Source :- BBC PUNJABI
ਤਸਵੀਰ ਸਰੋਤ, Getty Images
ਜਿਹੜਾ ਪਨੀਰ ਤੁਸੀਂ ਰੋਜ਼ ਖਾਂਦੇ ਹੋ, ਉਹ ਦੁੱਧ ਤੋਂ ਬਣਿਆ ਹੈ ਜਾਂ ਦੁੱਧ ਤੋਂ ਬਣੇ ਪਨੀਰ ਵਰਗੀ ਦਿਖਾਈ ਦੇਣ ਵਾਲੀ ਕੋਈ ਹੋਰ ਹੀ ਚੀਜ਼ ਹੈ?
ਇਸੇ ਸਵਾਲ ‘ਤੇ ਹੁਣ ਸਰਕਾਰਾਂ ਦੀ ਨਜ਼ਰ ਹੈ।
ਮੱਧ ਪ੍ਰਦੇਸ਼ ਸਰਕਾਰ ਨੇ ਐਨਾਲੌਗ ਪਨੀਰ ਦੇ ਉਤਪਾਦਨ, ਵਿੱਕਰੀ ਅਤੇ ਇਸਤੇਮਾਲ ‘ਤੇ ਰੋਕ ਲਗਾ ਦਿੱਤੀ ਹੈ।
ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਅਜਿਹਾ ਕਰਨ ਵਾਲਾ ਦੇਸ਼ ਦਾ ਚੌਥਾ ਸੂਬਾ ਬਣ ਗਿਆ ਹੈ। ਇਸ ਤੋਂ ਪਹਿਲਾਂ ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਐਨਾਲੌਗ ਪਨੀਰ ‘ਤੇ ਰੋਕ ਲਗਾਈ ਜਾ ਚੁੱਕੀ ਹੈ।
ਮੱਧ ਪ੍ਰਦੇਸ਼ ਸਰਕਾਰ ਨੇ ਇਸ ਫ਼ੈਸਲੇ ਦਾ ਕਾਰਨ ਸਿਹਤ ਸਬੰਧੀ ਚਿੰਤਾਵਾਂ ਨੂੰ ਦੱਸਿਆ ਹੈ।
ਖੁਰਾਕ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਵੱਖ-ਵੱਖ ਇਲਾਕਿਆਂ ਵਿੱਚ ਪਨੀਰ ਬਣਾਉਣ ਵਾਲੀਆਂ ਫੈਕਟਰੀਆਂ ਦੀ ਜਾਂਚ ਕਰਨ ਅਤੇ ਐਨਾਲੌਗ ਪਨੀਰ ਮਿਲਣ ‘ਤੇ ਉਸ ਨੂੰ ਜ਼ਬਤ ਕਰਨ।
ਪਰ ਆਖ਼ਿਰ ਐਨਾਲੌਗ ਪਨੀਰ ਹੈ ਕੀ, ਇੰਨੇ ਵੱਡੇ ਪੱਧਰ ‘ਤੇ ਇਸ ਦਾ ਇਸਤੇਮਾਲ ਕਿਉਂ ਹੋਣ ਲੱਗ ਪਿਆ?
ਐਨਾਲੌਗ ਪਨੀਰ ਕੀ ਹੈ?

ਰਵਾਇਤੀ ਪਨੀਰ ਦੁੱਧ ਤੋਂ ਬਣਾਇਆ ਜਾਂਦਾ ਹੈ। ਕੁਝ ਖੱਟੀਆਂ ਚੀਜ਼ਾਂ ਦੀ ਮਦਦ ਨਾਲ ਦੁੱਧ ਤੋਂ ਪਨੀਰ ਤਿਆਰ ਹੁੰਦਾ ਹੈ।
ਐਨਾਲੌਗ ਪਨੀਰ ਇਸ ਦਾ ਇੱਕ ਸਸਤਾ ਬਦਲ ਹੈ। ਇਸ ਵਿੱਚ ਦੁੱਧ ਦੀ ਥਾਂ ਹੋਰ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਮਿਸਾਲ ਵਜੋਂ, ਦੁੱਧ ਤੋਂ ਮਿਲਣ ਵਾਲੇ ਫੈਟ ਦੀ ਥਾਂ ਵਨਸਪਤੀ ਤੇਲ ਜਾਂ ਵਨਸਪਤੀ ਫੈਟ ਅਤੇ ਦੁੱਧ ਤੋਂ ਮਿਲਣ ਵਾਲੇ ਪ੍ਰੋਟੀਨ ਦੀ ਥਾਂ ਸੋਇਆ ਜਾਂ ਮਟਰ ਤੋਂ ਮਿਲਣ ਵਾਲੇ ਪ੍ਰੋਟੀਨ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਕਈ ਵਾਰ ਐਨਾਲੌਗ ਪਨੀਰ ਬਣਾਉਣ ਵਿੱਚ ਸਟਾਰਚ ਅਤੇ ਹੋਰ ਚੀਜ਼ਾਂ, ਜਿਨ੍ਹਾਂ ਵਿੱਚ ਕੈਮੀਕਲ ਵੀ ਸ਼ਾਮਲ ਹਨ, ਮਿਲਾਈਆਂ ਜਾਂਦੀਆਂ ਹਨ।
ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਕਿ ਇਹ ਅਸਲੀ ਪਨੀਰ ਵਰਗਾ ਲੱਗੇ।
ਇਹੀ ਕਾਰਨ ਹੈ ਕਿ ਐਨਾਲੌਗ ਪਨੀਰ ਨੂੰ ਸਿਰਫ਼ ਦੇਖ ਕੇ ਪਛਾਣਨਾ ਆਸਾਨ ਨਹੀਂ ਹੈ।
ਪਰ ਦੋਵਾਂ ਵਿਚਕਾਰ ਇੱਕ ਵੱਡਾ ਫ਼ਰਕ ਹੈ।
ਦੁੱਧ ਤੋਂ ਬਣੇ ਪਨੀਰ ਵਿੱਚ ਦੁੱਧ ਦੇ ਕੁਦਰਤੀ ਪੋਸ਼ਕ ਤੱਤ ਹੁੰਦੇ ਹਨ, ਜਦਕਿ ਐਨਾਲੌਗ ਪਨੀਰ ਵਿੱਚ ਨਿਊਟ੍ਰਿਸ਼ਨਲ ਵੈਲਿਊ ਘੱਟ ਹੁੰਦੀ ਹੈ।
ਨਕਲੀ ਪਨੀਰ ਦਾ ਇਸਤੇਮਾਲ ਕਿਉਂ ਵਧ ਗਿਆ?

ਵੱਖ-ਵੱਖ ਲੋਕਾਂ, ਵਪਾਰੀਆਂ ਅਤੇ ਮਾਹਿਰਾਂ ਨਾਲ ਗੱਲ ਕਰਨ ‘ਤੇ ਇਸ ਦਾ ਜੋ ਸਭ ਤੋਂ ਵੱਡਾ ਕਾਰਨ ਸਾਹਮਣੇ ਆਉਂਦਾ ਹੈ, ਉਹ ਹੈ – ਘੱਟ ਲਾਗਤ ਅਤੇ ਸਸਤੀ ਕੀਮਤ।
ਭੋਪਾਲ ਦੇ ਇੱਕ ਵੱਡੇ ਡੇਅਰੀ ਅਤੇ ਪਨੀਰ ਸਪਲਾਇਰ ਸੁਮਿਤ ਜੈਨ ਦੇ ਮੁਤਾਬਕ, ਐਨਾਲੌਗ ਪਨੀਰ ਦੀ ਕੀਮਤ ਡੇਅਰੀ ਪਨੀਰ ਦੇ ਮੁਕਾਬਲੇ ਲਗਭਗ ਅੱਧੀ ਹੁੰਦੀ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, “ਮਾਰਕਿਟ ਵਿੱਚ ਸਸਤੀ ਚੀਜ਼ ਦੀ ਖਪਤ ਬਹੁਤ ਹੁੰਦੀ ਹੈ। ਪਿਛਲੇ ਕਈ ਸਾਲਾਂ ਵਿੱਚ ਐਨਾਲੌਗ ਪਨੀਰ ਨੇ ਹੌਲੀ-ਹੌਲੀ ਬਾਜ਼ਾਰ ਵਿੱਚ ਆਪਣੀ ਮਜ਼ਬੂਤ ਜਗ੍ਹਾ ਬਣਾ ਲਈ ਹੈ। ਬਾਕੀ ਸ਼ਹਿਰਾਂ ਵਿੱਚ ਵੀ ਸਾਡੇ ਸੰਪਰਕ ਹਨ, ਜ਼ਿਆਦਾਤਰ ਥਾਵਾਂ ‘ਤੇ ਐਨਾਲੌਗ ਪਨੀਰ ਖੂਬ ਵਿਕ ਰਿਹਾ ਹੈ ਅਤੇ ਭੋਪਾਲ ਦੇ ਬਾਜ਼ਾਰ ਵਿੱਚ 60 ਤੋਂ 65 ਫ਼ੀਸਦੀ ਤੱਕ ਐਨਾਲੌਗ ਪਨੀਰ ਵਿਕ ਰਿਹਾ ਸੀ।”
ਉਨ੍ਹਾਂ ਮੁਤਾਬਕ, ਪਹਿਲਾਂ ਸਪਲਾਇਰ, ਦੁਕਾਨਦਾਰ ਅਤੇ ਗਾਹਕ ਆਮ ਤੌਰ ‘ਤੇ ਇਹ ਨਹੀਂ ਦੇਖਦੇ ਸਨ ਕਿ ਪਨੀਰ ਡੇਅਰੀ ਵਾਲਾ ਹੈ ਜਾਂ ਐਨਾਲੌਗ।
ਘੱਟ ਕੀਮਤ ਕਾਰਨ ਵੱਡੇ ਪੱਧਰ ‘ਤੇ ਖਾਣਾ ਬਣਾਉਣ ਵਾਲੇ ਕਾਰੋਬਾਰਾਂ ਲਈ ਵੀ ਇਹ ਸਸਤਾ ਬਦਲ ਬਣ ਗਿਆ।
ਮੱਧ ਪ੍ਰਦੇਸ਼ ਵਿੱਚ ਹੁਣ ਰੋਕ ਲੱਗਣ ਤੋਂ ਬਾਅਦ ਇਸ ਦਾ ਅਸਰ ਬਾਜ਼ਾਰ ‘ਤੇ ਵੀ ਦਿਖਾਈ ਦੇ ਰਿਹਾ ਹੈ।
ਭੋਪਾਲ ਦੇ ਇੱਕ ਰੈਸਟੋਰੈਂਟ ਮਾਲਕ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਉਨ੍ਹਾਂ ਦੇ ਇੱਥੇ ਪਹਿਲਾਂ ਐਨਾਲੌਗ ਪਨੀਰ ਇਸਤੇਮਾਲ ਹੁੰਦਾ ਸੀ। ਪਾਬੰਦੀ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਬੰਦ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ, “ਹੁਣ ਗਾਹਕ ਪਨੀਰ ਆਰਡਰ ਕਰਨ ਤੋਂ ਪਹਿਲਾਂ ਪੁੱਛ ਰਹੇ ਹਨ ਕਿ ਪਨੀਰ ਡੇਅਰੀ ਵਾਲਾ ਹੈ ਜਾਂ ਐਨਾਲੌਗ। ਹੁਣ ਜਦੋਂ ਬੈਨ ਲੱਗ ਗਿਆ ਹੈ ਤਾਂ ਡੇਅਰੀ ਵਾਲੇ ਪਨੀਰ ਦੀ ਸਪਲਾਈ ਵਿੱਚ ਕਮੀ ਵੀ ਮਹਿਸੂਸ ਹੋ ਰਹੀ ਹੈ ਅਤੇ ਕਈ ਵਾਰ ਪਨੀਰ ਖ਼ਤਮ ਹੋਣ ਦੀ ਵਜ੍ਹਾ ਨਾਲ ਗਾਹਕਾਂ ਦਾ ਆਰਡਰ ਪੂਰਾ ਕਰਨ ਤੋਂ ਮਨ੍ਹਾਂ ਕਰਨਾ ਪੈ ਰਿਹਾ ਹੈ।”
ਮਾਹਿਰ ਕੀ ਕਹਿ ਰਹੇ ਹਨ?
ਬੀਬੀਸੀ ਮਰਾਠੀ ਦੀ ਇੱਕ ਰਿਪੋਰਟ ਦੇ ਮੁਤਾਬਕ, ਗੁਜਰਾਤ ਵਿੱਚ ਪਨੀਰ ਦੀ ਜਾਂਚ ਨਾਲ ਜੁੜੇ ਰਹੇ ਸਾਬਕਾ ਫੂਡ ਐਂਡ ਡਰੱਗ ਕਮਿਸ਼ਨਰ ਐੱਚ ਜੀ ਕੋਸ਼ੀਆ ਨੇ ਦੱਸਿਆ ਕਿ ਦੁੱਧ ਤੋਂ ਬਣਿਆ ਪਨੀਰ ਅਤੇ ਐਨਾਲੌਗ ਪਨੀਰ ਇੱਕੋ ਨਹੀਂ ਹਨ।
ਉਨ੍ਹਾਂ ਮੁਤਾਬਕ, ਦੁੱਧ ਤੋਂ ਬਣੇ ਪਨੀਰ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜਦਕਿ ਐਨਾਲੌਗ ਪਨੀਰ ਵਿੱਚ ਦੁੱਧ ਦੀ ਥਾਂ ਵਨਸਪਤੀ ਤੇਲ ਤੋਂ ਬਣੇ ਫੈਟ ਦਾ ਇਸਤੇਮਾਲ ਹੁੰਦਾ ਹੈ, ਜਿਸ ਵਿੱਚ ਪੋਸ਼ਕ ਤੱਤ ਬਹੁਤ ਘੱਟ ਹੁੰਦੇ ਹਨ।
ਉਨ੍ਹਾਂ ਕਿਹਾ ਸੀ ਕਿ ਐਨਾਲੌਗ ਪਨੀਰ ਖਾਣ ਯੋਗ ਹੋ ਸਕਦਾ ਹੈ, ਪਰ ਇਹ ਅਸਲੀ ਦੁੱਧ ਵਾਲਾ ਪਨੀਰ ਨਹੀਂ ਹੈ।
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿਆਂਕ ਨੇ ਵੀ ਐਨਾਲੌਗ ਪਨੀਰ ਦੀ ਪੋਸ਼ਣ ਸਬੰਧੀ ਗੁਣਵੱਤਾ ‘ਤੇ ਸਵਾਲ ਚੁੱਕੇ ਹਨ।
ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ, “ਅਸੀਂ ਸਾਰੇ ਸੂਬਿਆਂ ਅਤੇ ਐਫਐਸਐਸਏਆਈ ਨੂੰ ਲਿਖਿਆ ਹੈ ਕਿ ਜਦੋਂ ਇਹ ਚੀਜ਼ ਪਨੀਰ ਹੈ ਹੀ ਨਹੀਂ, ਤਾਂ ਫਿਰ ਇਸ ਨੂੰ ਐਨਾਲੌਗ ਪਨੀਰ ਦੇ ਨਾਮ ‘ਤੇ ਕਿਉਂ ਵੇਚਿਆ ਜਾ ਰਿਹਾ ਹੈ? ਮੈਨੂੰ ਤਾਂ ਇਹ ਵੀ ਸਮਝ ਨਹੀਂ ਆਉਂਦਾ ਕਿ ਆਖ਼ਿਰ ਐਨਾਲੌਗ ਪਨੀਰ ਦੇਸ਼ ਦੀ ਕਿਹੜੀ ਨਿਊਟ੍ਰਿਸ਼ਨਲ ਵੈਲਿਊ ਜਾਂ ਲੋੜ ਨੂੰ ਪੂਰਾ ਕਰ ਰਿਹਾ ਹੈ?”
ਉਨ੍ਹਾਂ ਦਾ ਕਹਿਣਾ ਹੈ ਕਿ ਐਨਾਲੌਗ ਨੂੰ ਬਾਜ਼ਾਰ ਵਿੱਚ ਜਗ੍ਹਾ ਦੇਣ ਨਾਲ ਡੇਅਰੀ ਸੈਕਟਰ ਵਿੱਚ ਕੰਮ ਕਰ ਰਹੇ ਛੋਟੇ ਕਿਸਾਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਉਨ੍ਹਾਂ ਕਿਹਾ, “ਐਨਾਲੌਗ ਨੂੰ ਜਗ੍ਹਾ ਦੇਕੇ ਤੁਸੀਂ ਹਰ ਪਾਸੇ ਬਰਬਾਦੀ ਕਰ ਰਹੇ ਹੋ। ਜੇ ਪਨੀਰ ਫੈਕਟਰੀ ਵਿੱਚ ਅਤੇ ਕੈਮੀਕਲ ਨਾਲ ਬਣਨ ਲੱਗੇਗਾ ਤਾਂ ਗਾਂ-ਮੱਝ ਪਾਲਣ ਵਾਲਾ ਕਿਸਾਨ ਕੀ ਕਰੇਗਾ?”
ਐਨਐਚਆਰਸੀ ਨੇ ਐਫਐਸਐਸਏਆਈ ਤੋਂ ਐਨਾਲੌਗ ਪਨੀਰ ਦੀ ਬਣਤਰ, ਪੋਸ਼ਣ ਮੁੱਲ (ਨਿਊਟ੍ਰੀਸ਼ਨਲ ਵੈਲਿਊ), ਸਿਹਤ ਸਬੰਧੀ ਚਿੰਤਾਵਾਂ ਅਤੇ ਇਸ ਦੀ ਜਾਂਚ ਦੇ ਤਰੀਕਿਆਂ ‘ਤੇ ਜਵਾਬ ਮੰਗਿਆ ਹੈ।
ਕਮਿਸ਼ਨ ਨੇ ਸੂਬਿਆਂ ਤੋਂ ਵੀ ਇਸ ਦੇ ਉਤਪਾਦਨ, ਸਪਲਾਈ, ਵਿੱਕਰੀ, ਸੈਂਪਲਿੰਗ ਅਤੇ ਕਾਰਵਾਈ ਦੀ ਜਾਣਕਾਰੀ ਮੰਗੀ ਹੈ।
ਐਨਾਲੌਗ ਪਨੀਰ ‘ਤੇ ਸਾਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ ਅਤੇ ਇਸ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਇਸ ਦੀ ਪਛਾਣ ਕਿਵੇਂ ਕੀਤੀ ਜਾਵੇ।
ਐਨਾਲੌਗ ਪਨੀਰ ਦੀ ਪਛਾਣ ਕਿਵੇਂ ਕਰ ਸਕਦੇ ਹਾਂ?

ਜੇ ਪਨੀਰ ਪੈਕੇਟ ਵਿੱਚ ਬੰਦ ਹੈ, ਤਾਂ ਪਛਾਣ ਦਾ ਸਭ ਤੋਂ ਆਸਾਨ ਤਰੀਕਾ ਹੈ ਉਸ ਦਾ ਲੇਬਲ ਅਤੇ ਉਸ ਵਿੱਚ ਇਸਤੇਮਾਲ ਕੀਤੀਆਂ ਗਈਆਂ ਚੀਜ਼ਾਂ ਦੀ ਲਿਸਟ ਪੜ੍ਹਨਾ।
ਜੇ ਉਸ ਵਿੱਚ ਵਨਸਪਤੀ ਤੇਲ, ਵਨਸਪਤੀ ਫੈਟ, ਸੋਇਆ ਪ੍ਰੋਟੀਨ, ਮਟਰ ਦਾ ਪ੍ਰੋਟੀਨ ਜਾਂ ਹੋਰ ਗੈਰ-ਦੁੱਧ ਵਾਲੇ ਪਦਾਰਥ ਇਸਤੇਮਾਲ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ, ਤਾਂ ਇਹ ਰਵਾਇਤੀ ਦੁੱਧ ਵਾਲੇ ਪਨੀਰ ਤੋਂ ਵੱਖ ਹੈ।
ਪਰ ਖੁੱਲ੍ਹੇ ਵਿੱਚ ਵਿਕ ਰਹੇ ਪਨੀਰ ਦੇ ਮਾਮਲੇ ਵਿੱਚ ਡੇਅਰੀ ਜਾਂ ਐਨਾਲੌਗ ਪਨੀਰ ਦੀ ਪਛਾਣ ਔਖੀ ਹੈ।
ਸਿਰਫ਼ ਰੰਗ, ਖੁਸ਼ਬੂ, ਮੁਲਾਇਮਪਨ ਜਾਂ ਟੈਕਸਚਰ ਦੇਖ ਕੇ ਐਨਾਲੌਗ ਪਨੀਰ ਦੀ ਪੱਕੀ ਪਛਾਣ ਨਹੀਂ ਕੀਤੀ ਜਾ ਸਕਦੀ।
ਸੋਸ਼ਲ ਮੀਡੀਆ ਅਤੇ ਇੰਟਰਨੈੱਟ ‘ਤੇ ਆਇਓਡੀਨ ਟੈਸਟ ਨੂੰ ਲੈਕੇ ਵੀ ਕਈ ਦਾਅਵੇ ਕੀਤੇ ਜਾ ਰਹੇ ਹਨ।
ਮਿਸਾਲ ਵਜੋਂ ਇਹ ਕਿਹਾ ਜਾ ਰਿਹਾ ਹੈ ਕਿ ਪਨੀਰ ਦੇ ਨਮੂਨੇ ਵਿੱਚ ਆਇਓਡੀਨ ਪਾਉਣ ‘ਤੇ ਜੇ ਉਸ ਦਾ ਰੰਗ ਨੀਲਾ ਜਾਂ ਨੀਲਾ-ਕਾਲਾ ਹੋ ਜਾਵੇ, ਤਾਂ ਇਹ ਸਟਾਰਚ ਦੀ ਮੌਜੂਦਗੀ ਦਾ ਸੰਕੇਤ ਹੋ ਸਕਦਾ ਹੈ।
ਪਰ ਆਇਓਡੀਨ ਟੈਸਟ ਐਨਾਲੌਗ ਪਨੀਰ ਦੀ ਪਛਾਣ ਦਾ ਟੈਸਟ ਨਹੀਂ ਹੈ।
ਕਿਸੇ ਐਨਾਲੌਗ ਪਨੀਰ ਵਿੱਚ ਸਟਾਰਚ ਹੋ ਵੀ ਸਕਦਾ ਹੈ ਅਤੇ ਨਹੀਂ ਵੀ। ਇਸ ਲਈ ਰੰਗ ਬਦਲਣ ‘ਤੇ ਸਿਰਫ਼ ਸਟਾਰਚ ਦਾ ਸੰਕੇਤ ਮਿਲਦਾ ਹੈ, ਇਹ ਸਾਬਿਤ ਨਹੀਂ ਹੁੰਦਾ ਕਿ ਪਨੀਰ ਐਨਾਲੌਗ ਹੈ।
ਇਸੇ ਤਰ੍ਹਾਂ ਪਨੀਰ ਨੂੰ ਗਰਮ ਕਰਨ ਜਾਂ ਤਲਣ ‘ਤੇ ਜੇ ਉਹ ਬਹੁਤ ਜ਼ਿਆਦਾ ਤੇਲ ਛੱਡਦਾ ਹੈ, ਰਬੜ ਵਰਗਾ ਬਣਿਆ ਰਹਿੰਦਾ ਹੈ ਜਾਂ ਬਹੁਤ ਜ਼ਿਆਦਾ ਸੁੰਗੜਦਾ ਹੈ, ਤਾਂ ਇਹ ਸ਼ੱਕ ਕਰਨ ਦੀ ਵਜ੍ਹਾ ਹੋ ਸਕਦਾ ਹੈ ਕਿ ਜੋ ਪਨੀਰ ਤੁਸੀਂ ਇਸਤੇਮਾਲ ਕਰਨ ਜਾ ਰਹੇ ਹੋ, ਉਸ ਦੀ ਬਣਤਰ ਆਮ ਪਨੀਰ ਤੋਂ ਵੱਖ ਹੈ।
ਪਰ ਸਿਰਫ਼ ਇਨ੍ਹਾਂ ਤਬਦੀਲੀਆਂ ਤੋਂ ਇਹ ਤੈਅ ਨਹੀਂ ਕੀਤਾ ਜਾ ਸਕਦਾ ਕਿ ਉਹ ਐਨਾਲੌਗ ਪਨੀਰ ਹੀ ਹੈ ਜਾਂ ਸਿਹਤ ਲਈ ਅਸੁਰੱਖਿਅਤ ਹੈ।
ਪੱਕੀ ਪਛਾਣ ਲਈ ਲੈਬ ਵਿੱਚ ਜਾਂਚ ਕਰਾਉਣਾ ਹੀ ਜ਼ਿਆਦਾ ਭਰੋਸੇਮੰਦ ਤਰੀਕਾ ਹੈ।
ਐਨਾਲੌਗ ਪਨੀਰ ਦਾ ਸਿਹਤ ‘ਤੇ ਕੀ ਅਸਰ ਹੁੰਦਾ ਹੈ?

ਐਨਾਲੌਗ ਪਨੀਰ ਨੂੰ ਲੈਕੇ ਸਭ ਤੋਂ ਵੱਡੀ ਚਿੰਤਾ ਇਸ ਦੇ ਪੋਸ਼ਣ ਅਤੇ ਇਸ ਵਿੱਚ ਇਸਤੇਮਾਲ ਹੋਣ ਵਾਲੇ ਕੈਮੀਕਲਜ਼ ਅਤੇ ਫੈਟ ਨੂੰ ਲੈਕੇ ਹੈ।
ਭੋਪਾਲ ਦੇ ਗਾਂਧੀ ਮੈਡੀਕਲ ਕਾਲਜ ਦੇ ਦਿਲ ਦੇ ਰੋਗ ਸਬੰਧੀ ਵਿਭਾਗ ਵਿੱਚ ਕੰਮ ਕਰਨ ਵਾਲੇ ਡਾਕਟਰ ਅਜੇ ਸ਼ਰਮਾ ਨੇ ਬੀਬੀਸੀ ਨੂੰ ਕਿਹਾ ਕਿ ਐਨਾਲੌਗ ਪਨੀਰ ਵਿੱਚ ਇਸਤੇਮਾਲ ਹੋਣ ਵਾਲੇ ਟ੍ਰਾਂਸ ਫੈਟ ਅਤੇ ਹੋਰ ਚੀਜ਼ਾਂ ਦੀ ਵਜ੍ਹਾ ਨਾਲ ਲੰਬੇ ਸਮੇਂ ਵਿੱਚ ਕੋਲੇਸਟ੍ਰੋਲ ਦਾ ਪੱਧਰ ਵਧ ਸਕਦਾ ਹੈ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ, “ਐਨਾਲੌਗ ਪਨੀਰ ਵਿੱਚ ਟ੍ਰਾਂਸ ਫੈਟ ਅਤੇ ਬਾਕੀ ਚੀਜ਼ਾਂ ਦੇ ਚੱਲਦਿਆਂ ਕੋਲੇਸਟ੍ਰੋਲ ਦਾ ਪੱਧਰ ਵਧ ਸਕਦਾ ਹੈ ਅਤੇ ਦਿਲ ਸਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਵਿੱਚ ਹਾਈਡ੍ਰੋਜਨੇਟਿਡ ਫੈਟ ਅਤੇ ਕਈ ਤਰ੍ਹਾਂ ਦੇ ਹੋਰ ਕੈਮੀਕਲ ਇਸਤੇਮਾਲ ਕੀਤੇ ਜਾਂਦੇ ਹਨ। ਜੇ ਤੁਸੀਂ ਇਸ ਨੂੰ ਪੰਜ-ਦਸ ਸਾਲ ਤੱਕ ਖਾਂਦੇ ਰਹੋਗੇ, ਭਾਵੇਂ ਮਹੀਨੇ ਵਿੱਚ ਇੱਕ ਵਾਰ ਹੀ ਕਿਉਂ ਨਾ ਖਾ ਰਹੇ ਹੋਵੋ, ਤਾਂ ਸਰੀਰ ‘ਤੇ ਇਸ ਦਾ ਨਕਾਰਾਤਮਕ ਅਸਰ ਦਿਖੇਗਾ।”
ਗੁਜਰਾਤ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਤੇਜਸ ਪਟੇਲ ਨੇ ਵੀ ਐਨਾਲੌਗ ਪਨੀਰ ਵਿੱਚ ਇਸਤੇਮਾਲ ਹੋਣ ਵਾਲੀ ਵਨਸਪਤੀ ਤੇਲ ਤੋਂ ਬਣੀ ਚਰਬੀ ਨੂੰ ਲੈਕੇ ਚਿੰਤਾ ਜਤਾਈ ਹੈ। ਉਨ੍ਹਾਂ ਮੁਤਾਬਕ, ਇਸ ਦੇ ਕੁਝ ਐਲੀਮੈਂਟਸ ਲੰਬੇ ਸਮੇਂ ਵਿੱਚ ਦਿਲ ਤੱਕ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ।

ਬੀਬੀਸੀ ਮਰਾਠੀ ਨਾਲ ਗੱਲ ਕਰਦਿਆਂ ਡਾਕਟਰ ਰਾਜੇਸ਼ ਸ਼ਾਹ ਨੇ ਕਿਹਾ, ਐਨਾਲੌਗ ਪਨੀਰ ਤੋਂ ਬਣੇ ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਸਵਾਦ ਵਧਾਉਣ ਲਈ ਸੋਡੀਅਮ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖ਼ਤਰਾ ਹੋ ਸਕਦਾ ਹੈ।
ਹਾਲਾਂਕਿ, ਐਨਾਲੌਗ ਪਨੀਰ ਅਤੇ ਮਿਲਾਵਟੀ ਜਾਂ ਘਟੀਆ ਪਨੀਰ ਨੂੰ ਇੱਕੋ ਚੀਜ਼ ਮੰਨਣਾ ਸਹੀ ਨਹੀਂ ਹੋਵੇਗਾ।
ਹਰ ਐਨਾਲੌਗ ਪਨੀਰ ਨੂੰ ਜ਼ਹਿਰੀਲਾ ਜਾਂ ਅਸੁਰੱਖਿਅਤ ਕਹਿਣਾ ਵੀ ਸਹੀ ਨਹੀਂ ਹੈ। ਸਿਹਤ ‘ਤੇ ਅਸਰ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਉਸ ਵਿੱਚ ਕਿਸ ਤਰ੍ਹਾਂ ਦਾ ਫੈਟ ਅਤੇ ਹੋਰ ਪਦਾਰਥ ਇਸਤੇਮਾਲ ਕੀਤੇ ਗਏ ਹਨ, ਉਨ੍ਹਾਂ ਦੀ ਮਾਤਰਾ ਕਿੰਨੀ ਹੈ ਅਤੇ ਉਸ ਦਾ ਸੇਵਨ ਕਿਸ ਮਾਤਰਾ ਵਿੱਚ ਅਤੇ ਕਿੰਨੇ ਲੰਬੇ ਸਮੇਂ ਤੱਕ ਕੀਤਾ ਜਾ ਰਿਹਾ ਹੈ।
ਗੁਜਰਾਤ ਵਿੱਚ ਪਨੀਰ ਦੀ ਜਾਂਚ ਨਾਲ ਜੁੜੇ ਰਹੇ ਡਾਕਟਰ ਅਤੁਲ ਸੋਨੀ ਨੇ ਕੁਝ ਨਮੂਨਿਆਂ ਵਿੱਚ ਯੂਰੀਆ, ਡਿਟਰਜੈਂਟ ਪਾਊਡਰ, ਕਾਸਟਿਕ ਸੋਡਾ ਅਤੇ ਸਸਤੇ ਵਨਸਪਤੀ ਤੇਲ ਵਰਗੀਆਂ ਚੀਜ਼ਾਂ ਦੇ ਇਸਤੇਮਾਲ ਦੀ ਗੱਲ ਕਹੀ ਹੈ।
ਮਾਹਿਰਾਂ ਦੇ ਮੁਤਾਬਕ, ਸਵਾਲ ਸਿਰਫ਼ ਇੰਨਾ ਨਹੀਂ ਹੈ ਕਿ ਪਨੀਰ ਦੁੱਧ ਤੋਂ ਬਣਿਆ ਹੈ ਜਾਂ ਨਹੀਂ। ਸਵਾਲ ਇਹ ਵੀ ਹੈ ਕਿ ਉਸ ਦੀ ਥਾਂ ਇਸਤੇਮਾਲ ਕੀਤੇ ਗਏ ਪਦਾਰਥ ਕੀ ਹਨ, ਉਨ੍ਹਾਂ ਦੀ ਗੁਣਵੱਤਾ ਕਿਹੋ ਜਿਹੀ ਹੈ ਅਤੇ ਐਨਾਲੌਗ ਪਨੀਰ ਬਣਾਉਣ ਵਿੱਚ ਉਨ੍ਹਾਂ ਦਾ ਕਿਸ ਮਾਤਰਾ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ।
ਮੱਧ ਪ੍ਰਦੇਸ਼ ਵਿੱਚ ਰੋਕ ਤੋਂ ਬਾਅਦ ਹੁਣ ਖੁਰਾਕ ਵਿਭਾਗ ਵੱਖ-ਵੱਖ ਥਾਵਾਂ ‘ਤੇ ਪਨੀਰ ਦੀ ਜਾਂਚ ਕਰ ਰਿਹਾ ਹੈ ਅਤੇ ਐਨਾਲੌਗ ਪਨੀਰ ਮਿਲਣ ‘ਤੇ ਉਸ ਨੂੰ ਜ਼ਬਤ ਕੀਤਾ ਜਾ ਰਿਹਾ ਹੈ।
ਇਸ ਮਾਮਲੇ ‘ਤੇ ਆਮ ਖਪਤਕਾਰ ਲਈ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਕਿ ਜ਼ਰੂਰੀ ਨਹੀਂ ਕਿ ਪਨੀਰ ਵਰਗਾ ਦਿਖਾਈ ਦੇਣ ਵਾਲਾ ਹਰ ਉਤਪਾਦ ਦੁੱਧ ਤੋਂ ਬਣਿਆ ਪਨੀਰ ਹੀ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



