Source :- BBC PUNJABI

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ

ਤਸਵੀਰ ਸਰੋਤ, X/Cockroachisback

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਸ਼ਨੀਵਾਰ ਸਵੇਰੇ ਅਮਰੀਕਾ ਤੋਂ ਭਾਰਤ ਪਹੁੰਚ ਰਹੇ ਹਨ ਅਤੇ ਸੀਜੇਪੀ ਦੀ ਜੰਤਰ-ਮੰਤਰ ਉੱਤੇ ਪ੍ਰਦਰਸ਼ਨ ਕਰਨ ਦੀ ਯੋਜਨਾ ਹੈ।

ਇੱਕ ਵਿਯੰਗਾਤਮਕ ਸੋਸ਼ਲ ਮੀਡੀਆ ਕੈਂਪੇਨ ਕਾਕਰੋਚ ਜਨਤਾ ਪਾਰਟੀ, ਅੱਜ ਵਰਚੁਅਲ ਦੁਨੀਆਂ ਤੋਂ ਅਸਲ ਦੁਨੀਆਂ ਭਾਵ ਸੜਕ ਉੱਤੇ ਉਤਰੇਗੀ।

ਅਭਿਜੀਤ ਦੀਪਕੇ ਦੇ ਸ਼ਨੀਵਾਰ ਸਵੇਰੇ ਅਮਰੀਕਾ ਤੋਂ ਭਾਰਤ ਪਹੁੰਚਣ ਤੋਂ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ।

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦੱਸਿਆ ਹੈ ਕਿ ਉਹ ਦਿੱਲੀ ਵਿੱਚ ਲੈਂਡ ਕਰ ਚੁੱਕੇ ਹਨ। ਉਨ੍ਹਾਂ ਨੇ ਸੀਜੇਪੀ ਦੇ ਸਮਰਥਕਾਂ ਨੂੰ ਕਿਹਾ ਹੈ ਕਿ “ਅੰਦੋਲਨ ਨੂੰ ਪਿਆਰ ਅਤੇ ਸ਼ਾਂਤੀ ਨਾਲ ਅੱਗੇ ਵਧਾਉਣਾ ਹੈ।”

ਅਭਿਜੀਤ ਦੀਪਕੇ ਨੇ ਐਕਸ ‘ਤੇ ਲਿਖਿਆ, “ਲੈਂਡ ਕਰ ਚੁੱਕਾ ਹਾਂ। ਜਲਦੀ ਹੀ ਜੰਤਰ-ਮੰਤਰ ‘ਤੇ ਤੁਹਾਨੂੰ ਸਭ ਨੂੰ ਮਿਲਣ ਦੀ ਉਡੀਕ ਹੈ। ਕਿਤਾਬ ਅਤੇ ਸਾਡਾ ਤਿਰੰਗਾ ਨਾਲ ਲਿਆਉਣਾ ਨਾ ਭੁੱਲਣਾ।”

ਉਨ੍ਹਾਂ ਅੱਗੇ ਲਿਖਿਆ, “ਪੁਲਿਸ ਮੁਲਾਜ਼ਮਾਂ ਨੂੰ ਫੁੱਲ ਦਿਓ, ਇਹ ਧੰਨਵਾਦ ਦਾ ਪ੍ਰਤੀਕ ਹੋਵੇਗਾ। ਅਸੀਂ ਇਸ ਅੰਦੋਲਨ ਨੂੰ ਪਿਆਰ ਅਤੇ ਸ਼ਾਂਤੀ ਨਾਲ ਅੱਗੇ ਵਧਾਉਣਾ ਹੈ।”

ਜ਼ਿਕਰੇਖ਼ਾਸ ਹੈ ਕਿ ਦੀਪਕੇ ਦੇ ਲੈਂਡ ਕਰਨ ਤੋਂ ਪਹਿਲਾਂ ਹੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਸੁਰੱਖਿਆ ਵਧਾ ਦਿੱਤੀ ਗਈ ਸੀ।

ਸੀਜੇਪੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਜੰਤਰ-ਮੰਤਰ ਲਈ ਰਵਾਨਾ ਹੋ ਰਹੇ ਲੋਕਾਂ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ।

ਦਿੱਲੀ ਵਿੱਚ ਪ੍ਰਦਰਸ਼ਨ ਜਾਂ ਧਰਨੇ ਬਾਰੇ ਕੀ ਹਨ ਨਿਯਮ?

ਅਭਿਜੀਤ ਦੀਪਕੇ ਦੇ ਸ਼ਨੀਵਾਰ ਸਵੇਰੇ ਅਮਰੀਕਾ ਤੋਂ ਭਾਰਤ ਪਹੁੰਚਣ ਤੋਂ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ

ਤਸਵੀਰ ਸਰੋਤ, Dilnawaz Pasha

ਦਿੱਲੀ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕਿਸੇ ਵੀ ਪ੍ਰਦਰਸ਼ਨ ਜਾਂ ਧਰਨੇ ਲਈ ਨਵੀਂ ਦਿੱਲੀ ਦੇ ਡੀਸੀਪੀ ਨੂੰ ਸੱਤ ਦਿਨ ਪਹਿਲਾਂ ਅਰਜ਼ੀ ਦੇਣੀ ਪੈਂਦੀ ਹੈ।

ਆਤਿਸ਼ੀ ਮਾਰਲੀਨਾ ਬਨਾਮ ਕਮਿਸ਼ਨਰ ਆਫ਼ ਪੁਲਿਸ ਅਤੇ ਹੋਰਾਂ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਵਿੱਚ ਦਾਇਰ ਕੀਤੇ ਗਏ ਹਲਫ਼ਨਾਮੇ ਦੇ ਅਨੁਸਾਰ, ਸੈਂਟਰਲ ਵਿਸਟਾ ਦੇ ਆਲੇ-ਦੁਆਲੇ ਜੰਤਰ-ਮੰਤਰ ਅਤੇ ਬੋਟ ਕਲੱਬ ‘ਤੇ ਪ੍ਰਦਰਸ਼ਨਾਂ ਨੂੰ ਲੈਕੇ ਸਟੈਂਡਿੰਗ ਆਰਡਰ ਨੰਬਰ 10/2018 ਲਾਗੂ ਹੁੰਦਾ ਹੈ।

ਇਸ ਦੇ ਅਨੁਸਾਰ, ਜੰਤਰ-ਮੰਤਰ ‘ਤੇ 1,000 ਲੋਕਾਂ ਤੱਕ ਦੇ ਇਕੱਠ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਤੇ ਰਾਮਲੀਲਾ ਮੈਦਾਨ 50,000 ਲੋਕਾਂ ਲਈ ਨਿਰਧਾਰਤ ਕੀਤਾ ਗਿਆ ਹੈ।

ਸੱਤ ਦਿਨਾਂ ਦੀ ਪਹਿਲਾਂ ਦੀ ਮਿਆਦ ਵਿੱਚ ਪ੍ਰਦਰਸ਼ਨ ਦਾ ਦਿਨ ਸ਼ਾਮਲ ਨਹੀਂ ਹੈ।

ਪੁਲਿਸ, ਜਗ੍ਹਾ ਦੀ ਉਪਲੱਬਧਤਾ ਅਤੇ ਜ਼ਰੂਰੀ ਕਾਨੂੰਨ ਵਿਵਸਥਾ ਦੇ ਆਧਾਰ ‘ਤੇ ਇਜਾਜ਼ਤ ਦਾ ਫੈਸਲਾ ਕਰਦੀ ਹੈ।

ਇਜਾਜ਼ਤ, ਪਹਿਲਾਂ ਆਓ-ਪਹਿਲਾਂ ਪਾਓ ਦੇ ਆਧਾਰ ‘ਤੇ ਅਤੇ ਵਿਸ਼ੇਸ਼ ਸ਼ਾਖਾ, ਟ੍ਰੈਫਿਕ ਪੁਲਿਸ ਅਤੇ ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਦੇ ਮੁਲਾਂਕਣ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ।

ਕੌਣ ਹਨ ਅਭਿਜੀਤ ਦੀਪਕੇ

ਅਭਿਜੀਤ ਦੀਪਕੇ

ਤਸਵੀਰ ਸਰੋਤ, x/@Cockroachisback

ਬੀਬੀਸੀ ਮਰਾਠੀ ਦੇ ਪੱਤਰਕਾਰ ਆਸ਼ਯ ਯੇਡਗੇ ਨਾਲ ਪਿਛਲੇ ਦਿਨੀਂ ਗੱਲ ਕਰਦਿਆਂ ਉਨ੍ਹਾਂ ਦੱਸਿਆ ਸੀ ਕਿ “ਮੈਂ ਮਹਾਰਾਸ਼ਟਰ ਦੇ ਛੱਤਰਪਤੀ ਸੰਭਾਜੀ ਨਗਰ ਤੋਂ ਹਾਂ। ਗ੍ਰੈਜੂਏਸ਼ਨ ਲਈ ਮੈਂ ਪੁਣੇ ਗਿਆ। ਇਸ ਤੋਂ ਬਾਅਦ ਮੈਨੂੰ ਕੁਝ ਸਾਲਾਂ ਲਈ ਆਮ ਆਦਮੀ ਪਾਰਟੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਮੈਂ ਉਨ੍ਹਾਂ ਦੀ ਕਮਿਊਨੀਕੇਸ਼ਨ ਟੀਮ ਵਿੱਚ ਸੀ।”

“ਮੈਂ ਉਨ੍ਹਾਂ ਦੇ ਸਿਹਤ ਅਤੇ ਸਿੱਖਿਆ ‘ਤੇ ਕੀਤੇ ਕੰਮ ਤੋਂ ਪ੍ਰਭਾਵਿਤ ਸੀ। ਇਹ ਕੁਝ ਨਵਾਂ ਸੀ, ਜੋ ਪਹਿਲੀ ਵਾਰ ਭਾਰਤੀ ਰਾਜਨੀਤੀ ਵਿੱਚ ਹੋ ਰਿਹਾ ਸੀ। ਜਿਵੇਂ ਅੱਜ ਕਾਕਰੋਚ ਜਨਤਾ ਪਾਰਟੀ ਨਵੀਂ ਹੈ, ਉਸੇ ਤਰ੍ਹਾਂ ਮੈਨੂੰ ਲੱਗਿਆ ਕਿ ਉਹ ਵੀ ਕੋਈ ਨਵਾਂ ਬਦਲਾਅ ਲਿਆਉਣ ਵਾਲੇ ਹਨ।”

“ਮੈਂ ਕੁਝ ਸਮੇਂ ਲਈ ਉਨ੍ਹਾਂ ਨਾਲ ਕੰਮ ਕੀਤਾ, ਫਿਰ ਮੈਨੂੰ ਲੱਗਿਆ ਕਿ ਮੈਨੂੰ ਹੋਰ ਪੜ੍ਹਾਈ ਕਰਨ ਦੀ ਲੋੜ ਹੈ ਅਤੇ ਮੈਂ ਘਰ ‘ਤੇ ਮਾਸਟਰਜ਼ ਦੀ ਤਿਆਰੀ ਕਰਨ ਲੱਗ ਪਿਆ। ਮੈਨੂੰ ਬੋਸਟਨ ਯੂਨੀਵਰਸਿਟੀ ਤੋਂ ਬੁਲਾਵਾ ਆਇਆ। ਮੈਂ ਪਿਛਲੇ ਦੋ ਸਾਲਾਂ ਤੋਂ ਇੱਥੇ ਹਾਂ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ।”

ਕਾਕਰੋਚ ਜਨਤਾ ਪਾਰਟੀ ਦਾ ਐਲਾਨ ਪੱਤਰ ਕਾਫ਼ੀ ਧਿਆਨ ਖਿੱਚ ਰਿਹਾ ਹੈ। ਇਸ ਬਾਰੇ ਅਭਿਜੀਤ ਨੇ ਕਿਹਾ ਸੀ, “ਮੈਨੂੰ ਲੱਗਦਾ ਹੈ ਕਿ ਇਹ ਐਲਾਨ ਪੱਤਰ ਇਸ ਵੇਲੇ ਭਾਰਤ ਦੇ ਲੋਕਤੰਤਰ ਅਤੇ ਮੌਜੂਦਾ ਰਾਜਨੀਤਕ ਹਾਲਾਤ ਬਾਰੇ ਬਹੁਤ ਕੁਝ ਦੱਸਦਾ ਹੈ। ਅਸੀਂ ਲਗਾਤਾਰ ਦੇਖ ਰਹੇ ਹਾਂ ਕਿ ਉਹ ਜੱਜ, ਜਿਨ੍ਹਾਂ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਅਤੇ ਜਿਨ੍ਹਾਂ ਦਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੋਣਾ ਚਾਹੀਦਾ, ਉਹ ਰਿਟਾਇਰਮੈਂਟ ਤੋਂ ਬਾਅਦ ਸਰਕਾਰ ਤੋਂ ਲਾਭ ਲੈ ਰਹੇ ਹਨ।”

“ਇਹ ਬਹੁਤ ਖ਼ਤਰਨਾਕ ਹੈ ਕਿਉਂਕਿ ਨਿਆਂਪਾਲਿਕਾ ਦਾ ਸੁਤੰਤਰ ਰਹਿਣਾ ਬਹੁਤ ਜ਼ਰੂਰੀ ਹੈ। ਜੇ ਨਿਆਂਪਾਲਿਕਾ ਵੀ ਸਰਕਾਰ ਦੇ ਰਾਹ ‘ਤੇ ਚੱਲਣ ਲੱਗੇਗੀ ਤਾਂ ਫਿਰ ਕੀ ਬਚੇਗਾ? ਫਿਰ ਲੋਕਤੰਤਰ ਨੂੰ ਕੌਣ ਬਚਾਏਗਾ?”

“ਦੂਜੀ ਗੱਲ ਔਰਤਾਂ ਦੀ ਨੁਮਾਇੰਦਗੀ ਨੂੰ ਲੈ ਕੇ ਹੈ। ਮੈਂ ਬਚਪਨ ਤੋਂ ਸੁਣਦਾ ਆ ਰਿਹਾ ਹਾਂ ਕਿ ਔਰਤਾਂ ਨੂੰ 33 ਫ਼ੀਸਦੀ ਰਾਖਵਾਂ ਮਿਲੇਗਾ, ਪਰ ਅੱਜ ਤੱਕ ਇਹ ਨਹੀਂ ਹੋਇਆ। ਜੇ ਔਰਤਾਂ ਨੂੰ ਰਾਖਵਾਂ ਦੇਣਾ ਹੀ ਹੈ ਤਾਂ ਉਨ੍ਹਾਂ ਨੂੰ 50 ਫ਼ੀਸਦੀ ਰਾਖਵਾਂ ਦਿਓ।”

ਮੀਮ ਤੋਂ ਜਨਮੀ ਪਾਰਟੀ

ਕਾਕਰੋਚ ਜਨਤਾ ਪਾਰਟੀ ਦੀ ਸ਼ੁਰੂਆਤ ਇੱਕ ਵਿਅੰਗਾਤਮਕ ਸੋਸ਼ਲ ਮੀਡੀਆ ਮੁਹਿੰਮ ਨਾਲ ਹੋਈ ਸੀ

ਤਸਵੀਰ ਸਰੋਤ, AI-generated image/Cockroach Janta Party

ਬੀਬੀਸੀ ਨਿਊਜ਼ ਮਰਾਠੀ ਨਾਲ ਗੱਲਬਾਤ ਦੌਰਾਨ ਅਭਿਜੀਤ ਦੀਪਕੇ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਮੁਹਿੰਮ ਕਿਉਂ ਸ਼ੁਰੂ ਕੀਤੀ।

ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਮੁਹਿੰਮ ਦਾ ਵਿਚਾਰ ਕਿੱਥੋਂ ਆਇਆ, ਤਾਂ ਅਭਿਜੀਤ ਦੀਪਕੇ ਨੇ ਕਿਹਾ, “ਮੈਂ ਟਵਿੱਟਰ (ਹੁਣ ਐਕਸ) ‘ਤੇ ਸੀਜੇਆਈ (ਭਾਰਤ ਦੇ ਚੀਫ ਜਸਟਿਸ) ਦਾ ਬਿਆਨ ਦੇਖ ਰਿਹਾ ਸੀ, ਜਿੱਥੇ ਉਹ ਪ੍ਰਣਾਲੀ ਦੀ ਆਲੋਚਨਾ ਕਰਨ ਅਤੇ ਆਪਣੀ ਰਾਇ ਦੇਣ ਵਾਲੇ ਦੇਸ਼ ਦੇ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਰ ਰਹੇ ਸਨ।”

“ਮੈਨੂੰ ਇਹ ਬਹੁਤ ਵਿਅੰਗਾਤਮਕ ਲੱਗਿਆ ਕਿਉਂਕਿ ਸੀਜੇਆਈ ਨੂੰ ਦੇਸ਼ ਦੇ ਸੰਵਿਧਾਨ ਦਾ ਰੱਖਿਅਕ ਮੰਨਿਆ ਜਾਂਦਾ ਹੈ। ਉਹੀ ਸੰਵਿਧਾਨ ਜੋ ਹਰ ਕਿਸੇ ਨੂੰ ਪ੍ਰਗਟਾਵੇ ਦੀ ਆਜ਼ਾਦੀ ਦਿੰਦਾ ਹੈ। ਹੁਣ ਅਜਿਹਾ ਵਿਅਕਤੀ, ਜਿਸ ਦਾ ਕੰਮ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰਨਾ ਹੈ, ਉਹ ਨੌਜਵਾਨਾਂ ਦੀ ਤੁਲਨਾ ਕਾਕਰੋਚਾਂ ਅਤੇ ਪਰਜੀਵੀਆਂ ਨਾਲ ਕਿਵੇਂ ਕਰ ਸਕਦਾ ਹੈ?”

“ਇਸ ਗੱਲ ਨੇ ਮੈਨੂੰ ਗੁੱਸੇ ਅਤੇ ਨਿਰਾਸ਼ਾ ਨਾਲ ਭਰ ਦਿੱਤਾ ਅਤੇ ਮੈਂ ਟਵਿੱਟਰ ‘ਤੇ ਆਪਣੀ ਰਾਇ ਦਿੱਤੀ। ਮੈਂ ਪੁੱਛਿਆ ਕਿ ਜੇ ਸਾਰੇ ਕਾਕਰੋਚ ਇਕੱਠੇ ਹੋ ਜਾਣ ਤਾਂ ਕੀ ਹੋਵੇਗਾ। ਮੈਨੂੰ ਜੈਨ ਜ਼ੀ ਅਤੇ 25 ਸਾਲ ਤੱਕ ਦੇ ਨੌਜਵਾਨਾਂ ਵੱਲੋਂ ਕਮਾਲ ਦੇ ਜਵਾਬ ਮਿਲੇ। ਉਨ੍ਹਾਂ ਕਿਹਾ ਕਿ ਸਾਨੂੰ ਇਕੱਠੇ ਆ ਕੇ ਇੱਕ ਮੰਚ ਬਣਾਉਣਾ ਚਾਹੀਦਾ ਹੈ।”

“ਇੱਥੋਂ ਮੈਨੂੰ ਇਹ ਵਿਚਾਰ ਆਇਆ ਕਿ ਸਾਨੂੰ ਆਨਲਾਈਨ ਇੱਕ ਪੈਰੋਡੀ ਪਾਰਟੀ ਬਣਾਉਣੀ ਚਾਹੀਦੀ ਹੈ, ਜਿਸ ਦਾ ਨਾਮ ‘ਕਾਕਰੋਚ ਜਨਤਾ ਪਾਰਟੀ’ ਹੋਵੇ। ਜੇ ਤੁਸੀਂ ਸਾਨੂੰ ਕਾਕਰੋਚ ਕਹਿ ਰਹੇ ਹੋ ਤਾਂ ਠੀਕ ਹੈ, ਅਸੀਂ ਕਾਕਰੋਚ ਜਨਤਾ ਪਾਰਟੀ ਹੀ ਬਣਾਉਂਦੇ ਹਾਂ। ਇਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੈਂ ਕੁਝ ਯੋਗਤਾਵਾਂ ਰੱਖੀਆਂ, ਜਿਵੇਂ ਕਿ ਤੁਹਾਨੂੰ ਆਲਸੀ ਹੋਣਾ ਚਾਹੀਦਾ ਹੈ, ਜਿਵੇਂ ਸੀਜੇਆਈ ਨੇ ਕਿਹਾ, ਤੁਸੀਂ ਬੇਰੁਜ਼ਗਾਰ ਹੋਣੇ ਚਾਹੀਦੇ ਹੈ ਅਤੇ ਹਮੇਸ਼ਾ ਆਨਲਾਈਨ ਰਹਿਣ ਵਾਲੇ ਹੋਣੇ ਚਾਹੀਦੇ ਹੋ।”

ਕਾਕਰੋਚ ਜਨਤਾ ਪਾਰਟੀ ਨੇ ਆਪਣੇ ਤਿੰਨ ਬੁਲਾਰੇ ਵੀ ਬਣਾਏ ਹਨ

ਤਸਵੀਰ ਸਰੋਤ, ANI

“ਉਨ੍ਹਾਂ (ਸੀਜੇਆਈ) ਨੇ ਨੌਜਵਾਨਾਂ ਦੀ ਬੇਇਜ਼ਤੀ ਲਈ ਜਿਹੜੇ ਵੀ ਸ਼ਬਦ ਵਰਤੇ, ਅਸੀਂ ਉਹਨਾਂ ਨੂੰ ਹੀ ਇਸ ਪਾਰਟੀ ਦੀ ਮੈਂਬਰਸ਼ਿਪ ਦੀ ਯੋਗਤਾ ਬਣਾ ਦਿੱਤਾ। ਕੁਝ ਹੀ ਘੰਟਿਆਂ ਵਿੱਚ ਇਸ ਨੇ ਚਮਤਕਾਰ ਕਰ ਦਿੱਤਾ ਅਤੇ ਹਰ ਕੋਈ ਇਸ ‘ਤੇ ਪ੍ਰਤੀਕਿਰਿਆ ਦੇਣ ਅਤੇ ਰਜਿਸਟਰ ਕਰਨ ਲੱਗ ਪਿਆ।”

“ਇਸ ਤੋਂ ਬਾਅਦ ਸਾਨੂੰ ਲੱਗਣ ਲੱਗਾ ਕਿ ਇਹ ਵੱਡਾ ਰੂਪ ਲੈ ਸਕਦਾ ਹੈ ਅਤੇ ਇਹ ਸਿਰਫ਼ ਮਜ਼ਾਕ ਨਹੀਂ ਰਹਿ ਗਿਆ। ਲੋਕ ਪਹਿਲਾਂ ਹੀ ਨਿਰਾਸ਼ ਸਨ, ਇਸ ਲਈ ਅਸੀਂ ਇੱਕ ਵੈੱਬਸਾਈਟ ਬਣਾਈ ਅਤੇ ਪਾਰਟੀ ਦਾ ਐਲਾਨ ਪੱਤਰ ਤਿਆਰ ਕੀਤਾ।”

ਉਸ ਸਮੇਂ ਉਨ੍ਹਾਂ ਦੱਸਿਆ ਸੀ ਕਿ “ਇੰਸਟਾਗ੍ਰਾਮ ‘ਤੇ ਸਾਡੇ ਦੋ ਮਿਲੀਅਨ ਫਾਲੋਅਰ ਹੋ ਗਏ ਸਨ (ਹੁਣ ਚਾਰ ਮਿਲੀਅਨ ਤੋਂ ਵੱਧ) ਅਤੇ ਦੋ ਲੱਖ ਤੋਂ ਵੱਧ ਲੋਕਾਂ ਨੇ ਆਪਣੇ ਆਪ ਨੂੰ ਕਾਕਰੋਚ ਜਨਤਾ ਪਾਰਟੀ ਦੇ ਮੈਂਬਰ ਵਜੋਂ ਰਜਿਸਟਰ ਕੀਤਾ ਹੈ। ਭਾਰਤੀ ਰਾਜਨੀਤੀ ਵਿੱਚ ਕਾਫ਼ੀ ਸਮੇਂ ਬਾਅਦ ਇਹ ਇਕ ਹੈਰਾਨ ਕਰਨ ਦੇਣ ਵਾਲੀ ਘਟਨਾ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI