Source :- BBC PUNJABI
ਤਸਵੀਰ ਸਰੋਤ, PA Media
ਪੜ੍ਹਨ ਦਾ ਸਮਾਂ: 3 ਮਿੰਟ
ਕੀਅਰ ਸਟਾਰਮਰ ਨੇ ਯੂਕੇ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਲੇਬਰ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਸਟਾਰਮਰ ਨੇ ਕਿੰਗ ਚਾਰਲਜ਼ III ਨਾਲ ਗੱਲਬਾਤ ਕਰਕੇ ਆਪਣੇ ਅਸਤੀਫੇ ਦੇ ਫੈਸਲੇ ਦੀ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਲੀਡਰਸ਼ਿਪ ਦੀ ਚੋਣ ਲਈ ਸਮਾਂ-ਸਾਰਣੀ ਤੈਅ ਕੀਤੀ ਜਾਵੇ।
ਇਸ ਤਹਿਤ 9 ਜੁਲਾਈ ਤੋਂ ਨਾਮਜ਼ਦਗੀਆਂ ਮੰਗੀਆਂ ਜਾਣਗੀਆਂ ਅਤੇ ਗਰਮੀਆਂ ਦੀ ਸੰਸਦੀ ਛੁੱਟੀ ਤੋਂ ਪਹਿਲਾਂ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ।
ਇਸ ਦਾ ਅਰਥ ਹੈ ਕਿ ਸੰਸਦ ਦੇ ਸਤੰਬਰ ਵਿੱਚ ਮੁੜ ਬੈਠਣ ਤੋਂ ਪਹਿਲਾਂ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਉਸ ਸਮੇਂ ਤੱਕ ਉਹ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ।
‘ਪਾਰਟੀ ਦਾ ਸੁਨੇਹਾ ਮੈਂ ਸੁਣ ਲਿਆ ਹੈ’
ਤਸਵੀਰ ਸਰੋਤ, EPA/Shutterstock
ਕੀਅਰ ਸਟਾਰਮਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਵਾਲ ਕਰ ਰਹੀ ਹੈ ਕਿ ਕੀ ਉਹ ਅਗਲੀਆਂ ਚੋਣਾਂ ਦੀ ਅਗਵਾਈ ਕਰਨ ਦੇ ਯੋਗ ਹਨ ਜਾਂ ਨਹੀਂ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਵਾਲ ਦਾ ਜਵਾਬ “ਸੁਣ ਲਿਆ ਹੈ” ਅਤੇ ਉਹ ਇਸ ਨੂੰ “ਪੂਰੀ ਨਿਮਰਤਾ ਨਾਲ ਸਵੀਕਾਰ ਕਰਦੇ ਹਨ”।
ਇਸ ਦੌਰਾਨ ਸਟਾਰਮਰ ਨੇ ਕਿਹਾ ਕਿ ਉਨ੍ਹਾਂ ਨੇ ਹੁਣ ਤੱਕ ਜੋ ਵੀ ਫੈਸਲੇ ਲਏ ਆਪਣੇ ਮੁਲਕ ਲਈ ਲਏ ਜਿਸ ਨੂੰ ਉਹ ਸਭ ਤੋਂ ਵੱਧ ਪਿਆਰ ਕਰਦੇ ਹਨ।
ਨਵੇਂ ਲੀਡਰ ਦੀ ਦੌੜ ‘ਚ ਐਂਡੀ ਬਰਨਹੈਮ ਸਭ ਤੋਂ ਅੱਗੇ
ਤਸਵੀਰ ਸਰੋਤ, PA Media
ਕੀਅਰ ਸਟਾਰਮਰ ਤੋਂ ਬਾਅਦ ਹੁਣ ਐਂਡੀ ਬਰਨਹੈਮ ਲੇਬਰ ਪਾਰਟੀ ਦੇ ਲੀਡਰ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਆਪਣੇ ਸੰਬੋਧਨ ਦੌਰਾਨ ਖੁਦ ਕੀਅਰ ਸਟਾਰਮਰ ਨੇ ਐਂਡੀ ਬਰਨਹੈਮ ਦੇ ਨਿਰਵਿਰੋਧ ਚੁਣੇ ਜਾਣ ਦਾ ਇਸ਼ਾਰਾ ਕੀਤਾ ਹੈ।
ਕੀਅਰ ਸਟਾਰਮਰ ਨੇ ਕਿਹਾ ਕਿ ਉਹ ਲੇਬਰ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਨੂੰ ਕਹਿਣਗੇ ਕਿ ਨਵੇਂ ਲੀਡਰ ਲਈ ਨਾਮਜ਼ਦਗੀ ਪ੍ਰਕਿਰਿਆ 9 ਜੁਲਾਈ ਨੂੰ ਸ਼ੁਰੂ ਕੀਤੀ ਜਾਵੇ।
ਸਟਾਰਮਰ ਮੁਤਾਬਕ ਇਹ ਪ੍ਰਕਿਰਿਆ 16 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀਆਂ ਗਰਮੀਆਂ ਦੀਆਂ ਛੁੱਟੀਆਂ ਤੱਕ ਪੂਰੀ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਉਮੀਦਵਾਰਾਂ ਵਿਚਾਲੇ ਮੁਕਾਬਲਾ ਹੁੰਦਾ ਵੀ ਹੈ ਤਾਂ ਛੁੱਟੀਆਂ ਖਤਮ ਹੋਣ ‘ਤੇ 1 ਸਤੰਬਰ ਨੂੰ ਜਦੋਂ ਪਾਰਲੀਮੈਂਟ ਮੁੜ ਲੱਗੇਗੀ ਤਾਂ ਉਦੋਂ ਤੱਕ ਨਵਾਂ ਲੀਡਰ ਚੁਣ ਲਿਆ ਜਾਵੇਗਾ।
ਹਾਲਾਂਕਿ ਇਸ ਦੌਰਾਨ ਉਨ੍ਹਾਂ ਇਸ਼ਾਰਾ ਵੀ ਕੀਤਾ ਕਿ ਨਵੇਂ ਲੇਬਰ ਲੀਡਰ ਦੀ ਚੋਣ ਲਈ ਕੋਈ ਮੁਕਾਬਲਾ ਨਹੀਂ ਹੋਵੇਗਾ।
ਸਟਾਰਮਰ ਨੇ ਕਿਹਾ ਕਿ ਜੇਕਰ ਐਂਡੀ ਬਰਨਹੈਮ 9 ਜੁਲਾਈ ਨੂੰ ਨੌਮੀਨੇਸ਼ਨ ਪ੍ਰਕਿਰਿਆ ਦੌਰਾਨ ਨਿਰਵਿਰੋਧ ਚੁਣੇ ਜਾਂਦੇ ਹਨ ਤਾਂ ਉਹ ਤੁਰੰਤ ਨਵੇਂ ਲੇਬਰ ਲੀਡਰ ਐਲਾਨੇ ਜਾ ਸਕਦੇ ਹਨ।
ਜਦੋਂ ਤੱਕ ਨਵੇਂ ਲੀਡਰ ਦੀ ਚੋਣ ਨਹੀਂ ਹੁੰਦੀ, ਕੀਅਰ ਸਟਾਰਮਰ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣਗੇ।
ਅਸਤੀਫੇ ਦੇ ਐਲਾਨ ਦੌਰਾਨ ਭਾਵੁਕ ਹੋਏ ਸਟਾਰਮਰ
ਤਸਵੀਰ ਸਰੋਤ, Reuters
10 ਡਾਊਨਿੰਗ ਸਟ੍ਰੀਟ ਦੇ ਬਾਹਰ ਅਸਤੀਫੇ ਦਾ ਐਲਾਨ ਕਰਦੇ ਸਮੇਂ ਕੀਅਰ ਸਟਾਰਮਰ ਭਾਵੁਕ ਹੋ ਗਏ।
ਸਟਾਰਮਰ ਨੇ ਕਿਹਾ ਕਿ ਦੋ ਸਾਲ ਪਹਿਲਾਂ ਡਾਊਨਿੰਗ ਸਟ੍ਰੀਟ ਆਉਣਾ ਉਨ੍ਹਾਂ ਲਈ ਬੇਹੱਦ ਮਾਣ ਵਾਲੀ ਗੱਲ ਸੀ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਆਉਣ ਦਾ ਉਨ੍ਹਾਂ ਦਾ ਮਕਸਦ ਲੱਖਾਂ ਲੋਕਾਂ ਦੀ ਜ਼ਿੰਦਗੀ ਵਿੱਚ ਚੰਗਾ ਬਦਲਾਅ ਲਿਆਉਣਾ ਸੀ।
ਇਸ ਦੌਰਾਨ ਉਨ੍ਹਾਂ ਜੁਲਾਈ 2024 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਸਫ਼ਰ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ‘ਦੇਸ਼ ਦੀ ਸਭ ਤੋਂ ਵੱਡੀ ਜੌਬ’ ਛੱਡਣ ਤੋਂ ਬਾਅਦ ਹੁਣ ਉਹ ‘ਸਭ ਤੋਂ ਅਹਿਮ ਜੌਬ’ ਵੱਲ ਧਿਆਨ ਦੇਣਗੇ।
ਸਟਾਰਮਰ ਨੇ ਕਿਹਾ ਕਿ ਹੁਣ ਉਹ ਚੰਗੇ ਪਤੀ ਅਤੇ ਪਿਤਾ ਹੋਣ ਦੀ ਜ਼ਿੰਮੇਵਾਰੀ ਨਿਭਾਉਣਗੇ। ਸੰਬੋਧਨ ਖ਼ਤਮ ਹੋਣ ‘ਤੇ ਉਨ੍ਹਾਂ ਨੇ ਆਪਣੀ ਪਤੀ ਨੂੰ ਗਲੇ ਲਾਇਆ ਅਤੇ ਵਾਪਸ ਮੁੜ ਗਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


