Home rss national punjabi2ਰਾਸ਼ਟਰੀ ਖ਼ਬਰਾਂ ਇਕੱਲੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਕੁਝ ਖ਼ਾਸ ਸਿਹਤ ਫਾਇਦਿਆਂ ਤੋਂ...

ਇਕੱਲੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਕੁਝ ਖ਼ਾਸ ਸਿਹਤ ਫਾਇਦਿਆਂ ਤੋਂ ਵਾਂਝੇ ਰਹਿ ਸਕਦੇ ਹੋ, ਇਕੱਠੇ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ

2
0

Source :- BBC PUNJABI

ਖਾਣਾ

ਤਸਵੀਰ ਸਰੋਤ, Getty Images

ਕਮੈਂਸੈਲਿਟੀ ਯਾਨੀ ਕਿ ਮਿਲ ਕੇ ਖਾਣਾ ਖਾਣ ਦੀ ਆਦਤ ਤੁਹਾਡੇ ਵਿੱਚ ਡਿਪਰੈਸ਼ਨ ਅਤੇ ਡਿਮੈਂਸ਼ੀਆ ਦੇ ਖ਼ਤਰੇ ਨੂੰ ਘਟਾ ਸਕਦੀ ਹੈ।

ਇਹ ਸੁਣਨ ਵਿੱਚ ਸ਼ਾਇਦ ਇੰਨਾ ਵਧੀਆ ਲਗਦਾ ਹੈ ਕਿ ਸੱਚ ਮੰਨਣਾ ਔਖਾ ਹੈ, ਪਰ ਤੁਹਾਡੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਇੱਕ ਛੋਟਾ ਜਿਹਾ ਬਦਲਾਅ ਤੁਹਾਡੇ ਸਰੀਰ ਅਤੇ ਦਿਮਾਗ਼ ਲਈ ਚਮਤਕਾਰ ਕਰ ਸਕਦਾ ਹੈ।

ਇਹ ਤੁਹਾਡੇ ਵਿੱਚ ਡਿਪਰੈਸ਼ਨ ਦੇ ਖ਼ਤਰੇ ਨੂੰ ਘਟਾ ਸਕਦਾ ਹੈ ਅਤੇ ਤੁਹਾਨੂੰ ਡਿਮੈਂਸ਼ੀਆ ਤੋਂ ਬਚਾ ਸਕਦਾ ਹੈ। ਇਹ ਭੋਜਨ ਖਾਣ ਦੇ ਤੁਹਾਡੇ ਆਨੰਦ ਨੂੰ ਵਧਾ ਸਕਦਾ ਹੈ ਅਤੇ ਸ਼ਾਇਦ ਤੁਹਾਡੀ ਉਮਰ ਵੀ ਲੰਬੀ ਕਰ ਸਕਦਾ ਹੈ।

ਅਸੀਂ ਕਿਸੇ ਨਵੀਂ ਖੁਰਾਕ ਦੀ ਗੱਲ ਨਹੀਂ ਕਰ ਰਹੇ ਬਲਕਿ ਮਨੁੱਖਤਾ ਦੇ ਸਭ ਤੋਂ ਪੁਰਾਣੇ ਅਭਿਆਸਾਂ ਵਿੱਚੋਂ ਇੱਕ ਦੀ ਗੱਲ ਕਰ ਰਹੇ ਹਾਂ ਜੋ ਕਿ ਹੈ ਕਮੈਂਸੈਲਿਟੀ ਜਾਂ ਦੂਜਿਆਂ ਨਾਲ ਮਿਲ ਕੇ ਖਾਣਾ ਖਾਣ ਦੀ ਪ੍ਰਕਿਰਿਆ।

ਆਕਸਫੋਰਡ ਯੁਨੀਵਰਸਿਟੀ ਵਿੱਚ ਅਰਥਸ਼ਾਸਤ ਅਤੇ ਵਿਹਾਰਕ ਵਿਗਿਆਨ ਦੇ ਪ੍ਰੋਫੈਸਰ ਜਾਨ-ਇਮੈਨੁਅਲ ਡੀ ਨੇਵੇ ਕਹਿੰਦੇ ਹਨ, “ਇਕੱਠੇ ਖਾਣਾ ਖਾਣਾ ਆਪਸੀ ਸਾਂਝ ਵਧਾਉਣ, ਵਿਸ਼ਵਾਸ ਪੈਦਾ ਕਰਨ ਅਤੇ ਦੂਜਿਆਂ ਨਾਲ ਜੁੜਨ ਦਾ ਇੱਕ ਬਹੁਤ ਹੀ ਮਹੱਤਵਪੂਰਨ ਤਰੀਕਾ ਹੈ। ਅਤੇ ਇਸ ਦਾ ਸਾਡੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ‘ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ।”

ਅਫ਼ਸੋਸ ਦੀ ਗੱਲ ਹੈ ਕਿ ਆਧੁਨਿਕ ਦੁਨੀਆਂ ਵਿੱਚ ਵਧ ਰਹੇ ਇਕੱਲੇਪਣ ਕਾਰਨ ਅਜਿਹਾ ਹੁਣ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ। ਪਰ ਦੂਜਿਆਂ ਤੱਕ ਪਹੁੰਚ ਕਰਨਾ ਅਤੇ ਭੋਜਨ ਤੇ ਦੋਸਤੀ ਦੇ ਇਸ ਪੁਰਾਣੇ ਸਬੰਧ ਦਾ ਫ਼ਾਇਦਾ ਲੈਣਾ ਤੁਹਾਡੀ ਸੋਚ ਨਾਲੋਂ ਕਿਤੇ ਜ਼ਿਆਦਾ ਅਸਾਨ ਹੋ ਸਕਦਾ ਹੈ।

ਮਾਨਸਿਕ ਮਜ਼ਬੂਤੀ ਲਿਆਉਣਾ

ਖਾਣਾ ਖਾ ਰਹੀਆਂ ਤਿੰਨ ਔਰਤਾਂ

ਤਸਵੀਰ ਸਰੋਤ, Getty Images

ਕਮੈਂਸੈਲਿਟੀ ਬਾਰੇ ਹੋਈ ਜ਼ਿਆਦਾਤਰ ਖੋਜ ਸਾਡੀ ਮਾਨਸਿਕ ਸਿਹਤ ‘ਤੇ ਪੈਣ ਵਾਲੇ ਇਸ ਦੇ ਪ੍ਰਭਾਵਾਂ ‘ਤੇ ਕੇਂਦਰਿਤ ਰਹੀ ਹੈ।

ਚੀਨ ਵਿੱਚ ‘ਜ਼ੇਜਿਆਂਗ ਪ੍ਰੋਵਿੰਸ਼ੀਅਲ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਂਸ਼ਨ’ ਵਿਖੇ ਜ਼ਿਨਯੀ ਵਾਂਗ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ 60 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ 9,361 ਔਰਤਾਂ ਦਾ ਸਰਵੇਖਣ ਸ਼ਾਮਲ ਸੀ।

ਇਸ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਖਾਣੇ ਵੇਲੇ ਮੇਜ਼ ਦੇ ਆਲੇ-ਦੁਆਲੇ ਬੈਠਣ ਵਾਲੇ ਲੋਕਾਂ ਦੀ ਗਿਣਤੀ, ਕਿਸੇ ਵਿਅਕਤੀ ਵਿੱਚ ਮਾਨਸਿਕ ਤਣਾਅ ਦੇ ਖ਼ਤਰੇ ਦਾ ਇੱਕ ਸਪਸ਼ਟ ਸੰਕੇਤ ਸੀ।

ਇਹ ਸਥਿਤੀ ਉਦੋਂ ਵੀ ਬਰਕਰਾਰ ਰਹੀ ਜਦੋਂ ਖੋਜਕਰਤਾਵਾਂ ਦੀ ਟੀਮ ਨੇ ਉਨ੍ਹਾਂ ਕੋਈ ਹੋਰ ਕਾਰਕਾਂ ਨੂੰ ਵੀ ਧਿਆਨ ਵਿੱਚ ਰੱਖਿਆ ਜੋ ਲੋਕਾਂ ਦੀ ਤੰਦਰੁਸਤੀ ਨੂੰ ਪ੍ਰਭਾਵਿਤ ਕਰਨ ਲਈ ਜਾਣੇ ਜਾਂਦੇ ਹਨ ਜਿਵੇਂ ਕਿ ਉਨ੍ਹਾਂ ਦੀ ਆਮ ਸਿਹਤ, ਆਰਥਿਕਤਾ ਅਤੇ ਇਹ ਕਿ ਉਹ ਵਿਅਕਤੀ ਇਕੱਲਾ ਰਹਿੰਦਾ ਸੀ ਜਾਂ ਨਹੀਂ।

ਟੀਮ ਨੇ ਨਿਚੋੜ ਕੱਢਿਆ ਕਿ ਇਕੱਠਿਆਂ ਬਹਿ ਕੇ ਖਾਣ ਬਾਰੇ ਕੁਝ ਅਜਿਹਾ ਖਾਸ ਸੀ ਜੋ ਸਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।

ਕਈ ਹੋਰ ਅਧਿਐਨ ਵੀ ਇਸੇ ਨਿਚੋੜ ਵੱਲ ਇਸ਼ਾਰਾ ਕਰਦੇ ਹਨ। ਉਦਾਹਰਨ ਵਜੋਂ, ਟੋਕੀਓ ਤੋਂ ਖੋਜਾਰਥੀਆਂ ਨੂੰ ਪਤਾ ਲੱਗਿਆ ਕਿ 65-74 ਸਾਲ ਵਾਲੇ ਜੋ ਲੋਕ ਪਰਿਵਾਰਾਂ ਨਾਲ ਰਹਿੰਦੇ ਹਨ, ਪਰ ਇਕੱਲੇ ਖਾਣਾ ਖਾਂਦੇ ਹਨ- ਉਨ੍ਹਾਂ ਵਿੱਚ ਡਿਪਰੈਸਿਵ ਲੱਛਣ ਦੇਖੇ ਜਾਣ ਦੀ ਸੰਭਾਵਨਾ ਕਿਸੇ ਦੀ ਸੰਗਤ ਵਿੱਚ ਖਾਣਾ ਖਾਣ ਵਾਲਿਆਂ ਦੇ ਮੁਕਾਬਲੇ ਪੰਜ ਗੁਣਾ ਜ਼ਿਆਦਾ ਸੀ।

ਸ਼ਾਇਦ ਇਸ ਦਾ ਸਭ ਤੋਂ ਮਜ਼ਬੂਤ ਸਬੂਤ ਵਰਲਡ ਹੈਪੀਨੈੱਸ ਰਿਪੋਰਟ ਤੋਂ ਮਿਲਦਾ ਹੈ ਜੋ ਕਿ ਲੋਕਾਂ ਦੀ ਰਾਏ ਜਾਣਨ ਵਾਲੀ ਕੰਪਨੀ ਗੈਲਪ ਦੇ ਇੱਕ ਗਲੋਬਲ ਸਰਵੇਖਣ ‘ਤੇ ਅਧਾਰਿਤ ਤੰਦਰੁਸਤੀ ਦਾ ਇੱਕ ਸਲਾਨਾ ਵਿਸ਼ਲੇਸ਼ਣ ਹੈ।

2024 ਵਿੱਚ ਇਸ ਕੰਪਨੀ ਨੂੰ ਜਪਾਨੀ ਫੂਡ ਮੈਨੁਫੈਕਚਰਚ ਅਜੀਨੋਮੋਤੋ ਵੱਲੋਂ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਬਾਰੇ ਇੱਕ ਸੈਕਸ਼ਨ ਜੋੜਨ ਲਈ ਸਪੌਂਸਰ ਕੀਤਾ ਗਿਆ ਸੀ, ਜਿਸ ਵਿੱਚ ਹੇਠ ਲਿਖੇ ਸਵਾਲ ਸ਼ਾਮਲ ਸਨ-

ਪਿਛਲੇ ਸੱਤ ਦਿਨਾਂ ਬਾਰੇ ਸੋਚਦਿਆਂ ਦੱਸੋ

  • ਕਿੰਨੇ ਦਿਨ ਤੁਸੀਂ ਕਿਸੇ ਜਾਣਨ ਵਾਲੇ ਨਾਲ ਦੁਪਹਿਰ ਦਾ ਭੋਜਨ ਖਾਧਾ ?
  • ਕਿੰਨੇ ਦਿਨ ਤੁਸੀਂ ਕਿਸੇ ਜਾਣਨ ਵਾਲੇ ਨਾਲ ਰਾਤ ਦਾ ਭੋਜਨ ਖਾਧਾ ?

ਹਾਲ ਹੀ ਵਿੱਚ ਵਰਲਡ ਹੈਪੀਨੈੱਸ ਰਿਪੋਰਟ ਵਿੱਚ ਕਮੈਂਸੈਲਿਟੀ ਦੇ ਮਹੱਤਵ ਬਾਰੇ ਇੱਕ ਚੈਪਟਰ ਦੇ ਲੇਖਕ ਡੀ ਨੇਵੇ ਕਹਿੰਦੇ ਹਨ, ” ਜਦੋਂ ਮੈਂ ਦੇਖਿਆ ਤਾਂ ਮੇਰੀਆਂ ਅੱਖਾਂ ਖੁਸ਼ੀ ਨਾਲ ਚਮਕ ਉੱਠੀਆਂ। ਅਸੀਂ ਦੁਨੀਆਂ ਭਰ ਦੇ ਲਗਭਗ 1,50,000 ਲੋਕਾਂ ਦੇ ਅੰਕੜਿਆਂ ਨੂੰ ਦੇਖ ਰਹੇ ਹਾਂ ਜਿਨ੍ਹਾਂ ਨੇ ਉਸ ਸਵਾਲ ਦਾ ਜਵਾਬ ਦਿੱਤਾ ਸੀ।”

ਡੀ ਨੇਵੇ ਦੀ ਟੀਮ ਨੇ ਦੇਖਿਆ ਕਿ ਲੋਕ ਜਿੰਨੀ ਜ਼ਿਆਦਾ ਵਾਰ ਕਿਸੇ ਨਾਲ ਮਿਲ ਕੇ ਖਾਣਾ ਖਾਂਦੇ ਸਨ, ਭਾਵਨਾਤਮਕ ਤੰਦਰੁਸਤੀ ਦੇ ਪੈਮਾਨਿਆਂ ‘ਤੇ ਉਨ੍ਹਾਂ ਦਾ ਸਕੋਰ ਓਨਾ ਹੀ ਉੱਚਾ ਹੁੰਦਾ ਸੀ ਅਤੇ ਇਹ ਨਤੀਜਾ ਹੈਰਾਨੀਜਨਕ ਰੂਪ ਵਿਚ ਪੂਰੀ ਤਰ੍ਹਾਂ ਇਕਸਾਰ ਦੇਖਣ ਨੂੰ ਮਿਲਿਆ।

ਉਹ ਕਹਿੰਦੇ ਹਨ, “ਇਹ ਕਿਸੇ ਵਿਅਕਤੀ ਦੀ ਜੀਵਨ ਸੰਤੁਸ਼ਟੀ ਬਾਰੇ ਬਿਲਕੁਲ ਉਵੇਂ ਹੀ ਦੱਸਦਾ ਹੈ ਜਿਵੇਂ ਕਿ ਉਨ੍ਹਾਂ ਦੇ ਰੁਜ਼ਗਾਰ ਅਤੇ ਰੈਲੇਟਿਵ ਇਨਕਮ।”

ਫੀਲ ਗੁੱਡ ਕੈਮੀਕਲ

ਖਾਣਾ

ਤਸਵੀਰ ਸਰੋਤ, Getty Images

ਡੀ ਨੇਵੇ ਇਸ ਗੱਲ ‘ਤੇ ਜ਼ੋਰ ਦਿੰਦੇ ਹਨ ਕਿ ਇਕੱਠੇ ਖਾਣਾ ਖਾਣ ਬਾਰੇ ਪੁੱਛੇ ਗਏ ਸਵਾਲ ਸ਼ਾਇਦ ਕਿਸੇ ਵਿਅਕਤੀ ਦੇ ਆਮ ਸਮਾਜਿਕ ਜੀਵਨ ਦੇ ਇੱਕ ਪ੍ਰਤੀਨਿਧ ਵਜੋਂ ਕੰਮ ਕਰਦੇ ਹੋਣ- ਪਰ ਉਨ੍ਹਾਂ ਨੂੰ ਸ਼ੱਕ ਹੈ ਕਿ ਇਕੱਠੇ ਬਹਿ ਕੇ ਭੋਜਨ ਕਰਨ ਵਿੱਚ ਕੁਝ ਅਜਿਹਾ ਜ਼ਰੂਰ ਹੈ ਜੋ ਬਹੁਤ ਖਾਸ ਹੈ।

ਉਹ ਦੱਸਦੇ ਹਨ ਕਿ ਅੰਗਰੇਜ਼ੀ ਦਾ ਸ਼ਬਦ ਕੈਂਪੇਨੀਅਨ ਲਾਤੀਨੀ ਭਾਸ਼ਾ ਦੇ ਮੂਲ ਸ਼ਬਦਾਂ ਕਮ ਅਤੇ ਪੈਨਿਸ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਰੋਟੀ ਦੇ ਨਾਲ। ਜਦ ਕਿ ਚੀਨੀ ਭਾਸ਼ਾ ਵਿੱਚ ਇਸੇ ਧਾਰਨਾ ਲਈ ਵਰਤਿਆ ਜਾਣ ਵਾਲਾ ਸ਼ਬਦ ਹੁਓ ਬਾਨ ਉਨ੍ਹਾਂ ਅੱਖਰਾਂ ਤੋਂ ਲਿਆ ਗਿਆ ਹੈ ਜੋ ਇੱਕੋ ਰਸੋਈ ਦੇ ਚੁੱਲ੍ਹੇ ਨੂੰ ਸਾਂਝਾ ਕਰਨ ਵਾਲੀ ਇੱਕ ਫ਼ੌਜੀ ਟੁਕੜੀ ਦਾ ਵਰਣਨ ਕਰਦੇ ਹਨ। ਉਹ ਕਹਿੰਦੇ ਹਨ, ” ਇਸ ਦੀਆਂ ਜੜ੍ਹਾਂ ਸੱਭਿਆਚਾਰ ਵਿੱਚ ਬਹੁਤ ਡੂੰਘੀਆਂ ਹਨ।”

ਆਕਸਫੋਰਡ ਯੁਨੀਵਰਸਿਟੀ ਦੇ ਇੱਕ ਜੈਵਿਕ ਮਾਨਵ ਵਿਗਿਆਨੀ ਰੌਬਿਨ ਡਨਬਾਰ ਆਪਣੀ ਕਿਤਾਬ ਫ੍ਰੈਂਡਜ਼ ਵਿੱਚ ਲਿਖਦੇ ਹਨ ਕਿ ਖਾਣਾ ਖਾਣ ਨਾਲ ਸਾਡਾ ਐਂਡੋਰਫਿਨ ਸਿਸਟਮ ਕੁਦਰਤੀ ਤੌਰ ‘ਤੇ ਸਰਗਰਮ ਹੋ ਜਾਂਦਾ ਹੈ। ਯਾਨੀ ਕਿ ਉਹ ਫ਼ੀਲ ਗੁੱਡ ਕੈਮੀਕਲ ਮੁਕਤ ਹੁੰਦੇ ਹਨ ਜੋ ਸਾਨੂੰ ਕੁਦਰਤੀ ਤੌਰ ‘ਤੇ ਖੁਸ਼ੀ ਅਤੇ ਸਕੂਨ ਦਿੰਦੇ ਹਨ।

ਇਹ ਖਾਣੇ ਦੌਰਾਨ ਬਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰ ਸਕਦਾ ਹੈ ਜਿਸ ਨਾਲ ਅਸੀਂ ਇੱਕ ਦੂਜੇ ਨਾਲ ਪਹਿਲਾਂ ਤੋਂ ਕਿਤੇ ਜ਼ਿਆਦਾ ਗਹਿਰਾ ਜੁੜਾਅ ਮਹਿਸੂਸ ਕਰਦੇ ਹਾਂ।

ਦਿਲਚਸਪ ਗੱਲ ਇਹ ਹੈ ਕਿ ਦੂਜੇ ਲੋਕਾਂ ਦੀ ਮੌਜੂਦਗੀ ਭੋਜਨ ਦੇ ਆਪਣੇ ਸਵਾਦ ਨੂੰ ਹੋਰ ਵੀ ਵਧਾ ਸਕਦੀ ਹੈ। ਯੁਨੀਵਰਸਿਟੀ ਆਫ ਪੈਨਸਿਲਵੇਨੀਆ ਵਿਖੇ ਐਰਿਕਾ ਬੂਥਬੀ ਵੱਲੋਂ ਕੀਤੇ ਗਏ ਅਧਿਐਨਾਂ ਦੀ ਇੱਕ ਲੜੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਕਿਸੇ ਦੂਜੇ ਵਿਅਕਤੀ ਦੇ ਨਾਲ ਬੈਠ ਕੇ ਚਾਕਲੇਟ ਖਾਣ ਵਾਲੇ ਲੋਕਾਂ ਨੂੰ ਇਹ ਚਾਕਲੇਟ ਆਮ ਨਾਲੋਂ ਕਿਤੇ ਜ਼ਿਆਦਾ ਸਵਾਦ ਲੱਗੀ।

ਡਿਮੈਂਸ਼ੀਆ ਦਾ ਘੱਟ ਖ਼ਤਰਾ

ਖਾਣਾ

ਤਸਵੀਰ ਸਰੋਤ, BBC/ Serenity Strull/ Getty Images

ਇਕੱਠੇ ਬਹਿ ਕੇ ਖਾਣਾ ਦਿਮਾਗ਼ ਦੀ ਉਮਰ ਵਧਣ ਦੀ ਰਫਤਾਰ ਘਟਾ ਸਕਦਾ ਹੈ।

2025 ਵਿੱਚ ਜਪਾਨੀ ਖੋਜੀਆਂ ਨੇ ਦੇਖਿਆ ਕਿ ਜੋ ਲੋਕ ਨਿਯਮਤ ਰੂਪ ਵਿੱਚ ਇਕੱਲੇ ਭੋਜਨ ਖਾਂਦੇ ਹਨ ਉਨ੍ਹਾਂ ਦੇ ਦਿਮਾਗ਼ ਦੇ ਮੁੱਖ ਹਿੱਸਿਆਂ ਦਾ ਅਕਾਰ ਘਟ ਜਾਂਦਾ ਹੈ ਜੋ ਸਿੱਖਣ, ਸਮਝਣ ਅਤੇ ਸੋਚਣ ਦੀ ਸਮਰੱਥਾ ਨਾਲ ਜੁੜੇ ਹੁੰਦੇ ਹਨ ਜਿਨ੍ਹਾਂ ਵਿੱਚ ਇੰਡੀਅਨ ਟੈਂਪੋਰਲ ਕੰਬ ਅਤੇ ਹਿਪੋਕੈਂਪਸ ਸ਼ਾਮਲ ਹਨ।

ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਅੰਤਰ ਖੁਦ ਖੁਰਾਕ ਨਾਲ ਜੁੜੇ ਜਾਪਦੇ ਸਨ- ਕਿਉਂਕਿ ਆਮ ਤੌਰ ‘ਤੇ ਜੋ ਲੋਕ ਇਕੱਲੇ ਖਾਣਾ ਖਾਂਦੇ ਹਨ ਉਹ ਘੱਟ ਪੌਸ਼ਟਿਕ ਭੋਜਨ ਦਾ ਸੇਵਨ ਕਰਦੇ ਹਨ ਪਰ ਇਹ ਗੱਲ ਪੂਰੀ ਤਰ੍ਹਾਂ ਸਭ ਕੁਝ ਸਪਸ਼ਟ ਨਹੀਂ ਕਰ ਸਕਦੀ ਸੀ। ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਮਾਜਿਕ ਮੇਲ ਜੋਲ ਦੀ ਕਮੀ ਵੀ ਉਨ੍ਹਾਂ ਦੇ ਦਿਮਾਗ਼ ਦੀ ਲੰਬੇ ਸਮੇਂ ਦੀ ਸਿਹਤ ‘ਤੇ ਪ੍ਰਭਾਵ ਪਾ ਰਹੀ ਸੀ।

ਲੇਖਕਾਂ ਦਾ ਅੰਦਾਜ਼ਾ ਹੈ ਕਿ ਇਕੱਠੇ ਬਹਿ ਕੇ ਖਾਧੇ ਜਾਣ ਵਾਲੇ ਖਾਣੇ ਤੋਂ ਮਿਲਣ ਵਾਲੀ ਖੁਸ਼ੀ ਅਤੇ ਬਿਹਤਰ ਸਮਾਜਿਕ ਸਹਿਯੋਗ, ਮਾਨਸਿਕ ਤਣਾਅ ਨੂੰ ਸ਼ਾਂਤ ਕਰ ਸਕਦਾ ਹੈ ਜੋ ਕਿ ਦਿਮਾਗੀ ਕਮਜ਼ੋਰੀ ਦਾ ਇੱਕ ਜਾਣਿਆ ਪਛਾਣਿਆ ਕਾਰਕ ਹੈ। ਦੂਜੇ ਪਾਸੇ ਖਾਣੇ ਦੌਰਾਨ ਹੋਣ ਵਾਲੀਆਂ ਗੱਲਾਂ ਵਾਧੂ ਮਾਨਸਿਕ ਉਤੇਜਨਾ ਪ੍ਰਦਾਨ ਕਰ ਸਕਦੀਆਂ ਹਨ ਜੋ ਬੁਢਾਪੇ ਵਿੱਚ ਵੀ ਸਾਡੇ ਦਿਮਾਗ਼ ਨੂੰ ਸਰਗਰਮ ਰੱਖਦੀਆਂ ਹਨ।

ਅਧਿਐਨ ਦੌਰਾਨ ਹਿੱਸੇਦਾਰਾਂ ਦੇ ਬੌਧਿਕ ਫ਼ੰਕਸ਼ਨ ਨੂੰ ਆਮ ਮੰਨਿਆ ਗਿਆ ਸੀ ਪਰ ਖੋਜ ਕਰਨ ਵਾਲਿਆਂ ਨੇ ਚੇਤਾਵਨੀ ਦਿੱਤੀ ਕਿ ਦਿਮਾਗ਼ ਦੀ ਇਹ ਕਮਜ਼ੋਰੀ ਅੱਗੇ ਚੱਲ ਕੇ ਡਿਮੈਂਸ਼ੀਆ(ਭੁੱਲਣ ਦੀ ਬਿਮਾਰੀ) ਦਾ ਸ਼ਿਕਾਰ ਬਣਾ ਸਕਦੀ ਹੈ।

ਖਾਣੇ ਦਾ ਅਨੰਦ ਲਓ

Buon Appetito ਲਿਖਿਆ ਹੋਇਆ।

ਤਸਵੀਰ ਸਰੋਤ, Getty Images

ਵਿਸ਼ਵ ਹੈਪੀਨੈੱਸ ਰਿਪੋਰਟ ਨੇ ਨੋਟ ਕੀਤਾ ਕਿ ਵੱਖੋ ਵੱਖੋ ਦੇਸ਼ਾਂ ਵਿੱਚ ਖਾਣ ਦੇ ਤਰੀਕੇ ਵੱਖੋ ਵੱਖਰੇ ਹਨ ਅਤੇ ਅਸੀਂ ਕਿਸੇ ਦੇਸ਼ ਵੱਲੋਂ ਆਪਣੀ ਮਿਲ ਬੈਠ ਕੇ ਖਾਣ ਅਤੇ ਖੁਸ਼ੀਆਂ ਸਾਂਝੀਆਂ ਕਰਨ ਦੇ ਕਲਚਰ ਨੂੰ ਬਚਾਉਣ ਦੇ ਯੰਤਰਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ।

ਜਪਾਨੀਸ ਹਰ ਹਫਤੇ ਔਸਤਨ ਚਾਰ ਤੋਂ ਘੱਟ ਖਾਣੇ(ਮੀਲਜ਼) ਸਾਂਝੇ ਕਰਦੇ ਹਨ। ਯੂ.ਕੇ. ਅਤੇ ਯੂਐੱਸ ਵਿੱਚ ਇਹ ਅੰਕੜਾ ਤਕਰੀਬਨ ਸੱਤ ਤੋਂ ਅੱਠ ਤੱਕ ਦਾ ਹੈ ਜਦਕਿ ਇਟਲੀ ਵਿੱਚ ਇਹ ਨੌ ਤੱਕ ਜਾਂਦਾ ਹੈ।

ਇਟਲੀ ਆਪਣੀ ਮਿਲਣਸਾਰ ਖਾਣ ਪੀਣ ਦੇ ਸੱਭਿਆਚਾਰ ਲਈ ਦੁਨੀਆਂ ਭਰ ਵਿੱਚ ਜਾਣਿਆ ਜਾਂਦਾ ਹੈ। ਜਦੋਂ ਯੂਨੈਸਕੋ ਨੇ ਬਟਾਲੀਅਨ ਪਕਵਾਨਾਂ ਨੂੰ ਇੰਟੈਜੀਬਲ ਕਲਚਰਲ ਹੈਰੀਟੇਜ ਦਾ ਦਰਜਾ ਦਿੱਤਾ ਤਾਂ ਇਸ ਸੰਸਥਾ ਨੇ ਖਾਣੇ ਵੱਲੋਂ ਪਰਿਵਾਰ ਅਤੇ ਭਾਈਚਾਰੇ ਨੂੰ ਆਪਸ ਵਿੱਚ ਜੋੜਨ ‘ਚ ਨਿਭਾਈ ਮਹੱਤਵਪੂਰਨ ਭੂਮਿਕਾ ‘ਤੇ ਖਾਸ ਜ਼ੋਰ ਦਿੱਤਾ ਭਾਵੇਂ ਉਹ ਘਰ ਹੋਵੇ, ਸਕੂਲ ਹੋਵੇ ਤਿਉਹਾਰਾਂ, ਰਸਮਾਂ ਜਾਂ ਸਮਾਜਿਕ ਇਕੱਠ ਜ਼ਰੀਏ ਹੋਵੇ।

ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਹ ਦੇਸ਼ ਆਧੁਨਿਕ ਦੁਨੀਆਂ ਦੇ ਜਵਾਬਾਂ ਖਿਲਾਫ ਕਮੈਂਸੈਲਿਟੀ ਨੂੰ ਬਚਾਉਣ ਦੇ ਤਰੀਕੇ ਲੱਭਣ ਵਿੱਚ ਵੀ ਸਭ ਤੋਂ ਅੱਗੇ ਹੈ। ਗਲੋਅ ਫੂਡ ਮੂਵਮੈਂਟ ਜਿਸ ਦੀ ਸ਼ੁਰੂਆਤ ਇਟਲੀ ਵਿੱਚ ਹੋਈ ਸੀ, ਫ਼ਾਸਟ ਫੂਡ ਦੀ ਵਧਦੀ ਪ੍ਰਸਿੱਧੀ ਦੇ ਸਿੱਧੇ ਪ੍ਰਤੀਕਰਮ ਵਜੋਂ ਸ਼ੁਰੂ ਕੀਤੀ ਗਈ ਸੀ।

ਇਹ ਮੂਵਮੈਂਟ ਸ਼ਾਇਦ ਸਥਾਨਕ ਪਰੰਪਰਾਵਾਂ ਦੀ ਰੱਖਿਆ ਕਰਨ ਅਤੇ ਟਿਕਾਊ ਖਪਤ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਉਦੇਸ਼ਾਂ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ ਪਰ ਇਸ ਲਹਿਰ ਨੇ ਹਮੇਸ਼ਾ ਆਪਣੇ ਦਿਨਾਂ ਨੂੰ ਇਕੱਠਿਆਂ ਬਹਿ ਕੇ ਖਾਧੇ ਜਾਣ ਵਾਲੇ ਖਾਣੇ ਤੇ ਕੇਂਦਰਤ ਕਰਨ ‘ਤੇ ਜ਼ੋਰ ਦਿੱਤਾ ਹੈ।

ਸਲੋਅ ਫੂਡ ਇਟਾਲੀਆ ਦੀ ਪ੍ਰਧਾਨ ਬਾਰਬਰਾ ਨੈਪਿਨੀ ਦੱਸਦੀ ਹੈ, “ਇਟਲੀ ਵਿੱਚ ਭੋਜਨ ਸਾਂਝਾ ਕਰਨਾ ਆਪਣੇ ਆਪ ਵਿੱਚ ਇੱਕ ਫ਼ਲਸਫ਼ਾ ਹੈ- ਮਿਲ ਕੇ ਖਾਣਾ ਬਣਾਉਣਾ ਅਤੇ ਜੋ ਕੁਝ ਅਸੀਂ ਟੇਬਲ ‘ਤੇ ਰੱਖਦੇ ਹਾਂ ਉਸ ਦੀ ਤਿਆਰੀ ਨੂੰ ਸਾਂਝਾ ਕਰਨਾ। ਇਸ ਲਈ ਦੇਖਭਾਲ ਅਤੇ ਸਬਰ ਦੀ ਲੋੜ ਹੁੰਦੀ ਹੈ।”

ਦੋਸਤਾਨਾ ਮੁਲਾਕਾਤ

ਖਾਣਾ ਖਾ ਰਹੇ ਲੋਕ

ਤਸਵੀਰ ਸਰੋਤ, Getty Images

ਫਿਰ ਵੀ 21ਵੀਂ ਸਦੀ ਦੇ ਦਬਾਵਾਂ ਨੇ ਬਹੁਤ ਸਾਰੇ ਇਟਾਲੀਅਨਾਂ ਨੂੰ ਪਹਿਲਾਂ ਨਾਲੋਂ ਇਕੱਲਾ ਮਹਿਸੂਸ ਕਰਨ ਵੱਲ ਧੱਕਿਆ ਹੈ। ਪਰ ਜੇ ਤੁਸੀਂ ਇਕੱਲੇ ਖਾਣਾ ਨਹੀਂ ਖਾਣਾ ਚਾਹੁੰਦੇ ਤਾਂ ਇਸ ਦਾ ਹੱਲ ਤੁਹਾਡੀ ਸੋਚ ਤੋਂ ਕਿਤੇ ਜ਼ਿਆਦਾ ਸੌਖਾ ਹੋ ਸਕਦਾ ਹੈ।

ਹੋ ਸਕਦਾ ਹੈ ਕਿ ਤੁਹਾਡੇ ਆਲੇ ਦੁਆਲੇ ਪਹਿਲਾਂ ਹੀ ਅਜਿਹੇ ਲੋਕ ਹੋਣ ਜੋ ਤੁਹਾਡੇ ਨਾਲ ਮਿਲ ਕੇ ਖਾਣਾ ਖਾਣ ਦਾ ਮੌਕਾ ਛੱਡਣਗੇ ਨਹੀਂ। ਅਧਿਐਨਾਂ ਅਤੇ ਖੋਜਾਂ ਦਾ ਇੱਕ ਵੱਡਾ ਹਿੱਸਾ ਇਹ ਦਰਸਾਉਂਦਾ ਹੈ ਕਿ ਲੋਕ ਇਸ ਤਰ੍ਹਾਂ ਦੇ ਇਨਵੀਟੇਸ਼ਨਾਂ ਨੂੰ ਸਾਡੀ ਉਮੀਦ ਨਾਲੋਂ ਕਿਤੇ ਜ਼ਿਆਦਾ ਖੁਸ਼ੀ ਨਾਲ ਸਵੀਕਾਰ ਕਰਦੇ ਹਨ।

ਆਮ ਤੌਰ ‘ਤੇ ਅਸੀਂ ਇਸ ਗੱਲ ਨੂੰ ਘੱਟ ਆਂਕਦੇ ਹਾਂ ਕਿ ਸਾਡੇ ਆਲੇ ਦੁਆਲੇ ਦੇ ਲੋਕ ਸਾਨੂੰ ਕਿੰਨਾ ਪਸੰਦ ਕਰਦੇ ਹਨ ਜਾਂ ਸਾਡੇ ਸਾਥ ਨੂੰ ਮਾਣਦੇ ਹਨ ਅਤੇ ਸਾਡੇ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ। ਇਸ ਲਈ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਸ਼ਾਇਦ ਇਕੱਲਾਪਣ ਮਹਿਸੂਸ ਕਰ ਰਿਹਾ ਹੋਵੇ ਅਤੇ ਵਧੀਆ ਭੋਜਨ ਦੇ ਨਾਲ ਗੱਲਬਾਤ ਕਰਨ ਦੇ ਮੌਕੇ ਦੀ ਪ੍ਰਸ਼ੰਸਾ ਕਰ ਸਕਦਾ ਹੋਵੇ ਤਾਂ ਸਭ ਤੋਂ ਵਧੀਆ ਹੱਲ ਸਿਰਫ਼ ਉਨ੍ਹਾਂ ਨੂੰ ਸੱਦਾ ਦੇਣਾ ਹੈ।

ਅਤੇ ਜੇ ਤੁਸੀਂ ਕਿਸੇ ਬਾਰੇ ਸੋਚਣ ਵਿੱਚ ਜੂਝ ਰਹੇ ਹੋ ਤਾਂ ਕੁਝ ਤਕਨੀਕੀ ਹੱਲ ਹਨ। 2019 ਵਿੱਚ ਇਟਾਲੀਅਨ ਟੈਂਕ ਉਦਯੋਗਪਤੀ ਪਾਓਲੋ ਬਾਵਾਰੋ ਨੇ ਇਕੱਲੇ ਖਾਣਾ ਖਾਣ ਵਾਲੇ ਲੋਕਾਂ ਨੂੰ ਆਪਸ ਵਿੱਚ ਜੋੜਨ ਲਈ ਟੈਬਲੋ ਐਪ ਬਣਾਈ ਸੀ। ਹੁਣ ਤੱਕ ਤਿੰਨ ਲੱਖ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਚੁੱਕੇ ਹਨ।

ਸ਼ਾਇਦ ਇਸ ਵਿੱਚ ਹੈਰਾਨੀ ਨਹੀਂ ਹੋਏਗੀ ਕਿ ਇਸ ਐਪਲੀਕੇਸ਼ਨ ਦੀ ਵਰਤੋਂ ਕਰਨ ਵਾਲਾ ਆਮ ਯੂਜ਼ਰ ਲਗਭਗ ਤੀਹ ਸਾਲ ਦੀ ਉਮਰ ਵਾਲੇ ਨੌਜਵਾਨ ਹਨ। ਬਾਵਾਰੋ ਕਹਿੰਦੇ ਹਨ, “ਉਸ ਉਮਰ ਵਿੱਚ ਦੋਸਤ ਬਣਾਉਣਾ ਵਧੇਰੇ ਮੁਸ਼ਕਿਲ ਹੁੰਦਾ ਹੈ। ਤੁਸੀਂ ਬਹੁਤ ਕੰਮ ਕਰਦੇ ਹੋ, ਤੁਹਾਡੇ ਬਹੁਤ ਸਾਰੇ ਦੋਸਤਾਂ ਦੇ ਆਪਣੇ ਪਰਿਵਾਰ ਹੁੰਦੇ ਹਨ। ਤੁਸੀਂ ਮੇਲ ਜੋਲ ਤਾਂ ਚਾਹੁੰਦੇ ਹੋ ਪਰ ਤੁਹਾਨੂੰ ਇਹ ਸਮਝ ਨਹੀਂ ਆਉਂਦਾ ਕਿ ਬਾਹਰ ਕਿਸ ਦੇ ਨਾਲ ਜਾਇਆ ਜਾਵੇ।”

ਬਾਵਾਰੋ ਜ਼ੋਰ ਦਿੰਦੇ ਹਨ ਕਿ ਉਨ੍ਹਾਂ ਦੀ ਐਪਲੀਕੇਸ਼ਨ ਕਿਸੇ ਖਾਸ ਕਿਸਮ ਦੇ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਅਤੇ ਨਾ ਹੀ ਇਸ ਨੂੰ ਇੱਕ ਡੇਟਿੰਗ ਐਪ ਮੰਨਿਆ ਜਾਣਾ ਚਾਹੀਦਾ ਹੈ- ਇਸ ਦਾ ਮਕਸਦ ਜ਼ਿੰਦਗੀ ਦੇ ਉਸ ਪੜਾਅ ‘ਤੇ ਲੋਕਾਂ ਦੋ ਸਮਾਜਿਕ ਦਾਇਰੇ ਨੂੰ ਵਧਾਉਣਾ ਹੈ ਜਦੋਂ ਉਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ।

ਜਦੋਂ ਅਸੀਂ ਡੀ ਨੇਵੇ ਨਾਲ ਇਸ ਐਪਲੀਕੇਸ਼ਨ ਬਾਰੇ ਗੱਲ ਕੀਤੀ ਤਾਂ ਉਸ ਨੇ ਸਾਡਾ ਧਿਆਨ ਸਟੈਨਫੋਰਡ ਯੁਨੀਵਰਸਿਟੀ ਦੇ ਮਨੋਵਿਗਿਆਨੀ ਜਮੀਲ ਜ਼ਾਕੀ ਵੱਲੋਂ ਕੀਤੇ ਗਏ ਇੱਕ ਪ੍ਰਯੋਗ ਵੱਲ ਦਿਵਾਇਆ। ਜਮੀਲ ਜ਼ਾਕੀ ਨੇ ਸ਼ਰਮੀਲੇ ਸੁਭਾਅ ਵਾਲੇ ਵਿਦਿਆਰਥੀਆਂ ਲਈ ਕੈਂਪਸ ਦੇ ਕੌਫ਼ੀ ਸ਼ੌਪ ‘ਤੇ ਮਿਲਣ ਲਈ ਪਲੈਟੋਨਿਕ ਡੇਟਸ ਦਾ ਪ੍ਰਬੰਧ ਕਰਨ ਵਿੱਚ ਮਦਦ ਕੀਤੀ ਸੀ। ਇਹ ਇੱਕ ਅਜਿਹੀ ਪਹਿਲ ਸੀ ਜਿਸ ਨੇ ਉਨ੍ਹਾਂ ਦੇ ਸਮਾਜਿਕ ਆਤਮ ਵਿਸ਼ਵਾਸ ਨੂੰ ਵਧਾਉਣ ਵਿੱਚ ਮਦਦ ਕੀਤੀ।

ਡੀ ਨੇਵੇ ਦਾ ਸੁਝਾਅ ਹੈ ਕਿ ਅਜਿਹੇ ਯਤਨਾਂ ਦੇ ਕਾਫ਼ੀ ਲੰਬੇ ਸਮੇਂ ਤੱਕ ਰਹਿਣ ਵਾਲੇ ਫ਼ਾਇਦੇ ਹੋ ਸਕਦੇ ਹਨ।

ਇਕੱਠੇ ਰੋਟੀ ਖਾਣ ਨਾਲ ਨਾ ਸਿਰਫ਼ ਤੁਸੀਂ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੀ ਦੋਸਤੀ ਬਣਾ ਸਕਦੇ ਹੋ ਬਲਕਿ ਇਸ ਪ੍ਰਕਿਰਿਆ ਵਿੱਚ ਆਪਣੀ ਸਿਹਤ ਅਤੇ ਖੁਸ਼ੀ ਨੂੰ ਵੀ ਵਧਾ ਸਕਦੇ ਹੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI