Source :- BBC PUNJABI
Getty Images
ਕਈ ਸਾਰੇ ਲੋਕ ਗੈਸ, ਐਸੀਡਿਟੀ, ਕਬਜ਼ ਅਤੇ ਪੇਟ ਵਿੱਚ ਇਨਫੈਕਸ਼ਨ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਪਰ ਕੀ ਇਹ ਸਿਰਫ਼ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਹੁੰਦਾ ਹੈ ਜਾਂ ਇਸ ਦੇ ਪਿੱਛੇ ਸਾਡੀ ਗੱਟ ਹੈਲਥ ਵੀ ਇੱਕ ਵੱਡਾ ਕਾਰਨ ਹੋ ਸਕਦੀ ਹੈ?
ਗੱਟ ਹੈਲਥ ਬਾਰੇ ਹੁਣ ਬਹੁਤ ਗੱਲ ਹੁੰਦੀ ਹੈ। ਇਸ ਰਿਪੋਰਟ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਗੱਟ ਹੈਲਥ ਹੈ ਕੀ, ਗੱਟ ਖਰਾਬ ਕਿਹੜੇ ਕਾਰਨਾਂ ਕਰਕੇ ਹੁੰਦਾ ਹੈ ਤੇ ਇੱਕ ਸਿਹਤਮੰਦ ਤੇ ਖਰਾਬ ਗੱਟ ਦਾ ਫਰਕ ਕਿਵੇਂ ਸਮਝਿਆ ਜਾਵੇ।
ਇਸ ਵਾਰ ਦੇ ਸਾਡੇ ਮਹਿਮਾਨ ਹਨ ਡਾ. ਅਜੇ ਕੁਮਾਰ ਜੋ ਇੱਕ ਮੰਨੇ-ਪ੍ਰਮੰਨੇ ਗੈਸਟ੍ਰੋਐਂਟਰੋਲੋਜਿਸਟ ਤੇ ਹੈਪੇਟੋਲੋਜਿਸਟ ਹਨ। ਮੌਜੂਦਾ ਵੇਲੇ ਉਹ ਦਿੱਲੀ ਦੇ ਬੀਐੱਲਕੇ ਮੈਕਸ ਹਸਪਤਾਲ ਵਿੱਚ ਸੇਵਾਵਾਂ ਨਿਭਾ ਰਹੇ ਹਨ।

ਸਵਾਲ–ਗੱਟ ਹੈਲਥ ਕੀ ਹੈ?, ਗੱਟ ਹੈਲਥ ਖ਼ਰਾਬ ਹੋਣ ਦੇ ਕੀ ਕਾਰਨ ਹਨ?
ਜਵਾਬ- ਅੱਜ-ਕੱਲ੍ਹ ਗੱਟ ਸ਼ਬਦ ਬਹੁਤ ਪ੍ਰਸਿੱਧ ਹੋ ਰਿਹਾ ਹੈ। ਇਹ ਅੰਗਰੇਜ਼ੀ ਦਾ ਸ਼ਬਦ ਹੈ। ਜਦੋਂ ਅਸੀਂ ਸ਼ੁਰੂ ਤੋਂ ਜਾਣਦੇ ਹਾਂ ਤਾਂ ਅਸੀਂ ਇਸ ਨੂੰ ਗੱਟ ਫੀਲਿੰਗ ਨਾਲ ਜੋੜਦੇ ਹਾਂ। ਅਸੀਂ ਕਹਿੰਦੇ ਹਾਂ ਕਿ ਇਹ ਮੇਰੀ ਗੱਟ ਫੀਲਿੰਗ ਹੈ। ਕਈ ਵਾਰ ਅਸੀਂ ਇਹ ਵੀ ਕਹਿੰਦੇ ਹਾਂ ਕਿ ਤੇਰੇ ਵਿੱਚ ਹਿੰਮਤ ਹੈ ਤਾਂ ਕੁਝ ਕਰ ਲੈ। ਪਰ ਅੱਜ ਅਸੀਂ ਗੱਟ ਦੀ ਗੱਲ ਕਰ ਰਹੇ ਹਾਂ, ਜਿਸ ਦਾ ਮਤਲਬ ਹੈ ਅੰਤੜੀਆਂ।
ਇਨ੍ਹਾਂ ਵਿੱਚੋਂ ਜੋ ਵੀ ਚੀਜ਼ ਜਾਂਦੀ ਹੈ, ਉਹ ਉੱਪਰ ਤੋਂ ਹੇਠਾਂ ਤੱਕ ਜਾਂਦੀ ਹੈ। ਅੰਗਰੇਜ਼ੀ ਵਿੱਚ ਗੱਟ ਦਾ ਇਹੀ ਮਤਲਬ ਹੈ।
ਸਾਡਾ ਪੂਰਾ ਇੰਟੈਸਟਾਈਨਲ ਟ੍ਰੈਕਟ ਅੱਜਕੱਲ੍ਹ ਗੱਟ ਦੇ ਨਾਂ ਨਾਲ ਵਧੇਰੇ ਪ੍ਰਸਿੱਧ ਹੋ ਰਿਹਾ ਹੈ। ਅਸੀਂ ਵੀ ਇਸੇ ਹਿਸਾਬ ਨਾਲ ਗੱਲ ਕਰ ਰਹੇ ਹਾਂ।
ਜਿਵੇਂ-ਜਿਵੇਂ ਸਮਾਂ ਬੀਤ ਰਿਹਾ ਹੈ, ਗੱਟ ਫੀਲਿੰਗ ਅਤੇ ਹਿੰਮਤ ਵਰਗੇ ਸ਼ਬਦਾਂ ਤੋਂ ਅੱਗੇ ਵਧ ਕੇ ਅੱਜ ਬ੍ਰੇਨ-ਗੱਟ ਐਕਸਿਸ ਦੀ ਗੱਲ ਹੋ ਰਹੀ ਹੈ। ਅਸੀਂ ਅੰਤੜੀਆਂ ਨੂੰ ਦਿਮਾਗ ਨਾਲ ਵੀ ਜੋੜ ਰਹੇ ਹਾਂ। ਇਹ ਬਹੁਤ ਦਿਲਚਸਪ ਗੱਲ ਹੈ।
ਸਵਾਲ-ਇੱਕ ਹੈਲਦੀ ਅਤੇ ਮਾੜੀ ਗੱਟ ਵਿੱਚ ਫ਼ਰਕ ਕਿਵੇਂ ਸਮਝਿਆ ਜਾ ਸਕਦਾ ਹੈ?
ਜਵਾਬ-ਹੈਲਦੀ ਅਤੇ ਅਨਹੈਲਦੀ ਗੱਟ ਦਾ ਫ਼ਰਕ ਮੁੱਖ ਤੌਰ ‘ਤੇ ਮਰੀਜ਼ ਜਾਂ ਵਿਅਕਤੀ ਦੇ ਆਪਣੇ ਲੱਛਣਾਂ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਵਿਅਕਤੀ ਕਿਉਂ ਕਹਿੰਦਾ ਹੈ ਕਿ ਉਸ ਦੀ ਗੱਟ ਹੈਲਦੀ ਨਹੀਂ ਹੈ? ਉਸ ਨੂੰ ਡੱਕਾਰ ਆਉਂਦੇ ਹਨ, ਖਾਣਾ ਖਾਣ ਤੋਂ ਬਾਅਦ ਪੇਟ ਭਾਰੀ ਹੁੰਦਾ ਹੈ, ਜਲਣ ਹੁੰਦੀ ਹੈ ਜਾਂ ਪੇਟ ਫੁੱਲਦਾ ਹੈ।
ਹਵਾ ਪਾਸ ਹੋਣ ਦੀ ਸਮੱਸਿਆ ਵੀ ਹੋ ਸਕਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅਨਹੈਲਦੀ ਗੱਟ ਨਾਲ ਜੋੜਿਆ ਜਾਂਦਾ ਹੈ।
ਇਸ ਤੋਂ ਇਲਾਵਾ, ਜੇ ਕਿਸੇ ਦਾ ਮੂਡ ਠੀਕ ਨਹੀਂ ਰਹਿੰਦਾ, ਨੀਂਦ ਚੰਗੀ ਨਹੀਂ ਆਉਂਦੀ ਜਾਂ ਸਰੀਰ ਵਿੱਚ ਊਰਜਾ ਦੀ ਕਮੀ ਮਹਿਸੂਸ ਹੁੰਦੀ ਹੈ, ਤਾਂ ਕਈ ਵਾਰ ਵਿਅਕਤੀ ਇਸ ਨੂੰ ਵੀ ਗੱਟ ਹੈਲਥ ਨਾਲ ਜੋੜ ਦਿੰਦਾ ਹੈ। ਅਸਲ ਵਿੱਚ ਅਨਹੈਲਦੀ ਗੱਟ ਕਿਸੇ ਇੱਕ ਖਾਸ ਬਿਮਾਰੀ ਦਾ ਨਾਂ ਨਹੀਂ ਹੈ। ਇਹ ਲੱਛਣਾਂ ਦੇ ਆਧਾਰ ‘ਤੇ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਇਨ੍ਹਾਂ ਲੱਛਣਾਂ ਦਾ ਕਾਰਨ ਲੱਭਿਆ ਜਾਂਦਾ ਹੈ।
Getty Images
ਸਵਾਲ-ਕਈ ਲੋਕ ਕਹਿੰਦੇ ਹਨ ਕਿ ਉਨ੍ਹਾਂ ਦੀ ਗੱਟ ਹੈਲਥ ਖ਼ਰਾਬ ਰਹਿੰਦੀ ਹੈ, ਇਸ ਦਾ ਕਾਰਨ ਕੀ ਹੁੰਦਾ ਹੈ?
ਜਵਾਬ– ਇਸ ਦੇ ਕਈ ਕਾਰਨ ਹੋ ਸਕਦੇ ਹਨ। ਗੱਟ ਦੇ ਉੱਪਰ ਤੋਂ ਲੈ ਕੇ ਹੇਠਾਂ ਤੱਕ ਖ਼ਰਾਬ ਹੋਣ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ। ਜਿਵੇਂ ਪੇਟ ਫੁੱਲਣਾ, ਗੈਸ ਬਣਨਾ, ਐਸੀਡਿਟੀ ਹੋਣਾ, ਖੱਟੇ ਡਕਾਰ ਆਉਣਾ, ਕਬਜ਼ ਹੋਣਾ ਜਾਂ ਵਾਰ-ਵਾਰ ਟਾਇਲਟ ਜਾਣਾ।
ਇਸ ਤੋਂ ਇਲਾਵਾ ਸਭ ਤੋਂ ਆਮ ਲੱਛਣ ਇਹ ਹੁੰਦਾ ਹੈ ਕਿ ਵਿਅਕਤੀ ਨੂੰ ਲੱਗਦਾ ਹੈ ਕਿ ਉਸ ਦਾ ਪੇਟ ਸਾਫ਼ ਨਹੀਂ ਹੁੰਦਾ। ਸਟੂਲ ਆਉਣ ਦੇ ਬਾਵਜੂਦ ਪੇਟ ਸਾਫ਼ ਹੋਣ ਦਾ ਅਹਿਸਾਸ ਨਹੀਂ ਹੁੰਦਾ। ਇਨ੍ਹਾਂ ਸਾਰੇ ਲੱਛਣਾਂ ਨੂੰ ਅਨਹੈਲਦੀ ਗੱਟ ਨਾਲ ਜੋੜਿਆ ਜਾਂਦਾ ਹੈ।
ਇਸ ਦੇ ਕਈ ਕਾਰਨ ਹੋ ਸਕਦੇ ਹਨ। ਜੇ ਅਸੀਂ ਮੈਡੀਕਲ ਸਾਇੰਸ ਦੇ ਨਜ਼ਰੀਏ ਤੋਂ ਦੇਖੀਏ ਤਾਂ ਇਸ ਵਿੱਚ ਐਸੀਡਿਟੀ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਵੇਂ ਅਲਸਰ, ਰਿਫਲਕਸ ਈਸੋਫੈਜਾਈਟਿਸ ਜਾਂ ਗੈਸਟ੍ਰਾਈਟਿਸ।
ਕਈ ਵਾਰ ਆਂਤੜੀਆਂ ਦੀਆਂ ਹਰਕਤਾਂ ਹੌਲੀਆਂ ਹੋ ਜਾਂਦੀਆਂ ਹਨ। ਜਿਵੇਂ ਇਰੀਟੇਬਲ ਬਾਊਲ ਸਿੰਡਰੋਮ (IBS) ਇੱਕ ਆਮ ਬਿਮਾਰੀ ਹੈ।
ਇਸ ਤੋਂ ਇਲਾਵਾ ਕੁਝ ਗੰਭੀਰ ਬਿਮਾਰੀਆਂ ਵੀ ਹੁੰਦੀਆਂ ਹਨ, ਜਿਨ੍ਹਾਂ ਦੇ ਲੱਛਣ ਸ਼ੁਰੂ ਵਿੱਚ ਇਸ ਤਰ੍ਹਾਂ ਦੇ ਹੋ ਸਕਦੇ ਹਨ।
ਡਾਕਟਰ ਲਈ ਚੁਣੌਤੀ ਇਹ ਹੁੰਦੀ ਹੈ ਕਿ ਉਹ ਇਨ੍ਹਾਂ ਵਿੱਚ ਫ਼ਰਕ ਕਰ ਸਕੇ ਅਤੇ ਇਹ ਤੈਅ ਕਰ ਸਕੇ ਕਿ ਕਿਸ ਮਰੀਜ਼ ਨੂੰ ਕਿਹੜੇ ਟੈਸਟਾਂ ਦੀ ਲੋੜ ਹੈ।
ਇਸ ਲਈ ਗੱਟ ਹੈਲਥ ਖ਼ਰਾਬ ਹੋਣ ਦਾ ਕੋਈ ਇੱਕ ਕਾਰਨ ਜਾਂ ਇੱਕ ਬਿਮਾਰੀ ਨਹੀਂ ਹੈ।
Getty Images
ਸਵਾਲ–ਚੰਗੀ ਗੱਟ ਹੈਲਥ ਲਈ ਸਾਨੂੰ ਕੀ ਖਾਣਾ-ਪੀਣਾ ਚਾਹੀਦਾ ਹੈ ਤੇ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ?
ਜਵਾਬ–ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਡਾ ਖਾਣਾ-ਪੀਣਾ ਸਿਹਤਮੰਦ ਹੋਣਾ ਚਾਹੀਦਾ ਹੈ। ਇਸ ਲਈ ਦੋ ਗੱਲਾਂ ਮਹੱਤਵਪੂਰਨ ਹਨ। ਪਹਿਲੀ, ਕੀ ਖਾਣਾ ਹੈ ਅਤੇ ਦੂਜੀ, ਕਿਸ ਤਰ੍ਹਾਂ ਖਾਣਾ ਹੈ। ਸਭ ਤੋਂ ਪਹਿਲਾਂ ਖਾਣੇ ਦੇ ਸਮੇਂ ਦੀ ਗੱਲ ਕਰੀਏ ਤਾਂ ਸਮੇਂ ਸਿਰ ਖਾਣਾ ਜ਼ਰੂਰੀ ਹੈ।
ਸਾਨੂੰ ਤਿੰਨ ਮੁੱਖ ਖਾਣੇ ਖਾਣੇ ਚਾਹੀਦੇ ਹਨ। ਇਨ੍ਹਾਂ ਦੇ ਵਿਚਕਾਰ ਇੱਕ ਛੋਟਾ ਸਨੈਕ ਵੀ ਲਿਆ ਜਾ ਸਕਦਾ ਹੈ।
ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਰਾਤ ਨੂੰ ਸੌਣ ਤੋਂ ਘੱਟੋ-ਘੱਟ ਦੋ ਤੋਂ ਤਿੰਨ ਘੰਟੇ ਪਹਿਲਾਂ ਖਾਣਾ ਖਾ ਲੈਣਾ ਚਾਹੀਦਾ ਹੈ।
ਇਹ ਬਹੁਤ ਜ਼ਰੂਰੀ ਹੈ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਲੇਟ ਨਾ ਜਾਈਏ। ਮੈਂ ਆਪਣੇ ਮਰੀਜ਼ਾਂ ਨੂੰ ਹਮੇਸ਼ਾ ਕਹਿੰਦਾ ਹਾਂ ਕਿ ਜੇ ਤੁਸੀਂ ਟੀਵੀ ਦੇਖਣਾ ਹੈ ਤਾਂ ਆਰਾਮ ਨਾਲ ਕੁਰਸੀ ‘ਤੇ ਬੈਠ ਕੇ ਦੇਖੋ, ਸਿੱਧੇ ਲੇਟ ਕੇ ਨਹੀਂ।
ਜ਼ਿਆਦਾ ਖਾਣਾ ਵੀ ਠੀਕ ਨਹੀਂ ਹੈ। ਛੋਟੀ ਮਾਤਰਾ ਵਿੱਚ ਅਤੇ ਵਾਰ-ਵਾਰ ਖਾਣਾ ਵਧੇਰੇ ਬਿਹਤਰ ਹੈ। ਖਾਣੇ ਵਿੱਚ ਜਿੰਨੀ ਜ਼ਿਆਦਾ ਵੰਨ-ਸੁਵੰਨਤਾ ਹੋਵੇ, ਉਨਾ ਹੀ ਚੰਗਾ ਹੈ। ਸਾਨੂੰ ਬਹੁਤ ਜ਼ਿਆਦਾ ਪਾਬੰਦੀਆਂ ਨਹੀਂ ਲਗਾਉਣੀਆਂ ਚਾਹੀਦੀਆਂ ਕਿ ਇਹ ਨਹੀਂ ਖਾਣਾ ਜਾਂ ਉਹ ਨਹੀਂ ਖਾਣਾ। ਇਹ ਵੀ ਇੱਕ ਸਮੱਸਿਆ ਬਣ ਸਕਦੀ ਹੈ।
ਸਾਡੇ ਰਵਾਇਤੀ ਖਾਣੇ ਵਿੱਚ ਦੁੱਧ, ਦਹੀਂ, ਪਨੀਰ ਅਤੇ ਦੁੱਧ ਤੋਂ ਬਣੀਆਂ ਹੋਰ ਚੀਜ਼ਾਂ ਸ਼ਾਮਲ ਹਨ। ਇਸ ਤੋਂ ਇਲਾਵਾ ਦਾਲਾਂ, ਛੋਲੇ, ਰਾਜਮਾਂਹ ਅਤੇ ਸੋਇਆਬੀਨ ਵਰਗੀਆਂ ਚੀਜ਼ਾਂ ਵੀ ਖਾਣੀਆਂ ਚਾਹੀਦੀਆਂ ਹਨ।
ਫਲਾਂ ਅਤੇ ਸਬਜ਼ੀਆਂ ਵਿੱਚ ਫਾਈਬਰ ਹੁੰਦਾ ਹੈ। ਫਾਈਬਰ ਸਾਡੇ ਲਈ ਚੰਗਾ ਹੈ ਅਤੇ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਹ ਕਬਜ਼ ਤੋਂ ਵੀ ਬਚਾਉਂਦਾ ਹੈ। ਸਾਨੂੰ ਪੂਰਾ ਪਾਣੀ ਪੀਣਾ ਚਾਹੀਦਾ, ਪਾਣੀ ਵਿੱਚ ਕੋਈ ਘਾਟ ਨਹੀਂ ਹੋਣੀ ਚਾਹੀਦੀ।
ਅੱਜਕੱਲ੍ਹ ਫੈਸ਼ਨ ਹੋ ਗਿਆ ਹੈ ਕਿ ਜੇ ਅਸੀਂ ਗਲੂਟਨ ਨਹੀਂ ਲੈਣਾ ਤਾਂ ਨਹੀਂ ਲੈਣਾ। ਕੀ ਗਲੂਟਨ ਦੀ ਐਲਰਜੀ ਹੋਣ ਦੀ ਕੋਈ ਖਾਸ ਬਿਮਾਰੀ ਹੈ?
ਬਦਕਿਸਮਤੀ ਨਾਲ ਪੰਜਾਬ ਵਿੱਚ ਇਸ ਤਰ੍ਹਾਂ ਦੇ ਮਰੀਜ਼ ਕਾਫ਼ੀ ਜ਼ਿਆਦਾ ਹਨ। ਪਰ ਅੱਜਕੱਲ੍ਹ ਗਲੂਟਨ ਐਲਰਜੀ ਨੂੰ ਫੈਸ਼ਨ ਬਣਾ ਲਿਆ ਗਿਆ ਹੈ। ਕਈ ਲੋਕ ਬਿਨਾਂ ਕਿਸੇ ਜਾਂਚ ਦੇ ਕਣਕ ਖਾਣੀ ਛੱਡ ਦਿੰਦੇ ਹਨ।
ਜਿਨ੍ਹਾਂ ਲੋਕਾਂ ਨੂੰ ਗਲੂਟਨ ਜਾਂ ਕਣਕ ਤੋਂ ਐਲਰਜੀ ਹੁੰਦੀ ਹੈ, ਉਸ ਬਿਮਾਰੀ ਨੂੰ ਸਿਲੀਐਕ ਡਿਜ਼ੀਜ਼ ਕਹਿੰਦੇ ਹਨ।
ਇਸ ਲਈ ਖੂਨ ਦੀ ਜਾਂਚ ਹੁੰਦੀ ਹੈ। ਐਂਡੋਸਕੋਪੀ ਅਤੇ ਬਾਇਓਪਸੀ ਟੈਸਟ ਵੀ ਕੀਤੇ ਜਾਂਦੇ ਹਨ। ਜੇ ਸ਼ੱਕ ਹੋਵੇ ਤਾਂ ਜੈਨੇਟਿਕ ਟੈਸਟ ਵੀ ਕੀਤਾ ਜਾਂਦਾ ਹੈ।
ਜਦੋਂ ਇਸ ਬਿਮਾਰੀ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਮਰੀਜ਼ ਨੂੰ ਸਾਰੀ ਜ਼ਿੰਦਗੀ ਕਣਕ ਛੱਡਣੀ ਪੈਂਦੀ ਹੈ।
ਮੋਟੇ ਅਨਾਜ ਹਮੇਸ਼ਾ ਬਿਹਤਰ ਹੁੰਦੇ ਹਨ। ਸਾਡੇ ਪੁਰਾਣੇ ਖਾਣੇ ਵਿੱਚ ਬਾਜਰਾ ਅਤੇ ਮੱਕੀ ਵਰਗੇ ਅਨਾਜ ਸ਼ਾਮਲ ਸਨ।
ਸਾਨੂੰ ਇਨ੍ਹਾਂ ਨੂੰ ਵੀ ਆਪਣੇ ਖਾਣੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਕੁਝ ਚੀਜ਼ਾਂ ਤੋਂ ਪਰਹੇਜ਼ ਵੀ ਕਰਨਾ ਚਾਹੀਦਾ ਹੈ। ਬਹੁਤ ਜ਼ਿਆਦਾ ਤੇਲ ਵਾਲੀਆਂ ਅਤੇ ਤਲੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਬਹੁਤ ਜ਼ਿਆਦਾ ਮਿੱਠਾ ਖਾਣ ਤੋਂ ਵੀ ਬਚਣਾ ਚਾਹੀਦਾ ਹੈ।
ਮਸਾਲਿਆਂ ਦੀ ਵਰਤੋਂ ਵੀ ਜ਼ਿਆਦਾ ਨਹੀਂ ਕਰਨੀ ਚਾਹੀਦੀ। ਨਾਨ-ਵੈਜੀਟੇਰੀਅਨ ਖਾਣੇ ਦੀ ਗੱਲ ਕਰੀਏ ਤਾਂ ਰੈੱਡ ਮੀਟ ਵਿੱਚ ਫਾਈਬਰ ਨਹੀਂ ਹੁੰਦਾ। ਇਸ ਲਈ ਜੇ ਤੁਸੀਂ ਰੈੱਡ ਮੀਟ ਖਾਂਦੇ ਹੋ ਤਾਂ ਇਸ ਦੇ ਨਾਲ ਸਲਾਦ ਅਤੇ ਫਲ ਜ਼ਿਆਦਾ ਖਾਓ। ਮੱਛੀ ਚੰਗੀ ਚੀਜ਼ ਹੈ। ਚਿਕਨ ਵੀ ਖਾ ਸਕਦੇ ਹੋ, ਪਰ ਬਿਨਾਂ ਚਮੜੀ ਵਾਲਾ।
Getty Images
ਸਵਾਲ- ਅਲਸਰ ਕੀ ਹੁੰਦਾ ਹੈ ਅਤੇ ਇਸ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਜਵਾਬ–ਅਲਸਰ ਦਾ ਮਤਲਬ ਹੁੰਦਾ ਹੈ ਕਿ ਸਰੀਰ ਦੀ ਅੰਦਰੂਨੀ ਪਰਤ ਵਿੱਚ ਜ਼ਖ਼ਮ ਹੋ ਜਾਣਾ। ਜਿਵੇਂ ਜੇ ਕਿਤੇ ਸੱਟ ਲੱਗ ਜਾਵੇ ਤਾਂ ਉੱਥੇ ਜ਼ਖ਼ਮ ਹੋ ਜਾਂਦਾ ਹੈ। ਉਸ ਨੂੰ ਵੀ ਅਲਸਰ ਕਹਿੰਦੇ ਹਨ। ਜਦੋਂ ਅਸੀਂ ਗੱਟ ਦੇ ਸੰਦਰਭ ਵਿੱਚ ਅਲਸਰ ਦੀ ਗੱਲ ਕਰਦੇ ਹਾਂ ਤਾਂ ਆਮ ਤੌਰ ‘ਤੇ ਇਸ ਨੂੰ ਪੈਪਟਿਕ ਅਲਸਰ ਕਿਹਾ ਜਾਂਦਾ ਹੈ। ਇਸ ਦਾ ਸਬੰਧ ਐਸਿਡ ਨਾਲ ਹੁੰਦਾ ਹੈ। ਇਹ ਜ਼ਿਆਦਾਤਰ ਪੇਟ ਅਤੇ ਡਿਊਡੀਨਮ ਵਿੱਚ ਹੁੰਦਾ ਹੈ।
ਪੇਟ ਵਿੱਚ ਹੋਣ ਵਾਲੇ ਅਲਸਰ ਨੂੰ ਅਸੀਂ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਾਂ, ਕਿਉਂਕਿ ਇਸ ਵਿੱਚ ਕੈਂਸਰ ਦੀ ਸੰਭਾਵਨਾ ਨੂੰ ਵੀ ਖ਼ਾਰਜ ਕਰਨਾ ਜ਼ਰੂਰੀ ਹੁੰਦਾ ਹੈ।
ਕੈਂਸਰ ਕਾਰਨ ਵੀ ਅਲਸਰ ਹੋ ਸਕਦਾ ਹੈ।
ਇਸ ਦੇ ਮੁੱਖ ਲੱਛਣਾਂ ਵਿੱਚ ਪੇਟ ਵਿੱਚ ਜਲਣ ਹੋਣਾ ਸ਼ਾਮਲ ਹੈ। ਜੇ ਖਾਲੀ ਪੇਟ ਜਲਣ ਹੁੰਦੀ ਹੈ ਤਾਂ ਅਸੀਂ ਡਿਊਡੀਨਮ ਬਾਰੇ ਸੋਚਦੇ ਹਾਂ। ਜੇ ਖਾਣਾ ਖਾਣ ਤੋਂ ਬਾਅਦ ਜਲਣ ਹੁੰਦੀ ਹੈ ਤਾਂ ਗੈਸਟ੍ਰਿਕ ਅਲਸਰ ਬਾਰੇ ਸੋਚਦੇ ਹਾਂ।
ਜੇ ਸਮੱਸਿਆ ਵਧ ਜਾਵੇ ਤਾਂ ਖੂਨ ਵੀ ਵਗ ਸਕਦਾ ਹੈ।
ਟਾਇਲਟ ਵਿੱਚ ਕਾਲਾ ਸਟੂਲ ਆਉਣਾ ਜਾਂ ਖੂਨ ਆਉਣਾ ਅਤੇ ਖੂਨ ਦੀ ਉਲਟੀ ਆਉਣਾ ਵੀ ਇਸ ਦੇ ਲੱਛਣ ਹਨ।
ਜੇ ਅਲਸਰ ਪੇਟ ਦੀ ਪੂਰੀ ਪਰਤ ਨੂੰ ਨੁਕਸਾਨ ਪਹੁੰਚਾ ਦੇਵੇ ਤਾਂ ਪਰਫੋਰੇਸ਼ਨ ਹੋ ਸਕਦੀ ਹੈ। ਇਸ ਨਾਲ ਪੂਰੇ ਪੇਟ ਵਿੱਚ ਇਨਫੈਕਸ਼ਨ ਫੈਲ ਸਕਦੀ ਹੈ।
ਕਈ ਵਾਰ ਅਲਸਰ ਕਾਰਨ ਰਸਤਾ ਤੰਗ ਹੋ ਜਾਂਦਾ ਹੈ ਅਤੇ ਬੰਦ ਹੋ ਸਕਦਾ ਹੈ। ਇਸ ਨੂੰ ਪਾਇਲੋਰਿਕ ਸਟੈਨੋਸਿਸ ਕਹਿੰਦੇ ਹਨ। ਇਹ ਸਾਰੀਆਂ ਸਮੱਸਿਆਵਾਂ ਅਲਸਰ ਨਾਲ ਜੁੜੀਆਂ ਹੋਈਆਂ ਹਨ।
ਇਸ ਤੋਂ ਇਲਾਵਾ ਰਿਫਲਕਸ ਈਸੋਫੈਜਾਈਟਿਸ ਨਾਮ ਦੀ ਬਿਮਾਰੀ ਵੀ ਹੁੰਦੀ ਹੈ। ਪਿਛਲੇ 30 ਤੋਂ 40 ਸਾਲਾਂ ਵਿੱਚ ਇਹ ਸਮੱਸਿਆ ਕਾਫ਼ੀ ਵਧੀ ਹੈ। ਇਸ ਵਿੱਚ ਪੇਟ ਦਾ ਐਸਿਡ ਆਮ ਨਾਲੋਂ ਜ਼ਿਆਦਾ ਮਾਤਰਾ ਵਿੱਚ ਉੱਪਰ ਈਸੋਫੈਗਸ ਵੱਲ ਆਉਣਾ ਸ਼ੁਰੂ ਕਰ ਦਿੰਦਾ ਹੈ।
ਜਦੋਂ ਇਹ ਐਸਿਡ ਈਸੋਫੈਗਸ ਵਿੱਚ ਜਾਂਦਾ ਹੈ ਤਾਂ ਉੱਥੇ ਜ਼ਖ਼ਮ ਕਰ ਦਿੰਦਾ ਹੈ। ਇਸ ਨੂੰ ਰਿਫਲਕਸ ਈਸੋਫੈਜਾਈਟਿਸ ਕਹਿੰਦੇ ਹਨ।
ਕਈ ਮਰੀਜ਼ਾਂ ਵਿੱਚ ਕੋਈ ਜ਼ਖ਼ਮ ਜਾਂ ਅਲਸਰ ਨਹੀਂ ਹੁੰਦਾ, ਪਰ ਫਿਰ ਵੀ ਇਹ ਲੱਛਣ ਹੁੰਦੇ ਹਨ। ਇਸ ਨੂੰ ਫੰਕਸ਼ਨਲ ਡਿਸਪੈਪਸੀਆ ਕਹਿੰਦੇ ਹਨ।
Getty Images
ਸਵਾਲ-ਅਲਸਰ ਵਾਲੇ ਮਰੀਜ਼ਾਂ ਨੂੰ ਪੇਟ ਦੇ ਮਾਮਲੇ ਵਿੱਚ ਕਿਹੜੀਆਂ ਗੱਲਾਂ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ?
ਜਵਾਬ–ਸਭ ਤੋਂ ਜ਼ਰੂਰੀ ਹੈ ਕਿ ਸਮੇਂ ਸਿਰ ਖਾਣਾ ਖਾਓ ਅਤੇ ਬਹੁਤ ਜ਼ਿਆਦਾ ਮਸਾਲੇਦਾਰ ਅਤੇ ਤੇਲ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਥੋੜ੍ਹੀ ਮਾਤਰਾ ਵਿੱਚ ਅਤੇ ਵਾਰ-ਵਾਰ ਖਾਣਾ ਚਾਹੀਦਾ ਹੈ। ਦੋ ਚੀਜ਼ਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਪਹਿਲੀ ਹੈ ਦਰਦ ਦੀਆਂ ਦਵਾਈਆਂ, ਜਿਨ੍ਹਾਂ ਨੂੰ ਪੇਨਕਿਲਰ ਕਹਿੰਦੇ ਹਨ।
ਪੇਨਕਿਲਰਾਂ ਕਾਰਨ ਅਲਸਰ ਹੋ ਸਕਦਾ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਹੀ ਅਲਸਰ ਹੈ, ਉਨ੍ਹਾਂ ਵਿੱਚ ਖੂਨ ਵਗਣ ਵਰਗੀਆਂ ਪੇਚੀਦਗੀਆਂ ਵੀ ਹੋ ਸਕਦੀਆਂ ਹਨ।
ਦੂਜੀ ਚੀਜ਼ ਸਿਗਰਟਨੋਸ਼ੀ ਹੈ। ਅਲਸਰ ਦੇ ਮਰੀਜ਼ਾਂ ਲਈ ਸਿਗਰਟਨੋਸ਼ੀ ਬਹੁਤ ਨੁਕਸਾਨਦਾਇਕ ਹੈ।
ਇਸ ਨਾਲ ਅਲਸਰ ਠੀਕ ਨਹੀਂ ਹੁੰਦਾ ਅਤੇ ਖੂਨ ਵਗਣ ਵਰਗੀਆਂ ਪੇਚੀਦਗੀਆਂ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਲਈ ਸਿਗਰਟਨੋਸ਼ੀ ਅਤੇ ਪੇਨਕਿਲਰਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ। ਹਾਂ, ਪੈਰਾਸੀਟਾਮੋਲ ਸੁਰੱਖਿਅਤ ਹੈ।
Getty Images
ਸਵਾਲ–ਪੇਟ ਵਿੱਚ ਵਾਰ-ਵਾਰ ਇਨਫੈਕਸ਼ਨ ਦਾ ਕੀ ਕਾਰਨ ਹੋ ਸਕਦਾ ਹੈ?
ਜਵਾਬ-ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਵਾਰ ਦਸਤ ਲੱਗਣ ਦਾ ਮਤਲਬ ਇਨਫੈਕਸ਼ਨ ਨਹੀਂ ਹੁੰਦਾ। ਇਨਫੈਕਸ਼ਨ ਦੇ ਮੁੱਖ ਕਾਰਨ ਪਾਣੀ ਅਤੇ ਖਾਣੇ ਰਾਹੀਂ ਫੈਲਣ ਵਾਲੇ ਜੀਵਾਣੂ ਹੁੰਦੇ ਹਨ। ਗੰਦਾ ਪਾਣੀ ਪੀਣ, ਸਟ੍ਰੀਟ ਫੂਡ ਖਾਣ, ਸਾਫ਼-ਸਫ਼ਾਈ ਦਾ ਧਿਆਨ ਨਾ ਰੱਖਣ ਅਤੇ ਹੱਥ ਨਾ ਧੋਣ ਕਾਰਨ ਇਨਫੈਕਸ਼ਨ ਹੋ ਸਕਦੀ ਹੈ। ਖਾਣਾ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਅਤੇ ਪਾਣੀ ਵੀ ਸਾਫ਼ ਹੋਣਾ ਚਾਹੀਦਾ ਹੈ।
ਇਨਫੈਕਸ਼ਨ ਤੋਂ ਬਚਣ ਲਈ ਸਾਫ਼-ਸੁਥਰਾ ਖਾਣਾ ਖਾਣਾ ਜ਼ਰੂਰੀ ਹੈ। ਬਾਹਰੋਂ ਲਿਆਂਦੀਆਂ ਸਬਜ਼ੀਆਂ ਅਤੇ ਫਲਾਂ ਨੂੰ ਸਾਫ਼ ਪਾਣੀ ਨਾਲ ਧੋ ਕੇ ਵਰਤਣਾ ਚਾਹੀਦਾ ਹੈ।
ਖਾਣੇ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਖਾਣ ਨਾਲ ਇਨਫੈਕਸ਼ਨ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਠੰਢਾ ਜਾਂ ਬਾਸੀ ਖਾਣਾ ਬਿਨਾਂ ਗਰਮ ਕੀਤੇ ਖਾਣ ਨਾਲ ਇਨਫੈਕਸ਼ਨ ਦਾ ਖ਼ਤਰਾ ਵਧ ਸਕਦਾ ਹੈ।
Getty Images
ਸਵਾਲ-ਕਬਜ਼ ਹੋਣ ਦਾ ਕੀ ਕਾਰਨ ਹੈ ਅਤੇ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ?
ਜਵਾਬ- ਅਸਲ ਵਿੱਚ ਇਹ ਇੱਕ ਆਮ ਸਮੱਸਿਆ ਹੈ। ਸਾਡੇ ਕਲੀਨਿਕ ਵਿੱਚ ਹਰ ਰੋਜ਼ ਲਗਭਗ 20 ਫ਼ੀਸਦੀ ਮਰੀਜ਼ ਕਬਜ਼ ਦੀ ਸਮੱਸਿਆ ਵਾਲੇ ਆਉਂਦੇ ਹਨ।
ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਕਬਜ਼ ਥੋੜ੍ਹੇ ਸਮੇਂ ਲਈ ਤਾਂ ਨਹੀਂ ਹੈ, ਕਿਉਂਕਿ ਇਸ ਦੇ ਪਿੱਛੇ ਕੋਈ ਐਮਰਜੈਂਸੀ ਸਮੱਸਿਆ ਵੀ ਹੋ ਸਕਦੀ ਹੈ। ਆਂਤੜੀਆਂ ਵਿੱਚ ਰੁਕਾਵਟ ਜਾਂ ਕੈਂਸਰ ਵਰਗੀ ਸਮੱਸਿਆ ਵੀ ਹੋ ਸਕਦੀ ਹੈ।
ਪਰ ਜਦੋਂ ਅਸੀਂ ਲੰਬੇ ਸਮੇਂ ਤੋਂ ਰਹਿਣ ਵਾਲੀ ਕਬਜ਼ ਦੀ ਗੱਲ ਕਰਦੇ ਹਾਂ ਤਾਂ ਹਰ ਮਰੀਜ਼ ਲਈ ਇਸ ਦੀ ਪਰਿਭਾਸ਼ਾ ਵੱਖਰੀ ਹੋ ਸਕਦੀ ਹੈ। ਕਿਸੇ ਨੂੰ ਲੱਗਦਾ ਹੈ ਕਿ ਉਸ ਨੂੰ ਟਾਇਲਟ ਨਹੀਂ ਆਉਂਦਾ। ਕਿਸੇ ਨੂੰ ਲੱਗਦਾ ਹੈ ਕਿ ਟਾਇਲਟ ਆਉਣ ਦੇ ਬਾਵਜੂਦ ਪੇਟ ਸਾਫ਼ ਨਹੀਂ ਹੁੰਦਾ ਜਾਂ ਸਟੂਲ ਸਖ਼ਤ ਹੁੰਦਾ ਹੈ।
ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਕਬਜ਼ ਦੇ ਲੱਛਣਾਂ ਵਿੱਚ ਰੱਖਿਆ ਜਾਂਦਾ ਹੈ। ਕਬਜ਼ ਦੇ ਕਾਰਨਾਂ ਵਿੱਚ ਜੀਵਨਸ਼ੈਲੀ ਬਹੁਤ ਮਹੱਤਵਪੂਰਨ ਹੈ।
ਜੀਵਨਸ਼ੈਲੀ ਵਿੱਚ ਸਰੀਰਕ ਕਸਰਤ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਪਾਣੀ ਦੀ ਮਾਤਰਾ ਅਤੇ ਫਾਈਬਰ ਵੀ ਮਹੱਤਵਪੂਰਨ ਹਨ।
ਸਾਨੂੰ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਅਤੇ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ, ਕਿਉਂਕਿ ਇਨ੍ਹਾਂ ਵਿੱਚ ਫਾਈਬਰ ਹੁੰਦਾ ਹੈ।
ਪਰ ਹੁਣ ਜਿਵੇਂ-ਜਿਵੇਂ ਅਸੀਂ ਪੱਛਮੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਵੱਲ ਜਾ ਰਹੇ ਹਾਂ, ਸਾਡੇ ਖਾਣੇ ਵਿੱਚ ਫਾਈਬਰ ਦੀ ਕਮੀ ਹੋ ਰਹੀ ਹੈ।
ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਤੁਹਾਡੇ ਸਟੂਲ ਦੇ ਆਮ ਪੈਟਰਨ ਵਿੱਚ ਕੋਈ ਬਦਲਾਅ ਤਾਂ ਨਹੀਂ ਆ ਰਿਹਾ।
ਕੁਝ ਅਜਿਹੇ ਲੱਛਣ ਹਨ, ਜਿਨ੍ਹਾਂ ਨੂੰ ਰੈੱਡ ਫਲੈਗ ਸਾਈਨ ਕਿਹਾ ਜਾਂਦਾ ਹੈ। ਜੇ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਨੂੰ ਮਿਲ ਕੇ ਜਾਂਚ ਕਰਵਾਉਣੀ ਚਾਹੀਦੀ ਹੈ।
ਜੇ ਸਟੂਲ ਵਿੱਚ ਖੂਨ ਨਜ਼ਰ ਆਉਂਦਾ ਹੈ ਜਾਂ ਕਾਲਾ ਸਟੂਲ ਆਉਂਦਾ ਹੈ, ਹੀਮੋਗਲੋਬਿਨ ਘਟਦਾ ਹੈ, ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ ਜਾਂ ਭੁੱਖ ਘਟ ਜਾਂਦੀ ਹੈ ਤਾਂ ਇਹ ਚਿੰਤਾ ਦੀ ਗੱਲ ਹੈ।
ਇਸ ਤੋਂ ਇਲਾਵਾ ਜੇ 50 ਸਾਲ ਦੀ ਉਮਰ ਤੋਂ ਬਾਅਦ ਸਟੂਲ ਦੇ ਆਮ ਪੈਟਰਨ ਵਿੱਚ ਬਦਲਾਅ ਆਉਂਦਾ ਹੈ ਤਾਂ ਜਾਂਚ ਕਰਵਾਉਣੀ ਜ਼ਰੂਰੀ ਹੈ।
ਅਜਿਹੇ ਮਾਮਲਿਆਂ ਵਿੱਚ ਕੈਂਸਰ ਜਾਂ ਹੋਰ ਗੰਭੀਰ ਬਿਮਾਰੀਆਂ ਦੀ ਜਾਂਚ ਲਈ ਕੋਲੋਨੋਸਕੋਪੀ ਜਾਂ ਐਂਡੋਸਕੋਪੀ ਕਰਵਾਉਣੀ ਪੈ ਸਕਦੀ ਹੈ।
ਕਬਜ਼ ਦਾ ਮੁੱਖ ਇਲਾਜ ਜੀਵਨਸ਼ੈਲੀ ਵਿੱਚ ਸੁਧਾਰ ਕਰਨਾ ਅਤੇ ਤਣਾਅ ਤੋਂ ਦੂਰ ਰਹਿਣਾ ਹੈ।
ਇਸ ਦੇ ਨਾਲ ਰੈੱਡ ਫਲੈਗ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਜਾਂਚ ਵਿੱਚ ਦੇਰੀ ਕਰਨ ਨਾਲ ਸਰੀਰ ਦਾ ਬਹੁਤ ਨੁਕਸਾਨ ਹੋ ਸਕਦਾ ਹੈ।
Getty Images
ਸਵਾਲ-ਪੇਟ ਖਰਾਬ ਲਈ ਪ੍ਰੋਬਾਇਓਟਿਕਸ ਜਾਂ ਫਰਮੈਂਟਿਡ ਫੂਡ ਦੀ ਕੀ ਭੂਮਿਕਾ ਹੁੰਦੀ ਹੈ?
ਜਵਾਬ- ਪਹਿਲਾਂ ਇੱਕ ਧਾਰਨਾ ਸੀ ਕਿ ਜਦੋਂ ਅਸੀਂ ਐਂਟੀਬਾਇਓਟਿਕ ਖਾਂਦੇ ਹਾਂ ਤਾਂ ਇਹ ਮਾੜੇ ਬੈਕਟੀਰੀਆ ਦੇ ਨਾਲ-ਨਾਲ ਚੰਗੇ ਬੈਕਟੀਰੀਆ ਨੂੰ ਵੀ ਮਾਰ ਦਿੰਦੀਆਂ ਹਨ।
ਇਸ ਲਈ ਪ੍ਰੋਬਾਇਓਟਿਕਸ ਦੇਣ ਬਾਰੇ ਸੋਚਿਆ ਜਾਂਦਾ ਸੀ, ਜੋ ਇਸ ਵਿੱਚ ਮਦਦ ਕਰਦੇ ਹਨ।
ਕਈ ਐਂਟੀਬਾਇਓਟਿਕਸ ਕਾਰਨ ਦਸਤ ਵੀ ਲੱਗ ਜਾਂਦੇ ਹਨ। ਇਸ ਤੋਂ ਬਚਣ ਲਈ ਵੀ ਪ੍ਰੋਬਾਇਓਟਿਕਸ ਦਿੱਤੇ ਜਾਂਦੇ ਹਨ। ਹੁਣ ਇਸ ਧਾਰਨਾ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਜਾਂਦਾ ਹੈ ਕਿ ਸਿਹਤਮੰਦ ਗੱਟ ਅਤੇ ਸਰੀਰ ਦੀ ਸਿਹਤ ਲਈ ਪ੍ਰੋਬਾਇਓਟਿਕਸ ਲੈਣੇ ਚਾਹੀਦੇ ਹਨ।
ਮੇਰਾ ਕਹਿਣਾ ਹੈ ਕਿ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਕਿ ਪ੍ਰੋਬਾਇਓਟਿਕਸ ਵਾਲੇ ਭੋਜਨ ਸਾਡੇ ਲਈ ਬਿਹਤਰ ਹਨ। ਇਹ ਫਰਮੈਂਟਿਡ ਫੂਡ ਹੁੰਦੇ ਹਨ। ਪੰਜਾਬੀ ਖਾਣੇ ਵਿੱਚ ਲੱਸੀ, ਦਹੀ ਅਤੇ ਛਾਛ ਵਰਗੀਆਂ ਚੀਜ਼ਾਂ ਬਹੁਤ ਵਧੀਆ ਹਨ। ਸਾਨੂੰ ਇਨ੍ਹਾਂ ਦਾ ਹਰ ਰੋਜ਼ ਸੇਵਨ ਕਰਨਾ ਚਾਹੀਦਾ ਹੈ।
ਇਸੇ ਤਰ੍ਹਾਂ ਸਾਗ ਵੀ ਫਾਈਬਰ ਦਾ ਚੰਗਾ ਸਰੋਤ ਹੈ। ਸਾਗ ਅਤੇ ਮੱਕੀ ਦੀ ਰੋਟੀ ਸਾਡੇ ਲਈ ਬਹੁਤ ਵਧੀਆ ਖਾਣਾ ਹੈ।
ਇਸ ਵਿੱਚ ਸਿਰਫ਼ ਇੱਕ ਕਮੀ ਹੈ ਕਿ ਅਸੀਂ ਇਸ ਵਿੱਚ ਮੱਖਣ ਜ਼ਿਆਦਾ ਪਾ ਲੈਂਦੇ ਹਾਂ। ਜੇ ਮੱਖਣ ਘੱਟ ਰੱਖਿਆ ਜਾਵੇ ਤਾਂ ਇਹ ਪੇਟ ਲਈ ਬਹੁਤ ਵਧੀਆ ਹੈ।
ਇਹ ਸਾਰੀਆਂ ਚੀਜ਼ਾਂ ਗੱਟ ਨੂੰ ਸਿਹਤਮੰਦ ਰੱਖਦੀਆਂ ਹਨ।
ਅੱਜਕੱਲ੍ਹ ਪ੍ਰੋਬਾਇਓਟਿਕਸ, ਯੋਗਰਟ ਅਤੇ ਹੋਰ ਅਜਿਹੇ ਉਤਪਾਦਾਂ ਦਾ ਵਪਾਰੀਕਰਨ ਬਹੁਤ ਵਧ ਗਿਆ ਹੈ।
ਇਨ੍ਹਾਂ ਦੀ ਕਿਤੇ ਨਾ ਕਿਤੇ ਕੁਝ ਭੂਮਿਕਾ ਹੋ ਸਕਦੀ ਹੈ, ਪਰ ਇਨ੍ਹਾਂ ਨੂੰ ਸਾਡੇ ਰੋਜ਼ਾਨਾ ਦੇ ਖਾਣੇ ਦਾ ਲਾਜ਼ਮੀ ਹਿੱਸਾ ਨਹੀਂ ਕਿਹਾ ਜਾ ਸਕਦਾ।
ਜੇ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਖਾਣ-ਪੀਣ ਦੀਆਂ ਆਦਤਾਂ ਠੀਕ ਰੱਖੀਏ ਤਾਂ ਸਾਨੂੰ ਇਨ੍ਹਾਂ ਚੀਜ਼ਾਂ ਦੀ ਕੋਈ ਜ਼ਰੂਰਤ ਨਹੀਂ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




