Home rss national punjabi2ਰਾਸ਼ਟਰੀ ਖ਼ਬਰਾਂ ਕੈਲੀਫ਼ੋਰਨੀਆ ਦੀ ਇੱਕ ਆਲੀਸ਼ਾਨ ਕੋਠੀ, ਜਿੱਥੇ ਸਰੋਗੇਸੀ ਰਾਹੀਂ ਪੈਦਾ ਹੋਏ ਬੱਚੇ ਰਹਿੰਦੇ...

ਕੈਲੀਫ਼ੋਰਨੀਆ ਦੀ ਇੱਕ ਆਲੀਸ਼ਾਨ ਕੋਠੀ, ਜਿੱਥੇ ਸਰੋਗੇਸੀ ਰਾਹੀਂ ਪੈਦਾ ਹੋਏ ਬੱਚੇ ਰਹਿੰਦੇ ਸਨ, ਕਿਵੇਂ ਇੱਕ “ਖ਼ੌਫ਼ਨਾਕ ਘਰ” ਬਣ ਗਈ

3
0

Source :- BBC PUNJABI

ਸਿਲਵੀਆ ਝਾਂਗ

ਮਈ 2025 ਵਿੱਚ, ਕੈਲੀਫ਼ੋਰਨੀਆ ਦੇ ਇੱਕ ਪੌਸ਼ ਇਲਾਕੇ ਆਰਕੇਡੀਆ ਵਿੱਚ ਦੋ ਮਹੀਨੇ ਦੇ ਵਾਲਟਰ ਨਾਮ ਦੇ ਬੱਚੇ ਨੂੰ ਸਿਰ ਵਿੱਚ ਸੱਟ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ। ਖ਼ੁਦ ਨੂੰ ਉਸ ਦੀ ਮਾਂ ਦੱਸਣ ਵਾਲੀ ਇੱਕ ਮਹਿਲਾ ਨੇ ਪੁਲਿਸ ਨੂੰ ਦੱਸਿਆ ਕਿ ਬੱਚਾ ਗ਼ਲਤੀ ਨਾਲ ਬਿਸਤਰੇ ਤੋਂ ਡਿੱਗ ਪਿਆ ਸੀ।

ਪਰ ਡਾਕਟਰ ਨੂੰ ਕੁਝ ਗੜਬੜ ਮਹਿਸੂਸ ਹੋਈ। ਉਨ੍ਹਾਂ ਕਿਹਾ ਕਿ ਵਾਲਟਰ ਦੀਆਂ ਸੱਟਾਂ ਅਜਿਹੀਆਂ ਲੱਗਦੀਆਂ ਸਨ, ਜਿਵੇਂ ਉਹ ਕਿਸੇ ਕਾਰ ਹਾਦਸੇ ਵਿੱਚ ਲੱਗੀਆਂ ਹੋਣ ਜਾਂ ਉਸ ਨੂੰ ਜ਼ੋਰ-ਜ਼ੋਰ ਨਾਲ ਝਟਕਿਆ ਗਿਆ ਹੋਵੇ।

ਬੱਚਿਆਂ ਨਾਲ ਬਦਸਲੂਕੀ (ਚਾਈਲਡ ਐਬਯੂਜ਼) ਦਾ ਸ਼ੱਕ ਹੋਣ ‘ਤੇ ਪੁਲਿਸ ਨੇ ਉਸ ਆਲੀਸ਼ਾਨ ਕੋਠੀ ਦੀ ਤਲਾਸ਼ੀ ਲਈ, ਜਿੱਥੇ ਵਾਲਟਰ ਰਹਿੰਦਾ ਸੀ। ਪੁਲਿਸ ਨੇ ਉਸ ਦੇ ਮਾਪਿਆਂ, 66 ਸਾਲਾ ਗੁਓਜੁਨ ਜ਼ੁਆਨ ਅਤੇ 39 ਸਾਲਾ ਸਿਲਵੀਆ ਝਾਂਗ ਨੂੰ ਕੁਝ ਸਮੇਂ ਲਈ ਹਿਰਾਸਤ ਵਿੱਚ ਲੈ ਲਿਆ।

ਸਰਕਾਰੀ ਵਕੀਲਾਂ ਨੇ ਦੱਸਿਆ ਕਿ ਉੱਥੇ ਜੋ ਕੁਝ ਮਿਲਿਆ, ਉਸ ਨੂੰ ਦੇਖਦਿਆਂ ਉਸ ਘਰ ਨੂੰ “ਖ਼ੌਫ਼ਨਾਕ ਘਰ” ਹੀ ਕਿਹਾ ਜਾ ਸਕਦਾ ਹੈ। ਇਹ ਜਗ੍ਹਾ ਕੈਮਰਿਆਂ ਨਾਲ ਭਰੀ ਇੱਕ ਭੁੱਲ-ਭੁੱਲਈਆ ਵਰਗੀ ਸੀ, ਜਿੱਥੇ 6 ਮਹੀਨੇ ਤੋਂ ਲੈ ਕੇ 3 ਸਾਲ ਤੱਕ ਦੀ ਉਮਰ ਦੇ 14 ਬੱਚੇ ਰਹਿ ਰਹੇ ਸਨ। ਇਹ ਸਾਰੇ ਬੱਚੇ ਸਰੋਗੇਸੀ ਰਾਹੀਂ ਪੈਦਾ ਹੋਏ ਸਨ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਬੱਚਿਆਂ ਦੀ ਰੋਜ਼ਾਨਾ ਕੁੱਟਮਾਰ ਕੀਤੀ ਜਾਂਦੀ ਸੀ।

ਬਾਅਦ ਵਿੱਚ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇਸੇ ਪਤੇ ‘ਤੇ ਇੱਕ ਸਰੋਗੇਸੀ ਏਜੰਸੀ ਵੀ ਰਜਿਸਟਰਡ ਸੀ, ਜਿਸ ਨੂੰ ਇਹ ਜੋੜਾ ਚਲਾਉਂਦਾ ਸੀ। ਉਹ ਇਸੇ ਜਗ੍ਹਾ ਦੀ ਵਰਤੋਂ ਕਈ ਸਰੋਗੇਟ ਮਾਵਾਂ ਨੂੰ ਲੱਭਣ ਲਈ ਕਰਦੇ ਸਨ।

ਇਸ ਸਾਲ ਅਕਤੂਬਰ ਵਿੱਚ, ਇਸ ਜੋੜੇ ਨੂੰ ਮੁੜ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ‘ਤੇ ਬੱਚਿਆਂ ਨਾਲ ਬਦਸਲੂਕੀ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਾਏ ਗਏ। ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਅਤੇ ਉਹ ਅਜੇ ਵੀ ਹਿਰਾਸਤ ਵਿੱਚ ਹਨ। ਦੋਵਾਂ ਵਿੱਚੋਂ ਹਰੇਕ ਲਈ 20 ਮਿਲੀਅਨ ਡਾਲਰ ਦੀ ਜ਼ਮਾਨਤ ਤੈਅ ਕੀਤੀ ਗਈ ਹੈ।

ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ, ਤਾਂ ਜ਼ੁਆਨ ਨੂੰ 17 ਸਾਲ ਅਤੇ 4 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ, ਜਦਕਿ ਝਾਂਗ ਨੂੰ 11 ਸਾਲ ਅਤੇ 8 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ।

“ਖ਼ੌਫ਼ਨਾਕ ਘਰ”

ਇਸ ਆਲੀਸ਼ਾਨ ਘਰ ਵਿੱਚ 32 ਕੈਮਰੇ ਲੱਗੇ ਹੋਏ ਸਨ।

ਇਹ ਜੋੜਾ ਅਪ੍ਰੈਲ 2021 ਵਿੱਚ ਆਰਕੇਡੀਆ ਦੀ ਇਸ ਕੋਠੀ ਵਿੱਚ ਰਹਿਣ ਆਇਆ ਸੀ। ਜਾਇਦਾਦ ਸਬੰਧੀ ਆਨਲਾਈਨ ਸੂਚੀਆਂ ਮੁਤਾਬਕ, 10,000 ਵਰਗ ਫੁੱਟ ਦੀ ਇਹ ਕੋਠੀ ਉਸੇ ਸਾਲ 3.3 ਮਿਲੀਅਨ ਡਾਲਰ ਵਿੱਚ ਵਿਕੀ ਸੀ। ਇਸ ਵਿੱਚ 9 ਬੈੱਡਰੂਮ, 11 ਬਾਥਰੂਮ ਅਤੇ ਗਰਮ ਪਾਣੀ ਵਾਲਾ ਇੱਕ ਸਵਿਮਿੰਗ ਪੂਲ ਹੈ।

ਲਾਸ ਏਂਜਲਸ ਦੇ ਪੂਰਬੀ ਹਿੱਸੇ ਵਿੱਚ ਸਥਿਤ ਇਸ ਪੌਸ਼ ਇਲਾਕੇ ਨੂੰ ਸਥਾਨਕ ਮੀਡੀਆ ਨੇ “ਚਾਇਨੀਜ਼ ਬੇਵਰਲੀ ਹਿਲਜ਼” ਦਾ ਨਾਮ ਦਿੱਤਾ ਹੈ। ਹਾਲ ਹੀ ਵਿੱਚ ਹੋਈ ਅਮਰੀਕੀ ਜਨਗਣਨਾ ਦੇ ਮੁਤਾਬਕ, ਇੱਥੋਂ ਦੀ ਲਗਭਗ 60 ਫ਼ੀਸਦੀ ਆਬਾਦੀ ਏਸ਼ੀਆਈ ਮੂਲ ਦੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਚੀਨ ਦੇ ਹਨ। ਇੱਥੋਂ ਦੇ ਪਰਿਵਾਰਾਂ ਦੀ ਆਮਦਨ ਅਮਰੀਕਾ ਦੇ ਜ਼ਿਆਦਾਤਰ ਪਰਿਵਾਰਾਂ ਦੀ ਆਮਦਨ ਨਾਲੋਂ ਕਿਤੇ ਵੱਧ ਹੈ।

ਅਕਤੂਬਰ ਵਿੱਚ ਦੋਸ਼ ਤੈਅ ਕੀਤੇ ਜਾਣ ਤੋਂ ਬਾਅਦ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ, ਲਾਸ ਏਂਜਲਸ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਨਾਥਨ ਹੋਚਮੈਨ ਨੇ ਕਿਹਾ, “ਸਰੋਗੇਸੀ ਰਾਹੀਂ ਇੱਥੇ ਲਿਆਂਦੇ ਗਏ ਇਨ੍ਹਾਂ ਬਹੁਤ ਛੋਟੇ ਬੱਚਿਆਂ ਲਈ, ਇਸ ਘਰ ਨੂੰ ‘ਖ਼ੌਫ਼ਨਾਕ ਘਰ’ ਹੀ ਕਿਹਾ ਜਾ ਸਕਦਾ ਹੈ।”

ਸ਼ਿਕਾਇਤ ਮੁਤਾਬਕ, ਇਸ ਆਲੀਸ਼ਾਨ ਘਰ ਵਿੱਚ 32 ਕੈਮਰੇ ਲੱਗੇ ਹੋਏ ਸਨ। ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਾ ਕਿ ਛੋਟੇ ਬੱਚੇ ਅਕਸਰ ਘੰਟਿਆਂ ਤੱਕ ਡੈਸਕ ਕੋਲ ਬੈਠੇ ਰਹਿੰਦੇ ਸਨ।

ਇੱਕ ਕਮਰੇ ਵਿੱਚ ਕੋਈ ਕੈਮਰਾ ਨਹੀਂ ਸੀ, ਪਰ ਬਾਕੀ ਕੈਮਰਿਆਂ ਵਿੱਚ ਨੈਨੀਜ਼ (ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਮਹਿਲਾਵਾਂ) ਇਨ੍ਹਾਂ ਬੱਚਿਆਂ ਨੂੰ ਉਸ ਕਮਰੇ ਵਿੱਚ ਲਿਜਾਂਦੀਆਂ ਦਿਖਾਈ ਦਿੱਤੀਆਂ, ਜਿਸ ਵਿੱਚ ਕੈਮਰਾ ਨਹੀਂ ਸੀ। ਇਸ ਤੋਂ ਬਾਅਦ ਅੰਦਰੋਂ ਬੱਚਿਆਂ ਦੇ ਚੀਕਣ-ਚਿਲਾਉਣ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਸਨ।

ਸਰਕਾਰੀ ਵਕੀਲਾਂ ਦਾ ਇਲਜ਼ਾਮ ਹੈ ਕਿ ਬੱਚੇ ਵਾਲਟਰ ਨੂੰ ਜੋ ਸੱਟਾਂ ਲੱਗੀਆਂ ਸਨ ਉਹ ਨੈਨੀ ਚੁਨਮੇਈ ਲੀ ਨੇ ਮਾਰੀਆਂ ਸਨ। ਉਸ ‘ਤੇ ਬੱਚਿਆਂ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ ਲਾਏ ਗਏ ਹਨ, ਜਿਸ ਕਾਰਨ ਗੰਭੀਰ ਸਰੀਰਕ ਸੱਟ ਲੱਗਣ ਜਾਂ ਮੌਤ ਹੋਣ ਦਾ ਖ਼ਤਰਾ ਹੋ ਸਕਦਾ ਹੈ। ਲੀ ਅਜੇ ਵੀ ਫ਼ਰਾਰ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

ਅਮਰੀਕਾ ਵਿੱਚ ਬੀਬੀਸੀ ਦੇ ਖ਼ਬਰਾਂ ਸਬੰਧੀ ਭਾਈਵਾਲ, ਸੀਬੀਐੱਸ ਨਿਊਜ਼ ਦੀ ਰਿਪੋਰਟ ਮੁਤਾਬਕ, ਇਸ ਜੋੜੇ ਦੇ ਵਕੀਲ ਮਿਸ਼ੇਲ ਕ੍ਰੇਮਜ਼ ਨੇ ਕਿਹਾ ਕਿ ਉਨ੍ਹਾਂ ਵੱਲੋਂ ਦੇਖੇ ਗਏ ਸਬੂਤਾਂ ਦੇ ਆਧਾਰ ‘ਤੇ ਇਨ੍ਹਾਂ ਦੋਸ਼ਾਂ ਨੂੰ “ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।”

ਕ੍ਰੇਮਜ਼ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਜ਼ੁਆਨ ਬੇਕਸੂਰ ਹਨ।

ਸੀਬੀਐੱਸ ਨਿਊਜ਼ ਮੁਤਾਬਕ, ਵਕੀਲ ਨੇ ਕਿਹਾ, “ਉਨ੍ਹਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਨੇ ਇੱਕ ਵੱਡਾ ਪਰਿਵਾਰ ਰੱਖਣ ਦੇ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕੀਤੀ ਹੈ।”

ਉਨ੍ਹਾਂ ਨੂੰ ਇਹ ਸਾਰੇ ਬੱਚੇ ਕਿਵੇਂ ਮਿਲੇ?

ਸਰੋਗੇਸੀ

ਅਮਰੀਕਾ ਸਰੋਗੇਸੀ ਲਈ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਿੱਚੋਂ ਇੱਕ ਬਣ ਗਿਆ ਹੈ। ਸਰੋਗੇਸੀ ਵਿੱਚ, ਇੱਕ ਮਹਿਲਾ ਕਿਸੇ ਹੋਰ ਦੇ ਬੱਚੇ ਨੂੰ ਆਪਣੇ ਗਰਭ ਵਿੱਚ ਪਾਲਦੀ ਹੈ ਅਤੇ ਉਸ ਨੂੰ ਜਨਮ ਦਿੰਦੀ ਹੈ।

ਅਮਰੀਕਾ ਵਿੱਚ ਸਰੋਗੇਸੀ ਦੇ ਅੰਕੜਿਆਂ ਬਾਰੇ 2024 ਵਿੱਚ ਕੀਤੇ ਗਏ ਇੱਕ ਅਧਿਐਨ ਤੋਂ ਪਤਾ ਲੱਗਾ ਕਿ 2014 ਤੋਂ 2020 ਦੇ ਵਿਚਕਾਰ, ਮਾਪੇ ਬਣਨ ਦੀ ਇੱਛਾ ਰੱਖਣ ਵਾਲੇ ਲੋਕਾਂ ਵਿੱਚੋਂ ਲਗਭਗ ਇੱਕ ਤਿਹਾਈ ਲੋਕ ਦੇਸ਼ ਤੋਂ ਬਾਹਰ ਦੇ ਸਨ। ਚੀਨ, ਜਿੱਥੇ ਸਰੋਗੇਸੀ ‘ਤੇ ਪਾਬੰਦੀ ਹੈ, ਤੋਂ ਸਭ ਤੋਂ ਵੱਧ ਵਿਦੇਸ਼ੀ ਲੋਕ ਆਏ ਸਨ। ਉਹ ਕੁੱਲ ਵਿਦੇਸ਼ੀ ਮਾਪਿਆਂ ਦਾ ਲਗਭਗ 42 ਫ਼ੀਸਦੀ ਹਿੱਸਾ ਸਨ।

ਅਮਰੀਕਾ ਵਿੱਚ ਪ੍ਰਜਨਣ ਨਾਲ ਸਬੰਧਤ ਅਜਿਹੀਆਂ ਤਕਨੀਕੀ ਸੇਵਾਵਾਂ ਉਪਲੱਬਧ ਹਨ, ਜਿਹੜੀਆਂ ਚੀਨ ਦੇ ਕਈ ਲੋਕਾਂ ਨੂੰ ਆਪਣੇ ਦੇਸ਼ ਵਿੱਚ ਆਸਾਨੀ ਨਾਲ ਨਹੀਂ ਮਿਲ ਸਕਦੀਆਂ। ਚੀਨ ਵਿੱਚ ਇਕੱਲੀਆਂ ਮਹਿਲਾਵਾਂ ਅਤੇ ਐੱਲਜੀਬੀਟੀਕਿਊ ਭਾਈਚਾਰੇ ਦੇ ਲੋਕਾਂ ਨੂੰ ਅਕਸਰ ਆਈਵੀਐੱਫ ਅਤੇ ਐੱਗ ਫ੍ਰੀਜ਼ਿੰਗ (ਅੰਡੇ ਸੁਰੱਖਿਅਤ ਰੱਖਣ ਦੀ ਪ੍ਰਕਿਰਿਆ) ਵਰਗੀਆਂ ਸਹੂਲਤਾਂ ਤੱਕ ਪਹੁੰਚਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਕੁਝ ਅਜਿਹੇ ਜੋੜੇ ਵੀ ਹਨ, ਜਿਨ੍ਹਾਂ ਨੇ ਚੀਨ ਦੀ ਦਹਾਕਿਆਂ ਪੁਰਾਣੀ ‘ਇੱਕ-ਬੱਚਾ ਨੀਤੀ’ ਕਾਰਨ ਇੱਕ ਹੀ ਬੱਚਾ ਪੈਦਾ ਕੀਤਾ ਸੀ ਪਰ 2016 ਵਿੱਚ ਜਦੋਂ ਇਹ ਨੀਤੀ ਖ਼ਤਮ ਹੋਈ, ਉਦੋਂ ਤੱਕ ਉਹ ਸਰੀਰਕ ਤੌਰ ‘ਤੇ ਬੱਚਾ ਪੈਦਾ ਕਰਨ ਦੇ ਅਸਮਰੱਥ ਹੋ ਚੁੱਕੇ ਸਨ। ਇਸ ਕਾਰਨ ਉਨ੍ਹਾਂ ਵਿੱਚੋਂ ਕੁਝ ਨੇ ਵਿਦੇਸ਼ਾਂ ਵਿੱਚ ਸਰੋਗੇਸੀ ਦਾ ਸਹਾਰਾ ਲਿਆ।

ਅਦਾਲਤੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਜ਼ੁਆਨ ਅਤੇ ਝਾਂਗ ਲਈ ਬੱਚੇ ਪੈਦਾ ਕਰਨ ਵਾਲੀਆਂ ਸਰੋਗੇਟ ਮਾਵਾਂ ਨੂੰ ਸ਼ੁਰੂ ਵਿੱਚ ਇਸ ਗੱਲ ‘ਤੇ ਕੋਈ ਖ਼ਾਸ ਸ਼ੱਕ ਨਹੀਂ ਹੋਇਆ। ਕਈ ਸਰੋਗੇਟ ਮਾਵਾਂ ਨੂੰ ‘ਮਾਰਕ ਸਰੋਗੇਸੀ’ ਨਾਮ ਦੀ ਏਜੰਸੀ ਰਾਹੀਂ ਕੰਮ ‘ਤੇ ਰੱਖਿਆ ਗਿਆ ਸੀ। ਆਮ ਤੌਰ ‘ਤੇ ਕਿਸੇ ਏਜੰਸੀ ਨੂੰ ਇੱਕ ਸੁਤੰਤਰ ਤੀਜੀ ਧਿਰ ਵਜੋਂ ਦੇਖਿਆ ਜਾਂਦਾ ਹੈ, ਪਰ ਪਤਾ ਲੱਗਾ ਕਿ ‘ਮਾਰਕ ਸਰੋਗੇਸੀ’ ਅਸਲ ਵਿੱਚ ਇਹ ਜੋੜਾ ਹੀ ਚਲਾ ਰਿਹਾ ਸੀ। ਇਸ ਜੋੜੇ ਵਿਰੁੱਧ ਕੁਝ ਸਰੋਗੇਟ ਮਾਵਾਂ ਵੱਲੋਂ ਦਾਇਰ ਕੀਤੇ ਗਏ ਦੋ ਮੁਕੱਦਮਿਆਂ ਮੁਤਾਬਕ, ਇਹ ਗੱਲ ਹਮੇਸ਼ਾ ਲੁਕਾਈ ਗਈ ਸੀ।

ਕੰਪਨੀ ਦੀ ਰਜਿਸਟ੍ਰੇਸ਼ਨ ਵਾਲੇ ਰਿਕਾਰਡਾਂ ਵਿੱਚ ਸਿਲਵੀਆ ਝਾਂਗ ਨੂੰ ‘ਮਾਰਕ ਸਰੋਗੇਸੀ’ ਦੀ ਮੈਨੇਜਰ ਦੱਸਿਆ ਗਿਆ ਹੈ। ਉਸੇ ਦਸਤਾਵੇਜ਼ ਵਿੱਚ ਕੰਪਨੀ ਦੇ ਪਤੇ ਵਜੋਂ ਆਰਕੇਡੀਆ ਸਥਿਤ ਉਨ੍ਹਾਂ ਦੀ ਆਲੀਸ਼ਾਨ ਕੋਠੀ ਦਾ ਪਤਾ ਦਰਜ ਹੈ।

ਮੁਕੱਦਮੇ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਝਾਂਗ ਨੇ ਏਜੰਸੀ ਨਾਲ ਆਪਣੇ ਅਤੇ ਜ਼ੁਆਨ ਦੇ ਸਬੰਧਾਂ ਨੂੰ ਲੁਕਾਇਆ ਅਤੇ ਇਹ ਵੀ ਨਹੀਂ ਦੱਸਿਆ ਕਿ ਅਸਲ ਵਿੱਚ ਉਨ੍ਹਾਂ ਦੇ ਕਿੰਨੇ ਬੱਚੇ ਹਨ

16 ਅਕਤੂਬਰ ਨੂੰ ਹੋਈ ਸੁਣਵਾਈ ਦੌਰਾਨ, ਡਿਪਟੀ ਜ਼ਿਲ੍ਹਾ ਅਟਾਰਨੀ ਮੈਕੈਂਜ਼ੀ ਕੈਮਰਨ ਟੇਮੂਰੀ ਨੇ ਜੱਜ ਨੂੰ ਦੱਸਿਆ ਕਿ ਜ਼ੁਆਨ ਅਤੇ ਝਾਂਗ ਆਪਣੇ ਘਰ ਤੋਂ ਜਿਹੜੀ ਸਰੋਗੇਸੀ ਏਜੰਸੀ ਚਲਾ ਰਹੇ ਸਨ, ਉਸ ਰਾਹੀਂ ਕਿਸੇ ਹੋਰ ‘ਇੱਛੁਕ ਮਾਪੇ’ ਨੂੰ ਕਦੇ ਵੀ ਕਿਸੇ ਸਰੋਗੇਟ ਮਾਂ ਨਾਲ ਨਹੀਂ ਜੋੜਿਆ ਗਿਆ ਸੀ।

ਸਰੋਗੇਟ ਮਾਵਾਂ ਵਿੱਚੋਂ ਇੱਕ, ਟ੍ਰੋਂਡੇਰਿਕਾ ਜੇਮਜ਼ ਨੇ 2025 ਵਿੱਚ ਇਸ ਜੋੜੇ ਵਿਰੁੱਧ ਮੁਕੱਦਮਾ ਦਾਇਰ ਕੀਤਾ। ਉਨ੍ਹਾਂ ਨੇ ਧੋਖਾਧੜੀ ਅਤੇ ਜਾਣਬੁੱਝ ਕੇ ਗ਼ਲਤ ਜਾਣਕਾਰੀ ਦੇਣ ਵਰਗੇ ਇਲਜ਼ਾਮਾਂ ਲਈ ਹਰਜਾਨੇ ਦੀ ਮੰਗ ਕੀਤੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਝਾਂਗ ਨੇ ਸ਼ੁਰੂ ਵਿੱਚ ਹੀ ‘ਮਾਰਕ ਸਰੋਗੇਸੀ’ ਨਾਲ ਆਪਣੇ ਸਬੰਧਾਂ ਦਾ ਖ਼ੁਲਾਸਾ ਨਹੀਂ ਕੀਤਾ ਸੀ। ਜੇਮਜ਼ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਪ੍ਰਬੰਧ ਦੀ ਅਸਲੀਅਤ ਪਤਾ ਹੁੰਦੀ, ਤਾਂ ਉਹ ਇਸ ਵਿੱਚ ਸ਼ਾਮਲ ਨਾ ਹੁੰਦੇ। ਬੀਬੀਸੀ ਨੇ ਜੇਮਜ਼ ਨਾਲ ਇੰਟਰਵਿਊ ਲਈ ਸੰਪਰਕ ਕੀਤਾ, ਪਰ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਬਾਅਦ ਵਿੱਚ, ਬਚਾਅ ਪੱਖ (ਇਸ ਜੋੜੇ) ਨੇ ਇਸ ਮਾਮਲੇ ਨੂੰ ਖ਼ਾਰਜ ਕਰਨ ਲਈ ਅਰਜ਼ੀ ਦਿੱਤੀ। ਉਨ੍ਹਾਂ ਦੀ ਦਲੀਲ ਸੀ ਕਿ ਮਹਿਲਾ ਕੋਲ ਮੁਕੱਦਮਾ ਦਾਇਰ ਕਰਨ ਦਾ ਕੋਈ ਠੋਸ ਆਧਾਰ ਨਹੀਂ ਹੈ। ਇਹ ਮਾਮਲਾ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹੈ।

ਅਗਸਤ ਵਿੱਚ, ਪੰਜ ਹੋਰ ਮਹਿਲਾਵਾਂ – ਸਟੇਸੀ ਰੇਲਿਨ ਕਿੰਗ, ਐਵਲਿਨ ਸੇਨੋਲੋਸ ਅਰੇਜਾ, ਕਾਇਲਾ ਇਲੀਅਟ, ਹੇਲੀ ਹਰਨਾਂਡੇਜ਼ ਅਤੇ ਵੈਨਿਟੀ ਮੈਕਗਵਰਨ – ਨੇ ਗੁਓਜੁਨ ਜ਼ੁਆਨ ਅਤੇ ਸਿਲਵੀਆ ਝਾਂਗ ਵਿਰੁੱਧ ਇੱਕ ਵੱਖਰਾ ਮੁਕੱਦਮਾ ਦਾਇਰ ਕੀਤਾ। ਉਨ੍ਹਾਂ ਨੇ ਵੀ ਆਪਣੇ ਨਾਲ ਵਾਪਰੇ ਕੁਝ ਇਸੇ ਤਰ੍ਹਾਂ ਦੇ ਤਜਰਬੇ ਦੱਸੇ।

ਮੁਕੱਦਮੇ ਵਿੱਚ ਇਲਜ਼ਾਮ ਲਾਇਆ ਗਿਆ ਹੈ ਕਿ ਝਾਂਗ ਨੇ ਏਜੰਸੀ ਨਾਲ ਆਪਣੇ ਅਤੇ ਜ਼ੁਆਨ ਦੇ ਸਬੰਧਾਂ ਨੂੰ ਲੁਕਾਇਆ ਅਤੇ ਇਹ ਵੀ ਨਹੀਂ ਦੱਸਿਆ ਕਿ ਅਸਲ ਵਿੱਚ ਉਨ੍ਹਾਂ ਦੇ ਕਿੰਨੇ ਬੱਚੇ ਹਨ।

ਸ਼ਿਕਾਇਤ ਵਿੱਚ ਕਿਹਾ ਗਿਆ ਹੈ, “ਹਰ ਮਹਿਲਾ ਨੂੰ ਇਹੀ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਹ ਇਸ ਜੋੜੇ ਲਈ ਬੱਚਾ ਪੈਦਾ ਕਰਨ ਵਾਲੀ ਇਕੱਲੀ ਮਹਿਲਾ ਹੈ ਅਤੇ ਉਹ ਇੱਕ ਪਰਿਵਾਰ ਨੂੰ ਉਨ੍ਹਾਂ ਦਾ ਇਕਲੌਤਾ, ਬਹੁਤ ਪਿਆਰਾ ਬੱਚਾ ਪ੍ਰਾਪਤ ਕਰਨ ਵਿੱਚ ਮਦਦ ਕਰ ਰਹੀ ਹੈ।”

ਇਸ ਜੋੜੇ ਨੇ ਇੱਕ ਹੋਰ ਬਾਹਰੀ ਸਰੋਗੇਸੀ ਏਜੰਸੀ – ਕੈਲੀਫ਼ੋਰਨੀਆ ਸਥਿਤ ‘ਬੇਬੀਟ੍ਰੀ ਸਰੋਗੇਸੀ’ – ਦੀ ਵੀ ਮਦਦ ਲਈ ਸੀ। ‘ਬੇਬੀਟ੍ਰੀ’ ਦੇ ਸੰਸਥਾਪਕ ਪੈਟ੍ਰਿਕ ਯੂ ਨੇ ਬੀਬੀਸੀ ਨੂੰ ਦੱਸਿਆ ਕਿ 2018 ਵਿੱਚ ਜ਼ੁਆਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ।

ਯੂ ਨੇ ਬੀਬੀਸੀ ਨੂੰ ਦੱਸਿਆ ਕਿ ਜ਼ੁਆਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਇੱਕ ਵੱਡਾ ਪਰਿਵਾਰ ਚਾਹੁੰਦੇ ਹਨ। ਉਨ੍ਹਾਂ ਨੇ ਜ਼ੁਆਨ ਨੂੰ ਕਈ ਮਹਿਲਾਵਾਂ ਨਾਲ ਸੰਪਰਕ ਕਰਨ ਵਿੱਚ ਮਦਦ ਕੀਤੀ, ਜਿਨ੍ਹਾਂ ਤੋਂ ਘੱਟੋ-ਘੱਟ ਚਾਰ ਬੱਚਿਆਂ ਦਾ ਜਨਮ ਹੋਇਆ।

ਯੂ ਨੇ ਕਿਹਾ, “ਜਦੋਂ ਅਸੀਂ ਖ਼ਬਰਾਂ ਵਿੱਚ ਰਿਪੋਰਟਾਂ ਦੇਖੀਆਂ ਕਿ ਉਹ ਜਾਂਚ ਦੇ ਘੇਰੇ ਵਿੱਚ ਹਨ, ਤਾਂ ਮੈਨੂੰ ਪਹਿਲੀ ਵਾਰ ਪਤਾ ਲੱਗਾ ਕਿ ਉਨ੍ਹਾਂ ਦੇ ਇੰਨੇ ਸਾਰੇ ਬੱਚੇ ਹਨ। ਅਸੀਂ ਤੁਰੰਤ ਉਨ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੱਤਾ।”

ਹਾਲਾਂਕਿ, 2024 ਵਿੱਚ ਜਿਨ੍ਹਾਂ ਮਹਿਲਾਵਾਂ ਨਾਲ ਉਨ੍ਹਾਂ ਨੇ ਇਸ ਜੋੜੇ ਦੀ ਜਾਣ-ਪਛਾਣ ਕਰਵਾਈ ਸੀ, ਉਨ੍ਹਾਂ ਵਿੱਚੋਂ ਇੱਕ ਮਹਿਲਾ ਪਹਿਲਾਂ ਹੀ ਗਰਭਵਤੀ ਸੀ। ਇਹ ਗੱਲ ਪਿਛਲੇ ਸਾਲ ਮਈ ਵਿੱਚ ਵਾਲਟਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪਤਾ ਲੱਗੀ। ਬੱਚਿਆਂ ਨਾਲ ਕਥਿਤ ਬਦਸਲੂਕੀ ਦੀ ਪੁਲਿਸ ਜਾਂਚ ਦੌਰਾਨ, ਅਧਿਕਾਰੀਆਂ ਨੇ ਉਨ੍ਹਾਂ ਦੇ 21 ਬੱਚਿਆਂ ਨੂੰ ਆਪਣੀ ਸੁਰੱਖਿਆ ਹੇਠ ਲੈ ਲਿਆ ਸੀ।

ਯੂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਜੋੜੇ ਅਤੇ ਉਸ ਗਰਭਵਤੀ ਸਰੋਗੇਟ ਮਹਿਲਾ ਵਿਚਕਾਰ ਮੁਲਾਕਾਤ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਇਹ ਜੋੜਾ ਕਾਫ਼ੀ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਲੱਗ ਰਿਹਾ ਸੀ ਅਤੇ ਉਨ੍ਹਾਂ ਨੇ ਸਰੋਗੇਟ ਮਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਬੱਚਿਆਂ ਦੀ ਬਹੁਤ ਚੰਗੀ ਦੇਖਭਾਲ ਕਰਦੇ ਹਨ। ਮਹਿਲਾ ਨੇ ਆਪਣੀ ਪ੍ਰੈਗਨੈਂਸੀ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਅਤੇ 2026 ਦੀ ਸ਼ੁਰੂਆਤ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ।

‘ਅਮੈਰੀਕਨ ਸੋਸਾਇਟੀ ਫ਼ਾਰ ਰੀਪ੍ਰੋਡਕਟਿਵ ਮੈਡੀਸਨ’ ਦੇ ‘ਚਾਈਨੀਜ਼ ਸਪੈਸ਼ਲ ਇੰਟਰੈਸਟ ਗਰੁੱਪ’ ਦੇ ਵਾਈਸ ਚੇਅਰ ਅਤੇ ‘ਓਲਡ ਡੋਮੀਨੀਅਨ ਯੂਨੀਵਰਸਿਟੀ’ ਵਿੱਚ ‘ਰੀਪ੍ਰੋਡਕਟਿਵ ਕਲੀਨਿਕਲ ਸਾਇੰਸ’ ਦੇ ਪ੍ਰੋਗਰਾਮ ਡਾਇਰੈਕਟਰ, ਡਾਕਟਰ ਲਿਆਂਗ ਯੂ ਮੁਤਾਬਕ, ਕੋਈ ਵੀ ਵਿਅਕਤੀ ਕਿੰਨੀ ਵਾਰ ਸਰੋਗੇਸੀ ਰਾਹੀਂ ਮਾਪੇ ਬਣ ਸਕਦਾ ਹੈ, ਇਸ ਦੀ ਕੋਈ ਕਾਨੂੰਨੀ ਸੀਮਾ ਨਹੀਂ ਹੈ। ਇਸ ਦੇ ਨਾਲ ਹੀ, ਅਜਿਹੀ ਜਾਣਕਾਰੀ ਦਾ ਖ਼ੁਲਾਸਾ ਕਰਨਾ ਵੀ ਲਾਜ਼ਮੀ ਨਹੀਂ ਹੈ।

ਲਿਆਂਗ ਨੇ ਦੱਸਿਆ ਕਿ ਕੁਝ ਬੈਂਕਾਂ ਜਾਂ ਏਜੰਸੀਆਂ ਦੀਆਂ ਆਪਣੀਆਂ ਸ਼ਰਤਾਂ ਹੋ ਸਕਦੀਆਂ ਹਨ, ਪਰ ਕਾਨੂੰਨੀ ਤੌਰ ‘ਤੇ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ। ਇਸ ਤੋਂ ਇਲਾਵਾ, ਕੋਈ ਜੋੜਾ ਇੱਕੋ ਸਮੇਂ ਕਈ ਵੱਖ-ਵੱਖ ਏਜੰਸੀਆਂ ਨਾਲ ਕੰਮ ਕਰ ਸਕਦਾ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਉਹ ਹਰ ਏਜੰਸੀ ਨੂੰ ਆਪਣੀ ਪੂਰੀ ਜਾਣਕਾਰੀ ਦੇਵੇ।

“ਇਸ ਨਾਲ ਕਾਨੂੰਨ ਅਤੇ ਇਸ ਉਦਯੋਗ ਦੇ ਨਿਯਮਾਂ ਵਿਚਕਾਰ ਇੱਕ ‘ਗ੍ਰੇ ਏਰੀਆ’ (ਅਸਪਸ਼ਟ ਸਥਿਤੀ) ਪੈਦਾ ਹੋ ਜਾਂਦਾ ਹੈ।”

ਲਿਆਂਗ ਨੇ ਅੱਗੇ ਕਿਹਾ ਕਿ ਇਸ ‘ਗ੍ਰੇ ਏਰੀਆ’ ਤਹਿਤ ਉਨ੍ਹਾਂ ਨੇ ਕਈ ਅਜਿਹੇ ਮਾਮਲੇ ਦੇਖੇ ਹਨ, ਜਿਨ੍ਹਾਂ ਵਿੱਚ ਅਮੀਰ ਗਾਹਕ ਸ਼ਾਮਿਲ ਹਨ ਅਤੇ ਇਨ੍ਹਾਂ ਵਿੱਚ ਸਿਰਫ਼ ਚੀਨੀ ਲੋਕ ਹੀ ਨਹੀਂ ਹਨ। ਪਰ ਨਿੱਜਤਾ ਦੀ ਸੁਰੱਖਿਆ ਅਤੇ ਡਾਕਟਰਾਂ ਤੇ ਪ੍ਰਜਨਣ ਕਲੀਨਿਕਾਂ ਨਾਲ ਕੀਤੇ ਗਏ ਗੁਪਤਤਾ ਸਮਝੌਤਿਆਂ ਕਾਰਨ, ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਬਾਰੇ ਆਮ ਲੋਕਾਂ ਨੂੰ ਪਤਾ ਨਹੀਂ ਲੱਗਦਾ।

“ਦੂਜੇ ਸ਼ਬਦਾਂ ਵਿੱਚ ਕਹੀਏ ਤਾਂ, ਇਸ ਤਰ੍ਹਾਂ ਦਾ ਵਿਵਹਾਰ (ਜ਼ੁਆਨ ਵਾਂਗ) ਕੋਈ ਨਵੀਂ ਜਾਂ ਅਨੋਖੀ ਗੱਲ ਨਹੀਂ ਹੈ।”

ਬੀਬੀਸੀ ਨੇ ਇਨ੍ਹਾਂ ਇਲਜ਼ਾਮਾਂ ਬਾਰੇ ਜਾਣਨ ਲਈ ਜ਼ੁਆਨ ਅਤੇ ਝਾਂਗ ਦੇ ਵਕੀਲਾਂ ਨਾਲ ਸੰਪਰਕ ਕੀਤਾ। ਮਿਸ਼ੇਲ ਕ੍ਰੇਮਜ਼, ਦੋਵਾਂ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਨੇ ਬੀਬੀਸੀ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਝਾਂਗ ਦੇ ਵਕੀਲ ਮੈਟ ਕੂਹਾਨਿਮ ਨੇ ਕਿਹਾ ਕਿ ਇਸ ਮਾਮਲੇ ਨੂੰ ਉਚਿਤ ਕਾਨੂੰਨੀ ਤਰੀਕਿਆਂ ਨਾਲ ਸੁਲਝਾਇਆ ਜਾਵੇਗਾ।

ਮਾਪੇ

ਸਥਾਨਕ ਚਾਇਨੀਜ਼ ਮੀਡੀਆ ਮੁਤਾਬਕ, ਜ਼ੁਆਨ ਦਾ ਜਨਮ 1959 ਵਿੱਚ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਵਿੱਚ ਹੋਇਆ ਸੀ

16 ਅਕਤੂਬਰ ਨੂੰ ਹੋਈ ਸੁਣਵਾਈ ਦੌਰਾਨ, ਟੇਮੂਰੀ ਨੇ ਜੱਜ ਨੂੰ ਦੱਸਿਆ ਕਿ 2025 ਵਿੱਚ ਇਸ ਜੋੜੇ ਦੀ ਕੁੱਲ ਜਾਇਦਾਦ (ਨੈੱਟ ਵਰਥ) 100 ਮਿਲੀਅਨ ਡਾਲਰ ਤੋਂ ਕਿਤੇ ਵੱਧ ਸੀ।

ਟੇਮੂਰੀ ਨੇ ਇਹ ਵੀ ਦੱਸਿਆ ਕਿ ਜ਼ੁਆਨ ਕੋਲੋਂ ਤਿੰਨ ਪਾਸਪੋਰਟ ਮਿਲੇ ਸਨ—ਇੱਕ ਮੈਕਸੀਕਨ, ਇੱਕ ਚੀਨ ਦਾ ਅਤੇ ਇੱਕ ਅਮਰੀਕੀ।

ਸਥਾਨਕ ਚਾਇਨੀਜ਼ ਮੀਡੀਆ ਮੁਤਾਬਕ, ਜ਼ੁਆਨ ਦਾ ਜਨਮ 1959 ਵਿੱਚ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਵਿੱਚ ਹੋਇਆ ਸੀ। 18 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਉਰੁਮਕੀ ਵਿੱਚ ਸਰਕਾਰੀ ਕਰਿਆਨੇ ਦੀ ਕੰਪਨੀ ਵਿੱਚ ਅਕਾਊਂਟੈਂਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 1997 ਵਿੱਚ ਉਹ ਉਰੁਮਕੀ ਵਿੱਚ ‘ਪੀਪਲਜ਼ ਕਾਂਗਰਸ’ ਦੇ ਨੁਮਾਇੰਦੇ ਬਣੇ ਅਤੇ ਬਾਅਦ ਵਿੱਚ 2008 ਵਿੱਚ ਸ਼ਿਨਜਿਆਂਗ ਆਟੋਨੋਮਸ ਰੀਜਨ ਦੇ ਨੁਮਾਇੰਦੇ ਬਣੇ। ਇਹ ਸੂਬਾਈ ਵਿਧਾਨਕ ਸੰਸਥਾ ਵਿੱਚ ਇੱਕ ਅਜਿਹਾ ਅਹੁਦਾ ਹੈ, ਜੋ ਸਟੇਟ ਰਿਪ੍ਰਜ਼ੈਂਟੇਟਿਵ ਦੇ ਅਹੁਦੇ ਦੇ ਬਰਾਬਰ ਹੁੰਦਾ ਹੈ।

ਅਮਰੀਕਾ ਜਾਣ ਤੋਂ ਬਾਅਦ ਵੀ ਜਨਤਕ ਜੀਵਨ ਵਿੱਚ ਉਨ੍ਹਾਂ ਦੀ ਸਰਗਰਮੀ ਖ਼ਤਮ ਨਹੀਂ ਹੋਈ। ਉਹ ‘ਯੂਐੱਸ ਸ਼ਿਨਜਿਆਂਗ ਚੈਂਬਰ ਆਫ਼ ਕਾਮਰਸ’ ਦੇ ਪ੍ਰਧਾਨ ਅਤੇ ‘ਚਾਈਨਾ ਅਮੈਰੀਕਾ ਫੈਡਰੇਸ਼ਨ’ ਦੇ ਉਪ ਪ੍ਰਧਾਨ ਬਣੇ ਅਤੇ 2019 ਤੋਂ ਹੀ ਜਨਤਕ ਸਮਾਗਮਾਂ ਵਿੱਚ ਦਿਖਾਈ ਦੇਣ ਲੱਗੇ।

ਬੀਬੀਸੀ ਵੱਲੋਂ ਦੇਖੀ ਗਈ ਇੱਕ ਤਸਵੀਰ ਵਿੱਚ, 2022 ਦੇ ਇੱਕ ਸਮਾਗਮ ਦੌਰਾਨ ਜ਼ੁਆਨ ਨੂੰ ਆਰਕੇਡੀਆ ਦੇ ਸਾਬਕਾ ਮੇਅਰ, ਆਇਲੀਨ ਵਾਂਗ ਦਾ ਹੱਥ ਫੜੇ ਹੋਏ ਦੇਖਿਆ ਗਿਆ। ਉਸੇ ਸਾਲ ਵਾਂਗ ਦੀ ਮੇਅਰ ਦੀ ਚੋਣ ਮੁਹਿੰਮ ਦੌਰਾਨ, ਜ਼ੁਆਨ ਨੇ ਆਪਣੇ ਨਾਮ ਦੀ ਇੱਕ ਕੰਪਨੀ ਰਾਹੀਂ 4,900 ਡਾਲਰ ਦਾ ਚੰਦਾ ਦਿੱਤਾ ਸੀ।

ਇਸ ਸਾਲ ਮਈ ਵਿੱਚ, ਅਮਰੀਕੀ ਨਿਆਂ ਵਿਭਾਗ ਵੱਲੋਂ ਚੀਨ ਦੇ ਇੱਕ ਗ਼ੈਰ-ਕਾਨੂੰਨੀ ਏਜੰਟ ਵਜੋਂ ਕੰਮ ਕਰਨ ਦਾ ਦੋਸ਼ ਲਾਏ ਜਾਣ ਤੋਂ ਬਾਅਦ, ਵਾਂਗ ਨੇ ਆਰਕੇਡੀਆ ਦੇ ਮੇਅਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਇਸ ਗੰਭੀਰ ਅਪਰਾਧ ਨੂੰ ਸਵੀਕਾਰ ਕਰ ਲਿਆ।

ਝਾਂਗ ਬਾਰੇ ਬਹੁਤ ਘੱਟ ਜਾਣਕਾਰੀ ਹੈ। ਉਹ ਰੀਅਲ ਅਸਟੇਟ ਏਜੰਟ ਵਜੋਂ ਕੰਮ ਕਰਦੇ ਸਨ। ਜ਼ੁਆਨ ਅਤੇ ਝਾਂਗ ਨੇ ਕਦੇ ਵਿਆਹ ਨਹੀਂ ਕਰਵਾਇਆ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ, ਝਾਂਗ ਦਾ ਵਿਆਹ ਕਿਸੇ ਹੋਰ ਵਿਅਕਤੀ ਨਾਲ ਹੋਇਆ ਸੀ, ਜਿਸ ਤੋਂ ਉਨ੍ਹਾਂ ਨੇ 2022 ਵਿੱਚ ਤਲਾਕ ਲੈ ਲਿਆ ਸੀ।

ਹੁਣ ਬੱਚਿਆਂ ਦਾ ਕੀ ਹੋਵੇਗਾ?

ਸ਼ਿਕਾਇਤ ਮੁਤਾਬਕ, ਮਈ 2025 ਤੱਕ ਝਾਂਗ ਕੋਲ ਕੁੱਲ 21 ਬੱਚਿਆਂ ਦੀ ਇੱਕ ਸਪ੍ਰੈੱਡਸ਼ੀਟ ਸੀ। ਇਨ੍ਹਾਂ ਬੱਚਿਆਂ ਨੂੰ ਹੁਣ ਸਰਕਾਰ ਦੀ ਦੇਖ-ਰੇਖ ਹੇਠ ਲੈ ਲਿਆ ਗਿਆ ਹੈ

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੋਈ ਸੁਣਵਾਈ ਦੌਰਾਨ, ਟੇਮੂਰੀ ਨੇ ਜੱਜ ਨੂੰ ਦੱਸਿਆ ਕਿ ਇਸ ਪਰਿਵਾਰ ਨਾਲ ਜੁੜੇ ਕੁੱਲ 26 ਬੱਚੇ ਹਨ।

ਸ਼ਿਕਾਇਤ ਮੁਤਾਬਕ, ਮਈ 2025 ਤੱਕ ਝਾਂਗ ਕੋਲ ਕੁੱਲ 21 ਬੱਚਿਆਂ ਦੀ ਇੱਕ ਸਪ੍ਰੈੱਡਸ਼ੀਟ ਸੀ। ਇਨ੍ਹਾਂ ਬੱਚਿਆਂ ਨੂੰ ਹੁਣ ਸਰਕਾਰ ਦੀ ਦੇਖ-ਰੇਖ ਹੇਠ ਲੈ ਲਿਆ ਗਿਆ ਹੈ। ਬੀਬੀਸੀ ਦੇ ਅਮਰੀਕੀ ਭਾਈਵਾਲ ਸੀਬੀਐੱਸ ਨਿਊਜ਼ ਦੀ ਜਨਵਰੀ 2026 ਦੀ ਰਿਪੋਰਟ ਮੁਤਾਬਕ, ਉਸ ਤੋਂ ਬਾਅਦ 5 ਹੋਰ ਬੱਚਿਆਂ ਦਾ ਜਨਮ ਹੋਇਆ ਹੈ।

ਸਰੋਗੇਸੀ ਰਾਹੀਂ ਪੈਦਾ ਹੋਇਆ ਇੱਕ ਬੱਚਾ ਅਜੇ ਵੀ ਵਰਜੀਨੀਆ ਵਿੱਚ ਆਪਣੀ ਸਰੋਗੇਟ ਮਾਂ ਨਾਲ ਰਹਿ ਰਿਹਾ ਹੈ। ਮੇਲਿਸਾ ਐਪਸ, ਜਿਨ੍ਹਾਂ ਨੂੰ ਇਸ ਜੋੜੇ ਨੇ ਸਰੋਗੇਟ ਮਾਂ ਵਜੋਂ ਚੁਣਿਆ ਸੀ, ਪਿਛਲੇ ਸਾਲ ਜਾਂਚ ਬਾਰੇ ਪਤਾ ਲੱਗਣ ਸਮੇਂ ਗਰਭਵਤੀ ਸਨ ਅਤੇ ਉਨ੍ਹਾਂ ਨੇ ਬੱਚੇ ਨੂੰ ਆਪਣੇ ਕੋਲ ਰੱਖਣ ਦਾ ਫ਼ੈਸਲਾ ਕੀਤਾ।

ਇਸ ਜੋੜੇ ਨੇ ਸਰੋਗੇਸੀ ਦਾ ਇਕਰਾਰਨਾਮਾ ਤੋੜਨ ਲਈ ਐਪਸ ਵਿਰੁੱਧ ਮੁਕੱਦਮਾ ਦਾਇਰ ਕੀਤਾ। ਉਨ੍ਹਾਂ ਨੇ ਬੱਚੀ ਨੂੰ ਵਾਪਸ ਕਰਨ ਦੀ ਮੰਗ ਦੇ ਨਾਲ-ਨਾਲ ਐਪਸ ਤੋਂ 10 ਲੱਖ ਡਾਲਰ ਦੀ ਮੰਗ ਵੀ ਕੀਤੀ। ਸ਼ੁਰੂ ਵਿੱਚ ਐਪਸ ਕੋਲ ਕੋਈ ਵਕੀਲ ਨਹੀਂ ਸੀ ਅਤੇ ਉਨ੍ਹਾਂ ਨੂੰ ਅਦਾਲਤ ਵਿੱਚ ਆਪਣਾ ਪੱਖ ਖ਼ੁਦ ਰੱਖਣਾ ਪਿਆ। ਪਰ ਬਾਅਦ ਵਿੱਚ ਵਰਜੀਨੀਆ ਲੀਗਲ ਏਡ ਸੋਸਾਇਟੀ ਦੇ ਵਕੀਲ ਪਾਮੇਲਾ ਡੀਕੈਂਪ ਨੇ ਉਨ੍ਹਾਂ ਦਾ ਕੇਸ ਆਪਣੇ ਹੱਥ ਵਿੱਚ ਲੈ ਲਿਆ।

ਐਪਸ ਨੇ ਬੀਬੀਸੀ ਨੂੰ ਇੰਟਰਵਿਊ ਦੇਣ ਤੋਂ ਇਨਕਾਰ ਕਰ ਦਿੱਤਾ। ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ, ਉਨ੍ਹਾਂ ਦੇ ਵਕੀਲ ਡੀਕੈਂਪ ਨੇ ਕਿਹਾ ਕਿ ਉਹ “ਇਨ੍ਹਾਂ ਛੋਟੇ ਬੱਚਿਆਂ ਨੂੰ ਨਿਆਂ ਦਿਵਾਉਣ ਲਈ ਲਾਸ ਏਂਜਲਸ, ਕੈਲੀਫ਼ੋਰਨੀਆ ਦੇ ਜ਼ਿਲ੍ਹਾ ਅਟਾਰਨੀ ਦੇ ਯਤਨਾਂ ਲਈ ਬਹੁਤ ਧੰਨਵਾਦੀ ਹਨ।”

ਇਹ ਮਾਮਲਾ ਅਗਲੇ ਸਾਲ ਮਾਰਚ ਤੱਕ ਚੱਲੇਗਾ। ਬੱਚੀ ਇਸ ਸਮੇਂ ਸੋਸ਼ਲ ਸਰਵਿਸਿਜ਼ ਦੀ ਦੇਖ-ਰੇਖ ਹੇਠ ਹੈ, ਪਰ ਫ਼ਿਲਹਾਲ ਐਪਸ ਨਾਲ ਰਹਿ ਰਹੀ ਹੈ। ਹਾਲ ਹੀ ਵਿੱਚ ਉਸ ਨੇ ਆਪਣਾ ਪਹਿਲਾ ਜਨਮਦਿਨ ਮਨਾਇਆ।

ਡੀਕੈਂਪ ਨੇ ਕਿਹਾ, “ਉਹ ਵਰਜੀਨੀਆ ਵਿੱਚ ਸੁਰੱਖਿਅਤ ਅਤੇ ਖ਼ੁਸ਼ ਹੈ। ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਰਹੇਗੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI