Home rss national punjabi2ਰਾਸ਼ਟਰੀ ਖ਼ਬਰਾਂ ਕੀ ਪੀਐਮ ਮੋਦੀ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਸੋਨਾ ਖਰੀਦਣਾ ਬੰਦ...

ਕੀ ਪੀਐਮ ਮੋਦੀ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਸੋਨਾ ਖਰੀਦਣਾ ਬੰਦ ਕਰ ਦਿੱਤਾ, ਕੀ ਕਹਿ ਰਹੇ ਹਨ ਮਾਹਰ

3
0

Source :- BBC PUNJABI

ਭਾਰਤੀ ਬਾਜ਼ਾਰ ਦੀਆਂ ਤਸਵੀਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਲਖਨਊ ਵਿੱਚ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਉਨ੍ਹਾਂ ਦੀ ਅਪੀਲ ‘ਤੇ ਲੋਕਾਂ ਨੇ ਸੋਨਾ ਖਰੀਦਣਾ ਘੱਟ ਕਰ ਦਿੱਤਾ ਹੈ ਅਤੇ ਲੋਕਾਂ ਨੇ ਉਨ੍ਹਾਂ ਦੀ ਗੱਲ ਮੰਨੀ ਹੈ, ਜਿਸਦਾ ਉਨ੍ਹਾਂ ਨੂੰ ਵੱਡਾ ਫਾਇਦਾ ਹੋਇਆ ਹੈ।

ਪੀਐਮ ਮੋਦੀ ਨੇ ਕਿਹਾ, “ਮੈਂ ਇੱਕ ਸਾਲ ਪਹਿਲਾਂ ਕਿਹਾ ਸੀ ਕਿ ਮੈਂ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਸਾਲ ਲਈ ਜੇਕਰ ਲੋੜ ਨਾ ਹੋਵੇ ਤਾਂ ਕਿਰਪਾ ਕਰਕੇ ਸੋਨਾ ਨਾ ਖਰੀਦੋ, ਗੋਲਡ ਨਾ ਖਰੀਦੋ।”

ਉਨ੍ਹਾਂ ਕਿਹਾ, “ਮੈਨੂੰ ਖੁਸ਼ੀ ਹੈ ਕਿ ਜਿਵੇਂ ਲਾਲ ਬਹਾਦਰ ਸ਼ਾਸਤਰੀ ਨੇ ਦੇਸ਼ਵਾਸੀਆਂ ਨੂੰ ਕਿਹਾ ਸੀ ਕਿ ਇੱਕ ਵਾਰ ਖਾਣਾ ਛੱਡ ਦਿਓ, ਤਾਂ ਦੇਸ਼ ਦੇ ਲੋਕਾਂ ਨੇ ਉਨ੍ਹਾਂ ਦੀ ਗੱਲ ਮੰਨੀ ਸੀ। ਦੇਸ਼ਵਾਸੀਆਂ ਨੇ ਮੇਰੀ ਗੱਲ ਮੰਨੀ ਅਤੇ ਸੋਨੇ ਦੇ ਭਾਅ ਟੁੱਟ ਗਏ। ਅੱਜ ਦੇਸ਼ ਦੇ ਲੋਕ ਕਹਿ ਰਹੇ ਹਨ ਕਿ ਮੋਦੀ ਜੀ, ਮੈਂ ਤੁਹਾਡੀ ਗੱਲ ਮੰਨੀ, ਮੇਰੇ ਪੈਸੇ ਬਚ ਗਏ।”

ਪਿਛਲੇ ਕੁਝ ਹਫ਼ਤਿਆਂ ਤੋਂ ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਜਾਰੀ ਹੈ। ਭਾਰਤ ਵਿੱਚ ਇਸ ਸਾਲ ਯਾਨੀ 2026 ਦੀ ਸ਼ੁਰੂਆਤ ਵਿੱਚ 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ 1.8 ਲੱਖ ਰੁਪਏ ਤੱਕ ਪਹੁੰਚ ਗਈ ਸੀ, ਜੋ ਫਿਲਹਾਲ ਡਿੱਗ ਕੇ 1.25 ਲੱਖ ਰੁਪਏ ਤੱਕ ਆ ਗਈ ਹੈ।

ਇਸ ਤਰ੍ਹਾਂ ਦੇਖਿਆ ਜਾਵੇ ਤਾਂ ਸੋਨੇ ਦੀਆਂ ਕੀਮਤਾਂ ਵਿੱਚ ਇਹ ਬਹੁਤ ਵੱਡੀ ਗਿਰਾਵਟ ਹੈ। ਪਰ ਕੀ ਭਾਰਤ ਵਿੱਚ ਲੋਕਾਂ ਨੇ ਪੀਐਮ ਮੋਦੀ ਦੀ ਅਪੀਲ ਤੋਂ ਬਾਅਦ ਸੱਚਮੁੱਚ ਸੋਨਾ ਖਰੀਦਣਾ ਬੰਦ ਕਰ ਦਿੱਤਾ ਸੀ?

ਅਤੇ ਕੀ ਸੋਨੇ ਦੇ ਭਾਅ ਘੱਟ ਹੋਣ ਦੇ ਪਿੱਛੇ ਇਸਦੀ ਘੱਟ ਖਰੀਦਦਾਰੀ ਵੀ ਇੱਕ ਕਾਰਨ ਹੈ?

ਪੀਐੱਮ ਮੋਦੀ ਨੇ ਸੋਨਾ ਖ਼ਰੀਦਣ ਬਾਰੇ ਕੀ ਕਿਹਾ ਸੀ

ਸੋਨੇ ਦੇ ਗਹਿਣੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਨਾ ਨਾਂ ਖਰੀਦਣ ਦੀ ਅਪੀਲ ਅਸਲ ਵਿੱਚ ਇੱਕ ਸਾਲ ਪਹਿਲਾਂ ਨਹੀਂ ਕੀਤੀ ਸੀ। ਉਨ੍ਹਾਂ ਨੇ ਇਹ ਬਿਆਨ 10 ਮਈ 2026 ਨੂੰ ਤੇਲੰਗਾਨਾ ਦੇ ਦੌਰੇ ਦੌਰਾਨ ਦਿੱਤਾ ਸੀ।

ਸਿਕੰਦਰਾਬਾਦ ਵਿੱਚ ਇੱਕ ਸਮਾਗਮ ਦੌਰਾਨ ਪੀਐੱਮ ਮੋਦੀ ਨੇ ਲੋਕਾਂ ਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, “ਸੋਨਾ ਖ਼ਰੀਦਣ ਦਾ ਇੱਕ ਹੋਰ ਪੱਖ ਇਹ ਹੈ ਕਿ ਇਸ ‘ਤੇ ਬਹੁਤ ਸਾਰੀ ਵਿਦੇਸ਼ੀ ਮੁਦਰਾ ਖ਼ਰਚ ਹੁੰਦੀ ਹੈ। ਇੱਕ ਸਮਾਂ ਸੀ ਜਦੋਂ ਕੋਈ ਸੰਕਟ ਆਉਂਦਾ ਸੀ ਤਾਂ ਲੋਕ ਦੇਸ਼ ਦੀ ਭਲਾਈ ਲਈ ਸੋਨਾ ਦਾਨ ਕਰ ਦਿੰਦੇ ਸਨ। ਅੱਜ ਦਾਨ ਦੀ ਲੋੜ ਨਹੀਂ ਹੈ, ਪਰ ਦੇਸ਼ ਦੀ ਭਲਾਈ ਲਈ ਸਾਨੂੰ ਇਹ ਫ਼ੈਸਲਾ ਕਰਨਾ ਪਵੇਗਾ ਕਿ ਅਗਲੇ ਇੱਕ ਸਾਲ ਤੱਕ ਘਰ ਵਿੱਚ ਭਾਵੇਂ ਕੋਈ ਵੀ ਸਮਾਗਮ ਹੋਵੇ, ਅਸੀਂ ਸੋਨੇ ਦੇ ਗਹਿਣੇ ਨਹੀਂ ਖ਼ਰੀਦਾਂਗੇ।”

“ਸੋਨਾ ਨਹੀਂ ਖ਼ਰੀਦਾਂਗੇ। ਸਾਡੀ ਦੇਸ਼ਭਗਤੀ ਸਾਨੂੰ ਵਿਦੇਸ਼ੀ ਮੁਦਰਾ ਬਚਾਉਣ ਦੀ ਚੁਣੌਤੀ ਦੇ ਰਹੀ ਹੈ। ਸਾਨੂੰ ਇਹ ਚੁਣੌਤੀ ਸਵੀਕਾਰ ਕਰਕੇ ਵਿਦੇਸ਼ੀ ਮੁਦਰਾ ਬਚਾਉਣੀ ਪਵੇਗੀ।”

ਸੋਨੇ ਦੀ ਕੀਮਤ ਵਿੱਚ ਗਿਰਾਵਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ

‘ਦ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟ ਆਫ਼ ਇੰਡੀਆ’ ਦੇ ਸਾਬਕਾ ਮੁਖੀ ਅਤੇ ਆਰਥਿਕ ਮਾਮਲਿਆਂ ਦੇ ਜਾਣਕਾਰ ਵੇਦ ਜੈਨ ਨੇ ਬੀਬੀਸੀ ਨਿਊਜ਼ ਨੂੰ ਕਿਹਾ, “ਸੋਨਾ ਵੀ ਇੱਕ ਤਰ੍ਹਾਂ ਦੀ ਕਰੰਸੀ ਹੈ। ਲੋਕ ਆਪਣੇ ਨਿਵੇਸ਼ ਦਾ ਭਵਿੱਖ ਦੇਖ ਕੇ ਇਸ ਵਿੱਚ ਪੈਸੇ ਨਿਵੇਸ਼ ਕਰਦੇ ਹਨ।”

“ਅਮਰੀਕਾ ਵਿੱਚ ਵਿਆਜ ਦਰਾਂ ਘਟਦੀਆਂ ਹਨ ਤਾਂ ਲੋਕ ਸੋਨੇ ਵਿੱਚ ਨਿਵੇਸ਼ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਇਸਦਾ ਚੰਗਾ ਮੁਨਾਫ਼ਾ ਮਿਲੇਗਾ। ਇਸਦੇ ਨਾਲ ਹੀ ਸੋਨੇ ਦਾ ਰੇਟ ਇੱਕ ਤਰ੍ਹਾਂ ਨਾਲ ਆਪਣੀ ਉਚਾਈ ‘ਤੇ ਪਹੁੰਚ ਚੁੱਕਾ ਸੀ। ਇਸ ਲਈ ਹੁਣ ਸੋਨੇ ਦਾ ਰੇਟ ਡਿੱਗਿਆ ਹੈ। ਹੁਣ ਲੋਕਾਂ ਨੂੰ ਲੱਗ ਰਿਹਾ ਹੈ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਧਣਗੀਆਂ ਤਾਂ ਲੋਕ ਡਾਲਰ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹਨ।”

ਉਨ੍ਹਾਂ ਦਾ ਕਹਿਣਾ ਹੈ, “ਸੋਨੇ ਦੀ ਕੀਮਤ ਅੰਤਰਰਾਸ਼ਟਰੀ ਪੱਧਰ ‘ਤੇ ਘੱਟ ਹੋਈ ਹੈ। ਅਮਰੀਕਾ ਵਿੱਚ ਇਹ ਕਰੀਬ 5500 ਡਾਲਰ ਪ੍ਰਤੀ ਔਂਸ (ਕਰੀਬ 31 ਗ੍ਰਾਮ) ਤੋਂ ਡਿੱਗ ਕੇ ਫਿਲਹਾਲ 3500 ਡਾਲਰ ਪ੍ਰਤੀ ਔਂਸ ਦੇ ਕਰੀਬ ਹੋ ਗਿਆ ਹੈ।”

ਵੇਦ ਜੈਨ ਦਾ ਮੰਨਣਾ ਹੈ ਕਿ ਮੱਧ-ਪੂਰਬ ਦੇ ਹਾਲਾਤ ਕਾਰਨ ਤੇਲ ਦੀਆਂ ਕੀਮਤਾਂ ‘ਤੇ ਜੋ ਅਸਰ ਪਿਆ ਸੀ, ਉਹ ਹੌਲੀ-ਹੌਲੀ ਸਥਿਰ ਹੋ ਰਿਹਾ ਹੈ। ਉਸ ਜੰਗ ਕਾਰਨ ਭਾਰਤ ਦਾ ਰੁਪਿਆ ਦਬਾਅ ਵਿੱਚ ਸੀ, ਜੋ ਹੁਣ ਘੱਟ ਹੋ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਕਾਰਨ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਥੋੜ੍ਹੀ ਬਿਹਤਰ ਹੋਈ ਹੈ ਅਤੇ ਇਸਦਾ ਅਸਰ ਵੀ ਸੋਨੇ ਦੀਆਂ ਕੀਮਤਾਂ ‘ਤੇ ਪਿਆ ਹੈ।

ਅਜੈ ਸ਼੍ਰੀਵਾਸਤਵ, ਮੁਖੀ, ਜੀਟੀਆਰਆਈ

ਦਿੱਲੀ ਸਥਿਤ ਥਿੰਕ ਟੈਂਕ ‘ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ’ (ਜੀਟੀਆਰਆਈ) ਦੇ ਮੁਖੀ ਅਜੈ ਸ਼੍ਰੀਵਾਸਤਵ ਕਹਿੰਦੇ ਹਨ, “ਸੋਨੇ ਦੇ ਰੇਟ ਕਿਆਸਾਂ ਕਾਰਨ ਵਧੇ ਸਨ। ਦਸੰਬਰ 2024 ਵਿੱਚ ਇਹ 2500 ਡਾਲਰ ਪ੍ਰਤੀ ਔਂਸ ਦੇ ਆਸਪਾਸ ਸੀ, ਜੋ ਜਨਵਰੀ 2026 ਵਿੱਚ 5500 ਡਾਲਰ ਤੋਂ ਪਾਰ ਚਲਾ ਗਿਆ।”

ਉਨ੍ਹਾਂ ਦਾ ਕਹਿਣਾ ਹੈ, “ਇਸਦੇ ਪਿੱਛੇ ਡਾਲਰ ਦੇ ਕਮਜ਼ੋਰ ਹੋਣ ਦਾ ਡਰ, ਮੱਧ-ਪੂਰਬ ਵਿੱਚ ਤਣਾਅ ਵਧਣ ਦਾ ਡਰ ਅਤੇ ਡੌਨਲਡ ਟਰੰਪ ਦੀਆਂ ਨੀਤੀਆਂ ਵਰਗੇ ਕਈ ਕਾਰਨ ਸਨ, ਉਸ ਸਮੇਂ ਈਰਾਨ ਯੁੱਧ ਸ਼ੁਰੂ ਨਹੀਂ ਹੋਇਆ ਸੀ। ਪਰ ਚੀਨ ਅਤੇ ਜਾਪਾਨ ਦੇ ਆਰਥਿਕ ਫੈਸਲਿਆਂ ਨੇ ਡਾਲਰ ‘ਤੇ ਅਸਰ ਪਾਇਆ, ਜਿਸ ਨਾਲ ਨਿਵੇਸ਼ਕ ਅਮਰੀਕੀ ਡਾਲਰ ਤੋਂ ਦੂਰ ਹੋਣ ਲੱਗੇ ਅਤੇ ਸੋਨੇ ਵਿੱਚ ਨਿਵੇਸ਼ ਕਰਨ ਲੱਗੇ।”

ਅਜੈ ਸ੍ਰੀਵਾਸਤਵ ਕਹਿੰਦੇ ਹਨ, “ਉਸ ਦੌਰਾਨ ਭਾਰਤੀ ਰਿਜ਼ਰਵ ਬੈਂਕ ਸਮੇਤ ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਸੋਨੇ ਵਿੱਚ ਪੈਸਾ ਲਾਇਆ।”

ਉਨ੍ਹਾਂ ਦਾ ਕਹਿਣਾ ਹੈ, “ਹੁਣ ਜੇਕਰ ਫਿਰ ਤੋਂ ਸੋਨੇ ਦੇ ਭਾਅ ਘੱਟ ਹੋਏ ਹਨ, ਤਾਂ ਇਸਦੇ ਪਿੱਛੇ ਵੀ ਅਟਕਲਾਂ ਇੱਕ ਕਾਰਨ ਹਨ। ਨਿਵੇਸ਼ਕਾਂ ਨੂੰ ਲੱਗ ਰਿਹਾ ਹੈ ਕਿ ਅਮਰੀਕਾ ਵਿੱਚ ਵਿਆਜ ਦਰਾਂ ਵੱਧ ਸਕਦੀਆਂ ਹਨ, ਤਾਂ ਉਹ ਆਪਣਾ ਸੋਨਾ, ਜਿਸ ‘ਤੇ ਉਹ ਕਾਫੀ ਮੁਨਾਫ਼ਾ ਕਮਾ ਚੁੱਕੇ ਹਨ, ਉਸਨੂੰ ਵੇਚ ਕੇ ਅਮਰੀਕੀ ਟ੍ਰੇਜ਼ਰੀ ਵਿੱਚ ਨਿਵੇਸ਼ ਕਰਨਾ ਚਾਹੁਣਗੇ।”

ਸੋਨਾ

ਅਜੈ ਸ਼੍ਰੀਵਾਸਤਵ ਕਹਿੰਦੇ ਹਨ, “ਹਾਲ ਹੀ ਦੇ ਹਫ਼ਤਿਆਂ ਵਿੱਚ ਏਆਈ (AI) ਸਟਾਕ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਵੀ ਲੋਕ ਇਸ ਤੋਂ ਬਾਹਰ ਨਿਕਲਣ ਲਈ ਆਪਣਾ ਸੋਨਾ ਵੇਚ ਰਹੇ ਹਨ ਅਤੇ ਫਿਰ ਈਰਾਨ ਯੁੱਧ ਜਾਂ ਮੱਧ-ਪੂਰਬ ਨੂੰ ਲੈ ਕੇ ਡਰ (ਖਦਸ਼ੇ) ਵੀ ਘੱਟ ਹੋਇਆ ਹੈ।”

ਭਾਰਤ ਵਿੱਚ ਸੋਨੇ ਦੇ ਭਾਅ ਵਿੱਚ ਵਾਧੇ ਦੇ ਪਿੱਛੇ ਇੱਕ ਵੱਡਾ ਕਾਰਨ ਮਈ 2026 ਵਿੱਚ ਸਰਕਾਰ ਵੱਲੋਂ ਲਗਾਇਆ ਗਿਆ 15 ਫੀਸਦੀ ਟੈਰਿਫ ਵੀ ਸੀ। ਇਸ ਕਾਰਨ ਭਾਰਤ ਵਿੱਚ ਸੋਨੇ ਦੇ ਭਾਅ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਿਆ ਗਿਆ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਦਸੰਬਰ 2024 ਤੋਂ ਜਨਵਰੀ 2026 ਦੇ ਵਿਚਕਾਰ ਸੋਨੇ ਦੀਆਂ ਕੀਮਤਾਂ ਵਿੱਚ 111 ਫੀਸਦੀ ਦਾ ਵਾਧਾ ਹੋਇਆ, ਜਦਕਿ ਰੁਪਏ ਦੀ ਕੀਮਤ ਡਿੱਗਣ ਅਤੇ ਟੈਕਸ ਕਾਰਨ ਭਾਰਤ ਵਿੱਚ ਇਹ ਵਾਧਾ 132 ਫੀਸਦੀ ਰਿਹਾ।

ਕੀ ਭਾਰਤ ਵਿੱਚ ਲੋਕ ਘੱਟ ਸੋਨਾ ਖ਼ਰੀਦ ਰਹੇ

ਸੋਨੇ ਦੇ ਗਹਿਣੇ

ਪੀਐਮ ਮੋਦੀ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਅਪੀਲ ਤੋਂ ਬਾਅਦ ਲੋਕਾਂ ਨੇ ਘੱਟ ਸੋਨਾ ਖਰੀਦਿਆ।

ਹਾਲਾਂਕਿ ਪਿਛਲੇ ਦਿਨੀਂ ਬੀਜੇਪੀ ਸਾਂਸਦ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਸੀ ਕਿ ਪੂਰਾ ਯੂਰਪ ਤਿੰਨ ਮਹੀਨਿਆਂ ਵਿੱਚ ਜਿੰਨਾ ਸੋਨਾ-ਚਾਂਦੀ ਖਰੀਦਦਾ ਹੈ, ਓਨਾ ਧਨਤੇਰਸ ਵਾਲੇ ਦਿਨ ਭਾਰਤ ਵਿੱਚ ਲੋਕਾਂ ਨੇ ਇੱਕ ਦਿਨ ਵਿੱਚ ਖਰੀਦ ਕੇ ਦਿਖਾਇਆ।

ਅਜੈ ਸ਼੍ਰੀਵਾਸਤਵ ਕਹਿੰਦੇ ਹਨ, “ਭਾਰਤ ਵਿੱਚ ਸੋਨੇ ਦੀ ਮੰਗ ਵਿੱਚ ਗਿਰਾਵਟ ਆਈ, ਕਿਉਂਕਿ ਵਧਦੀਆਂ ਕੀਮਤਾਂ ਕਾਰਨ ਗਹਿਣੇ ਖਰੀਦਣਾ ਲੋਕਾਂ ਲਈ ਘੱਟ ਕਿਫਾਇਤੀ ਰਹਿ ਗਿਆ। ਗਹਿਣਿਆਂ, ਸੋਨੇ ਦੀਆਂ ਬਾਰਾਂ ਅਤੇ ਸਿੱਕਿਆਂ ਦੀ ਕੁੱਲ ਮੰਗ ਸਾਲ 2022 ਵਿੱਚ 774 ਟਨ, 2023 ਵਿੱਚ 761 ਟਨ ਅਤੇ 2024 ਵਿੱਚ 803 ਟਨ ਰਹੀ। ਹਾਲਾਂਕਿ, 2025 ਵਿੱਚ ਇਸ ਵਿੱਚ 11 ਫੀਸਦੀ ਦੀ ਗਿਰਾਵਟ ਆਈ ਅਤੇ ਇਹ ਘਟ ਕੇ 711 ਟਨ ਰਹਿ ਗਈ।”

ਯਾਨੀ ਪੀਐਮ ਮੋਦੀ ਦੀ ਅਪੀਲ ਤੋਂ ਪਹਿਲਾਂ ਵਧਦੀਆਂ ਕੀਮਤਾਂ ਕਾਰਨ ਲੋਕਾਂ ਨੇ ਇਸਦੀ ਖਰੀਦਦਾਰੀ ਘੱਟ ਕਰ ਦਿੱਤੀ ਜਾਂ ਉਨ੍ਹਾਂ ਲਈ ਮਹਿੰਗਾ ਸੋਨਾ ਖਰੀਦਣਾ ਸੰਭਵ ਨਹੀਂ ਰਿਹਾ।

ਅਜੈ ਸ਼੍ਰੀਵਾਸਤਵ ਕਹਿੰਦੇ ਹਨ, “ਸਾਲ 2025 ਵਿੱਚ ਗਹਿਣਿਆਂ ਦੀ ਮੰਗ ਵਿੱਚ 24 ਫੀਸਦੀ ਦੀ ਕਮੀ ਆਈ, 2026 ਵਿੱਚ ਵੀ ਮੰਗ ਵਿੱਚ ਗਿਰਾਵਟ ਜਾਰੀ ਰਹੀ। ਪਹਿਲੇ ਨੌਂ ਮਹੀਨਿਆਂ ਵਿੱਚ ਯਾਨੀ ਸਤੰਬਰ 2026 ਤੱਕ ਗਹਿਣਿਆਂ ਦੀ ਮੰਗ 18 ਫੀਸਦੀ ਡਿੱਗੀ।”

ਯਾਨੀ ਪਿਛਲੇ ਸਾਲ ਦੇ ਮੁਕਾਬਲੇ ਇਹ ਗਿਰਾਵਟ ਘੱਟ ਰਹੀ, ਜਦਕਿ ਇਸ ਵਿੱਚ ਤਿਉਹਾਰਾਂ ਦੌਰਾਨ ਹੋਈ ਖਰੀਦਦਾਰੀ ਦਾ ਅੰਕੜਾ ਸ਼ਾਮਲ ਨਹੀਂ ਹੈ।

ਜ਼ਾਹਰ ਤੌਰ ‘ਤੇ ਇਸ ਨਾਲ ਗਹਿਣਿਆਂ ਦੀ ਖਰੀਦਦਾਰੀ ਦੇ ਅੰਕੜਿਆਂ ਵਿੱਚ ਵਾਧਾ ਹੀ ਹੋਵੇਗਾ, ਕਿਉਂਕਿ ਭਾਰਤ ਵਿੱਚ ਧਨਤੇਰਸ ਅਤੇ ਦੀਵਾਲੀ ਦੌਰਾਨ ਲੋਕ ਸੋਨੇ-ਚਾਂਦੀ ਦੀ ਕਾਫੀ ਖਰੀਦਦਾਰੀ ਕਰਦੇ ਹਨ।

ਇਸਦੇ ਨਾਲ ਹੀ ਭਾਰਤ ਵਿੱਚ ਆਉਣ ਵਾਲੇ ਹਫ਼ਤਿਆਂ ਵਿੱਚ ਵਿਆਹਾਂ ਦੌਰਾਨ ਵੀ ਗਹਿਣਿਆਂ ਦੀ ਖਰੀਦਦਾਰੀ ਵਧਣ ਦੀ ਸੰਭਾਵਨਾ ਹੈ, ਜਦਕਿ ਸਾਲ 2024 ਦੇ ਦਸੰਬਰ ਮਹੀਨੇ ਦੇ ਮੁਕਾਬਲੇ ਹਾਲੇ ਵੀ ਸੋਨੇ ਦੇ ਭਾਅ ਕਰੀਬ 34 ਫੀਸਦੀ ਜ਼ਿਆਦਾ ਹਨ।

ਵੇਦ ਜੈਨ ਕਹਿੰਦੇ ਹਨ, “ਭਾਰਤ ਵਿੱਚ ਲੋਕਾਂ ਨੇ ਸੋਨਾ ਖਰੀਦਣਾ ਘੱਟ ਨਹੀਂ ਕੀਤਾ। ਸੋਨੇ ਪ੍ਰਤੀ ਲੋਕਾਂ ਦਾ ਲਗਾਅ ਹਾਲੇ ਵੀ ਓਨਾ ਹੀ ਬਣਿਆ ਹੋਇਆ ਹੈ।”

ਉਨ੍ਹਾਂ ਦਾ ਕਹਿਣਾ ਹੈ ਕਿ ਸੋਨੇ ਦੀ ਕੀਮਤ ਡਿੱਗਣ ਨਾਲ ਇਸਦੀ ਖਰੀਦਦਾਰੀ ਵਧੇਗੀ। ਜਦਕਿ ਸੋਨੇ ਦੇ ਰੇਟ ਜ਼ਿਆਦਾ ਹੋਣ ਤਾਂ ਵੀ ਲੋਕ ਸੋਨਾ ਖਰੀਦਦੇ ਹਨ, ਪਰ ਉਸਦੀ ਮਾਤਰਾ (ਵਜ਼ਨ) ਘੱਟ ਹੁੰਦੀ ਹੈ।

ਕੀ ਕਹਿ ਰਹੇ ਹਨ ਲੋਕ

ਸੋਨਾ

ਕਾਂਗਰਸ ਨੇਤਾ ਭੂਪੇਂਦਰ ਗੁਪਤਾ ਨੇ ਪੀਐਮ ਮੋਦੀ ਦੇ ਦਾਅਵੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, “ਇਸ ਦੇਸ਼ ਵਿੱਚ ਸਿਹਰਾ ਲੈਣ ਵਿੱਚ ਉਹ ਸਭ ਤੋਂ ਅੱਗੇ ਰਹਿੰਦੇ ਹਨ। ਇਹ ਬਾਜ਼ਾਰ ਦੀ ਹਲਚਲ ਹੈ, ਬਾਜ਼ਾਰ ਦਾ ਤਰੀਕਾ ਹੈ। ਤੁਸੀਂ ਤਾਂ ਸੋਨਾ ਨਾਂ ਖਰੀਦਣ ਦੀ ਅਪੀਲ ਇਸ ਲਈ ਕੀਤੀ ਸੀ ਕਿਉਂਕਿ ਤੁਹਾਡੇ ਕੋਲ ਡਾਲਰ ਨਹੀਂ ਬਚੇ ਹਨ।”

ਕਾਂਗਰਸ ਨੇਤਾ ਅਤੇ ਯੂਥ ਕਾਂਗਰਸ ਦੇ ਸਾਬਕਾ ਮੁਖੀ ਸ਼੍ਰੀਨਿਵਾਸ ਬੀਵੀ ਨੇ ਐਕਸ ‘ਤੇ ਲਿਖਿਆ, “ਵੈਸੇ ਮੋਦੀ ਜੀ, ਸੋਨੇ ਦੇ ਭਾਅ ਵਿਸ਼ਵ ਪੱਧਰੀ ਹੁੰਦੇ ਹਨ, ਕਿਸੇ ਦੇਸ਼ ਦੇ ਆਧਾਰ ‘ਤੇ ਤੈਅ ਨਹੀਂ ਹੁੰਦੇ, ਤਾਂ ਕੀ ਤੁਹਾਡੀ ਅਪੀਲ ਤੋਂ ਬਾਅਦ ਪੂਰੀ ਦੁਨੀਆ ਨੇ ਸੋਨਾ ਖਰੀਦਣਾ ਬੰਦ ਕਰ ਦਿੱਤਾ ਸੀ…?”

ਜੈਕੀ ਯਾਦਵ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, “ਸੋਨਾ ਨਾਂ ਖਰੀਦਣ ਵਾਲੇ ਲੋਕ ਅੱਜ ਜਸ਼ਨ ਮਨਾ ਰਹੇ ਹਨ ਅਤੇ ਕੁਝ ਲੋਕ ਤਾਂ ਮੋਦੀ ਜੀ ਦਾ ਧੰਨਵਾਦ ਵੀ ਕਰ ਰਹੇ ਹਨ। ਓ ਭਰਾ, ਸੋਨੇ ਦਾ ਨਿਵੇਸ਼ ਲੰਬੇ ਸਮੇਂ ਲਈ ਹੁੰਦਾ ਹੈ। ਅੱਜ ਭਾਅ ਘੱਟ ਹੋ ਗਏ ਹਨ ਤਾਂ ਕੱਲ੍ਹ ਨੂੰ ਇਸਦੇ ਭਾਅ ਵਧਣਗੇ ਵੀ ਅਤੇ ਹੋ ਸਕਦਾ ਹੈ ਉਸਤੋਂ ਕਿਤੇ ਜ਼ਿਆਦਾ ਚਲੇ ਜਾਣ।”

ਉੱਥੇ ਹੀ ਜਯੋਤਸਨਾ ਯਾਦਵ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ, “ਮੋਦੀ ਜੀ ਤੁਸੀਂ ਇਹ ਵੀ ਕਿਹਾ ਸੀ ਕਿ ਡਾਲਰ ਅਤੇ ਰੁਪਇਆ ਬਰਾਬਰ ਕਰ ਦੇਵਾਂਗਾ, ਉਸਦਾ ਕੀ ਹੋਇਆ?”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI