Source :- BBC PUNJABI
ਤਸਵੀਰ ਸਰੋਤ, Victoria Stellas
ਗ੍ਰੀਸ ਵਿੱਚ ਛੁੱਟੀਆਂ ਮਨਾਉਣ ਦੌਰਾਨ ਚਿੱਚੜ/ਪਿੱਸੂ ਦੇ ਕੱਟਣ ਕਾਰਨ ਲਗਭਗ ਛੇ ਹਫ਼ਤੇ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ, ਇੱਕ ਮਹਿਲਾ ਦੀ ਯਾਦਦਾਸ਼ਤ ਚਲੀ ਗਈ ਅਤੇ ਉਨ੍ਹਾਂ ਨੂੰ ਦੌਰੇ ਪੈਣ ਲੱਗੇ। ਹੁਣ ਉਨ੍ਹਾਂ ਨੂੰ ਹਰ ਰੋਜ਼ 18 ਗੋਲੀਆਂ ਖਾਣੀਆਂ ਪੈਂਦੀਆਂ ਹਨ।
ਵੇਲਜ਼ ਦੇ ਐਂਗਲਸੀ ਦੇ ਰਹਿਣ ਵਾਲੇ ਵਿਕਟੋਰੀਆ ਸਟੇਲਸ ਨੂੰ 2019 ਵਿੱਚ ਸਿਰੋਸ ਟਾਪੂ ‘ਤੇ ਫਲੂ ਵਰਗੇ ਲੱਛਣ ਮਹਿਸੂਸ ਹੋਏ ਅਤੇ ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਰਾਤ ਨੂੰ ਦੌਰੇ ਪੈਣ ਲੱਗੇ।
ਉਹ ਹਸਪਤਾਲ ਗਏ ਪਰ “ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਕੀ ਹੋਇਆ ਹੈ”, ਇਸ ਲਈ ਉਨ੍ਹਾਂ ਦਾ ਐਮਆਰਆਈ ਸਕੈਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਲਿਵਰਪੂਲ ਦੇ ਵਾਲਟਨ ਸੈਂਟਰ ਲਿਜਾਇਆ ਗਿਆ।
ਉੱਥੇ ਉਨ੍ਹਾਂ ਨੂੰ 42 ਦਿਨਾਂ ਲਈ ਇੰਡਿਊਸਡ ਕੋਮਾ (ਦਵਾਈਆਂ ਨਾਲ ਬਣਾਈ ਗਈ ਕੌਮਾ ਵਾਲੀ ਸਥਿਤੀ) ਵਿੱਚ ਰੱਖਿਆ ਗਿਆ।
ਉੱਥੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਟਿਕ-ਬੋਰਨ ਐਨਸੇਫਲਾਈਟਿਸ (ਟੀਬੀਈ) ਹੈ, ਜੋ ਦਿਮਾਗ ਵਿੱਚ ਸੋਜ ਪੈਦਾ ਕਰਨ ਵਾਲੀ ਇੱਕ ਬਿਮਾਰੀ ਹੈ, ਜੋ ਜਾਨਲੇਵਾ ਹੋ ਸਕਦੀ ਹੈ।
51 ਸਾਲਾ ਵਿਕਟੋਰੀਆ ਕਹਿੰਦੇ ਹਨ, “ਇਸ ਨੇ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ ਹੈ। ਕੰਮ ਤੋਂ ਇਲਾਵਾ, ਮੈਂ ਬਹੁਤ ਘੱਟ ਬਾਹਰ ਜਾਂਦੀ ਹਾਂ।”
6 ਮਹੀਨਿਆਂ ਤੱਕ ਚੱਲਿਆ ਇਲਾਜ
ਇੱਕ ਬੱਚੇ ਦੀ ਮਾਂ ਵਿਕਟੋਰੀਆ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਟਿਕ ਭਾਵ ਚਿੱਚੜ ਨੇ ਉਸ ਵੇਲੇ ਕੱਟਿਆ ਹੋਵੇਗਾ, ਜਦੋਂ ਉਹ ਆਪਣੇ ਭੈਣ ਦੇ ਸਹੁਰੇ ਘਰ ਸਨ, ਕਿਉਂਕਿ ਉਨ੍ਹਾਂ ਕੋਲ ਬੱਕਰੀਆਂ ਹਨ ਜਿਨ੍ਹਾਂ ਦੇ ਪਿੱਸੂ ਜਾਂ ਚਿੱਚੜ ਪੈ ਸਕਦੇ ਹਨ। (ਚਿੱਚੜ ਜਾਂ ਪਿੱਸੂ ਆਮ ਤੌਰ ‘ਤੇ ਜਾਨਵਰਾਂ ਦੀ ਚਮੜੀ ਨਾਲ ਚਿਪਕ ਜਾਂਦੇ ਹਨ ਅਤੇ ਉਨ੍ਹਾਂ ਦਾ ਖੂਨ ਪੀਂਦੇ ਹਨ)
ਉਨ੍ਹਾਂ ਕਿਹਾ, “ਮੈਨੂੰ ਲਗਾਤਾਰ ਦੌਰੇ ਪੈ ਰਹੇ ਸਨ ਅਤੇ ਕਿਸੇ ਨੂੰ ਪਤਾ ਨਹੀਂ ਸੀ ਕਿ ਕੀ ਹੋਇਆ ਹੈ। ਇਹ ਇੱਕ ਅਜੀਬ ਜਿਹੀ ਇਨਫੈਕਸ਼ਨ ਸੀ ਅਤੇ ਮੈਨੂੰ ਲੱਗਦਾ ਹੈ ਕਿ ਇਸ ਦਾ ਪਤਾ ਲਗਾਉਣ ਲਈ ਉਨ੍ਹਾਂ ਕੋਲ ਮਾਹਿਰ ਨਹੀਂ ਸਨ।”
“ਹਸਪਤਾਲ ਵਿੱਚ ਰਹਿਣ ਅਤੇ ਉਸ ਤੋਂ ਬਾਅਦ ਦੇ ਇਲਾਜ ਵਿੱਚ ਕੁੱਲ ਮਿਲਾ ਕੇ ਲਗਭਗ ਛੇ ਮਹੀਨੇ ਲੱਗੇ।”
“ਕਈ ਵਾਰ ਮੈਂ ਬਸ ਚੁੱਪ ਰਹਿੰਦੀ ਹਾਂ, ਜਦਕਿ ਪਹਿਲਾਂ ਮੈਂ ਮਿਲਣਸਾਰ ਸੁਭਾਅ ਦੀ ਸੀ।”
ਇਸ ਸਮੱਸਿਆ ਤੋਂ ਪਹਿਲਾਂ ਵਿਕਟੋਰੀਆ ਇੱਕ ਪੱਬ ਵਿੱਚ ਅਤੇ ਇੱਕ ਸਕੂਲ ਵਿੱਚ ਨੌਕਰੀ ਕਰਦੇ ਸਨ ਪਰ ਉਨ੍ਹਾਂ ਦੱਸਿਆ ਕਿ ਆਪਣੀ ਬਿਮਾਰੀ ਦੇ ਲੱਛਣਾਂ ਕਾਰਨ ਉਨ੍ਹਾਂ ਨੂੰ ਇਹ ਕੰਮ ਛੱਡਣੇ ਪਏ।
ਤਸਵੀਰ ਸਰੋਤ, Victoria Stellas
ਉਨ੍ਹਾਂ ਕਿਹਾ, “ਮੈਨੂੰ ਕੋਈ ਅਜਿਹੀ ਨੌਕਰੀ ਦੱਸੋ ਜਿਸ ਵਿੱਚ ਯਾਦਦਾਸ਼ਤ ਦੀ ਲੋੜ ਨਾ ਹੋਵੇ ? ਜ਼ਿੰਦਗੀ ਵਿੱਚ ਤੁਸੀਂ ਜੋ ਕੁਝ ਵੀ ਕਰਦੇ ਹੋ, ਉਸ ਲਈ ਯਾਦਦਾਸ਼ਤ ਦੀ ਲੋੜ ਹੁੰਦੀ ਹੈ। ਖਰੀਦਦਾਰੀ ਕਰਨ ਲਈ, ਕੰਮ ਕਰਨ ਲਈ, ਯਾਤਰਾ ਕਰਨ ਲਈ…ਹਰ ਚੀਜ਼ ਲਈ।”
ਉਨ੍ਹਾਂ ਕਿਹਾ, “ਜਦੋਂ ਮੈਂ ਘਰ ਵਾਪਸ ਆਈ ਅਤੇ ਟੀਚਿੰਗ ਅਸਿਸਟੈਂਟ ਵਜੋਂ ਆਪਣੀ ਨੌਕਰੀ ‘ਤੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਵੱਖ-ਵੱਖ ਕਲਾਸਾਂ ਦੇ ਬੱਚਿਆਂ ਅਤੇ ਸਟਾਫ਼ ਦੇ ਨਾਮ ਯਾਦ ਨਹੀਂ ਆ ਰਹੇ ਸਨ।”
“ਮੈਂ ਸਾਰਿਆਂ ਨੂੰ ਪਛਾਣ ਤਾਂ ਲੈਂਦੀ ਸੀ ਪਰ ਉਨ੍ਹਾਂ ਦੇ ਨਾਮ ਯਾਦ ਨਹੀਂ ਆਉਂਦੇ ਸਨ ਅਤੇ ਇਹ ਸਮੱਸਿਆ ਅੱਜ ਵੀ ਜਿਉਂ ਦੀ ਤਿਉਂ ਹੈ।”

ਐੱਨਐੱਚਐੱਸ ਦੇ ਅਨੁਸਾਰ, ਟੀਬੀਈ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਯੂਰਪ, ਰੂਸ, ਚੀਨ ਅਤੇ ਜਪਾਨ ਦੇ ਕੁਝ ਹਿੱਸਿਆਂ ਵਿੱਚ ਪਾਏ ਜਾਣ ਵਾਲੇ ਟਿਕ/ਚਿੱਚੜ ਦੇ ਕੱਟਣ ਨਾਲ ਫੈਲਦਾ ਹੈ।
ਐੱਨਐੱਚਐੱਸ ਦਾ ਕਹਿਣਾ ਹੈ ਕਿ ਯੂਕੇ ਵਿੱਚ ਟੀਬੀਈ ਹੋਣ ਦਾ ਖ਼ਤਰਾ ਬਹੁਤ ਘੱਟ ਹੈ ਅਤੇ ਜੇ ਕਿਸੇ ਨੂੰ ਚਿੱਚੜ ਕੱਟ ਵੀ ਲਵੇ ਤਾਂ ਵੀ ਗੰਭੀਰ ਤੌਰ ‘ਤੇ ਬਿਮਾਰ ਹੋਣ ਦਾ ਖ਼ਤਰਾ ਘੱਟ ਹੀ ਹੁੰਦਾ ਹੈ।
ਇਸ ਨਿੱਕੇ ਜਿਹੇ ਜੀਵ ਵੱਲੋਂ ਕੱਟੇ ਜਾਣ ਤੋਂ ਲਗਭਗ ਇੱਕ ਹਫ਼ਤੇ ਬਾਅਦ ਨਜ਼ਰ ਆਉਣ ਵਾਲੇ ਲੱਛਣਾਂ ਵਿੱਚ – ਥਕਾਵਟ, ਸਿਰ ਦਰਦ ਅਤੇ ਇਨਫੈਕਸ਼ਨ ਦੇ ਲੱਛਣ ਜਿਵੇਂ ਦੌਰੇ ਪੈਣਾ, ਉਲਝਣ ਮਹਿਸੂਸ ਹੋਣਾ ਜਾਂ ਸਾਫ਼ ਨਾ ਬੋਲ ਸਕਣਾ ਅਤੇ ਸਰੀਰ ਦੇ ਕਿਸੇ ਹਿੱਸੇ ਨੂੰ ਹਿਲਾ ਨਾ ਸਕਣਾ ਸ਼ਾਮਿਲ ਹੋ ਸਕਦੇ ਹਨ।
ਐੱਨਐੱਚਐੱਸ ਦੀ ਸਲਾਹ ਹੈ ਕਿ ਜੋ ਲੋਕ ਅਜਿਹੇ ਦੇਸ਼ਾਂ ਵਿੱਚ ਆਉਣਾ-ਜਾਣਾ ਚਾਹੁੰਦੇ ਹਨ, ਜਿੱਥੇ ਇਹ ਇਨਫੈਕਸ਼ਨ ਆਮ ਹੈ, ਉਹ ਉੱਥੇ ਜਾਣ ਤੋਂ ਘੱਟੋ-ਘੱਟ ਇੱਕ ਮਹੀਨਾ ਪਹਿਲਾਂ ਟੀਬੀਈ ਦਾ ਟੀਕਾ ਲਗਵਾ ਲੈਣ।
ਪਬਲਿਕ ਹੈਲਥ ਵੇਲਜ਼ (ਪੀਐਚਡਬਲਯੂ) ਨੇ ਕਿਹਾ ਕਿ ਵੇਲਜ਼ ਵਿੱਚ ਟਿਕ (ਚਿੱਚੜ/ਪਿੱਸੂ/ਇੱਕ ਕਿਸਮ ਦਾ ਕੀੜਾ) ਦੇ ਕੱਟਣ ਤੋਂ ਬਾਅਦ ਕਿਸੇ ਵਿੱਚ ਟੀਬੀਈ ਦਾ ਪਤਾ ਲੱਗਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਹਾਲਾਂਕਿ 2019 ਤੋਂ ਇੰਗਲੈਂਡ ਅਤੇ ਸਕਾਟਲੈਂਡ ਵਿੱਚ “ਸਥਾਨਕ ਪੱਧਰ ‘ਤੇ ਇਨਫੈਕਸ਼ਨ ਦੇ ਕੁਝ ਮਾਮਲੇ” ਸਾਹਮਣੇ ਆਏ ਸਨ।
ਹੁਣ ਰੋਜ਼ 18 ਗੋਲੀਆਂ ਖਾਣੀਆਂ ਪੈਂਦੀਆਂ
ਤਸਵੀਰ ਸਰੋਤ, Victoria Stellas
ਵਿਕਟੋਰੀਆ, ਜੋ ਪੰਜ ਸਾਲ ਦੀ ਉਮਰ ਵਿੱਚ ਵੇਲਜ਼ ਆਉਣ ਤੋਂ ਪਹਿਲਾਂ ਗ੍ਰੀਸ ਵਿੱਚ ਹੀ ਵੱਡੇ ਹੋਏ, ਹਰ ਸਾਲ ਛੁੱਟੀਆਂ ਮਨਾਉਣ ਲਈ ਉੱਥੇ ਜਾਂਦੇ ਹਨ, ਪਰ ਉਨ੍ਹਾਂ ਨੂੰ ਇਸ ਟੀਕੇ ਬਾਰੇ ਪਤਾ ਨਹੀਂ ਸੀ।
ਹੁਣ ਉਹ ਇਸ ਇਨਫੈਕਸ਼ਨ ਬਾਰੇ ਜਾਗਰੂਕਤਾ ਫੈਲਾਉਣਾ ਚਾਹੁੰਦੇ ਹਨ ਅਤੇ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਜੋਖ਼ਮ ਵਾਲੇ ਇਲਾਕਿਆਂ ਵਿੱਚ ਯਾਤਰਾ ਕਰਨ ਸਮੇਂ ਜਾਂ ਜੰਗਲਾਂ ਜਾਂ ਜਾਨਵਰਾਂ ਦੇ ਆਲੇ-ਦੁਆਲੇ ਸਮਾਂ ਬਿਤਾਉਣ ਤੋਂ ਪਹਿਲਾਂ ਟੀਕਾ ਜ਼ਰੂਰ ਲਗਵਾਉਣ।
ਉਹ ਸਾਲ ਵਿੱਚ ਇੱਕ ਵਾਰ ਬੈਂਗਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਪਣੀ ਕਹਾਣੀ ਸੁਣਾਉਂਦੇ ਹਨ।
ਵਿਕਟੋਰੀਆ ਹੁਣ ਹਰ ਰੋਜ਼ 15 ਤੋਂ 18 ਗੋਲੀਆਂ ਖਾਂਦੇ ਹਨ ਅਤੇ ਉਨ੍ਹਾਂ ਨੂੰ ਰੋਜ਼ਾਨਾ ਦੇ ਕੰਮ ਕਰਨ ਦੇ ਤਰੀਕੇ ਯਾਦ ਰੱਖਣ ਲਈ ਵੀ ਨਵੇਂ ਤਰੀਕੇ ਅਪਣਾਉਣੇ ਪਏ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਤ ਨੂੰ ਪੈਣ ਵਾਲੇ ਦੌਰੇ ਹੁਣ “ਪਹਿਲਾਂ ਜਿੰਨੇ ਨਿਯਮਿਤ ਨਹੀਂ” ਹਨ। ਉਨ੍ਹਾਂ ਅੱਗੇ ਕਿਹਾ “ਹੁਣ ਮੈਂ ਆਪਣੀ ਮਾਂ ਦੇ ਨਾਲ ਸੌਂਦੀ ਹਾਂ।”
“ਮੈਂ ਖੁਸ਼ਕਿਸਮਤ ਹਾਂ ਕਿ ਮੇਰੇ ਪਰਿਵਾਰ ਅਤੇ ਦੋਸਤਾਂ ਨੇ ਇੰਨੇ ਸਾਲਾਂ ਤੱਕ ਮੇਰਾ ਸਾਥ ਦਿੱਤਾ ਹੈ।”
ਵਿਕਟੋਰੀਆ ਦੇ ਮਾਂ ਲਿਜ਼ ਸਟੇਲਸ ਨੇ ਕਿਹਾ, “ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਬਹੁਤ ਜਾਗਰੂਕ ਰਹਿਣਾ ਚਾਹੀਦਾ ਹੈ ਜੋ ਨੁਕਸਾਨਦਾਇਕ ਨਹੀਂ ਲੱਗਦੀਆਂ, ਪਰ ਅਸਲ ਵਿੱਚ ਹੁੰਦੀਆਂ ਹਨ।”
“ਕੀੜਿਆਂ ਦੇ ਕੱਟਣ ਨਾਲ ਵੀ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਬਦਲਾਅ ਆ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਲੋਕ ਇਸ ਬਾਰੇ ਜਾਣਦੇ ਹਨ।”
ਕਿਹੜੀਆਂ ਗੱਲਾਂ ਧਿਆਨ ਰੱਖਣ ਦੀ ਲੋੜ ?
ਤਸਵੀਰ ਸਰੋਤ, Victoria Stellas
ਟੀਬੀਈ ਦਾ ਟੀਕਾ ਐੱਨਐੱਚਐੱਸ ਰਾਹੀਂ ਉਪਲੱਬਧ ਨਹੀਂ ਹੈ ਅਤੇ ਇਸ ਨੂੰ ਸਿਰਫ਼ ਖ਼ਾਸ ਟਰੈਵਲ ਹੈਲਥ ਕਲੀਨਿਕਾਂ ਅਤੇ ਫਾਰਮੇਸੀਆਂ ਰਾਹੀਂ ਨਿੱਜੀ ਤੌਰ ‘ਤੇ ਹੀ ਲਗਵਾਇਆ ਜਾ ਸਕਦਾ ਹੈ। ਪੀਐਚਡਬਲਯੂ ਨੇ ਕਿਹਾ, “ਜਦੋਂ ਲੋਕ ਅਜਿਹੀਆਂ ਥਾਵਾਂ ‘ਤੇ ਹੋਣ ਜਿੱਥੇ ਚਿੱਚੜ ਹੋ ਸਕਦੇ ਹਨ ਤਾਂ ਉਨ੍ਹਾਂ ਨੂੰ ਪੂਰੀਆਂ ਬਾਂਹਾਂ ਵਾਲੇ ਟਾਪ ਅਤੇ ਪੈਰਾਂ ਤੱਕ ਲੰਮੀ ਪੈਂਟ ਪਹਿਨਣੀ ਚਾਹੀਦੀ ਹੈ, ਖੁੱਲ੍ਹੀ ਚਮੜੀ ‘ਤੇ ਡੀਈਈਟੀ ਵਾਲਾ ਕੀੜੇ ਭਜਾਉਣ ਵਾਲਾ ਲੋਸ਼ਨ ਲਗਾਉਣਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ, ਸਾਫ਼ ਰਸਤਿਆਂ ‘ਤੇ ਹੀ ਤੁਰਨਾ ਚਾਹੀਦਾ ਹੈ।
“ਬਾਹਰ ਸਮਾਂ ਬਿਤਾਉਣ ਤੋਂ ਬਾਅਦ, ਆਪਣੇ ਸਰੀਰ, ਕੱਪੜਿਆਂ ਅਤੇ ਪਾਲਤੂ ਜਾਨਵਰਾਂ ਨੂੰ ਜ਼ਰੂਰ ਚੈੱਕ ਕਰੋ ਕਿ ਕਿਤੇ ਕੋਈ ਚਿੱਚੜ ਤਾਂ ਨਹੀਂ ਚਿੰਬੜਿਆ ਹੋਇਆ ਅਤੇ ਜੇ ਕੋਈ ਚਿੱਚੜ ਚੰਬੜਿਆ ਹੋਇਆ ਮਿਲੇ ਤਾਂ ਉਸ ਨੂੰ ਹਟਾਉਣ ਵਾਲੇ ਟੂਲ ਜਾਂ ਬਾਰੀਕ ਨੋਕ ਵਾਲੇ ਚਿਮਟੇ ਨਾਲ ਜਿੰਨੀ ਜਲਦੀ ਹੋ ਸਕੇ ਹਟਾ ਦਿਓ।”
“ਜਲਦੀ ਹਟਾਉਣ ਨਾਲ ਚਿੱਚੜ ਤੋਂ ਹੋਣ ਵਾਲੀਆਂ ਕੁਝ ਇਨਫੈਕਸ਼ਨਾਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ।”
ਚਿੱਚੜ ਦਾ ਕੱਟਣਾ ਕਿੰਨਾ ਖਤਰਨਾਕ ?
ਤਸਵੀਰ ਸਰੋਤ, Getty Images
ਯੂਨੀਵਰਸਿਟੀ ਆਫ਼ ਲਿਵਰਪੂਲ ਦੇ ਪ੍ਰੋਫੈਸਰ ਬੇਨੇਡਿਕਟ ਮਾਈਕਲ, ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਣ ਵਾਲੇ ਇਨਫੈਕਸ਼ਨਾਂ (ਜ਼ੂਨੋਟਿਕ ਇਨਫੈਕਸ਼ਨ) ਦੇ ਮਾਹਿਰ ਹਨ, ਨੇ ਕਿਹਾ ਕਿ ਪਿਛਲੇ 30 ਸਾਲਾਂ ਵਿੱਚ ਦੁਨੀਆ ਭਰ ਵਿੱਚ ਟੀਬੀਈ ਦੇ ਮਾਮਲਿਆਂ ਦੀ ਗਿਣਤੀ ਵਧੀ ਹੈ ਪਰ ਯੂਕੇ ਵਿੱਚ ਇਨ੍ਹਾਂ ਦੀ ਗਿਣਤੀ “ਬਹੁਤ ਘੱਟ” ਹੈ।
ਹਾਲਾਂਕਿ ਯੂਰਪ ਅਤੇ ਪੂਰਬੀ ਏਸ਼ੀਆ ਵਿੱਚ ਮਾਮਲੇ ਜ਼ਿਆਦਾ ਦੇਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਖ਼ਾਸ ਹੌਟਸਪਾਟ ਦੀ ਪਛਾਣ ਕਰਨਾ “ਬਹੁਤ ਮੁਸ਼ਕਿਲ” ਹੈ।
ਉਨ੍ਹਾਂ ਅੱਗੇ ਕਿਹਾ ਕਿ ਵਿਕਟੋਰੀਆ ਵਰਗੇ ਮਾਮਲੇ “ਚੰਗੀ ਗੱਲ ਹੈ ਕਿ ਕਾਫ਼ੀ ਘੱਟ ਹੁੰਦੇ ਹਨ”।
ਉਨ੍ਹਾਂ ਕਿਹਾ, “ਕੁੱਲ ਮਿਲਾ ਕੇ, ਲਗਭਗ 3% ਲੋਕਾਂ ਨੂੰ ਦਿਮਾਗ ਦੇ ਇਨਫੈਕਸ਼ਨ ਵਰਗੀ ਗੰਭੀਰ ਸਮੱਸਿਆ ਹੋ ਸਕਦੀ ਹੈ ਅਤੇ 97% ਲੋਕਾਂ ਵਿੱਚ ਜਾਂ ਤਾਂ ਕੋਈ ਲੱਛਣ ਨਹੀਂ ਦਿਖਣਗੇ ਜਾਂ ਫਿਰ ਉਨ੍ਹਾਂ ਨੂੰ ਕੁਝ ਸਮੇਂ ਲਈ ਗੰਭੀਰ ਫਲੂ ਵਰਗਾ ਤਜ਼ਰਬਾ ਹੋ ਸਕਦਾ ਹੈ।”
“ਇਹ ਇੱਕ ਗੰਭੀਰ ਸਥਿਤੀ ਹੈ ਕਿਉਂਕਿ ਸਾਡੇ ਕੋਲ ਇਸ ਲਈ ਕੋਈ ਵਧੀਆ ਐਂਟੀਵਾਇਰਲ ਇਲਾਜ ਨਹੀਂ ਹੈ।”
“ਇਸ ਲਈ ਜਦੋਂ ਕਿਸੇ ਨੂੰ ਐਨਸੇਫਲਾਈਟਿਸ (ਦਿਮਾਗੀ ਸੋਜ) ਹੋ ਜਾਂਦਾ ਹੈ, ਜਿਵੇਂ ਕਿ ਵਿਕਟੋਰੀਆ ਦੇ ਮਾਮਲੇ ਵਿੱਚ ਹੋਇਆ ਤਾਂ ਇਲਾਜ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਮਰੀਜ਼ ਸੁਰੱਖਿਅਤ ਰਹੇ ਅਤੇ ਉਸ ਨੂੰ ਦੌਰੇ ਜਾਂ ਇਸ ਤਰ੍ਹਾਂ ਦੀਆਂ ਹੋਰ ਪਰੇਸ਼ਾਨੀਆਂ ਨਾ ਹੋਣ।”
“ਇਹ ਇਸ ਲਈ ਵੀ ਖ਼ਾਸ ਤੌਰ ‘ਤੇ ਮਹੱਤਵਪੂਰਨ ਹੈ ਕਿਉਂਕਿ ਇਸ ਨੂੰ ਵੈਕਸੀਨ ਨਾਲ ਰੋਕਿਆ ਜਾ ਸਕਦਾ ਹੈ। ਇਸੇ ਲਈ ਸਾਨੂੰ ਲੱਗਦਾ ਹੈ ਕਿ ਇਸ ਬਾਰੇ ਜਾਗਰੂਕਤਾ ਵਧਾਉਣਾ ਬਹੁਤ ਜ਼ਰੂਰੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI

