Home rss national punjabi2ਰਾਸ਼ਟਰੀ ਖ਼ਬਰਾਂ ‘ਮੇਰੇ ਮਾਪਿਆਂ ਨੇ ਇਕੱਠੇ ਮਰਨ ਦਾ ਫ਼ੈਸਲਾ ਕੀਤਾ, ਮੈ ਦੁੱਖ ਸਹਿਣ ਲਈ...

‘ਮੇਰੇ ਮਾਪਿਆਂ ਨੇ ਇਕੱਠੇ ਮਰਨ ਦਾ ਫ਼ੈਸਲਾ ਕੀਤਾ, ਮੈ ਦੁੱਖ ਸਹਿਣ ਲਈ ਇਕੱਲਾ ਰਹਿ ਗਿਆ’, ਆਖ਼ਰ ਮਾਪਿਆਂ ਨੇ ਇਕਲੌਤੇ ਪੁੱਤ ਨੂੰ ਛੱਡ ਇੱਛਾ ਮੌਤ ਕਿਉਂ ਚੁਣੀ

3
0

Source :- BBC PUNJABI

1994 ਵਿੱਚ ਬਾਸ ਆਪਣੇ ਮਾਪਿਆਂ ਐਲਸ ਅਤੇ ਯਾਨ ਨਾਲ

ਇਸ ਲੇਖ ਵਿੱਚ ਕੁਝ ਅਜਿਹੀਆਂ ਗੱਲਾਂ ਹਨ, ਜੋ ਕੁਝ ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ।

ਜੂਨ 2024 ਦੀ ਇੱਕ ਸਵੇਰ, ਬਾਸ ਆਪਣੀ ਕਾਰ ਲੈ ਕੇ ਉੱਤਰੀ ਨੀਦਰਲੈਂਡ ਦੇ ਇੱਕ ਮਰੀਨਾ (ਕਿਸ਼ਤੀਆਂ ਖੜ੍ਹੀਆਂ ਕਰਨ ਦੀ ਜਗ੍ਹਾ) ਪਹੁੰਚਿਆ। ਉੱਥੇ ਉਸ ਦੇ ਮਾਪਿਆਂ ਦੀ ਕੈਂਪਰ ਵੈਨ ਧੁੱਪ ਵਿੱਚ ਖੜ੍ਹੀ ਸੀ।

ਉਸ ਦੇ ਪਿਤਾ ਯਾਨ ਅਤੇ ਮਾਂ ਐਲਸ ਨੇ ਆਪਣੀ ਵਿਆਹੁਤਾ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਪਾਣੀ ਵਿੱਚ ਬਿਤਾਇਆ ਸੀ।

ਹੁਣ ਉਹ 70 ਸਾਲ ਤੋਂ ਵੱਧ ਉਮਰ ਦੇ ਹੋ ਚੁੱਕੇ ਸਨ ਅਤੇ ਹਾਊਸਬੋਟ ਦੀ ਦੇਖਭਾਲ ਕਰਨੀ ਉਨ੍ਹਾਂ ਲਈ ਮੁਸ਼ਕਲ ਹੋ ਗਈ ਸੀ। ਇਸ ਲਈ ਉਨ੍ਹਾਂ ਨੇ ਆਪਣੀ ਕੈਂਪਰ ਵੈਨ ਯਾਟ ਅਤੇ ਛੋਟੀਆਂ ਕਿਸ਼ਤੀਆਂ ਦੇ ਨੇੜੇ ਖੜ੍ਹੀ ਕਰ ਲਈ ਸੀ। ਇਹ ਉਨ੍ਹਾਂ ਲਈ ਅਗਲਾ ਸਭ ਤੋਂ ਵਧੀਆ ਬਦਲ ਸੀ।

ਯਾਨ ਅਤੇ ਐਲਸ ਆਪਣੇ ਪੁੱਤਰ ਦੀ ਕਾਰ ਵਿੱਚ ਬੈਠ ਗਏ। ਬਾਸ ਨੇ ਇੰਜਣ ਚਾਲੂ ਕੀਤਾ। ਇਹ ਆਖ਼ਰੀ ਵਾਰ ਸੀ, ਜਦੋਂ ਉਹ ਆਪਣੇ ਮਾਪਿਆਂ ਨੂੰ ਕਿਤੇ ਲੈ ਕੇ ਜਾ ਰਿਹਾ ਸੀ।

ਯਾਨ ਅਤੇ ਐਲਸ ਲਈ ਵੀ ਇਹ ਆਖ਼ਰੀ ਸਫ਼ਰ ਸੀ। ਉਹ ਸਥਾਨਕ ਹੌਸਪਿਸ (ਗੰਭੀਰ ਰੂਪ ਵਿੱਚ ਬਿਮਾਰ ਲੋਕਾਂ ਦੀ ਦੇਖਭਾਲ ਕਰਨ ਵਾਲੇ ਕੇਂਦਰ) ਜਾ ਰਹੇ ਸਨ।

ਉਸ ਸਵੇਰ 10:30 ਵਜੇ ਡਾਕਟਰ ਉਨ੍ਹਾਂ ਨੂੰ ਜਾਨਲੇਵਾ ਦਵਾਈ ਦੇਣ ਵਾਲੇ ਸਨ, ਜਿਸ ਨਾਲ ਦੋਵਾਂ ਦੀ ਇੱਕੋ ਸਮੇਂ ਮੌਤ ਹੋ ਜਾਣੀ ਸੀ। ਨੀਦਰਲੈਂਡ ਵਿੱਚ ਇਸ ਨੂੰ ‘ਡੂਓ-ਇਊਥਨੇਸ਼ੀਆ’ ਕਿਹਾ ਜਾਂਦਾ ਹੈ।

ਇਹ ਕਾਨੂੰਨੀ ਹੈ ਅਤੇ ਬਹੁਤ ਘੱਟ ਹੁੰਦਾ ਹੈ, ਪਰ ਹਰ ਸਾਲ ਨੀਦਰਲੈਂਡ ਵਿੱਚ ਕਈ ਲੋਕ ਇਸ ਤਰ੍ਹਾਂ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਕਰ ਰਹੇ ਹਨ।

ਹੌਸਪਿਸ ਵਿੱਚ ਆਪਣੀ ਆਖ਼ਰੀ ਮੁਲਾਕਾਤ ਤੋਂ ਤਿੰਨ ਦਿਨ ਪਹਿਲਾਂ ਯਾਨ ਅਤੇ ਐਲਸ ਨੇ ਆਪਣੀ ਕੈਂਪਰ ਵੈਨ ਵਿੱਚ ਬੀਬੀਸੀ ਨੂੰ ਇੰਟਰਵਿਊ ਦਿੱਤੀ ਸੀ। ਯਾਨ ਲਗਾਤਾਰ ਦਰਦ ਵਿੱਚ ਰਹਿੰਦੇ ਸਨ। ਇਸ ਦਾ ਕਾਰਨ ਨੀਦਰਲੈਂਡ ਦੇ ਅੰਦਰੂਨੀ ਜਲ ਮਾਰਗਾਂ ‘ਤੇ ਸਾਲਾਂ ਤੱਕ ਮਾਲ ਢੋਣ ਦਾ ਕੰਮ ਸੀ।

ਉੱਥੇ ਹੀ, ਐਲਸ ਨੂੰ ਡਿਮੈਂਸ਼ੀਆ (ਯਾਦਦਾਸ਼ਤ ਗੁਆਉਣ ਦੀ ਬਿਮਾਰੀ) ਹੋਣ ਦਾ ਪਤਾ ਲੱਗਾ ਸੀ। ਉਨ੍ਹਾਂ ਦੀ ਕਹਾਣੀ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਅਤੇ ਇਸ ‘ਤੇ ਲੋਕਾਂ ਨੇ ਆਪਣੀ ਰਾਏ ਵੀ ਦਿੱਤੀ।

ਹੁਣ, ਦੋ ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ, ਇਸ ਜੋੜੇ ਦੀ ਇਕਲੌਤੀ ਔਲਾਦ ਨੇ ਦੱਸਿਆ ਹੈ ਕਿ ਕਿਵੇਂ ਉਸ ਨੇ ਆਪਣੇ ਮਾਪਿਆਂ ਨੂੰ ਆਪਣੀ ਮੌਤ ਦਾ ਫ਼ੈਸਲਾ ਟਾਲਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਜਦਕਿ ਉਹ ਉਨ੍ਹਾਂ ਦੇ ਜ਼ਿੰਦਗੀ ਖ਼ਤਮ ਕਰਨ ਦੇ ਫ਼ੈਸਲੇ ਦਾ ਸਨਮਾਨ ਵੀ ਕਰ ਰਿਹਾ ਸੀ।

ਉਸ ਨੇ ਦੱਸਿਆ ਕਿ ਮਾਪਿਆਂ ਦੇ ਇਸ ਫ਼ੈਸਲੇ ਦਾ ਉਸ ‘ਤੇ ਕਿੰਨਾ ਭਾਵਨਾਤਮਕ ਬੋਝ ਪਿਆ ਅਤੇ ਇਸ ਤੋਂ ਬਾਅਦ ਉਸ ਨੂੰ ਕਿੰਨੀ ਡੂੰਘੀ ਇਕੱਲਤਾ ਵਿੱਚੋਂ ਲੰਘਣਾ ਪਿਆ।

ਹੌਸਪਿਸ ਤੱਕ ਦਾ ਆਖ਼ਰੀ ਸਫ਼ਰ

ਐਲਸ ਅਤੇ ਯਾਨ

ਬਾਸ ਨੇ ਹੌਸਪਿਸ ਤੱਕ ਜਾਣ ਲਈ ਇੱਕ ਖ਼ੂਬਸੂਰਤ ਰਸਤਾ ਚੁਣਿਆ ਸੀ। ਇਸ ਰਸਤੇ ਵਿੱਚ ਫ਼ਰੀਜ਼ਲੈਂਡ ਦੇ ਹਰੇ-ਭਰੇ ਮੈਦਾਨ ਅਤੇ ਨਹਿਰਾਂ ਪੈਂਦੀਆਂ ਸਨ।

ਬਾਸ ਕਹਿੰਦੇ ਹਨ, “ਮੈਨੂੰ ਅੱਜ ਵੀ ਉਹ ਪੂਰਾ ਸਫ਼ਰ ਯਾਦ ਹੈ।” ਉਨ੍ਹਾਂ ਦੀ ਮਾਂ ਪਿਛਲੀ ਸੀਟ ‘ਤੇ ਬੈਠੀ ਸੀ ਅਤੇ ਪਿਤਾ ਉਨ੍ਹਾਂ ਦੇ ਨਾਲ ਸਨ। ਸ਼ੁਰੂ ਵਿੱਚ ਤਿੰਨਾਂ ਨੇ ਆਪਸ ਵਿੱਚ ਗੱਲਾਂ ਕੀਤੀਆਂ। ਐਲਸ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਇੱਛਾ ਮੌਤ ਚੁਣਨ ਦੇ ਫ਼ੈਸਲੇ ‘ਤੇ ਪੂਰੀ ਤਰ੍ਹਾਂ ਅਡੋਲ ਲੱਗ ਰਹੀ ਸੀ।

ਬਾਸ ਕਹਿੰਦੇ ਹਨ, “ਮੇਰੀ ਮਾਂ ਇਸ ਫ਼ੈਸਲੇ ਨੂੰ ਲੈ ਕੇ ਪੂਰੀ ਤਰ੍ਹਾਂ ਨਿਸ਼ਚਿਤ ਸੀ। ਉਸ ਨੂੰ ਕੋਈ ਸ਼ੱਕ ਨਹੀਂ ਸੀ। ਪਰ ਮੇਰੇ ਪਿਤਾ ਥੋੜ੍ਹੇ ਭਾਵੁਕ ਸਨ।”

ਯਾਨ ਨੇ ਆਪਣੇ ਪੁੱਤਰ ਤੋਂ ਪੁੱਛਿਆ ਕਿ ਕੀ ਉਹ ਸਹੀ ਫ਼ੈਸਲਾ ਲੈ ਰਹੇ ਹਨ। ਇਹ ਸੁਣ ਕੇ ਬਾਸ ਹੈਰਾਨ ਰਹਿ ਗਏ। ਉਨ੍ਹਾਂ ਨੂੰ ਲੱਗਿਆ ਸੀ ਕਿ ਸ਼ਾਇਦ ਉਨ੍ਹਾਂ ਦੀ ਮਾਂ ਦੇ ਮਨ ਵਿੱਚ ਆਖ਼ਰੀ ਸਮੇਂ ਕੋਈ ਸ਼ੱਕ ਪੈਦਾ ਹੋਵੇਗਾ।

ਉਹ ਕਹਿੰਦੇ ਹਨ, “ਮੇਰੀ ਮਾਂ ਨੂੰ ਹਮੇਸ਼ਾ ਤੋਂ ਜ਼ਿੰਦਗੀ ਬਹੁਤ ਪਸੰਦ ਸੀ। ਮੈਨੂੰ ਯਾਦ ਹੈ, ਉਸ ਨੇ ਇੱਕ ਵਾਰ ਕਿਹਾ ਸੀ, ‘ਮੈਂ 80 ਜਾਂ ਸ਼ਾਇਦ 90 ਸਾਲ ਤੱਕ ਜਿਊਣਾ ਚਾਹਾਂਗੀ।'”

ਪਰ ਉਨ੍ਹਾਂ ਦੇ ਪਿਤਾ ਕਈ ਸਾਲਾਂ ਤੋਂ ਦਰਦ ਝੱਲ ਰਹੇ ਸਨ ਅਤੇ ਇਸੇ ਕਾਰਨ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇੱਛਾ ਮੌਤ ਬਾਰੇ ਗੱਲ ਕਰ ਰਹੇ ਸਨ।

ਐਲਸ ਅਤੇ ਯਾਨ

ਕਾਰ ਵਿੱਚ ਬਾਸ ਨੇ ਆਪਣੇ ਪਿਤਾ ਨੂੰ ਭਰੋਸਾ ਦਿਵਾਇਆ ਕਿ ਉਹ ਸਹੀ ਫ਼ੈਸਲਾ ਲੈ ਰਹੇ ਹਨ। ਯਾਨ ਦੇ ਸ਼ਾਂਤ ਹੋਣ ਤੋਂ ਬਾਅਦ ਤਿੰਨੇ ਬਿਨਾਂ ਕੁਝ ਬੋਲੇ ਸਫ਼ਰ ਕਰਨ ਲੱਗੇ। ਉਹ ਸੰਗੀਤ ਸੁਣਦੇ ਰਹੇ ਅਤੇ ਖਿੜਕੀ ਤੋਂ ਬਾਹਰ ਲੰਘਦੇ ਨਜ਼ਾਰਿਆਂ ਨੂੰ ਦੇਖਦੇ ਰਹੇ।

ਇਸ ਸਫ਼ਰ ਰਾਹੀਂ ਕੁਝ ਮਹੀਨੇ ਪਹਿਲਾਂ ਬਾਸ ਨੇ ਆਪਣੇ ਮਾਪਿਆਂ ਨੂੰ ਆਪਣੀ ਮੌਤ ਦਾ ਫ਼ੈਸਲਾ ਟਾਲਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਸੀ।

ਬਾਸ ਕਹਿੰਦੇ ਹਨ, “ਮੈਂ ਉਨ੍ਹਾਂ ਨੂੰ ਕੁਝ ਹੋਰ ਸਮਾਂ ਜਿਊਂਦੇ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਕਿ ਉਹ ਅਜਿਹਾ ਕਿਉਂ ਨਹੀਂ ਕਰਦੇ ਕਿ ਸਰਦੀਆਂ ਤੱਕ ਜਾਂ ਅਗਲੇ ਸਾਲ ਤੱਕ ਉਡੀਕ ਕਰ ਲੈਣ?”

ਬਾਸ ਖ਼ੁਦ ਵੀ ਦੁਚਿੱਤੀ ਵਿੱਚ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਮਾਪਿਆਂ ਦਾ ਇੱਛਾ ਮੌਤ ਮੰਗਣ ਦਾ ਫ਼ੈਸਲਾ ਸਹੀ ਹੈ, ਪਰ ਉਹ ਉਨ੍ਹਾਂ ਨੂੰ ਗੁਆਉਣਾ ਨਹੀਂ ਚਾਹੁੰਦੇ ਸਨ।

ਉਹ ਕਹਿੰਦੇ ਹਨ, “ਮੇਰੇ ਪਿਤਾ 10 ਤੋਂ 15 ਸਾਲਾਂ ਤੋਂ ਇਸ ਹਾਲਤ ਵਿੱਚ ਸਨ। ਸ਼ਾਇਦ ਉਹ ਕੁਝ ਹੋਰ ਸਾਲ ਇਸੇ ਤਰ੍ਹਾਂ ਬਿਤਾ ਸਕਦੇ ਸਨ। ਪਰ ਮੈਨੂੰ ਲੱਗਦਾ ਸੀ ਕਿ ਜੇ ਅਸੀਂ ਇੱਕ ਸਾਲ ਹੋਰ ਉਡੀਕ ਕਰਦੇ, ਤਾਂ ਮੇਰੀ ਮਾਂ ਦੀ ਹਾਲਤ ਵਿਗੜਨ ਲੱਗ ਪੈਂਦੀ।”

ਜੇ ਐਲਸ ਇੱਛਾ ਮੌਤ ਲਈ ਅਰਜ਼ੀ ਦੇਣ ਵਿੱਚ ਦੇਰੀ ਕਰਦੀ, ਤਾਂ ਉਨ੍ਹਾਂ ਦਾ ਅਲਜ਼ਾਈਮਰ ਵਧਣ ਦਾ ਖ਼ਤਰਾ ਸੀ। ਅਜਿਹਾ ਹੋਣ ‘ਤੇ ਹੋ ਸਕਦਾ ਸੀ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਲੈਣ ਦੇ ਯੋਗ ਨਾ ਮੰਨਿਆ ਜਾਂਦਾ।

ਹੌਸਪਿਸ ਵਿੱਚ ਆਖ਼ਰੀ ਮੁਲਾਕਾਤ

ਬਾਸ ਨੇ ਕਾਰ ਪਾਰਕ ਕਰਨ ਲਈ ਜਗ੍ਹਾ ਲੱਭ ਲਈ।

ਉਨ੍ਹਾਂ ਦੇ ਪਿਤਾ ਨੇ ਕਾਰ ਨੂੰ ਅਲਵਿਦਾ ਕਿਹਾ। ਬਾਸ ਦੀ ਕਾਰ ਉਨ੍ਹਾਂ ਨੂੰ ਪਸੰਦ ਸੀ। ਉਨ੍ਹਾਂ ਨੇ ਕਿਹਾ, “ਬਹੁਤ ਵਧੀਆ” ਅਤੇ “ਧੰਨਵਾਦ”।

ਬਾਸ ਕਹਿੰਦੇ ਹਨ, “ਇਸ ਤੋਂ ਬਾਅਦ ਅਸੀਂ ਅੰਦਰ ਗਏ। ਜ਼ਰਾ ਸੋਚੋ, ਉਨ੍ਹਾਂ ਲਈ ਇਹ ਸਭ ਕਿਹੋ ਜਿਹਾ ਰਿਹਾ ਹੋਵੇਗਾ। ਖ਼ੁਦ ਨੂੰ ਉਨ੍ਹਾਂ ਦੀ ਥਾਂ ਰੱਖ ਕੇ ਦੇਖੋ। ਇਹ ਸਫ਼ਰ ਅਤੇ ਫਿਰ ਅੰਦਰ ਤੱਕ ਪੈਦਲ ਜਾਣਾ। ਇਹ ਸਭ ਕੁਝ ਇੰਨਾ ਅਵਿਸ਼ਵਾਸਯੋਗ ਲੱਗਦਾ ਹੈ।”

ਅਗਲੇ ਦੋ ਘੰਟਿਆਂ ਤੱਕ ਪਰਿਵਾਰਕ ਮੈਂਬਰ ਅਤੇ ਦੋਸਤ ਆਉਂਦੇ-ਜਾਂਦੇ ਰਹੇ। ਉਨ੍ਹਾਂ ਨੇ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਸੰਗੀਤ ਸੁਣਿਆ। ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਬਾਸ ਦੇ ਮਨ ਵਿੱਚ ਸਭ ਕੁਝ ਰੋਕ ਦੇਣ ਦਾ ਖ਼ਿਆਲ ਆਇਆ।

ਉਹ ਕਹਿੰਦੇ ਹਨ, “ਮੇਰੇ ਮਨ ਵਿੱਚ ਆਇਆ ਕਿ ਠੀਕ ਹੈ, ਚਲੋ ਇੱਥੋਂ ਚੱਲਦੇ ਹਾਂ। ਕਾਰ ਵਿੱਚ ਬੈਠਦੇ ਹਾਂ ਅਤੇ ਇੱਥੋਂ ਨਿਕਲ ਜਾਂਦੇ ਹਾਂ। ਪਰ ਮੈਂ ਅਜਿਹੀ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ ਸੀ, ਜਿਸ ਨਾਲ ਉਨ੍ਹਾਂ ਦੇ ਮਨ ਵਿੱਚ ਕੋਈ ਦੁਚਿੱਤੀ ਪੈਦਾ ਹੋਵੇ। ਮੈਂ ਇੱਛਾ ਮੌਤ ਦੀ ਪੂਰੀ ਪ੍ਰਕਿਰਿਆ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ ਸੀ।

“ਮੈਨੂੰ ਲੱਗਿਆ ਕਿ ਸਾਰਿਆਂ ਨੂੰ ਸ਼ਾਂਤ ਰੱਖਣਾ ਅਤੇ ਇਸ ਸਮੇਂ ਦੀ ਵਰਤੋਂ ਇੱਕ-ਦੂਜੇ ਨੂੰ ਅਲਵਿਦਾ ਕਹਿਣ ਲਈ ਕਰਨਾ ਹੀ ਬਿਹਤਰ ਹੋਵੇਗਾ।”

ਸਵੇਰੇ ਕਰੀਬ 10:30 ਵਜੇ ਡਾਕਟਰ ਪਹੁੰਚੇ। ਉਨ੍ਹਾਂ ਨੇ ਯਾਨ ਅਤੇ ਐਲਸ ਨੂੰ ਜਾਨਲੇਵਾ ਦਵਾਈ ਦਾ ਟੀਕਾ ਲਗਾਇਆ। ਦੋਵੇਂ ਹਸਪਤਾਲ ਦੇ ਬਿਸਤਰਿਆਂ ‘ਤੇ ਇੱਕ-ਦੂਜੇ ਦੇ ਨਾਲ ਲੇਟੇ ਹੋਏ ਸਨ। ਆਖ਼ਰੀ ਪਲਾਂ ਵਿੱਚ ਬੇਹੋਸ਼ ਹੋਣ ਤੋਂ ਪਹਿਲਾਂ ਬਾਸ ਨੇ ਆਪਣੇ ਮਾਪਿਆਂ ਵਿਚਕਾਰ ਪਿਆਰ ਅਤੇ ਆਪਸੀ ਸਾਂਝ ਦੇਖੀ।

ਉਹ ਕਹਿੰਦੇ ਹਨ, “ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਸ਼ਾਇਦ ਤਿੰਨ-ਚਾਰ ਵਾਰ ਹੀ ਹੱਥ ਵਿੱਚ ਹੱਥ ਪਾ ਕੇ ਤੁਰਦਿਆਂ ਦੇਖਿਆ ਸੀ। ਪਰ ਉਸ ਸਮੇਂ ਉਹ ਦੋਵੇਂ ਹੱਥਾਂ ਵਿੱਚ ਹੱਥ ਪਾ ਕੇ ਲੇਟੇ ਹੋਏ ਸਨ। ਇਹ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਾ ਕਿ ਉਹ ਸੱਚਮੁੱਚ ਇਹ ਸਭ ਕੁਝ ਇਕੱਠਿਆਂ ਕਰ ਰਹੇ ਸਨ।”

ਬਾਸ ਦੱਸਦੇ ਹਨ ਕਿ ਮਾਪਿਆਂ ਦੇ ਸਾਹ ਰੁਕਣ ਤੋਂ ਬਾਅਦ ਦਾ ਪਹਿਲਾ ਅੱਧਾ ਘੰਟਾ ਉਨ੍ਹਾਂ ਲਈ “ਇੱਕ ਤੱਥ ਵਰਗਾ” ਸੀ। ਯਾਨਿ ਹੁਣ ਉਹ ਜ਼ਿੰਦਾ ਨਹੀਂ ਰਹੇ ਸਨ।

ਉਹ ਕਹਿੰਦੇ ਹਨ, “ਫਿਰ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਅਸਲ ਵਿੱਚ ਕੀ ਹੋ ਚੁੱਕਾ ਹੈ। ਉਸ ਅਹਿਸਾਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਨਾਮੁਮਕਿਨ ਹੈ।”

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਭਾਵਨਾਤਮਕ ਪਰੇਸ਼ਾਨੀ ਵਿੱਚੋਂ ਲੰਘ ਰਿਹਾ ਹੈ, ਤਾਂ Worldwide Befrienders ਰਾਹੀਂ ਮਦਦ ਲੈ ਸਕਦੇ ਹੋ।

ਯਾਨ ਅਤੇ ਬਾਸ

ਹੌਸਪਿਸ ਵਿੱਚ ਬਾਸ ਨੂੰ ਡੂੰਘੇ ਦੁੱਖ ਦਾ ਅਹਿਸਾਸ ਹੋਇਆ। ਉਨ੍ਹਾਂ ਨੂੰ ਬਹੁਤ ਇਕੱਲਾਪਣ ਮਹਿਸੂਸ ਹੋਣ ਲੱਗਾ।

ਉਹ ਕਹਿੰਦੇ ਹਨ, “ਕਿਸੇ ਆਪਣੇ ਨੂੰ ਗੁਆਉਣ ਦਾ ਦੁੱਖ ਬਹੁਤ, ਬਹੁਤ ਡੂੰਘਾ ਹੁੰਦਾ ਹੈ। ਮੇਰਾ ਕੋਈ ਭਰਾ ਜਾਂ ਭੈਣ ਵੀ ਨਹੀਂ ਹੈ। ਮੈਨੂੰ ਸੱਚਮੁੱਚ ਬਹੁਤ ਇਕੱਲਾਪਣ ਮਹਿਸੂਸ ਹੋਇਆ।”

ਜੇਕਰ ਅਸੀਂ ਮਾਪਿਆਂ ਨਾਲ ਵੱਡੇ ਹੋਏ ਹਾਂ, ਤਾਂ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਤੋਂ ਬਾਅਦ ਅਸੀਂ ਦੂਜੇ ਨਾਲ ਆਪਣੀਆਂ ਯਾਦਾਂ ਅਤੇ ਦੁੱਖ ਸਾਂਝੇ ਕਰ ਸਕਦੇ ਹਾਂ। ਇਹ ਕਿਸੇ ਆਪਣੇ ਨੂੰ ਗੁਆਉਣ ਤੋਂ ਬਾਅਦ ਦੁੱਖ ਵਿੱਚੋਂ ਉਭਰਨ ਦੀ ਪ੍ਰਕਿਰਿਆ ਦਾ ਇੱਕ ਹਿੱਸਾ ਹੁੰਦਾ ਹੈ। ਪਰ ਯਾਨ ਅਤੇ ਐਲਸ ਦੋਵੇਂ ਹੀ ਦੁਨੀਆ ਤੋਂ ਜਾ ਚੁੱਕੇ ਸਨ।

ਬਾਸ ਯਾਦ ਕਰਦੇ ਹਨ, “ਅਜਿਹਾ ਲੱਗਿਆ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਗਈ ਹੋਵੇ।”

ਉਨ੍ਹਾਂ ਦਾ ਦੁੱਖ ਸਰੀਰਕ ਤੌਰ ‘ਤੇ ਵੀ ਮਹਿਸੂਸ ਹੋਇਆ। ਚਾਰ-ਪੰਜ ਹਫ਼ਤਿਆਂ ਤੱਕ ਉਨ੍ਹਾਂ ਦੀ ਤਬੀਅਤ ਖ਼ਰਾਬ ਰਹੀ ਅਤੇ ਸਰੀਰ ਵਿੱਚ ਦਰਦ ਹੁੰਦਾ ਰਿਹਾ।

ਉਹ ਕਹਿੰਦੇ ਹਨ, “ਮੈਂ ਦੂਜਿਆਂ ਨੂੰ ਅਜਿਹਾ ਕਰਨ ਦੀ ਸਲਾਹ ਨਹੀਂ ਦੇਵਾਂਗਾ। ਸ਼ਾਇਦ ਇਸ ਬਾਰੇ ਨਤੀਜਾ ਕੱਢਣਾ ਥੋੜ੍ਹਾ ਮੁਸ਼ਕਲ ਹੈ। ਹੋ ਸਕਦਾ ਹੈ ਕਿ ਮੇਰੇ ਮਾਪਿਆਂ ਲਈ ਇਹ ਸਭ ਤੋਂ ਵਧੀਆ ਵਿਕਲਪ ਰਿਹਾ ਹੋਵੇ, ਪਰ ਇੱਕੋ ਸਮੇਂ ਦੋਵਾਂ ਨੂੰ ਗੁਆਉਣ ਦਾ ਮੇਰੇ ‘ਤੇ ਬਹੁਤ ਡੂੰਘਾ ਅਸਰ ਪਿਆ।”

ਪਰਿਵਾਰ ਦੀ ਐਲਬਮ ਦੇ ਇੱਕ ਪੰਨੇ 'ਤੇ ਲੱਗੀਆਂ ਤਸਵੀਰਾਂ ਵਿੱਚ ਬਾਸ ਆਪਣੀ ਮਾਂ ਨਾਲ ਕਿਸ਼ਤੀਆਂ ਦੀਆਂ ਦੌੜਾਂ ਦੇਖਦੇ ਅਤੇ ਘਰ ਵਿੱਚ ਆਪਣੀ ਉੱਚੀ ਕੁਰਸੀ 'ਤੇ ਬੈਠ ਕੇ ਖਾਣਾ ਖਾਂਦੇ ਨਜ਼ਰ ਆ ਰਹੇ ਹਨ।

ਕੀ ਯਾਨ ਅਤੇ ਐਲਸ ਨੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਬਹੁਤ ਜਲਦੀ ਕਰ ਲਿਆ?

ਨੀਦਰਲੈਂਡ ਵਿੱਚ ਇੱਛਾ ਮੌਤ ਲਈ ਅਰਜ਼ੀ ਦੇਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ, ਖ਼ਾਸ ਕਰਕੇ ਐਲਸ ਵਾਂਗ ਡਿਮੈਂਸ਼ੀਆ ਨਾਲ ਜੂਝ ਰਹੇ ਲੋਕਾਂ ਲਈ, ਜ਼ਿੰਦਗੀ ਖ਼ਤਮ ਕਰਨ ਦਾ ਸਹੀ ਸਮਾਂ ਚੁਣਨਾ ਮੁਸ਼ਕਲ ਹੋ ਸਕਦਾ ਹੈ।

  • 2024 ਵਿੱਚ ਨੀਦਰਲੈਂਡ ਵਿੱਚ 9,958 ਲੋਕਾਂ ਨੇ ਇੱਛਾ ਮੌਤ ਰਾਹੀਂ ਆਪਣੀ ਜ਼ਿੰਦਗੀ ਖ਼ਤਮ ਕੀਤੀ।
  • ਇਨ੍ਹਾਂ ਵਿੱਚੋਂ 427 ਲੋਕ ਡਿਮੈਂਸ਼ੀਆ ਤੋਂ ਪੀੜਤ ਸਨ। ਛੇ ਲੋਕਾਂ ਨੂੰ ਡਿਮੈਂਸ਼ੀਆ ਗੰਭੀਰ ਪੜਾਅ ਵਿੱਚ ਸੀ।
  • ਉਸੇ ਸਾਲ 108 ਲੋਕਾਂ ਨੇ ਜੋੜਿਆਂ ਦੇ ਰੂਪ ਵਿੱਚ ਇੱਛਾ ਮੌਤ ਚੁਣੀ। ਯਾਨੀ 54 ਜੋੜਿਆਂ ਨੇ ਅਜਿਹਾ ਕੀਤਾ।

ਸਰੋਤ: ਰੀਜਨਲ ਯੂਥਨੇਸ਼ੀਆ ਰਿਵਿਊ ਕਮੇਟੀਜ਼

ਇੱਛਾ ਮੌਤ ਦੀ ਇਜਾਜ਼ਤ ਹਾਸਲ ਕਰਨ ਲਈ ਲੋਕਾਂ ਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਉਹ ਅਸਹਿਣਯੋਗ ਤਕਲੀਫ਼ ਵਿੱਚੋਂ ਲੰਘ ਰਹੇ ਹਨ। ਇਸ ਦੇ ਨਾਲ ਹੀ ਡਾਕਟਰਾਂ ਨੂੰ ਇਹ ਵੀ ਯਕੀਨੀ ਬਣਾਉਣਾ ਹੁੰਦਾ ਹੈ ਕਿ ਉਨ੍ਹਾਂ ਵਿੱਚ ਖ਼ੁਦ ਇਹ ਫ਼ੈਸਲਾ ਲੈਣ ਦੀ ਸਮਰੱਥਾ ਅਜੇ ਵੀ ਮੌਜੂਦ ਹੈ ਕਿ ਉਹ ਆਪਣੀ ਜ਼ਿੰਦਗੀ ਖ਼ਤਮ ਕਰਨਾ ਚਾਹੁੰਦੇ ਹਨ।

ਰੌਟਰਡੈਮ ਦੇ ਇਰਾਸਮਸ ਮੈਡੀਕਲ ਸੈਂਟਰ ਵਿੱਚ ਬਜ਼ੁਰਗਾਂ ਦੇ ਇਲਾਜ ਦੀ ਮਾਹਿਰ ਅਤੇ ਨੈਤਿਕਤਾ ਦੀ ਜਾਣਕਾਰ ਡਾਕਟਰ ਰੋਜ਼ਮਾਰੀਨ ਵਾਨ ਬਰੂਖੇਮ ਦੱਸਦੀ ਹੈ ਕਿ ਇਸ ਕਾਰਨ ਇੱਛਾ ਮੌਤ ਬਾਰੇ ਸੋਚ ਰਹੇ ਡਿਮੈਂਸ਼ੀਆ ਦੇ ਮਰੀਜ਼ਾਂ ਨੂੰ ਕਾਫ਼ੀ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ।

ਉਹ ਕਹਿੰਦੀ ਹੈ, “ਉਹ ਸੋਚਦੇ ਹਨ… ਇਸ ਸਮੇਂ ਮੇਰੇ ਵਿੱਚ ਇਹ ਫ਼ੈਸਲਾ ਲੈਣ ਦੀ ਸਮਰੱਥਾ ਹੈ, ਪਰ ਅਜੇ ਬਹੁਤ ਜਲਦੀ ਹੋਵੇਗੀ। ਪਰ ਹੋ ਸਕਦਾ ਹੈ ਕਿ ਅਗਲੇ ਮਹੀਨੇ ਤੱਕ ਬਹੁਤ ਦੇਰ ਹੋ ਜਾਵੇ। ਤਾਂ ਮੈਂ ਕਿਵੇਂ ਤੈਅ ਕਰਾਂ ਕਿ ਮੈਨੂੰ ਇਹ ਪ੍ਰਕਿਰਿਆ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਮੈਂ ਤੈਅ ਸ਼ਰਤਾਂ ਪੂਰੀਆਂ ਕਰਦਾ ਹਾਂ ਜਾਂ ਨਹੀਂ ਅਤੇ ਮੈਨੂੰ ਇੱਛਾ ਮੌਤ ਮਿਲ ਸਕਦੀ ਹੈ ਜਾਂ ਨਹੀਂ? ਅਤੇ ਜੇ ਮੈਂ ਬਹੁਤ ਜ਼ਿਆਦਾ ਉਡੀਕ ਕਰ ਲਈ, ਤਾਂ ਕਿਤੇ ਅਜਿਹਾ ਨਾ ਹੋਵੇ ਕਿ ਸਹੀ ਸਮਾਂ ਹੀ ਲੰਘ ਜਾਵੇ?”

ਡਾਕਟਰ ਵਾਨ ਬਰੂਖੇਮ ਕਹਿੰਦੀ ਹੈ ਕਿ ਨੀਦਰਲੈਂਡ ਵਿੱਚ ਇੱਛਾ ਮੌਤ ਕਾਨੂੰਨੀ ਹੋਣ ਕਾਰਨ ਹੀ ਉਨ੍ਹਾਂ ਦੇ ਮਰੀਜ਼ ਇਸ ਤਰ੍ਹਾਂ ਦੀ ਚਿੰਤਾ ਵਿੱਚੋਂ ਲੰਘਦੇ ਹਨ। ਉਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਡਿਮੈਂਸ਼ੀਆ ਦੀ ਗੰਭੀਰ ਅਵਸਥਾ ਵਾਲੇ ਮਾਮਲਿਆਂ ਵਿੱਚ ਇੱਛਾ ਮੌਤ ਦੀ ਇਜਾਜ਼ਤ ਮਿਲਣਾ ਬਹੁਤ ਘੱਟ ਹੁੰਦਾ ਹੈ।

ਦੂਜੇ ਪਾਸੇ, ਬ੍ਰਿਟੇਨ ਵਰਗੇ ਦੇਸ਼ਾਂ ਵਿੱਚ, ਜਿੱਥੇ ਇੱਛਾ ਮੌਤ ਦੀ ਇਜਾਜ਼ਤ ਨਹੀਂ ਹੈ, ਡਿਮੈਂਸ਼ੀਆ ਤੋਂ ਪੀੜਤ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਆਮ ਤੌਰ ‘ਤੇ ਉਨ੍ਹਾਂ ਨੂੰ ਜ਼ਿੰਦਗੀ ਅਤੇ ਮੌਤ ਨਾਲ ਜੁੜੇ ਅਜਿਹੇ ਬਦਲਾਂ ਵਿੱਚੋਂ ਚੋਣ ਨਹੀਂ ਕਰਨੀ ਪੈਂਦੀ, ਜਿਵੇਂ ਐਲਸ ਨੂੰ ਕਰਨੀ ਪਈ।

2024 ਵਿੱਚ ਐਲਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਹ ਅਤੇ ਉਨ੍ਹਾਂ ਦੇ ਪਤੀ ਹੋਰ ਉਡੀਕ ਨਹੀਂ ਕਰ ਸਕਦੇ ਸਨ, ਕਿਉਂਕਿ ਇਸ ਗੱਲ ਦਾ ਖ਼ਤਰਾ ਸੀ ਕਿ ਉਨ੍ਹਾਂ ਦਾ ਅਲਜ਼ਾਈਮਰ ਵਧ ਸਕਦਾ ਹੈ। ਯਾਨ ਵੀ ਐਲਸ ਦੇ ਨਾਲ ਹੀ ਆਪਣੀ ਜ਼ਿੰਦਗੀ ਖ਼ਤਮ ਕਰਨ ਦੇ ਫ਼ੈਸਲੇ ‘ਤੇ ਅਡੋਲ ਸਨ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ ਸੀ ਕਿ ਸ਼ਾਇਦ ਉਹ ਕੁਝ ਜਲਦੀ ਜਾ ਰਹੇ ਸਨ, ਪਰ ਉਹ ਆਪਣੀ ਜ਼ਿੰਦਗੀ ਜੀ ਚੁੱਕੇ ਸਨ। ਉਨ੍ਹਾਂ ਦੀ ਜ਼ਿੰਦਗੀ ਪੂਰੀ ਹੋ ਚੁੱਕੀ ਸੀ।

ਕੀ ਸਾਰੀਆਂ ਗੱਲਾਂ ਕਹਿ ਦਿੱਤੀਆਂ ਗਈਆਂ ਸਨ?

1985 ਦੀਆਂ ਗਰਮੀਆਂ ਦੇ ਨਾਂ ਵਾਲੀ ਐਲਬਮ ਦੇ ਇੱਕ ਪੰਨੇ 'ਤੇ ਲੱਗੀਆਂ ਤਸਵੀਰਾਂ ਵਿੱਚ ਬਾਸ ਆਪਣੇ ਪਿਤਾ ਨਾਲ ਕਿਸ਼ਤੀਆਂ ਵਿੱਚ ਅਤੇ ਪਾਣੀ ਦੇ ਕੰਢੇ ਖੇਡਦੇ ਨਜ਼ਰ ਆ ਰਹੇ ਹਨ

ਯਾਨ ਅਤੇ ਐਲਸ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਸਨ ਕਿ ਜ਼ਿੰਦਗੀ ਖ਼ਤਮ ਕਰਨ ਦੇ ਉਨ੍ਹਾਂ ਦੇ ਫ਼ੈਸਲੇ ਦਾ ਉਨ੍ਹਾਂ ਦੇ ਪੁੱਤਰ ‘ਤੇ ਕਿੰਨਾ ਬੋਝ ਪਵੇਗਾ।

ਇੱਛਾ ਮੌਤ ਦੀ ਪ੍ਰਕਿਰਿਆ ਦੌਰਾਨ ਬਾਸ ਆਪਣੇ ਮਾਪਿਆਂ ਨਾਲ ਉਨ੍ਹਾਂ ਸਾਰੀਆਂ ਮੁਲਾਕਾਤਾਂ ਵਿੱਚ ਮੌਜੂਦ ਰਹੇ, ਜੋ ਉਨ੍ਹਾਂ ਨੇ ਵੱਖ-ਵੱਖ ਡਾਕਟਰਾਂ ਨਾਲ ਕੀਤੀਆਂ ਸਨ। ਪਰਿਵਾਰ ਵਿੱਚ ਇਸ ਬਾਰੇ ਖੁੱਲ੍ਹ ਕੇ ਗੱਲਬਾਤ ਹੁੰਦੀ ਸੀ।

ਅਕਸਰ ਕਿਸੇ ਆਪਣੇ ਦੀ ਮੌਤ ਤੋਂ ਬਾਅਦ ਸਾਨੂੰ ਇਸ ਗੱਲ ਦਾ ਅਫ਼ਸੋਸ ਰਹਿ ਜਾਂਦਾ ਹੈ ਕਿ ਅਸੀਂ ਉਨ੍ਹਾਂ ਨੂੰ ਕੁਝ ਕਹਿ ਨਹੀਂ ਸਕੇ। ਪਰ ਬਾਸ ਨਾਲ ਅਜਿਹਾ ਨਹੀਂ ਹੋਇਆ। ਸੋਮਵਾਰ, 3 ਜੂਨ ਨੂੰ ਹੌਸਪਿਸ ਵਿੱਚ ਮਾਪਿਆਂ ਦੀ ਤੈਅ ਮੁਲਾਕਾਤ ਤੋਂ ਦੋ ਦਿਨ ਪਹਿਲਾਂ ਉਨ੍ਹਾਂ ਨੇ ਦੋਵਾਂ ਨੂੰ ਇੱਕ ਚਿੱਠੀ ਲਿਖੀ।

ਬਾਸ ਕਹਿੰਦੇ ਹਨ, “ਉਹ ਕਰੀਬ ਅੱਠ ਪੰਨਿਆਂ ਦੀ ਚਿੱਠੀ ਸੀ। ਸ਼ਨੀਵਾਰ ਦੇਰ ਰਾਤ, ਯਾਨੀ ਉਸ ਦਿਨ ਤੋਂ ਦੋ ਦਿਨ ਪਹਿਲਾਂ, ਮੈਂ ਕੈਂਪਰ ਵੈਨ ਵਿੱਚ ਗਿਆ। ਮੈਂ ਉਨ੍ਹਾਂ ਨੂੰ ਪੂਰੀ ਚਿੱਠੀ ਪੜ੍ਹ ਕੇ ਸੁਣਾਈ। ਇਸ ਵਿੱਚ ਸਾਡੀ ਜ਼ਿੰਦਗੀ ਬਾਰੇ ਗੱਲਾਂ ਸਨ ਅਤੇ ਮੈਂ ਉਨ੍ਹਾਂ ਵੱਲੋਂ ਮੇਰੇ ਲਈ ਕੀਤੀਆਂ ਸਾਰੀਆਂ ਚੀਜ਼ਾਂ ਲਈ ਧੰਨਵਾਦ ਕੀਤਾ।”

ਯਾਨ ਅਤੇ ਐਲਸ ਇਹ ਚਿੱਠੀ ਸੁਣ ਕੇ ਭਾਵੁਕ ਹੋ ਗਏ। ਉਹ ਆਮ ਤੌਰ ‘ਤੇ ਇੱਕ-ਦੂਜੇ ਪ੍ਰਤੀ ਵੀ ਲੋਕਾਂ ਦੇ ਸਾਹਮਣੇ ਪਿਆਰ ਦਾ ਇਜ਼ਹਾਰ ਨਹੀਂ ਕਰਦੇ ਸਨ ਅਤੇ ਆਪਣੇ ਪੁੱਤਰ ਨਾਲ ਵੀ ਉਨ੍ਹਾਂ ਦਾ ਵਿਹਾਰ ਕੁਝ ਅਜਿਹਾ ਹੀ ਸੀ।

ਬਾਸ ਕਹਿੰਦੇ ਹਨ, “ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਨੂੰ ਪਿਆਰ ਕਰਦੇ ਹਨ, ਪਰ ਉਹ ਇਹ ਪਿਆਰ ਆਪਣੇ ਕੰਮਾਂ ਰਾਹੀਂ ਦਿਖਾਉਂਦੇ ਹਨ। ਉਹ ਇਸ ਬਾਰੇ ਕਹਿੰਦੇ ਨਹੀਂ ਹਨ ਅਤੇ ਨਾ ਹੀ ਗਲੇ ਲਗਾਉਂਦੇ ਹਨ। ਜਦੋਂ ਮੇਰੀ ਮਾਂ ਨੂੰ ਡਿਮੈਂਸ਼ੀਆ ਹੋਇਆ, ਤਾਂ ਉਹ ਮੈਨੂੰ ਗਲੇ ਲਗਾਉਣ ਲੱਗ ਪਈ ਸੀ, ਪਰ ਮੇਰੇ ਪਿਤਾ ਨੇ ਕਦੇ ਅਜਿਹਾ ਨਹੀਂ ਕੀਤਾ। ਮੈਨੂੰ ਉਨ੍ਹਾਂ ਤੋਂ ਕਦੇ ਗਲੇ ਮਿਲਣ ਦਾ ਮੌਕਾ ਨਹੀਂ ਮਿਲਿਆ।”

ਪਰ ਉਸ ਆਖ਼ਰੀ ਸ਼ਨੀਵਾਰ ਦੀ ਰਾਤ ਕੈਂਪਰ ਵੈਨ ਵਿੱਚ ਇਹ ਸਭ ਬਦਲ ਗਿਆ। ਯਾਨ ਨੇ ਬਾਸ ਨੂੰ ਗਲੇ ਲਗਾਇਆ।

ਬਾਸ ਕਹਿੰਦੇ ਹਨ, “ਉਨ੍ਹਾਂ ਨੇ ਚਿੱਠੀ ਪੜ੍ਹਨ ਤੋਂ ਬਾਅਦ ਅਜਿਹਾ ਕੀਤਾ। ਸ਼ਾਇਦ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਪਲਾਂ ਵਿੱਚੋਂ ਇੱਕ ਸੀ। ਉਸ ਸਮੇਂ ਸਭ ਕੁਝ ਕਹਿ ਦਿੱਤਾ ਗਿਆ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI