Source :- BBC PUNJABI

ਫਾਰ ਬ੍ਰਦਰਜ਼ ਗੈਂਗ ਨਾਲ ਸਬੰਧਿਤ ਦੱਸੇ ਗਏ ਹਨ ਮੁਲਜ਼ਮ

ਤਸਵੀਰ ਸਰੋਤ, Peel Regional Police/yt

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 7 ਮਿੰਟ

ਕੈਨੇਡਾ ਦੀ ਪੀਲ ਰੀਜਨ ਪੁਲਿਸ ਨੇ 17 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਮੂਲ ਦੇ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਉੱਤੇ ਕੈਨੇਡਾ ਅਤੇ ਅਮਰੀਕਾ ਵਿਚਲੇ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧਿਤ ਕਾਰੋਬਾਰੀਆਂ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਹਨ।

ਪੁਲਿਸ ਮੁਤਾਬਕ ਇਨ੍ਹਾਂ ਵਿੱਚੋਂ ਜ਼ਿਆਦਾਤਰ ‘ਫਾਰ ਬ੍ਰਦਰਜ਼’ ਨਾਮ ਦੇ ਗੈਂਗ ਨਾਲ ਸਬੰਧਿਤ ਹਨ, ਜੋ ਕਥਿਤ ਤੌਰ ਉੱਤੇ ਇੰਟਰਨੈਸ਼ਨਲ ਐਕਸਟੌਰਸ਼ਨ ਭਾਵ ਫਿਰੌਤੀ ਨੈਟਵਰਕ ਚਲਾਉਂਦਾ ਹੈ।

ਐਕਸਟੌਰਸ਼ਨ ਟਾਸਕ ਫੋਰਸ ਦੀ ਅਗਵਾਈ ਹੇਠ ਹੋਈ ਜਾਂਚ ਮੁਤਾਬਕ ਸਥਾਨਕ ਕਾਰੋਬਾਰੀਆਂ ਨੂੰ ਵਸੂਲੀ ਲਈ ਡਰਾਉਣ, ਧਮਕਾਉਣ ਅਤੇ ਹਿੰਸਾ ਦੇ ਵੱਧਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਗਿਆ ਹੈ।

ਕੀ ਹਨ ਇਲਜ਼ਾਮ ਅਤੇ ਜਾਂਚ ਵਿੱਚ ਕੀ-ਕੀ ਪਤਾ ਲੱਗਿਆ ?

ਪੁਲਿਸ ਮੁਤਾਬਕ ਇਹ ਸੰਗਠਿਤ ਅਪਰਾਧਿਕ ਨੈੱਟਵਰਕ ਪੀਲ ਖੇਤਰ ਦੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਈ ਹਮਲਿਆਂ ਲਈ ਕਥਿਤ ਤੌਰ ‘ਤੇ ਜ਼ਿੰਮੇਵਾਰ ਹੈ। ਇਲਜ਼ਾਮ ਹਨ ਕਿ ਮੁਲਜ਼ਮ ਵੱਲੋਂ ਰੈਸਟੋਰੈਂਟਾਂ ਅਤੇ ਟਰੱਕਿੰਗ ਕੰਪਨੀਆਂ ਸਮੇਤ ਕਈ ਕਾਰੋਬਾਰਾਂ ਨੂੰ ਵਸੂਲੀ ਦੀਆਂ ਮੰਗਾਂ ਨਾ ਮੰਨਣ ਤੋਂ ਬਾਅਦ ਵਾਰ-ਵਾਰ ਨਿਸ਼ਾਨਾ ਬਣਾਇਆ ਗਿਆ।

ਜਾਂਚਕਰਤਾਵਾਂ ਮੁਤਾਬਕ ਕਥਿਤ ਤੌਰ ਉੱਤੇ ਦੋ ਮੁਲਜ਼ਮਾਂ ਨੇ ਕੈਲੇਡਨ ਦੇ ਇੱਕ ਰਿਹਾਇਸ਼ ‘ਤੇ ਗੋਲੀਬਾਰੀ ਅਤੇ ਅੱਗਜ਼ਨੀ ਕੀਤੀ ਸੀ। ਇਸ ਤੋਂ ਕੁਝ ਮਿੰਟ ਬਾਅਦ ਬਰੈਂਪਟਨ ਵਿੱਚ ਇੱਕ ਕਾਰੋਬਾਰ ਨੂੰ ਨਿਸ਼ਾਨਾ ਬਣਾਕੇ ਗੋਲੀਬਾਰੀ ਕੀਤੀ ਗਈ।

ਕੁੱਲ ਮਿਲਾਕੇ 17 ਮੁਲਜ਼ਮਾਂ ਉੱਤੇ 24 ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਹਨ। ਇਨ੍ਹਾਂ ਵਿੱਚੋਂ 16 ਹਿੰਸਕ ਘਟਨਾਵਾਂ ਨੂੰ ਕਥਿਤ ਤੌਰ ‘ਤੇ ਫਾਰ ਬ੍ਰਦਰਜ਼ ਗਰੁੱਪ ਵੱਲੋਂ ਅੰਜਾਮ ਦਿੱਤਾ ਗਿਆ ਦੱਸਿਆ ਗਿਆ ਹੈ, ਇਨ੍ਹਾਂ ਵਿੱਚ ਅਗਜ਼ਨੀ ਅਤੇ ਕਈ ਗੋਲੀਬਾਰੀ ਦੀਆਂ ਵਾਰਦਾਤਾਂ ਸ਼ਾਮਲ ਹਨ, ਅਤੇ 324 ਗੋਲੀਆਂ ਚਲਾਉਣ ਦੇ ਮਾਮਲੇ ਹਨ।

ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਗਰੁੱਪ ਬਰੈਂਪਟਨ, ਮਿਸੀਸਾਗਾ, ਕੈਲੇਡਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰਗਰਮ ਸੀ ਅਤੇ ਇਸ ਦੇ ਕੈਲੀਫੋਰਨੀਆ ਨਾਲ ਵੀ ਤਾਰ ਜੁੜਦੇ ਹਨ।

ਕੌਣ ਹਨ ਗ੍ਰਿਫ਼ਤਾਰ ਮੁਲਜ਼ਮ ਅਤੇ ਕੀ ਬਰਾਮਦਗੀ ਹੋਈ?

ਫੜੇ ਗਏ ਮੁਲਜ਼ਮਾਂ ਦੀਆਂ ਤਸਵੀਰਾਂ

ਤਸਵੀਰ ਸਰੋਤ, Peel Regional Police

ਅਪ੍ਰੈਲ 2026 ਵਿੱਚ ਜਾਂਚਕਰਤਾਵਾਂ ਨੇ ਕਈ ਥਾਵਾਂ ‘ਤੇ ਸਰਚ ਵਾਰੰਟ ਜਾਰੀ ਕੀਤੇ, ਜਿਸ ਦੇ ਨਤੀਜੇ ਵਜੋਂ 17 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਉੱਤੇ ਕੁੱਲ 106 ਅਪਰਾਧਿਕ ਚਾਰਜ ਲਾਏ ਗਏ ਹਨ।

ਜੋ ਮੁਲਜ਼ਮ ਫੜੇ ਗਏ ਹਨ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੈ ਅਤੇ ਵਿੱਚੋਂ 12 ਬਰੈਂਪਟਨ ਦੇ ਰਹਿਣ ਵਾਲੇ ਦੱਸੇ ਗਏ ਹਨ।

ਬਰੈਂਪਟਨ ਦੇ 25 ਸਾਲਾ ਇਕਬਾਲ ਬਾਗੜਿਆ, 26 ਸਾਲ ਦੇ ਦਿਲਵਰਪ੍ਰੀਤ ਸਿੰਘ, 22 ਸਾਲ ਦੇ ਪ੍ਰਭਦੀਪ ਸਿੰਘ, 29 ਸਾਲ ਦੇ ਅਜੇਦੀਪ ਸਿੰਘ, 22 ਸਾਲ ਦੇ ਜਸ਼ਨਪ੍ਰੀਤ ਸਿੰਘ, 32 ਸਾਲ ਦੇ ਸੁਖਵਿੰਦਰ ਸਿੰਘ, 21 ਸਾਲ ਦੇ ਮਨਦੀਪ ਸਿੰਘ, 22 ਸਾਲ ਦੇ ਪ੍ਰਤਾਪਬੀਰ ਸਿੰਘ, 24 ਸਾਲ ਦੇ ਨਵਰੂਪ ਸਿੰਘ, 22 ਸਾਲ ਦੇ ਅਮ੍ਰਿਤਜੋਤ ਸਿੰਘ, 27 ਸਾਲ ਦੀ ਗੁਨੀਤ ਅਤੇ 30 ਸਾਲ ਦੇ ਮੋਹਿੰਦਰ ਸਿੰਘ ਹਨ।

ਇਸ ਦੇ ਇਲਾਵਾ ਸਰੀ ਦੇ 25 ਸਾਲਾ ਰਵਿੰਦਰ ਸਿੰਘ ਅਤੇ 21 ਸਾਲਾ ਜਸ਼ਨਬੀਰ ਸਿੰਘ, ਬੈਰੀ ਦੇ 28 ਸਾਲਾ ਰਾਜਨ ਸਿੰਘ, ਨੌਰਵਲ ਦੇ 24 ਸਾਲਾ ਅਕਾਸ਼ਦੀਪ ਸਿਘ ਅਤੇ ਮੈਨਟੀਕਾ ਦੇ 22 ਸਾਲਾ ਗੌਤਮ ਹਨ।

ਚਾਰਜਸ਼ੀਟ ਮੁਤਾਬਕ ਫੜੇ ਗਏ ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਉੱਤੇ ਗੈਰ ਅਧਿਕਾਰਿਤ ਤੌਰ ਉੱਤੇ ਹਥਿਆਰ ਰੱਖਣ, ਹਥਿਆਰ ਚਲਾਉਣ, ਫਿਰੌਤੀ ਮੰਗਣ ਅਤੇ ਅਗਜ਼ਨੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਹਨ।

ਗੋਲੀ ਚਲਾਉਂਦਾ ਇੱਕ ਮੁਲਜ਼ਮ (ਪੀਲ ਪੁਲਿਸ ਵੱਲੋਂ ਮੁਹੱਈਆ ਕਰਵਾਈ ਇੱਕ ਤਸਵੀਰ)

ਤਸਵੀਰ ਸਰੋਤ, Peel Regional Police

ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਦੁਰਾਈਪਾ ਮੁਤਾਬਕ, “ਇਹ ਗਰੁੱਪ ਫਿਰੌਤੀ, ਸ਼ੂਟਿੰਗ, ਅਗਜ਼ਨੀ, ਹਿੰਸਾ ਅਤੇ ਧਮਕਾਉਣ ਵਰਗੇ ਅਪਰਾਧਾਂ ਨਾਲ ਜੁੜਿਆ ਹੋਇਆ ਸੀ। ਇਹ ਵਾਰਦਾਤਾਂ ਗਿਣ ਮਿਥ ਕੇ ਅੰਜਾਮ ਦਿੱਤੀਆਂ ਜਾਂਦੀਆਂ ਸਨ।”

ਉਨ੍ਹਾਂ ਦੱਸਿਆ, “ਅਸੀਂ 17 ਮੁਲਜ਼ਮਾਂ ਨੂੰ ਫੜਿਆ, ਜਿਨ੍ਹਾਂ ਉੱਤੇ 106 ਚਾਰਜ ਲਾਏ ਗਏ ਹਨ। ਇਨ੍ਹਾਂ ਉੱਤੇ ਕਈ ਸ਼ੂਟਿੰਗ ਅਤੇ ਅਗਜ਼ਨੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਹਨ। ਇਹ ਜਾਂਚ ਸਿਰਫ਼ ਪੀਲ ਤੱਕ ਸੀਮਿਤ ਨਹੀਂ ਹੈ। ਇਸ ਦਾ ਸਬੰਧ ਬ੍ਰਿਟਿਸ਼ ਕੋਲੰਬੀਆ ਦੇ ਨਾਲ-ਨਾਲ ਅਮਰੀਕਾ ਅਤੇ ਭਾਰਤ ਨਾਲ ਵੀ ਹਨ।”

ਨਿਸ਼ਾਨ ਦੁਰਾਈਪਾ ਨੇ ਪ੍ਰੈਸ ਕਾਨਫਰੈਂਸ ਦੌਰਾਨ ਦੱਸਿਆ, “ਇੱਕ ਮੁਲਜ਼ਮ ਦਾ ਭਾਰਤ ਵਿੱਚ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਨਾਲ ਵੀ ਕਥਿਤ ਸਬੰਧ ਪਤਾ ਲੱਗਿਆ ਹੈ।”

“17 ਵਿੱਚੋਂ 6 ਮੁਲਜ਼ਮਾਂ ਨੂੰ ਦੇਸ਼ ਨਿਕਾਲੇ ਭਾਵ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।”

ਮੁਲਜ਼ਮਾਂ ਕੋਲੋਂ 6 ਹਥਿਆਰ, ਗੈਰ ਕਾਨੂੰਨੀ ਡਰੱਗਜ਼, ਮੋਬਾਈਲ ਫੋਨ, ਜਾਅਲੀ ਆਈਡੀਜ਼ ਅਤੇ ਸਿਮ ਬਰਾਮਦ ਹੋਏ ਹਨ।

ਫਾਰ ਬ੍ਰਦਰਜ਼ ਗੈਂਗ ਬਾਰੇ ਕੀ ਪਤਾ ਲੱਗਿਆ?

ਡਿਟੈਕਟਿਵ ਸਰਜੈਂਟ ਬ੍ਰਾਇਨ

17 ਮੁਲਜ਼ਮਾਂ ਨੂੰ ਜਿਨ੍ਹਾਂ 24 ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ 16 ਹਿੰਸਕ ਮਾਮਲੇ ਫਾਰ ਬ੍ਰਦਰਜ਼ ਨਾਲ ਜੁੜੇ ਦੱਸੇ ਗਏ ਹਨ।

ਡਿਟੈਕਟਿਵ ਸਰਜੈਂਸ ਬ੍ਰਾਇਨ ਲੌਰੈਟ ਮੁਤਾਬਕ, “ਇਸ ਜਾਂਚ ਦੌਰਾਨ ਇੱਕ ਗਰੁੱਪ ਦਾ ਪਤਾ ਲੱਗਿਆ ਹੈ, ਜੋ ਫਾਰ ਬ੍ਰਦਰਜ਼ ਗੈਂਗ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਦੇ ਮੈਂਬਰ ਅਤੇ ਸਹਿਯੋਗੀ ਫਿਰੌਤੀ ਨਾਲ ਜੁੜੇ ਹਿੰਸਕ ਅਪਰਾਧਾਂ ਜਿਸ ਵਿੱਚ ਸ਼ੂਟਿੰਗ ਵੀ ਸ਼ਾਮਿਲ ਹੈ, ਨਾਲ ਜੁੜੇ ਹੋਏ ਹਨ।”

“ਇਸ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਹਨ ਜਿਨ੍ਹਾਂ ਉੱਤੇ ਲੋਕਾਂ ਨੂੰ ਧਮਕਾਉਣ ਸਣੇ ਹਿੰਸਾ ਦੇ ਇਲਜ਼ਾਮ ਹਨ। ਫਾਰ ਬ੍ਰਦਰਜ਼ ਗੈਂਗ ਜਾਂਚਕਰਤਾਵਾਂ ਦੇ ਫੋਕਸ ਉੱਤੇ ਹੈ।”

ਉਨ੍ਹਾਂ ਅੱਗੇ ਕਿਹਾ, “ਪੀੜਤਾਂ ਲਈ ਸੁਨੇਹਾ ਸਪਸ਼ਟ ਹੈ ਕਿ ਜੇਕਰ ਕੋਈ ਤੁਹਾਨੂੰ ਧਮਕਾਉਂਦਾ ਹੈ, ਪੈਸੇ ਮੰਗਦਾ ਹੈ ਤਾਂ ਪੁਲਿਸ ਕੋਲ ਪਹੁੰਚ ਕਰੋ। ਸਾਰੇ ਸਬੂਤ ਸਾਂਭ ਕੇ ਰੱਖੋ ਜਿਵੇਂ ਕਿ ਮੈਸੇਜ, ਕਾਲ ਦੀ ਡਿਟੇਲ, ਫੋਨ ਨੰਬਰ, ਵੀਡੀਓਜ਼ ਜਾਂ ਫਿਰ ਜੋ ਵੀ ਜਾਣਕਾਰੀ ਢੁੱਕਵੀਂ ਹੋਵੇ।”

ਜਾਂਚ ਵਿੱਚ ਕਿਹੜੀਆਂ ਏਜੰਸੀਆਂ ਸ਼ਾਮਿਲ ਸਨ

ਪੀਲ ਰੀਜਨ ਪੁਲਿਸ ਦੇ ਅਧਿਕਾਰੀ

ਤਸਵੀਰ ਸਰੋਤ, BBC/Peel Regional Police/X

ਪੀਲ ਰੀਜਨਲ ਪੁਲਿਸ ਮੁਤਾਬਕ ਦਸੰਬਰ 2025 ਵਿੱਚ ਪੀਲ ਰੀਜਨਲ ਪੁਲਿਸ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓਪੀਪੀ) ਦੇ ਨਾਲ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ), ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਅਤੇ ਫਾਇਨੈਂਸ਼ਲ ਟ੍ਰਾਂਜ਼ੈਕਸ਼ਨਜ਼ ਐਂਡ ਰਿਪੋਰਟਸ ਐਨਾਲਿਸਿਸ ਸੈਂਟਰ ਆਫ ਕੈਨੇਡਾ (ਫਿਨਟ੍ਰੈਕ) ਨੇ ਮਿਲ ਕੇ ਇੱਕ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ ਉਨ੍ਹਾਂ ਵੱਲੋਂ ਹਿਰਾਸਤ ਵਿੱਚ ਲਏ ਗਏ 6 ਵਿਅਕਤੀਆਂ ਵਿੱਚੋਂ ਤਿੰਨ ਨੂੰ ਦੇਸ਼ ਤੋਂ ਕੱਢਿਆ ਜਾ ਚੁੱਕਾ ਹੈ, ਦੋ ਸੀਬੀਐਸਏ ਦੀ ਹਿਰਾਸਤ ਵਿੱਚ ਹਨ ਅਤੇ ਇਕ ਨੂੰ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਵੱਲੋਂ ਸ਼ਰਤਾਂ ਸਹਿਤ ਰਿਹਾਅ ਕੀਤਾ ਗਿਆ ਹੈ।

ਏਜੰਸੀ ਦੇ ਪ੍ਰੈਜੀਡੈਂਟ ਈਰੈਨ ਓ ਗੋਰਮੈਨ ਨੇ ਕਿਹਾ,”ਕੈਨੇਡਾ ਵਰਕ ਅਤੇ ਸਟੂਡੈਂਟ ਵੀਜ਼ਾ ਉੱਤੇ ਆਉਣਾ ਵਿਸ਼ੇਸ਼ ਸਹੂਲਤ ਹੈ ਪਰ ਜੋ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਪਾਏ ਗਏ ਉਨ੍ਹਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਜਾਵੇਗਾ।”

ਕੈਨੇਡਾ ‘ਚ ਫਿਰੌਤੀ ਨਾਲ ਜੁੜੇ ਅਪਰਾਧਾਂ ਬਾਰੇ ਕੀ ਕਹਿੰਦੇ ਹਨ ਅੰਕੜੇ ?

ਕੈਨੇਡਾ ਦਾ ਝੰਡਾ

ਤਸਵੀਰ ਸਰੋਤ, Getty Images

ਕੈਨੇਡਾ ਸਰਕਾਰ ਦੀ ਫਾਈਨੈਂਸ਼ੀਅਲ ਟਰਾਜ਼ੈਕਸ਼ਨ ਐਂਡ ਰਿਪੋਰਟ ਐਨਾਲਸਿਸ ਸੈਂਟਰ ਆਫ ਕੈਨੇਡਾ ਦੀ ਇੰਟੈਲੀਜੈਂਸ ਰਿਪੋਰਟ ਵਿੱਚ ਖੁਲਾਸਾ ਹੋਇਆ ਸੀ ਕਿ ਕੈਨੇਡਾ ਵਿੱਚ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਤੋਂ ਫਿਰੌਤੀ ਮੰਗਣ ਅਤੇ ਇਸ ਨਾਲ ਜੁੜੇ ਹੋਰ ਅਪਰਾਧਾਂ ਵਿੱਚ ਸ਼ਾਮਲ ਗੈਂਗ ਕਥਿਤ ਤੌਰ ਉੱਤੇ ਸਟੱਡੀ ਪਰਮਿਟ ਉੱਤੇ ਰਹਿ ਰਹੇ ਨੌਜਵਾਨਾਂ ਦਾ ਇਸਤੇਮਾਲ ਕਰ ਰਹੇ ਹਨ।

ਬੀਬੀਸੀ ਪੱਤਰਕਾਰ ਜਸਪਾਲ ਸਿੰਘ ਦੇ ਮੁਤਾਬਕ ਕੈਨੇਡਾ ਸਰਕਾਰ ਦੀ ਰਿਪੋਰਟ ਮੁਤਾਬਕ ਪੂਰੇ ਦੇਸ਼ ਵਿੱਚ ਫਿਰੌਤੀ ਨਾਲ ਜੁੜੇ ਅਪਰਾਧਾਂ ਦੀ ਗਿਣਤੀ ਕਾਫੀ ਵਧੀ ਹੈ। ਸਾਲ 2013 ਵਿੱਚ ਫਿਰੌਤੀ ਦੇ ਅਪਰਾਧਾਂ ਦੀ ਗਿਣਤੀ ਕਰੀਬ 2300 ਸੀ ਜੋ 2023 ਵਿੱਚ ਵੱਧ ਕੇ 14000 ਤੱਕ ਪਹੁੰਚ ਗਈ ਹੈ।

ਰਿਪੋਰਟ ਵਿੱਚ ਪੁਲਿਸ ਵੱਲੋਂ ਜਾਰੀ ਅੰਕੜਿਆਂ ਦਾ ਹਵਾਲਾ ਦੇ ਕੇ ਦੱਸਿਆ ਗਿਆ ਹੈ ਕਿ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਖਿਲਾਫ਼ ਫਿਰੌਤੀ ਦੇ ਸੈਂਕੜੇ ਮਾਮਲੇ ਸਾਲ 2024 ਤੇ 2025 ਵਿੱਚ ਬਰੈਂਪਟਨ, ਮਿਸੀਸਾਗਾ ਤੇ ਕੇਲਡਨ ਦੇ ਪ੍ਰਸ਼ਾਸਨ ਵੱਲੋਂ ਦਰਜ ਕੀਤੇ ਗਏ ਹਨ।

ਕਰੰਸੀ ਦੀ ਸੰਕੇਤਿਕ ਤਸਵੀਰ

ਤਸਵੀਰ ਸਰੋਤ, Getty Images

ਫਿਨਟ੍ਰੈਕ ਦੀ ਇਸ ਰਿਪੋਰਟ ਮੁਤਾਬਕ ਕਈ ਛੋਟੇ-ਵੱਡੇ ਗੈਂਗ ਫਿਰੌਤੀ ਨਾਲ ਜੁੜੇ ਅਪਰਾਧਾਂ ਵਿੱਚ ਸ਼ਾਮਲ ਹਨ।

ਦੱਖਣੀ ਏਸ਼ੀਆ ਮੂਲ ਦੇ ਕੈਨੇਡਾ ਵਾਸੀਆਂ ਖਿਲਾਫ਼ ਫਿਰੌਤੀ ਦੀ ਸਮੱਸਿਆ ਦੇ ਪੱਧਰ ਨੂੰ ਸਮਝਣ ਬਾਰੇ ਕੁਝ ਹਫਤੇ ਪਹਿਲਾਂ ਬੀਬੀਸੀ ਪੰਜਾਬੀ ਨੇ ਫਿਨਟ੍ਰੈਕ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ ਇਸ ਮਸਲੇ ਨਾਲ ਜੁੜੇ ਕੁਝ ਅਹਿਮ ਸਵਾਲ ਪੁੱਛੇ।

ਜਦੋਂ ਫਿਨਟ੍ਰੈਕ ਨੂੰ ਪੁੱਛਿਆ ਗਿਆ ਕਿ ਆਖਿਰ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਖ਼ਿਲਾਫ਼ ਫਿਰੌਤੀ ਦਾ ਇਹ ਟਰੈਂਡ ਕਿੰਨਾ ਵੱਡਾ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ,”ਫਿਰੌਤੀ ਇੱਕ ਗੰਭੀਰ ਅਪਰਾਧਿਕ ਗਤੀਵਿਧੀ ਹੈ ਜੋ ਕੈਨੇਡਾ, ਕੈਨੇਡੀਅਨ ਕਾਰੋਬਾਰਾਂ ਅਤੇ ਸਮਾਜ ਲਈ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ।”

ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ, “ਪਿਛਲੇ ਦਹਾਕੇ ਦੌਰਾਨ ਹਰ ਕਿਸਮ ਦੀ ਫਿਰੌਤੀ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। 2014 ਤੋਂ 2024 ਦੇ ਦਰਮਿਆਨ ਇਹ ਦਰ ਚਾਰ ਗੁਣਾ ਵਧ ਗਈ ਹੈ, ਹਰ 1 ਲੱਖ ਲੋਕਾਂ ਵਿੱਚ 8 ਮਾਮਲਿਆਂ ਤੋਂ ਵੱਧ ਕੇ 32 ਮਾਮਲੇ ਹੋ ਗਏ ਹਨ।”

“ਇਸਦੇ ਨਾਲ ਹੀ, ਇਹ ਅੰਕੜੇ ਸਿਰਫ਼ ਅਸਲ ਤਸਵੀਰ ਦਾ ਇੱਕ ਹਿੱਸਾ ਹੀ ਦਰਸਾਉਂਦੇ ਹਨ, ਕਿਉਂਕਿ ਗੈਰ-ਆਧਿਕਾਰਿਕ ਜਾਣਕਾਰੀ ਇਹ ਸੰਕੇਤ ਦਿੰਦੀ ਹੈ ਕਿ ਕਈ ਪੀੜਤ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਉਂਦੇ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI