤਯਾਬੀ ਕਈ ਕਾਰਕਾਂ ਤੋਂ ਪ੍ਰਭਾਵਿਤ ਹੁੰਦੀ ਹੈ। ਵੱਧ ਵਜ਼ਨ ਹੋਣ ਦੀ ਸਥਿਤੀ ਵਿੱਚ ਜ਼ਖ਼ਮਾਂ ਨੂੰ ਭਰਨ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ, ਜਦਕਿ ਹਾਰਮੋਨਲ ਤਬਦੀਲੀਆਂ ਕਨੈਕਟਿਵ ਟਿਸ਼ੂਆਂ ਦੀ ਮੁਰੰਮਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਬੱਚੇ ਨੂੰ ਦੁੱਧ ਪਿਲਾਉਣਾ ਕੁਝ ਔਰਤਾਂ ਨੂੰ ਹੌਲੀ-ਹੌਲੀ ਵਜ਼ਨ ਘਟਾਉਣ ਵਿੱਚ ਮਦਦ ਕਰ ਸਕਦਾ ਹੈ, ਪਰ ਨਤੀਜੇ ਹਰ ਵਿਅਕਤੀ ਵਿੱਚ ਵੱਖਰੇ ਹੋ ਸਕਦੇ ਹਨ।”
ਉਨ੍ਹਾਂ ਨੇ ਅੱਗੇ ਕਿਹਾ, “ਉਮਰ ਵੱਧਣ ਨਾਲ ਚਮੜੀ ਦੀ ਲਚਕ ਘੱਟ ਹੋ ਸਕਦੀ ਹੈ ਅਤੇ ਮਾਸਪੇਸ਼ੀਆਂ ਦੇ ਠੀਕ ਹੋਣ ਦੀ ਗਤੀ ਵੀ ਹੌਲੀ ਹੋ ਸਕਦੀ ਹੈ, ਜਿਸ ਕਾਰਨ ਪੇਟ ਦਾ ਉਭਾਰ ਹੋਰ ਸਪੱਸ਼ਟ ਦਿਖਾਈ ਦੇ ਸਕਦਾ ਹੈ। ਇਸ ਤੋਂ ਇਲਾਵਾ, ਜੈਨੇਟਿਕਸ (ਵੰਸ਼ਾਣੁਗਤ ਗੁਣ), ਖੁਰਾਕ, ਨੀਂਦ, ਕਸਰਤ ਅਤੇ ਪਹਿਲਾਂ ਹੋਈਆਂ ਗਰਭ ਅਵਸਥਾਵਾਂ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਹਰ ਔਰਤ ਦੀ ਰਿਕਵਰੀ ਵੱਖਰੀ ਹੁੰਦੀ ਹੈ ਅਤੇ ਕਿਸੇ ਇੱਕ ਆਦਰਸ਼ ਨਤੀਜੇ ਦੀ ਉਮੀਦ ਕਰਨਾ ਨਾ ਤਾਂ ਵਿਹਾਰਕ ਹੈ ਅਤੇ ਨਾ ਹੀ ਡਾਕਟਰੀ ਤੌਰ ‘ਤੇ ਉਚਿਤ।”
ਜੇ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਕਈ ਮਹੱਤਵਪੂਰਨ ਬਦਲਾਅ ਕਰਨਾ ਚਾਹੁੰਦੇ ਹੋ, ਆਪਣੀ ਖੁਰਾਕ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹੋ, ਕੋਈ ਦਵਾਈ ਲੈਣਾ ਚਾਹੁੰਦੇ ਹੋ ਜਾਂ ਸਰੀਰਕ ਕਸਰਤ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ ਡਾਕਟਰ ਅਤੇ ਕਿਸੇ ਯੋਗ ਸਿਖਲਾਈ ਮਾਹਿਰ ਦੀ ਸਲਾਹ ਲੈਣਾ ਬਹੁਤ ਜ਼ਰੂਰੀ ਹੈ।
ਸਭ ਤੋਂ ਵਧੀਆ ਇਹੀ ਹੈ ਕਿ ਤੁਸੀਂ ਆਪਣੇ ਸਰੀਰ ਅਤੇ ਲੱਛਣਾਂ ਦੀ ਡਾਕਟਰ ਤੋਂ ਪੂਰੀ ਤਰ੍ਹਾਂ ਜਾਂਚ ਕਰਵਾਓ ਅਤੇ ਉਨ੍ਹਾਂ ਦੀ ਸਲਾਹ ਅਨੁਸਾਰ ਹੀ ਆਪਣੀ ਜੀਵਨਸ਼ੈਲੀ ਵਿੱਚ ਬਦਲਾਅ ਕਰੋ। ਡਾਕਟਰ ਨਾਲ ਸਲਾਹ ਕੀਤੇ ਬਿਨਾਂ ਖ਼ੁਦ ਇਲਾਜ ਕਰਨ ਦੀ ਕੋਸ਼ਿਸ਼ ਕਰਨਾ ਖ਼ਤਰਨਾਕ ਹੋ ਸਕਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


