Home rss national punjabi2ਰਾਸ਼ਟਰੀ ਖ਼ਬਰਾਂ ਸਾਫ਼-ਸੁਥਰੇ ਜਪਾਨ ‘ਚ ਆਖ਼ਰ ਜਨਤਕ ਥਾਵਾਂ ‘ਤੇ ਕੂੜੇਦਾਨ ਲੱਭਣਾ ਇੰਨਾ ਮੁਸ਼ਕਿਲ ਕਿਉਂ...

ਸਾਫ਼-ਸੁਥਰੇ ਜਪਾਨ ‘ਚ ਆਖ਼ਰ ਜਨਤਕ ਥਾਵਾਂ ‘ਤੇ ਕੂੜੇਦਾਨ ਲੱਭਣਾ ਇੰਨਾ ਮੁਸ਼ਕਿਲ ਕਿਉਂ ਹੈ

6
0

Source :- BBC PUNJABI

ਇੱਕ ਬੱਚਾ ਕੂੜੇਦਾਨ ਵਿੱਚ ਕੂੜਾ ਸੁੱਟਦਾ ਹੋਇਆ

1995 ਦੇ ਇੱਕ ਜਾਨਲੇਵਾ ਹਮਲੇ ਤੋਂ ਲੈ ਕੇ ਸਮਾਜ ਵਿੱਚ ਡੂੰਘੀਆਂ ਜੜ੍ਹਾਂ ਬਣਾ ਚੁੱਕੀਆਂ ਆਦਤਾਂ ਤੱਕ, ਜਪਾਨ ਵਿੱਚ ਕੂੜੇਦਾਨਾਂ ਦੀ ਕਮੀ ਦੇ ਪਿੱਛੇ ਦੀ ਕਹਾਣੀ ਪਹਿਲੀ ਨਜ਼ਰ ਵਿੱਚ ਜਿੰਨੀ ਸੌਖੀ ਲੱਗਦੀ ਹੈ, ਅਸਲ ਵਿੱਚ ਉਸ ਤੋਂ ਕਿਤੇ ਜ਼ਿਆਦਾ ਗੁੰਝਲਦਾਰ ਹੈ।

ਜੇਕਰ ਤੁਸੀਂ ਟੋਕੀਓ ਵਿੱਚ ਇੱਕ ਦਿਨ ਕਿਤੇ ਘੁੰਮਣ ਜਾਂਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਖਾਲੀ ਕੌਫੀ ਦਾ ਕੱਪ, ਐੱਗ ਸੈਂਡਵਿਚ ਦਾ ਰੈਪਰ ਨਾਲ ਲੈ ਕੇ ਕੂੜੇਦਾਨ ਨੂੰ ਲੱਭਣ ਦੀ ਜੱਦੋਜਹਿਦ ਕਰਨੀ ਪਵੇ।

ਜਪਾਨ ਨੂੰ ਇੱਕ ਅਜਿਹੇ ਦੇਸ਼ ਵਜੋਂ ਜਾਣਿਆ ਜਾਂਦਾ ਹੈ ਜੋ ਸਾਫ-ਸਫਾਈ ਨੂੰ ਬਹੁਤ ਅਹਿਮੀਅਤ ਦਿੰਦਾ ਹੈ। ਫਿਰ ਇੱਥੇ ਕੂੜਾ ਸੁੱਟਣ ਲਈ ਕਿਤੇ ਥਾਂ ਕਿਉਂ ਨਹੀਂ ਮਿਲਦੀ ?

ਇਹ ਸਮੱਸਿਆ ਜਪਾਨ ਆਉਣ ਵਾਲੇ ਸੈਲਾਨੀਆਂ ਲਈ ਆਮ ਹੈ। ਇਸੇ ਕਾਰਨ ਸੋਸ਼ਲ ਮੀਡੀਆ ‘ਤੇ ਅਜਿਹੀਆਂ ਅਣਗਿਣਤ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਹੈਰਾਨ-ਪਰੇਸ਼ਾਨ ਸੈਲਾਨੀ ਬਿਲਕੁਲ ਸਾਫ਼-ਸੁਥਰੀਆਂ ਸੜਕਾਂ ‘ਤੇ ਕੂੜੇਦਾਨ ਲੱਭਦੇ ਨਜ਼ਰ ਆਉਂਦੇ ਹਨ।

ਪਰ ਇਸ ਦਾ ਜਵਾਬ ਪਹਿਲੀ ਨਜ਼ਰ ਵਿੱਚ ਜਿੰਨਾ ਸੌਖਾ ਲੱਗਦਾ ਹੈ, ਅਸਲ ਵਿੱਚ ਓਨਾ ਹੈ ਨਹੀਂ।

ਜਪਾਨ ‘ਚ ਕੂੜੇਦਾਨਾਂ ਦੀ ਘਾਟ ਕਿਉਂ?

ਜਪਾਨ

ਵਿਲੀਅਮਜ਼ ਕਾਲਜ ਵਿੱਚ ਇਤਿਹਾਸ ਦੀ ਪ੍ਰੋਫੈਸਰ ਅਤੇ ‘ਵੇਸਟ: ਕਨਜ਼ਿਊਮਿੰਗ ਪੋਸਟਵਾਰ ਜਪਾਨ’ ਕਿਤਾਬ ਦੀ ਲੇਖਿਕਾ ਏਕੋ ਮਾਰੂਕੋ ਸੀਨੀਆਵੇਰ ਕਹਿੰਦੇ ਹਨ, “ਇਹ ਇਤਿਹਾਸਕ ਘਟਨਾਵਾਂ, ਆਰਥਿਕ ਵਰਤਾਰਿਆਂ, ਸਿਆਸੀ ਘਟਨਾਵਾਂ ਅਤੇ ਇਨ੍ਹਾਂ ਕਾਰਕਾਂ ਦੇ ਲੋਕਾਂ ਦੇ ਵਿਹਾਰ ‘ਤੇ ਪਏ ਵੱਖ-ਵੱਖ ਪ੍ਰਭਾਵਾਂ ਦਾ ਇੱਕ ਗੁੰਝਲਦਾਰ ਮੇਲ ਹੈ।”

ਜਪਾਨ ਹਮੇਸ਼ਾ ਤੋਂ ਅਜਿਹਾ ਦੇਸ਼ ਨਹੀਂ ਸੀ ਜਿੱਥੇ ਕੂੜੇਦਾਨ ਨਾ ਹੋਣ। ਸੀਨੀਆਵੇਰ ਮਾਰਚ 1995 ਵਿੱਚ ਵਾਪਰੀ ਅਜਿਹੀ ਘਟਨਾ ਵੱਲ ਇਸ਼ਾਰਾ ਕਰਦੇ ਹਨ, ਜਿਸ ਨੇ ਜਪਾਨ ਦੀ ਕੂੜੇਦਾਨ ਨਾਲ ਜੁੜੀ ਰਵਾਇਤ ਨੂੰ ਪ੍ਰਭਾਵਿਤ ਕੀਤਾ।

ਜਦੋਂ ਔਮ ਸ਼ਿਨਰਿਕਿਓ ਕਲਟ ਦੇ ਮੈਂਬਰਾਂ ਨੇ ਟੋਕੀਓ ਮੈਟਰੋ ਦੀਆਂ ਤਿੰਨ ਲਾਈਨਾਂ ਵਿੱਚ ਸਵੇਰ ਦੇ ਭੀੜ-ਭਾੜ ਵਾਲੇ ਸਮੇਂ ਦੌਰਾਨ ਸਰੀਨ ਗੈਸ ਛੱਡ ਦਿੱਤੀ ਸੀ। ਇਸ ਹਮਲੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਸਨ।

ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਨੇ ਅੱਤਵਾਦੀ ਹਮਲਿਆਂ ਨੂੰ ਰੋਕਣ ਦੇ ਉਪਾਅ ਵਜੋਂ ਕਈ ਥਾਂਵਾਂ ਤੋਂ ਕੂੜੇਦਾਨ ਹਟਾ ਦਿੱਤੇ ਜਾਂ ਉਨ੍ਹਾਂ ਨੂੰ ਬੰਦ ਕਰ ਦਿੱਤਾ।

ਇਸ ਤੋਂ ਬਾਅਦ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਹੋਏ ਅੱਤਵਾਦੀ ਹਮਲਿਆਂ, ਜਿਨ੍ਹਾਂ ਵਿੱਚ ਅਮਰੀਕਾ ਦਾ 9/11 ਦਾ ਹਮਲਾ ਵੀ ਸ਼ਾਮਿਲ ਹੈ, ਨੇ ਇਨ੍ਹਾਂ ਸੁਰੱਖਿਆ ਉਪਾਵਾਂ ਨੂੰ ਜਾਰੀ ਰੱਖਣ ਵਿੱਚ ਭੂਮਿਕਾ ਨਿਭਾਈ।

ਪਰ ਤਿੰਨ ਦਹਾਕਿਆਂ ਬਾਅਦ ਵੀ ਸਿਰਫ਼ ਸੁਰੱਖਿਆ ਕਾਰਨਾਂ ਕਰਕੇ ਇਹ ਨਹੀਂ ਸਮਝਾਇਆ ਜਾ ਸਕਦਾ ਕਿ ਜਪਾਨ ਵਿੱਚ ਇੰਨੇ ਘੱਟ ਕੂੜੇਦਾਨ ਕਿਉਂ ਵਾਪਸ ਆਏ ਹਨ ਜਾਂ ਦੇਸ਼ ਅਜੇ ਵੀ ਇੰਨਾ ਸਾਫ਼-ਸੁਥਰਾ ਕਿਵੇਂ ਰਹਿੰਦਾ ਹੈ।

ਕੂੜੇਦਾਨਾਂ ਦੀ ਗਿਣਤੀ ਕਿਉਂ ਘਟਾਈ ਗਈ?

ਜਪਾਨ ਦੀ ਇੱਕ ਸਾਫ ਸੁਥਰੀ ਸੜਕ

ਖਰਚਾ ਅਤੇ ਵਿਹਾਰਕਤਾ ਵੀ ਇਸ ਪਿੱਛੇ ਵੱਡੇ ਕਾਰਨ ਹਨ। ਜਪਾਨ ਦੇ ਨੈਸ਼ਨਲ ਇੰਸਟੀਚਿਊਟ ਫ਼ਾਰ ਐਨਵਾਇਰਨਮੈਂਟਲ ਸਟੱਡੀਜ਼ ਦੇ ਆਇਆ ਯੋਸ਼ਿਦਾ ਮੁਤਾਬਕ, 2000 ਦੇ ਦਹਾਕੇ ਤੋਂ ਕੁਝ ਸਥਾਨਕ ਪ੍ਰਸ਼ਾਸਨਾਂ ਨੇ ਜਾਣਬੁੱਝ ਕੇ ਸੜਕਾਂ ‘ਤੇ ਲੱਗੇ ਕੂੜੇਦਾਨਾਂ ਦੀ ਗਿਣਤੀ ਘਟਾਈ ਹੈ ਤਾਂ ਜੋ ਲੋਕ ਆਪਣਾ ਕੂੜਾ ਘਰ ਵਾਪਸ ਲੈ ਕੇ ਜਾਣ।

ਯੋਸ਼ੀਦਾ ਦੱਸਦੇ ਹਨ, “ਕਿਓਟੋ ਵਿੱਚ 2011 ਤੋਂ ਸੜਕਾਂ ‘ਤੇ ਲੱਗੇ ਕੂੜੇਦਾਨਾਂ ਦੀ ਗਿਣਤੀ ਅੱਧੇ ਤੋਂ ਵੀ ਜ਼ਿਆਦਾ ਘਟਾ ਦਿੱਤੀ ਗਈ ਹੈ। ਇਸ ਦਾ ਇੱਕ ਕਾਰਨ ਇਹ ਸੀ ਕਿ ਲੋਕ ਇਨ੍ਹਾਂ ਕੂੜੇਦਾਨਾਂ ਵਿੱਚ ਘਰਾਂ ਦਾ ਕੂੜਾ ਸੁੱਟਣ ਲੱਗ ਪਏ ਸਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕੂੜਾ ਇਕੱਠਾ ਹੋਣ ਲੱਗ ਗਿਆ ਸੀ, ਜਿਸ ਕਾਰਨ ਕੂੜੇਦਾਨਾਂ ਦੀ ਸਾਂਭ-ਸੰਭਾਲ ਅਤੇ ਪ੍ਰਬੰਧਨ ਦਾ ਖਰਚਾ ਵਧ ਗਿਆ ਸੀ।

ਫਿਰ ਸੜਕਾਂ ‘ਤੇ ਜ਼ਿਆਦਾ ਕੂੜਾ ਕਿਉਂ ਨਹੀਂ ਦਿਖਾਈ ਦਿੰਦਾ?

ਜਪਾਨ ਦੀਆਂ ਸੜਕਾਂ

ਯੋਸ਼ੀਦਾ ਇਸ ਗੱਲ ਨੂੰ ਲੈ ਕੇ ਸਾਵਧਾਨ ਕਰਦੇ ਹਨ ਕਿ ਜਪਾਨ ਦੀ ਸਫ਼ਾਈ ਦਾ ਕਾਰਨ ਸਿਰਫ਼ ਜਪਾਨੀਆਂ ਵਿੱਚ ਮੌਜੂਦ ਕਿਸੇ ਵਿਲੱਖਣ ਸਫ਼ਾਈ-ਪਸੰਦ ਸੁਭਾਅ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ। ਉਨ੍ਹਾਂ ਮੁਤਾਬਕ, ਸਾਫ਼ ਸੜਕਾਂ ਕਈ ਸਾਲਾਂ ਤੋਂ ਚੱਲ ਰਹੀਆਂ ਸੋਚੀਆਂ-ਸਮਝੀਆਂ ਸਰਕਾਰੀ ਨੀਤੀਆਂ ਦਾ ਵੀ ਨਤੀਜਾ ਹਨ।

ਉਹ ਕਹਿੰਦੇ ਹਨ, “ਦਹਾਕਿਆਂ ਤੋਂ ਸਥਾਨਕ ਪ੍ਰਸ਼ਾਸਨਾਂ ਨੇ ਕੂੜਾ ਨਾ ਸੁੱਟਣ ਬਾਰੇ ਮੁਹਿੰਮਾਂ, ਲੋਕਾਂ ਨੂੰ ਜਾਗਰੂਕ ਕਰਨ, ਸੜਕਾਂ ਦੀ ਸਫ਼ਾਈ ਅਤੇ ਅਜਿਹੇ ਵਾਤਾਵਰਣਕ ਡਿਜ਼ਾਈਨਾਂ ‘ਤੇ ਨਿਵੇਸ਼ ਕੀਤਾ ਹੈ, ਜਿਨ੍ਹਾਂ ਦਾ ਮਕਸਦ ਲੋਕਾਂ ਨੂੰ ਕੂੜਾ ਸੁੱਟਣ ਤੋਂ ਰੋਕਣਾ ਹੈ।”

ਪਰ ਉਨ੍ਹਾਂ ਮੁਤਾਬਕ ਸਮਾਜਿਕ ਰਵਾਇਤਾਂ ਵੀ ਮਹੱਤਵਪੂਰਨ ਹਨ। ਇਨ੍ਹਾਂ ਵਿੱਚੋਂ ਇੱਕ ਹੈ ‘ਮੇਇਵਾਕੂ ਓ ਕਾਕੇਨਾਈ’ ਭਾਵ ਦੂਜਿਆਂ ਲਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੈਦਾ ਕਰਨ ਤੋਂ ਬਚਣਾ।

ਰੋਜ਼ਾਨਾ ਦੀਆਂ ਆਦਤਾਂ ਵੀ ਇਸ ਵਿੱਚ ਭੂਮਿਕਾ ਨਿਭਾਉਂਦੀਆਂ ਹਨ। ਜਪਾਨ ਵਿੱਚ ਚੱਲਦਿਆਂ-ਫਿਰਦਿਆਂ ਖਾਣਾ ਤੁਲਨਾਤਮਕ ਤੌਰ ‘ਤੇ ਘੱਟ ਪ੍ਰਚਲਿਤ ਹੈ। ਇਸ ਲਈ ਲੋਕ ਬਾਹਰ ਰਹਿੰਦਿਆਂ ਵੀ ਘੱਟ ਕੂੜਾ ਪੈਦਾ ਕਰਦੇ ਹਨ।

ਕੂੜੇ ਇਕੱਠਾ ਕਰਨ ਵਾਲੇ ਰੋਬੋਟ

ਸਿਨਿਆਵਰ ਕਹਿੰਦੇ ਹਨ, “ਆਪਣੇ ਰੋਜ਼ਾਨਾ ਦੇ ਜੀਵਨ ਦੇ ਤਰੀਕਿਆਂ ਬਾਰੇ ਸੋਚਦੇ ਹੋਏ, ਮੈਨੂੰ ਪੱਕਾ ਨਹੀਂ ਪਤਾ ਕਿ ਆਉਣ-ਜਾਣ ਦੌਰਾਨ, ਘਰ ਤੋਂ ਕੰਮ ਅਤੇ ਕੰਮ ਤੋਂ ਘਰ ਜਾਂਦੇ ਸਮੇਂ ਕਿੰਨਾ ਕੂੜਾ ਪੈਦਾ ਹੁੰਦਾ ਹੈ।”

“ਆਉਣ-ਜਾਣ ਦੌਰਾਨ ਕੂੜਾ ਪੈਦਾ ਕਰਨ ਦੇ ਮੌਕੇ ਵੀ ਘੱਟ ਹੁੰਦੇ ਹਨ ਕਿਉਂਕਿ ਜਾਪਾਨ ਵਿੱਚ ਤੁਰਦੇ ਜਾਂ ਰੇਲਗੱਡੀ ਵਿੱਚ ਸਫ਼ਰ ਕਰਦੇ ਸਮੇਂ ਖਾਣਾ ਖਾਣਾ ਆਮ ਨਹੀਂ ਹੈ।”

ਬੇਸ਼ੱਕ, ਸੈਲਾਨੀ ਸ਼ਹਿਰ ਨੂੰ ਵੱਖਰੇ ਤਰੀਕੇ ਨਾਲ ਦੇਖਦੇ ਹਨ। ਉਹ ਸਾਰਾ ਦਿਨ ਘੁੰਮਣ-ਫਿਰਨ, ਪੀਣ ਵਾਲੀਆਂ ਚੀਜ਼ਾਂ ਅਤੇ ਸਟੋਰ ਤੋਂ ਸਨੈਕਸ ਖਰੀਦਣ ਵਿੱਚ ਬਿਤਾਉਂਦੇ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਕੂੜਾ ਰੱਖਣ ਲਈ ਕੋਈ ਸਪੱਸ਼ਟ ਥਾਂ ਨਾ ਹੋਣ ਕਾਰਨ ਉਨ੍ਹਾਂ ਦੇ ਕੂੜਾ ਆਪਣੇ ਨਾਲ ਲੈ ਕੇ ਘੁੰਮਣ ਦੀ ਸੰਭਾਵਨਾ ਕਿਤੇ ਜ਼ਿਆਦਾ ਹੁੰਦੀ ਹੈ।

ਸਿਨਿਆਵਰ ਅੱਗੇ ਕਹਿੰਦੇ ਹਨ, “ਸੈਲਾਨੀ ਭਾਵੇਂ ਕੁਝ ਵੀ ਸੋਚਣ, ਕੂੜੇਦਾਨ ਪੂਰੀ ਤਰ੍ਹਾਂ ਗਾਇਬ ਨਹੀਂ ਹੋਏ ਹਨ, ਤੁਹਾਨੂੰ ਸਿਰਫ਼ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੱਥੇ ਮਿਲਣਗੇ।”

“ਰੇਲਵੇ ਸਟੇਸ਼ਨਾਂ ‘ਤੇ ਅਜੇ ਵੀ ਕੂੜੇਦਾਨ ਹਨ, ਜੋ ਅਕਸਰ ਪਾਰਦਰਸ਼ੀ ਡੱਬਿਆਂ ਦੇ ਰੂਪ ਵਿੱਚ ਹੁੰਦੇ ਹਨ ਅਤੇ ਟਿਕਟ ਗੇਟਾਂ ਦੇ ਨੇੜੇ ਰੱਖੇ ਜਾਂਦੇ ਹਨ, ਜਿੱਥੇ ਸਟਾਫ਼ ਜਾਂ ਸੁਰੱਖਿਆ ਕੈਮਰਿਆਂ ਰਾਹੀਂ ਉਨ੍ਹਾਂ ‘ਤੇ ਨਜ਼ਰ ਰੱਖੀ ਜਾ ਸਕਦੀ ਹੈ। ਅਤੇ ਇਸੇ ਮਹੀਨੇ, ਟੋਕੀਓ ਦੇ ਸ਼ਿੰਜੁਕੂ ਸਟੇਸ਼ਨ ਨੇ ਸ਼ਾਇਦ ਸਭ ਤੋਂ ਜ਼ਿਆਦਾ ਜਪਾਨੀ ਹੱਲ ਦੀ ਅਜ਼ਮਾਇਸ਼ ਸ਼ੁਰੂ ਕੀਤੀ ਹੈ: ਘੁੰਮਦੇ-ਫਿਰਦੇ ਕੂੜੇਦਾਨ ਰੋਬੋਟ, ਜੋ ਘੁੰਮ ਕੇ ਕੂੜਾ ਇਕੱਠਾ ਕਰਦੇ ਹਨ।”

ਜਦੋਂ ਤੱਕ ਇਹ ਆਮ ਨਹੀਂ ਹੋ ਜਾਂਦੇ, ਸੈਲਾਨੀਆਂ ਨੂੰ ਸ਼ਾਇਦ ਉਹੀ ਕਰਨਾ ਪਵੇਗਾ ਜੋ ਟੋਕੀਓ ਦੇ ਲੋਕ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ: ਆਪਣਾ ਕੂੜਾ ਉਦੋਂ ਤੱਕ ਆਪਣੇ ਕੋਲ ਰੱਖੋ, ਜਦੋਂ ਤੱਕ ਉਸ ਨੂੰ ਸੁੱਟਣ ਲਈ ਕੋਈ ਥਾਂ ਨਹੀਂ ਮਿਲ ਜਾਂਦੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI