Home rss national punjabi2ਰਾਸ਼ਟਰੀ ਖ਼ਬਰਾਂ ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਦਾ ਹਿੱਸਾ ਬਣੇ, ਪੰਜਾਬ ਨੂੰ ਹਾਰਦਿਕ ਪਾਂਡਿਆ ਮਿਲੇ,...

ਅਰਸ਼ਦੀਪ ਸਿੰਘ ਮੁੰਬਈ ਇੰਡੀਅਨਜ਼ ਦਾ ਹਿੱਸਾ ਬਣੇ, ਪੰਜਾਬ ਨੂੰ ਹਾਰਦਿਕ ਪਾਂਡਿਆ ਮਿਲੇ, ਇਸ ਸੌਦੇ ਦੀਆਂ ਖ਼ਾਸ ਗੱਲਾਂ ਕੀ ਰਹੀਆਂ

3
0

Source :- BBC PUNJABI

ਅਰਸ਼ਦੀਪ ਸਿੰਘ ਤੇ ਹਾਰਦਿਕ ਪਾਂਡਿਆ

ਪੜ੍ਹਨ ਦਾ ਸਮਾਂ: 4 ਮਿੰਟ

2027 ਆਈਪੀਐੱਲ ਤੋਂ ਪਹਿਲਾਂ, ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪਾਂਡਿਆ ਪੰਜਾਬ ਕਿੰਗਜ਼ ਦੀ ਟੀਮ ਵਿੱਚ ਸ਼ਾਮਲ ਹੋ ਗਏ ਹਨ, ਜਦਕਿ ਅਰਸ਼ਦੀਪ ਸਿੰਘ ਨੇ ਪੰਜਾਬ ਟੀਮ ਛੱਡ ਕੇ ਮੁੰਬਈ ਇੰਡੀਅਨਜ਼ ਨਾਲ ਹੱਥ ਮਿਲਾ ਲਿਆ ਹੈ।

ਇਸ ਸਮਝੌਤੇ ਦਾ ਐਲਾਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਵੱਲੋਂ ਕੀਤਾ ਗਿਆ ਹੈ।

ਬੀਸੀਸੀਆਈ ਵੱਲੋਂ ਸੋਸ਼ਲ ਮੀਡੀਆ ‘ਤੇ ਪਾਈ ਗਈ ਇੱਕ ਪੋਸਟ ਮੁਤਾਬਕ, ਦੋਵਾਂ ਖਿਡਾਰੀਆਂ ਨੂੰ 18-18 ਕਰੋੜ ਰੁਪਏ ਮਿਲਣਗੇ।

ਹਾਰਦਿਕ ਪਾਂਡਿਆ ਨੂੰ ਪਹਿਲਾਂ 16.35 ਕਰੋੜ ਰੁਪਏ ਦੀ ਫੀਸ ਮਿਲ ਰਹੀ ਸੀ, ਪਰ ਹੁਣ ਉਨ੍ਹਾਂ ਨੂੰ ਇਸ ਤੋਂ ਵੱਧ ਫੀਸ ਮਿਲੇਗੀ।

ਅਰਸ਼ਦੀਪ ਸਿੰਘ ਮੌਜੂਦਾ ਫੀਸ ‘ਤੇ ਹੀ ਟੀਮ ਬਦਲਣਗੇ। ਫਿਲਹਾਲ ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ ਮਿਲਦੇ ਹਨ।

ਪੰਜਾਬ ਕਿੰਗਜ਼ ਆਈਪੀਐੱਲ ਵਿੱਚ ਹਾਰਦਿਕ ਪੰਡਯਾ ਦੀ ਤੀਜੀ ਟੀਮ ਹੋਵੇਗੀ।

ਹਾਰਦਿਕ ਦੀ ਕਪਤਾਨੀ ਹੇਠ ਮੁੰਬਈ ਨੇ ਕੁੱਲ 39 ਮੈਚਾਂ ਵਿੱਚੋਂ 15 ਮੈਚ ਜਿੱਤੇ ਹਨ ਅਤੇ 24 ਮੈਚ ਹਾਰੇ ਹਨ।

ਹਾਰਦਿਕ ਦੇ ਪੰਜਾਬ ਜਾਣ ਤੋਂ ਪਹਿਲਾਂ, ਮੁੰਬਈ ਦੀ ਟੀਮ ਨੇ ਆਪਣੇ ਸਹਾਇਕ ਸਟਾਫ਼ ਵਿੱਚ ਵੀ ਕਈ ਬਦਲਾਅ ਕੀਤੇ ਹਨ।

ਟੀਮ ਪ੍ਰਬੰਧਨ ਨੇ ਸਭ ਤੋਂ ਪਹਿਲਾਂ ਮਹੇਲਾ ਜੈਵਰਧਨੇ ਦੀ ਥਾਂ ਕੀਰੋਨ ਪੋਲਾਰਡ ਨੂੰ ਮੁੱਖ ਕੋਚ ਨਿਯੁਕਤ ਕੀਤਾ ਹੈ, ਜਦਕਿ ਰੌਬਿਨ ਉਥੱਪਾ ਨੂੰ ਬੱਲੇਬਾਜ਼ੀ ਕੋਚ, ਮਿਸ਼ੇਲ ਮੈਕਲੇਨਾਘਨ ਨੂੰ ਗੇਂਦਬਾਜ਼ੀ ਕੋਚ ਅਤੇ ਟੀ. ਦਿਲੀਪ ਨੂੰ ਫੀਲਡਿੰਗ ਕੋਚ ਬਣਾਇਆ ਗਿਆ ਹੈ।

ਮੁੰਬਈ ਇੰਡੀਅਨਜ਼ ਵਿੱਚ ਅਰਸ਼ਦੀਪ ਦੀ ਜੋੜੀ ਜਸਪ੍ਰੀਤ ਬੁਮਰਾਹ ਨਾਲ ਬਣੇਗੀ

ਹਾਰਦਿਕ ਪੰਡਯਾ

ਹਾਰਦਿਕ ਪਾਂਡਿਆ 2024 ਤੋਂ ਮੁੰਬਈ ਇੰਡੀਅਨਜ਼ ਦੇ ਕਪਤਾਨ ਰਹੇ ਹਨ ਅਤੇ ਹੁਣ ਟੀਮ ਬਦਲ ਰਹੇ ਹਨ।

ਖੱਬੇ ਹੱਥ ਦੇ ਗੇਂਦਬਾਜ਼ ਅਰਸ਼ਦੀਪ ਸਿੰਘ 2019 ਵਿੱਚ ਆਈਪੀਐੱਲ ਦੀ ਸ਼ੁਰੂਆਤ ਕਰਨ ਦੇ ਬਾਅਦ ਤੋਂ ਹੀ ਪੰਜਾਬ ਦੀ ਟੀਮ ਨਾਲ ਜੁੜੇ ਹੋਏ ਹਨ। ਹੁਣ ਮੁੰਬਈ ਇੰਡੀਅਨਜ਼ ਦੀ ਟੀਮ ਵਿੱਚ ਉਨ੍ਹਾਂ ਦੀ ਜੋੜੀ ਜਸਪ੍ਰੀਤ ਬੁਮਰਾਹ ਨਾਲ ਬਣੇਗੀ।

ਹਾਰਦਿਕ ਪਾਂਡਿਆ 2015 ਵਿੱਚ ਮੁੰਬਈ ਇੰਡੀਅਨਜ਼ ਨਾਲ ਜੁੜੇ ਸਨ। ਉਨ੍ਹਾਂ ਨੂੰ ਆਈਪੀਐੱਲ ਦੇ ਸਭ ਤੋਂ ਪ੍ਰਭਾਵਸ਼ਾਲੀ ਆਲਰਾਊਂਡਰਜ਼ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਹਾਰਦਿਕ ਪੰਡਯਾ ਨੇ ਮੁੰਬਈ ਇੰਡੀਅਨਜ਼ ਨੂੰ 2015, 2017, 2019 ਅਤੇ 2020 ਵਿੱਚ ਆਈਪੀਐੱਲ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਮੁੰਬਈ ਨਾਲ ਸੱਤ ਸੀਜ਼ਨ ਬਿਤਾਉਣ ਤੋਂ ਬਾਅਦ, ਹਾਰਦਿਕ ਪਾਂਡਿਆ 2022 ਵਿੱਚ ਗੁਜਰਾਤ ਟਾਈਟਨਜ਼ ਨਾਲ ਜੁੜ ਗਏ ਸਨ। ਹਾਰਦਿਕ ਦੀ ਕਪਤਾਨੀ ਹੇਠ ਗੁਜਰਾਤ ਟਾਈਟਨਜ਼ ਨੇ ਪਹਿਲੇ ਹੀ ਸੀਜ਼ਨ ਵਿੱਚ ਖ਼ਿਤਾਬ ਆਪਣੇ ਨਾਮ ਕਰ ਲਿਆ ਸੀ।

2024 ਵਿੱਚ ਹਾਰਦਿਕ ਪੰਡਯਾ ਇੱਕ ਵਾਰ ਫਿਰ ਮੁੰਬਈ ਇੰਡੀਅਨਜ਼ ਦੇ ਕਪਤਾਨ ਬਣੇ, ਹਾਲਾਂਕਿ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।

ਪਿਛਲੇ ਹਫ਼ਤੇ ਤੋਂ ਹੀ ਮੀਡੀਆ ਵਿੱਚ ਇਹ ਚਰਚਾ ਚੱਲ ਰਹੀ ਸੀ ਕਿ ਹਾਰਦਿਕ ਪੰਡਯਾ ਅਤੇ ਅਰਸ਼ਦੀਪ ਸਿੰਘ ਆਪਣੀਆਂ ਟੀਮਾਂ ਬਦਲਣ ਵਾਲੇ ਹਨ।

ਹੁਣ ਬੀਸੀਸੀਆਈ ਨੇ ਇਸ ਦਾ ਅਧਿਕਾਰਿਤ ਐਲਾਨ ਕਰ ਦਿੱਤਾ ਹੈ। ਹਾਰਦਿਕ ਪਾਂਡਿਆ ਦੇ ਜਾਣ ਤੋਂ ਬਾਅਦ ਮੁੰਬਈ ਇੰਡੀਅਨਜ਼ ਨੂੰ ਨਵੇਂ ਕਪਤਾਨ ਦੀ ਭਾਲ ਕਰਨੀ ਪਵੇਗੀ। ਪੰਜਾਬ ਕਿੰਗਜ਼ ਹਾਰਦਿਕ ਦੀ ਤੀਜੀ ਆਈਪੀਐੱਲ ਟੀਮ ਹੋਵੇਗੀ।

ਇਸ ਤੋਂ ਪਹਿਲਾਂ, ਉਹ 2015 ਵਿੱਚ ਮੁੰਬਈ ਇੰਡੀਅਨਜ਼ ਨਾਲ ਜੁੜੇ ਸਨ ਅਤੇ ਉਸ ਤੋਂ ਬਾਅਦ ਗੁਜਰਾਤ ਟਾਈਟਨਜ਼ ਲਈ ਵੀ ਖੇਡੇ ਸਨ। ਫ਼ਿਰ, 2024 ਵਿੱਚ ਉਹ ਮੁੜ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋ ਗਏ।

ਹਾਰਦਿਕ ਪਾਂਡਿਆ ਜਿਸ ਟੀਮ ਦਾ ਹਿੱਸਾ ਰਹੇ, ਉਸ ਨੇ ਆਈਪੀਐੱਲ ਦਾ ਫਾਈਨਲ ਪੰਜ ਵਾਰ ਜਿੱਤਿਆ ਹੈ। ਮੁੰਬਈ ਇੰਡੀਅਨਜ਼ ਨੇ ਚਾਰ ਵਾਰ ਅਤੇ ਗੁਜਰਾਤ ਟਾਈਟਨਜ਼ ਨੇ ਇੱਕ ਵਾਰ ਇਹ ਖ਼ਿਤਾਬ ਜਿੱਤਿਆ।

ਇੱਕ ਸਮਾਂ ਸੀ ਜਦੋਂ ਰੋਹਿਤ ਸ਼ਰਮਾ ਵੀ ਮੁੰਬਈ ਇੰਡੀਅਨਜ਼ ਦੇ ਕਪਤਾਨ ਸਨ ਅਤੇ ਉਨ੍ਹਾਂ ਦੀ ਥਾਂ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਇਆ ਗਿਆ ਸੀ।

ਹਾਰਦਿਕ ਪੰਡਯਾ ਦਾ ਪ੍ਰਦਰਸ਼ਨ ਕਾਫ਼ੀ ਹੱਦ ਤੱਕ ਇਕਸਾਰ ਰਿਹਾ ਹੈ। ਉਨ੍ਹਾਂ ਨੇ ਆਈਪੀਐੱਲ ਵਿੱਚ ਤਕਰੀਬਨ 3,000 ਦੌੜਾਂ ਬਣਾਈਆਂ ਹਨ ਅਤੇ 82 ਵਿਕਟਾਂ ਲਈਆਂ ਹਨ।

ਪੰਜਾਬ ਕਿੰਗਜ਼ ਨੇ ਅੱਜ ਤੱਕ ਕੋਈ ਖ਼ਿਤਾਬ ਨਹੀਂ ਜਿੱਤਿਆ ਹੈ

ਅਰਸ਼ਦੀਪ ਸਿੰਘ

ਫਿਲਹਾਲ ਪੰਜਾਬ ਕਿੰਗਜ਼ ਦੀ ਕਪਤਾਨੀ ਸ਼੍ਰੇਅਸ ਅਈਅਰ ਕਰ ਰਹੇ ਹਨ। ਅਈਅਰ ਨੇ ਆਈਪੀਐੱਲ ਦੇ ਪਿਛਲੇ ਦੋ ਸੀਜ਼ਨਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਹੈ ਅਤੇ ਮਾਹਰਾਂ ਮੁਤਾਬਕ, ਉਨ੍ਹਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ ਉਨ੍ਹਾਂ ਨੂੰ ਵਨਡੇ ਵਿੱਚ ਭਾਰਤੀ ਟੀਮ ਦਾ ਉਪ-ਕਪਤਾਨ ਅਤੇ ਟੀ-20 ਕੌਮਾਂਤਰੀ ਮੈਚਾਂ ਵਿੱਚ ਕਪਤਾਨੀ ਸੌਂਪੀ ਗਈ ਹੈ। ਨਿਊਜ਼ੀਲੈਂਡ ਖ਼ਿਲਾਫ਼ ਚੱਲ ਰਹੀ ਵਨਡੇ ਸੀਰੀਜ਼ ਦੇ ਆਖ਼ਰੀ ਦੋ ਮੈਚਾਂ ਵਿੱਚ ਵੀ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ ਹੈ।

ਹਾਲਾਂਕਿ, ਪੰਜਾਬ ਕਿੰਗਜ਼ ਦੀ ਟੀਮ ਨੇ ਕਦੇ ਵੀ ਆਈਪੀਐੱਲ ਦਾ ਖ਼ਿਤਾਬ ਨਹੀਂ ਜਿੱਤਿਆ ਹੈ, ਇਸ ਲਈ ਇਹ ਦੇਖਣਾ ਬਾਕੀ ਹੈ ਕਿ ਹਾਰਦਿਕ ਪੰਡਯਾ ਦੀ ਅਗਵਾਈ ਹੇਠ ਟੀਮ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਹੈ।

ਅਰਸ਼ਦੀਪ ਸਿੰਘ ਨੇ 2019 ਵਿੱਚ ਆਈਪੀਐੱਲ ਵਿੱਚ ਖੇਡਣਾ ਸ਼ੁਰੂ ਕਰਨ ਤੋਂ ਬਾਅਦ 96 ਮੈਚਾਂ ਵਿੱਚ 111 ਵਿਕਟਾਂ ਲਈਆਂ ਹਨ।

ਜੇਕਰ ਆਈਪੀਐੱਲ ਦੇ ਪਿਛਲੇ ਤਿੰਨ ਸੀਜ਼ਨਾਂ ਦੀ ਗੱਲ ਕਰੀਏ ਤਾਂ ਮੁੰਬਈ ਇੰਡੀਅਨਜ਼ 2024 ਵਿੱਚ ਅੰਕ ਸੂਚੀ ਵਿੱਚ ਸਭ ਤੋਂ ਹੇਠਾਂ ਰਹੀ ਸੀ। ਟੀਮ 2025 ਵਿੱਚ ਪਲੇਅ-ਆਫ਼ ਤੱਕ ਪਹੁੰਚਣ ਵਿੱਚ ਕਾਮਯਾਬ ਰਹੀ। 2026 ਵਿੱਚ ਵੀ ਉਸ ਦਾ ਪ੍ਰਦਰਸ਼ਨ ਖ਼ਰਾਬ ਰਿਹਾ ਸੀ।

ਆਈਪੀਐੱਲ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਸ ਤਰ੍ਹਾਂ ਦੇ ਵੱਡੇ ਸੌਦੇ ਹੁੰਦੇ ਰਹਿੰਦੇ ਹਨ।

ਇਸ ਸਾਲ ਲਖਨਊ ਸੁਪਰ ਜਾਇੰਟਸ ਤੋਂ ਰਿਸ਼ਭ ਪੰਤ ਦਿੱਲੀ ਕੈਪੀਟਲਜ਼ ਵਿੱਚ ਚਲੇ ਗਏ ਅਤੇ ਬਦਲੇ ਵਿੱਚ ਕੁਲਦੀਪ ਯਾਦਵ ਲਖਨਊ ਸੁਪਰ ਜਾਇੰਟਸ ਵਿੱਚ ਸ਼ਾਮਲ ਹੋ ਗਏ।

ਹਾਰਦਿਕ ਪਾਂਡਿਆ ਲਈ ਗੁਜਰਾਤ ਛੱਡ ਕੇ ਮੁੰਬਈ ਇੰਡੀਅਨਜ਼ ਵਿੱਚ ਸ਼ਾਮਲ ਹੋਣ ਦਾ ਪਹਿਲਾ ਸੀਜ਼ਨ ਕਾਫ਼ੀ ਔਖਿਆਈਆਂ ਭਰਿਆ ਰਿਹਾ। ਇਸ ਦੌਰਾਨ 2024 ਵਿੱਚ ਉਨ੍ਹਾਂ ਦੀ ਟੀਮ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ‘ਤੇ ਪਹੁੰਚ ਗਈ ਸੀ। ਹਾਲਾਂਕਿ, ਮੁੰਬਈ ਇੰਡੀਅਨਜ਼ ਨੇ ਅਗਲੇ ਸਾਲ ਚੰਗਾ ਪ੍ਰਦਰਸ਼ਨ ਕੀਤਾ।

ਇਸ ਤੋਂ ਇਲਾਵਾ, ਪੰਡਯਾ ਨੂੰ ਸੱਟਾਂ ਲੱਗਣ ਕਾਰਨ ਵੀ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 2026 ਦੇ ਆਈਪੀਐੱਲ ਵਿੱਚ ਵੀ ਉਨ੍ਹਾਂ ਨੂੰ ਫਿੱਟਨੈੱਸ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਪਿੱਠ ਵਿੱਚ ਦਰਦ ਕਾਰਨ ਉਹ ਕੁਝ ਮੈਚ ਨਹੀਂ ਖੇਡ ਸਕੇ ਸਨ। ਉਨ੍ਹਾਂ ਨੂੰ ਸਿਰਫ਼ ਪੰਜ ਮਹੀਨਿਆਂ ਦੇ ਅੰਦਰ ਤਿੰਨ ਵੱਖ-ਵੱਖ ਸੱਟਾਂ ਲੱਗੀਆਂ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI