Source :- BBC PUNJABI
ਤਸਵੀਰ ਸਰੋਤ, Getty Images
ਮੈਨੂੰ ਕਦੇ ਨਹੀਂ ਲੱਗਿਆ ਕਿ ਮੈਂ ਬਹੁਤ ਜ਼ਿਆਦਾ ਸਪਲੀਮੈਂਟ ਲੈਣ ਵਾਲਿਆਂ ਵਿੱਚੋਂ ਹਾਂ, ਪਰ ਜਦੋਂ ਮੈਂ ਆਪਣੀ ਅਲਮਾਰੀ ਨੂੰ ਧਿਆਨ ਨਾਲ ਦੇਖਿਆ ਤੇ ਹੈਰਾਨ ਰਹੀ ਗਈ।
ਅਣਜਾਣੇ ਵਿੱਚ ਹੀ ਮੈਂ ਕ੍ਰੀਏਟਿਨ, ਵਿਟਾਮਿਨ ਡੀ, ਮੈਗਨੀਸ਼ੀਅਮ, ਕੋਲੇਜਨ, ਇੱਕ ਆਲ-ਇਨ-ਵਨ ਗ੍ਰੀਨ ਸਪਲੀਮੈਂਟ ਅਤੇ ਪੇਰੀਮੇਨੋਪੌਜ਼ (ਮੈਨੋਪੌਜ਼ ਤੋਂ ਪਹਿਲਾਂ ਦਾ ਸਮਾਂ) ਦੇ ਉਤਾਰ-ਚੜ੍ਹਾਵਾਂ ਨਾਲ ਨਜਿੱਠਣ ਵਾਲੀਆਂ ਕੁਝ ਗੋਲੀਆਂ ਦੇ ਕਈ ਪੈਕਟ ਇਕੱਠੇ ਕਰ ਲਏ ਸਨ।
ਮੈਨੂੰ ਲੱਗਦਾ ਸੀ ਕਿ ਸੋਸ਼ਲ ਮੀਡੀਆ ‘ਤੇ ਲਗਾਤਾਰ ਆਉਣ ਵਾਲੇ ਇਸ਼ਤਿਹਾਰਾਂ ਦਾ ਮੇਰੇ ਉੱਤੇ ਕੋਈ ਅਸਰ ਨਹੀਂ ਹੁੰਦਾ ਪਰ ਅਜਿਹਾ ਨਹੀਂ ਸੀ।
ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਤਾਰੀਫ਼ਾਂ ਵਾਲੀਆਂ ਟਿੱਪਣੀਆਂ ਮੇਰੇ ਉੱਤੇ ਵੀ ਅਸਰ ਕਰ ਗਈਆਂ ਸਨ, ਭਾਵੇਂ ਮੈਂ ਸਮਝਦੀ ਸੀ ਕਿ ਮੈਂ ਅਜਿਹੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦੀ ਅਤੇ ਇਹ ਗੱਲ ਮੈਂ ਆਪਣੀ ‘ਸ਼ਾਇਦ ਕੋਲੇਜਨ ਨਾਲ ਸੁਧਰੀ ਹੋਈ’ ਚਮੜੀ ਦਾ ਮਜ਼ਾਕ ਉਡਾਉਂਦਿਆਂ ਕਹਿ ਰਹੀ ਹਾਂ।”
ਵਿਚ? ਨਾਮ ਦੇ ਕੰਜ਼ਿਊਮਰ ਗਰੁੱਪ ਦੇ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਤੋਂ ਪੁੱਛਿਆ ਗਿਆ, ਉਨ੍ਹਾਂ ਵਿੱਚੋਂ 76% ਲੋਕ ਨਿਯਮਿਤ ਤੌਰ ‘ਤੇ ਘੱਟੋ-ਘੱਟ ਇੱਕ ਸਪਲੀਮੈਂਟ ਲੈਂਦੇ ਸਨ।
ਤਸਵੀਰ ਸਰੋਤ, Getty Images
ਇਨ੍ਹਾਂ ਵਿੱਚ ਵਿਟਾਮਿਨ, ਮਿਨਰਲ, ਓਮੇਗਾ-3, ਪ੍ਰੋਬਾਇਓਟਿਕ ਅਤੇ ਹਰਬਲ ਸਪਲੀਮੈਂਟ ਸ਼ਾਮਲ ਹਨ। ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਲਗਭਗ ਪੰਜਵਾਂ ਵਿਅਕਤੀ ਰੋਜ਼ਾਨਾ ਚਾਰ ਜਾਂ ਇਸ ਤੋਂ ਵੱਧ ਸਪਲੀਮੈਂਟ ਲੈਂਦੇ ਸੀ।
ਹਾਲਾਂਕਿ ਲੋੜ ਪੈਣ ‘ਤੇ ਸਪਲੀਮੈਂਟ ਸਾਡੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ, ਪਰ ਕੁਝ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਅਸੀਂ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਦੇ ਇੰਨੇ ਜ਼ਿਆਦਾ ਇੱਛੁਕ ਹੋ ਗਏ ਹਾਂ ਕਿ ਹੁਣ ਅਸੀਂ ਇਸਨੂੰ ਖ਼ਤਰੇ ਵਿੱਚ ਪਾ ਰਹੇ ਹਾਂ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਲਿਵਰ, ਕਿਡਨੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਮਰੀਜ਼ਾਂ ਅਤੇ ਕਲਾਇੰਟਸ ਦੀ ਵਧਦੀ ਗਿਣਤੀ ਵੇਖ ਰਹੇ ਹਨ, ਜਿਨ੍ਹਾਂ ਦਾ ਕਾਰਨ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਅਤੇ ਕਈ ਤਰ੍ਹਾਂ ਦੇ ਸਪਲੀਮੈਂਟ ਲੈਣਾ ਦੱਸਿਆ ਜਾ ਰਿਹਾ ਹੈ।
ਇੱਕ ਨਿਊਟ੍ਰਿਸ਼ਨਿਸਟ ਨੇ ਮੈਨੂੰ ਦੱਸਿਆ ਕਿ ਲੋਕ ਜਿੰਨੇ ਸਪਲੀਮੈਂਟ ਲੈ ਰਹੇ ਹਨ, ਉਹ ਨਿਰਾ “ਪਾਗਲਪਨ” ਹੈ।
ਉਹ ਕਹਿੰਦੇ ਹਨ, “ਕੁਝ ਲੋਕ ਸੋਚਣ ਲੱਗ ਪਏ ਹਨ ਕਿ ਖਾਣਾ ਖਾਣ ਨਾਲੋਂ ਗੋਲੀ ਲੈਣਾ ਬਿਹਤਰ ਹੈ। ਅਜਿਹਾ ਨਹੀਂ ਹੈ।”
ਜਦੋਂ ਜਿੰਜਰ ਸਮਿਥ ਨੇ ਤਿੰਨ ਸਾਲ ਪਹਿਲਾਂ ਸਪਲੀਮੈਂਟ ਲੈਣੇ ਸ਼ੁਰੂ ਕੀਤੇ, ਤਾਂ ਉਨ੍ਹਾਂ ਨੂੰ ਲੱਗਿਆ ਕਿ ਉਹ ਆਪਣੀ ਸਿਹਤ ਨੂੰ ਬਿਹਤਰ ਬਣਾ ਰਹੇ ਹਨ।
ਇੱਕ ਬ੍ਰਾਂਡ ਇਨਫਲੂਐਂਸਰ ਵਜੋਂ, ਸਿਆਟਲ ਵਿੱਚ ਉਨ੍ਹਾਂ ਦੇ ਘਰ ‘ਤੇ ਅਕਸਰ ਮੁਫ਼ਤ ਪ੍ਰੋਡਕਟਸ ਦੇ ਕਈ ਡੱਬੇ ਆਉਂਦੇ ਸਨ।
‘ਮੈਨੂੰ ਨਹੀਂ ਪਤਾ ਸੀ ਇਸਦਾ ਮੇਰੀ ਕਿਡਨੀ ’ਤੇ ਅਸਰ ਪਵੇਗਾ’
ਤਸਵੀਰ ਸਰੋਤ, Ginger Smith
30 ਸਾਲਾ ਜਿੰਜਰ ਗੋਲੀਆਂ, ਪਾਊਡਰ ਅਤੇ ਜੈਲ ਲੈਂਦੇ ਸਨ ਅਤੇ ਫਿਰ ਆਨਲਾਈਨ ਉਨ੍ਹਾਂ ਦੇ ਫ਼ਾਇਦੇ ਦੱਸਦੇ ਸਨ।
ਜਿੰਜਰ ਦੱਸਦੇ ਹਨ, “ਮੈਂ ਵਿਟਾਮਿਨ ਸੀ, ਵਿਟਾਮਿਨ ਡੀ, ਹਲਦੀ, ਬਲੋਟਿੰਗ (ਪੇਟ ਫੁੱਲਣ) ਤੋਂ ਬਚਾਉਣ ਵਾਲਾ ਇੱਕ ਖ਼ਾਸ ਸਪਲੀਮੈਂਟ ਅਤੇ ਇਲੈਕਟ੍ਰੋਲਾਈਟਸ ਵਾਲਾ ਪਾਣੀ ਨਿਯਮਿਤ ਤੌਰ ‘ਤੇ ਲੈਂਦੀ ਸੀ।”
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸਾਲਾਂ ਤੱਕ ਉਨ੍ਹਾਂ ਨੂੰ ਸਿਹਤਮੰਦ ਅਤੇ ਊਰਜਾਵਾਨ ਮਹਿਸੂਸ ਹੋਇਆ। ਉਨ੍ਹਾਂ ਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਆਪਣੀ ਕਿਡਨੀ ‘ਤੇ ਬਹੁਤ ਜ਼ਿਆਦਾ ਦਬਾਅ ਪਾ ਰਹੇ ਸਨ।
ਪਿੱਠ ਦੇ ਹੇਠਲੇ ਹਿੱਸੇ ਵਿੱਚ ਤੇਜ਼ ਦਰਦ ਹੋਣ ਤੋਂ ਬਾਅਦ, ਉਹ ਡਾਕਟਰ ਕੋਲ ਗਏ, ਜਿਨ੍ਹਾਂ ਨੇ ਕੁਝ ਖੂਨ ਟੈਸਟ ਕੀਤੇ। ਕੁਝ ਹੀ ਦਿਨਾਂ ਵਿੱਚ ਜਿੰਜਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਅਲਟਰਾਸਾਊਂਡ ਦੀ ਲੋੜ ਹੈ।
ਉਨ੍ਹਾਂ ਕਿਹਾ, “ਮੈਂ ਥੋੜ੍ਹੀ ਪਰੇਸ਼ਾਨ ਸੀ, ਪਰ ਮੈਨੂੰ ਇਹ ਉਮੀਦ ਨਹੀਂ ਸੀ ਕਿ ਮੈਨੂੰ ਦੱਸਿਆ ਜਾਵੇਗਾ ਕਿ ਮੇਰੀ ਕਿਡਨੀ ਵਿੱਚ ਬਹੁਤ ਵੱਡੀ ਪੱਥਰੀ ਹੈ। ਉਹ ਇੰਨੀ ਵੱਡੀ ਸੀ ਕਿ ਉਨ੍ਹਾਂ ਨੇ ਕਿਹਾ ਕਿ ਇਸ ਨੂੰ ਕੱਢਣ ਲਈ ਆਪ੍ਰੇਸ਼ਨ ਕਰਨਾ ਪਵੇਗਾ।”
ਕਿਡਨੀ ਦੀ ਪੱਥਰੀ ਦਾ ਆਕਾਰ ਦੋ ਤੋਂ ਤਿੰਨ ਸੈਂਟੀਮੀਟਰ ਦੇ ਵਿਚਕਾਰ ਸੀ ਅਤੇ ਜਿੰਜਰ ਨੂੰ ਦੱਸਿਆ ਗਿਆ ਕਿ ਇਹ ਰੋਜ਼ਾਨਾ ਲਏ ਜਾਣ ਵਾਲੇ ਸਪਲੀਮੈਂਟਸ ਦੇ ਕਾਕਟੇਲ (ਬਹੁਤ ਸਾਰੇ ਸਪਲੀਮੈਂਟਸ) ਦੀ ਵਜ੍ਹਾ ਨਾਲ ਹੋਇਆ ਸੀ।
ਉਹ ਕਹਿੰਦੇ ਹਨ, “ਮੈਂ ਕਦੇ ਨਹੀਂ ਸੋਚਿਆ ਸੀ ਕਿ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿੱਚ ਮੇਰੀ ਹਾਲਤ ਇੰਨੀ ਖਰਾਬ ਹੋ ਜਾਵੇਗੀ। ਚੰਗੀ ਗੱਲ ਇਹ ਸੀ ਕਿ ਮੇਰੇ ਕੋਲ ਇੰਸ਼ੋਰੈਂਸ ਸੀ।”
“ਫਿਰ ਵੀ ਮੇਰਾ 6,000 ਡਾਲਰ ਖਰਚਾ ਹੋਇਆ, ਪਰ ਜੇ ਇੰਸ਼ੋਰੈਂਸ ਨਾ ਹੁੰਦਾ ਤਾਂ ਇਹ 35,000 ਡਾਲਰ ਹੁੰਦਾ।”
ਰਿਸਰਚ ’ਚ ਲਿਵਰ ਡੈਮੇਜ ਬਾਰੇ ਕੀ ਪਤਾ ਲੱਗਾ
ਤਸਵੀਰ ਸਰੋਤ, Ginger Smith
ਮੈਡਰਿਡ ਦੇ ਹਸਪਤਾਲ ਯੂਨੀਵਰਸਟੀਰੀਓ ਲਾ ਪਾਜ਼ ਤੋਂ ਗੈਸਟ੍ਰੋਐਂਟਰੋਲੋਜਿਸਟ ਡਾ. ਪੇਡਰੋ ਡੀ ਮਾਰੀਆ ਪੈਲੇਰੇਸ ਕਹਿੰਦੇ ਹਨ ਕਿ ਉਨ੍ਹਾਂ ਕੋਲ ਹਰਬਲ ਸਪਲੀਮੈਂਟਸ ਕਾਰਨ ਲਿਵਰ ਦੀ ਸਮੱਸਿਆ ਵਾਲੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ।
ਉਨ੍ਹਾਂ ਦੱਸਿਆ, “ਅਸੀਂ ਮਰੀਜ਼ ਤੋਂ ਪੁੱਛਦੇ ਹਾਂ ਕਿ ਕੀ ਉਹ ਕੋਈ ਦਵਾਈ ਲੈ ਰਹੇ ਹਨ। ਉਹ ਕਹਿੰਦੇ ਹਨ, ‘ਨਹੀਂ’।”
“ਫਿਰ ਸਾਨੂੰ ‘ਇਲੀਮੀਨੇਸ਼ਨ ਪ੍ਰੋਸੈਸ’ (ਇੱਕ-ਇੱਕ ਕਰਕੇ ਸੰਭਾਵਨਾਵਾਂ ਨੂੰ ਹਟਾਉਣ ਦੀ ਪ੍ਰਕਿਰਿਆ) ਅਪਣਾਉਣੀ ਪੈਂਦੀ ਹੈ। ਜਦੋਂ ਅਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਹਟਾ ਦਿੰਦੇ ਹਾਂ ਤਾਂ ਅਸੀਂ ਫਿਰ ਤੋਂ ਪੁੱਛਦੇ ਹਾਂ ਅਤੇ ਉਹ ਕਹਿੰਦੇ ਹਨ, ‘ਓ ਹਾਂ, ਮੈਂ ਕਈ ਤਰ੍ਹਾਂ ਦੇ ਸਪਲੀਮੈਂਟਸ ਲੈਂਦਾ/ਲੈਂਦੀ ਹਾਂ।'”
ਅਮਰੀਕਾ ਵਿੱਚ ਹੋਈ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਲਿਵਰ ਡੈਮੇਜ ਦੇ ਸਾਰੇ ਮਾਮਲਿਆਂ ਵਿੱਚੋਂ 20% ਮਾਮਲੇ ਹਰਬਲ ਅਤੇ ਡਾਇਟਰੀ ਸਪਲੀਮੈਂਟਸ ਦੇ ਮਿਸ਼ਰਣ (ਇੱਕੋ ਨਾਲ ਸੇਵਨ) ਕਾਰਨ ਹੁੰਦੇ ਹਨ।
ਜੋ ਸਪਲੀਮੈਂਟ ਜ਼ਿਆਦਾ ਮਾਤਰਾ ਵਿੱਚ ਲੈਣ ‘ਤੇ ਲਿਵਰ ਲਈ ਖ਼ਾਸ ਤੌਰ ‘ਤੇ ਜ਼ਹਿਰੀਲੇ ਹੋ ਸਕਦੇ ਹਨ, ਉਨ੍ਹਾਂ ਵਿੱਚ ਵਿਟਾਮਿਨ ਏ, ਗਲੂਟਾਮਾਈਨ, ਅਸ਼ਵਗੰਧਾ ਅਤੇ ਗ੍ਰੀਨ ਟੀ ਐਕਸਟ੍ਰੈਕਟ ਸ਼ਾਮਲ ਹਨ।
ਲਿਵਰ ਠੀਕ ਹੋ ਸਕਦਾ ਹੈ ਪਰ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਨਾਲ ਗੰਭੀਰ ਅਤੇ ਲੰਮੇ ਸਮੇਂ ਤੱਕ ਬਿਮਾਰੀਆਂ ਹੋ ਸਕਦੀਆਂ ਹਨ।
ਬ੍ਰਿਟਿਸ਼ ਲਿਵਰ ਟਰੱਸਟ ਦਾ ਕਹਿਣਾ ਹੈ ਕਿ ਹਾਲਾਂਕਿ ਯੂਕੇ ਵਿੱਚ ਇਸ ਬਾਰੇ ਬਹੁਤ ਘੱਟ ਡੇਟਾ ਹੈ, ਪਰ ਉਹ ਲੋੜ ਤੋਂ ਵੱਧ ਸਪਲੀਮੈਂਟ ਲੈਣ ਦੀ ਵਜ੍ਹਾ ਨਾਲ ਲਿਵਰ ਦੇ ਨੁਕਸਾਨੇ ਜਾਣ ਦੇ ਮਾਮਲੇ ਦੇਖ ਰਹੇ ਹਨ। ਉਹ ਲੋਕਾਂ ਨੂੰ ਇਹ ਸੋਚਣ ਲਈ ਕਹਿ ਰਹੇ ਹਨ ਕਿ “ਕੀ ਸੰਭਾਵਿਤ ਫ਼ਾਇਦੇ ਕਿਸੇ ਵੀ ਸੰਭਾਵਿਤ ਜੋਖਮ ਨਾਲੋਂ ਵੱਧ ਹਨ”।
ਕਰਨ ਰਾਜਨ, ਐੱਨਐੱਚਐੱਸ ਸਰਜਨ ਹਨ ਅਤੇ ਸੋਸ਼ਲ ਮੀਡੀਆ ਲਈ ਹੈਲਥ ਅਤੇ ਸਾਇੰਸ ਨਾਲ ਜੁੜਿਆ ਕੰਟੈਂਟ ਬਣਾਉਂਦੇ ਹਨ।
ਉਹ ਕਹਿੰਦੇ ਹਨ, “ਸਪਲੀਮੈਂਟਸ ਸੱਚਮੁੱਚ ਜ਼ਿੰਦਗੀ ਬਦਲ ਸਕਦੇ ਹਨ। ਪਰ ਹਰ ਸਪਲੀਮੈਂਟ ਨੂੰ ਉਦੋਂ ਤੱਕ ਸ਼ੱਕ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ, ਜਦੋਂ ਤੱਕ ਉਸਦੇ ਫ਼ਾਇਦੇ ਸਾਬਿਤ ਨਾ ਹੋ ਜਾਣ।”
ਰਾਜਨ ਕਹਿੰਦੇ ਹਨ ਕਿ ਹਾਲੀਆ ਸਾਲਾਂ ਵਿੱਚ ਸਪਲੀਮੈਂਟਸ ਨੂੰ ਲੈਕੇ ਉਨ੍ਹਾਂ ਦੀ ਸੋਚ ਬਦਲੀ ਹੈ, ਇੰਨੀ ਜ਼ਿਆਦਾ ਕਿ ਉਨ੍ਹਾਂ ਨੇ ਫ਼ਾਈਬਰ ਸਪਲੀਮੈਂਟ ਦਾ ਆਪਣਾ ਬ੍ਰਾਂਡ ਵੀ ਲਾਂਚ ਕੀਤਾ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸਮਝਦਾਰੀ ਨਾਲ ਇਸਤੇਮਾਲ ਕਰਨ ‘ਤੇ ਲੋਕਾਂ ਦੀ ਡਾਇਟ ਵਿੱਚ ਇਨ੍ਹਾਂ ਦੀ ਜਗ੍ਹਾ ਹੋ ਸਕਦੀ ਹੈ।

ਉਹ ਕਹਿੰਦੇ ਹਨ, “ਮੈਂ ਵੱਖ-ਵੱਖ ਸਪਲੀਮੈਂਟਸ ਬਾਰੇ ਸਬੂਤ ਵਧਦੇ ਦੇਖੇ ਹਨ। ਅਸੀਂ ਜਾਣਦੇ ਹਾਂ ਕਿ ਸਾਡੀ ਮਿੱਟੀ ਵਿੱਚ ਹੁਣ ਓਨੇ ਪੋਸ਼ਕ ਤੱਤ ਨਹੀਂ ਹਨ ਜਿੰਨੇ ਦਹਾਕਿਆਂ ਪਹਿਲਾਂ ਹੁੰਦੇ ਸਨ। ਜਿਵੇਂ 1950 ਦੇ ਦਹਾਕੇ ਦੀ ਗਾਜਰ, 2026 ਦੀ ਗਾਜਰ ਦੇ ਮੁਕਾਬਲੇ ਕਿਤੇ ਜ਼ਿਆਦਾ ਪੋਸ਼ਕ ਤੱਤਾਂ ਨਾਲ ਭਰਪੂਰ ਹੋਵੇਗੀ।”
ਰਾਜਨ ਵਿਟਾਮਿਨ ਡੀ, ਪ੍ਰੀਬਾਇਓਟਿਕ, ਪ੍ਰੋਟੀਨ, ਫ਼ਾਈਬਰ ਅਤੇ ਕ੍ਰੀਏਟਿਨ ਲੈਂਦੇ ਹਨ, ਜਿਸ ਨੂੰ ਉਹ “ਸਪਲੀਮੈਂਟ ਸਟੈਕ” ਕਹਿੰਦੇ ਹਨ, ਤਾਂ ਜੋ ਉਨ੍ਹਾਂ ਵਿੱਚ ਹੋ ਸਕਣ ਵਾਲੀਆਂ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬੈਲੇਂਸ ਉਨ੍ਹਾਂ ਲਈ ਸਹੀ ਹੈ ਪਰ ਸਪਲੀਮੈਂਟਸ ਨੂੰ ਮਿਲਾ ਕੇ ਲੈਣ ਵਿੱਚ ਜੋਖਮ ਵੀ ਹੁੰਦੇ ਹਨ। ਜਨਰਲ ਪ੍ਰੈਕਟੀਸ਼ਨਰ (ਜੀਪੀ) ਕੋਲ ਹੁਣ ਅਕਸਰ ਅਜਿਹੇ ਮਰੀਜ਼ ਆਉਂਦੇ ਹਨ ਜੋ ਕਈ ਤਰ੍ਹਾਂ ਦੇ ਸਪਲੀਮੈਂਟ ਲੈ ਰਹੇ ਹੁੰਦੇ ਹਨ ਅਤੇ ਸਲਾਹ ਮੰਗਦੇ ਹਨ ਕਿ ਕਿਹੜਾ ਸਪਲੀਮੈਂਟ ਲੈਣਾ ਚਾਹੀਦਾ ਹੈ।
ਰਾਇਲ ਕਾਲਜ ਆਫ਼ ਜੀਪੀਜ਼ ਦੇ ਪ੍ਰਧਾਨ ਪ੍ਰੋਫੈਸਰ ਵਿਕਟੋਰੀਆ ਜ਼ੋਰਟਜ਼ੀਓ ਬ੍ਰਾਊਨ ਕਹਿੰਦੇ ਹਨ, “ਮਰੀਜ਼ਾਂ ਨੂੰ ਸ਼ਾਇਦ ਪਤਾ ਨਾ ਲੱਗੇ ਕਿ ਉਹ ਇੱਕੋ ਜਿਹੇ ਇੰਗ੍ਰੀਡੀਐਂਟਸ ਮੁੜ ਤੋਂ ਲੈ ਰਹੇ ਹਨ, ਤੈਅ ਮਾਤਰਾ ਤੋਂ ਵੱਧ ਲੈ ਰਹੇ ਹਨ, ਜਾਂ ਅਜਿਹੇ ਪ੍ਰੋਡਕਟ ਲੈ ਰਹੇ ਹਨ ਜੋ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਨਾਲ ਰਿਐਕਸ਼ਨ ਕਰ ਸਕਦੇ ਹਨ। ਹਮੇਸ਼ਾ ਬਹੁਤਾਇਤ ਚੰਗੀ ਨਹੀਂ ਹੁੰਦੀ।”
ਉਦਾਹਰਨ ਲਈ, ਮਲਟੀਵਿਟਾਮਿਨ ਦੇ ਨਾਲ ਵਿਟਾਮਿਨ ਬੀ6 ਸਪਲੀਮੈਂਟ ਲੈਣ ਨਾਲ ਡੋਜ਼ ਡਬਲ ਹੋ ਸਕਦੀ ਹੈ ਅਤੇ ਲੰਬੇ ਸਮੇਂ ਤੱਕ ਬਹੁਤ ਜ਼ਿਆਦਾ ਵਿਟਾਮਿਨ ਬੀ6 ਲੈਣ ਨਾਲ ਨਸਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਸੋਸ਼ਲ ਮੀਡੀਆ ਦਾ ਪ੍ਰਭਾਵ
ਤਸਵੀਰ ਸਰੋਤ, Getty Images
ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦਾ ਕਾਕਟੇਲ ਇਕੱਠੇ ਲੈਣ ਨਾਲ ਸਰੀਰ ਵਿੱਚ ਇਨ੍ਹਾਂ ਦੇ ਸੋਖਣ ਦੀ ਦਰ ਘੱਟ ਹੋ ਸਕਦੀ ਹੈ।
ਅਤੇ ਕੁਝ ਵਿਟਾਮਿਨ, ਜਿਵੇਂ ਏ, ਡੀ, ਈ ਅਤੇ ਕੇ, ਚਰਬੀ (ਫੈਟ) ਵਿੱਚ ਘੁਲਣਸ਼ੀਲ ਹੁੰਦੇ ਹਨ, ਇਸ ਲਈ ਸਰੀਰ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਦਾ ਹੈ। ਇਸ ਲਈ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਹਰ ਰੋਜ਼ ਲੈਣ ਦੀ ਲੋੜ ਨਾ ਹੋਵੇ।
ਯੂਕੇ ਦੇ ਨਿਊਟ੍ਰਿਸ਼ਨਿਸਟ ਕ੍ਰਿਸਟਨ ਸਟੈਵਰਿਡਿਸ ਕਹਿੰਦੇ ਹਨ, “ਸੋਸ਼ਲ ਮੀਡੀਆ ਲੋਕਾਂ ਨੂੰ ਯਕੀਨ ਦਿਵਾ ਰਿਹਾ ਹੈ ਕਿ ਸਿਹਤਮੰਦ ਰਹਿਣ ਲਈ ਉਨ੍ਹਾਂ ਨੂੰ ਇਨ੍ਹਾਂ ਸਪਲੀਮੈਂਟਸ ਦੀ ਲੋੜ ਹੈ ਪਰ ਜ਼ਿਆਦਾਤਰ ਮਾਮਲਿਆਂ ਵਿੱਚ, ਇਹ ਸੱਚ ਨਹੀਂ ਹੈ।”
ਕ੍ਰਿਸਟਨ ਨੂੰ ਲੱਗਦਾ ਹੈ ਕਿ ਉਹ ਇੱਕ ਅਜਿਹੀ ਲੜਾਈ ਲੜ ਰਹੇ ਹਨ, ਜਿਸ ਵਿੱਚ ਜਿੱਤਣਾ ਮੁਸ਼ਕਲ ਹੈ।
ਜਿਨ੍ਹਾਂ ਬਾਲਗਾਂ ਨੂੰ ਕੋਈ ਬਿਮਾਰੀ ਨਹੀਂ ਹੈ, ਉਨ੍ਹਾਂ ਲਈ ਉਹ ਸੰਤੁਲਿਤ ਖੁਰਾਕ ਲੈਣ ਦੀ ਸਲਾਹ ਦਿੰਦੇ ਹਨ।
ਨਾਲ ਹੀ, ਸਰਦੀਆਂ ਦੇ ਮਹੀਨਿਆਂ ਵਿੱਚ ਵਿਟਾਮਿਨ ਡੀ ਸਪਲੀਮੈਂਟ ਅਤੇ ਲੋੜ ਪੈਣ ‘ਤੇ ਮਲਟੀਵਿਟਾਮਿਨ ਅਤੇ ਫਿਸ਼ ਆਇਲ ਲੈਣ ਦੀ ਵੀ ਸਲਾਹ ਦਿੰਦੇ ਹਨ।
ਕੁਝ ਮਹਿਲਾਵਾਂ ਵਿੱਚ ਆਇਰਨ ਦੀ ਕਮੀ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ, ਉਨ੍ਹਾਂ ਲਈ ਸਪਲੀਮੈਂਟਸ ਫ਼ਾਇਦੇਮੰਦ ਹੋ ਸਕਦੇ ਹਨ ਪਰ ਉਨ੍ਹਾਂ ਨੂੰ ਇਹ ਸਪਲੀਮੈਂਟਸ ਘੱਟ ਸਮੇਂ ਲਈ ਹੀ ਲੈਣੇ ਚਾਹੀਦੇ ਹਨ, ਜਦੋਂ ਤੱਕ ਆਇਰਨ ਦਾ ਪੱਧਰ ਠੀਕ ਨਾ ਹੋ ਜਾਵੇ।
ਕ੍ਰਿਸਟਨ ਸਟੈਵਰਿਡਿਸ ਦਾ ਮੁੱਖ ਸੰਦੇਸ਼ ਹੈ ਕਿ ਖਾਣ-ਪੀਣ ‘ਤੇ ਧਿਆਨ ਦਿਓ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਰੀਰ ਵਿੱਚ ਕਿਸੇ ਖ਼ਾਸ ਨਿਊਟ੍ਰੀਐਂਟ ਦੀ ਕਮੀ ਹੈ, ਤਾਂ ਡਾਕਟਰ ਨਾਲ ਸਲਾਹ ਕਰੋ, ਇਹ ਨਾ ਸੋਚੋ ਕਿ ਸਿਰਫ਼ ਸਪਲੀਮੈਂਟ ਨਾਲ ਹੀ ਕਮੀ ਪੂਰੀ ਹੋ ਜਾਵੇਗੀ।
ਉਹ ਕਹਿੰਦੇ ਹਨ ਕਿ ਲੇਬਲ ‘ਤੇ ਦੱਸੀ ਗਈ ਰੋਜ਼ਾਨਾ ਦੀ ਤੈਅ ਮਾਤਰਾ (ਆਰਡੀਏ) ਜ਼ਰੂਰ ਦੇਖੋ ਅਤੇ ਇਹ ਵੀ ਯਕੀਨੀ ਬਣਾਓ ਕਿ ਤੁਹਾਡੇ ਸਪਲੀਮੈਂਟਸ ਡਾਕਟਰ ਵੱਲੋਂ ਲਿਖੀ ਕਿਸੇ ਦਵਾਈ ਨਾਲ ਰਿਐਕਸ਼ਨ ਨਾ ਕਰਨ।
ਕਿਡਨੀ ਸਟੋਨ ਦੇ ਆਪ੍ਰੇਸ਼ਨ ਤੋਂ ਠੀਕ ਹੋਣ ਵਿੱਚ ਜਿੰਜਰ ਨੂੰ ਕਈ ਮਹੀਨੇ ਲੱਗ ਗਏ। ਹੁਣ ਉਹ ਮੁੜ ਤੋਂ ਸਿਹਤਮੰਦ ਮਹਿਸੂਸ ਕਰ ਰਦੇ ਹਨ ਅਤੇ ਕੰਮ ‘ਤੇ ਵਾਪਸ ਆ ਗਏ ਹਨ।
ਉਹ ਕਹਿੰਦੇ ਹਨ, “ਮਜ਼ੇਦਾਰ ਗੱਲ ਇਹ ਹੈ ਕਿ ਮੈਂ ਅੱਜ ਵੀ ਓਨੀ ਹੀ ਐਨਰਜੈਟਿਕ ਅਤੇ ਸਿਹਤਮੰਦ ਮਹਿਸੂਸ ਕਰਦੀ ਹਾਂ, ਜਿੰਨੀ ਉਦੋਂ ਕਰਦੀ ਸੀ ਜਦੋਂ ਮੈਂ ਉਹ ਸਾਰੇ ਵੱਖ-ਵੱਖ ਸਪਲੀਮੈਂਟ ਲੈਂਦੀ ਸੀ।”
“ਹੁਣ ਮੈਂ ਰੋਜ਼ ਸਿਰਫ਼ ਇੱਕ ਮਲਟੀਵਿਟਾਮਿਨ ਲੈਂਦੀ ਹਾਂ ਅਤੇ ਉਮੀਦ ਹੈ ਕਿ ਇੰਨਾ ਹੀ ਕਾਫ਼ੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


