Home rss national punjabi2ਰਾਸ਼ਟਰੀ ਖ਼ਬਰਾਂ ਕਾਰਗਿਲ ਯੁੱਧ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੀਰੇਂਦਰ ਸਿੰਘ ਧਨੋਆ ਨੇ...

ਕਾਰਗਿਲ ਯੁੱਧ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਬੀਰੇਂਦਰ ਸਿੰਘ ਧਨੋਆ ਨੇ ਦੱਸੀ ‘ਆਪਰੇਸ਼ਨ ਸਫ਼ੇਦ ਸਾਗਰ’ ਦੀ ਅਸਲ ਕਹਾਣੀ

3
0

Source :- BBC PUNJABI

ਇੱਕ ਕੰਪੋਜ਼ਟ ਫੋਟੋ ਵਿੱਚ ਬੀਰੇਂਦਰ ਸਿੰਘ ਧਨੋਆ ਅਤੇ ਓਪਰੇਸ਼ਨ ਸਫੇਦ ਸਾਗਰ ਦਾ ਪੋਸਟਰ।

ਤਸਵੀਰ ਸਰੋਤ, Netflix and BS Dhanoa

1999 ਵਿੱਚ ਭਾਰਤ-ਪਾਕਿਸਤਾਨ ਦਰਮਿਆਨ ਹੋਏ ਕਾਰਗਿਲ ਯੁੱਧ ਦੌਰਾਨ ਭਾਰਤੀ ਹਵਾਈ ਫੌਜ ਵੱਲੋਂ ‘ਆਪਰੇਸ਼ਨ ਸਫ਼ੇਦ ਸਾਗਰ’ ਚਲਾਇਆ ਗਿਆ ਸੀ। ਇਸ ਆਪਰੇਸ਼ਨ ‘ਤੇ ਆਧਾਰਿਤ ਹਾਲ ਹੀ ਵਿੱਚ ਇੱਕ ਵੈੱਬ ਸੀਰੀਜ਼ ਵੀ ਆਈ ਹੈ, ਜਿਸ ਤੋਂ ਬਾਅਦ ‘ਆਪਰੇਸ਼ਨ ਸਫ਼ੇਦ ਸਾਗਰ’ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ।

‘ਆਪਰੇਸ਼ਨ ਸਫ਼ੇਦ ਸਾਗਰ’ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਤੇ ਆਪਣੇ ਸਕੁਐਡਰਨ ਦੀ ਅਗਵਾਈ ਕਰਨ ਵਾਲੇ ਸਾਬਕਾ ਏਅਰ ਚੀਫ਼ ਮਾਰਸ਼ਲ ਬੀਰੇਂਦਰ ਸਿੰਘ ਧਨੋਆ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਸਮੇਂ ਕੀ ਕੁਝ ਹੋਇਆ ਸੀ ਅਤੇ ‘ਆਪਰੇਸ਼ਨ ਸਫ਼ੇਦ ਸਾਗਰ’ ਕੀ ਸੀ।

ਸਵਾਲ: ਅੱਜ ਹਰ ਕੋਈ ਤੁਹਾਨੂੰ ‘ਟੋਨੀ’ ਨਾਮ ਨਾਲ ਜਾਣ ਰਿਹਾ ਹੈ, ‘ਟੋਨੀ’ ਨਾਮ ਪਿੱਛੇ ਦੀ ਕੀ ਕਹਾਣੀ ਹੈ?

ਬੀਰੇਂਦਰ ਸਿੰਘ ਧਨੋਆ: ਜਦੋਂ ਤੁਸੀਂ ਏਅਰ ਫੋਰਸ ਜੁਆਇਨ ਕਰਦੇ ਹੋ ਤਾਂ ਹਰ ਵਿਅਕਤੀ ਨੂੰ ਇੱਕ ਨਿੱਕ-ਨੇਮ ਦਿੱਤਾ ਜਾਂਦਾ ਹੈ। ਜਦੋਂ ਤੁਸੀਂ ਰੇਡੀਓ ‘ਤੇ ਗੱਲ ਕਰਦੇ ਹੋ ਤਾਂ ਨਾਮ ਛੋਟਾ ਹੋਣਾ ਚਾਹੀਦਾ ਹੈ, ਇੱਕ ਅੱਖਰ ਜਾਂ ਛੋਟਾ ਨਾਮ ਹੋਵੇ, ਤਾਂ ਜੋ ਤੁਰੰਤ ਪ੍ਰਤੀਕਿਰਿਆ ਦਿੱਤੀ ਜਾ ਸਕੇ। ਤੁਸੀਂ ਰੇਡੀਓ ‘ਤੇ ਇਹ ਨਹੀਂ ਕਹਿ ਸਕਦੇ ਕਿ ‘ਬੀਰੇਂਦਰ ਸਿੰਘ ਧਨੋਆ, ਸੱਜੇ ਮੁੜੋ।’ ਇਸ ਲਈ ਜਦੋਂ ਤੋਂ ਮੈਂ 1978 ਵਿੱਚ ਹਵਾਈ ਫੌਜ ਵਿੱਚ ਸ਼ਾਮਲ ਹੋਇਆ, ਮੇਰੇ ਕੋਰਸ ਸਾਥੀ ਮੈਨੂੰ ‘ਟੋਨੀ’ ਕਹਿੰਦੇ ਸਨ ਅਤੇ ਬਾਅਦ ਵਿੱਚ ਬਾਕੀ ਲੋਕ ਵੀ ਮੈਨੂੰ ਟੋਨੀ ਕਹਿਣ ਲੱਗ ਪਏ। ਅਸਲ ਵਿੱਚ ਟੋਨੀ ਮੇਰਾ ਘਰ ਦਾ ਉਪਨਾਮ ਹੈ। ਮੇਰੇ ਪਿਤਾ ਨੇ ਮੈਨੂੰ ਇਹ ਨਾਮ ਦਿੱਤਾ ਸੀ।”

ਸਵਾਲ: ਵੈੱਬ ਸੀਰੀਜ਼ ਅਸਲ ਤੱਥਾਂ ਦੇ ਕਿੰਨਾ ਨੇੜੇ ਹੈ?

ਬੀਰੇਂਦਰ ਸਿੰਘ ਧਨੋਆ: ਫ਼ਿਲਮ ਬਣਾਉਣ ਵੇਲੇ ਆਮ ਲੋਕਾਂ ਨੂੰ ਕਹਾਣੀ ਸਮਝਾਉਣੀ ਪੈਂਦੀ ਹੈ। ਜੇ ਮੈਂ ਤੁਹਾਨੂੰ ਦੱਸਣ ਲੱਗਾਂ ਕਿ ਅਸਲ ਰਡਾਰ ਦੇ ਖ਼ਿਲਾਫ਼ ਕਿਹੜੀ ਰਣਨੀਤੀ ਵਰਤੀ ਗਈ ਸੀ ਤਾਂ ਤੁਹਾਨੂੰ ਸਮਝ ਨਹੀਂ ਆਵੇਗੀ। ਇਸੇ ਤਰ੍ਹਾਂ ਉਨ੍ਹਾਂ ਨੇ ਵੀ ਥੋੜ੍ਹੀ ਕਲਾਤਮਕ ਆਜ਼ਾਦੀ ਲਈ ਹੈ, ਕਿਉਂਕਿ ਉਨ੍ਹਾਂ ਨੇ ਕਹਾਣੀ ਦੱਸਣੀ ਹੈ। ਇਸ ਲਈ ਮੈਂ ਕਹਾਂਗਾ ਕਿ ਸਾਰਾ ਕੁਝ 100 ਫ਼ੀਸਦੀ ਸੱਚ ਨਹੀਂ ਹੈ, ਪਰ ਲਗਭਗ 80 ਫ਼ੀਸਦੀ ਸਹੀ ਹੈ। ਜਿਵੇਂ ਰਾਡਾਰ ਨੂੰ ਧੋਖਾ ਦਿੱਤਾ, ਇਹ ਸਹੀ ਸੀ ਪਰ ਕਿਸ ਤਰ੍ਹਾਂ ਕੀਤਾ ਉਹ ਸ਼ਾਇਦ ਸੀਰੀਜ਼ ਤੋਂ ਵੱਖਰਾ ਸੀ। ਘਾਟੀ ਵੀ ਇੰਨੀ ਤੰਗ ਨਹੀਂ ਸੀ ਜਿੰਨੀ ਦਿਖਾਈ ਗਈ, ਪਰ ਫ਼ਿਲਮ ਵਿੱਚ ਥੋੜ੍ਹਾ ਨਾਟਕੀ ਬਣਾਇਆ ਜਾਂਦਾ ਹੈ।

ਤਤਕਾਲੀ ਏਅਰ ਚੀਫ ਮਾਰਸ਼ਲ ਅਨਿਲ ਯਸ਼ਵੰਤ ਟਿਪਨਿਸ ਅਤੇ ਬੀਰੇਂਦਰ ਸਿੰਘ ਧਨੋਆ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Birender Singh Dhanoa

ਸਵਾਲ: ‘ਆਪਰੇਸ਼ਨ ਸਫ਼ੇਦ ਸਾਗਰ’ ਦੀ ਲੋੜ ਕੀ ਸੀ?

ਬੀਰੇਂਦਰ ਸਿੰਘ ਧਨੋਆ: ਸਫ਼ੇਦ ਸਾਗਰ ਦੀ ਅਗਵਾਈ ਏਅਰ ਚੀਫ਼ ਮਾਰਸ਼ਲ ਏ.ਵਾਈ. ਟਿਪਨਿਸ ਨੇ ਕੀਤੀ ਸੀ। ਮੈਂ ਸਿਰਫ਼ ਆਪਣੀ ਸਕੁਐਡਰਨ ਦੀ ਅਗਵਾਈ ਕੀਤੀ ਸੀ। ਹੋਇਆ ਇਹ ਕਿ ਜਦੋਂ ਕੁਝ ਘੁਸਪੈਠਾਂ ਦਾ ਪਤਾ ਲੱਗਿਆ ਤਾਂ ਪਹਿਲਾਂ ਫੌਜ ਨੇ ਕਿਹਾ ਕਿ ਸਾਨੂੰ ਹੈਲੀਕਾਪਟਰ ਦਿਓ, ਅਟੈਕ ਹੈਲੀਕਾਪਟਰ ਦਿਓ। ਉਸ ਸਮੇਂ ਸਾਡੇ ਕੋਲ ਜਿਹੜੇ ਅਟੈਕ ਹੈਲੀਕਾਪਟਰ ਸਨ, ਉਹ ਜੋਜੀਲਾ ਵੀ ਪਾਰ ਨਹੀਂ ਕਰ ਸਕਦੇ ਸਨ। ਉਹ ਜਹਾਜ਼ ਐਂਟੀ-ਟੈਂਕ ਜੰਗ ਲਈ ਬਣੇ ਹੋਏ ਸਨ।

ਇਸ ਲਈ ਏਅਰ ਫੋਰਸ ਨੇ ਫੌਜ ਨੂੰ ਕਿਹਾ ਕਿ ਅਟੈਕ ਹੈਲੀਕਾਪਟਰ, ਇੱਥੋਂ ਤੱਕ ਕਿ ਹਥਿਆਰਬੰਦ ਹੈਲੀਕਾਪਟਰ ਵੀ, ਬਹੁਤ ਜ਼ਿਆਦਾ ਖ਼ਤਰੇ ਵਿੱਚ ਹਨ। ਇਸ ਲਈ ਫਿਕਸਡ ਵਿੰਗ, ਯਾਨੀ ਫਾਈਟਰ ਜਹਾਜ਼ ਲਿਆਉਣੇ ਪੈਣਗੇ।

ਸਭ ਤੋਂ ਚੰਗੀ ਗੱਲ ਏਅਰ ਚੀਫ਼ ਮਾਰਸ਼ਲ ਟਿਪਨਿਸ ਨੇ ਇਹ ਕੀਤੀ ਕਿ ਉਨ੍ਹਾਂ ਨੇ ਪੂਰੀ ਏਅਰ ਫੋਰਸ ਨੂੰ ਅਲਰਟ ਕਰ ਦਿੱਤਾ। ਇਸ ਤੋਂ ਬਾਅਦ 26 ਮਈ ਨੂੰ ਏਅਰ ਫੋਰਸ ਦਾ ‘ਆਪਰੇਸ਼ਨ ਸਫ਼ੇਦ ਸਾਗਰ’ ਸ਼ੁਰੂ ਹੋਇਆ। ਕਿਉਂਕਿ ਤੁਹਾਡੀ ਤਿਆਰੀ ਦੁਸ਼ਮਣ ਦੀ ਸਮਰੱਥਾ ਮੁਤਾਬਕ ਹੋਣੀ ਚਾਹੀਦੀ ਹੈ, ਇਰਾਦੇ ਰਾਤੋ ਰਾਤ ਬਦਲ ਸਕਦੇ ਹਨ। ਕਿਉਂਕਿ ਉੱਚਾਈ ‘ਤੇ ਬੈਠੇ ਪਾਕਿਸਤਾਨ ਦੇ ਸਿਪਾਹੀਆਂ ‘ਤੇ ਹਮਲਾ ਕਰਨ ਦਾ ਹੋਰ ਕੋਈ ਰਾਹ ਨਹੀਂ ਸੀ।

ਏਅਰਕਰਾਫਟ ਕੋਲ ਖੜ੍ਹੇ ਬੀਰੇਂਦਰ ਸਿੰਘ ਧਨੋਆ ਅਤੇ ਉਨ੍ਹਾਂ ਦੇ ਸਾਥੀ ।

ਤਸਵੀਰ ਸਰੋਤ, Birender Singh Dhanoa

ਸਵਾਲ:ਸੀਰੀਜ਼ ਵਿੱਚ ਦਿਖਾਇਆ ਗਿਆ ਹੈ ਕਿ ਪਹਿਲਾਂ ਤੁਹਾਡਾ ਕੰਮ ਸਿਰਫ਼ ਤਸਵੀਰਾਂ ਲੈਣਾ ਸੀ ਅਤੇ ਉਸ ਤੋਂ ਬਾਅਦ ਤੁਸੀਂ ਖੁਦ ਨਵੀਨਤਾ ਕੀਤੀ ਕਿ ਇਸ ਵਿੱਚ ਬੰਬ ਫਿੱਟ ਕਰਕੇ ਰਾਤ ਨੂੰ ਬੰਬਾਰੀ ਕੀਤੀ ਜਾਵੇ। ਉਹ ਪੂਰੀ ਪ੍ਰਕਿਰਿਆ ਕੀ ਸੀ?

ਬੀਰੇਂਦਰ ਸਿੰਘ ਧਨੋਆ: ਜਹਾਜ਼ ਹਮੇਸ਼ਾ ਬੰਬ ਸੁੱਟਣ ਦੇ ਸਮਰੱਥ ਸੀ। ਅਸੀਂ ਸਿਰਫ਼ ਉਸ ਵਿੱਚ ਸੋਧ ਕੀਤੀ ਸੀ। ਅਸੀਂ ਇੱਕ ਰੂਸੀ ਡਰਾਪ ਟੈਂਕ ਦੇ ਪਿਛਲੇ ਪਾਸੇ ਇੱਕ ਬ੍ਰਿਟਿਸ਼ ਕੈਮਰਾ ਵਿਨਟਨ-751, ਲਗਾਇਆ। ਉਸ ਨੂੰ ਮਿਗ-21 ਨਾਲ ਜੋੜ ਕੇ ਅਸੀਂ ਉਸ ਨੂੰ ਫ਼ੋਟੋ-ਰਿਕਾਨੈਸਾਂਸ ਜਹਾਜ਼ ਬਣਾ ਦਿੱਤਾ। ਉਸ ਦੇ ਨਿਯੰਤਰਣ ਕਾਕਪਿਟ ਵਿੱਚ ਲਗਾਏ ਗਏ ਸਨ। ਸਾਡੇ ਸਕੁਐਡਰਨ ਦੀ ਭੂਮਿਕਾ ਪੂਰੀ ਤਰ੍ਹਾਂ ਫ਼ੋਟੋ-ਰਿਕਾਨੈਸਾਂਸ ਦੀ ਸੀ। ਆਮ ਜੰਗੀ ਯੋਜਨਾ ਮੁਤਾਬਕ ਸਾਡੇ ਛੇ ਬਠਿੰਡਾ ਵਿੱਚ ਹੁੰਦੇ ਸਨ ਅਤੇ ਛੇ ਸ੍ਰੀਨਗਰ ਵਿੱਚ। ਜਦੋਂ ਕਾਰਵਾਈ ਸ਼ੁਰੂ ਹੋਈ ਤਾਂ ਛੇ ਦੇ ਛੇ ਜਹਾਜ਼ ਫ਼ੋਟੋ-ਰਿਕਾਨੈਸਾਂਸ ਭੂਮਿਕਾ ਵਿੱਚ ਆ ਗਏ।”

ਅਸੀਂ ਫੋਟੋ ਰਿਕਾਨੈਸਾਂਸ ਰੋਲ ਵਿੱਚ ਸੀ। ਇਸ ਤੋਂ ਬਾਅਦ ਜਦੋਂ ਘੱਟ ਉੱਚਾਈ ‘ਤੇ ਉਡਾਣ ਬੰਦ ਕਰਨੀ ਪਈ, ਕਿਉਂਕਿ ਮੈਨ-ਪੋਰਟੇਬਲ ਮਿਜ਼ਾਈਲ ਦਾ ਖ਼ਤਰਾ ਅਸਲ ਬਣ ਗਿਆ ਸੀ, ਤਾਂ ਅਸੀਂ ਬੰਬਾਰੀ ਵਾਲੇ ਰੋਲ ਵਿੱਚ ਤਬਦੀਲੀ ਦੀ ਬੇਨਤੀ ਕੀਤੀ।

ਮੈਂ ਵੈਸਟਰਨ ਏਅਰ ਕਮਾਂਡ ਦਾ ਹਮੇਸ਼ਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਸਾਨੂੰ ਬੰਬਾਰੀ ਵਾਲੇ ਰੋਲ ਵਿੱਚ ਤਬਦੀਲ ਕਰ ਦਿੱਤਾ।

ਫਿਰ ਸ੍ਰੀਨਗਰ ਵਿੱਚ ਮੌਜੂਦ ਬਾਕੀ ਸਕੁਆਡਰਨਾਂ ਨੂੰ ਵੀ ਕਿਹਾ ਗਿਆ ਕਿ 17 ਸਕੁਆਡਰਨ ਦੇ ਬੰਬ ਜ਼ਿਆਦਾ ਸਹੀ ਲੱਗ ਰਹੇ ਹਨ। ਇਹ ਰਿਪੋਰਟਾਂ ਫੌਜ ਵੱਲੋਂ ਆ ਰਹੀਆਂ ਸਨ। ਫਿਰ ਗਰੁੱਪ ਕੈਪਟਨ ਵਾਕਰ ਅਤੇ ਕੇ.ਟੀ. ਸੇਬਾਸਟੀਅਨ ਨੇ ਦੂਜੇ ਸਕੁਆਡਰਨਾਂ ਨੂੰ ਕਿਹਾ ਕਿ ਇਨ੍ਹਾਂ ਤੋਂ ਥੋੜ੍ਹਾ ਸਿੱਖੋ।

ਫਿਰ ਰਾਤ ਦੀ ਜਿਹੜੀ ਕਾਰਵਾਈ ਹੋਈ, ਉਹ ਪੂਰੀ ਤਰ੍ਹਾਂ ਸਾਡੇ ਸਕੁਆਡਰਨ ਦੀ ਸੀ।

ਬੀਰੇਂਦਰ ਸਿੰਘ ਧਨੋਆ

ਸਵਾਲ: ਕਿਸ ਦਿਨ ਤੁਸੀਂ ਸੋਚਿਆ ਕਿ ਹੁਣ ਰਾਤ ਨੂੰ ਬੰਬਾਰੀ ਕਰਨੀ ਹੈ?

ਬੀਰੇਂਦਰ ਸਿੰਘ ਧਨੋਆ: ਅਸੀਂ ਨਹੀਂ ਸੋਚਿਆ ਸੀ। ਏਅਰ ਮਾਰਸ਼ਲ ਪਟਨੀ ਸ੍ਰੀਨਗਰ ਆਏ ਹੋਏ ਸਨ। ਉਨ੍ਹਾਂ ਨੇ ਮੈਨੂੰ ਕਿਹਾ, ‘ਟੋਨੀ, ਕੀ ਤੁਸੀਂ ਘੱਟ ਉਚਾਈ ‘ਤੇ ਰਾਤ ਦੀ ਬੰਬਾਰੀ ਕਰ ਸਕਦੇ ਹੋ?’

ਮੈਂ ਕਿਹਾ, ‘ਸਰ, ਮੈਂ 29 ਸਕੁਆਡਰਨ ਵਿੱਚ ਜਦੋਂ ਜਾਮਨਗਰ ਵਿੱਚ ਸੀ, ਉਦੋਂ ਰਾਤ ਦੀ ਸਟ੍ਰਾਈਕ ਕਰ ਚੁੱਕਾ ਹਾਂ। ਪਰ ਮੇਰੇ ਇਹ ਨੌਜਵਾਨ ਪਾਇਲਟ ਕਦੇ ਨਹੀਂ ਕਰ ਚੁੱਕੇ।’

ਮੈਂ ਕਿਹਾ ਕਿ ਮੈਨੂੰ ਇੱਕ ਰਾਤ ਦਿਓ, ਮੈਂ ਖੁਦ ਉੱਡ ਕੇ ਦੇਖ ਲੈਂਦਾ ਹਾਂ ਕਿ ਹਾਲਾਤ ਕਿਹੋ ਜਿਹੇ ਹਨ।

ਉਸ ਸਮੇਂ ਇੱਕ ਸਕੁਆਡਰਨ ਲੀਡਰ, ਜੋ ਬਾਅਦ ਵਿੱਚ ਏਅਰ ਮਾਰਸ਼ਲ ਬਣੇ, ਬੇਦੀ ਸਾਹਿਬ, 51 ਸਕੁਆਡਰਨ ਵਿੱਚ ਫਲਾਈਟ ਕਮਾਂਡਰ ਸਨ। ਮੈਂ ਉਨ੍ਹਾਂ ਦੇ ਨਾਲ ਟ੍ਰੇਨਰ ਵਿੱਚ ਬੈਠ ਕੇ ਪਹਾੜਾਂ ਦੇ ਅੰਦਰ, ਵੈਲੀ ਵਿੱਚ ਉੱਡਿਆ।

ਚੰਨ ਦੀ ਰੌਸ਼ਨੀ ਸੀ। ਬਰਫ਼ ਸੀ ਅਤੇ ਪਹਾੜ ਚਮਕ ਰਹੇ ਸਨ। ਮੈਂ ਦੇਖਿਆ ਕਿ ਇੱਥੇ ਸੁਰੱਖਿਅਤ ਤਰੀਕੇ ਨਾਲ ਉਡਾਣ ਭਰੀ ਜਾ ਸਕਦੀ ਹੈ। ਸਿਰਫ਼ ਇੱਕ ਖ਼ਤਰਾ ਸੀ ਕਿ ਜੇ ਬੱਦਲ ਆ ਕੇ ਚੰਨ ਨੂੰ ਢੱਕ ਲੈਣ ਤਾਂ ਤੁਰੰਤ ਬਾਹਰ ਨਿਕਲਣਾ ਪਵੇਗਾ, ਨਹੀਂ ਤਾਂ ਪਹਾੜ ਨਾਲ ਟਕਰਾਉਣ ਦਾ ਖ਼ਤਰਾ ਸੀ। ਪਰ ਫਿਰ ਮੈਂ ਦੇਖਿਆ ਕਿ ਅਸੀਂ ਹੇਠਾਂ ਉਤਰ ਸਕਦੇ ਹਾਂ।

ਫਿਰ ਅਸੀਂ ਸ੍ਰੀਨਗਰ ਵਿੱਚ ਟਰਾਇਲ ਕੀਤਾ। ਸਾਨੂੰ ਇਹ ਵੀ ਦੇਖਣਾ ਸੀ ਕਿ ਕੀ ਉਨ੍ਹਾਂ ਦੀ ਮਿਜ਼ਾਈਲ ਸਾਨੂੰ ਲੌਕ-ਆਨ ਕਰ ਸਕੇਗੀ ਜਾਂ ਨਹੀਂ। ਅਸੀਂ ਕਿਹਾ ਕਿ ਜੇ ਅਸੀਂ ਵੈਲੀ ਦੇ ਅੰਦਰ ਹਾਂ ਤਾਂ ਉਨ੍ਹਾਂ ਦਾ ਰਡਾਰ ਸਾਨੂੰ ਪਿਕਅੱਪ ਨਹੀਂ ਕਰੇਗਾ। ਜੇ ਉਹ ਪਿਕਅੱਪ ਨਹੀਂ ਕਰੇਗਾ ਤਾਂ ਰਡਾਰ ਕਿਊਇੰਗ ਤੋਂ ਬਿਨਾਂ ਉਹ ਮਿਜ਼ਾਈਲ ਫਾਇਰ ਨਹੀਂ ਕਰ ਸਕਦੇ।

ਇਸ ਲਈ ਅਸੀਂ ਟਾਰਗੇਟ ਤੋਂ ਲਗਭਗ ਇੱਕ ਕਿਲੋਮੀਟਰ ਉੱਪਰ ਰਹਿ ਕੇ ਬੰਬ ਸੁੱਟਣ ਦਾ ਫ਼ੈਸਲਾ ਕੀਤਾ। ਇਹ ਬੰਬ ਜ਼ਿਆਦਾ ਸਹੀ ਸਨ ਕਿਉਂਕਿ ਅਸੀਂ ਘੱਟ ਉਚਾਈ ‘ਤੇ ਸਨ। ਬੰਬ ਛੱਡਣ ਤੋਂ ਬਾਅਦ ਤੁਸੀਂ ਆਪਣਾ ਵਿੰਗ ਥੋੜ੍ਹਾ ਝੁਕਾ ਕੇ ਦੇਖ ਸਕਦੇ ਸੀ ਕਿ ਬੰਬ ਕਿੱਥੇ ਗਿਆ, ਅੱਗੇ ਗਿਆ, ਪਿੱਛੇ ਗਿਆ ਜਾਂ ਟਾਰਗੇਟ ‘ਤੇ ਲੱਗਿਆ।

ਇਹ ਇੱਕ ਵੱਡੀ ਸਫ਼ਲਤਾ ਸੀ। ਸਿਰਫ਼ ਸਾਡਾ ਸਕੁਆਡਰਨ ਨਹੀਂ ਸੀ। ਚਾਰ ਏਅਰਕਰਾਫਟ ਸਾਡੇ ਸਨ, ਵਿੰਗ ਕਮਾਂਡਰ ਜਲਵਾਲੀਆ ਦਾ 18 ਸਕੁਆਡਰਨ ਸੀ ਅਤੇ ਉਨ੍ਹਾਂ ਦੇ ਵੀ ਦੋ ਪਾਇਲਟ ਸਾਡੇ ਨਾਲ ਹੁੰਦੇ ਸਨ।

ਬੀਐੱਸ ਧਨੋਆ ਦੀ ਏਅਰ ਫੋਰਸ ਨਾਲ ਜੁੜੇ ਹੋਰ ਸਾਥੀਆਂ ਨਾਲ ਪੁਰਾਣੀ ਤਸਵੀਰ

ਤਸਵੀਰ ਸਰੋਤ, Birender Singh Dhanoa

ਸਵਾਲ: ਇਹ ਆਪਰੇਸ਼ਨ ਕਿੰਨੇ ਦਿਨ ਚੱਲਿਆ?

ਬੀਰੇਂਦਰ ਸਿੰਘ ਧਨੋਆ: ਮੈਨੂੰ ਆਪਣੀ ਲੌਗਬੁੱਕ ਦੇਖਣੀ ਪਵੇਗੀ। ਮੇਰੇ ਹਿਸਾਬ ਨਾਲ ਪੂਰਾ ਮੂਨ ਫੇਜ਼ ਲਗਭਗ 15 ਦਿਨ ਚੱਲਿਆ ਹੋਵੇਗਾ।

ਸਵਾਲ: ਹੁਣ ਜਦੋਂ ਤੁਸੀਂ ਪਿੱਛੇ ਮੁੜ ਕੇ ‘ਆਪਰੇਸ਼ਨ ਸਫ਼ੇਦ ਸਾਗਰ’ ਨੂੰ ਦੇਖਦੇ ਹੋ ਤਾਂ ਤੁਹਾਡੇ ਅੰਦਰ ਕਿਸ ਤਰ੍ਹਾਂ ਦੀ ਭਾਵਨਾ ਆਉਂਦੀ ਹੈ?

ਬੀਰੇਂਦਰ ਸਿੰਘ ਧਨੋਆ: ਮੈਂ ਹਮੇਸ਼ਾ ਕਹਿੰਦਾ ਹਾਂ ਕਿ ਰੱਬ ਮੇਰੇ ‘ਤੇ ਮਿਹਰਬਾਨ ਰਿਹਾ ਕਿ ਮੈਨੂੰ ਜੰਗ ਵਿੱਚ ਇੱਕ ਸਕੁਆਡਰਨ ਦੀ ਕਮਾਂਡ ਕਰਨ ਦਾ ਮੌਕਾ ਮਿਲਿਆ। ਹਰ ਕਿਸੇ ਨੂੰ ਇਹ ਮੌਕਾ ਨਹੀਂ ਮਿਲਦਾ। ਉਸ ਤੋਂ ਬਾਅਦ ਮੇਰੇ ਅਤੇ ਮੇਰੇ ਮੁੰਡਿਆਂ ਵਿਚਕਾਰ ਜਿਹੜੀ ਬੌਂਡਿੰਗ ਬਣੀ, ਉਹ ਅੱਜ ਵੀ ਕਾਇਮ ਹੈ। ਕਿਉਂਕਿ ਅਸੀਂ ਲੜੇ ਹਾਂ ਇਕੱਠੇ, ਉਹ ਬੌਂਡਿੰਗ ਤਾਂ ਰਹੂਗੀ।

ਬੀਐੱਸ ਧਨੋਆ

ਤਸਵੀਰ ਸਰੋਤ, Birender Singh Dhanoa

ਸਵਾਲ: ਅਜੈ ਆਹੂਜਾ ਦੀ ਮੌਤ ਵੀ ਹੋਈ। ਉਹ ਤੁਹਾਡੇ ਬਹੁਤ ਕਰੀਬ ਸਨ। ਉਨ੍ਹਾਂ ਨਾਲ ਤੁਹਾਡੀ ਬੌਂਡਿੰਗ ਕਿਹੋ ਜਿਹੀ ਸੀ ਅਤੇ ਉਨ੍ਹਾਂ ਦੇ ਜਾਣ ਤੋਂ ਬਾਅਦ ਤੁਹਾਡੇ ‘ਤੇ ਕੀ ਅਸਰ ਹੋਇਆ?

ਬੀਰੇਂਦਰ ਸਿੰਘ ਧਨੋਆ: ਅਜੈ ਨਾਲ ਇਹ ਮੇਰਾ ਤੀਜਾ ਕਾਰਜਕਾਲ ਸੀ। ਪਹਿਲੇ ਕਾਰਜਕਾਲ ਵੇਲੇ ਜਦੋਂ ਅਸੀਂ ਮਿਲੇ ਸੀ ਦੋਹੇਂ ਕੁਆਰੇ ਸੀ। ਫਿਰ ਦੋਹਾਂ ਦੇ ਵਿਆਹ ਹੋਏ। ਦੋਹਾਂ ਦੇ ਬੱਚੇ ਹੋਏ।

ਕੀ ਹੋਇਆ ਕਿ ਜਦੋਂ ਮੈਂ 17 ਸਕੁਆਡਰਨ ਦੀ ਕਮਾਂਡ ਕਰ ਰਿਹਾ ਸੀ ਤਾਂ ਮੇਰਾ ਫਲਾਈਟ ਕਮਾਂਡਰ AG ਵਿੰਗ ਕਮਾਂਡਰ ਵਜੋਂ ਪ੍ਰਮੋਟ ਹੋ ਗਿਆ। ਉਸ ਦੀ ਥਾਂ ਕਿਸੇ ਹੋਰ ਦੀ ਪੋਸਟਿੰਗ ਹੋਣੀ ਸੀ, ਪਰ ਆਖਰੀ ਸਮੇਂ ‘ਤੇ ਏਅਰ ਹੈੱਡਕੁਆਰਟਰ ਨੇ ਉਹ ਪੋਸਟਿੰਗ ਰੱਦ ਕਰ ਦਿੱਤੀ। ਹਰਿੰਦਰ ਸਿੰਘ ਚਾਹਲ ਉਸ ਸਮੇਂ ਏਅਰ ਹੈੱਡਕੁਆਰਟਰ ਵਿੱਚ ਸਨ। ਉਹ ਮੇਰੇ ਪੁਰਾਣੇ ਚੰਗੇ ਦੋਸਤ ਸਨ।

ਉਨ੍ਹਾਂ ਨੇ ਮੈਨੂੰ ਕਿਹਾ, ‘ਟੋਨੀ, ਮੈਂ ਪੋਸਟਿੰਗ ਰੱਦ ਕੀਤੀ ਹੈ।’

ਮੈਂ ਕਿਹਾ, ‘ਤੁਸੀਂ ਲੋਕ ਏਅਰ ਫੋਰਸ ਵਿੱਚ ਕੀ ਕਰ ਰਹੇ ਹੋ?’ ਮੈਂ ਉਨ੍ਹਾਂ ਨੂੰ ਕਾਫ਼ੀ ਕੁਝ ਕਿਹਾ।

ਉਨ੍ਹਾਂ ਨੇ ਕਿਹਾ, ‘ਟੋਨੀ, ਤੂੰ ਕਿਸੇ ਨੂੰ ਮੰਗ ਲੈ। ਏਅਰ ਫੋਰਸ ਤੋਂ ਕਿਸੇ ਨੂੰ ਮੰਗੇਂਗਾ ਤਾਂ ਭੇਜ ਦੇਵਾਂਗੇ।’

ਆਮ ਤੌਰ ‘ਤੇ CO ਨੂੰ ਇਹ ਚੋਣ ਨਹੀਂ ਦਿੱਤੀ ਜਾਂਦੀ। ਪਰ ਮੈਂ ਅਜੈ ਆਹੂਜਾ ਨੂੰ ਮੰਗਿਆ। ਮੈਂ ਕਿਹਾ, ‘ਮੈਨੂੰ ਪਤਾ ਹੈ ਕਿ ਆਹੂਜਾ ਕਿਹੋ ਜਿਹਾ ਹੈ।’

ਇਸ ਤਰ੍ਹਾਂ ਅਜੈ ਆਹੂਜਾ ਮੇਰੇ ਸਕੁਆਡਰਨ ਵਿੱਚ ਆਇਆ।

ਇਸ ਕਰਕੇ ਮੇਰੇ ਮਨ ਵਿੱਚ ਇਹ ਗੱਲ ਹੋਰ ਵੀ ਜ਼ਿਆਦਾ ਸੀ ਕਿ ਮੈਂ ਉਸਨੂੰ ਖੁਦ ਬੁਲਾਇਆ ਸੀ।

ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹਾਂ ਕਿ ਮੈਨੂੰ ਕਦੇ ਕਿਸੇ ਮਾਂ ਜਾਂ ਵਿਧਵਾ ਦੀਆਂ ਅੱਖਾਂ ਵਿੱਚ ਦੇਖ ਕੇ ਇਹ ਨਹੀਂ ਦੱਸਣਾ ਪਿਆ ਕਿ ਉਸ ਦਾ ਪੁੱਤਰ ਜਾਂ ਪਤੀ ਵਾਪਸ ਕਿਉਂ ਨਹੀਂ ਆਇਆ। ਇਹ ਮੇਰੀ ਖਾਸੀਅਤ ਸੀ।

ਸ੍ਰੀਨਗਰ ਤੋਂ ਅਜੈ ਦੀ ਲਾਸ਼ ਬਠਿੰਡਾ ਆਈ ਅਤੇ ਉੱਥੇ ਉਸ ਦਾ ਸਸਕਾਰ ਹੋਇਆ। ਉੱਥੇ ਅਲਕਾ ਨੇ ਮੈਨੂੰ ਕਿਹਾ, ‘ਟੋਨੀ, ਮੈਂ ਉਸ ਨੂੰ ਤੁਹਾਡੇ ਨਾਲ ਇਸ ਲਈ ਭੇਜਿਆ ਸੀ ਕਿਉਂਕਿ ਮੈਨੂੰ ਯਕੀਨ ਸੀ ਕਿ ਉਹ ਵਾਪਸ ਆਵੇਗਾ।’

ਇਸ ਗੱਲ ਨੇ ਮੈਨੂੰ ਬਹੁਤ ਛੂਹਿਆ। ਮੈਨੂੰ ਬਹੁਤ ਵੱਡੀ ਗਿਲਟ ਮਹਿਸੂਸ ਹੋਈ। ਇਹ ਮੁੱਖ ਕਾਰਨ ਸੀ ਕਿ ਇਹ ਗੱਲ ਮੇਰੇ ‘ਤੇ ਬਹੁਤ ਅਸਰ ਕਰ ਗਈ।

ਫ਼ਿਲਮ ਦਾ ਪੋਸਟਰ

ਤਸਵੀਰ ਸਰੋਤ, Netflix

ਸਵਾਲ: ਸਭ ਤੋਂ ਵੱਧ ਚੁਣੌਤੀਪੂਰਨ ਕੀ ਸੀ? ਕੀ ਕੋਈ ਅਜਿਹਾ ਪਲ ਸੀ ਜਦੋਂ ਤੁਹਾਨੂੰ ਬਹੁਤ ਤੇਜ਼ੀ ਨਾਲ ਫ਼ੈਸਲਾ ਲੈਣਾ ਪਿਆ?

ਬੀਰੇਂਦਰ ਸਿੰਘ ਧਨੋਆ: ਸਫ਼ੇਦ ਸਾਗਰ ਦਾ ਸਭ ਤੋਂ ਚੁਣੌਤੀਪੂਰਨ ਮਿਸ਼ਨ ਰਾਤ ਦੀ ਸਟ੍ਰਾਈਕ ਸੀ।

ਉਸ ਵਿੱਚ ਤੁਹਾਨੂੰ ਇਹ ਫ਼ੈਸਲਾ ਕਰਨਾ ਪੈਂਦਾ ਸੀ ਕਿ ਕੀ ਤੁਸੀਂ ਜਾਰੀ ਰੱਖਣਾ ਹੈ ਜਾਂ ਅਬੌਰਟ ਕਰਨਾ ਹੈ।

ਕਈ ਵਾਰ ਬੱਦਲਾਂ ਦੇ ਹੇਠਾਂ ਵਾਲਾ ਇਲਾਕਾ ਬਿਲਕੁਲ ਹਨੇਰਾ ਹੋ ਜਾਂਦਾ ਸੀ। ਫਿਰ ਤੁਹਾਨੂੰ ਫ਼ੈਸਲਾ ਕਰਨਾ ਪੈਂਦਾ ਸੀ ਕਿ ਅੱਗੇ ਚੰਨ ਦਿਖ ਰਿਹਾ ਹੈ ਜਾਂ ਨਹੀਂ। ਜੇ ਅੱਗੇ ਚੰਨ ਨਹੀਂ ਦਿਖ ਰਿਹਾ ਤਾਂ ਤੁਹਾਨੂੰ ਅਬੌਰਟ ਕਰਨਾ ਪੈਂਦਾ ਸੀ। ਨਹੀਂ ਤਾਂ ਤੁਸੀਂ ਪਹਾੜਾਂ ਵਿੱਚ ਜਾ ਕੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਸੀ।

ਜੇ ਕੋਈ ਨੌਜਵਾਨ ਪਾਇਲਟ ਅੱਗੇ ਹੋਵੇ ਤਾਂ ਉਸਨੂੰ ਇਹ ਚਿੰਤਾ ਹੋ ਸਕਦੀ ਸੀ ਕਿ CO ਕੀ ਕਹੇਗਾ, ਇਸ ਲਈ ਉਹ ਕੋਸ਼ਿਸ਼ ਕਰੇਗਾ। ਮੈਂ ਆਪਣੇ ਆਪ ਨੂੰ ਅੱਗੇ ਰੱਖਦਾ ਸੀ ਤਾਂ ਜੋ ਇਹ ਫ਼ੈਸਲਾ ਮੈਂ ਕਰਾਂ।

ਮੇਰੇ ਪਿੱਛੇ ਜਿੰਨੇ ਲੋਕ ਆ ਰਹੇ ਹਨ, ਉਹ ਵੀ ਮੇਰੇ ਫ਼ੈਸਲੇ ‘ਤੇ ਨਿਰਭਰ ਹਨ। ਇਸ ਲਈ ਮਿਲਟਰੀ ਫਲਾਇੰਗ ਕੈਲਕੁਲੇਟਿਡ ਰਿਸਕ ਬਾਰੇ ਹੈ। ਤੁਸੀਂ ਜੋਖ਼ਮ ਨਹੀਂ ਲਓਗੇ ਤਾਂ ਲੜ ਨਹੀਂ ਸਕਦੇ।

ਬੀਰੇਂਦਰ ਸਿੰਘ ਧਨੋਆ ਆਪਣੇ ਸਾਥੀਆਂ ਨਾਲ।

ਤਸਵੀਰ ਸਰੋਤ, Birender Singh Dhanoa

ਸਵਾਲ: ਆਪਰੇਸ਼ਨ ਸਫ਼ੇਦ ਸਾਗਰ ਨੇ ਭਾਰਤੀ ਹਵਾਈ ਫੌਜ ਜਾਂ ਪੂਰੀ ਮਿਲਟਰੀ ਨੂੰ ਕਿਹੜੇ ਅਹਿਮ ਸਬਕ ਸਿਖਾਏ, ਜੋ ਅੱਜ ਤੱਕ ਨਾਲ ਹਨ?

ਬੀਰੇਂਦਰ ਸਿੰਘ ਧਨੋਆ: ਸਭ ਤੋਂ ਪਹਿਲੀ ਗੱਲ ਸੀ ਨਵੀਂ ਤਕਨਾਲੋਜੀ ਦੀ ਲੋੜ। ਸਾਡੇ ਕੋਲ ਲੇਜ਼ਰ ਗਾਈਡਡ ਬੰਬ ਨਹੀਂ ਸਨ।

1998 ਦੇ ਪਰਮਾਣੂ ਧਮਾਕਿਆਂ ਤੋਂ ਬਾਅਦ ਸਾਡੇ ‘ਤੇ ਪਾਬੰਦੀਆਂ ਲੱਗੀਆਂ ਸਨ। ਜਿਹੜੀ ਤਕਨਾਲੋਜੀ ਹੈ, ਉਹ ਪੱਛਮ ਤੋਂ ਆਉਂਦੀ ਹੈ। ਇਜ਼ਰਾਇਲ ਤੋਂ ਆਉਂਦੀ ਹੈ, ਅਮਰੀਕਾ ਤੋਂ ਆਉਂਦੀ ਹੈ, ਫਰਾਂਸ ਤੋਂ ਆਉਂਦੀ ਹੈ।

ਜੇ ਤੁਹਾਡੇ ‘ਤੇ ਪਾਬੰਦੀਆਂ ਲੱਗ ਜਾਣ ਤਾਂ ਤੁਹਾਨੂੰ ਤਕਨਾਲੋਜੀ ਨਹੀਂ ਮਿਲੇਗੀ। ਜਦੋਂ ਪਾਬੰਦੀਆਂ ਹਟੀਆਂ ਤਾਂ ਸਾਡੇ ਕੋਲ ਤਕਨਾਲੋਜੀ ਆਈ। ਇਹ ਇੱਕ ਵੱਡਾ ਸਬਕ ਸੀ।

ਦੂਜਾ ਸਬਕ ਸੀ ਕਿ ਬਦਲਦੇ ਹਾਲਾਤ ਵਿੱਚ ਤੁਰੰਤ ਸੋਚਣ ਅਤੇ ਫ਼ੈਸਲਾ ਲੈਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਇੱਕ ਪੁਰਾਣਾ ਮਿਲਟਰੀ ਸਟੇਟਮੈਂਟ ਹੈ ਕਿ ਦੁਸ਼ਮਣ ਨਾਲ ਪਹਿਲੇ ਸੰਪਰਕ ਤੋਂ ਬਾਅਦ ਪਲਾਨ ਖਿੜਕੀ ਤੋਂ ਬਾਹਰ ਚਲਾ ਜਾਂਦਾ ਹੈ।

ਏਅਰ ਮਾਰਸ਼ਲ ਪਟਨੀ, ਜੋ ਸਾਡੇ C-in-C ਸਨ, ਨੂੰ ਪੂਰੇ ਅੰਕ ਦੇਣੇ ਚਾਹੀਦੇ ਹਨ ਕਿ ਉਹ ਹਾਲਾਤ ਦੇ ਮੁਤਾਬਕ ਤੁਰੰਤ ਸੋਚ ਸਕੇ ਅਤੇ ਉਨ੍ਹਾਂ ਨੇ ਰਣਨੀਤੀ ਬਦਲ ਦਿੱਤੀ।

ਘੱਟ ਉਚਾਈ ਵਾਲੀ ਬੰਬਾਰੀ ਤੋਂ ਉਨ੍ਹਾਂ ਨੇ ਦਰਮਿਆਨੀ ਉਚਾਈ ਤੋਂ GPS ਦੀ ਮਦਦ ਨਾਲ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ।

ਅਸੀਂ ਇਸ ਨੂੰ ਤੁਰੰਤ ਸ਼ੁਰੂ ਕੀਤਾ। ਹੌਲੀ-ਹੌਲੀ ਇਹ ਹੋਰ ਸਹੀ ਹੁੰਦੀ ਗਈ। ਪਰ ਅਸੀਂ ਇਹ ਇੰਤਜ਼ਾਰ ਨਹੀਂ ਕੀਤਾ ਕਿ ਪਹਿਲਾਂ ਇਸ ਨੂੰ 100 ਫ਼ੀਸਦੀ ਸਹੀ ਕਰੀਏ ਅਤੇ ਫਿਰ ਹਮਲਾ ਕਰੀਏ। ਅਸੀਂ ਤੁਰੰਤ ਸ਼ੁਰੂ ਕੀਤਾ।

ਇਹ ਬਹੁਤ ਵੱਡਾ ਸਬਕ ਸੀ ਕਿ ਤੁਹਾਨੂੰ ਬਿਲਕੁਲ ਬਦਲੇ ਹੋਏ ਹਾਲਾਤ ਵਿੱਚ ਵੀ ਲੜਨ ਲਈ ਤਿਆਰ ਰਹਿਣਾ ਚਾਹੀਦਾ ਹੈ।

ਇਹ ਮੇਰੇ ਲਈ ਕਾਰਗਿਲ ਦਾ ਬਹੁਤ ਵੱਡਾ ਸਬਕ ਸੀ।

ਬੀਐੱਸ ਧਨੋਆ

ਤਸਵੀਰ ਸਰੋਤ, Birender Singh Dhanoa

ਸਵਾਲ: ਤੁਸੀਂ 41 ਸਾਲ ਸੇਵਾ ਕੀਤੀ ਹੈ। ਪਰ ਤੁਸੀਂ ਏਅਰ ਫੋਰਸ ਵਿੱਚ ਆਉਣ ਬਾਰੇ ਕਿਵੇਂ ਸੋਚਿਆ?

ਬੀਰੇਂਦਰ ਸਿੰਘ ਧਨੋਆ: ਸਾਡਾ ਪਿੰਡ ਇੱਥੇ ਹੀ ਹੈ, ਘੜੂੰਆ। ਪਰ ਮੇਰਾ ਜਨਮ ਦੇਓਘਰ ਵਿੱਚ ਹੋਇਆ ਸੀ।

ਮੇਰੇ ਪਿਤਾ IAS ਅਧਿਕਾਰੀ ਸਨ। ਉਸ ਸਮੇਂ ਝਾਰਖੰਡ ਨਹੀਂ ਸੀ, ਬਿਹਾਰ ਸੀ। ਮੇਰੇ ਪਿਤਾ ਦੇਓਘਰ ਵਿੱਚ SDO ਸਨ।

ਮੇਰੇ ਦਾਦਾ ਜੀ ਰਿਟਾਇਰ ਹੋਣ ਤੋਂ ਬਾਅਦ ਇੱਥੇ ਆ ਗਏ ਸਨ।

ਦਾਦਾ-ਦਾਦੀ ਕੋਲ ਬੱਚਿਆਂ ਲਈ ਜ਼ਿਆਦਾ ਸਮਾਂ ਹੁੰਦਾ ਹੈ। ਮਾਪਿਆਂ ਕੋਲ ਹਮੇਸ਼ਾ ਘੱਟ ਸਮਾਂ ਹੁੰਦਾ ਹੈ।

ਉਹ ਮੈਨੂੰ ਕਹਾਣੀਆਂ ਸੁਣਾਉਂਦੇ ਸਨ। ਦੂਜੇ ਵਿਸ਼ਵ ਯੁੱਧ ਦੀਆਂ ਕਹਾਣੀਆਂ, ਆਪਣੀ ਜ਼ਿੰਦਗੀ ਦੀਆਂ ਕਹਾਣੀਆਂ। ਉਨ੍ਹਾਂ ਕੋਲ ਬਹੁਤ ਦਿਲਚਸਪ ਕਹਾਣੀਆਂ ਹੁੰਦੀਆਂ ਸਨ। ਉਨ੍ਹਾਂ ਨੇ ਮੇਰੀਆਂ ਅੱਖਾਂ ਵਿੱਚ ਇਹ ਸੁਪਨਾ ਪੈਦਾ ਕਰ ਦਿੱਤਾ ਕਿ ਇਹੀ ਉਹ ਕੰਮ ਹੈ ਜੋ ਮੈਂ ਕਰ ਸਕਦਾ ਹਾਂ। ਮੈਂ RMC ਦੇਹਰਾਦੂਨ ਜੁਆਇਨ ਕੀਤਾ।

ਮੇਰੇ ਚਾਚਾ ਜੀ ਨੇ ਏਅਰ ਫੋਰਸ ਜੁਆਇਨ ਕੀਤੀ ਸੀ। ਪਹਿਲਾਂ ਮੈਂ ਫ਼ੈਸਲਾ ਕੀਤਾ ਸੀ ਕਿ ਫੌਜ ਜੁਆਇਨ ਕਰਨੀ ਹੈ। ਫਿਰ ਏਅਰ ਫੋਰਸ ਜੁਆਇਨ ਕਰਨ ਦਾ ਫ਼ੈਸਲਾ ਕੀਤਾ।

ਮੈਨੂੰ ਉਮੀਦ ਹੈ ਕਿ ਅਗਲੀ ਪੀੜ੍ਹੀ ‘ਸਫ਼ੈਦ ਸਾਗਰ’ ਦੇਖ ਕੇ ਪ੍ਰਭਾਵਿਤ ਹੋਵੇਗੀ ਅਤੇ ਆਪਣੀਆਂ ਅੱਖਾਂ ਵਿੱਚ ਸੁਪਨੇ ਲੈ ਕੇ ਏਅਰ ਫੋਰਸ ਜੁਆਇਨ ਕਰੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI