Home ਰਾਸ਼ਟਰੀ ਖ਼ਬਰਾਂ ‘ਲੋਕ ਕਹਿੰਦੇ ਮੈਂ ਆਪਣਾ ਸਭਿਆਚਾਰ ਭੁੱਲ ਰਿਹਾਂ’ ‘ਪੰਜਾਬੀ ਬੀਟੀਐੱਸ ਆਰਮੀ’ ਅਖ਼ਵਾਉਣ...

‘ਲੋਕ ਕਹਿੰਦੇ ਮੈਂ ਆਪਣਾ ਸਭਿਆਚਾਰ ਭੁੱਲ ਰਿਹਾਂ’ ‘ਪੰਜਾਬੀ ਬੀਟੀਐੱਸ ਆਰਮੀ’ ਅਖ਼ਵਾਉਣ ਵਾਲੇ ਇਹ ਪੰਜਾਬੀ ਨੌਜਵਾਨ ਇੱਕ ਕੋਰੀਅਨ ਬੈਂਡ ਦੇ ਕਿਉਂ ਹਨ ਦੀਵਾਨੇ?

5
0

Source :- BBC PUNJABI

ਹਰਮਨਜੀਤ ਸਿੰਘ

“ਮੈਨੂੰ ਇਹ ਲੱਗਣ ਲੱਗ ਗਿਆ ਸੀ ਕਿ ਮੇਰੇ ਕਦੇ ਦੋਸਤ ਨਹੀਂ ਬਣਨਗੇ ਅਤੇ ਮੈਂ ਹਮੇਸ਼ਾ ਇਕੱਲਾ ਹੀ ਰਹਾਂਗਾ, ਪਰ ਇੱਕ ਦਿਨ ਮੈਂ ਬੀਟੀਐੱਸ ਦਾ ਇੱਕ ਗੀਤ ਸੁਣਿਆ ਜਿਸ ਨੇ ਮੈਨੂੰ ਪ੍ਰੇਰਿਤ ਕੀਤਾ।”

“ਜਦੋਂ ਮੈਨੂੰ ਬੀਟੀਐੱਸ ਬਾਰੇ ਪਤਾ ਲੱਗਾ, ਮੈਂ ਸ਼ੁਰੂਆਤ ਵਿੱਚ ਆਪਣੇ ਜਮਾਤੀਆਂ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੂੰ ਚੀਨੀ ਲੋਕਾਂ ਦੇ ਗਾਣੇ ਸੁਣ ਰਿਹਾਂ, ਫਿਰ ਮੈਂ ਉਨ੍ਹਾਂ ਨੂੰ ਫ਼ਰਕ ਸਮਝਾਇਆ।”

ਇਹ ਗੱਲਾਂ ਕਹਿਣ ਵਾਲੇ ਨਾਭੇ ਦੇ ਇੱਕ ਪਿੰਡ ਦੇ ਰਹਿਣ ਵਾਲੇ 21 ਸਾਲਾਂ ਦੇ ਹਰਮਨਜੀਤ ਸਿੰਘ ਸਾਲ 2019 ਤੋਂ ਕੋਰੀਅਨ ਬੈਂਡ – ਬੀਟੀਐੱਸ (ਬੈਂਗਟਨ ਬੋਇਜ਼) ਦੇ ਫੈਨ ਹਨ।

ਬੀਟੀਐੱਸ ਸੰਸਾਰ ਪੱਧਰ ਉੱਤੇ ਮਸ਼ਹੂਰ ਕੋਰੀਅਨ ਬੈਂਡ ਹੈ।

ਬੀਟੀਐੱਸ ਦੇ ਗੀਤਾਂ ਵਿੱਚ ਅਕਸਰ ਨੌਜਵਾਨਾਂ ਦੀਆਂ ਦਿੱਕਤਾ, ਮਾਨਸਿਕ ਸਿਹਤ ਅਤੇ ਸੁਪਨਿਆਂ ਦਾ ਜ਼ਿਕਰ ਹੁੰਦਾ ਹੈ।

ਸਾਊਥ ਕੋਰੀਆਂ ਵਿੱਚ ਸਾਰਿਆਂ ਲਈ ਲਾਜ਼ਮੀ ਮਿਲਿਟਰੀ ਸਰਵਿਸ ਕਰਨ ਤੋਂ ਬਾਅਦ ਇਸ ਬੈਂਡ ਦੇ ਸੱਤੇ ਮੈਂਬਰ ਕਰੀਬ 4 ਸਾਲਾਂ ਬਾਅਦ ਇਸੇ ਸਾਲ ਮਾਰਚ ਵਿੱਚ ਮੁੜ ਇਕੱਠੇ ਹੋਏ ਹਨ, ਇਨ੍ਹਾਂ ਦੀ ਵਾਪਸੀ ਬਾਰੇ ਦੁਨੀਆਂ ਭਰ ਦੇ ਫੈਨਜ਼ ਵਿੱਚ ਉਤਸ਼ਾਹ ਹੈ।

ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਬੀਟੀਐੱਸ ਫੈਨਜ਼ ਆਪਣੇ ਆਪ ਨੂੰ ‘ਬੀਟੀਐੱਸ ਆਰਮੀ’ (ਅਡੋਰੇਬਲ ਰਿਪ੍ਰੈਜ਼ੈਂਟੇਟਿਵ ਐੱਮ.ਸੀ. ਫ਼ੌਰ ਯੂਥ) ਅਖਵਾਉਣਾ ਪਸੰਦ ਕਰਦੇ ਹਨ।

ਇਹ ਜਾਣ ਕੇ ਕਈਆਂ ਨੂੰ ਹੈਰਾਨੀ ਵੀ ਹੋ ਸਕਦੀ ਹੈ ਕਿ ਬੀਟੀਐੱਸ ਦੇ ਪੰਜਾਬ ਦੇ ਪਿੰਡਾਂ-ਸ਼ਹਿਰਾਂ ਵਿੱਚ ਵੀ ਕਈ ਨੌਜਵਾਨ ਪ੍ਰਸ਼ੰਸਕ ਹਨ।

ਜਿਵੇਂ ਪੰਜਾਬੀ ਮਿਊਜ਼ਿਕ ਇੰਡਸਟ੍ਰੀ ਇਸ ਵੇਲੇ ਗਲੋਬਲ ਪੱਧਰ ਉੱਤੇ ਸਿਖ਼ਰ ਉੱਤੇ ਹੈ ਤੇ ਵੱਖ-ਵੱਖ ਗਾਇਕਾਂ ਨੇ ਵਿਸ਼ਵ ਪੱਧਰ ਉੱਤੇ ਪਛਾਣ ਬਣਾਈ ਹੈ, ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਸਰੋਤੇ ਗਲੋਬਲ ਮਿਊਜ਼ਿਕ ਨਾਲ ਵੀ ਜੁੜੇ ਹੋਏ ਹਨ।

ਪੰਜਾਬ ਵਿੱਚ ਰਹਿੰਦੇ ਬੀਟੀਐੱਸ ਪ੍ਰਸ਼ੰਸਕਾਂ ਨੇ ਇਸ ਬੈਂਡ ਨੂੰ ਸੁਣਨਾ ਕਿਵੇਂ ਸ਼ੁਰੂ ਕੀਤਾ, ਇਸ ਦੀਆਂ ਕਿਹੜੀਆਂ ਗੱਲਾਂ ਨੇ ਉਨ੍ਹਾਂ ਨੂੰ ਆਪਣੇ ਵੱਲ ਖਿੱਚਿਆ ਤੇ ਇਸ ਦੇ ਨਾਲ ਹੀ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਦੀ ਇਸ ਚੋਣ ਨੂੰ ਕਿਸ ਨਜ਼ਰੀਏ ਨਾਲ ਦੇਖਿਆ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਲਈ ਅਸੀਂ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿੱਚ ਰਹਿੰਦੇ ਬੀਟੀਐੱਸ ਪ੍ਰਸ਼ੰਸਕਾਂ ਨੂੰ ਮਿਲੇ।

‘ਮੈਨੂੰ ਨਹੀਂ ਲੱਗਦਾ ਸੀ ਕਿ ਪੰਜਾਬ ਵਿੱਚ ਹੋਰ ਵੀ ਕੋਈ ਬੀਟੀਐੱਸ ਸੁਣਦਾ ਹੋਵੇਗਾ’

ਹਰਮਨਜੀਤ ਸਿੰਘ

ਹਰਮਨਜੀਤ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਹੁਣ ਉਹ ਨੌਕਰੀ ਹਾਸਲ ਕਰਨ ਲਈ ਆਪਣੇ ਘਰ ਰਹਿ ਕੇ ਹੀ ਪੇਪਰਾਂ ਦੀ ਤਿਆਰੀ ਕਰਦੇ ਹਨ।

ਪੜ੍ਹਾਈ ਦੇ ਨਾਲ-ਨਾਲ ਆਪਣੇ ਘਰ ਵਿੱਚ ਰੱਖੇ ਪਸ਼ੂਆਂ ਲਈ ਪੱਠਿਆਂ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੀ ਹੈ।

ਉਨ੍ਹਾਂ ਦੇ ਆਂਢ-ਗੁਆਂਢ ਵਿੱਚ ਕੋਈ ਵੀ ਬੀਟੀਐੱਸ ਜਾਂ ਹੋਰ ਵਿਦੇਸ਼ੀ ਮਿਊਜ਼ਿਕ ਨਹੀਂ ਸੁਣਦਾ ਅਤੇ ਨਾ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਸੀ ਕਿ ਪੰਜਾਬ ਵਿੱਚ ਵੀ ਉਨ੍ਹਾਂ ਵਾਂਗ ਹੀ ਕੋਈ ਹੋਰ ਬੀਟੀਐੱਸ ਫੈਨ ਹੋਵੇਗਾ।

ਉਨ੍ਹਾਂ ਨੂੰ ਹੋਰ ਫੈਨਜ਼ ਬਾਰੇ ਕਿਵੇਂ ਪਤਾ ਲੱਗਾ, ਇਸ ਬਾਰੇ ਉਨ੍ਹਾਂ ਨੇ ਦੱਸਿਆ, “ਬੀਤੇ ਦਿਨੀਂ ਮੈਂ ਬੀਟੀਐੱਸ ਦੇ ਮੈਕਸੀਕੋ ਵਿੱਚ ਜਾਣ ਬਾਰੇ ਪੰਜਾਬੀ ਵਿੱਚ ਬੀਬੀਸੀ ਉੱਤੇ ਇੱਕ ਰੀਲ ਵੇਖੀ, ਇਸ ਪੋਸਟ ਥੱਲੇ ਕਈ ਬੀਟੀਐੱਸ ਸੁਣਨ ਵਾਲੇ ਪੰਜਾਬੀਆਂ ਦੇ ਕੁਮੈਂਟਸ ਸਨ।

ਹਰਮਨਜੀਤ ਦੱਸਦੇ ਹਨ, “ਮੈਂ ਉਸ ਕੁਮੈਂਟ ਬਾਕਸ ਵਿੱਚ ਇੱਕ ਗਰੁੱਪ ਚੈਟ ਬਣਾਉਣ ਲਈ ਕੁਮੈਂਟ ਕੀਤਾ ਤੇ ਮੈਨੂੰ ਇੱਕ ਤੋਂ ਬਾਅਦ ਇੱਕ ਪੰਜਾਬੀ ਫੈਨਜ਼ ਦੇ ਰਿਪਲਾਈ ਆਏ।”

“ਅਸੀਂ ਇਸ ਗਰੁੱਪ ਚੈਟ ਵਿੱਚ ਜ਼ਿੰਦਗੀ ਵਿੱਚ ਬਿਹਤਰ ਬਣਨ ਲਈ ਇੱਕ ਦੂਜੇ ਨੂੰ ਪ੍ਰੇਰਿਤ ਕਰਦੇ ਹਾਂ ਤੇ ਇੱਕ ਦੂਜੇ ਦੇ ਨਾਲ ਖੜ੍ਹਨ ਦੀ ਕੋਸ਼ਿਸ਼ ਕਰਦੇ ਹਾਂ।”

ਹਰਮਨਜੀਤ ਛੇਤੀ ਹੀ ਗਰੁੱਪ ਵਿਚਲੇ ਹੋਰ ਪੰਜਾਬੀ ਬੀਟੀਐੱਸ ਫੈਨਜ਼ ਨਾਲ ਇੱਕ ਜਗ੍ਹਾ ਇਕੱਠੇ ਮਿਲਣ ਦਾ ਪਲਾਨ ਬਣਾ ਰਹੇ ਹਨ।

‘ਬੀਟੀਐੱਸ ਵਾਇਆ ਸਤਿੰਦਰ ਸਰਤਾਜ’

ਹਰਮਨਜੀਤ ਸਿੰਘ

ਹਰਮਨਜੀਤ ਨੇ ਪਹਿਲਾ ਬੀਟੀਐੱਸ ਗੀਤ ਮੈਜਿਕ ਸ਼ੌਪ ਸੁਣਿਆ ਸੀ ਤੇ ਉਨ੍ਹਾਂ ਨੂੰ ਇਸ ਗੀਤ ਦੀ ਲੇਖਣੀ ਤੋਂ ਸਕੂਨ ਹਾਸਲ ਹੋਇਆ ਤੇ ਉਹ ਹੋਰ ਗੀਤ ਵੀ ਸੁਣਨ ਲੱਗੇ।

ਉਹ ਦੱਸਦੇ ਹਨ ਕਿ ਇਨ੍ਹਾਂ ਗੀਤਾਂ ਰਾਹੀਂ ਆਪਣੇ ਆਪ ਨੂੰ ਪ੍ਰਵਾਨ ਕਰਨ, ਲੋਕਾਂ ਨਾਲ ਆਪਣੇ ਵਿਵਹਾਰ ਨੂੰ ਬਿਹਤਰ ਕਰਨ ਅਤੇ ਨਾਲ ਹੀ ਅੰਗਰੇਜ਼ੀ ਸਿੱਖਣ ਵਿੱਚ ਵੀ ਮਦਦ ਮਿਲੀ।

ਹਰਮਨਜੀਤ ਦੱਸਦੇ ਹਨ ਕਿ ਉਨ੍ਹਾਂ ਨੂੰ ਬੀਟੀਐੱਸ ਦੇ ਗੀਤਾਂ ਦੇ ਵਿੱਚ ਸਤਿੰਦਰ ਸਰਤਾਜ ਦੀ ਲੇਖਣੀ ਦੀ ਵੀ ਝਲਕ ਮਿਲੀ ਤੇ ਉਹ ਬੀਟੀਐੱਸ ਦੇ ਗੀਤਾਂ ਨੂੰ ਆਪਣੇ ਸਭਿਆਚਾਰ ਨਾਲ ਵੀ ਜੋੜ ਸਕੇ।

ਸਰਤਾਜ ਦਾ ਗੀਤ ‘ਨਿੱਕੀ ਜਿਹੀ ਕੁੜੀ’ ਇੱਕ ਪਹਾੜਾਂ ਵਿੱਚ ਰਹਿੰਦੀ ਕੁੜੀ ਦੀ ਕਹਾਣੀ ਹੈ ਜਿਹੜੀ ਕਿ ਉਸ ਲਈ ਓਪਰੀ ਦੁਨੀਆਂ ਤੋਂ ਡਰਦੀ ਹੈ, ਹਰਮਨਜੀਤ ਦੱਸਦੇ ਹਨ ਕਿ ਇਹ ਗੀਤ ਬੀਟੀਐੱਸ ਦੇ ਗੀਤਾਂ ਨਾਲ ਮਿਲਦਾ ਹੈ।

ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਬੀਟੀਐੱਸ ਤੋਂ ਮਿਹਨਤ ਲਈ ਪ੍ਰੇਰਣਾ ਲਈ ਹੈ, ਜਿਵੇਂ ਬੀਟੀਐੱਸ ਬੈਂਡ ਨੇ 2013 ਵਿੱਚ ਸਿਫ਼ਰ ਤੋਂ ਸ਼ੁਰੂਆਤ ਕੀਤੀ ਤੇ ਵੱਡਾ ਮੁਕਾਮ ਹਾਸਲ ਕੀਤਾ।

ਉਨ੍ਹਾਂ ਨੇ 2021 ਵਿੱਚ ਇੰਟਰਨੈੱਟ ਉੱਤੇ ਹੀ ਕੋਰੀਅਨ ਭਾਸ਼ਾ ਵੀ ਸਿੱਖਣੀ ਸ਼ੁਰੂ ਕੀਤੀ।

‘ਲੋਕ ਕਹਿੰਦੇ ਹਨ ਕਿ ਮੈਂ ਆਪਣੇ ਕਲਚਰ ਨੂੰ ਭੁੱਲ ਰਿਹਾ ਹਾਂ’

ਅਰਸ਼ਦੀਪ ਕੌਰ

ਹਰਮਨਜੀਤ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਇਹ ਸਮਝਾਉਣ ਵਿੱਚ ਕਾਫੀ ਔਖਿਆਈ ਆਈ ਕਿ ਉਹ ਪੰਜਾਬੀ ਹੋ ਕਿ ਇੱਕ ਕੋਰੀਅਨ ਬੈਂਡ ਨੂੰ ਕਿਵੇਂ ਸੁਣ ਸਕਦੇ ਹਨ।

ਉਨ੍ਹਾਂ ਦੱਸਿਆ, “ਲੋਕ ਇਹ ਕਹਿੰਦੇ ਹਨ ਕਿ ਮੈਂ ਆਪਣੇ ਸਭਿਆਚਾਰ ਨੂੰ ਭੁੱਲ ਰਿਹਾ ਹਾਂ ਤੇ ਹੋਰ ਲੋਕਾਂ ਦਾ ਸਭਿਆਚਾਰ ਫੋਲੋਅ ਕਰ ਰਿਹਾ ਹਾਂ।”

“ਫਿਰ ਮੈਂ ਉਨ੍ਹਾਂ ਨੂੰ ਪੰਜਾਬੀ ਅਤੇ ਕੋਰੀਅਨ ਸਭਿਆਚਾਰ ਵਿੱਚ ਸਮਾਨਤਾਵਾਂ ਦੱਸਦਾਂ ਹਾਂ ਜਿਵੇਂ ਕਿ ਵੱਡਿਆਂ ਦਾ ਆਦਰ ਕਰਨਾ, ਰਸਮਾਂ-ਰਿਵਾਜ਼ ਅਤੇ ਵਤੀਰਾ ਵੀ ਜੋ ਸਾਨੂੰ ਗੁਰੂ ਸਾਹਿਬ ਨੇ ਸਿਖਾਇਆ ਹੈ, ਬੱਸ ਭਾਸ਼ਾ ਦਾ ਫ਼ਰਕ ਹੈ।”

ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਕਈ ਦੋਸਤ ਵੀ ਫ਼ਿਰ ਬੀਟੀਐੱਸ ਗੀਤ ਸੁਣਨ ਲੱਗੇ ਹਨ।

ਹਰਮਨਜੀਤ ਚੰਡੀਗੜ੍ਹ ਵਿੱਚ ਬੀਟੀਐੱਸ ਦੇ ਸ਼ੋਅ ਦੀ ਸਕ੍ਰੀਨਿੰਗ ਲਈ ਜਾਣਾ ਚਾਹੁੰਦੇ ਸਨ ਪਰ ਜਾ ਨਹੀਂ ਸਕੇ, ਪਰ ਉਹ ਇਸ ਗੱਲ ਲਈ ਖ਼ੁਸ਼ ਹਨ ਕਿ ਹੋਰ ਲੋਕ ਜਾ ਸਕਣਗੇ।

ਦਰਅਸਲ ਬੀਟੀਐੱਸ ਕੌਂਸਰਟਸ ਦੀ ਲਾਈਵ ਸਕ੍ਰੀਨਿੰਗ ਭਾਰਤ ਦੇ ਹੋਰ ਸ਼ਹਿਰਾਂ ਚੰਡੀਗੜ੍ਹ, ਮੋਹਾਲੀ ਅਤੇ ਲੁਧਿਆਣਾ ਦੇ ਥਿਏਟਰਜ਼ ਵਿੱਚ ਵੀ ਹੁੰਦੀਆਂ ਨੇ ਜਿੱਥੇ ਬੀਟੀਐੱਸ ਪ੍ਰਸ਼ੰਸਕਾਂ ਨੂੰ ਇੱਕ ਦੂਜੇ ਨਾਲ ਮਿਲਣ ਦਾ ਮੌਕਾ ਮਿਲਦਾ ਹੈ, ਪਰ ਹਰਮਨਜੀਤ ਵਰਗੇ ਕੁਝ ਫੈਨਜ਼ ਕਈ ਕਾਰਨਾਂ ਕਰਕੇ ਇਸ ਤੋਂ ਵਾਂਝੇ ਵੀ ਰਹਿ ਜਾਂਦੇ ਹਨ।

ਹਰਮਨਜੀਤ ਚਾਹੁੰਦੇ ਹਨ ਕਿ ਉਹ ਛੇਤੀ-ਛੇਤੀ ਨੌਕਰੀ ਉੱਤੇ ਲੱਗਣ ਤਾਂ ਜੋ ਉਹ ਹੋਰ ਫੈਨਜ਼ ਵਾਂਗ ਬੀਟੀਐੱਸ ਦੀਆਂ ਐਲਬਮਜ਼ ਅਤੇ ਹੋਰ ਚੀਜ਼ਾਂ ਖ਼ਰੀਦ ਸਕਣ।

‘ਬੀਟੀਐੱਸ ਮੇਰੇ ਲਈ ਇੱਕ ਦੁਨੀਆਂ ਬਣ ਗਏ ਹਨ’

ਸੁਖਨੀਤ ਕੌਰ

ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੇ ਇੱਕ ਪਿੰਡ ਦੀ ਰਹਿਣ ਵਾਲੇ ਅਰਸ਼ਦੀਪ ਕੌਰ ਨੇ ਬੀਟੀਐੱਸ ਦਾ ਪਹਿਲਾ ਗਾਣਾ ‘ਮਾਈ ਯੂਨੀਵਰਸ’ ਫਰਵਰੀ 2022 ਵਿੱਚ ਸੁਣਿਆ ਸੀ।

ਉਨ੍ਹਾਂ ਦੇ ਫੋਨ ਉੱਤੇ ਲੱਗੀ ਰਿੰਗਟੋਨ ਵੀ ਕੋਰੀਅਨ ਹੈ ਅਤੇ ਵਾਲਪੇਪਰ ਉੱਤੇ ਵੀ ਬੀਟੀਐੱਸ ਹੀ ਹੈ। ਉਹ ਕਹਿੰਦੇ ਹਨ, “ਬੀਟੀਐੱਸ ਮੇਰੇ ਲਈ ਇੱਕ ਦੁਨੀਆਂ ਬਣ ਗਏ ਹਨ।”

ਉਨ੍ਹਾਂ ਨੇ ਸਾਲ 2023 ਵਿੱਚ ਅਪ੍ਰੈਲ ਮਹੀਨੇ ਵਿੱਚ ਚੰਡੀਗੜ੍ਹ ਵਿੱਚ ਬੀਟੀਐੱਸ ਦੇ ਇੱਕ ਸੋਲੋ ਮੈਂਬਰ ਦੇ ਕੌਂਸਰਟ ਦੀ ਸਕ੍ਰੀਨਿੰਗ ਦੇਖੀ ਸੀ, ਜੋ ਕਿ ਉਨ੍ਹਾਂ ਲਈ ਕਾਫੀ ਯਾਦਗਾਰੀ ਤਜੁਰਬਾ ਸੀ। ਅਰਸ਼ਦੀਪ ਫਿਲਹਾਲ ਐੱਮਬੀਏ ਕਰ ਰਹੇ ਹਨ।

ਉਹ ਕਹਿੰਦੇ ਹਨ ਕਿ ਉਹ ਬਾਲੀਵੁੱਡ ਗੀਤ ਸੁਣਦੇ ਰਹੇ ਹਨ ਪਰ ਉਨ੍ਹਾਂ ਨੇ ਪੰਜਾਬੀ ਗੀਤ ਬਹੁਤ ਘੱਟ ਸੁਣੇ ਹਨ।

ਆਪਣੀ ਗੀਤਾਂ ਦੀ ਪਸੰਦ ਬਾਰੇ ਉਹ ਕਹਿੰਦੇ ਹਨ ਕਿ ਬਹੁਤੇ ਪੰਜਾਬੀ ਗੀਤਾਂ ਵਿੱਚ ਵੈਲਪੁਣੇ ਦਾ ਜ਼ਿਕਰ ਹੁੰਦਾ ਹੈ ਤੇ ਬਹੁਤ ਘੱਟ ਗੀਤਾਂ ਵਿੱਚ ਸੰਘਰਸ਼ ਅਤੇ ‘ਸੈਲਫ ਰਿਫਲੈਕਸ਼ਨ'(ਆਤਮ-ਪੜਚੋਲ) ਬਾਰੇ ਗੱਲ ਹੁੰਦੀ ਹੈ।

ਉਹ ਅੱਗੇ ਦੱਸਦੇ ਹਨ, “ਮੈਂ ਬਹੁਤ ਘੱਟ ਬੋਲਦੀ ਸੀ ਅਤੇ ਮੇਰੇ ਵਿੱਚ ਆਤਮ-ਵਿਸ਼ਵਾਸ ਨਹੀਂ ਸੀ ਪਰ ਬੀਟੀਐੱਸ ਸੁਣਨ ਤੋਂ ਬਾਅਦ ਮੇਰਾ ਵਿਸ਼ਵਾਸ ਵਧਿਆ ਮੈਂ ਆਪਣਾ ਭਾਰ ਵੱਧ ਹੋਣ ਨੂੰ ਪ੍ਰਵਾਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਬਾਰੇ ਮੈਂ ਪਹਿਲਾਂ ਸਹਿਜ ਮਹਿਸੂਸ ਨਹੀਂ ਕਰਦੀ ਸੀ।”

ਅਰਸ਼ਦੀਪ ਅੱਗੇ ਦੱਸਦੇ ਹਨ ਕਿ ਇੱਕ ਸਮਾਂ ਸੀ ਜਦੋਂ ਉਨ੍ਹਾਂ ਦੀ ਮਾਂ ਬਹੁਤ ਬੀਮਾਰ ਹੋ ਗਏ ਸਨ ਤੇ ਉਨ੍ਹਾਂ ਦੇ ਠੀਕ ਹੋਣ ਮਗਰੋਂ ਉਨ੍ਹਾਂ ਨੂੰ ਸੰਭਾਲਣ ਵਿੱਚ ਬੀਟੀਐੱਸ ਦੇ ਗੀਤਾਂ ਨੇ ਉਨ੍ਹਾਂ ਦੀ ਮਦਦ ਕੀਤੀ।

ਅਰਸ਼ਦੀਪ ਦੇ ਮਨਪਸੰਦ ਬੀਟੀਐੱਸ ਫੈਨ ਮੈਂਬਰ ਕਿਮ ਨਾਮ ਜੂਨ (ਆਰਐੱਮ) ਹਨ।

ਅਰਸ਼ਦੀਪ ਕਹਿੰਦੇ ਹਨ ਕਿ ਕਈ ਵਾਰ ਬੀਟੀਐੱਸ ਦੀ ਦਿੱਖ ਬਾਰੇ ਉਨ੍ਹਾਂ ਨੂੰ ਜਾਣਨ ਵਾਲੇ ਕਈ ਲੋਕ ਮਜ਼ਾਕ ਵੀ ਉਡਾਉਂਦੇ ਹਨ।

ਉਹ ਕਹਿੰਦੇ ਹਨ, “ਸੰਗੀਤ ਦੀ ਕੋਈ ਸਰਹੱਦ ਨਹੀਂ ਹੁੰਦੀ, ਕਈ ਵਾਰ ਮੈਨੂੰ ਲੋਕਾਂ ਵੱਲੋਂ ਨਿਰਾਦਰ ਮਹਿਸੂਸ ਕਰਵਾਇਆ ਜਾਂਦਾ ਹੈ ਪਰ ਮੈਂ ਇਸ ਦੀ ਪਰਵਾਹ ਨਹੀਂ ਕਰਦੀ।”

ਅਰਸ਼ਦੀਪ ਲਈ ਮੈਜਿਕ ਸ਼ੌਪ, ਲਾਈਫ ਗੋਇਜ਼ ਆਨ ਅਤੇ ਹੋਰ ਗੀਤ ਇੱਕ ‘ਕੰਫਰਟ ਜ਼ੋਨ’ ਹਨ।

‘ਬੀਟੀਐੱਸ ਸਕ੍ਰੀਨਿੰਗਜ਼ ਲਈ ਫੈਨਜ਼ ਦਾ ਉਤਸ਼ਾਹ’

ਬੀਟੀਐੱਸ

ਜਦੋਂ ਅਸੀਂ ਸੁਖਨੀਤ ਨੂੰ ਮਿਲੇ ਤਾਂ ਉਹ ਬੀਟੀਐੱਸ ਦੇ ਕੌਂਸਰਟ ਦੀ ਚੰਡੀਗੜ੍ਹ ਵਿੱਚ ਹੋਣ ਵਾਲੀ ਸਕ੍ਰੀਨਿੰਗ ਵਿੱਚ ਜਾਣ ਲਈ ਤਿਆਰੀ ਕਰ ਰਹੇ ਸਨ।

ਉਨ੍ਹਾਂ ਨੇ ਹੋਰ ਬੀਟੀਐੱਸ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨ ਲਈ ਬੀਟੀਐੱਸ ਨਾਲ ਜੁੜੀਆਂ ਚੀਜ਼ਾਂ ਵੀ ਪਹਿਲਾਂ ਹੀ ਖ਼ਰੀਦ ਕੇ ਰੱਖੀਆਂ ਹੋਈਆਂ ਸਨ।

ਸੁਖਨੀਤ ਆਪਣੀ ਇੱਕ ਦੋਸਤ ਨਾਲ ਰਲ ਕੇ ਬੀਟੀਐੱਸ ਨਾਲ ਜੁੜੀਆਂ ਟੀ ਸ਼ਰਟਸ ਵੀ ਡਿਜ਼ਾਇਨ ਕਰਦੇ ਹਨ।

ਫਿਲਹਾਲ ਮੁਹਾਲੀ ਵਿੱਚ ਰਹਿੰਦੇ 20 ਸਾਲਾ ਸੁਖਨੀਤ ਕੌਰ ਨੇ ਸਾਲ 2019 ਤੋਂ ਬੀਟੀਐੱਸ ਸੁਣ ਰਹੇ ਹਨ ਤੇ ਉਨ੍ਹਾਂ ਨੇ ਪਹਿਲਾ ਗਾਣਾ ‘ਬਲੱਡ ਸਵੈੱਟ ਐਂਡ ਟੀਅਰਜ਼’ ਸੁਣਿਆ ਸੀ।

“ਮੈਨੂੰ ਗਾਣਿਆਂ ਦੀਆਂ ਵੀਡੀਓਜ਼ ਅਤੇ ਉਸ ਵਿਚਲਾ ਮੈਸੇਜ ਪਸੰਦ ਹੈ, ਉਨ੍ਹਾਂ ਦੇ ਗਾਣਿਆਂ ਦੇ ਮਤਲਬ ਅੱਜ ਤੱਕ ਸੁਣੇ ਬਾਕੀ ਮਿਊਜ਼ਿਕ ਨਾਲੋਂ ਕਾਫ਼ੀ ਵੱਖਰੇ ਹਨ।”

ਸੁਖਨੀਤ ਦੱਸਦੇ ਹਨ ਜਦੋਂ ਉਹ ਹੋਰ ਫੈਨਜ਼ ਨੂੰ ਮਿਲਦੇ ਹਨ ਤੇ ਉਨ੍ਹਾਂ ਵਿੱਚ ਵੱਖਰਾ ਹੀ ਉਤਸ਼ਾਹ ਹੁੰਦਾ ਹੈ ਅਤੇ ਉਹ ਅਪਣੱਤ ਮਹਿਸੂਸ ਕਰਦੇ ਹਨ। ਉਹ ਚਾਹੁੰਦੇ ਹਨ ਕਿ ਉਹ ਬੀਟੀਐੱਸ ਪ੍ਰਸ਼ੰਸਕਾਂ ਦਾ ਇੱਕ ਬੁੱਕ ਕਲੱਬ ਸ਼ੁਰੂ ਕਰਨ ਜਿੱਥੇ ਸਾਰੇ ਇਕੱਠੇ ਹੋ ਸਕਣ।

ਸੁਖਨੀਤ ਦੱਸਦੇ ਹਨ ਕਿ ਬੀਟੀਐੱਸ ਰਾਹੀਂ ਉਨ੍ਹਾਂ ਦੀ ਨਸਲਵਾਦ(ਰਸਿਜ਼ਮ) ਵਿਰੁੱਧ ਭਾਵਨਾ ਹੋਰ ਮਜ਼ਬੂਤ ਹੋਈ ਹੈ।

ਆਪਣੇ-ਆਲੇ ਦੁਆਲੇ ਦੇ ਲੋਕਾਂ ਦੇ ਬੀਟੀਐੱਸ ਪ੍ਰਤੀ ਰਵੱਈਏ ਬਾਰੇ ਉਹ ਕਹਿੰਦੇ ਹਨ ਕਿ ਇਹ ਸਮਝਣ ਦੀ ਲੋੜ ਹੈ ਕਿ ਉਹ ਇੱਕ ਕਲਾਕਾਰ ਹਨ ਅਤੇ ਕਲਾਕਾਰ ਨੂੰ ਕਲਾਕਾਰ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ।

ਸਾਡੇ ਨਾਲ ਗੱਲ ਕਰਨ ਵਾਲੇ ਪੰਜਾਬੀ ਬੀਟੀਐੱਸ ਫੈਨਜ਼ ਨੇ ਦੱਸਿਆ ਕਿ ਬੀਟੀਐੱਸ ਉਨ੍ਹਾਂ ਲਈ ਮਹਿਜ਼ ਇੱਕ ਵਿਦੇਸ਼ੀ ਸੰਗੀਤਕ ਬੈਂਡ ਹੀ ਨਹੀਂ ਸਗੋਂ ਇੱਕ ਅਜਿਹੀ ‘ਸਪੇਸ’ ਬਣ ਗਿਆ ਹੈ ਜਿਸ ਰਾਹੀਂ ਉਹ ਉਨ੍ਹਾਂ ਸਵਾਲਾਂ ਦੇ ਜਵਾਬ ਹਾਸਲ ਕਰਦੇ ਹਨ ਜੋ ਉਨ੍ਹਾਂ ਨੂੰ ਆਪਣੇ ਆਲੇ-ਦੁਆਲਿਓਂ ਨਹੀਂ ਮਿਲਦੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI