Source :- BBC PUNJABI

(ਚੇਤਾਵਨੀ: ਇਸ ਖ਼ਬਰ ਦੇ ਕੁਝ ਵੇਰਵੇ ਤੇ ਦ੍ਰਿਸ਼ ਪਰੇਸ਼ਾਨ ਕਰ ਸਕਦੇ ਹਨ)
“ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਮੇਰੀਆਂ ਦੋਵੇਂ ਲੱਤਾਂ ਕੱਟ ਦਿੱਤੀਆਂ ਗਈਆਂ ਸਨ। ਮੈਂ ਆਪਣੇ ਹੱਥ ਚੁੱਕੇ ਤਾਂ ਉਹ ਬਹੁਤ ਹਲਕੇ ਲੱਗੇ। ਮੇਰੇ ਦੋਵੇਂ ਹੱਥ ਵੀ ਕੱਟੇ ਜਾ ਚੁੱਕੇ ਸਨ। ਮੇਰਾ ਗਲਾ ਰੁੱਕ ਗਿਆ ਸੀ ਅਤੇ ਮੈਂ ਬੋਲ ਵੀ ਨਹੀਂ ਸਕਦਾ ਸੀ।”
13 ਤੋਂ 25 ਸਾਲ ਦੀ ਉਮਰ ਦੇ ਇੱਕ ਦਰਜਨ ਪ੍ਰਵਾਸੀਆਂ ਨੇ ਬੀਬੀਸੀ ਅਫ਼ਗ਼ਾਨ ਫ਼ੋਰੈਂਸਿਕ ਨੂੰ ਦੱਸਿਆ ਕਿ ਉਹ ਉਨ੍ਹਾਂ ਕਰੀਬ 50 ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਤੁਰਕੀ ਦੇ ਬਾਰਡਰ ਗਾਰਡਜ਼ ਨੇ ਕੁੱਟਿਆ, ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਅਤੇ ਬਰਫ਼ ਵਿੱਚ ਛੱਡ ਦਿੱਤਾ।
13 ਸਾਲਾਂ ਦੇ ਆਸਿਮ ਸਣੇ, ਇਨ੍ਹਾਂ 12 ਵਿੱਚੋਂ 11 ਲੋਕਾਂ ਦੇ ਹੱਥ ਅਤੇ ਪੈਰ ਠੰਢ ਕਾਰਨ ਸੁੰਨ ਹੋ ਜਾਣ ਤੋਂ ਬਾਅਦ ਕੱਟਣੇ ਪਏ। ਪੰਜ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਘੱਟੋ-ਘੱਟ 20 ਹੋਰ ਲੋਕਾਂ ਨੂੰ ਠੰਢ ਕਾਰਨ ਮਰਦੇ ਦੇਖਿਆ।
ਹਾਲਾਂਕਿ ਤੁਰਕੀ ਦੀ ਦੁਨੀਆ ਵਿੱਚ ਸਭ ਤੋਂ ਵੱਧ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਲਈ ਕੌਮਾਂਤਰੀ ਪੱਧਰ ‘ਤੇ ਪ੍ਰਸ਼ੰਸਾ ਹੋਈ ਹੈ, ਪਰ ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਕਰਨ ਵਾਲੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਤੁਰਕੀ ਨੇ ਕਈ ਅਫ਼ਗ਼ਾਨਾਂ ਨੂੰ ਬਿਨਾਂ ਢੁੱਕਵੀਂ ਸਮੀਖਿਆ ਦੇ ਯੋਜਨਾਬੱਧ ਢੰਗ ਨਾਲ ਦੇਸ਼ ਤੋਂ ਡਿਪੋਰਟ ਕੀਤਾ ਹੈ।
ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬੁਲਾਰੇ ਨੇ ਬੀਬੀਸੀ ਅਫ਼ਗਾਨ ਫ਼ੋਰੈਂਸਿਕ ਨੂੰ ਕਿਹਾ ਕਿ ਦੇਸ਼ ਦੀਆਂ ਸਰਹੱਦੀ ਸੁਰੱਖਿਆ ਫ਼ੋਰਸਾਂ ਕੌਮੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਦੀਆਂ ਹਨ ਅਤੇ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਅਤੇ ਮਨੁੱਖੀ ਮਾਣ-ਸਨਮਾਨ ਦਾ ਸਤਿਕਾਰ ਕਰਦੀਆਂ ਹਨ, ਜੋ ਤੁਰਕੀ ਦੀਆਂ ਸੱਭਿਆਚਾਰਕ ਰਵਾਇਤਾਂ ਦੇ ਅਨੁਕੂਲ ਹੈ।
ਹਿਰਾਸਤ ਵਿੱਚ ਲਏ ਗਏ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਨੂੰ ਖਾਣਾ, ਪਾਣੀ ਅਤੇ ਡਾਕਟਰੀ ਸਹਾਇਤਾ ਸਮੇਤ ਹਰ ਲੋੜੀਂਦੀ ਮਦਦ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ, “ਮਨੁੱਖੀ ਸਹਾਇਤਾ ਦੇ ਮਾਪਦੰਡਾਂ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਂਦਾ।”
-15 ਡਿਗਰੀ ਸੈਲਸੀਅਸ ਤਾਪਮਾਨ

ਇਸ ਸਾਲ 10 ਤੋਂ 20 ਜਨਵਰੀ ਦੇ ਵਿਚਕਾਰ, ਜਦੋਂ ਤਾਪਮਾਨ -15 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਸੀ, ਉਸ ਵੇਲੇ ਬਿਨਾਂ ਦਸਤਾਵੇਜ਼ਾਂ ਵਾਲੇ ਕਰੀਬ 50 ਅਫ਼ਗ਼ਾਨ ਪ੍ਰਵਾਸੀਆਂ ਨੂੰ ਵਾਨ (ਪੂਰਬੀ ਅਨਾਤੋਲੀਆ) ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਇਹ ਸ਼ਹਿਰ ਤੁਰਕੀ ਵਿੱਚ ਈਰਾਨ ਦੀ ਸਰਹੱਦ ਦੇ ਸਭ ਤੋਂ ਨੇੜੇ ਹੈ ਅਤੇ ਮਨੁੱਖੀ ਤਸਕਰੀ ਦਾ ਇੱਕ ਮੁੱਖ ਕੇਂਦਰ ਵੀ ਹੈ।
21 ਸਾਲਾ ਸ਼ਹਸਵਾਰ ਨੇ ਬੀਬੀਸੀ ਅਫ਼ਗ਼ਾਨ ਫ਼ੋਰੈਂਸਿਕ ਨੂੰ ਦੱਸਿਆ ਕਿ ਤਸਕਰਾਂ ਦੀ ਮਦਦ ਨਾਲ ਉਹ ਚੌਥੀ ਕੋਸ਼ਿਸ਼ ਵਿੱਚ ਬਰਫ਼ ਰਾਹੀਂ ਈਰਾਨ ਦੀ ਸਰਹੱਦ ਪਾਰ ਕਰਨ ਵਿੱਚ ਕਾਮਯਾਬ ਹੋਇਆ। ਪਰ ਜਿਵੇਂ ਹੀ ਉਹ ਸ਼ਹਿਰ ਵਿੱਚ ਦਾਖ਼ਲ ਹੋਇਆ, ਉਸ ਨੂੰ ਫੜ ਲਿਆ ਗਿਆ।
ਤੁਰਕੀ ਦੇ ਪੁਲਿਸ ਮੁਲਾਜ਼ਮ ਬਹੁਤ ਗੁੱਸੇ ਵਿੱਚ ਸਨ। ਉਨ੍ਹਾਂ ਸਾਨੂੰ ਕਤਾਰ ਵਿੱਚ ਖੜ੍ਹਾ ਕਰਕੇ ਕੁੱਟਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੇ ਅੱਗੇ ਦੱਸਿਆ, “ਕਾਫ਼ੀ ਕੁੱਟਮਾਰ ਤੋਂ ਬਾਅਦ ਉਨ੍ਹਾਂ ਸਾਨੂੰ ਕਈ ਰਾਤਾਂ ਤੱਕ ਇੱਕ ਗੋਦਾਮ ਵਿੱਚ ਰੱਖਿਆ, ਜਿੱਥੇ ਸਾਡੇ ਉੱਤੇ ਬਰਫ਼ ਡਿੱਗਦੀ ਰਹਿੰਦੀ ਸੀ। ਉਹ ਸਾਨੂੰ ਦਿਨ ਵਿੱਚ ਸਿਰਫ਼ ਇੱਕ ਵਾਰ ਪਾਣੀ ਅਤੇ ਸੁੱਕੀ ਰੋਟੀ ਦਿੰਦੇ ਸਨ।”
ਨੰਗਰਹਾਰ ਸੂਬੇ ਦੇ 23 ਸਾਲਾ ਅਲਾਵਲਦੀਨ ਨੇ ਬੀਬੀਸੀ ਅਫ਼ਗ਼ਾਨ ਫ਼ੋਰੈਂਸਿਕ ਨੂੰ ਦੱਸਿਆ, “ਬਹੁਤ ਜ਼ਿਆਦਾ ਠੰਢ ਸੀ। ਉਨ੍ਹਾਂ ਸਾਨੂੰ ਖਾਣਾ ਨਹੀਂ ਦਿੱਤਾ ਅਤੇ ਜ਼ਬਰਦਸਤੀ ਸਖ਼ਤ ਮਿਹਨਤ ਕਰਵਾਈ। ਸਾਨੂੰ ਲੱਕੜ ਚੁੱਕਣੀ ਪੈਂਦੀ ਸੀ ਅਤੇ ਬਰਫ਼ ਸਾਫ਼ ਕਰਨੀ ਪੈਂਦੀ ਸੀ।”
ਅਲਾਵਦੀਨ ਦਾ ਨਾ ਆਪਣੇ ਪਰਿਵਾਰ ਨਾਲ ਅਤੇ ਨਾ ਹੀ ਉਸ ਤਸਕਰ ਨਾਲ ਕੋਈ ਸੰਪਰਕ ਸੀ, ਜਿਸ ਨੇ ਉਸ ਨੂੰ ਯੂਰਪ ਪਹੁੰਚਾਉਣ ਦਾ ਵਾਅਦਾ ਕੀਤਾ ਸੀ।

ਬੀਬੀਸੀ ਅਫ਼ਗ਼ਾਨ ਫ਼ੋਰੈਂਸਿਕ ਨਾਲ ਗੱਲ ਕਰਨ ਵਾਲੇ ਲਗਭਗ ਸਾਰੇ 12 ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ 25 ਜਨਵਰੀ ਨੂੰ ਬਾਹਰ ਕਤਾਰ ਵਿੱਚ ਖੜ੍ਹਾ ਕਰਕੇ ਲੋਹੇ ਦਿਆਂ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ।
ਅਲਾਵਦੀਨ ਦੱਸਦੇ ਹਨ, ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਗਏ, ਹੱਥ ਬੰਨ੍ਹ ਦਿੱਤੇ ਗਏ ਅਤੇ ਢਿੱਡ ਦੇ ਭਾਰ ਰੇਂਗਦੇ ਹੋਏ ਇੱਕ ਪਹਾੜੀ ਵੱਲ ਜਾਣ ਲਈ ਮਜਬੂਰ ਕੀਤਾ ਗਿਆ।
ਅਲਾਵਲਦੀਨ ਨੇ ਬੀਬੀਸੀ ਅਫ਼ਗ਼ਾਨ ਫ਼ੋਰੈਂਸਿਕ ਨੂੰ ਦੱਸਿਆ, “ਤੁਰਕੀ ਦੀਆਂ ਸਰਹੱਦੀ ਸੁਰੱਖਿਆ ਫ਼ੋਰਸਾਂ ਦੀ ਕੁੱਟਮਾਰ ਕਾਰਨ ਕੁਝ ਲੋਕਾਂ ਦੇ ਸਿਰ ਫਟ ਗਏ ਸਨ ਅਤੇ ਉਨ੍ਹਾਂ ਦਾ ਖ਼ੂਨ ਮੋਢਿਆਂ ਤੱਕ ਵਹਿ ਰਿਹਾ ਸੀ।”
ਸ਼ਾਹਸਵਾਰ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਨ੍ਹਾਂ ਦੇ ਹੱਥਾਂ ਨੇ ਕੰਮ ਕਰਨਾ ਹੀ ਬੰਦ ਕਰ ਦਿੱਤਾ।
ਉਸ ਨੇ ਕਿਹਾ, “ਉਨ੍ਹਾਂ ਨੇ ਸਾਡੇ ਸਾਰੇ ਕੱਪੜੇ ਉਤਾਰ ਲਏ। ਸਿਰਫ਼ ਇੱਕ ਪੈਂਟ ਛੱਡੀ। ਸਾਡੇ ਬੂਟ ਅਤੇ ਜੁਰਾਬਾਂ ਵੀ ਲੈ ਲਈਆਂ। ਇਸ ਤੋਂ ਬਾਅਦ ਸਾਨੂੰ ਅੱਠ-ਅੱਠ ਲੋਕਾਂ ਦੇ ਵੱਖ-ਵੱਖ ਗਰੁੱਪ ਬਣਾਕੇ ਈਰਾਨ ਵੱਲ ਵੱਖ-ਵੱਖ ਥਾਵਾਂ ‘ਤੇ ਛੱਡ ਦਿੱਤਾ ਗਿਆ।”
ਉਸ ਰਾਤ ਭਿਆਨਕ ਤੂਫ਼ਾਨ ਸੀ। ਭਾਰੀ ਬਰਫ਼ਬਾਰੀ ਹੋ ਰਹੀ ਸੀ ਅਤੇ ਲਗਭਗ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ।
“ਸਾਰੇ ਰਸਤੇ ਬਰਫ਼ ਨਾਲ ਢੱਕੇ ਹੋਏ ਸਨ। ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਕਿਸ ਪਾਸੇ ਜਾਣਾ ਹੈ ਜਾਂ ਜੇ ਅਸੀਂ ਉੱਥੇ ਹੀ ਰੁਕ ਗਏ ਤਾਂ ਜ਼ਿੰਦਾ ਬਚਾਂਗੇ ਜਾਂ ਨਹੀਂ।”
ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਗਰੁੱਪ ਦੇ ਦਾਨਿਆਲ ਨਾਂ ਦੇ ਮੁੰਡੇ ਦੀ ਮੌਤ ਹੋ ਗਈ ਸੀ, ਦਾਨਿਆਲ ਸ਼ੁਰੂ ਵਿੱਚ ਹੀ ਬਰਫ਼ ਵਿੱਚ ਗੁਆਚ ਗਿਆ ਸੀ।

ਸ਼ਾਹਸਵਾਰ ਨੂੰ ਭੁੱਖ ਅਤੇ ਕੜਾਕੇ ਦੀ ਠੰਢ ਕਾਰਨ ਥੱਕ ਕੇ ਇੱਕ ਵੱਡੇ ਪੱਥਰ ਨੇੜੇ ਰੁਕਣਾ ਪਿਆ। ਉੱਥੇ ਕੁਝ ਹੀ ਸਮੇਂ ਬਾਅਦ ਦੋ ਛੋਟੇ ਮੁੰਡੇ, ਅਹਿਮਦ ਅਤੇ ਆਸਿਮ, ਉਸ ਕੋਲ ਆ ਗਏ, ਜਿਨ੍ਹਾਂ ਦੇ ਹੱਥ ਠੰਢ ਕਾਰਨ ਜੰਮ ਚੁੱਕੇ ਸਨ।
ਸ਼ਾਹਸਵਾਰ ਨੇ ਬੀਬੀਸੀ ਅਫ਼ਗਾਨ ਫ਼ੋਰੈਂਸਿਕ ਨੂੰ ਦੱਸਿਆ, “ਸਵੇਰੇ ਆਸਿਮ ਅੱਗੇ ਚਲਾ ਗਿਆ। ਪਰ ਅਸੀਂ ਇੰਨੇ ਜ਼ਿਆਦਾ ਜੰਮ ਚੁੱਕੇ ਸੀ ਕਿ ਬੋਲ ਵੀ ਨਹੀਂ ਸਕਦੇ ਸੀ।”
“ਅਹਿਮਦ ਮੇਰੀਆਂ ਬਾਂਹਾਂ ਵਿੱਚ ਲੇਟਿਆ ਹੋਇਆ ਸੀ। ਕੁਝ ਸਮੇਂ ਬਾਅਦ ਮੈਂ ਦੇਖਿਆ ਕਿ ਉਸ ਦੇ ਸਾਹ ਰੁਕ ਚੁੱਕੇ ਸਨ।”
ਅਗਲੇ ਮਹੀਨੇ ਸੋਸ਼ਲ ਮੀਡੀਆ ‘ਤੇ ਪੋਸਟ ਹੋਈ ਇੱਕ ਵੀਡੀਓ ਵਿੱਚ ਆਸਿਮ ਨੂੰ ਬਰਫ਼ ਵਿੱਚ ਦੇਖਿਆ ਗਿਆ। ਉਹ ਪੂਰੀ ਤਰ੍ਹਾਂ ਭਿੱਜਿਆ ਹੋਇਆ ਸੀ, ‘ਫਰਾਸਟਬਾਈਟ’ ਨਾਲ ਪੀੜਤ ਸੀ ਅਤੇ ਉਸ ਨੇ ਢੰਗ ਦੇ ਕੱਪੜੇ ਵੀ ਨਹੀਂ ਪਾਏ ਹੋਏ ਸਨ।
ਜਦੋਂ ਉਸ ਨੂੰ ਬਚਾਉਣ ਵਾਲਿਆਂ ਨੇ ਪੁੱਛਿਆ ਕਿ ਕੀ ਉਹ ਇਕੱਲਾ ਹੈ, ਤਾਂ ਠੰਢ ਕਾਰਨ ਬੋਲਣ ਵਿੱਚ ਅਸਮਰੱਥ 13 ਸਾਲਾ ਆਸਿਮ ਨੇ ਹੱਥ ਨਾਲ ਇਸ਼ਾਰਾ ਕਰ ਦਿੱਤਾ। ਸ਼ਾਹਸਵਾਰ ਨੇ ਬੀਬੀਸੀ ਅਫ਼ਗਾਨ ਫ਼ੋਰੈਂਸਿਕ ਨੂੰ ਦੱਸਿਆ ਕਿ ਜਿਸ ਪੱਥਰ ਦੇ ਪਿੱਛੇ ਉਸ ਨੇ ਸ਼ਰਨ ਲਈ ਸੀ, ਉਸ ਵੱਲ ਕੀਤਾ ਇਹ ਸਧਾਰਣ ਜਿਹਾ ਇਸ਼ਾਰਾ ਹੀ ਉਸ ਦੀ ਜਾਨ ਬਚਾਉਣ ਦਾ ਕਾਰਨ ਬਣਿਆ।
ਪਰ ਪਰਵਾਸੀਆਂ ਦੀਆਂ ਮੁਸ਼ਕਲਾਂ ਇੱਥੇ ਖ਼ਤਮ ਨਹੀਂ ਹੋਈਆਂ। ਬੀਬੀਸੀ ਅਫ਼ਗ਼ਾਨ ਫ਼ੋਰੈਂਸਿਕ ਨਾਲ ਗੱਲ ਕਰਨ ਵਾਲੇ 12 ਲੋਕਾਂ ਦੇ ਮੁਤਾਬਕ, ਈਰਾਨ ਵਿੱਚ ਉਨ੍ਹਾਂ ਨੂੰ ਹਸਪਤਾਲ ਵਿੱਚ ਇਲਾਜ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

29 ਜਨਵਰੀ ਨੂੰ ਤਹਿਰਾਨ ਸਥਿਤ ਅਫ਼ਗ਼ਾਨ ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਨੇ ਈਰਾਨ-ਤੁਰਕੀ ਸਰਹੱਦ ‘ਤੇ ਕੜਾਕੇ ਦੀ ਠੰਢ ਵਿੱਚ ਫਸੇ ਕਈ ਅਫ਼ਗ਼ਾਨ ਪਰਵਾਸੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਲਈ ਤੁਰੰਤ ਕਦਮ ਚੁੱਕੇ ਹਨ।
ਚਾਰ ਦਿਨਾਂ ਬਾਅਦ ਉਨ੍ਹਾਂ ਨੂੰ ਜ਼ਮੀਨੀ ਰਸਤੇ ਰਾਹੀਂ ਅਫ਼ਗ਼ਾਨਿਸਤਾਨ ਦੇ ਹੇਰਾਤ ਸੂਬੇ ਅਤੇ ਉੱਥੋਂ ਅੱਗੇ ਇਲਾਜ ਲਈ ਰਾਜਧਾਨੀ ਕਾਬੁਲ ਭੇਜਿਆ ਗਿਆ।
ਪਰ ਉਦੋਂ ਤੱਕ, ਬਾਕੀ 11 ਲੋਕਾਂ ਵਾਂਗ, ਸ਼ਾਹਸਵਾਰ ਦੇ ਸਰੀਰ ‘ਤੇ ਹੋਏ ‘ਫਰਾਸਟਬਾਈਟ’ ਕਾਰਨ ਉਸ ਦੇ ਅੰਗ ਕਾਲੇ ਪੈਣ ਲੱਗ ਪਏ ਸਨ।
ਸ਼ਾਹਸਵਾਰ ਨੇ ਬੀਬੀਸੀ ਅਫ਼ਗ਼ਾਨ ਫ਼ੋਰੈਂਸਿਕ ਨੂੰ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਹੱਥਾਂ ਅਤੇ ਪੈਰਾਂ ਦੀਆਂ ਹੱਡੀਆਂ ਕਾਲੀਆਂ ਪੈ ਰਹੀਆਂ ਸਨ।
ਕਾਬੁਲ ਦੇ ਹਸਪਤਾਲ ਪਹੁੰਚਣ ‘ਤੇ ਉਸ ਦੇ ਪਿਤਾ ਅਤੇ ਭਰਾ ਨੇ ਇੱਕ ਦਸਤਾਵੇਜ਼ ‘ਤੇ ਦਸਤਖ਼ਤ ਕੀਤੇ ਅਤੇ ਉਸ ਨੂੰ ਆਪ੍ਰੇਸ਼ਨ ਥੀਏਟਰ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੇ ਦੋਵੇਂ ਹੱਥ ਅਤੇ ਦੋਵੇਂ ਪੈਰ ਕੱਟ ਦਿੱਤੇ ਗਏ।
ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਅਤੇ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ (ਐਨਐਚਐਸ) ਦੇ ਮੁਤਾਬਕ, ਫਰੌਸਟਬਾਈਟ ਦਾ ਤੁਰੰਤ ਇਲਾਜ ਮਿਲ ਜਾਵੇ ਤਾਂ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ, ਪਰ ਇਨ੍ਹਾਂ 11 ਬਦਕਿਸਮਤ ਲੋਕਾਂ ਨੂੰ ਇਲਾਜ ਬਹੁਤ ਦੇਰ ਨਾਲ ਮਿਲਿਆ।

ਵਾਨ ਬਾਰ ਐਸੋਸੀਏਸ਼ਨ ਹਿਊਮਨ ਰਾਈਟਸ ਸੈਂਟਰ ਮਾਈਗ੍ਰੇਸ਼ਨ ਐਂਡ ਅਸਾਇਲਮ ਕਮਿਸ਼ਨ ਨੂੰ ਚੇਅਰ ਕਰਨ ਵਾਲੀ ਸ਼ਫ਼ਕ ਬੋਜ਼ਕੁਰਤ ਨੇ ਬੀਬੀਸੀ ਅਫ਼ਗਾਨ ਫ਼ੋਰੈਂਸਿਕ ਨੂੰ ਕਿਹਾ, “ਸਾਨੂੰ ਇਨ੍ਹਾਂ ਇਲਜ਼ਾਮਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਹਾਲਾਂਕਿ, ਇਸ ਖੇਤਰ ਵਿੱਚ ਪਰਵਾਸੀਆਂ ਨੂੰ ਜ਼ਬਰਦਸਤੀ ਸਰਹੱਦ ਪਾਰ ਵਾਪਸ ਭੇਜਿਆ ਜਾਂਦਾ ਹੈ। ਸਾਨੂੰ ਇਹ ਵੀ ਪਤਾ ਹੈ ਕਿ ਹਾਈਪੋਥਰਮੀਆ ਦੇ ਮਾਮਲੇ ਸਾਹਮਣੇ ਆਏ ਹਨ।”
ਤੁਰਕੀ ਸਥਿਤ ਕਾਰਕੁੰਨ ਜ਼ਕੀਰਾ ਹਿਕਮਤ ਨੇ ਕਿਹਾ ਕਿ 2021 ਤੋਂ, ਜਦੋਂ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ਾ ਕੀਤਾ, ਅਫ਼ਗ਼ਾਨ ਪਰਵਾਸੀ ਸਾਲ ਵਿੱਚ ਕਈ ਵਾਰ ਅਜਿਹੀਆਂ ਕਹਾਣੀਆਂ ਦੱਸਦੇ ਰਹੇ ਹਨ, ਕਿਉਂਕਿ ਸਰਹੱਦ ‘ਤੇ ਨਿਗਰਾਨੀ ਵਧਣ ਕਾਰਨ ਉਹ ਹੋਰ ਵੀ ਖ਼ਤਰਨਾਕ ਰਸਤਿਆਂ ਤੋਂ ਜਾਣ ਲਈ ਮਜਬੂਰ ਹੋਏ ਹਨ।
ਉਹ ਕਹਿੰਦੀ ਹੈ, “ਬਸੰਤ ਆਉਣ ਅਤੇ ਬਰਫ਼ ਪਿਘਲਣ ਤੋਂ ਬਾਅਦ ਇਨ੍ਹਾਂ ਲੋਕਾਂ ਦੀਆਂ ਲਾਸ਼ਾਂ ਸਥਾਨਕ ਲੋਕਾਂ ਅਤੇ ਚਰਵਾਹਿਆਂ ਨੂੰ ਮਿਲਦੀਆਂ ਹਨ। ਫਿਰ ਉਹ ਸੁਰੱਖਿਆ ਬਲਾਂ ਨੂੰ ਇਸ ਦੀ ਸੂਚਨਾ ਦਿੰਦੇ ਹਨ।”
ਵਾਨ ਦੇ ਇੱਕ ਹੋਰ ਪਰਵਾਸੀ ਅਧਿਕਾਰ ਕਾਰਕੁਨ ਮਹਮੂਤ ਕੇਚੇਨ ਨੇ ਬੀਬੀਸੀ ਅਫ਼ਗਾਨ ਫ਼ੋਰੈਂਸਿਕ ਨੂੰ ਕਿਹਾ, “ਅਫ਼ਗ਼ਾਨ ਪਰਵਾਸੀ ਤੁਰਕੀ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਲਈ ਪਹਾੜੀ ਇਲਾਕਿਆਂ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਇਸ ਦਾ ਮਤਲਬ ਹੈ ਕਿ ਇਹ ਦਾਖ਼ਲੇ ਅਕਸਰ ਬਹੁਤ ਮੁਸ਼ਕਲ ਮੌਸਮ ਵਿੱਚ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਸਖ਼ਤ ਠੰਢ, ਸੱਟ ਲੱਗਣ ਅਤੇ ਤਸਕਰਾਂ ਵੱਲੋਂ ਸ਼ੋਸ਼ਣ ਕੀਤੇ ਜਾਣ ਵਰਗੇ ਵੱਡੇ ਖ਼ਤਰੇ ਸ਼ਾਮਲ ਹੁੰਦੇ ਹਨ।”
ਉਨ੍ਹਾਂ ਨੇ ਦੱਸਿਆ, “ਮੈਂ ਅਫ਼ਗ਼ਾਨ ਨਾਗਰਿਕਾਂ ਅਤੇ ਹੋਰ ਪਰਵਾਸੀਆਂ ਨਾਲ ਜੁੜੇ ਕਈ ਮਾਮਲਿਆਂ ‘ਤੇ ਕੰਮ ਕੀਤਾ ਹੈ। ਇਨ੍ਹਾਂ ਵਿੱਚ ਦੁਰਵਿਹਾਰ, ਜ਼ਬਰਦਸਤੀ ਸਰਹੱਦ ਪਾਰ ਵਾਪਸ ਭੇਜਣਾ, ਸ਼ਰਨ ਪ੍ਰਕਿਰਿਆ ਤੱਕ ਪਹੁੰਚ ਤੋਂ ਇਨਕਾਰ ਅਤੇ ਈਰਾਨ-ਤੁਰਕੀ ਸਰਹੱਦੀ ਖੇਤਰ, ਖ਼ਾਸ ਕਰਕੇ ਵਾਨ ਸੂਬੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਜ਼ਬਰਦਸਤੀ ਵਾਪਸ ਭੇਜਣ ਦੇ ਦੋਸ਼ ਸ਼ਾਮਲ ਹਨ।”
ਹਿਊਮਨ ਰਾਈਟਸ ਵਾਚ ਨੇ ਵੀ ਅਕਤੂਬਰ 2021 ਅਤੇ ਫਿਰ ਨਵੰਬਰ 2022 ਵਿੱਚ ਅਫ਼ਗ਼ਾਨ ਸ਼ਰਨਾਰਥੀਆਂ ਨੂੰ ਕੁੱਟਣ, ਸ਼ਰਨ ਪ੍ਰਕਿਰਿਆ ਤੱਕ ਪਹੁੰਚ ਤੋਂ ਇਨਕਾਰ ਕਰਨ ਅਤੇ ਤੁਰਕੀ ਦੇ ਸੈਨਿਕਾਂ ਵੱਲੋਂ ਉਨ੍ਹਾਂ ਨੂੰ ਸਿੱਧਾ ਈਰਾਨ ਵਾਪਸ ਧੱਕਣ ਦੇ ਦੋਸ਼ਾਂ ਬਾਰੇ ਰਿਪੋਰਟ ਜਾਰੀ ਕੀਤੀ ਸੀ।
2022 ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਅਫ਼ਗ਼ਾਨ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਵਾਪਸ ਭੇਜੇ ਜਾਣ ਦੀ ਗੱਲ ਕਹੀ ਸੀ।

ਇਸ ਦੀ ਰਿਪਰੋਟ ਦੇ ‘ਡੌਂਟ ਟ੍ਰੀਟ ਅੱਸ ਲਾਈਕ ਹਿਊਮਨਜ਼’ ਵਿੱਚ ਈਰਾਨੀ ਅਤੇ ਤੁਰਕੀ ਅਧਿਕਾਰੀਆਂ ਵੱਲੋਂ ਅਫ਼ਗ਼ਾਨਾਂ ‘ਤੇ ਗੋਲੀਬਾਰੀ, ਮਨਮਾਨੀ ਹਿਰਾਸਤ, ਤਸ਼ੱਦਦ ਅਤੇ ਹੋਰ ਦੁਰਵਿਹਾਰ ਦਾ ਵੀ ਦਸਤਾਵੇਜ਼ੀਕਰਨ ਕੀਤਾ ਗਿਆ ਹੈ।
ਪਰ ਤੁਰਕੀ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੀਬੀਸੀ ਅਫ਼ਗਾਨ ਫ਼ੋਰੈਂਸਿਕ ਨੂੰ ਕਿਹਾ, “ਅਜਿਹੇ ਬੇਬੁਨਿਆਦ ਦੋਸ਼ ਗ਼ੈਰ-ਕਾਨੂੰਨੀ ਪਰਵਾਸ ਨਾਲ ਨਜਿੱਠਣ ਲਈ ਤੁਰਕੀ ਦੇ ਸਫ਼ਲ ਯਤਨਾਂ ਦੀ ਛਵੀ ਨੂੰ ਗ਼ਲਤ ਢੰਗ ਨਾਲ ਖ਼ਰਾਬ ਕਰਦੇ ਹਨ।”
“ਪਰਵਾਸੀ ਰਸਤਿਆਂ ‘ਤੇ ਆਪਣੀ ਭੂ-ਰਾਜਨੀਤਿਕ ਸਥਿਤੀ ਅਤੇ ਵੱਡੀ ਪਰਵਾਸੀ-ਸ਼ਰਨਾਰਥੀ ਆਬਾਦੀ ਨੂੰ ਥਾਂ ਦੇਣ ਦੇ ਕਾਰਨ, ਤੁਰਕੀ ਦਾ ਟੀਚਾ ਮਨੁੱਖ-ਕੇਂਦਰਿਤ ਅਤੇ ਟਿਕਾਊ ਪਰਵਾਸ ਪ੍ਰਬੰਧਨ ਪ੍ਰਣਾਲੀ ਲਾਗੂ ਕਰਨਾ ਹੈ, ਜੋ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਨੁਕੂਲ ਹੋਵੇ ਅਤੇ ਸੁਰੱਖਿਆ ਅਤੇ ਆਜ਼ਾਦੀ ਵਿਚਕਾਰ ਸੰਤੁਲਨ ਬਣਾਈ ਰੱਖੇ।”
ਬੁਲਾਰੇ ਨੇ ਕਿਹਾ, “ਇਸ ਟੀਚੇ ਦੇ ਮੁਤਾਬਕ, ਤੁਰਕੀ ਅੰਤਰਰਾਸ਼ਟਰੀ ਕਾਨੂੰਨ, ਮਨੁੱਖੀ ਅਧਿਕਾਰਾਂ ਦੇ ਸਿਧਾਂਤਾਂ ਅਤੇ ਜਨਤਕ ਸੁਰੱਖਿਆ ਵਿਚਕਾਰ ਸੰਤੁਲਨ ਬਣਾਈ ਰੱਖਦੇ ਹੋਏ ਗ਼ੈਰ-ਕਾਨੂੰਨੀ ਪਰਵਾਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਦਾ ਹੈ।”
“ਤੁਰਕੀ ਈਰਾਨ ਨਾਲ ਲੱਗਦੀ ਆਪਣੀ 560 ਕਿਲੋਮੀਟਰ ਲੰਬੀ ਸਰਹੱਦ ਦੀ 24 ਘੰਟੇ ਨਿਗਰਾਨੀ ਕਰਦਾ ਹੈ ਅਤੇ ਟੋਹੀ ਅਤੇ ਨਿਗਰਾਨੀ ਉਪਕਰਨਾਂ ਦੀ ਵਰਤੋਂ ਕਰਕੇ ਸਰਹੱਦ ‘ਤੇ ਹੋਣ ਵਾਲੀਆਂ ਸਾਰੀਆਂ ਘਟਨਾਵਾਂ ਨੂੰ ਦਰਜ ਕਰਦਾ ਹੈ।”
“ਤੁਰਕੀ ਦੇ ਪ੍ਰਭਾਵਸ਼ਾਲੀ ਉਪਾਵਾਂ ਅਤੇ ਗ਼ੈਰਕਾਨੂੰਨੀ ਪਰਵਾਸ ਦੇ ਖ਼ਿਲਾਫ਼ ਸਫ਼ਲ ਮੁਹਿੰਮ ਦੇ ਕਾਰਨ, ਯੂਰਪੀ ਸੰਘ ਵੱਲ ਜਾਣ ਵਾਲਾ ਗ਼ੈਰਕਾਨੂੰਨੀ ਪਰਵਾਸ ਲਗਭਗ ਪੂਰੀ ਤਰ੍ਹਾਂ ਰੁਕ ਗਿਆ ਹੈ।”
ਈਰਾਨੀ ਅਧਿਕਾਰੀਆਂ ਤੋਂ ਵੀ ਇਸ ਮਾਮਲੇ ‘ਤੇ ਟਿੱਪਣੀ ਲਈ ਸੰਪਰਕ ਕੀਤਾ ਗਿਆ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI
