Home rss national punjabi2ਰਾਸ਼ਟਰੀ ਖ਼ਬਰਾਂ ਸਪੇਨ ਵਿੱਚ ਖੁੱਲ੍ਹੇਆਮ ‘ਕਿਸ’ ਕਰਨਾ ਇੰਨਾ ਆਮ ਕਿਉਂ ਹੈ? ‘ਦਮਨ ਤੇ ਬਗਾਵਤ’...

ਸਪੇਨ ਵਿੱਚ ਖੁੱਲ੍ਹੇਆਮ ‘ਕਿਸ’ ਕਰਨਾ ਇੰਨਾ ਆਮ ਕਿਉਂ ਹੈ? ‘ਦਮਨ ਤੇ ਬਗਾਵਤ’ ਨੇ ਕਿਵੇਂ ਮੁੱਢ ਬੰਨ੍ਹਿਆ

8
0

Source :- BBC PUNJABI

ਸਪੇਨ ਵਿੱਚ ਜਨਤਕ ਥਾਵਾਂ ਉੱਤੇ ਪਿਆਰ ਜ਼ਾਹਰ ਕਰਨ ਦੇ ਲਈ ਚੁੰਮਣਾ ਬਹੁਤ ਆਮ ਗੱਲ ਹੈ (ਸੰਕੇਤਕ ਤਸਵੀਰ)

ਸਪੇਨ ਵਿੱਚ ਜਨਤਕ ਥਾਵਾਂ ‘ਤੇ ਲੋਕਾਂ ਦਾ ਇੱਕ-ਦੂਜੇ ਨੂੰ ‘ਕਿਸ’ ਕਰਨਾ ਰੋਜ਼ਾਨਾ ਦੀ ਗੱਲ ਹੈ। ਪਰ ਜਨਤਕ ਤੌਰ ‘ਤੇ ਪਿਆਰ ਦਾ ਇਜ਼ਹਾਰ ਕਰਨ ਬਾਰੇ ਸਪੇਨ ਦਾ ਇਹ ਸਹਿਜ ਰਵੱਈਆ ਦਮਨ ਅਤੇ ਬਗਾਵਤ ਦੇ ਇੱਕ ਹੈਰਾਨ ਕਰਨ ਵਾਲੇ ਇਤਿਹਾਸ ਵੱਲ ਇਸ਼ਾਰਾ ਕਰਦਾ ਹੈ।

ਸਪੇਨ ਵਿੱਚ ਹਰ ਪਾਸੇ ਲੋਕ ਇੱਕ-ਦੂਜੇ ਨੂੰ ‘ਕਿਸ’ ਕਰਦੇ ਨਜ਼ਰ ਆਉਂਦੇ ਹਨ। ਕਿਸੇ ਨੂੰ ਮਿਲਣ ‘ਤੇ ਦੋਵਾਂ ਗੱਲ੍ਹਾਂ ‘ਤੇ ਵਾਰੀ-ਵਾਰੀ ‘ਕਿਸ’ ਕਰਨਾ ਤਾਂ ਆਮ ਗੱਲ ਹੈ ਹੀ, ਇਸ ਤੋਂ ਇਲਾਵਾ ਪਿਆਰ ਦਾ ਇਜ਼ਹਾਰ ਕਰਨ ਵਾਲੇ ‘ਕਿਸ’ ਵੀ ਦੇਖਣ ਨੂੰ ਮਿਲਦੇ ਹਨ।

ਇੱਕ ਵਾਰ ਮੈਂ ਸ਼ਹਿਰ ਦੀ ਇੱਕ ਭੀੜ-ਭੜੱਕੇ ਵਾਲੀ ਸੜਕ ‘ਤੇ ਇੱਕ ਅੱਧਖੜ ਉਮਰ ਦੇ ਜੋੜੇ ਦੇ ਪਿੱਛੇ ਫਸ ਗਈ, ਜੋ ਰੁਕ ਕੇ ਇੱਕ-ਦੂਜੇ ਨੂੰ ‘ਕਿਸ’ ਕਰਨ ਲੱਗ ਪਏ ਸਨ। ਧੁੱਪ ਨਾਲ ਨਿੱਘੇ ਪਾਰਕਾਂ ਵਿੱਚ ਨੌਜਵਾਨਾਂ ਨੂੰ ‘ਕਿਸ’ ਕਰਦੇ ਦੇਖ ਕੇ ਮੈਨੂੰ ਪੁਰਾਣੇ ਦਿਨਾਂ ਦੀ ਯਾਦ ਆਈ।

ਸਪੇਨ ਦੇ ਵੈਲੈਂਸੀਆ ਵਿੱਚ ਲਾਸ ਫ਼ਾਇਸ ਫੈਸਟੀਵਲ ਦੌਰਾਨ ਆਤਿਸ਼ਬਾਜ਼ੀ ਵਿਚਕਾਰ ਮੈਂ ਨਸ਼ੇ ਵਿੱਚ ਧੁੱਤ ਲੋਕਾਂ ਨੂੰ ਵੀ ਇੱਕ-ਦੂਜੇ ਨਾਲ ਲਿਪਟ ਕੇ ਪਿਆਰ ਦਾ ਇਜ਼ਹਾਰ ਕਰਦੇ ਦੇਖਿਆ ਹੈ। ਇੱਥੋਂ ਤੱਕ ਕਿ ਮੇਰੀ ਅਕਾਊਂਟੈਂਟ ਵੀ ਆਪਣੀਆਂ ਈਮੇਲਾਂ ਦੇ ਅਖ਼ੀਰ ਵਿੱਚ ‘ਬੇਸੋਸ’ (ਕਿਸ) ਲਿਖਦੀ ਹੈ।

ਸਪੇਨ ਦੇ ਅਜਿਹੇ ਚੌਂਕ ਦੇਸ਼ ਵਿੱਚ ਆਮ ਜ਼ਿੰਦਗੀ ਦਾ ਕੇਂਦਰ ਹਨ

ਸਪੇਨ ਵਿੱਚ ਰਹਿੰਦਿਆਂ ਮੈਨੂੰ ਛੇ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਅਤੇ ਹੁਣ ਮੈਂ ਜਨਤਕ ਥਾਵਾਂ ‘ਤੇ ਪਿਆਰ ਦੇ ਇਜ਼ਹਾਰ ਦੇ ਇਨ੍ਹਾਂ ਤਰੀਕਿਆਂ ਦੀ ਆਦੀ ਹੋ ਗਈ ਹਾਂ।

ਪਰ ਜਦੋਂ ਮੇਰੀ ਇੱਕ ਦੋਸਤ ਜਾਪਾਨ ਦੀ ਯਾਤਰਾ ਤੋਂ ਬਾਅਦ ਵੈਲੈਂਸੀਆ ਪਰਤੀ, ਤਾਂ ਉਸ ਨੇ ਇਨ੍ਹਾਂ ਗੱਲਾਂ ਵੱਲ ਤੁਰੰਤ ਧਿਆਨ ਦਿੱਤਾ। ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਉਸ ਨੇ ਇੱਕ ਜੋੜੇ ਨੂੰ ਬੈਂਚ ‘ਤੇ ਇੱਕ-ਦੂਜੇ ਨੂੰ ਕਿਸ ਕਰਦੇ ਦੇਖਿਆ। ਅਜਿਹੇ ਦੇਸ਼ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ, ਜਿੱਥੇ ਜਨਤਕ ਥਾਵਾਂ ‘ਤੇ ਪਿਆਰ ਦਾ ਇਜ਼ਹਾਰ ਕਰਨ ਦੇ ਅਜਿਹੇ ਦ੍ਰਿਸ਼ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ, ਇਹ ਨਜ਼ਾਰਾ ਦੇਖ ਕੇ ਉਸ ਨੂੰ ਰਾਹਤ ਮਹਿਸੂਸ ਹੋਈ।

ਇਸ ਗੱਲ ਨੇ ਮੇਰੇ ਮਨ ਵਿੱਚ ਸਵਾਲ ਖੜ੍ਹਾ ਕੀਤਾ ਕਿ ਕੀ ਸਪੇਨ ਸੱਚਮੁੱਚ ਖੁੱਲ੍ਹ ਕੇ ਕਿਸ ਕਰਨ ਵਾਲਿਆਂ ਦਾ ਦੇਸ਼ ਹੈ? ਅਤੇ ਜਨਤਕ ਥਾਵਾਂ ‘ਤੇ ਪਿਆਰ ਦੇ ਇਜ਼ਹਾਰ ਦੇ ਇਹ ਦ੍ਰਿਸ਼ ਉੱਥੋਂ ਦੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਲੋਕਾਂ ਦੀ ਸੋਚ ਨੂੰ ਕਿਵੇਂ ਦਰਸਾਉਂਦੇ ਹਨ?

ਇਸ ਦੀ ਇੱਕ ਵਜ੍ਹਾ ਇਹ ਹੋ ਸਕਦੀ ਹੈ ਕਿ ਸਪੇਨ ਦੇ ਲੋਕ ਜਨਤਕ ਥਾਵਾਂ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਨ। ਦੇਸ਼ ਦੇ ਕਈ ਹਿੱਸਿਆਂ ਵਿੱਚ ਰੋਜ਼ਾਨਾ ਦੀ ਜ਼ਿੰਦਗੀ ਘਰਾਂ ਤੋਂ ਬਾਹਰ, ਭੀੜ-ਭੜੱਕੇ ਵਾਲੀਆਂ ਸੜਕਾਂ, ਕੈਫ਼ੇ ਅਤੇ ਪਾਰਕਾਂ ਵਿੱਚ ਬੀਤਦੀ ਹੈ।

ਯੂਨੀਵਰਸਿਟੀ ਆਫ਼ ਵਾਰਵਿਕ ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਸਪੇਨ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਲੋਕ ਕਿਸੇ ਨਵੇਂ ਜਾਣਕਾਰ ਨੂੰ ਮਿਲਣ ਸਮੇਂ ਇੱਕ-ਦੂਜੇ ਤੋਂ ਸਭ ਤੋਂ ਘੱਟ ਦੂਰੀ ਰੱਖਣਾ ਪਸੰਦ ਕਰਦੇ ਹਨ।

ਇਹ ਦੂਰੀ ਗ੍ਰੀਸ, ਇਟਲੀ ਅਤੇ ਪੁਰਤਗਾਲ ਨਾਲੋਂ ਵੀ ਘੱਟ ਹੈ।

ਸਪੇਨ ਦੇ ਰੌਣਕ ਭਰੇ ਚੌਕਾਂ ਵਿੱਚ ਇਹ ਰੁਝਾਨ ਸਾਫ਼ ਦਿਖਾਈ ਦਿੰਦਾ ਹੈ। ਉੱਥੇ ਖੁੱਲ੍ਹੇ ਵਿੱਚ ਬੈਠਣ ਵਾਲੀਆਂ ਥਾਵਾਂ ਅਜਿਹੇ ਦੋਸਤਾਂ ਨਾਲ ਭਰੀਆਂ ਰਹਿੰਦੀਆਂ ਹਨ, ਜੋ ਇੱਕ-ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਬੈਠਦੇ ਹਨ ਅਤੇ ਧੁੱਪ ਵਿੱਚ ਬੀਅਰ ਪੀਂਦੇ ਹਨ।

ਮੈਡਰਿਡ ਦੀ ਕੰਪਲੂਟੈਂਸ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਦੀ ਪ੍ਰੋਫੈਸਰ ਅਮਪਾਰੋ ਲਾਸੇਨ ਦਾ ਕਹਿਣਾ ਹੈ ਕਿ ਸਪੇਨ ਦੇ ਲੋਕ ਉੱਤਰੀ ਯੂਰਪ ਦੇ ਲੋਕਾਂ ਦੇ ਮੁਕਾਬਲੇ ਸਰੀਰਕ ਹਾਵ-ਭਾਵ ਰਾਹੀਂ ਆਪਣੀਆਂ ਭਾਵਨਾਵਾਂ ਵਧੇਰੇ ਜ਼ਾਹਰ ਕਰਦੇ ਹਨ।

ਉਨ੍ਹਾਂ ਨੇ ਕਿਹਾ, “ਜੇ ਤੁਸੀਂ ਇਸ ਦੀ ਤੁਲਨਾ ਨੌਰਡਿਕ ਦੇਸ਼ਾਂ ਜਾਂ ਇੰਗਲੈਂਡ ਨਾਲ ਕਰੋ, ਤਾਂ ਇਹ ਫ਼ਰਕ ਹੋਰ ਵੀ ਸਾਫ਼ ਨਜ਼ਰ ਆਉਂਦਾ ਹੈ।”

ਸਪੇਨ

ਰਿਹਾਇਸ਼ਾਂ ਦਾ ਸੰਕਟ

ਸਪੇਨ ਦੀ ਵੱਡੀ ਆਬਾਦੀ ਫਲੈਟ ਵਿੱਚ ਰਹਿੰਦੀ ਹੈ ਜਿੱਥੇ ਉਨ੍ਹਾਂ ਦੀੇ ਕੋਲ ਪ੍ਰਾਇਵਸੀ ਦੀ ਘਾਟ ਹੁੰਦੀ ਹੈ (ਸੰਕੇਤਕ ਤਸਵੀਰ)

ਹੋ ਸਕਦਾ ਹੈ ਕਿ ਸਪੇਨ ਦੇ ਲੋਕ ਦੂਜੇ ਦੇਸ਼ਾਂ ਦੇ ਲੋਕਾਂ ਨਾਲੋਂ ਵੱਧ ਪਿਆਰ ਜਤਾਉਣ ਵਾਲੇ ਨਾ ਹੋਣ, ਸਗੋਂ ਉਹ ਇਸ ਨੂੰ ਜ਼ਾਹਰ ਕਰਨ ਵਿੱਚ ਵਧੇਰੇ ਸਹਿਜ ਹੋਣ। ਜਨਤਕ ਥਾਵਾਂ ‘ਤੇ ‘ਕਿਸ’ ਕਰਨਾ ਜ਼ਰੂਰੀ ਨਹੀਂ ਕਿ ਪਿਆਰ ਜਤਾਉਣ ਦਾ ਕੋਈ ਵੱਡਾ ਤਰੀਕਾ ਹੋਵੇ। ਇਹ ਸਿਰਫ਼ ਰੋਜ਼ਾਨਾ ਦੀ ਜ਼ਿੰਦਗੀ ਦਾ ਇੱਕ ਸਵੀਕਾਰਿਆ ਹੋਇਆ ਹਿੱਸਾ ਹੈ।

ਰਹਿਣ-ਸਹਿਣ ਦੇ ਤਰੀਕੇ ਵੀ ਇਸ ਵਿੱਚ ਭੂਮਿਕਾ ਨਿਭਾ ਸਕਦੇ ਹਨ। ਸਪੇਨ ਦੀ ਲਗਭਗ 65 ਫ਼ੀਸਦੀ ਆਬਾਦੀ ਫਲੈਟਾਂ ਵਿੱਚ ਰਹਿੰਦੀ ਹੈ। ਯੂਰਪੀ ਸੰਘ ਦੇ ਦੇਸ਼ਾਂ ਵਿੱਚ ਇਹ ਸਭ ਤੋਂ ਵੱਡਾ ਅਨੁਪਾਤ ਹੈ। ਦੂਜੇ ਪਾਸੇ, ਜਾਇਦਾਦ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਨੌਜਵਾਨਾਂ ਲਈ ਆਪਣੇ ਪਰਿਵਾਰ ਦਾ ਘਰ ਛੱਡ ਕੇ ਵੱਖਰਾ ਰਹਿਣਾ ਲਗਾਤਾਰ ਮੁਸ਼ਕਲ ਹੁੰਦਾ ਜਾ ਰਿਹਾ ਹੈ।

ਸ਼ਾਇਦ ਸਪੇਨ ਵਿੱਚ ‘ਕਿਸ’ ਕਰਨ ਬਾਰੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਹੁਣ ਇਹ ਬਿਲਕੁਲ ਆਮ ਹੋ ਚੁੱਕਾ ਹੈ।

ਲਾਸੇਨ ਦਾ ਕਹਿਣਾ ਹੈ ਕਿ ਘਰਾਂ ਵਿੱਚ ਨਿੱਜਤਾ ਦੀ ਘਾਟ ਨੇੜਤਾ ਦੇ ਪਲਾਂ ਨੂੰ ਜਨਤਕ ਥਾਵਾਂ ਤੱਕ ਲੈ ਜਾ ਸਕਦੀ ਹੈ।

ਉਹ ਕਹਿੰਦੇ ਹਨ, “ਸਪੇਨ ਵਿੱਚ ਰਿਹਾਇਸ਼ ਦਾ ਸੰਕਟ ਹੈ। ਇਸ ਦਾ ਮਤਲਬ ਹੈ ਕਿ ਅਸੀਂ ਆਪਣੇ ਦੋਸਤਾਂ ਨੂੰ ਘਰਾਂ ਦੀ ਥਾਂਵੇ ਬਾਹਰ ਮਿਲਣ ਦੇ ਵਧੇਰੇ ਆਦੀ ਹੋ ਗਏ ਹਾਂ। ਅਸੀਂ ਬਾਰਾਂ ਅਤੇ ਰੈਸਟੋਰੈਂਟਾਂ ਵਿੱਚ ਜਾਂਦੇ ਹਾਂ। ਹੁਣ ਜੋੜਿਆਂ ਨੂੰ ਕੁਝ ਸਮਾਂ ਇਕੱਲੇ ਬਿਤਾਉਣ ਲਈ ਕਿਸੇ ਖਾਲੀ ਬੈਂਚ ਦੀ ਭਾਲ ਕਰਨੀ ਪੈਂਦੀ ਹੈ। ਜਾਂ ਘੱਟੋ-ਘੱਟ ਅਜਿਹੀ ਥਾਂ ਦੀ, ਜਿੱਥੇ ਉਹ ਲਗਭਗ ਇਕੱਲੇ ਹੋਣ।”

ਹਾਲਾਂਕਿ, ਲਾਸੇਨ ਦਾ ਕਹਿਣਾ ਹੈ ਕਿ ਰਿਹਾਇਸ਼ ਦਾ ਸੰਕਟ ਜਨਤਕ ਥਾਵਾਂ ‘ਤੇ ਪਿਆਰ ਦਾ ਇਜ਼ਹਾਰ ਕਰਨ ਦੀ ਅਸਲ ਵਜ੍ਹਾ ਨਹੀਂ ਹੈ।

ਇਸ ਤੋਂ ਵੀ ਵੱਧ ਅਹਿਮ ਗੱਲ ਇਸ ਮਾਮਲੇ ਵਿੱਚ ਸਪੇਨ ਦੇ ਲੋਕਾਂ ਦਾ ਸਹਿਜ ਰਵੱਈਆ ਹੈ।

ਉਹ ਦੱਸਦੇ ਹਨ, “ਜੇ ਕੋਈ ਤੁਹਾਨੂੰ ਘੂਰ ਕੇ ਨਹੀਂ ਦੇਖਦਾ ਜਾਂ ਫਿਰ ਤੁਹਾਨੂੰ ਇਸ ਦੀ ਪਰਵਾਹ ਹੀ ਨਹੀਂ ਹੁੰਦੀ, ਤਾਂ ਇਹੀ ਉਹ ਗੱਲ ਹੈ ਜੋ ਜਨਤਕ ਥਾਵਾਂ ‘ਤੇ ਇਸ ਤਰ੍ਹਾਂ ਪਿਆਰ ਦਾ ਇਜ਼ਹਾਰ ਕਰਨਾ ਆਸਾਨ ਬਣਾਉਂਦੀ ਹੈ।”

28 ਸਾਲਾ ਇਸਾਬੇਲ ਨੀਏਤੋ ਤੂਸ ਤਿੰਨ ਸਾਲ ਪਹਿਲਾਂ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਆਪਣੇ ਮਾਪਿਆਂ ਦੇ ਘਰ ਵਾਪਸ ਆ ਗਈ ਸੀ। ਉਹ ਜਾਣਦੀ ਹੈ ਕਿ ਨਿੱਜਤਾ ਦੀ ਘਾਟ ਵਿੱਚ ਕਿਸੇ ਨਾਲ ਡੇਟਿੰਗ ਕਰਨਾ ਕਿੰਨਾ ਅਸਹਿਜ ਹੋ ਸਕਦਾ ਹੈ।

ਉਨ੍ਹਾਂ ਨੇ ਦੱਸਿਆ, “ਮੈਂ ਆਪਣੇ ਮਾਪਿਆਂ ਨੂੰ ਇਹ ਨਹੀਂ ਦੱਸਣਾ ਚਾਹੁੰਦੀ ਸੀ ਕਿ ਮੈਂ ਕਿਸੇ ਦੇ ਘਰ ਰੁਕ ਰਹੀ ਹਾਂ, ਕਿਉਂਕਿ ਇਹ ਥੋੜ੍ਹਾ ਅਜੀਬ ਲੱਗਦਾ। ਇਸ ਲਈ ਮੈਂ ਕਹਿ ਦਿੰਦੀ ਸੀ ਕਿ ਮੈਂ ਕਿਸੇ ਦੋਸਤ ਦੇ ਘਰ ਰੁਕ ਰਹੀ ਹਾਂ।”

ਜਾਪਾਨ, ਫਰਾਂਸ, ਜਰਮਨੀ ਅਤੇ ਟਿਊਨੀਸ਼ੀਆ ਵਿੱਚ ਰਹਿ ਚੁੱਕੀ ਤੂਸ ਦਾ ਮੰਨਣਾ ਹੈ ਕਿ ਸਪੇਨ ਵਿੱਚ ਡੇਟਿੰਗ ਕਰਨ ਦਾ ਤਰੀਕਾ ਵੱਖਰਾ ਹੈ।

ਉਨ੍ਹਾਂ ਮੁਤਾਬਕ ਸ਼ੁਰੂ ਤੋਂ ਹੀ ਲੋਕਾਂ ਵਿਚਕਾਰ ਇੱਕ ਸਹਿਜ ਗਰਮਜੋਸ਼ੀ ਹੁੰਦੀ ਹੈ।

ਉਨ੍ਹਾਂ ਨੇ ਕਿਹਾ, “ਲੋਕ ਬਹੁਤ ਜਲਦੀ ਇੱਕ-ਦੂਜੇ ਦੇ ਨੇੜੇ ਆ ਜਾਂਦੇ ਹਨ ਅਤੇ ਸਰੀਰਕ ਤੌਰ ‘ਤੇ ਵੀ ਸਹਿਜ ਮਹਿਸੂਸ ਕਰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਕਿਸੇ ਅਜਿਹੇ ਰਿਸ਼ਤੇ ਵਿੱਚ ਹੋਵੋ, ਜਿਸ ਦੀ ਕੋਈ ਸਪੱਸ਼ਟ ਪਰਿਭਾਸ਼ਾ ਨਾ ਹੋਵੇ। ਤੁਸੀਂ ਉਸ ਵਿਅਕਤੀ ਨੂੰ ਸਿਰਫ਼ ਦੋ ਵਾਰ ਮਿਲੇ ਹੋਵੋ ਅਤੇ ਪਹਿਲਾਂ ਹੀ ਜਨਤਕ ਥਾਵਾਂ ‘ਤੇ ਉਸ ਦਾ ਹੱਥ ਫੜਨਾ ਸ਼ੁਰੂ ਕਰ ਦਿੱਤਾ ਹੋਵੇ ਅਤੇ ਉਸ ਦੇ ਕਾਫ਼ੀ ਨੇੜੇ ਆ ਗਏ ਹੋਵੋ।”

ਉਹ ਅੱਗੇ ਕਹਿੰਦੇ ਹਨ, “ਮੈਨੂੰ ਲੱਗਦਾ ਹੈ ਕਿ ਆਮ ਤੌਰ ‘ਤੇ ਜਨਤਕ ਥਾਵਾਂ ‘ਤੇ ਕਿਸ ਕਰਨਾ ਪੂਰੀ ਤਰ੍ਹਾਂ ਸਵੀਕਾਰਯੋਗ ਹੈ। ਘਰ ਦੇ ਅੰਦਰ ਅਤੇ ਬਾਹਰ ਦੇ ਵਿਵਹਾਰ ਵਿੱਚ ਕੋਈ ਫ਼ਰਕ ਨਹੀਂ ਕੀਤਾ ਜਾਂਦਾ। ਲੋਕ ਨਿੱਜੀ ਥਾਵਾਂ ‘ਤੇ ਵੀ ਉਸੇ ਤਰ੍ਹਾਂ ਵਿਹਾਰ ਕਰਦੇ ਹਨ, ਜਿਵੇਂ ਜਨਤਕ ਥਾਵਾਂ ‘ਤੇ।”

ਜਦੋਂ ਜਨਤਕ ਥਾਵਾਂ ‘ਤੇ ਰੱਖੀ ਜਾਂਦੀ ਸੀ ਨਿਗਰਾਨੀ

ਪੂਰੇ ਸਪੇਨ ਵਿੱਚ ਲੋਕਾਂ ਨੂੰ ਜਨਤਕ ਥਾਵਾਂ ਉੱਤੇ ਪਿਆਰ ਦਾ ਇਜ਼ਹਾਰ ਕਰਦਿਆਂ ਵੇਖਿਆ ਜਾ ਸਕਦਾ ਹੈ

ਸਪੇਨ ਵਿੱਚ ਇੱਕ ਸਮਾਂ ਅਜਿਹਾ ਵੀ ਸੀ, ਜਦੋਂ ਇਹ ਸਭ ਆਮ ਨਹੀਂ ਸੀ।

ਫ੍ਰਾਂਸਿਸਕੋ ਫ੍ਰੈਂਕੋ ਦੀ ਤਾਨਾਸ਼ਾਹੀ (1939-1975) ਦੌਰਾਨ ਰੂੜ੍ਹੀਵਾਦੀ ਕੈਥੋਲਿਕ ਕਦਰਾਂ-ਕੀਮਤਾਂ ਅਤੇ ਸਖ਼ਤ ਕਾਨੂੰਨਾਂ ਰਾਹੀਂ ਜਨਤਕ ਵਿਵਹਾਰ ਤੈਅ ਕੀਤਾ ਜਾਂਦਾ ਸੀ।

ਸਮਲਿੰਗਤਾ ਨੂੰ ਅਪਰਾਧ ਮੰਨਿਆ ਜਾਂਦਾ ਸੀ ਅਤੇ ਜਨਤਕ ਥਾਵਾਂ ‘ਤੇ ਪਿਆਰ ਦਾ ਇਜ਼ਹਾਰ ਕਰਨ ਵਾਲਿਆਂ ‘ਤੇ ਵੀ ਨਿਗਰਾਨੀ ਰੱਖੀ ਜਾਂਦੀ ਸੀ।

ਜਨਤਕ ਥਾਵਾਂ ‘ਤੇ ਕਿਸ ਕਰਨ ਲਈ ਜੋੜਿਆਂ ਨੂੰ ਜੁਰਮਾਨਾ ਤੱਕ ਲਗਾਇਆ ਜਾ ਸਕਦਾ ਸੀ।

1975 ਵਿੱਚ ਫ੍ਰੈਂਕੋ ਦੀ ਮੌਤ ਤੋਂ ਬਾਅਦ ਸਪੇਨ ਵਿੱਚ ਸੱਭਿਆਚਾਰਕ ਬਦਲਾਅ ਆਇਆ।

ਮੈਡਰਿਡ ਵਿੱਚ ‘ਲਾ ਮੋਵਿਦਾ ਮਾਦ੍ਰਿਲੇਨਾ’ ਦੇ ਨਾਂ ਨਾਲ ਮਸ਼ਹੂਰ ਅੰਦੋਲਨ ਨੇ ਆਜ਼ਾਦੀ ਅਤੇ ਆਪਣੇ ਆਪ ਨੂੰ ਪ੍ਰਗਟਾਉਣ ਦੇ ਅਧਿਕਾਰ ਦਾ ਜਸ਼ਨ ਮਨਾਇਆ।

ਪੇਦਰੋ ਅਲਮੋਦੋਵਾਰ ਵਰਗੇ ਫ਼ਿਲਮਕਾਰਾਂ ਨੇ ਅਤੀਤ ਦੀਆਂ ਰੂੜ੍ਹੀਵਾਦੀ ਕਦਰਾਂ-ਕੀਮਤਾਂ ਨੂੰ ਚੁਣੌਤੀ ਦਿੱਤੀ। ਜਿਵੇਂ-ਜਿਵੇਂ ਇਹ ਅੰਦੋਲਨ ਅੱਗੇ ਵਧਿਆ, ਜਨਤਕ ਜੀਵਨ ਵਿੱਚ ਪਿਆਰ ਦਾ ਇਜ਼ਹਾਰ ਵਧੇਰੇ ਦਿਖਾਈ ਦੇਣ ਲੱਗਾ।

ਪਰ ਇਹ ਵੱਡਾ ਬਦਲਾਅ ਆਪਣੇ ਆਪ ਨਹੀਂ ਆਇਆ ਸੀ। ਐਲਜੀਬੀਟੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਾਰਕੁਨ ਦਹਾਕਿਆਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਨ੍ਹਾਂ ਨੇ ਵਧੇਰੇ ਖੁੱਲ੍ਹੇ ਸਮਾਜ ਦਾ ਰਾਹ ਤਿਆਰ ਕੀਤਾ ਸੀ।

ਅਜਿਹਾ ਹੀ ਇੱਕ ਅਹਿਮ ਵਿਰੋਧ ਪ੍ਰਦਰਸ਼ਨ 23 ਫਰਵਰੀ 1987 ਨੂੰ ਮੈਡਰਿਡ ਵਿੱਚ ਹੋਇਆ ਸੀ। ਇਸ ਤੋਂ ਇੱਕ ਸਾਲ ਪਹਿਲਾਂ ਦੋ ਔਰਤਾਂ ਨੂੰ ਮੈਡਰਿਡ ਦੇ ਪੁਰੇਤਾ ਦੇਲ ਸੋਲ ਵਿੱਚ ਇੱਕ-ਦੂਜੇ ਨੂੰ ਕਿਸ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਨੂੰ ‘ਐਸਕਾਂਦਾਲੋ ਪੁਬਲੀਕੋ’ (ਜਨਤਕ ਥਾਵਾਂ ‘ਤੇ ਗੜਬੜੀ) ਕਾਨੂੰਨ ਤਹਿਤ ਦੋ ਦਿਨਾਂ ਤੱਕ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਸੀ।

ਉਨ੍ਹਾਂ ਦੀ ਹਿਰਾਸਤ ਤੋਂ ਬਾਅਦ ਕਾਰਕੁਨਾਂ ਨੇ ਇਸ ਮਾਮਲੇ ਵੱਲ ਧਿਆਨ ਖਿੱਚਣ ਲਈ ਵੱਡੇ ਪੱਧਰ ‘ਤੇ ਕਿਸ ਪ੍ਰਦਰਸ਼ਨ ਕਰਵਾਇਆ।

ਉਸ ਸਾਲ ਤੋਂ ਲੈ ਕੇ 1990 ਦੇ ਦਹਾਕੇ ਤੱਕ ਮੈਡਰਿਡ ਵਿੱਚ ਹੋਣ ਵਾਲੀ ਹਰ ਪ੍ਰਾਈਡ ਪਰੇਡ ਦਾ ਸਮਾਪਨ ਪੁਰੇਤਾ ਦੇਲ ਸੋਲ ਵਿੱਚ ਕਿਸ ਕਰਕੇ ਹੁੰਦਾ ਸੀ। ਸੜਕ ‘ਤੇ ਇੱਕ-ਦੂਜੇ ਨੂੰ ਚੁੰਮਣਾ ਸ਼ਾਂਤਮਈ ਵਿਰੋਧ ਦਾ ਇੱਕ ਤਾਕਤਵਰ ਤਰੀਕਾ ਬਣ ਗਿਆ ਸੀ। ਸਾਲ 1988 ਵਿੱਚ ਜਨਤਕ ਉਪਦ੍ਰਵ ਜਾਂ ਗੜਬੜੀ ਨਾਲ ਜੁੜੇ ਅਪਰਾਧ ਨੂੰ ਵੀ ਖ਼ਤਮ ਕਰ ਦਿੱਤਾ ਗਿਆ।

ਸਪੇਨ ਵਿੱਚ ਖੁੱਲ੍ਹਾ ਸਮਾਜ

ਸਪੇਨ ਵਿੱਚ ਬਜ਼ੁਰਗਾਂ ਨੂੰ ਵੀ ਜਨਤਕ ਥਾਵਾਂ ਉੱਤੇ 'ਕਿਸ' ਕਰਦਿਆਂ ਦੇਖਿਆ ਜਾ ਸਕਦਾ ਹੈ (ਸੰਕੇਤਕ ਤਸਵੀਰ)

ਅੱਜ ਸਪੇਨ ਵਿੱਚ ਜਨਤਕ ਥਾਵਾਂ ‘ਤੇ ਪਿਆਰ ਦਾ ਇਜ਼ਹਾਰ ਕਰਨ ਦੇ ਦ੍ਰਿਸ਼ ਹਰ ਪਾਸੇ ਦੇਖੇ ਜਾ ਸਕਦੇ ਹਨ, ਪਰ ਇਸ ਆਜ਼ਾਦੀ ਦਾ ਤਜਰਬਾ ਹਰ ਕਿਸੇ ਲਈ ਇੱਕੋ ਜਿਹਾ ਨਹੀਂ ਹੁੰਦਾ।

ਲਾਸੇਨ ਮੁਤਾਬਕ, ਜਨਤਕ ਬੈਂਚ ‘ਤੇ ਇੱਕ-ਦੂਜੇ ਨੂੰ ਚੁੰਮ ਰਹੇ ਕਿਸੇ ਬਜ਼ੁਰਗ ਜੋੜੇ ਵੱਲ ਲੋਕਾਂ ਦਾ ਵੱਧ ਧਿਆਨ ਜਾ ਸਕਦਾ ਹੈ, ਜਦਕਿ ਸਮਲਿੰਗੀ ਜੋੜਿਆਂ ਨੂੰ ਵਧੇਰੇ ਨਿਗਰਾਨੀ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਉਹ ਕਹਿੰਦੀ ਹੈ, “ਹਰ ਕੋਈ ਆਪਣੇ ਰਿਸ਼ਤੇ ਨੂੰ ਜਨਤਕ ਤੌਰ ‘ਤੇ ਜ਼ਾਹਰ ਕਰਨ ਵਿੱਚ ਇੱਕੋ ਜਿਹਾ ਸਹਿਜ ਮਹਿਸੂਸ ਨਹੀਂ ਕਰਦਾ।”

ਵੈਲੈਂਸੀਆ ਵਿੱਚ ਵਿਆਹਾਂ ਦੀ ਫੋਟੋਗ੍ਰਾਫ਼ਰ ਰਹਿ ਚੁੱਕੀ ਪਾਉਲਾ ਫੁਰਿਓ ਲਈ ਕਿਸ ਬਹੁਤ ਵੱਡੀ ਚੀਜ਼ ਦਾ ਪ੍ਰਤੀਕ ਹੈ।

ਉਹ ਕਹਿੰਦੀ ਹੈ, “ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ, ਪਰ ਆਮ ਤੌਰ ‘ਤੇ ਸਪੇਨ ਦਾ ਸਮਾਜ ਬਹੁਤ ਖੁੱਲ੍ਹਾ ਹੈ। ਚੁੰਮਣਾ ਤਾਂ ਸਿਰਫ਼ ਸ਼ੁਰੂਆਤ ਹੈ। ਇਸ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਸਪੇਨ ਵਿੱਚ ਤੁਹਾਨੂੰ ਕਿੰਨੀ ਆਜ਼ਾਦੀ ਮਿਲ ਸਕਦੀ ਹੈ। ਇਹ ਆਜ਼ਾਦੀ ਦਾ ਇਜ਼ਹਾਰ ਹੈ।”

ਇਸ ਨਾਲ ਮੈਨੂੰ ਜਾਪਾਨ ਤੋਂ ਵਾਪਸ ਆਈ ਆਪਣੀ ਦੋਸਤ ਦੀ ਯਾਦ ਆਈ ਅਤੇ ਇਹ ਵੀ ਯਾਦ ਆਇਆ ਕਿ ਬੈਂਚ ‘ਤੇ ਇੱਕ ਜੋੜੇ ਨੂੰ ਚੁੰਮਦੇ ਦੇਖ ਕੇ ਉਸ ਨੂੰ ਕਿੰਨੀ ਰਾਹਤ ਮਹਿਸੂਸ ਹੋਈ ਸੀ।

ਸ਼ਾਇਦ ਉਹ ਸਿਰਫ਼ ਘਰ ਪਰਤ ਕੇ ਹੀ ਖ਼ੁਸ਼ ਨਹੀਂ ਸੀ, ਸਗੋਂ ਅਜਿਹੇ ਦੇਸ਼ ਵਿੱਚ ਵਾਪਸ ਆ ਕੇ ਵੀ ਖ਼ੁਸ਼ ਸੀ, ਜਿੱਥੇ ਦਿਖਾਵੇ ਵਾਲੇ ਸ਼ਿਸ਼ਟਾਚਾਰ ਨਾਲੋਂ ਸਹਿਜ ਅਤੇ ਸੱਚੇ ਵਿਵਹਾਰ ਨੂੰ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ।

ਸ਼ਾਇਦ ਸਪੇਨ ਵਿੱਚ ਕਿਸ ਕਰਨ ਬਾਰੇ ਸਭ ਤੋਂ ਅਹਿਮ ਗੱਲ ਇਹੀ ਹੈ ਕਿ ਹੁਣ ਇਹ ਬਿਲਕੁਲ ਆਮ ਹੋ ਚੁੱਕਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI