Source :- BBC PUNJABI
Getty Images
“ਅਮ੍ਰਿਤਪਾਲ ਸਿੰਘ ਪਹਿਲੀ ਵਾਰ ਇੱਥੇ ਆ ਰਹੇ ਹਨ, ਇਸ ਲਈ ਉਨ੍ਹਾਂ ਦੇ ਹਲਕੇ ਦੀਆਂ ਸੰਗਤਾਂ ਵੀ ਉਨ੍ਹਾਂ ਨੂੰ ਮਿਲਣਾ ਚਾਹੁੰਦੀਆਂ ਹਨ। ਮੇਰਾ ਖਿਆਲ ਹੈ ਕਿ ਸਰਕਾਰ ਨੂੰ ਉਨ੍ਹਾਂ ਨੂੰ ਮਿਲਣ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਇੱਕ ਝਲਕ ਦੇਖਣ ਲਈ ਤਰਸ ਰਹੇ ਹਨ।”
ਇਹ ਸ਼ਬਦ ਖਡੂਰ ਸਾਹਿਬ ਤੋਂ ਐੱਮਪੀ ਅਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਉਨ੍ਹਾਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਦੇ ਹਨ।
ਬੀਬੀਸੀ ਨਿਊਜ਼ ਪੰਜਾਬੀ ਦੀ ਟੀਮ ਅਮ੍ਰਿਤਪਾਲ ਸਿੰਘ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਪਹੁੰਚੀ, ਜਿੱਥੇ ਉੱਥੋਂ ਦੇ ਤਾਜਾ ਮਾਹੌਲ ਨੂੰ ਦੇਖਿਆ ਗਿਆ।
ਫਿਲਹਾਲ ਅਮ੍ਰਿਤਪਾਲ ਸਿੰਘ ਦੇ ਪਿੰਡ ਕੋਈ ਖਾਸ ਹਲਚਲ ਨਹੀਂ ਹੈ, ਨਾ ਹੀ ਲੋਕਾਂ ਦਾ ਕੋਈ ਜ਼ਿਆਦਾ ਇਕੱਠ ਹੈ।
ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਨੂੰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੀ ਇੱਕ ਵੀਡੀਓ ਸੰਦੇਸ਼ ਰਾਹੀਂ ਲੋਕਾਂ ਨੂੰ ਇੱਥੇ ਨਾ ਪਹੁੰਚਣ ਦੀ ਅਪੀਲ ਵੀ ਕੀਤੀ ਸੀ।
ਫਿਲਹਾਲ ਭਾਵੇਂ ਇੱਥੇ ਲੋਕਾਂ ਦਾ ਵੱਡਾ ਇਕੱਠ ਨਜ਼ਰ ਨਹੀਂ ਆਇਆ ਪਰ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਫਿਰ ਵੀ ਇੱਥੇ ਪਹੁੰਚ ਰਹੇ ਸਨ।
ਦਰਅਸਲ ਅਮ੍ਰਿਤਪਾਲ ਸਿੰਘ ਨੂੰ ਅੰਮ੍ਰਿਤਸਰ ਅਦਾਲਤ ਨੇ 14 ਨਵੰਬਰ ਨੂੰ ਤਿੰਨ ਘੰਟਿਆਂ ਲਈ ਦਾਦੀ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਾਮਿਲ ਹੋਣ ਲਈ ਇਜਾਜ਼ਤ ਦਿੱਤੀ ਸੀ ਪਰ ਅਮ੍ਰਿਤਪਾਲ ਸਿੰਘ ਨੂੰ ਪਿੰਡ ਨਹੀਂ ਲਿਆਂਦਾ ਜਾ ਸਕਿਆ।
Getty Images
ਪਰਿਵਾਰ ਨੇ ਦਲੀਲ ਦਿੱਤੀ ਸੀ ਕਿ 13 ਨਵੰਬਰ ਨੂੰ ਅਦਾਲਤ ਨੇ ਮਨਜ਼ੂਰੀ ਦਿੱਤੀ ਹੈ ਅਤੇ 14 ਨਵੰਬਰ ਨੂੰ ਅਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਉਣਾ ਮੁਮਕਿਨ ਨਹੀਂ ਹੈ, ਇਸ ਲਈ 14 ਨਵੰਬਰ ਨੂੰ ਐੱਮਪੀ ਦੀ ਦਾਦੀ ਚਰਨ ਕੌਰ ਦਾ ਸਸਕਾਰ ਨਹੀਂ ਕੀਤਾ ਗਿਆ।
‘ਵਾਰਿਸ ਪੰਜਾਬ ਦੇ’ ਆਗੂਆਂ ਨੇ ਕੀ ਕਿਹਾ

ਇਸ ਮੌਕੇ ‘ਵਾਰਿਸ ਪੰਜਾਬ ਦੇ’ ਆਗੂਆਂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਅਦਾਲਤ ਵੱਲੋਂ ਦਿੱਤੀ ਇਜਾਜ਼ਤ ਦਾ ਸਵਾਗਤ ਤਾਂ ਕੀਤਾ ਪਰ ਕਿਤੇ ਨਾ ਕਿਤੇ ਉਹ ਅਸੰਤੁਸ਼ਟ ਵੀ ਨਜ਼ਰ ਆਏ।
ਆਗੂ ਜਗਦੀਪ ਸਿੰਘ ਨੇ ਕਿਹਾ, “ਬਹੁਤ ਵਧੀਆ ਕੰਮ ਹੈ ਜੀ। ਚਲੋ ਕੋਰਟ ਦਾ ਹੀ ਧੰਨਵਾਦ ਕਰਦੇ ਹਾਂ, ਜਿਸ ਨੇ ਉਨ੍ਹਾਂ ਨੂੰ ਪੈਰੋਲ ਦਿੱਤੀ ਹੈ। ਪਰ ਜੋ ਸਿੱਖਾਂ ਦੀ ਰਿਵਾਇਤ ਹੈ, ਉਹ ਘੱਟੋ-ਘੱਟ ਦਸ ਦਿਨ ਦੀ ਹੁੰਦੀ ਹੈ। ਚਲੋ ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਪੰਜਾਬ ਲਿਆਂਦਾ ਜਾਂਦਾ। ਕਿਸੇ ਵੀ ਪੰਜਾਬ ਦੀ ਜੇਲ੍ਹ ਵਿੱਚ ਉਨ੍ਹਾਂ ਨੂੰ ਰੱਖਿਆ ਜਾਂਦਾ ਅਤੇ ਜਦੋਂ ਵੀ ਸਸਕਾਰ, ਫੁੱਲ ਚੁਗਣ ਦੀ ਰਸਮ ਜਾਂ ਭੋਗ ਹੋਵੇ, ਤਾਂ ਉਨ੍ਹਾਂ ਨੂੰ ਉਨ੍ਹਾਂ ਰਸਮਾਂ ਲਈ ਇੱਥੇ ਲਿਆਂਦਾ ਜਾਵੇ ਅਤੇ ਫਿਰ ਪੰਜਾਬ ਵਿੱਚ ਹੀ ਰੱਖਿਆ ਜਾਂਦਾ। ਮੈਂ ਚਾਹੁੰਦਾ ਹਾਂ ਕਿ ਘੱਟੋ-ਘੱਟ ਦੱਸ ਦਿਨ ਦੀ ਪੈਰੋਲ ਉਨ੍ਹਾਂ ਨੂੰ ਮਿਲਣੀ ਚਾਹੀਦੀ ਸੀ। ਪਰ ਚਲੋ, ਜੋ ਵੀ ਸਰਕਾਰਾਂ ਨੂੰ ਮਨਜ਼ੂਰ ਹੈ।”
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

ਇਸੇ ਤਰ੍ਹਾਂ ਜਥੇਬੰਦੀ ਦੇ ਆਗੂ ਅਵਤਾਰ ਸਿੰਘ ਕਾਂਗੜ ਨੇ ਕਿਹਾ, “ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਇੱਕ ਝਲਕ ਦੇਖਣ ਲਈ ਪਿਛਲੇ ਚਾਰ ਸਾਲਾਂ ਤੋਂ ਤਰਸ ਰਹੇ ਹਨ। ਕਿਉਂਕਿ ਉਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਇੱਕ ਖਾਲਸਾ ਵਹੀਰ ਵਜੋਂ ਜਾਗਰੂਕਤਾ ਮੁਹਿੰਮ ਚਲਾਈ ਸੀ, ਜਿਸ ਨੂੰ ਪੰਜਾਬ ਦੇ ਨੌਜਵਾਨਾਂ ਅਤੇ ਲੋਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ ਅਤੇ ਉਨ੍ਹਾਂ ਨਾਲ ਲੋਕਾਂ ਦੀਆਂ ਬਹੁਤ ਉਮੀਦਾਂ ਜੁੜੀਆਂ ਹੋਈਆਂ ਹਨ। ਅੱਜ ਜੋ ਇੱਕ ਦਿਨ ਦੀ ਪੈਰੋਲ ਉਨ੍ਹਾਂ ਨੂੰ ਮਿਲੀ ਹੈ, ਉਹ ਆਪਣੀ ਦਾਦੀ ਜੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਹੈ। ਪਰ ਅਸੀਂ ਸਮਝਦੇ ਹਾਂ ਕਿ ਇਹ ਬਹੁਤ ਘੱਟ ਹੈ, ਕਿਉਂਕਿ ਸਮਾਜਿਕ ਰਸਮਾਂ ਅਤੇ ਰਿਵਾਜਾਂ ਦੇ ਤਹਿਤ ਉਨ੍ਹਾਂ ਨੂੰ ਘੱਟੋ-ਘੱਟ ਤਿੰਨ-ਚਾਰ ਦਿਨ ਦੀ ਪੈਰੋਲ ਤਾਂ ਜ਼ਰੂਰ ਮਿਲਣੀ ਚਾਹੀਦੀ ਸੀ।”
ਪਰਿਵਾਰ ਨੇ ਕੀ ਮੰਗ ਰੱਖੀ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਬੀਤੇ ਕੱਲ੍ਹ ਅਦਾਲਤ ਨੇ ਮਨਜ਼ੂਰੀ ਦੇ ਦਿੱ ਸੀ। ਉਨ੍ਹਾਂ ਨੂੰ ਇਹ ਮਨਜ਼ੂਰੀ 14 ਨਵੰਬਰ ਲਈ ਮਿਲੀ ਸੀ। ਪਰ ਪਰਿਵਾਰ ਵੱਲੋਂ 17 ਨਵੰਬਰ ਦੇ ਦਿਨ ਲਈ ਇਜਾਜ਼ਤ ਦੀ ਮੰਗ ਕੀਤੀ ਜਾ ਰਹੀ ਸੀ।
ਇਸ ਲਈ ਪਰਿਵਾਰ ਨੇ ਹੁਣ 17 ਨਵੰਬਰ ਦੇ ਦਿਨ ਲਈ ਇਜਾਜ਼ਤ ਦੇਣ ਲਈ ਨਵੀਂ ਅਰਜ਼ੀ ਦੇਣ ਦਾ ਫ਼ੈਸਲਾ ਕੀਤਾ ਹੈ।
ਇਸ ਮੌਕੇ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ।
ਉਨ੍ਹਾਂ ਕਿਹਾ, “ਜਦੋਂ ਕੱਲ੍ਹ ਅਦਾਲਤ ਦਾ ਹੁਕਮ ਹੋਇਆ ਤਾਂ ਸਾਡੇ ਵਕੀਲ ਸਾਹਿਬ ਨੇ ਕੁਝ ਸਮਾਂ ਮੰਗਿਆ ਸੀ ਕਿ ਸਾਨੂੰ 14 ਤਾਰੀਖ ਦੀ ਥਾਂ 17 ਤਾਰੀਖ ਦਿੱਤੀ ਜਾਵੇ। ਇਸ ਲਈ ਸਰਕਾਰੀ ਵਕੀਲ ਨਾਲ ਵੀ ਸਾਡੇ ਵਕੀਲ ਦੀ ਗੱਲ ਹੋ ਚੁੱਕੀ ਸੀ। ਉਹ ਵੀ ਕਹਿ ਰਹੇ ਸਨ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਲਿਆਉਣ ਲਈ ਸਮਾਂ ਚਾਹੀਦਾ ਹੈ। ਇਸ ਗੱਲ ‘ਤੇ ਸਹਿਮਤੀ ਵੀ ਬਣ ਗਈ ਸੀ ਪਰ ਅਦਾਲਤ ਦਾ ਹੁਕਮ ਨਹੀਂ ਆਇਆ ਸੀ। ਅਸੀਂ ਰਾਤ ਤੱਕ ਵੀ ਕਾਫ਼ੀ ਉਡੀਕ ਕੀਤੀ। “
“ਮੈਂ ਫ਼ੋਨ ‘ਤੇ ਗੱਲ ਕੀਤੀ ਤਾਂ ਉਹ ਕਹਿ ਰਹੇ ਸਨ ਕਿ ਸ਼ਾਇਦ ਇਸ ਸਬੰਧੀ ਮੁੜ ਕੋਈ ਅਰਜ਼ੀ ਮੰਗੀ ਗਈ ਹੈ। ਇਸ ਲਈ ਉਹ ਦੇ ਰਹੇ ਹਨ। ਉਸ ਤੋਂ ਬਾਅਦ ਅਦਾਲਤ ਦਾ ਫ਼ੈਸਲਾ ਆਵੇਗਾ। ਅਸੀਂ 17 ਤਾਰੀਖ ਦੀ ਮੰਗ ਕਰ ਰਹੇ ਸੀ ਕਿ ਅੰਤਿਮ ਸੰਸਕਾਰ ਲਈ 17 ਤਾਰੀਖ ਦਾ ਸਮਾਂ ਦਿੱਤਾ ਜਾਵੇ। ਤਾਂ ਜੋ ਉਸ ਦਿਨ ਉਨ੍ਹਾਂ ਦੇ ਚਾਚਾ ਜੀ ਅਤੇ ਭਾਣਜਾ ਸੁਖਮਨਪ੍ਰੀਤ ਵੀ ਪਹੁੰਚ ਸਕਣ।”
ਉਨ੍ਹਾਂ ਅੱਗੇ ਕਿਹਾ, “ਹੁਣ ਦੇਖੋ ਅਗਲਾ ਹੁਕਮ ਕਿਹੜਾ ਆਉਂਦਾ ਹੈ ਤਾਂ ਉਸ ਵਿੱਚ ਕਿਹੜੀ ਤਾਰੀਖ ਤੈਅ ਹੁੰਦੀ ਹੈ। ਉਸੇ ਤਾਰੀਖ ਨੂੰ ਅਸੀਂ ਮਾਤਾ ਜੀ ਦਾ ਅੰਤਿਮ ਸੰਸਕਾਰ ਕਰਾਂਗੇ। ਉਸ ਤੋਂ ਬਾਅਦ ਭੋਗ ਦੀ ਰਸਮ ਵੀ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗੇ।”
ਅਦਾਲਤੀ ਹੁਕਮ ਤੋਂ ਪਰਿਵਾਰ ਕਿੰਨਾ ਸੰਤੁਸ਼ਟ?

ਇਸ ਮੌਕੇ ਜਦੋਂ ਅਮ੍ਰਿਤਪਾਲ ਸਿੰਘ ਦੇ ਪਿਤਾ ਅਦਾਲਤੀ ਹੁਕਮ ਬਾਰੇ ਪੁੱਛਿਆ ਗਿਆ ਕਿ ਉਹ ਇਸ ਫੈਸਲੇ ਤੋਂ ਕਿੰਨਾ ਸੰਤੁਸ਼ਟ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਮੰਗ ਤਾਂ ਵੱਧ ਦਿਨਾਂ ਦੀ ਕਰ ਰਹੇ ਸਨ।
ਉਨ੍ਹਾਂ ਕਿਹਾ, “ਮੰਗ ਤਾਂ ਵੱਧ ਦੀ ਕਰ ਰਹੇ ਸੀ। ਪਰ ਇੱਕ ਦਿਨ ਦੀ ਮਿਲੀ ਹੈ ਤਾਂ ਵੀ ਅਸੀਂ ਮੁੜ ਅਦਾਲਤ ਵਿੱਚ ਅਪੀਲ ਕਰਾਂਗੇ ਕਿ ਅੰਤਿਮ ਸੰਸਕਾਰ ਤੋਂ ਕੁਝ ਦਿਨ ਬਾਅਦ ਫੁੱਲ ਚੁਗਣ ਦੀ ਰਸਮ ਹੁੰਦੀ ਹੈ। ਉਸ ਤੋਂ ਬਾਅਦ ਭੋਗ ਅਤੇ ਅੰਤਿਮ ਅਰਦਾਸ ਹੁੰਦੀ ਹੈ, ਜਿਸ ਵਿੱਚ ਸਾਡੇ ਸਾਰੇ ਆਪਣੇ ਅਤੇ ਮਰਯਾਦਾ ਅਨੁਸਾਰ ਲੋਕ ਸ਼ਾਮਲ ਹੁੰਦੇ ਹਨ। ਉਸ ਲਈ ਵੀ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਸਾਡੀ ਇਹ ਮੰਗ ਅੱਜ ਵੀ ਬਰਕਰਾਰ ਹੈ। ਪਰ ਫਿਰ ਵੀ ਸਰਕਾਰ ਜਾਂ ਅਦਾਲਤ ਜੋ ਵੀ ਫੈਸਲਾ ਕਰੇਗੀ, ਉਸ ਨੂੰ ਮੰਨਣਾ ਹੀ ਪਵੇਗਾ।”
ਅਦਾਲਤ ਵੱਲੋਂ ਲਗਾਈਆਂ ਸ਼ਰਤਾਂ ਬਾਰੇ ਤਰਸੇਮ ਸਿੰਘ ਨੇ ਕਿਹਾ, “ਮੇਰਾ ਖ਼ਿਆਲ ਹੈ ਕਿ ਇਨ੍ਹਾਂ ਵਿੱਚੋਂ ਕਈ ਸ਼ਰਤਾਂ ਬੇਲੋੜੀਆਂ ਕਹੀਆਂ ਜਾ ਸਕਦੀਆਂ ਹਨ। ਕਿਉਂਕਿ ਉਹ ਕੋਈ ਆਮ ਆਦਮੀ ਨਹੀਂ ਹਨ, ਉਹ ਲੋਕ ਸਭਾ ਮੈਂਬਰ ਵੀ ਹਨ।”
“ਉਨ੍ਹਾਂ ਦਾ ਆਪਣਾ ਹਲਕਾ ਵੀ ਹੈ। ਲੱਖਾਂ ਲੋਕਾਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਹੈ। ਜਦੋਂ ਉਹ ਪਹਿਲੀ ਵਾਰ ਇੱਥੇ ਆ ਰਹੇ ਹਨ ਤਾਂ ਉਨ੍ਹਾਂ ਦੇ ਹਲਕੇ ਦੀਆਂ ਸੰਗਤਾਂ ਵੀ ਉਨ੍ਹਾਂ ਦੇ ਦਰਸ਼ਨ ਕਰਨ ਜਾਂ ਉਨ੍ਹਾਂ ਨੂੰ ਮਿਲਣਾ ਚਾਹੁੰਦੀਆਂ ਹਨ। ਮੇਰਾ ਖ਼ਿਆਲ ਹੈ ਕਿ ਸਰਕਾਰ ਨੂੰ ਉਨ੍ਹਾਂ ਨੂੰ ਮਿਲਣ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਦੀ ਵੀ ਇਜਾਜ਼ਤ ਦੇਣੀ ਚਾਹੀਦੀ ਹੈ।”
ਹਾਲਾਂਕਿ ਅਦਾਲਤ ਵੱਲੋਂ ਅਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਨੂੰ ਤਿੰਨ ਦਿਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਭਰਾ ਨੂੰ 2 ਦਿਨ ਦੀ ਰਾਹਤ ਦਿੱਤੀ ਗਈ ਹੈ। ਇਸੇ ਕਰਕੇ ਸ਼ਨਿੱਚਰਵਾਰ ਨੂੰ ਬਠਿੰਡਾ ਤੋਂ ਚਾਚਾ ਹਰਜੀਤ ਸਿੰਘ ਨੂੰ ਪੁਲਿਸ ਮੌਜੂਦਗੀ ਵਿੱਚ ਜੱਲੂਪੁਰ ਖੇੜਾ ਲਿਆਂਦਾ ਗਿਆ।
ਵਕੀਲਾਂ ਨੇ ਕੀ ਦੱਸਿਆ
Ravinder Singh Robin/BBC
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅਮ੍ਰਿਤਪਾਲ ਸਿੰਘ ਨੂੰ ਮਿਲੀ ਇਜਾਜ਼ਤ ਦੀ ਤਰੀਕ ਬਦਲਣ ਵਾਲੀ ਅਰਜ਼ੀ ਫਾਈਲ ਨਹੀਂ ਹੋ ਸਕੀ।
ਇਸ ਮੌਕੇ ਵਾਰਿਸ ਪੰਜਾਬ ਦੇ ਮੀਡੀਆ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ, “ਭਾਈ ਅਮ੍ਰਿਤਪਾਲ ਸਿੰਘ ਨੂੰ 14 ਤਰੀਕ ਨੂੰ ਬਾਰਾਂ ਤੋਂ ਤਿੰਨ ਵਜੇ ਤੱਕ ਇੱਥੇ ਲੈ ਕੇ ਆਉਣਾ ਸੀ ਪਰ ਉਹ ਨਹੀਂ ਲਿਆਂਦਾ ਜਾ ਸਕਿਆ ਕਿਉਂਕਿ ਆਰਡਰ ਦੀ ਕਾਪੀ ਸਾਡੀ ਲੀਗਲ ਟੀਮ ਨੂੰ ਲੇਟ ਮਿਲੀ। ਉਸ ਦੇ ਸਬੰਧ ਵਿੱਚ ਹੋਰ ਵੀ ਜਿਹੜੀਆਂ ਕੰਡੀਸ਼ਨਾਂ ਸੀ ਉਹ ਪੂਰੀਆਂ ਨਹੀਂ ਹੋ ਸਕਦੀਆਂ ਸੀ ਤੇ ਡਿਬਰੂਗੜ੍ਹ ਜੇਲ੍ਹ ਤੋਂ ਵੀ ਇੱਕ ਮੇਲ ਰਾਹੀਂ ਮੈਸੇਜ ਆਇਆ ਕਿ ਉਨ੍ਹਾਂ ਨੂੰ ਇੱਥੇ ਲਿਆਉਣ ਵਿੱਚ ਦਿੱਕਤ ਆ ਰਹੀ ਹੈ।”
“ਇਸੇ ਸਬੰਧ ਵਿੱਚ ਅੱਜ ਲੀਗਲ ਟੀਮ ਵੱਲੋਂ ਤਰੀਕਾਂ ਅੱਗੇ ਕਰਨ ਵਾਸਤੇ ਡਿਊਟੀ ਮੈਜਿਸਟ੍ਰੇਟ ਨੂੰ ਇੱਕ ਨਵੀਂ ਅਰਜੀ ਦਿੱਤੀ ਜਾਣੀ ਸੀ। ਲੀਗਲ ਟੀਮ ਸਵੇਰ ਤੋਂ ਚਾਰਾਜੋਈ ਕਰ ਰਹੀ ਹੈ ਪਰ ਜੱਜਾਂ ਵੱਲੋਂ ਸਮਾਂ ਨਾ ਮਿਲਣ ਕਾਰਨ, ਇਸ ਕਰਕੇ ਹੁਣ ਸੋਮਵਾਰ ਨੂੰ ਮੁੜ ਪਟੀਸ਼ਨ ਦਾਇਰ ਕੀਤੀ ਜਾਵੇਗੀ।”
ਉਥੇ ਹੀ ਐਡਵੋਕੇਟ ਕਰਮਵੀਰ ਸਿੰਘ ਪੰਨੂ ਨੇ ਕਿਹਾ ਕਿ ਮਸਲਾ ਨਾ ਹੱਲ ਹੋਣ ਉੱਤੇ ਉਹ ਹਾਈਕੋਰਟ ਦਾ ਵੀ ਰੁਖ ਕਰ ਸਕਦੇ ਹਨ।
ਪਿੰਡ ਰੋਡੇ ਤੋਂ ਕੀਤਾ ਗਿਆ ਸੀ ਗ੍ਰਿਫ਼ਤਾਰ
Getty Images
2023 ਵਿੱਚ ਅਜਨਾਲਾ ਥਾਣੇ ਉੱਤੇ ਹੋਏ ਕਥਿਤ ਹਮਲੇ ਦੇ ਮਾਮਲੇ ਵਿੱਚ 2023 ਦੇ ਅਪ੍ਰੈਲ ਮਹੀਨੇ ਵਿੱਚ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੀ ਇੰਟੈਲੀਜੈਂਸ ਵਿੰਗ ਦੀ ਸਾਂਝੀ ਟੀਮ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਤੋਂ ਗ੍ਰਿਫ਼ਤਾਰ ਕੀਤਾ ਸੀ।
ਉਸ ਤੋਂ ਬਾਅਦ ਹੁਣ ਤੱਕ ਉਹ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਪਹਿਲਾਂ ਉਨ੍ਹਾਂ ਉੱਤੇ ਐੱਨਐੱਸਏ ਲੱਗਿਆ ਹੋਇਆ ਸੀ, ਪਰ ਬਾਅਦ ਵਿੱਚ ਐੱਨਐੱਸਏ ਹਟਾ ਦਿੱਤਾ ਗਿਆ ਸੀ।
ਪਰ ਫਿਰ ਵੀ ਸੁਰੱਖਿਆ ਅਤੇ ਹੋਰ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਹੀ ਰੱਖਿਆ ਗਿਆ ਹੈ।
ਐੱਨਐੱਸਏ ਹਟਾਏ ਜਾਣ ਤੋਂ ਬਾਅਦ ਵੀ ਅਮ੍ਰਿਤਪਾਲ ਸਿੰਘ ਉੱਤੇ ਪੰਜਾਬ ਵਿੱਚ ਕਰੀਬ 12 ਕੇਸ ਦਰਜ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਹੋਰ ਖੋਜੋ
source : BBC PUNJABI




