Home rss national punjabi2ਰਾਸ਼ਟਰੀ ਖ਼ਬਰਾਂ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ...

ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਮੁਸਲਮਾਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਦੀ ਸੋਚ ਬਾਰੇ ਕੀ ਕਿਹਾ, ਨਿਊਯਾਰਕ ਵਿੱਚ ਹੋਰ ਕੀ ਕੁਝ ਬੋਲੇ

2
0

Source :- BBC PUNJABI

ਮੋਹਨ ਭਾਗਵਤ

ਤਸਵੀਰ ਸਰੋਤ, ANI

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਅਮਰੀਕਾ ਦੇ ਨਿਊਯਾਰਕ ਵਿੱਚ ਇੱਕ ਸੰਮੇਲਨ ਵਿੱਚ ਕਿਹਾ ਕਿ ਜੋ ਹਿੰਦੂ ਇਹ ਮੰਨਦਾ ਹੈ ਕਿ ਮੁਸਲਮਾਨਾਂ ਨੂੰ ਭਾਰਤ ਤੋਂ ”ਬਾਹਰ ਕੱਢ ਦੇਣਾ ਚਾਹੀਦਾ ਹੈ”, ਉਹ ਹਿੰਦੂ ਨਹੀਂ ਰਹਿ ਸਕਦਾ।

ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਏਕਤਾ ਦੀ ਹਿੰਦੂ ਧਾਰਨਾ ਵਿੱਚ ਇਸ ਤਰ੍ਹਾਂ ਕਿਸੇ ਨੂੰ ਬਾਹਰ ਕਰਨ ਦੀ ਕੋਈ ਥਾਂ ਨਹੀਂ ਹੈ।

ਨਿਊਯਾਰਕ ਵਿੱਚ ਆਯੋਜਿਤ ਅਹੈੱਡ ਫੋਰਮ ਵੱਲੋਂ ਕਰਵਾਈ ਗਈ ਫੇਥ ਲੀਡਰਜ਼ ਕਾਨਫ਼ਰੰਸ ਵਿੱਚ ਮੋਹਨ ਭਾਗਵਤ ਨੇ ਕਿਹਾ ਕਿ ਸਮਾਜਿਕ ਅਤੇ ਧਾਰਮਿਕ ਸੰਗਠਨ ਜਨਤਕ ਨੀਤੀਆਂ ਅਤੇ ਸਿਆਸਤ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਨੂੰ ਇਸ ਦੀ ਸ਼ੁਰੂਆਤ ਸਮਾਜ ਤੋਂ ਕਰਨੀ ਪਵੇਗੀ, ਕਿਉਂਕਿ “ਸਿਆਸਤ ਹੁਣ ਸੁਆਰਥ ਦੀ ਖੇਡ ਬਣ ਗਈ ਹੈ।”

ਮੋਹਨ ਭਾਗਵਤ ਦਾ ਇਹ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਘਿਰ ਗਿਆ ਸੀ ਕਿਉਂਕਿ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਜਨਤਕ ਤੌਰ ‘ਤੇ ਇਸ ਪ੍ਰੋਗਰਾਮ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਆਰਐੱਸਐੱਸ ਦੀ ਵਿਚਾਰਧਾਰਾ ਨੂੰ ਬਹਿਸ਼ਕਾਰਵਾਦੀ ਅਤੇ ਨਿਊਯਾਰਕ ਸ਼ਹਿਰ ਦੇ ਬਹੁਲਵਾਦੀ ਵਿਚਾਰਾਂ ਦੇ ਉਲਟ ਦੱਸਿਆ ਸੀ।

ਪ੍ਰੋਗਰਾਮ ਨੂੰ ਵਿਰੋਧ ਪ੍ਰਦਰਸ਼ਨਾਂ ਅਤੇ ਧਾਰਮਿਕ ਆਜ਼ਾਦੀ ਬਾਰੇ ਇੱਕ ਅਮਰੀਕੀ ਕਮਿਸ਼ਨ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ।

ਇਸ ਪ੍ਰੋਗਰਾਮ ਦਾ ਆਯੋਜਨ ਅਮੇਰੀਕਨ ਹਿੰਦੂਜ਼ ਫ਼ਾਰ ਐਂਗੇਜਮੈਂਟ ਐਂਡ ਡਾਇਲਾਗ ਨੇ ਕੀਤਾ।

‘ਆਰਐੱਸਐੱਸ ਵਿਭਿੰਨਤਾ ਦਾ ਵਿਚਾਰ ਫੈਲਾਏ’

ਮੋਹਨ ਭਾਗਵਤ

ਤਸਵੀਰ ਸਰੋਤ, ANI

ਸੰਘ ਮੁਖੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ, ਇੱਕ ਵਾਰ ਮੁਸਲਮਾਨਾਂ ਨੇ ਇੱਕ ਗੱਲਬਾਤ ਦੌਰਾਨ ਮੈਨੂੰ ਹਿੰਦੂ ਰਾਸ਼ਟਰ ਬਾਰੇ ਆਰਐੱਸਐੱਸ ਦੇ ਵਿਚਾਰ ਬਾਰੇ ਪੁੱਛਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਕੀ ਇਸ ਮੁਤਾਬਕ ਮੁਸਲਮਾਨਾਂ ਨੂੰ ਦੇਸ਼ ਤੋਂ ਭਜਾ ਦਿੱਤਾ ਜਾਵੇਗਾ। ਮੈਂ ਕਿਹਾ ਕਿ ਨਹੀਂ, ਇਹ ਹਿੰਦੂਤਵ ਨਹੀਂ ਹੈ। ਜੇ ਕੋਈ ਹਿੰਦੂ ਸੋਚਦਾ ਹੈ ਕਿ ਭਾਰਤ ਵਿੱਚ ਕੋਈ ਮੁਸਲਮਾਨ ਨਹੀਂ ਹੋਣਾ ਚਾਹੀਦਾ ਤਾਂ ਉਹ ਫਿਰ ਹਿੰਦੂ ਨਹੀਂ ਰਹਿ ਜਾਂਦਾ ਹੈ।”

ਉਨ੍ਹਾਂ ਕਿਹਾ, ”ਜਦੋਂ ਅਸੀਂ ਯੂਨਾਈਟਿਡ ਸਟੇਟਸ ਆਫ਼ ਅਮਰੀਕਾ ਕਹਿੰਦੇ ਹਾਂ ਤਾਂ ਇੱਕ ਸ਼ਬਦ ਦੀ ਕਾਫ਼ੀ ਚਰਚਾ ਕੀਤੀ ਜਾਂਦੀ ਹੈ ਅਤੇ ਉਹ ਹੈ ਬਹੁਲਤਾ। ਅਤੇ ਜਦੋਂ ਅਸੀਂ ਭਾਰਤ ਕਹਿੰਦੇ ਹਾਂ ਤਾਂ ਇੱਕ ਹੋਰ ਸ਼ਬਦ ਦੀ ਚਰਚਾ ਕੀਤੀ ਜਾਂਦੀ ਹੈ ਅਤੇ ਉਹ ਹੈ-ਯੂਨਿਟੀ ਇਨ ਡਾਇਵਰਸਿਟੀ। ਇਹ ਯੂਨਿਟੀ ਅਤੇ ਡਾਇਵਰਸਿਟੀ ਦੋਵੇਂ ਭਾਰਤ ਦੇ ਡੀਐੱਨਏ ਵਿੱਚ ਹਨ।”

ਉਨ੍ਹਾਂ ਕਿਹਾ, “ਜੇ ਤੁਸੀਂ ਆਪਣੇ ਆਪ ਨੂੰ ਹਿੰਦੂ ਕਹਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਮੰਨਣਾ ਪਵੇਗਾ ਕਿ ਸਾਰੇ ਰਸਤੇ ਇੱਕੋ ਪਰਮਾਤਮਾ ਤੱਕ ਪਹੁੰਚਦੇ ਹਨ। ਅਤੇ ਹਰ ਇਨਸਾਨ ਦਾ ਸਨਮਾਨ ਅਤੇ ਗਰਿਮਾ ਹੈ। ਇਨਸਾਨਾਂ ਵਿੱਚ ਕੋਈ ਭੇਦ ਨਹੀਂ ਹੈ।”

ਭਾਗਵਤ ਨੇ ਕਿਹਾ ਕਿ ਹਿੰਦੂ ਪਰੰਪਰਾ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਸਾਰੇ ਧਰਮ ਆਖ਼ਿਰਕਾਰ ਪਰਮਾਤਮਾ ਦੀ ਖੋਜ ਵੱਲ ਲੈਕੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੇ ਇਤਿਹਾਸਕ ਤੌਰ ‘ਤੇ ਉਨ੍ਹਾਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਸ਼ਰਨ ਦਿੱਤੀ ਹੈ, ਜਿਨ੍ਹਾਂ ਨੂੰ ਕਿਤੇ ਹੋਰ ਸੁਰੱਖਿਆ ਨਹੀਂ ਮਿਲੀ।

ਹਾਲਾਂਕਿ, ਉਨ੍ਹਾਂ ਕਿਹਾ ਕਿ ਅਤੀਤ ਦੀ “ਵਿਰਾਸਤ” ਨੇ ਭਾਈਚਾਰਿਆਂ ਵਿਚਕਾਰ ਤਣਾਅ ਪੈਦਾ ਕਰਨ ਵਿੱਚ ਭੂਮਿਕਾ ਨਿਭਾਈ ਹੈ।

ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਜ਼ਿੰਮੇਦਾਰੀ ਹੈ ਕਿ ਉਹ ਇਹ ਵਿਚਾਰ ਸਮਾਜ ਤੱਕ ਪਹੁੰਚਾਏ ਕਿ ਵਿਭਿੰਨਤਾ ਦੇ ਬਾਵਜੂਦ ਸਾਰਿਆਂ ਵਿਚਕਾਰ ਇੱਕ ਬੁਨਿਆਦੀ ਏਕਤਾ ਹੈ।

ਉਨ੍ਹਾਂ ਕਿਹਾ, ”ਜਿਸ ਤਰ੍ਹਾਂ ਮੈਂ ਆਪਣੀ ਵਿਸ਼ੇਸ਼ ਪਛਾਣ ਦੀ ਰੱਖਿਆ ਕਰਦਾ ਹਾਂ, ਉਸੇ ਤਰ੍ਹਾਂ ਮੈਨੂੰ ਦੂਜਿਆਂ ਦੀ ਪਛਾਣ ਦੀ ਵੀ ਰੱਖਿਆ ਕਰਨੀ ਚਾਹੀਦੀ ਹੈ। ਵਿਭਿੰਨਤਾ ਕੁਦਰਤ ਦਾ ਨਿਯਮ ਹੈ। ਏਕਤਾ ਕੁਦਰਤ ਦੇ ਪਿੱਛੇ ਦਾ ਸੱਚ ਹੈ।”

‘ਇਸ ਲਈ ਅਸੀਂ ਸਿਆਸਤ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ’

ਮੋਹਨ ਭਾਗਵਤ

ਤਸਵੀਰ ਸਰੋਤ, ANI

ਮੋਹਨ ਭਾਗਵਤ ਨੇ ਕਿਹਾ, “ਅਸੀਂ ਨੀਤੀਆਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ। ਅਸੀਂ ਜੰਗ ਰੋਕਣਾ ਚਾਹੁੰਦੇ ਹਾਂ। ਇਸ ਲਈ ਅਸੀਂ ਸਿਆਸਤ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਾਂ। ਪਰ ਅਸੀਂ ਸ਼ੁਰੂਆਤ ਉੱਥੋਂ ਨਹੀਂ ਕਰ ਸਕਦੇ। ਸਿਆਸਤ ਹੁਣ ਸੁਆਰਥ ਦੀ ਖੇਡ ਬਣ ਗਈ ਹੈ। ਜਿੱਥੇ ‘ਮੈਂ ਅਤੇ ਮੇਰਾ’ ਹੁੰਦਾ ਹੈ, ਉੱਥੇ ਕੋਈ ਹੱਲ ਨਹੀਂ ਹੁੰਦਾ। ‘ਅਸੀਂ ਅਤੇ ਸਾਡਾ’ ਹੀ ਹੱਲ ਹੈ।”

ਭਾਗਵਤ ਨੇ ਹਰਿਆਣਾ ਦੇ ਉੱਪਰ ਦੋ ਜਹਾਜ਼ਾਂ ਦੀ ਟੱਕਰ ਦੀ ਘਟਨਾ ਦਾ ਜ਼ਿਕਰ ਕੀਤਾ। ਇਹ ਟੱਕਰ 1996 ਵਿੱਚ ਸਾਊਦੀ ਏਅਰਲਾਈਨਜ਼ ਦੇ ਇੱਕ ਜਹਾਜ਼ ਅਤੇ ਕਜ਼ਾਖ਼ਿਸਤਾਨ ਏਅਰਲਾਈਨਜ਼ ਦੇ ਜਹਾਜ਼ ਵਿਚਕਾਰ ਹੋਈ ਸੀ। ਉਨ੍ਹਾਂ ਕਿਹਾ ਕਿ ਆਰਐੱਸਐੱਸ ਦੇ ਵਰਕਰ ਘਟਨਾ ਸਥਾਨ ‘ਤੇ ਸਭ ਤੋਂ ਪਹਿਲਾਂ ਪਹੁੰਚਣ ਵਾਲਿਆਂ ਵਿੱਚ ਸ਼ਾਮਲ ਸਨ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਦੀ ਮਦਦ ਕੀਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਦਾ ਪ੍ਰਬੰਧ ਕਰਨ ਵਿੱਚ ਵੀ ਮਦਦ ਕੀਤੀ।

ਉਨ੍ਹਾਂ ਕਿਹਾ, “ਅਸੀਂ ਇਹ ਨਹੀਂ ਸੋਚਿਆ ਕਿ ਉਹ ਮੁਸਲਮਾਨ ਹਨ। ਜੇ ਅਸੀਂ ਸਿਆਸਤ ਵਿੱਚ ਹੁੰਦੇ, ਤਾਂ ਸ਼ਾਇਦ ਅਜਿਹਾ ਨਹੀਂ ਕਰ ਪਾਉਂਦੇ।”

ਉਨ੍ਹਾਂ ਕਿਹਾ ਕਿ ਆਰਐੱਸਐੱਸ ਅਜਿਹੇ ਕੰਮਾਂ ਦਾ ਪ੍ਰਚਾਰ ਨਹੀਂ ਕਰਦਾ। ਭਾਗਵਤ ਨੇ ਕਿਹਾ, “ਗਲਤ ਧਾਰਨਾਵਾਂ ਗਲਤ ਕਹਾਣੀਆਂ ਕਾਰਨ ਬਣਦੀਆਂ ਹਨ। ਪਰ ਜਦੋਂ ਤੁਸੀਂ ਸਾਡੇ ਵਿਚਕਾਰ ਆ ਕੇ ਸਾਨੂੰ ਨੇੜਿਓਂ ਦੇਖੋਗੇ, ਤਾਂ ਇਹ ਸਾਰੀਆਂ ਧਾਰਨਾਵਾਂ ਇੱਕ ਦਿਨ ਦੇ ਅੰਦਰ ਹੀ ਦੂਰ ਹੋ ਜਾਣਗੀਆਂ।”

ਮੋਹਨ ਭਾਗਵਤ

ਪ੍ਰੋਗਰਾਮ ਵਿੱਚ ਕਾਰਡੀਨਲ ਜੌਨ ਓਲੋਰੁਨਫੇਮੀ ਓਨਾਈਏਕੇਨ ਵੀ ਸ਼ਾਮਿਲ ਸਨ। ਉਹ ਨਾਈਜੀਰੀਆ ਦੇ ਪ੍ਰਮੁੱਖ ਕੈਥੋਲਿਕ ਧਰਮਗੁਰੂ ਹਨ ਅਤੇ 1994 ਤੋਂ 2019 ਤੱਕ ਅਬੂਜਾ ਦੇ ਆਰਚਬਿਸ਼ਪ ਰਹੇ।

ਅਤੀਤ ਦੀ “ਵਿਰਾਸਤ” ਨੂੰ ਲੈ ਕੇ ਓਨਾਈਏਕੇਨ ਨੇ ਕਿਹਾ ਕਿ ਅਫ਼ਰੀਕਾ ਵਿੱਚ ਧਾਰਮਿਕ ਸੰਘਰਸ਼ਾਂ ਦਾ ਇੱਕ ਕਾਰਨ ਇਸਲਾਮ ਅਤੇ ਈਸਾਈ ਧਰਮ ਵਿਚਕਾਰ ਧਰਮ ਪਰਿਵਰਤਨ ਅਤੇ ਪ੍ਰਭਾਵ ਵਧਾਉਣ ਦੀ ਇਤਿਹਾਸਕ ਮੁਕਾਬਲੇਬਾਜ਼ੀ ਵੀ ਰਹੀ ਹੈ।

ਉਨ੍ਹਾਂ ਕਿਹਾ, “ਅਸੀਂ ਅਤੀਤ ਦੀ ਬਹੁਤ ਸਾਰੀ ਵਿਰਾਸਤ ਆਪਣੇ ਨਾਲ ਲੈ ਕੇ ਚੱਲ ਰਹੇ ਹਾਂ। ਸਾਨੂੰ ਇਸ ਨੂੰ ਪਿੱਛੇ ਛੱਡਣਾ ਪਵੇਗਾ।”

ਉਨ੍ਹਾਂ ਦੱਸਿਆ ਕਿ ਜਦੋਂ ਅਫ਼ਰੀਕਾ ਵਿੱਚ ਦੋਵੇਂ ਧਰਮਾਂ ਦਾ ਵਿਸਥਾਰ ਹੋ ਰਿਹਾ ਸੀ ਤਾਂ ਉਨ੍ਹਾਂ ਦੇ ਆਪਣੇ ਪਰਿਵਾਰ ਵਿੱਚ ਵੀ ਕੁਝ ਲੋਕ ਈਸਾਈ ਅਤੇ ਕੁਝ ਲੋਕ ਮੁਸਲਮਾਨ ਬਣੇ ਸਨ।

ਉਨ੍ਹਾਂ ਕਿਹਾ, “ਇਸਲਾਮ ਅਤੇ ਈਸਾਈ ਧਰਮ ਅਫ਼ਰੀਕਾ ਵਿੱਚ ਧਰਮ ਪਰਿਵਰਤਨ ਅਤੇ ਦਬਦਬਾ ਬਣਾਉਣ ਦੀ ਇੱਕ ਤਰ੍ਹਾਂ ਦੀ ਮੁਕਾਬਲੇਬਾਜ਼ੀ ਦੇ ਰੂਪ ਆਏ ਸਨ। ਉਹ ਮੁਕਾਬਲਾ ਅਜੇ ਵੀ ਖ਼ਤਮ ਨਹੀਂ ਹੋਇਆ ਹੈ।”

ਉਨ੍ਹਾਂ ਕਿਹਾ, “ਹੁਣ ਜਦੋਂ ਅਸੀਂ ਸਾਰੇ ਧਰਮ ਅਪਣਾ ਚੁੱਕੇ ਹਾਂ, ਤਾਂ ਅੱਗੇ ਹੋਰ ਕਿਸ ਦਾ ਧਰਮ ਪਰਿਵਰਤਨ ਕਰਾਂਗੇ? ਇਹੀ ਕਾਰਨ ਹੈ ਕਿ ਹੁਣ ਸਾਡੇ ਵਿਚਕਾਰ ਲੜਾਈਆਂ ਹੋ ਰਹੀਆਂ ਹਨ।”

ਪ੍ਰੋਗਰਾਮ ਦਾ ਵਿਰੋਧ ਕਿਉਂ

ਪ੍ਰੋਗਰਾਮ ਤੋਂ ਪਹਿਲਾਂ ਸਮਰਥਕਾਂ ਅਤੇ ਵਿਰੋਧੀਆਂ ਵਿਚਕਾਰ ਨੋਕ-ਝੋਂਕ ਵੀ ਦੇਖਣ ਨੂੰ ਮਿਲੀ

ਤਸਵੀਰ ਸਰੋਤ, Getty Images

ਆਰਐੱਸਐੱਸ ਮੁਖੀ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਕਈ ਸੰਗਠਨਾਂ ਨਾਲ ਜੁੜੇ ਲੋਕ ਪ੍ਰੋਗਰਾਮ ਵਾਲੀ ਥਾਂ ਦੇ ਬਾਹਰ ਇਸ ਦਾ ਵਿਰੋਧ ਕਰਦੇ ਦਿਖਾਈ ਦਿੱਤੇ।

ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਲੋਕ ਨਾਅਰੇ ਲਿਖੀਆਂ ਤਖ਼ਤੀਆਂ ਲੈ ਕੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ।

ਇਨ੍ਹਾਂ ਵਿੱਚ ਕੁਝ ਸਿੱਖ ਵੱਖਵਾਦੀ ਸਮਰਥਕ ਵੀ ਦਿਖਾਈ ਦੇ ਰਹੇ ਹਨ।

ਆਰਐੱਸਐੱਸ ਮੁਖੀ ਦੇ ਇਸ ਪ੍ਰੋਗਰਾਮ ਦਾ ਪਹਿਲਾਂ ਤੋਂ ਹੀ ਵਿਰੋਧ ਹੋ ਰਿਹਾ ਸੀ।

ਇਸ ਤੋਂ ਪਹਿਲਾਂ, ਇਸ ਹਫ਼ਤੇ ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਸੀ ਕਿ ਆਰਐੱਸਐੱਸ ਦਾ “ਬਹਿਸ਼ਕਾਰ ਕਰਨ ਵਾਲਾ” ਨਜ਼ਰੀਆ ਉਸ ਬਹੁਲਵਾਦੀ ਅਤੇ ਧਰਮਨਿਰਪੱਖ ਭਾਰਤ ਦੀ ਸੋਚ ਦੇ ਉਲਟ ਹੈ, ਜਿਸ ਵਿੱਚ ਉਹ ਵੱਡੇ ਹੋਏ ਹਨ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਆਰਐੱਸਐੱਸ ਦਾ ਪ੍ਰੋਗਰਾਮ ਰੱਦ ਕੀਤਾ ਜਾਣਾ ਚਾਹੀਦਾ ਹੈ, ਤਾਂ ਮਮਦਾਨੀ ਨੇ ਕਿਹਾ ਸੀ, “ਮੈਂ ਭਾਗਵਤ ਦੇ ਇਸ ਪ੍ਰੋਗਰਾਮ ਦਾ ਸਮਰਥਨ ਨਹੀਂ ਕਰਦਾ, ਪਰ ਮੈਨੂੰ ਨਹੀਂ ਪਤਾ ਕਿ ਸ਼ਹਿਰ ਕੋਲ ਕਿਸੇ ਨਿੱਜੀ ਪ੍ਰੋਗਰਾਮ ਨੂੰ ਰੱਦ ਕਰਨ ਦਾ ਅਧਿਕਾਰ ਹੈ ਜਾਂ ਨਹੀਂ।”

ਬੁੱਧਵਾਰ ਨੂੰ ਯੂਐੱਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫ੍ਰੀਡਮ ਨੇ ਅਮਰੀਕੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਆਰਐੱਸਐੱਸ ਦੇ ਮੈਂਬਰਾਂ ‘ਤੇ ਪਾਬੰਦੀ ਲਗਾਉਣ ਅਤੇ ਭਾਰਤ ਵਿੱਚ ਕਥਿਤ ਧਾਰਮਿਕ ਆਜ਼ਾਦੀ ਦੀ ਉਲੰਘਣਾ ਨੂੰ ਲੈ ਕੇ ਮੋਹਨ ਭਾਗਵਤ ਦਾ ਵੀਜ਼ਾ ਰੱਦ ਕਰਨ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਤੁਰੰਤ ਕਮਿਸ਼ਨ ਦੀਆਂ ਟਿੱਪਣੀਆਂ ਨੂੰ ਖ਼ਾਰਜ ਕਰਦੇ ਹੋਏ ਇਸ ਨੂੰ ਪੱਖਪਾਤੀ ਅਤੇ ਭਰੋਸੇਯੋਗਤਾ ਰਹਿਤ ਸੰਸਥਾ ਦੱਸਿਆ ਸੀ।

‘ਹਿੰਦੂਜ਼ ਫ਼ਾਰ ਹਿਊਮਨ ਰਾਈਟਸ’, ‘ਇੰਡੀਅਨ ਅਮੈਰੀਕਨ ਮੁਸਲਿਮ ਕੌਂਸਲ’ ਅਤੇ ‘ਇੰਟਰਫੇਥ ਸੈਂਟਰ ਆਫ਼ ਨਿਊਯਾਰਕ’ ਸਮੇਤ ਕਈ ਅੰਤਰਧਾਰਮਿਕ ਅਤੇ ਨਾਗਰਿਕ ਅਧਿਕਾਰ ਸੰਗਠਨਾਂ ਨੇ ਮੰਗਲਵਾਰ ਨੂੰ ਨਿਊਯਾਰਕ ਸਿਟੀ ਹਾਲ ਦੇ ਬਾਹਰ ਪ੍ਰੈੱਸ ਕਾਨਫ਼ਰੰਸ ਕੀਤੀ ਅਤੇ ਪ੍ਰੋਗਰਾਮ ਰੱਦ ਕਰਨ ਦੀ ਮੰਗ ਕੀਤੀ।

ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿੱਚ ਲੋਕ ਨਾਅਰੇ ਲਿਖੀਆਂ ਤਖ਼ਤੀਆਂ ਲੈਕੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਹਨ

ਤਸਵੀਰ ਸਰੋਤ, Getty Images

‘ਹਿੰਦੂਜ਼ ਫ਼ਾਰ ਹਿਊਮਨ ਰਾਈਟਸ’ ਦੇ ਕਾਰਜਕਾਰੀ ਨਿਰਦੇਸ਼ਕ ਸੁਨੀਤਾ ਵਿਸ਼ਵਨਾਥ ਨੇ ਕਿਹਾ, ”ਉਨ੍ਹਾਂ ਦਾ ਸੰਗਠਨ ਉਨ੍ਹਾਂ 61 ਅੰਤਰਧਾਰਮਿਕ ਅਤੇ ਧਰਮਨਿਰਪੱਖ ਸੰਗਠਨਾਂ ਵਿੱਚ ਸ਼ਾਮਿਲ ਹੈ, ਜਿਨ੍ਹਾਂ ਨੇ ਸ਼ਨੀਵਾਰ ਦੇ ਪ੍ਰੋਗਰਾਮ ਦੇ ਵਿਰੋਧ ਵਿੱਚ ਇੱਕ ਖੁੱਲ੍ਹੇ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਇਨ੍ਹਾਂ ਸੰਗਠਨਾਂ ਦੇ ਕਈ ਸਮਰਥਕ ਨਿੱਜੀ ਤੌਰ ‘ਤੇ ਉੱਥੇ ਪਹੁੰਚਣਗੇ ਅਤੇ ਇਹ ਸੰਦੇਸ਼ ਦੇਣਗੇ ਕਿ ਆਰਐੱਸਐੱਸ ਅਤੇ ਉਸ ਦੀ ਹਿੰਦੂਤਵ ਵਿਚਾਰਧਾਰਾ ਸਾਡੀ ਨੁਮਾਇੰਦਗੀ ਨਹੀਂ ਕਰਦੀ।”

ਕੁਝ ਲੋਕਾਂ ਦਾ ਮੰਨਣਾ ਹੈ ਕਿ ਭਾਗਵਤ ਦੀ ਅਮਰੀਕਾ ਯਾਤਰਾ ਆਰਐੱਸਐੱਸ ਦੀ ਆਪਣੀ ਦਿੱਖ ਸੁਧਾਰਨ ਲਈ ਚਲਾਈ ਜਾ ਰਹੀ ਇੱਕ ਵੱਡੀ ਜਨਸੰਪਰਕ ਮੁਹਿੰਮ ਦਾ ਹਿੱਸਾ ਹੈ।

ਹਡਸਨ ਇੰਸਟੀਚਿਊਟ ਦੇ ਸੀਨੀਅਰ ਫੈਲੋ ਅਤੇ ਅਮਰੀਕਾ-ਭਾਰਤ ਸਬੰਧਾਂ ਦੇ ਮਾਹਿਰ ਬਿਲ ਡ੍ਰੈਕਸੇਲ ਨੇ ਕਿਹਾ ਕਿ ਭਾਗਵਤ ਨੇ ਹਾਲ ਹੀ ਵਿੱਚ ਆਪਣੀਆਂ ਕੁਝ ਟਿੱਪਣੀਆਂ ਦੇ ਰੁਖ ਨਰਮ ਕੀਤੇ ਹਨ।

ਅੰਤਰਰਾਸ਼ਟਰੀ ਸੰਦਰਭ ਵਿੱਚ ਡ੍ਰੈਕਸੇਲ ਨੇ ਕਿਹਾ ਕਿ ਆਰਐੱਸਐੱਸ ਭਾਰਤ ਲਈ ਇੰਨਾ ਮਹੱਤਵਪੂਰਨ ਸੰਗਠਨ ਹੈ ਅਤੇ ਇਸ ਦਾ ਇਤਿਹਾਸ ਇੰਨਾ ਗੁੰਝਲਦਾਰ ਹੈ ਕਿ ਇਸ ਦੀ ਤੁਲਨਾ ਅਮਰੀਕਾ ਅਤੇ ਦੂਜੇ ਦੇਸ਼ਾਂ ਦੀਆਂ ਵਧੇਰੇ ਜਾਣੀਆਂ-ਪਛਾਣੀਆਂ ਸਿਆਸੀ ਅਤੇ ਧਾਰਮਿਕ ਲਹਿਰਾਂ ਨਾਲ ਕਰਨਾ ਮੁਸ਼ਕਿਲ ਹੈ।

ਅਮਰੀਕੀ ਮੈਗਜ਼ੀਨ ਨਿਊ ਲਾਈਨਜ਼ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਹੈ, ”ਮੋਹਨ ਭਾਗਵਤ ਨਾ ਤਾਂ ਚੁਣੇ ਹੋਏ ਸਿਆਸਤਦਾਨ ਹਨ ਅਤੇ ਨਾ ਹੀ ਭਾਰਤ ਵਿੱਚ ਕਿਸੇ ਸੰਵਿਧਾਨਕ ਅਹੁਦੇ ‘ਤੇ ਹਨ, ਫਿਰ ਵੀ ਉਨ੍ਹਾਂ ਦਾ ਪ੍ਰਭਾਵ ਦੋਵਾਂ ਨਾਲੋਂ ਕਿਤੇ ਜ਼ਿਆਦਾ ਹੈ। ਹਿੰਦੂ ਰਾਸ਼ਟਰਵਾਦ ਦੇ ਪ੍ਰਮੁੱਖ ਕੇਂਦਰ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਵਜੋਂ ਭਾਗਵਤ ਅਜਿਹੇ ਸੰਗਠਨ ਦੀ ਅਗਵਾਈ ਕਰਦੇ ਹਨ, ਜਿਸ ਦੇ ਵਰਕਰ ਹਰ ਪੱਧਰ ‘ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਮੌਜੂਦ ਹਨ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI