Source :- BBC PUNJABI

ਮਜ਼ਾਰ ਦੀ ਛੋਟੀ ਮੋਟਰਸਾਈਕਲ ਪੈਟਰੋਲ ਨਾਲ ਭਰੇ ਪਲਾਸਟਿਕ ਦੇ ਕੰਟੇਨਰਾਂ ਨਾਲ ਇੰਨੀ ਲੱਦੀ ਹੋਈ ਹੈ ਕਿ ਇਸ ਦੇ ਬੈਠਣ ਲਈ ਮੁਸ਼ਕਲ ਨਾਲ ਜਗ੍ਹਾ ਬਚਦੀ ਹੈ।
ਉਸਦੀ ਪੁਰਾਣੀ ਮੋਟਰਸਾਈਕਲ ‘ਤੇ 70 ਲੀਟਰ ਸਮਰੱਥਾ ਵਾਲੇ ਤੇਲ ਦੇ ਪੰਜ ਕੰਟੇਨਰ ਲੱਦੇ ਹਨ, ਜਿਨ੍ਹਾਂ ਦਾ ਕੁਲ ਵਜ਼ਨ ਲਗਭਗ 272 ਕਿਲੋਗ੍ਰਾਮ ਹੈ।
ਤੇਲ ਦੇ ਕੰਟੇਨਰ ਉਸਦੇ ਮੋਟਰਸਾਈਕਲ ਦੇ ਦੋਵੇਂ ਪਾਸੇ ਖਤਰਨਾਕ ਤਰੀਕੇ ਨਾਲ ਲਟਕੇ ਹੋਏ ਹਨ ਅਤੇ ਉਸ ਨੂੰ ਰੱਸੀਆਂ ਨਾਲ ਬੰਨ੍ਹਿਆ ਗਿਆ ਹੈ।
ਉਸਨੇ ਇਹ ਈਂਧਨ ਪਾਕਿਸਤਾਨ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਗਰੀਬ ਸੂਬੇ ਬਲੂਚਿਸਤਾਨ ਦੇ ਮਸਤੁੰਗ ਵਿੱਚ ਸਥਿਤ ਇੱਕ ਖੁੱਲ੍ਹੇ ਈਂਧਨ ਬਾਜ਼ਾਰ ਤੋਂ ਖਰੀਦਿਆ ਹੈ। ਮਜ਼ਾਰ ਉੱਥੇ ਹੀ ਰਹਿੰਦਾ ਹੈ।
ਪਲਾਸਟਿਕ ਦੇ ਕੰਟੇਨਰਾਂ ਨਾਲ ਲੱਦੇ ਹੋਏ ਪਿੱਕ-ਅਪ ਟਰੱਕ ਉੱਥੇ ਈਂਧਨ ਵੇਚਣ ਲਈ ਲਿਆਏ ਜਾਂਦੇ ਹਨ, ਜਿਸ ਨੂੰ ਈਰਾਨ ਤੋਂ ਸਰਹੱਦ ਪਾਰ ਕਰਵਾ ਕੇ ਤਸਕਰੀ ਕਰਕੇ ਲਿਆਂਦਾ ਜਾਂਦਾ ਹੈ।
ਈਰਾਨ ਤੋਂ ਪਾਕਿਸਤਾਨ ਵਿੱਚ ਪੈਟਰੋਲੀਅਮ ਉਤਪਾਦਾਂ ਦੀ ਗੈਰ ਕਾਨੂੰਨੀ ਤਸਕਰੀ ਕਈ ਦਹਾਕਿਆਂ ਤੋਂ ਰਹੀ ਹੈ ਪਰ ਅਜਿਹੇ ਸੰਕੇਤ ਹਨ ਕਿ ਹਾਲ ਦੇ ਮਹੀਨਿਆਂ ਵਿੱਚ ਈਰਾਨ ਦੇ ਖਿਲਾਫ਼ ਅਮਰੀਕਾ-ਇਜ਼ਰਾਇਲ ਯੁੱਧ ਕਾਰਨ ਇਸ ਵਿੱਚ ਵਾਧਾ ਹੋਇਆ ਹੈ।
ਯੁੱਧ ਕਾਰਨ ਸਟਰੇਟ ਆਫ਼ ਹੋਰਮੁਜ਼ ਤੋਂ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਸ ਨਾਲ ਈਂਧਨ ਦੀਆਂ ਕੀਮਤਾਂ ਵਧ ਗਈਆਂ ਹਨ। ਇਸ ਕਾਰਨ ਪਾਕਿਸਤਾਨ ਵਿੱਚ ਈਰਾਨ ਤੋਂ ਤਸਕਰੀ ਕਰ ਲਿਆਂਦੇ ਗਏ ਸਸਤੇ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਧੀ ਹੈ।
ਬਲੂਚਿਸਤਾਨ ਦੇ ਹਜ਼ਾਰਾਂ ਤਸਕਰਾਂ ਦੀ ਤਰ੍ਹਾਂ ਮਜ਼ਾਰ ਵੀ ਈਂਧਨ ਨੂੰ ਦੂਜੇ ਖੁੱਲ੍ਹੇ ਬਾਜ਼ਾਰਾਂ ਅਤੇ ਗੈਰ-ਰਸਮੀ ਪੈਟਰੋਲ ਪੰਪਾਂ ਤੱਕ ਪਹੁੰਚਾਉਂਦੇ ਹਨ। ਸੁਰੱਖਿਆ ਕਾਰਨਾਂ ਕਰਕੇ ਅਸੀਂ ਮਜ਼ਾਰ ਦੇ ਅਸਲੀ ਨਾਮ ਦਾ ਇਸਤੇਮਾਨ ਨਹੀਂ ਕਰ ਰਹੇ ਹਾਂ।
ਮਜ਼ਾਰ ਪਾਕਿਸਤਾਨ ਦੇ ਸਿੰਧ ਸੂਬੇ ਤੱਕ ਈਂਧਨ ਪਹੁੰਚਾਉਣ ਲਈ ਧਰਤੀ ਦੇ ਸਭ ਤੋਂ ਗਰਮ ਖੇਤਰਾਂ ਵਿੱਚੋਂ ਇੱਕ ਵਿੱਚ 350 ਕਿਲੋਮੀਟਰ ਦੀ ਯਾਤਰਾ ਦੀ ਤਿਆਰੀ ਕਰ ਰਿਹਾ ਹੈ।
ਬਲੂਚਿਸਤਾਨ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ, ਜਿਸ ਕਾਰਨ ਪਲਾਸਟਿਕ ਦੇ ਈਂਧਨ ਵਾਲੇ ਕੰਟੇਨਰ ਫੁੱਲਣ ਅਤੇ ਨਰਮ ਹੋਣ ਲੱਗਦੇ ਹਨ।
ਜੇਕਰ ਯਾਤਰਾ ਦੌਰਾਨ ਕੰਟੇਨਰ ਫਟ ਜਾਣ ਜਾਂ ਢੱਕਣਾਂ ਤੋਂ ਲੀਕ ਹੋ ਜਾਵੇ ਤਾਂ ਈਂਧਣ ਵਿੱਚ ਅੱਗ ਲੱਗਣ ਜਾਂ ਫਟਣ ਦਾ ਖ਼ਤਰਾ ਰਹਿੰਦਾ ਹੈ। ਤਸਕਰ ਅਕਸਰ ਅਜਿਹੀਆਂ ਘਟਨਾਵਾਂ ਵਿੱਚ ਆਪਣੀਆਂ ਜਾਨਾਂ ਗੁਆ ਦਿੰਦੇ ਹਨ।

ਤੇਲ ਰਿਫਾਇਨਰੀਆਂ ਦੀ ਸਰਕਾਰ ਨੂੰ ਅਪੀਲ
ਇੱਥੇ ਹੋਰ ਵੀ ਖ਼ਤਰੇ ਹਨ।
ਦਹਾਕਿਆਂ ਤੋਂ ਬਲੂਚਿਸਤਾਨ ਵਿੱਚ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਆਜ਼ਾਦੀ ਦੀ ਮੰਗ ਕਰ ਰਹੇ ਵੱਖਵਾਦੀ ਬਾਗੀ ਸਮੂਹਾਂ ਵਿਚਕਾਰ ਟਕਰਾਅ ਹੁੰਦਾ ਰਿਹਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਟਕਰਾਅ ਦੇ ਨਤੀਜੇ ਵਜੋਂ ਹਜ਼ਾਰਾਂ ਲੋਕ ਲਾਪਤਾ ਹੋ ਗਏ ਹਨ।
ਮਜ਼ਾਰ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ, “ਅਸੀਂ ਇਹ ਕੰਮ ਇਸ ਲਈ ਕਰਦੇ ਹਾਂ ਕਿਉਂਕਿ ਸਾਡੇ ਕੋਲ ਕੋਈ ਹੋਰ ਬਦਲ ਨਹੀਂ ਹੈ। ਮੌਸਮ ਬਹੁਤ ਗਰਮ ਹੈ, ਕੀਮਤਾਂ ਉੱਚੀਆਂ ਹਨ ਅਤੇ ਅਸੀਂ ਦਿਨ ਰਾਤ ਸੜਕ ‘ਤੇ ਰਹਿੰਦੇ ਹਾਂ।”
ਤਸਕਰੀ ਦਾ ਕਾਰੋਬਾਰ ਦਰਅਸਲ ਕਿੰਨਾ ਵੱਡਾ ਹੈ, ਇਸਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਸਾਲ 2024 ਵਿੱਚ, ਜਾਪਾਨੀ ਨਿਊਜ਼ ਵੈੱਬਸਾਈਟ ਨਿੱਕੇਈ ਏਸ਼ੀਆ ਨੇ ਇੱਕ ਰਿਪੋਰਟ ਵਿੱਚ ਦੱਸਿਆ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀਆਂ ਤੋਂ ਲੀਕ ਹੋਈ ਇੱਕ ਰਿਪੋਰਟ ਮੁਤਾਬਕ ਲਗਭਗ ਇੱਕ ਅਰਬ ਡਾਲਰ ਦਾ ਤੇਲ ਹਰ ਸਾਲ ਈਰਾਨ ਤੋਂ ਪਾਕਿਸਤਾਨ ਤਸਕਰੀ ਕਰਕੇ ਲਿਆਂਦਾ ਜਾਂਦਾ ਹੈ।
ਇਸ ਸਾਲ ਮਈ ਵਿੱਚ ਪੰਜ ਪ੍ਰਮੁੱਖ ਪਾਕਿਸਤਾਨੀ ਤੇਲ ਰਿਫਾਇਨਰੀਆਂ ਨੇ ਕਿਹਾ ਕਿ ਸਰਹੱਦ ਪਾਰ ਪੈਟਰੋਲੀਅਮ ਉਤਪਾਦਾਂ ਦਾ ਪ੍ਰਵਾਹ ਵਧ ਰਿਹਾ ਹੈ ਅਤੇ ਸਰਕਾਰ ਨੂੰ ਪੱਤਰ ਦੇ ਕੇ ਦਖਲ ਦੇਣ ਦੀ ਮੰਗ ਕੀਤੀ ਹੈ।
ਵੱਖਰੇ ਤੌਰ ‘ਤੇ ਇਸੇ ਮਹੀਨੇ ਪਾਕਿਸਤਾਨ ਦੇ ਤੇਲ ਉਦਯੋਗ ਦੀ ਨੁਮਾਇੰਦਗੀ ਕਰਨ ਵਾਲੀ ਆਇਲ ਕੰਪਨੀਜ਼ ਐਡਵਾਈਜ਼ਰੀ ਕਾਊਂਸਲ ਨੇ ਸਰਕਾਰ ਨੂੰ ਪੱਤਰ ਲਿਖ ਕੇ ਕਿਹਾ ਕਿ ਸਾਲ ਦੇ ਇਸ ਸਮੇਂ ਅਧਿਕਾਰਕ ਪੈਟਰੋਲੀਅਮ ਵਿਕਰੀ 27 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ, ਜਿਸਦੀ ਇੱਕ ਵਜ੍ਹਾ ਈਂਧਨ ਤਸਕਰੀ ਵਿੱਚ ਵਾਧਾ ਹੈ।

ਤੀਹ ਦੀ ਉਮਰ ਪਾਰ ਕਰ ਚੁੱਕੇ ਮਜ਼ਾਰ ਇੱਕ ਵੱਡੇ ਪਰਿਵਾਰ ਦੇ ਕਮਾਉਣ ਵਾਲੇ ਮੁੱਖ ਮੈਂਬਰ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਬੱਚਾ ਅਤੇ ਕਈ ਭਰਾ ਸ਼ਾਮਲ ਹਨ।
ਉਹ ਕਹਿੰਦੇ ਹਨ ਕਿ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਸੋਕੇ ਕਾਰਨ ਖੇਤੀ ਬੰਦ ਹੋਣ ਤੋਂ ਬਾਅਦ ਉਨ੍ਹਾਂ ਨੇ ਤਸਕਰੀ ਸ਼ੁਰੂ ਕੀਤੀ।
ਨਿਕੱਈ ਏਸ਼ੀਆ ਦੇ ਮੁਤਾਬਕ ਪਾਕਿਸਤਾਨ ਵਿੱਚ ਮਜ਼ਾਰ ਵਰਗੇ ਕਰੀਬ 24 ਲੱਖ ਈਂਧਨ ਦੀ ਤਸਕਰੀ ਨਾਲ ਜੁੜੇ ਹੋਏ ਹਨ।
ਪਾਕਿਸਤਾਨ ਵਿੱਚ ਈਂਧਨ ਤਸਕਰੀ ਗੈਰ-ਕਾਨੂੰਨੀ ਹੈ। ਇਨ੍ਹਾਂ ਵਿੱਚ ਛੋਟੇ ਅਪਰਾਧਾਂ ਲਈ ਜੁਰਮਾਨੇ ਅਤੇ ਵਾਹਨ ਜ਼ਬਤ ਕਰਨ ਤੋਂ ਲੈ ਕੇ ਗੰਭੀਰ ਅਪਰਾਧਾਂ ਲਈ ਕੈਦ ਦੀ ਸਜ਼ਾ ਤੱਕ ਦੀਆਂ ਵਿਵਸਥਾਵਾਂ ਹਨ।
ਪਰ ਬਲੂਚਿਸਤਾਨ ਵਿੱਚ ਕਵੇਟਾ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਸਾਬਕਾ ਪ੍ਰਧਾਨ ਫਿਦਾ ਹੁਸੈਨ ਦਾਸ਼ਤੀ ਦਾ ਤਰਕ ਹੈ ਕਿ ਇਹ ਖੇਤਰ ਦੀ ਆਰਥਿਕਤਾ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਉੱਥੇ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਹਨ।
ਪੜ੍ਹੇ ਲਿਖੇ ਲੋਕ ਇਸ ਕੰਮ ਵਿੱਚ ਸ਼ਾਮਲ
ਪੱਛਮ ਵਿੱਚ ਈਰਾਨ ਅਤੇ ਉੱਤਰ ਵਿੱਚ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਬਲੂਚਿਸਤਾਨ ਪਾਕਿਸਤਾਨ ਦੇ ਕੁੱਲ ਭੂਮੀ ਖੇਤਰ ਦਾ ਲਗਭਗ 44 ਪ੍ਰਤੀਸ਼ਤ ਹੈ ਪਰ ਇੱਥੇ ਦੇਸ਼ ਦੀ ਸਿਰਫ 6 ਪ੍ਰਤੀਸ਼ਤ ਆਬਾਦੀ ਰਹਿੰਦੀ ਹੈ।
ਖਣਿਜ ਸਰੋਤਾਂ ਨਾਲ ਭਰਪੂਰ ਹੋਣ ਦੇ ਬਾਵਜੂਦ ਇੱਥੇ ਗਰੀਬੀ ਦਾ ਪੱਧਰ ਦੁਨੀਆ ਦੇ ਕੁਝ ਸਭ ਤੋਂ ਗਰੀਬ ਇਲਾਕਿਆਂ ਵਰਗਾ ਹੈ, ਜੋ ਖੇਤਰ ਵਿੱਚ ਨਾਰਾਜ਼ਗੀ ਦਾ ਕਾਰਨ ਰਿਹਾ ਹੈ।
ਦਾਸ਼ਤੀ ਕਹਿੰਦੇ ਹਨ, “ਲੋਕ ਬੇਵੱਸ ਹਨ ਅਤੇ ਉਨ੍ਹਾਂ ਕੋਲ ਕੋਈ ਹੋਰ ਰਾਹ ਨਹੀਂ ਹੈ।”
ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨੀ ਸਰਕਾਰ ਨੂੰ ਇਸ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵਧੇਰੇ ਯਤਨ ਕਰਨੇ ਚਾਹੀਦੇ ਸਨ।
ਦਸ਼ਤੀ ਅੱਗੇ ਕਹਿੰਦੇ ਹਨ, “ਮਾਸਟਰ ਡਿਗਰੀ ਵਾਲਾ ਵਿਦਿਆਰਥੀ ਵੀ ਆਖਰਕਾਰ ਇਸ ਤੇਲ ਦੇ ਵਪਾਰ ਵਿੱਚ ਸ਼ਾਮਲ ਹੋ ਜਾਂਦਾ ਹੈ।”
ਇਰਫਾਨ, ਜਿਸਦਾ ਨਾਮ ਉਸਦੀ ਸੁਰੱਖਿਆ ਲਈ ਬਦਲਿਆ ਗਿਆ ਹੈ, ਕਹਿੰਦੇ ਹਨ ਕਿ ਸਰੀਰਕ ਅਪੰਗਤਾ ਕਾਰਨ ਉਸਦੇ ਕੋਲ ਕੋਈ ਹੋਰ ਰੁਜ਼ਗਾਰ ਦਾ ਬਦਲ ਨਹੀਂ ਹੈ।
ਪੋਲੀਓ ਹੋਣ ਤੋਂ ਬਾਅਦ ਉਨ੍ਹਾਂ ਦਾ ਇੱਕ ਪੈਰ ਅਤੇ ਇੱਕ ਹੱਥ ਕਮਜ਼ੋਰ ਹੋ ਗਿਆ ਸੀ। ਉਹ ਵੀ ਕਈ ਮਹੀਨਿਆਂ ਤੋਂ ਤਸਕਰੀ ਵਿੱਚ ਸ਼ਾਮਲ ਹੈ।
ਉਹ ਡੀਜ਼ਲ ਦੀ ਢੋਆ-ਢੁਆਈ ਕਰਦੇ ਹਨ ਕਿਉਂਕਿ ਇਹ ਪੈਟਰੋਲ ਨਾਲੋਂ ਸੁਰੱਖਿਅਤ ਹੈ ਅਤੇ ਅੱਗ ਲੱਗਣ ਦਾ ਘੱਟ ਜੋਖਮ ਹੁੰਦਾ ਹੈ।
ਉਹ ਕਹਿੰਦੇ ਹਨ, “ਮੈਂ ਪੈਟਰੋਲ ਨਹੀਂ ਲਿਜਾ ਸਕਦਾ ਕਿਉਂਕਿ ਜੇ ਅੱਗ ਲੱਗ ਗਈ ਤਾਂ ਕੀ ਹੋਵੇਗਾ?” ਮੈਂ ਖੜ੍ਹਾ ਨਹੀਂ ਹੋ ਸਕਦਾ, ਇਸ ਲਈ ਮੈਂ ਬੁਰੀ ਤਰ੍ਹਾਂ ਸੜ ਜਾਵਾਂਗਾ।”

ਤਸਕਰੀ ਦੇ ਇਸ ਕਾਰੋਬਾਰ ਪਿੱਛੇ ਰਾਜਨੀਤੀ ਗੁੰਝਲਦਾਰ ਹੈ, ਖਾਸ ਕਰਕੇ ਉਦੋਂ ਜਦੋਂ ਪਾਕਿਸਤਾਨ, ਈਰਾਨ ਅਤੇ ਅਮਰੀਕਾ ਵਿਚਕਾਰ ਵਿਚੋਲੇ ਵਜੋਂ ਕੰਮ ਕਰ ਰਿਹਾ ਹੈ ਅਤੇ ਦੋਵੇਂ ਧਿਰਾਂ ਇਸ ਟਕਰਾਅ ਨੂੰ ਸਥਾਈ ਤੌਰ ‘ਤੇ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।
ਪਾਕਿਸਤਾਨ ਨੇ ਸਮੇਂ-ਸਮੇਂ ‘ਤੇ ਇਸ ਗੈਰ-ਕਾਨੂੰਨੀ ਕਾਰੋਬਾਰ ‘ਤੇ ਕਾਰਵਾਈ ਕੀਤੀ ਹੈ, ਪਰ ਉਸ ਤੋਂ ਬਾਅਦ ਤਸਕਰੀ ਫਿਰ ਤੋਂ ਵਧ ਗਈ।
ਇਸਨੂੰ ਪੂਰੀ ਤਰ੍ਹਾਂ ਰੋਕਣਾ ਮੁਸ਼ਕਲ ਹੈ ਕਿਉਂਕਿ 900 ਕਿਲੋਮੀਟਰ ਲੰਬੀ ਸਰਹੱਦ ਦੇ ਦੂਰ-ਦੁਰਾਡੇ ਹਿੱਸਿਆਂ ਦੀ ਨਿਗਰਾਨੀ ਕਰਨਾ ਚੁਣੌਤੀਪੂਰਨ ਹੈ। ਪਾਕਿਸਤਾਨੀ ਸਰਕਾਰ ਇਹ ਵੀ ਮੰਨਦੀ ਹੈ ਕਿ ਬਲੂਚਿਸਤਾਨ ਵਿੱਚ ਬਹੁਤ ਸਾਰੇ ਲੋਕਾਂ ਲਈ ਇਹ ਗਤੀਵਿਧੀ ਰੋਜ਼ੀ-ਰੋਟੀ ਦਾ ਇੱਕ ਮਹੱਤਵਪੂਰਨ ਸਰੋਤ ਹੈ।
ਇਸ ਤੋਂ ਇਲਾਵਾ ਤੇਲ ਕੰਪਨੀਆਂ ਆਵਾਜਾਈ ਦੀ ਲਾਗਤ, ਸੁਰੱਖਿਆ ਚਿੰਤਾਵਾਂ ਅਤੇ ਸਸਤੇ ਤਸਕਰੀ ਕੀਤੇ ਈਂਧਨ ਤੋਂ ਮੁਕਾਬਲੇ ਵਰਗੇ ਕਾਰਕਾਂ ਕਾਰਨ ਕੁਝ ਖੇਤਰਾਂ ਵਿੱਚ ਈਂਧਨ ਦੀ ਸਪਲਾਈ ਨਹੀਂ ਕਰਦੀਆਂ ਹਨ।
ਈਰਾਨ ਦਾ ਕਹਿਣਾ ਹੈ ਕਿ ਤਸਕਰੀ ਲਈ ਅਪਰਾਧਿਕ ਸਮੂਹ ਜ਼ਿੰਮੇਵਾਰ ਹਨ, ਇਹ ਸਮੂਹ ਸਸਤਾ ਈਂਧਨ ਪ੍ਰਾਪਤ ਕਰਨ ਦੇ ਯੋਗ ਹਨ ਕਿਉਂਕਿ ਈਰਾਨੀ ਸਰਕਾਰ ਆਪਣੇ ਨਾਗਰਿਕਾਂ ਨੂੰ ਰਿਆਇਤੀ ਵਾਲੀਆਂ ਦਰਾਂ ‘ਤੇ ਪੈਟਰੋਲ ਅਤੇ ਡੀਜ਼ਲ ਪ੍ਰਦਾਨ ਕਰਦੀ ਹੈ।
ਗੈਰ-ਕਾਨੂੰਨੀ ਬਾਜ਼ਾਰਾਂ ਦੀ ਨਿਗਰਾਨੀ ਰੱਖਣ ਵਾਲੀ ਗਲੋਬਲ ਇਨੀਸ਼ੀਏਟਿਵ ਅਗੇਂਸਟ ਟ੍ਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਨਾਲ ਜੁੜੇ ਪੈਡੀ ਗਿਨ ਕਹਿੰਦੇ ਹਨ, “ਸਾਡਾ ਮੰਨਣਾ ਹੈ ਕਿ ਮੁੱਖ ਤਸਕਰ ਜਾਂ ਤਾਂ ਆਈਆਰਜੀਸੀ (ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ) ਦਾ ਹਿੱਸਾ ਹਨ ਜਾਂ ਇਸ ਨਾਲ ਨੇੜਿਓਂ ਜੁੜੇ ਹੋਏ ਹਨ।”
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਦੇਸ਼, “ਬੇਸ਼ੱਕ ਅਮਰੀਕਾ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਚਣਾ ਹੈ।”
ਉਨ੍ਹਾਂ ਦਾ ਮੰਨਣਾ ਹੈ ਕਿ ਸਰਕਾਰ ਨਾਲ ਜੁੜੇ ਸਮੂਹ ਹੁਣ ਯੁੱਧ ਕਾਰਨ ਵਧੀਆਂ ਕੀਮਤਾਂ ਦਾ ਫਾਇਦਾ ਚੁੱਕਣ ਲਈ ਵੱਡੀ ਮਾਤਰਾ ਵਿੱਚ ਈਂਧਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਬੀਬੀਸੀ ਨੇ ਈਰਾਨੀ ਸਰਕਾਰ ਤੋਂ ਇਸ ਇਲਜ਼ਾਮ ‘ਤੇ ਪ੍ਰਤੀਕਿਰਿਆ ਮੰਗੀ ਕਿ ਉਹ ਈਂਧਨ ਤਸਕਰੀ ਵਿੱਚ ਸ਼ਾਮਲ ਹਨ। ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਹੈ।

‘ਜੰਗ ਸ਼ੁਰੂ ਹੋਈ ਅਤੇ ਅਸੀਂ ਬਰਬਾਦ ਹੋ ਗਏ’
ਕਈ ਤਸਕਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਪਾਕਿਸਤਾਨ ਵਿੱਚ ਕੁਝ ਅਧਿਕਾਰੀ ਅਤੇ ਸੁਰੱਖਿਆ ਬਲ ਰਿਸ਼ਵਤ ਦੇ ਬਦਲੇ ਅੱਖਾਂ ਮੀਟ ਲੈਂਦੇ ਹਨ। ਪਾਕਿਸਤਾਨੀ ਸਰਕਾਰ ਇਸ ਗੱਲ ਤੋਂ ਇਨਕਾਰ ਕਰਦੀ ਹੈ ਕਿ ਉਸਦੇ ਕਿਸੇ ਵੀ ਵਿਭਾਗ ਜਾਂ ਸੁਰੱਖਿਆ ਬਲ ਈਂਧਨ ਤਸਕਰੀ ਵਿੱਚ ਸ਼ਾਮਲ ਹਨ।
ਸਰਕਾਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਈਂਧਨ ਤਸਕਰੀ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਪਿਛਲੇ ਸਾਲ ਦੌਰਾਨ, ਸੁਰੱਖਿਆ ਬਲਾਂ ਨੇ ਲਗਭਗ 1.3 ਅਰਬ ਪਾਕਿਸਤਾਨੀ ਰੁਪਏ (ਲਗਭਗ 50 ਲੱਖ ਡਾਲਰ) ਮੁੱਲ ਦਾ ਈਂਧਨ ਜ਼ਬਤ ਕੀਤਾ ਹੈ।
ਮਜ਼ਾਰ ਦਾ ਕਹਿਣਾ ਹੈ ਕਿ ਜੰਗ ਨੇ ਉਨ੍ਹਾਂ ਦੇ ਕੰਮ ਦੀ ਲਾਗਤ ਵਿੱਚ ਵਾਧਾ ਕੀਤਾ ਹੈ।
ਉਸਨੂੰ ਹੁਣ ਤਸਕਰੀ ਕੀਤੇ ਪੈਟਰੋਲ ਲਈ ਜਿਆਦਾ ਕੀਮਤ ਅਦਾ ਕਰਨੀ ਪੈਂਦੀ ਹੈ ਪਰ ਜਿਸ ਕੀਮਤ ‘ਤੇ ਉਹ ਇਸਨੂੰ ਵੇਚਦਾ ਹੈ ਉਹ ਨਹੀਂ ਵਧੀ ਹੈ।
ਪੈਟਰੋਲ, ਭੋਜਨ ਅਤੇ ਮੋਟਰਸਾਈਕਲ ਕਿਰਾਏ ਦੀਆਂ ਲਾਗਤਾਂ ਨੂੰ ਕੱਢਣ ਤੋਂ ਬਾਅਦ, ਉਹ ਪ੍ਰਤੀ ਦਿਨ 5,000 ਰੁਪਏ ਕਮਾਉਂਦੇ ਸੀ। ਹੁਣ, ਇਹ ਘੱਟ ਕੇ 3,000 ਰੁਪਏ ਰਹਿ ਗਿਆ ਹੈ। ਹਾਲਾਂਕਿ ਇਹ ਅਜੇ ਵੀ ਪਾਕਿਸਤਾਨ ਦੀ ਘੱਟੋ-ਘੱਟ ਉਜਰਤ ਤੋਂ ਦੁੱਗਣਾ ਹੈ।
ਉਹ ਕਹਿੰਦੇ ਹਨ, “ਜੰਗ ਸ਼ੁਰੂ ਹੋਈ ਅਤੇ ਅਸੀਂ ਬਰਬਾਦ ਹੋ ਗਏ।”
ਜਿਵੇਂ ਹੀ ਮਜ਼ਾਰ ਅਤੇ ਉਸਦਾ 11 ਮੋਟਰਸਾਈਕਲ ਸਵਾਰਾਂ ਦਾ ਸਮੂਹ ਬਲੂਚਿਸਤਾਨ ਦੇ ਮਸਤੁੰਗ ਜ਼ਿਲ੍ਹੇ ਤੋਂ ਆਪਣੇ ਘਰ ਵੱਲ ਰਵਾਨਾ ਹੁੰਦਾ ਹੈ, ਉਹ ਇੱਕ ਭਿਆਨਕ ਗਰਮੀ ਵਾਲੇ ਤੂਫਾਨ ਦੀ ਲਪੇਟ ਵਿੱਚ ਆ ਜਾਂਦੇ ਹਨ। ਇਹ ਲੰਬੇ ਸਮੇਂ ਤੱਕ
ਚੱਲਣ ਵਾਲੀ ਗਰਮ ਲਹਿਰ ਹੁੰਦੀ ਹੈ, ਜਿਸ ਵਿੱਚ ਧੂੜ ਨਾਲ ਭਰੀਆਂ ਹਨੇਰੀਆਂ ਸ਼ਾਮਲ ਹੁੰਦੀਆਂ ਹਨ।
ਜਦੋਂ ਉਸ ਨੂੰ ਸੱਟ ਲੱਗਣ ਜਾਂ ਮੌਤ ਦੇ ਜੋਖਮ ਬਾਰੇ ਪੁੱਛਿਆ ਗਿਆ ਤਾਂ ਮਜ਼ਾਰ ਨੇ ਕਿਹਾ, “ਮੈਂ ਇਸ ਬਾਰੇ ਚਿੰਤਾ ਨਹੀਂ ਕਰਦਾ। ਮੈਨੂੰ ਇੱਕ ਦਿਨ ਮਰਨਾ ਹੀ ਹੈ। ਮੈਂ ਹੁਣ ਵੀ ਮਰ ਸਕਦਾ ਹਾਂ। ਕੌਣ ਜਾਣਦਾ ਹੈ? ਇਹ ਅੱਲ੍ਹਾ ਦਾ ਫੈਸਲਾ ਹੈ ਕਿ ਉਹ ਮੈਨੂੰ ਜ਼ਿੰਦਾ ਰੱਖਦਾ ਹੈ ਜਾਂ ਮੇਰੀ ਜਾਨ ਲੈਂਦਾ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


