Home rss national punjabi2ਰਾਸ਼ਟਰੀ ਖ਼ਬਰਾਂ ਏਸ਼ੀਅਨ ਖੇਡਾਂ 2026: ਕਮਲਜੀਤ ਅਤੇ ਸੁਰੁਚੀ ਸਿੰਘ ਨੇ ਜਿੱਤਿਆ ਗੋਲਡ, ਜਾਣੋ ਹੁਣ...

ਏਸ਼ੀਅਨ ਖੇਡਾਂ 2026: ਕਮਲਜੀਤ ਅਤੇ ਸੁਰੁਚੀ ਸਿੰਘ ਨੇ ਜਿੱਤਿਆ ਗੋਲਡ, ਜਾਣੋ ਹੁਣ ਤੱਕ ਕਿੰਨੇ ਮੈਡਲ ਆਏ?

2
0

Source :- BBC PUNJABI

ਸੁਰੁਚੀ ਸਿੰਘ ਅਤੇ ਕਮਲਜੀਤ ਨੇ ਸ਼ੂਟਿੰਗ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਲਈ ਇਹ ਸੋਨ ਤਮਗਾ ਜਿੱਤਿਆ ਹੈ

ਏਸ਼ੀਅਨ ਗੇਮਜ਼ ‘ਚ ਭਾਰਤ ਨੇ ਇੱਕ ਹੋਰ ਸੋਨ ਤਮਗਾ ਜਿੱਤ ਲਿਆ ਹੈ। ਸੁਰੁਚੀ ਸਿੰਘ ਅਤੇ ਕਮਲਜੀਤ ਨੇ ਸ਼ੂਟਿੰਗ ਦੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਲਈ ਇਹ ਸੋਨ ਤਮਗਾ ਜਿੱਤਿਆ ਹੈ।

ਭਾਰਤ ਦੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ, ਰੁਦਰਾਕਸ਼ ਪਾਟਿਲ ਅਤੇ ਨੀਰਜ ਕੁਮਾਰ ਨੇ ਪੁਰਸ਼ਾਂ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ।

ਇਸਦੇ ਨਾਲ ਹੀ ਭਾਰਤ ਦੀ ਮਹਿਲਾ ਕਬੱਡੀ ਟੀਮ ਨੇ ਸੈਮੀਫਾਈਨਲ ਵਿੱਚ ਨੇਪਾਲ ਨੂੰ 48-24 ਨਾਲ ਹਰਾ ਕੇ ਫਾਈਨਲ ਮੁਕਾਬਲੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।

ਓਲੰਪਿੰਕਸ ਡਾਟ ਕਾਮ ਦੀ ਵੈੱਬਸਾਈਟ ਮੁਤਾਬਕ, ਭਾਰਤ ਨੇ ਹੁਣ ਤੱਕ ਕੁੱਲ 19 ਮੈਡਲ ਜਿੱਤ ਲਏ ਹਨ।

20ਵੀਆਂ ਏਸ਼ੀਅਨ ਖੇਡਾਂ 2026 ਜਪਾਨ ਦੇ ਆਈਚੀ-ਨਾਗੋਯਾ ਵਿਖੇ ਹੋ ਰਹੀਆਂ ਹਨ। ਇਹ ਖੇਡ ਮੁਕਾਬਲੇ 19 ਸਤੰਬਰ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ 4 ਅਕਤੂਬਰ ਤੱਕ ਚੱਲਣਗੇ। ਏਸ਼ੀਅਨ ਖੇਡਾਂ 2026 ਵਿੱਚ 46 ਦੇਸ਼ ਹਿੱਸਾ ਲੈ ਰਹੇ ਹਨ ਅਤੇ 43 ਖੇਡ ਈਵੈਂਟ ਹੋ ਰਹੇ ਹਨ।

ਬੀਤੇ ਦਿਨੀਂ ਯਾਨੀ 24 ਸਤੰਬਰ ਨੂੰ ਕੁੱਲ 5 ਹੋਰ ਮੈਡਲ ਭਾਰਤ ਦੀ ਝੋਲੀ ਪਏ ਸਨ। ਇਨ੍ਹਾਂ ਵਿੱਚ ਦੋ ਚਾਂਦੀ ਦੇ ਤਮਗੇ ਅਤੇ ਤਿੰਨ ਕਾਂਸੀ ਦੇ ਤਮਗੇ ਸ਼ਾਮਿਲ ਹਨ।

ਭਾਰਤ ਲਈ, ਸੀਮਾ ਨੇ ਮਹਿਲਾਵਾਂ ਦੀ 10,000 ਮੀਟਰ ਦੌੜ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ 16 ਸਾਲ ਬਾਅਦ ਭਾਰਤ ਨੂੰ ਏਸ਼ਿਆਈ ਖੇਡਾਂ ਵਿੱਚ ਕੋਈ ਮੈਡਲ ਮਿਲਿਆ ਹੈ।

ਮਨੂ ਟੀਐੱਸ, ਪੂਵੰਮਾ ਐੱਮਆਰ, ਵਿਸ਼ਾਲ ਟੀਕੇ ਅਤੇ ਵਿਥਿਆ ਰਾਮਰਾਜ ਦੀ ਭਾਰਤ ਦੀ ਮਿਕਸਡ 4×400 ਮੀਟਰ ਰਿਲੇਅ ਟੀਮ ਨੇ ਰੋਮਾਂਚਕ ਦੌੜ ਵਿੱਚ ਚਾਂਦੀ ਦਾ ਮੈਡਲ ਜਿੱਤਿਆ।

ਇਨ੍ਹਾਂ ਤੋਂ ਪਹਿਲਾਂ, ਅਨੰਤਜੀਤ ਸਿੰਘ ਨਰੂਕਾ ਅਤੇ ਪਰੀਨਾਜ਼ ਧਾਲੀਵਾਲ ਨੇ ਮਿਕਸਡ ਸਕੀਟ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸਦੇ ਨਾਲ ਹੀ ਉਨ੍ਹਾਂ ਨੇ ਏਸ਼ਿਆਈ ਖੇਡਾਂ ਵਿੱਚ ਭਾਰਤ ਲਈ ਇਸ ਈਵੈਂਟ ਦਾ ਇਹ ਪਹਿਲਾ ਮੈਡਲ ਜਿੱਤਿਆ ਹੈ।

ਰੋਸ਼ੀਬੀਨਾ ਦੇਵੀ ਨੇ ਵੁਸ਼ੂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਸਤਨਾਮ ਸਿੰਘ ਅਤੇ ਸਲਮਾਨ ਖਾਨ ਨੇ ਪੁਰਸ਼ਾਂ ਦੇ ਡਬਲ ਸਕਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ।

ਰੋਸ਼ੀਬੀਨਾ ਦੇਵੀ

ਓਲੰਪਿਕਸ ਡਾਟ ਕਾਮ ਦੀ ਵੈੱਬਸਾਈਟ ‘ਤੇ ਦਿੱਤੀ ਜਾਣਕਾਰੀ ਮੁਤਾਬਕ, ਪੰਜਾਬ ਦੇ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਸਤਨਾਮ ਸਿੰਘ ਦਾ ਖੇਡ ਸਫ਼ਰ ਹੈਂਡਬਾਲ ਕੋਰਟ ਤੋਂ ਸ਼ੁਰੂ ਹੋਇਆ ਸੀ ਪਰ ਸਾਲ 2018 ਵਿੱਚ ਉਨ੍ਹਾਂ ਨੇ ਰੋਇੰਗ ਦਾ ਰੁਖ ਕੀਤਾ ਸੀ। ਇਸਦੇ ਲਈ ਓਲੰਪੀਅਨ ਸਵਰਨ ਸਿੰਘ ਵਿਰਕ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ।

ਉਨ੍ਹਾਂ ਨੇ 2018 ਯੂਥ ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਇਸ ਤੋਂ ਬਾਅਦ 40ਵੀਂ ਸੀਨੀਅਰ ਨੈਸ਼ਨਲ ਰੋਇੰਗ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸਿੰਗਲ ਸਕਲਜ਼ ਦਾ ਖ਼ਿਤਾਬ ਜਿੱਤਿਆ। ਉਹ ਇਹ ਵੱਕਾਰੀ ਮੁਕਾਬਲਾ ਜਿੱਤਣ ਵਾਲੇ ਪਹਿਲੇ ਭਾਰਤੀ ਨੇਵੀ ਰੋਅਰ ਬਣੇ।

ਮੈਡਲ ਟੈਲੀ ਵਿੱਚ ਭਾਰਤ ਇਸ ਵੇਲੇ 14ਵੇਂ ਨੰਬਰ ‘ਤੇ ਹੈ। 80 ਤਗ਼ਮਿਆਂ ਨਾਲ ਚੀਨ ਸਭ ਤੋਂ ਪਹਿਲੇ ਰੈਂਕ ‘ਤੇ ਬਣਿਆ ਹੋਇਆ ਹੈ।

ਮੀਰਾ ਬਾਈ ਚਾਨੂ

ਇਸ ਤੋਂ ਪਹਿਲਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਫ਼ਾਈਨਲ ਵਿੱਚ ਸ੍ਰੀ ਲੰਕਾਂ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਚਾਂਦੀ ਤਗ਼ਮਿਆਂ ਵਿੱਚ ਮੀਰਾਬਾਈ ਚਾਨੂ ਦਾ ਵੇਟਲਿਫਟਿੰਗ ਈਵੈਂਟ ਵਿੱਚ ਜਿੱਤਿਆ ਤਗ਼ਮਾ ਵੀ ਸ਼ਾਮਲ ਹੈ। ਮੀਰਾਬਈ ਚਾਨੂ 48 ਕਿਲੋ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਏਸ਼ੀਆਈ ਖੇਡਾਂ 2026 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਿਛਲੀਆਂ ਏਸ਼ੀਆਈ ਖੇਡਾਂ ਵਿੱਚ ਉਹ ਚੌਥੇ ਥਾਂ ‘ਤੇ ਰਹੇ ਸਨ।

ਕਰਣਮ ਮੱਲੇਸ਼ਵਰੀ ਤੋਂ ਬਾਅਦ ਮੀਰਾਬਾਈ ਚਾਨੂ ਸਾਰੀਆਂ ਪ੍ਰਮੁਖ ਕੌਮਾਂਤਰੀ ਵੇਟਲਿਫਟਿੰਗ ਪ੍ਰਤੀਯੋਗਤਾਵਾਂ ਯਾਨੀ ਉਲੰਪਿਕ, ਏਸ਼ੀਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਏਸ਼ੀਅਨ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪਾਂ ਵਿੱਚ ਤਗ਼ਮਾ ਜਿੱਤਣ ਵਾਲੀ ਦੂਜੀ ਭਾਰਤੀ ਵੇਟਲਿਫਟਰ ਬਣ ਗਈ ਹੈ।

ਕਾਂਸੀ ਤਗ਼ਮਿਆਂ ਵਿੱਚ ਮਿਕਸਡ ਮਾਰਸ਼ਲ ਆਰਟਸ ਵਿੱਚ ਸੁਚਿਕਾ ਤਾਰਿਆਲ ਹੁੱਡਾ ਦੇ ਤਗ਼ਮੇ ਸਮੇਤ ਸ਼ੂਟਿੰਗ, ਸੌਫਟ ਟੈਨਿਸ, ਬੈਡਮਿੰਟਨ ਈਵੈਂਟਸ ਵਿੱਚ ਜਿੱਤੇ ਤਗ਼ਮੇ ਸ਼ਾਮਲ ਹਨ।

ਉਧਰ ਭਾਰਤ ਦੀ ਸਟਾਰ ਸ਼ੂਟਰ ਮਨੂ ਭਾਂਕਰ ਨੇ 10 ਮੀਟਰ ਏਅਰ ਪਿਸਟਲ ਦੇ ਫ਼ਾਈਨਲ ਵਿੱਚ ਪੰਜਵਾ ਸਥਾਨ ਹਾਸਿਲ ਕੀਤਾ। ਉਹ ਤਗ਼ਮਾ ਜਿੱਤਣ ਤੋਂ ਖੁੰਝ ਗਈ।

ਭਾਰਤ ਦੇ ਕੁੱਲ ਕਿੰਨੇ ਐਥਲੀਟ ਹਿੱਸਾ ਲੈ ਰਹੇ ਹਨ

ਤੇਜਿੰਦਰਪਾਲ ਤੂਰ ਅਤੇ ਗੁਰਵਿੰਦਰਵੀਰ ਸਿੰਘ

ਭਾਰਤ ਦੇ ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ 501 ਐਥਲੀਟ ਵੱਖ ਵੱਖ 36 ਖੇਡਾਂ ਵਿੱਚ ਹਿੱਸਾ ਲੈਣਗੇ।

ਇਨ੍ਹਾਂ ਵਿੱਚ 267 ਪੁਰਸ਼ ਤੇ 234 ਮਹਿਲਾ ਖਿਡਾਰੀ ਹਿੱਸਾ ਲੈਣਗੇ। ਇਨ੍ਹਾਂ ‘ਚੋਂ 259 ਈਵੈਂਟ ਵਿੱਚ 356 ਮੈਡਲਾਂ ਲਈ ਭਾਰਤ ਦੇ ਐਥਲੀਟ ਜੱਦੋ-ਜਹਿਦ ਕਰਨਗੇ।

ਇਸ ਵਾਰ 310 ਐਥਲੀਟ ਅਜਿਹੇ ਹਨ ਜੋ ਪਹਿਲੀ ਵਾਰ ਏਸ਼ੀਅਨ ਖੇਡਾਂ ਵਿੱਚ ਭਾਗ ਲੈਣਗੇ। ਸਭ ਤੋਂ ਵੱਧ ਐਥਲੈਟਿਕਸ ਵਿੱਚ ਭਾਰਤ ਦੇ 78 ਐਥਲੀਟ ਹਿੱਸਾ ਲੈਣਗੇ।

ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਭਾਰਤ ਨੇ ਇਸ ਵਾਰ ਏਸ਼ੀਅਨ ਖੇਡਾਂ ਦੀ ਤਿਆਰੀ ਲਈ 702.86 ਕਰੋੜ ਰੁਪਏ ਖਰਚ ਕੀਤੇ ਹਨ।

ਕਿਹੜਾ ਖਿਡਾਰੀ ਸਭ ਤੋਂ ਛੋਟੀ ਉਮਰ ਦਾ

ਸੂਰਿਆਵੰਸ਼ੀ

ਜਪਾਨ ਵਿੱਚ ਖੇਡੀਆਂ ਜਾਣ ਵਾਲੀਆਂ ਏਸ਼ੀਅਨ ਖੇਡਾਂ ਦੀ ਜੇਕਰ ਗੱਲ ਕਰੀਏ ਤਾਂ ਭਾਰਤ ਦੇ ਉਭਰਦੇ ਕ੍ਰਿਕਟਰ ਵੈਭਵ ਸੂਰਿਆਵੰਸ਼ੀ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਹੋਣਗੇ, ਜੋ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਗੇ।

ਸੂਰਿਆਵੰਸ਼ੀ ਦਾ ਜਨਮ 27 ਮਾਰਚ 2011 ਨੂੰ ਹੋਇਆ ਸੀ। ਉਸ ਹਿਸਾਬ ਨਾਲ ਉਨ੍ਹਾਂ ਦੀ ਉਮਰ ਕਰੀਬ 15 ਸਾਲ ਹੈ।

ਜੇਕਰ ਸਭ ਤੋਂ ਵੱਡੀ ਉਮਰ ਦੇ ਐਥਲੀਟ ਦੀ ਗੱਲ ਕਰੀਏ ਤਾਂ ਉਹ ਸ਼ਰੂਤੀ ਵੋਰਾ ਹਨ। ਖੇਡ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼ਰੂਤੀ ਦਾ ਜਨਮ 16-01-1971 ਨੂੰ ਹੋਇਆ ਸੀ। ਸ਼ਰੂਤੀ ਘੁੜਸਵਾਰ ਹਨ।

ਆਖਰੀ ਏਸ਼ੀਅਨ ਖੇਡਾਂ ਵਿੱਚ ਭਾਰਤ ਦਾ ਪ੍ਰਦਰਸ਼ਨ

ਖਿਡਾਰੀ

ਆਖਰੀ ਏਸ਼ੀਅਨ ਖੇਡਾਂ ਚੀਨ ਦੇ ਹੋਂਗਜੋਊ ਵਿੱਚ 2023 ਵਿੱਚ ਹੋਈਆਂ ਸਨ। ਹਾਲਾਂਕਿ ਇਨ੍ਹਾਂ ਖੇਡਾਂ ਦਾ ਆਯੋਜਨ 2022 ਵਿੱਚ ਹੋਣਾ ਸੀ, ਪਰ ਕੋਵਿਡ ਕਾਰਨ ਇਹ ਖੇਡਾਂ 2023 ਵਿੱਚ ਕਰਵਾਈਆਂ ਗਈਆਂ।

ਇਨ੍ਹਾਂ ਖੇਡਾਂ ਵਿੱਚ ਭਾਰਤ ਨੇ ਰਿਕਾਰਡ ਤੋੜ ਪ੍ਰਦਰਸ਼ਨ ਕੀਤਾ ਸੀ। ਭਾਰਤ ਨੇ ਕੁੱਲ 106 ਮੈਡਲ ਜਿੱਤ ਕੇ ਏਸ਼ੀਅਨ ਖੇਡਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਤਗਮੇ ਜਿੱਤੇ ਸਨ।

ਭਾਰਤ ਨੇ 28 ਗੋਲਡ, 38 ਚਾਂਦੀ ਅਤੇ 40 ਕਾਂਸੇ ਦੇ ਤਗਮੇ ਹਾਸਿਲ ਕੀਤੇ ਸਨ ਅਤੇ ਭਾਰਤ ਚੌਥੇ ਸਥਾਨ ‘ਤੇ ਰਿਹਾ ਸੀ। ਇਸ ਵਾਰ ਭਾਰਤੀ ਖਿਡਾਰੀਆਂ ਦੀ ਕੋਸ਼ਿਸ਼ ਇਸ ਪ੍ਰਦਰਸ਼ਨ ਨੂੰ ਹੋਰ ਸੁਧਾਰਨ ਦੀ ਰਹੇਗੀ।

ਭਾਰਤ ਨੂੰ ਕਿਹੜੇ ਖਿਡਾਰੀਆਂ ਤੋਂ ਉਮੀਦਾਂ

ਪੀਵੀ ਸਿੰਧੂ ਅਤੇ ਮਨੂ ਭਾਕਰ

ਏਸ਼ੀਅਨ ਖੇਡਾਂ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਭਾਰਤ ਨੂੰ ਵੱਡਾ ਝਟਕਾ ਵੀ ਲੱਗਿਆ ਹੈ, ਕਿਉਂਕਿ ਭਾਰਤ ਦੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਏਸ਼ੀਅਨ ਖੇਡਾਂ ਦਾ ਹਿੱਸਾ ਨਹੀਂ ਹੋਣਗੇ।

ਉਨ੍ਹਾਂ ਨੇ ਸੱਟ ਕਾਰਨ ਹਿੱਸਾ ਨਾ ਲੈਣ ਦੀ ਜਾਣਕਾਰੀ ਸਾਂਝੀ ਕੀਤੀ ਸੀ। ਨੀਰਜ ਚੋਪੜਾ 2018 ਅਤੇ 2022 ਦੀਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜੇਤੂ ਹਨ।

ਜੇਕਰ ਭਾਰਤ ਦੇ ਹੋਰਨਾਂ ਖਿਡਾਰੀਆਂ ਦੀ ਗੱਲ ਕਰੀਏ ਤਾਂ ਭਾਰਤ ਨੂੰ ਸ਼ੂਟਿੰਗ, ਬੈਡਮਿੰਟਨ, ਕ੍ਰਿਕਟ, ਹਾਕੀ, ਐਥਲੈਟਿਕਸ, ਵੇਟਲਿਫਟਿੰਗ ਅਤੇ ਬੌਕਸਿੰਗ ਵਿੱਚੋਂ ਮੈਡਲ ਜਿੱਤਣ ਦੀਆਂ ਉਮੀਦਾਂ ਹਨ।

ਭਾਰਤ ਦੀ ਸਟਾਰ ਸ਼ੂਟਰ ਮਨੂ ਭਾਕਰ, ਈਸ਼ਾ ਸਿੰਘ, ਐਥਲੈਟਿਕਸ ਵਿੱਚ ਤੇਜਿੰਦਰਪਾਲ ਸਿੰਘ ਤੂਰ (ਸ਼ਾਟ ਪੁੱਟ), ਗੁਰਿੰਦਰਵੀਰ ਸਿੰਘ (100 ਮੀਟਰ ਦੌੜ), ਅਨੀਮੇਸ਼ ਕੁਜੁਰ (200 ਮੀਟਰ), ਗੁਲਵੀਰ ਸਿੰਘ (5000 ਅਤੇ 10000 ਮੀਟਰ ਦੌੜ), ਬੈਡਮਿੰਟਨ ਵਿੱਚ ਪੀਵੀ ਸਿੰਧੂ, ਲਕਸ਼ਿਆ ਸੇਨ, ਤਨਵੀ ਸ਼ਰਮਾ, ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ, ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮਾਂ, ਵੇਟਲਿਫਟਿੰਗ ਅਤੇ ਬੌਕਸਿੰਗ ਵਿੱਚ ਭਾਰਤ ਨੂੰ ਮੈਡਲ ਆਉਣ ‘ਤੇ ਸਭ ਦੀਆਂ ਨਜ਼ਰਾਂ ਹਨ।

ਜੇਕਰ ਹਾਕੀ ਦੀ ਗੱਲ ਕਰੀਏ ਤਾਂ ਭਾਰਤ ਦੀ ਪੁਰਸ਼ ਅਤੇ ਮਹਿਲਾ ਟੀਮ ਡਿਫੈਂਡਿੰਗ ਚੈਂਪੀਅਨ ਹਨ।

ਜੇਕਰ ਇਸ ਵਾਰ ਏਸ਼ੀਅਨ ਖੇਡਾਂ ਵਿੱਚ ਗੋਲਡ ਜਿੱਤਦੀਆਂ ਹਨ ਤਾਂ 2028 ਵਿੱਚ ਹੋਣ ਵਾਲੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਲਈ ਸਿੱਧਾ ਕੁਆਲੀਫਾਈ ਕਰ ਲੈਣਗੀਆਂ।

ਕ੍ਰਿਕਟ ਦੀਆਂ ਵੀ ਦੋਵੇਂ ਟੀਮਾਂ ਨੇ ਲੰਘੀਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤੇ ਸਨ। ਤੇਜਿੰਦਰਪਾਲ ਸਿੰਘ ਤੂਰ ਵੀ ਲਗਾਤਾਰ ਦੋ ਵਾਰ ਦੇ ਗੋਲਡ ਮੈਡਲਿਸਟ ਹਨ।

ਪੰਜਾਬ ਦੇ ਕਿਹੜੇ-ਕਿਹੜੇ ਖਿਡਾਰੀ ਹਿੱਸਾ ਲੈ ਰਹੇ ਹਨ

ਭਾਰਤੀ ਹਾਕੀ ਟੀਮ

ਏਸ਼ੀਅਨ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਦੀ ਸੂਚੀ

  • ਤੇਜਿੰਦਰਪਾਲ ਸਿੰਘ ਤੂਰ- ਸ਼ਾਟ ਪੁੱਟ
  • ਕਰਨਵੀਰ ਸਿੰਘ- ਸ਼ਾਟ ਪੁੱਟ
  • ਦਮਨੀਤ ਸਿੰਘ- ਹੈਮਰ ਥ੍ਰੋਅ
  • ਗੁਰਿੰਦਰਵੀਰ ਸਿੰਘ- 100 ਮੀਟਰ ਦੌੜ ਤੇ 4×100 ਮੀਟਰ ਰੀਲੇਅ
  • ਰਸ਼ਦੀਪ ਕੌਰ- 4×400 ਮੀਟਰ ਰੀਲੇਅ, ਮਿਕਸਡ 4×400 ਮੀਟਰ ਰੀਲੇਅ
  • ਮੰਜੂ ਰਾਣੀ- ਐਥਲੀਟ (ਰੇਸ ਵਾਕਰ)
  • ਨਿਹਾਰਿਕਾ ਵਸ਼ਿਸ਼ਟ- ਟ੍ਰਿਪਲ ਜੰਪ
  • ਸਤਨਾਮ ਸਿੰਘ ਘੁਰਦੇ – ਰੋਇੰਗ
  • ਜਸਵਿੰਦਰ ਸਿੰਘ- ਰੋਇੰਗ
  • ਕੁਲਵਿੰਦਰ ਸਿੰਘ- ਰੋਇੰਗ
  • ਜਰਮਨਪ੍ਰੀਤ ਸਿੰਘ- ਹਾਕੀ
  • ਹਰਮਨਪ੍ਰੀਤ ਸਿੰਘ – ਹਾਕੀ
  • ਜੁਗਰਾਜ ਸਿੰਘ- ਹਾਕੀ
  • ਹਾਰਦਿਕ ਸਿੰਘ- ਹਾਕੀ
  • ਮਨਪ੍ਰੀਤ ਸਿੰਘ- ਹਾਕੀ
  • ਸੁਖਜੀਤ ਸਿੰਘ- ਹਾਕੀ
  • ਮਨਦੀਪ ਸਿੰਘ- ਹਾਕੀ
  • ਦਿਲਪ੍ਰੀਤ ਸਿੰਘ – ਹਾਕੀ
  • ਬਲਜੀਤ ਕੌਰ- ਹਾਕੀ
  • ਹਰਜਿੰਦਰ ਕੌਰ – ਵੇਟਲਿਫਟਿੰਗ
  • ਅਰਸ਼ਦੀਪ ਸਿੰਘ- ਕ੍ਰਿਕਟ
  • ਅਭਿਸ਼ੇਕ ਸ਼ਰਮਾ- ਕ੍ਰਿਕਟ
  • ਹਰਮਨਪ੍ਰੀਤ ਕੌਰ- ਕ੍ਰਿਕਟ
  • ਤਨਵੀ ਸ਼ਰਮਾ- ਬੈਡਮਿੰਟਨ
  • ਪਰੀਨਾਜ਼ ਧਾਲੀਵਾਲ- ਸਕੀਟ ਸ਼ੂਟਿੰਗ
  • ਭਵਤੇਗ ਸਿੰਘ ਗਿੱਲ- ਸਕੀਟ ਸ਼ੂਟਿੰਗ-
  • ਹਰਸ਼ਵੀਰ ਸਿੰਘ ਸੇਖੋਂ- ਸਾਇਕਲਿੰਗ
  • ਵਿਸ਼ਵਜੀਤ ਸਿੰਘ – ਸਾਇਕਲਿੰਗ
  • ਅਮਨਦੀਪ ਕੌਰ- ਰਗਬੀ

ਏਸ਼ੀਅਨ ਖੇਡਾਂ ਦੀ ਸ਼ੁਰੂਆਤ ਕਦੋਂ ਹੋਈ

ਏਸ਼ੀਆਈ ਖੇਡਾਂ

ਏਸ਼ੀਅਨ ਖੇਡਾਂ ਤੋਂ ਭਾਵ ਏਸ਼ੀਆਈ ਮੁਲਕਾਂ ਦੇ ਆਪਸ ਵਿੱਚ ਮੁਕਾਬਲੇ ਹਨ। ਏਸ਼ੀਅਨ ਖੇਡਾਂ ਦੀ ਸ਼ੁਰੂਆਤ ਵੀ ਇਸੇ ਲਈ ਹੋਈ ਸੀ ਕਿ ਏਸ਼ੀਆ ਦੇ ਮੁਲਕ ਇਕੱਠੇ ਹੋ ਸਕਣ।

ਪਹਿਲੀ ਵਾਰ ਏਸ਼ੀਅਨ ਖੇਡਾਂ ਦਾ ਆਗਾਜ਼ 1951 ਵਿੱਚ ਭਾਰਤ ਵਿਖੇ ਹੋਇਆ ਸੀ। ਇਹ ਖੇਡਾਂ ਹਰ ਚਾਰ ਸਾਲਾਂ ਬਾਅਦ ਕਰਵਾਈਆਂ ਜਾਂਦੀਆਂ ਹਨ। 1982 ਵਿੱਚ ਭਾਰਤ ਨੂੰ ਦੂਜੀ ਵਾਰ ਏਸ਼ੀਅਨ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਸੀ।

ਭਾਰਤ ਦੇ ਕੁੱਲ ਤਗਮੇ

ਭਾਰਤ ਨੇ ਹੁਣ ਤੱਕ ਏਸ਼ੀਅਨ ਖੇਡਾਂ ਵਿੱਚੋਂ ਕੁੱਲ 778 ਤਗਮੇ ਜਿੱਤੇ ਹਨ, ਜਿਨ੍ਹਾਂ ਵਿੱਚੋਂ 183 ਗੋਲਡ, 238 ਚਾਂਦੀ ਅਤੇ 357 ਕਾਂਸੇ ਦੇ ਤਗਮੇ ਸ਼ਾਮਿਲ ਹਨ। ਭਾਰਤ ਨੇ ਸਭ ਤੋਂ ਵੱਧ ਮੈਡਲ ਐਥਲੈਟਿਕਸ ਵਿੱਚੋਂ ਜਿੱਤੇ ਹਨ, ਜਿਨ੍ਹਾਂ ਦੀ ਗਿਣਤੀ 85 ਸੋਨੇ ਦੇ ਤਗਮਿਆਂ ਸਮੇਤ 283 ਹੈ।

ਦੂਜੇ ਨੰਬਰ ‘ਤੇ ਸ਼ੂਟਿੰਗ ਹੈ, ਜਿਸ ਵਿੱਚੋਂ ਕੁੱਲ 80 ਤਗਮੇ ਹਾਸਿਲ ਕੀਤੇ। ਤੀਜੇ ਨੰਬਰ ‘ਤੇ ਰੈਸਲਿੰਗ ਹੈ, ਜਿਸ ਵਿੱਚੋਂ 65 ਤਗਮੇ ਭਾਰਤ ਨੇ ਝੋਲੀ ਪਾਏ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI