Home rss national punjabi2ਰਾਸ਼ਟਰੀ ਖ਼ਬਰਾਂ ਅਦਾਕਾਰ ਟਾਈਗਰ ਸ਼ਰੌਫ਼ ‘ਤੇ ਫਾਇਰਿੰਗ: ਸ਼ਿੰਦੇ ਬੋਲੇ, ‘ਟਾਈਗਰ ਵਾਲ-ਵਾਲ ਬਚ ਗਏ’, ਪੁਲਿਸ...

ਅਦਾਕਾਰ ਟਾਈਗਰ ਸ਼ਰੌਫ਼ ‘ਤੇ ਫਾਇਰਿੰਗ: ਸ਼ਿੰਦੇ ਬੋਲੇ, ‘ਟਾਈਗਰ ਵਾਲ-ਵਾਲ ਬਚ ਗਏ’, ਪੁਲਿਸ ਨੇ ਹੁਣ ਤੱਕ ਕੀ ਦੱਸਿਆ

2
0

Source :- BBC PUNJABI

ਟਾਈਗਰ ਸ਼ਰੌਫ਼

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਬਾਲੀਵੁੱਡ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ‘ਤੇ ਐਤਵਾਰ ਸ਼ਾਮ ਨੂੰ ਮੁੰਬਈ ਵਿੱਚ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਉਨ੍ਹਾਂ ਦਾ ਡਰਾਈਵਰ ਜ਼ਖ਼ਮੀ ਹੋ ਗਿਆ ਹੈ।

ਬੀਬੀਸੀ ਨਿਊਜ਼ ਮਰਾਠੀ ਮੁਤਾਬਕ, ਮੁੰਬਈ ਦੇ ਵਿਲੇ ਪਾਰਲੇ ਪੱਛਮ ਵਿੱਚ ਜੂਹੂ ਪੁਲਿਸ ਥਾਣੇ ਦੀ ਹੱਦ ਅੰਦਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਮੁੰਬਈ ਦੇ ਵੈਸਟ ਜ਼ੋਨ-2 ਦੇ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਡੀਸੀਪੀ) ਮੋਹਿਤ ਗਰਗ ਨੇ ਟਾਈਗਰ ਸ਼ਰੌਫ਼ ਨਾਲ ਜੁੜੀ ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ।

ਮੁੰਬਈ ਪੁਲਿਸ ਮੁਤਾਬਕ, ਗੋਲੀਬਾਰੀ ਵਿੱਚ ਦੋ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਟਾਈਗਰ ਸ਼ਰੌਫ਼ ਦੇ ਡਰਾਈਵਰ ਫਿਰਦੌਸ ਵੀ ਸ਼ਾਮਿਲ ਹਨ। ਉਨ੍ਹਾਂ ਦੇ ਖੱਬੇ ਹੱਥ ਵਿੱਚ ਗੋਲੀ ਲੱਗੀ ਹੈ।

ਡੀਸੀਪੀ ਮੋਹਿਤ ਗਰਗ ਮੁਤਾਬਕ, “ਟਾਈਗਰ ਸ਼ਰੌਫ਼ ਸੁਰੱਖਿਅਤ ਹਨ। ਉਨ੍ਹਾਂ ਨੂੰ ਗੋਲੀ ਨਹੀਂ ਲੱਗੀ ਅਤੇ ਨਾ ਹੀ ਉਹ ਜ਼ਖ਼ਮੀ ਹੋਏ ਹਨ।”

ਡੀਸੀਪੀ ਗਰਗ ਨੇ ਕਿਹਾ, “ਇਹ ਘਟਨਾ ਸ਼ਾਮ ਕਰੀਬ 7 ਵਜੇ ਦੀ ਹੈ। ਮੁੱਢਲੀ ਜਾਣਕਾਰੀ ਮੁਤਾਬਕ, ਉਹ ਕਿਸੇ ਨਿੱਜੀ ਕੰਮ ਲਈ ਆਏ ਸਨ। ਕੰਮ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਵਾਪਸ ਜਾ ਰਹੇ ਸਨ, ਉਦੋਂ ਇਹ ਘਟਨਾ ਵਾਪਰੀ।”

ਟਾਈਗਰ ਸ਼ਰੌਫ਼

ਇਸ ਘਟਨਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ ਹਨ।

ਕਾਂਗਰਸ ਅਤੇ ਸ਼ਰਦ ਪਵਾਰ ਦੀ ਐੱਨਸੀਪੀ ਨੇ ਕਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਆਮ ਲੋਕਾਂ ਨੂੰ ਸੁਰੱਖਿਆ ਦੇਣ ਵਿੱਚ ਨਾਕਾਮ ਰਹੇ ਹਨ।

ਏਆਈਐੱਮਆਈਐੱਮ ਦੇ ਆਗੂ ਵਾਰਿਸ ਪਠਾਨ ਨੇ ਇਸ ਨੂੰ ‘ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਨਾਕਾਮੀ’ ਕਰਾਰ ਦਿੱਤਾ ਹੈ।

ਪੁਲਿਸ ਨੇ ਕੀ ਦੱਸਿਆ

ਅਦਾਕਾਰ ਟਾਈਗਰ ਸ਼ਰੌਫ਼ ਮਸ਼ਹੂਰ ਅਦਾਕਾਰ ਜੈਕੀ ਸ਼ਰੌਫ਼ ਦੇ ਪੁੱਤਰ ਹਨ

ਮੁੰਬਈ ਦੇ ਡੀਸੀਪੀ ਮੋਹਿਤ ਗਰਗ ਨੇ ਮੀਡੀਆ ਨੂੰ ਦੱਸਿਆ ਕਿ ਮੁੰਬਈ ਪੁਲਿਸ ਨੇ ਕਈ ਟੀਮਾਂ ਬਣਾਈਆਂ ਹਨ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ, “ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਟਾਈਗਰ ਸ਼ਰੌਫ਼ ਆਪਣੀ ਕਾਰ ਵਿੱਚ ਵਾਪਸ ਜਾ ਰਹੇ ਸਨ। ਉਨ੍ਹਾਂ ਨੂੰ ਕੋਈ ਗੋਲੀ ਨਹੀਂ ਲੱਗੀ ਅਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ।”

“ਫੋਰੈਂਸਿਕ ਟੀਮ ਨੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਰੀਬ 15 ਟੀਮਾਂ ਇਸ ਮਾਮਲੇ ‘ਤੇ ਕੰਮ ਕਰ ਰਹੀਆਂ ਹਨ। ਜਿਵੇਂ-ਜਿਵੇਂ ਹੋਰ ਜਾਣਕਾਰੀ ਸਾਹਮਣੇ ਆਵੇਗੀ, ਉਸ ਨੂੰ ਸਾਂਝਾ ਕੀਤਾ ਜਾਵੇਗਾ।”

ਹਾਲਾਂਕਿ, ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਉਨ੍ਹਾਂ ਕਿਹਾ, “ਇਸ ਸਮੇਂ ਇਹ ਦੱਸਣਾ ਉਚਿਤ ਨਹੀਂ ਹੋਵੇਗਾ ਕਿ ਕਿੰਨੇ ਰਾਊਂਡ ਗੋਲੀਆਂ ਚਲਾਈਆਂ ਗਈਆਂ।”

ਸਮਾਚਾਰ ਏਜੰਸੀ ਆਈਏਐੱਨਐੱਸ ਨੇ ਮੁੰਬਈ ਪੁਲਿਸ ਦੇ ਹਵਾਲੇ ਨਾਲ ਦੱਸਿਆ ਹੈ ਕਿ ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਫ਼ਰਾਰ ਹੋਣ ਦਾ ਰਸਤਾ ਪਤਾ ਲਗਾਉਣ ਲਈ ਆਲੇ-ਦੁਆਲੇ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀਨੀਅਰ ਪੁਲਿਸ ਅਧਿਕਾਰੀ ਵੀ ਘਟਨਾ ਸਥਾਨ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

‘ਟਾਈਗਰ ਵਾਲ-ਵਾਲ ਬਚ ਗਏ’

ਟਾਈਗਰ ਸ਼ਰੌਫ਼

ਅਦਾਕਾਰ ਟਾਈਗਰ ਸ਼ਰੌਫ਼ ‘ਤੇ ਹੋਏ ਹਮਲੇ ਤੋਂ ਬਾਅਦ ਮਹਾਰਾਸ਼ਟਰ ਦੇ ਡਿਪਟੀ ਸੀਐੱਮ ਏਕਨਾਥ ਸ਼ਿੰਦੇ ਨੇ ਐਤਵਾਰ ਦੇਰ ਰਾਤ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ।

ਏਕਨਾਥ ਸ਼ਿੰਦੇ ਨੇ ਇਸ ਨੂੰ ਗੰਭੀਰ ਘਟਨਾ ਦੱਸਦਿਆਂ ਕਿਹਾ ਕਿ ਸੂਬਾ ਸਰਕਾਰ ਟਾਈਗਰ ਸ਼ਰੌਫ਼ ਦੇ ਨਾਲ ਖੜ੍ਹੀ ਹੈ।

ਏਕਨਾਥ ਸ਼ਿੰਦੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, “ਟਾਈਗਰ ਸ਼ਰੌਫ਼ ‘ਤੇ ਗੋਲੀਬਾਰੀ ਹੋਣਾ ਇੱਕ ਗੰਭੀਰ ਘਟਨਾ ਹੈ। ਜਦੋਂ ਅਸੀਂ ਵੀਡੀਓ ਦੇਖਦੇ ਹਾਂ ਤਾਂ ਉਹ ਇਸ ਹਮਲੇ ਵਿੱਚ ਵਾਲ-ਵਾਲ ਬਚੇ ਹਨ। ਪੰਜ ਰਾਊਂਡ ਫਾਇਰਿੰਗ ਹੋਈ, ਪਰ ਖ਼ੁਸ਼ਕਿਸਮਤੀ ਨਾਲ ਉਹ ਸੁਰੱਖਿਅਤ ਬਚ ਗਏ। ਉਨ੍ਹਾਂ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ ਅਤੇ ਇਹ ਘਟਨਾ ਨਿੰਦਣਯੋਗ ਹੈ। ਮੈਂ ਅਦਾਕਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੱਲਬਾਤ ਹੋਈ। ਉਨ੍ਹਾਂ ਦੇ ਖੱਬੇ ਹੱਥ ‘ਤੇ ਗਨ ਪਾਊਡਰ ਅਤੇ ਕੱਚ ਦੇ ਟੁਕੜਿਆਂ ਕਾਰਨ ਸੱਟਾਂ ਲੱਗੀਆਂ ਹਨ।”

ਉਨ੍ਹਾਂ ਦੱਸਿਆ, “ਟਾਈਗਰ ਦੇ ਮਾਤਾ ਚਿੰਤਾ ‘ਚ ਹਨ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਸੂਬਾ ਸਰਕਾਰ ਅਤੇ ਮੁੰਬਈ ਪੁਲਿਸ ਉਨ੍ਹਾਂ ਦੇ ਨਾਲ ਹੈ। ਕਿਸੇ ਵੀ ਤਰ੍ਹਾਂ ਦੀ ਧਮਕੀ ਜਾਂ ਦਬੰਗਪੁਣੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 90 ਦੇ ਦਹਾਕੇ ਵਿੱਚ ਇਸ ਤਰ੍ਹਾਂ ਦੀ ਗੈਂਗਵਾਰ ਕਾਫ਼ੀ ਆਮ ਸੀ, ਪਰ ਮੁੰਬਈ ਪੁਲਿਸ ਨੇ 1995 ਵਿੱਚ ਇਨ੍ਹਾਂ ਦਾ ਖ਼ਾਤਮਾ ਕਰ ਦਿੱਤਾ ਸੀ। ਗੋਲੀ ਦਾ ਜਵਾਬ ਗੋਲੀ ਨਾਲ ਦਿੱਤਾ ਗਿਆ, ਉਦੋਂ ਇਹ ਗੈਂਗਵਾਰ ਖ਼ਤਮ ਹੋਈ।”

ਸ਼ਿੰਦੇ ਨੇ ਕਿਹਾ, “ਲੋਕਾਂ ਨੂੰ ਡਰਾਉਣ-ਧਮਕਾਉਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਜੈਸੇ ਨੂੰ ਤੈਸੇ ਦਾ ਜਵਾਬ ਦਿੱਤਾ ਜਾਵੇਗਾ। ਅਸੀਂ ਇਸ ਗੁੰਡਾਗਰਦੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਵਾਂਗੇ।”

‘ਮਸ਼ਹੂਰ ਹਸਤੀਆਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਜਾਵੇਗੀ’

ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ

ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਉਨ੍ਹਾਂ ਨੇ ਜੈਕੀ ਸ਼ਰੌਫ਼ ਅਤੇ ਟਾਈਗਰ ਸ਼ਰੌਫ਼ ਨਾਲ ਗੱਲ ਕੀਤੀ ਹੈ।

ਉਨ੍ਹਾਂ ਕਿਹਾ, “ਮੈਂ ਟਾਈਗਰ ਨੂੰ ਕਿਹਾ ਕਿ ਉਹ ਚਿੰਤਾ ਨਾ ਕਰਨ। ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਅਸੀਂ ਸਾਰੀਆਂ ਮਸ਼ਹੂਰ ਹਸਤੀਆਂ ਦੀ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰਾਂਗੇ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।”

“ਜੇਕਰ ਕੋਈ ਦੂਜਿਆਂ ਨੂੰ ਡਰਾਉਣ ਜਾਂ ਧਮਕਾਉਣ ਦੀ ਕੋਸ਼ਿਸ਼ ਕਰੇਗਾ, ਤਾਂ ਪੁਲਿਸ ਅਤੇ ਸਰਕਾਰ ਉਸ ਨੂੰ ਬਖ਼ਸ਼ੇਗੀ ਨਹੀਂ।”

ਵਿਰੋਧੀ ਧਿਰ ਨੇ ਕਾਨੂੰਨ ਵਿਵਸਥਾ ‘ਤੇ ਸਵਾਲ ਚੁੱਕੇ

ਮੌਕੇ ’ਤੇ ਪਹੁੰਚੀ ਫੋਰੈਂਸਿਕ ਮਾਹਿਰਾਂ ਦੀ ਟੀਮ

ਕਾਂਗਰਸ ਆਗੂ ਸਚਿਨ ਸਾਵੰਤ ਨੇ ਐਕਸ ‘ਤੇ ਲਿਖਿਆ, “ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ‘ਤੇ ਗੋਲੀ ਚਲਾਏ ਜਾਣ ਦੀ ਖ਼ਬਰ ਬੇਹੱਦ ਹੈਰਾਨ ਕਰਨ ਵਾਲੀ ਹੈ। ਆਖ਼ਰ ਮੁੰਬਈ ਵਿੱਚ ਚੱਲ ਕੀ ਰਿਹਾ ਹੈ?”

ਉਨ੍ਹਾਂ ਲਿਖਿਆ, “ਬਾਬਾ ਸਿੱਦੀਕੀ ਦਾ ਕਤਲ, ਸਲਮਾਨ ਖ਼ਾਨ ਦੇ ਘਰ ‘ਤੇ ਫਾਇਰਿੰਗ, ਕਈ ਅਦਾਕਾਰਾਂ ਅਤੇ ਨਿਰਮਾਤਾਵਾਂ ਨੂੰ ਧਮਕੀਆਂ… ਮੁੰਬਈ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਚੁੱਕੀ ਹੈ। ਇੱਥੇ ਕਾਨੂੰਨ ਦਾ ਰਾਜ ਨਹੀਂ, ਸਗੋਂ ਅਰਾਜਕਤਾ ਹੈ। ਮੁੱਖ ਮੰਤਰੀ ਪੂਰੀ ਤਰ੍ਹਾਂ ਨਾਕਾਮ ਰਹੇ ਹਨ।”

ਸਚਿਨ ਸਾਵੰਤ ਨੇ ਅੱਗੇ ਕਿਹਾ, “ਮੁੰਬਈ ਨੂੰ ਅਪਰਾਧੀਆਂ ਦੇ ਡਰ ਵਿੱਚ ਧੱਕਣ ਵਾਲੀ ਸਰਕਾਰ ਦੀ ਜਨਤਾ ਨੂੰ ਨਿੰਦਾ ਕਰਨੀ ਚਾਹੀਦੀ ਹੈ।”

ਕਾਂਗਰਸ ਦੀ ਸੰਸਦ ਮੈਂਬਰ ਵਰਸ਼ਾ ਗਾਇਕਵਾੜ ਨੇ ਐਕਸ ‘ਤੇ ਲਿਖਿਆ, “ਮੁੰਬਈ ਵਿੱਚ ਕਾਨੂੰਨ ਵਿਵਸਥਾ ਦੀ ਅਫ਼ਰਾ-ਤਫ਼ਰੀ ਮਚੀ ਹੋਈ ਹੈ। ਖ਼ਬਰਾਂ ਹਨ ਕਿ ਟਾਈਗਰ ਸ਼ਰੌਫ਼ ‘ਤੇ ਹੋਈ ਗੋਲੀਬਾਰੀ ਵਿੱਚ ਇੱਕ ਹੋਰ ਵਿਅਕਤੀ ਜ਼ਖ਼ਮੀ ਹੋਇਆ ਹੈ। ਕੀ ਅਪਰਾਧੀਆਂ ਦੇ ਮਨ ਵਿੱਚ ਕਾਨੂੰਨ ਦਾ ਕੋਈ ਡਰ ਬਚਿਆ ਹੈ? ਸਰਕਾਰ ਅਤੇ ਗ੍ਰਹਿ ਵਿਭਾਗ ਨੂੰ ਮੁੰਬਈ ਵਾਸੀਆਂ ਦੀ ਸੁਰੱਖਿਆ ਬਾਰੇ ਜਵਾਬ ਦੇਣਾ ਚਾਹੀਦਾ ਹੈ।”

ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਚੰਦਰ ਪਵਾਰ) ਦੇ ਆਗੂ ਰੋਹਿਤ ਪਵਾਰ ਨੇ ਆਪਣੇ ਫੇਸਬੁੱਕ ‘ਤੇ ਕਿਹਾ, “ਠਾਣੇ ਵਿੱਚ ਸ਼ਿਵ ਸੈਨਾ ਦੇ ਵਿਭਾਗ ਮੁਖੀ ਪ੍ਰਦੀਪ ਪੂਰਨੇਕਰ ਦੀ ਗੋਲੀ ਮਾਰ ਕੇ ਹੱਤਿਆ ਦੀ ਘਟਨਾ ਅਜੇ ਤਾਜ਼ਾ ਹੀ ਹੈ ਕਿ ਹੁਣ ਮੁੰਬਈ ਵਿੱਚ ਅਦਾਕਾਰ ਟਾਈਗਰ ਸ਼ਰੌਫ਼ ਦੀ ਕਾਰ ‘ਤੇ ਗੋਲੀਬਾਰੀ ਦੀ ਖ਼ਬਰ ਬੇਹੱਦ ਹੈਰਾਨ ਕਰਨ ਵਾਲੀ ਹੈ। ਖ਼ੁਸ਼ਕਿਸਮਤੀ ਨਾਲ, ਟਾਈਗਰ ਸ਼ਰੌਫ਼ ਸੁਰੱਖਿਅਤ ਹਨ।”

“ਪਰ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਜੇਕਰ ਸੂਬੇ ਦੇ ਆਗੂ ਅਤੇ ਅਧਿਕਾਰੀ ਹੀ ਸੁਰੱਖਿਅਤ ਨਹੀਂ ਹਨ, ਤਾਂ ਆਮ ਆਦਮੀ ਦੀ ਸੁਰੱਖਿਆ ਦਾ ਕੀ ਹੋਵੇਗਾ? ਸੂਬੇ ਦੀ ਕਾਨੂੰਨ ਵਿਵਸਥਾ ਕਿੱਥੇ ਚਲੀ ਗਈ ਹੈ? ਜੇਕਰ ਸੂਬੇ ਦੀ ਆਰਥਿਕ ਰਾਜਧਾਨੀ ਵਿੱਚ ਗੁੰਡਿਆਂ ਦਾ ਇੰਨਾ ਡਰ ਹੈ, ਤਾਂ ਕਿਹੜਾ ਵਪਾਰੀ ਸੂਬੇ ਵਿੱਚ ਨਿਵੇਸ਼ ਕਰੇਗਾ?”

ਉਨ੍ਹਾਂ ਕਿਹਾ, “ਸਰਕਾਰ ਨੂੰ ਪਹਿਲਾਂ ਸੂਬੇ ਦਾ ਸੁਚਾਰੂ ਢੰਗ ਨਾਲ ਸੰਚਾਲਨ ਕਰਨਾ ਚਾਹੀਦਾ ਹੈ ਅਤੇ ਜੇਕਰ ਇਹ ਸੰਭਵ ਨਹੀਂ ਹੈ, ਤਾਂ ਗ੍ਰਹਿ ਮੰਤਰਾਲਾ ਕਿਸੇ ਸਮਰੱਥ ਮੰਤਰੀ ਨੂੰ ਸੌਂਪ ਦੇਣਾ ਚਾਹੀਦਾ ਹੈ।”

ਉਹ ਬਾਲੀਵੁੱਡ ਕਲਾਕਾਰ ਜੋ ਹਮਲਾਵਰਾਂ ਦੇ ਨਿਸ਼ਾਨੇ ‘ਤੇ ਰਹੇ

ਅਪ੍ਰੈਲ 2024 ਵਿੱਚ ਮੁੰਬਈ ਵਿੱਚ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸਨ

ਹਾਲ ਹੀ ਦੇ ਸਮੇਂ ਵਿੱਚ ਫ਼ਿਲਮ ਇੰਡਸਟਰੀ ਦੇ ਕਈ ਕਲਾਕਾਰਾਂ ‘ਤੇ ਹਮਲੇ ਹੋਏ ਹਨ ਜਾਂ ਉਹ ਹਮਲਾਵਰਾਂ ਦੇ ਨਿਸ਼ਾਨੇ ‘ਤੇ ਰਹੇ ਹਨ। ਇਸ ਮਾਮਲੇ ਵਿੱਚ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਦਾ ਨਾਮ ਸਭ ਤੋਂ ਅਹਿਮ ਹੈ।

ਅਪ੍ਰੈਲ 2024 ਵਿੱਚ ਮੁੰਬਈ ਵਿੱਚ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਗੋਲੀਆਂ ਵੀ ਚਲਾਈਆਂ ਗਈਆਂ ਸਨ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਮ ਦਾ ਕਈ ਵਾਰ ਜ਼ਿਕਰ ਹੈ।

ਪਿਛਲੇ ਸਾਲ ਜਨਵਰੀ ਵਿੱਚ ਅਦਾਕਾਰ ਸੈਫ਼ ਅਲੀ ਖ਼ਾਨ ‘ਤੇ ਰਾਤ ਨੂੰ ਉਨ੍ਹਾਂ ਦੇ ਘਰ ਵਿੱਚ ਚਾਕੂ ਨਾਲ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਉਹ ਜ਼ਖ਼ਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਸਰਜਰੀ ਕਰਵਾਉਣੀ ਪਈ ਸੀ।

ਇਸ ਤੋਂ ਇੱਕ ਸਾਲ ਪਹਿਲਾਂ, 2024 ਵਿੱਚ ਟੀਵੀ ਸੀਰੀਅਲ ‘ਕ੍ਰਾਈਮ ਪੈਟਰੋਲ’ ਵਿੱਚ ਕੰਮ ਕਰ ਚੁੱਕੇ ਕਲਾਕਾਰ ਰਾਘਵ ਤਿਵਾੜੀ ‘ਤੇ ਵੀ ਕਥਿਤ ਤੌਰ ‘ਤੇ ਸੜਕ ‘ਤੇ ਹੋਏ ਝਗੜੇ ਦੌਰਾਨ ਹਮਲਾ ਕੀਤਾ ਗਿਆ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI