Home rss national punjabi2ਰਾਸ਼ਟਰੀ ਖ਼ਬਰਾਂ ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਪਾਰਟੀ ਦੀ...

ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਚੋਣਾਂ ਤੋਂ ਪਹਿਲਾਂ ਇਨ੍ਹਾਂ ਅਸਤੀਫਿਆਂ ਦੇ ਕੀ ਹਨ ਮਾਅਨੇ

3
0

Source :- BBC PUNJABI

ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ

ਆਪ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੋਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ।

ਚੇਤਨ ਸਿੰਘ ਜੌੜਾਮਾਜਰਾ ਸਮਾਣਾ ਤੋਂ ਜਦੋਂਕਿ ਹਰਮੀਤ ਸਿੰਘ ਪਠਾਣਮਾਜਰਾ ਸਨੌਰ ਤੋਂ ਵਿਧਾਇਕ ਹਨ।

‘ਆਪ’ ਨੇ ਇੱਕ ਦਿਨ ਪਹਿਲਾਂ ਹੀ 40 ਉਮੀਦਵਾਰ ਐਲਾਨੇ ਹਨ

ਆਮ ਆਦਮੀ ਪਾਰਟੀ ਵੱਲੋਂ ਸ਼ਨੀਵਾਰ ਨੂੰ ਹੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਵਿੱਚ ਕੁੱਲ 40 ਉਮੀਦਵਾਰ ਸ਼ਾਮਿਲ ਹਨ ਅਤੇ ਇਹ ਸਾਰੇ ਮੌਜੂਦਾ ਵਿਧਾਇਕ ਹਨ।

ਇਸ ਸੂਚੀ ਵਿੱਚ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਦਾ ਨਾਂਅ ਸ਼ਾਮਿਲ ਨਹੀਂ ਹੈ। ਹਾਲਾਂਕਿ ਪਹਿਲੀ ਸੂਚੀ ਵਿੱਚ ਸਮਾਣਾ ਅਤੇ ਸਨੌਰ ਤੋਂ ਕਿਸੇ ਹੋਰ ਉਮੀਦਵਾਰ ਦਾ ਐਲਾਨ ਵੀ ਅਜੇ ਨਹੀਂ ਹੋਇਆ ਹੈ।

ਆਮ ਆਦਮੀ ਪਾਰਟੀ ਨੇ ਕੀ ਕਿਹਾ ?

ਉਧਰ ਇਨ੍ਹਾਂ ਅਸਤੀਫਿਆਂ ਉੱਤੇ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਦਾ ਪ੍ਰਤੀਕਰਮ ਸਾਹਮਣੇ ਆਇਆ।

ਅਮਨ ਅਰੋੜਾ ਨੇ ਕਿਹਾ, “ਆਮ ਆਦਮੀ ਪਾਰਟੀ ਨੇ ਹਮੇਸ਼ਾ ਪੰਜਾਬ ਨੂੰ ਪਹਿਲ ਦਿੱਤੀ ਹੈ। ਸਾਡੇ ਕਿਸੇ ਵੀ ਆਗੂ ਨੇ ਜੇਕਰ ਕਦੇ ਭ੍ਰਿਸ਼ਟਾਚਾਰ ਕੀਤਾ ਜਾਂ ਪੰਜਾਬ ਦੇ ਹਿੱਤਾਂ ਦੇ ਖ਼ਿਲਾਫ਼ ਜਾਣ ਦੀ ਕੋਸ਼ਿਸ਼ ਕੀਤੀ, ਤਾਂ ਅਸੀਂ ਬਿਨਾਂ ਕਿਸੇ ਝਿਜਕ ਦੇ ਉਸ ਖ਼ਿਲਾਫ਼ ਕਾਰਵਾਈ ਕੀਤੀ ਅਤੇ ਅਜਿਹੇ ਲੋਕਾਂ ਨੂੰ ਪਾਰਟੀ ਤੋਂ ਲਾਂਭੇ ਕੀਤਾ।”

ਪਠਾਣਮਾਜਰਾ ਅਤੇ ਜੌੜਾਮਾਜਰਾ ਨਾਲ ਕਿਹੜੇ ਵਿਵਾਦ ਜੁੜੇ ਰਹੇ ?

ਹਰਮੀਤ ਸਿੰਘ ਪਠਾਣਮਾਜਰਾ

ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਉੱਤੇ ਇੱਕ ਕਥਿਤ ਪੁਰਾਣੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਐੱਫਆਈਆਰ ਹੋਈ ਸੀ। ਹਾਲਾਂਕਿ ਉਦੋਂ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋਂ ਕੁਝ ਮਿੰਟਾਂ ਬਾਅਦ ਹੀ ਪਠਾਨਮਾਜਰਾ ਪੁਲਿਸ ਹਿਰਾਸਤ ‘ਚੋ ਫ਼ਰਾਰ ਹੋ ਗਏ ਸਨ। ਜਿਸ ਤੋਂ ਬਾਅਦ ਉਹ ਕਈ ਮਹੀਨਿਆਂ ਤੱਕ ਫਰਾਰ ਰਹੇ। ਪਟਿਆਲਾ ਅਦਾਲਤ ਵੱਲੋਂ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ।

ਮਾਰਚ 2026 ਵਿੱਚ ਪਟਿਆਲਾ ਪੁਲਿਸ ਵੱਲੋਂ ਪਠਾਨਮਾਜਰਾ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਪਠਾਨਮਾਜਰਾ ਖ਼ਿਲਾਫ 1 ਸਤੰਬਰ 2025 ਨੂੰ ਆਈਪੀਸੀ ਦੀ ਧਾਰਾ 376, 420 ਅਤੇ 506 ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਸੀ।

ਐੱਫਆਈਆਰ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਮਾਮਲਾ ਕੁਝ ਸਾਲ ਪੁਰਾਣਾ ਹੈ, ਇੱਕ ਮਹਿਲਾ ਜੋ ਸਾਲ 2013-14 ਵਿੱਚ ਪਠਾਨਮਾਜਰਾ ਦੇ ਸਪੰਰਕ ਵਿੱਚ ਆਈ ਉਸ ਨੇ ਪਠਾਨਮਾਜਰਾ ਉੱਤੇ ਗੁੰਮਰਾਹ ਕਰਕੇ ਵਿਆਹ ਕਰਵਾਉਣ ਅਤੇ ਸਰੀਰਕ ਸੋਸ਼ਣ ਕਰਨ ਦੇ ਇਲਜ਼ਾਮ ਲਾਏ ਹਨ ਅਤੇ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਜੌੜਾਮਾਜਰਾ ਹਸਪਤਾਲ ਦੀ ਚੈਕਿੰਗ ਕਰ ਰਹੇ ਸਨ

ਸਿਹਤ ਮੰਤਰੀ ਰਹਿੰਦਿਆਂ ਚੇਤਨ ਸਿੰਘ ਜੌੜਾਮਾਜਰਾ, ਬਾਬਾ ਫ਼ਰੀਦ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਹੋਏ ਵਿਵਾਦ ਕਾਰਨ ਚਰਚਾ ਵਿੱਚ ਰਹੇ ਸਨ।

ਇਹ ਮਾਮਲਾ ਸਾਲ 2022 ਹੈ ਜਦੋਂ ਬਤੌਰ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ ਸਨ। ਇਹ ਮੈਡੀਕਲ ਕਾਲਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਧੀਨ ਆਉਂਦਾ ਹੈ।

ਇਲਾਕੇ ਦੇ ਲੋਕਾਂ ਵੱਲੋਂ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਕੀਤੀਆਂ ਸ਼ਿਕਾਇਤਾਂ ਨੂੰ ਲੈ ਕੇ ਉਹ ਚੈਕਿੰਗ ਲਈ ਪਹੁੰਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਪਾਇਆ ਕਿ ਚਮੜੀ ਵਿਭਾਗ ‘ਚ ਮਰੀਜ਼ਾਂ ਦੇ ਸੌਣ ਲਈ ਰੱਖੇ ਬੈੱਡਾਂ ਦੇ ਗੱਦੇ ਗਲੇ (ਖ਼ਰਾਬ) ਹੋਏ ਸਨ। ਇਸ ਦੌਰਾਨ ਜੌੜਾਮਾਜਰਾ ਵੱਲੋਂ ਨਰਾਜ਼ਗੀ ਜ਼ਾਹਰ ਕਰਦਿਆਂ ਵੀਸੀ ਨੂੰ ਉਸ ਗੱਦੇ ਉੱਤੇ ਲੇਟਣ ਲਈ ਕਿਹਾ ਗਿਆ ਅਤੇ ਵੀਸੀ ਨੂੰ ਅਜਿਹਾ ਕਰਨਾ ਪਿਆ।

ਜੌੜਾਮਾਜਰਾ ਵੱਲੋਂ ਕੀਤੇ ਵਿਵਹਾਰ ਕਾਰਨ ਵੀਸੀ ਡਾ. ਰਾਜ ਬਹਾਦਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਇਸ ਮਾਮਲੇ ਕਾਰਨ ਜੌੜਾਮਾਜਰਾ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਆਪ ਵਿਧਾਇਕਾਂ ਦੇ ਅਸਤੀਫ਼ੇ ਦੇ ਕੀ ਮਾਇਨੇ?

‘ਆਪ’ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਤੋਂ ਇੱਕ ਦਿਨ ਬਾਅਦ ਹੀ ਦੋ ਵਿਧਾਇਕਾਂ ਦੇ ਅਸਤੀਫ਼ੇ ਬਾਰੇ ਗੱਲ ਕਰਦਿਆਂ ਸਿਆਸੀ ਮਾਹਰ ਪ੍ਰੋ. ਮੁਹੰਮਦ ਖਾਲਿਦ ਕਹਿੰਦੇ ਹਨ ਕਿ ਅਜਿਹੇ ਰੁਝਾਨ ਆਮ ਤੌਰ ਉੱਤੇ ਚੋਣਾਂ ਭਾਵੇਂ ਵਿਧਾਨ ਸਭਾ ਹੋਵੇ ਜਾਂ ਲੋਕ ਸਭਾ ਹੋਵੇ, ਤੋਂ ਪਹਿਲਾਂ ਦੇਖਣ ਨੂੰ ਮਿਲਦੇ ਹਨ।

ਪ੍ਰੋ. ਖਾਲਿਦ ਕਹਿੰਦੇ ਹਨ, “ਜਦੋਂ ਕਿਸੇ ਮੌਜੂਦਾ ਵਿਧਾਇਕ ਜਾਂ ਸੰਸਦ ਮੈਂਬਰ ਨੂੰ ਲੱਗਦਾ ਹੈ ਕਿ ਉਸ ਦੀ ਟਿਕਟ ਕੱਟੀ ਜਾਵੇਗੀ ਤਾਂ ਉਹ ਪਾਰਟੀ ਬਦਲ ਕੇ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰਦੇ ਹਨ ਅਤੇ ਅਜਿਹਾ ਸਿਰਫ਼ ਆਮ ਆਦਮੀ ਪਾਰਟੀ ਨਹੀਂ ਬਲਕਿ ਬਾਕੀ ਪਾਰਟੀਆਂ ਵਿੱਚ ਵੀ ਦੇਖਣ ਨੂੰ ਮਿਲਦਾ ਹੈ।”

ਉਹ ਕਹਿੰਦੇ ਹਨ, “ਆਮ ਆਦਮੀ ਪਾਰਟੀ ਵੱਲੋਂ ਚੋਣਾਂ ਤੋਂ ਇੰਨੇ ਦਿਨ ਪਹਿਲਾਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਅਜਿਹਾ ਪਹਿਲਾਂ ਕਿਸੇ ਪਾਰਟੀ ਵੱਲੋਂ ਨਹੀਂ ਕੀਤਾ ਗਿਆ। ਅਜਿਹਾ ਇਸ ਲਈ ਕੀਤਾ ਗਿਆ ਤਾਂ ਜੋ ਕੋਈ ਪਾਰਟੀ ਨਾ ਛੱਡੇ।”

ਸਿਆਸੀ ਮਾਹਰ ਪ੍ਰੋ. ਮੁਹੰਮਦ ਖਾਲਿਦ ਦੀ ਟਿੱਪਣੀ

ਪੰਜਾਬ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋ. ਆਸ਼ੂਤੋਸ਼ ਕੁਮਾਰ ਕਹਿੰਦੇ ਹਨ ਕਿ ਆਮ ਆਦਮੀ ਪਾਰਟੀ ਨੇ ਬਾਕੀ ਪਾਰਟੀਆਂ ਨਾਲੋਂ ਪਹਿਲਾਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਤੇਜ਼ੀ ਦਿਖਾਈ ਪਰ ਅਗਲੇ ਹੀ ਦਿਨ ਦੋ ਵਿਧਾਇਕਾਂ ਦੇ ਅਸਤੀਫਿਆਂ ਨਾਲ ਸੈੱਟਬੈਕ ਵੀ ਲੱਗ ਗਿਆ।

ਉਨ੍ਹਾਂ ਕਿਹਾ ਕਿ ਪਹਿਲੀ ਸੂਚੀ ਤੋਂ ਬਾਅਦ ਜਿਹੜੇ ਵਿਧਾਇਕਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਟਿਕਟ ਕੱਟੀ ਜਾ ਸਕਦੀ ਹੈ ਉਹ ਹੁਣ ਬਦਲ ਤਲਾਸ਼ ਰਹੇ ਹਨ। ਅਸਤੀਫਾ ਦੇਣ ਵਾਲੇ ਵਿਧਾਇਕਾਂ ਨੂੰ ਜੇਕਰ ਕੋਈ ਹੋਰ ਪਾਰਟੀ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਕੋਲ ਚੋਣਾਂ ਤੋਂ ਪਹਿਲਾਂ ਲੋਕਾਂ ਵਿੱਚ ਜਾਣ ਦਾ ਸਮਾਂ ਹੋਵੇਗਾ।

ਚੋਣਾਂ ਤੋਂ ਪਹਿਲਾਂ ਹੋਏ ਇਨ੍ਹਾਂ ਅਸਤੀਫ਼ਿਆਂ ਨਾਲ ਪਾਰਟੀ ਉੱਤੇ ਕਿੰਨਾ ਅਸਰ ਪਵੇਗਾ, ਇਸ ਬਾਰੇ ਗੱਲ ਕਰਦਿਆਂ ਪ੍ਰੋ. ਖਾਲਿਦ ਕਹਿੰਦੇ ਹਨ ਕਿ ਇੱਕ-ਦੋ ਅਸਤੀਫ਼ੇ ਨਾਲ ਪਾਰਟੀ ਉੱਤੇ ਜ਼ਿਆਦਾ ਅਸਰ ਨਹੀਂ ਪੈਂਦਾ। ਜੇਕਰ ਵੱਡੀ ਗਿਣਤੀ ਵਿੱਚ ਅਸਤੀਫ਼ੇ ਹੁੰਦੇ ਹਨ ਤਾਂ ਲੋਕਾਂ ਵਿੱਚ ਪਾਰਟੀ ਦੇ ਅਕਸ ਉੱਤੇ ਅਸਰ ਜ਼ਰੂਰ ਪੈ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI