Source :- BBC PUNJABI
ਤਸਵੀਰ ਸਰੋਤ, Supplied
ਮੰਗਲਵਾਰ ਨੂੰ ਇੰਗਲੈਂਡ ਦੇ ਮੈਨਚੈਸਟਰ ਵਿੱਚ ਲਗਭਗ 20 ਸਿੱਖ ਮੋਟਰਸਾਈਕਲ ਸਵਾਰਾਂ ਨੇ 1976 ਵਿੱਚ ਸਾਬਤ ਸੂਰਤ ਸਿੱਖਾਂ ਲਈ ਹੈਲਮੈਟ ਕਾਨੂੰਨ ਵਿੱਚ ਧਾਰਮਿਕ ਛੋਟ ਦਿਵਾਉਣ ਵਾਲੀ ਮੁਹਿੰਮ ਦੀ 50ਵੀਂ ਵਰ੍ਹੇਗੰਢ ਮੌਕੇ ਯਾਦਗਾਰੀ ਰਾਈਡ ਕੱਢੀ।
ਇਸ ਵਿੱਚ ਰਾਈਡ ਵਿੱਚ ਲਗਭਗ 20 ਸਿੱਖ ਮੋਟਰਸਾਈਕਲ ਸਵਾਰਾਂ ਹਿੱਸਾ ਲਿਆ।
ਇਸ ਰਾਈਡ ਨੂੰ ਮੈਨਚੈਸਟਰ ਸ਼ਹਿਰ ਦੇ ਕੇਂਦਰ ਨੇੜੇ ਸਥਿਤ ਸਟ੍ਰੈਂਜਵੇਜ਼ ਜੇਲ੍ਹ ਤੋਂ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਤੱਕ ਕੱਢਿਆ ਗਿਆ। ਇਹ ਰਾਈਡ ਮੁਹਿੰਮਕਾਰ ਗਿਆਨੀ ਸੁੰਦਰ ਸਿੰਘ ਸਾਗਰ ਦੇ ਸਨਮਾਨ ਵਿੱਚ ਕੱਢੀ ਗਈ।
ਗਿਆਨੀ ਜੀ ਦੇ ਨਾਂ ਨਾਲ ਜਾਣੇ ਜਾਂਦੇ ਗਿਆਨੀ ਸੁੰਦਰ ਸਿੰਘ ਸਾਗਰ ਨੇ 1976 ਵਿੱਚ ਹੈਲਮੈਟ ਦੀ ਬਜਾਏ ਪੱਗ ਬੰਨ੍ਹ ਕੇ ਮੋਪੇਡ ਚਲਾਉਣ ਲਈ ਲਗਾਏ ਗਏ ਜੁਰਮਾਨੇ ਭਰਨ ਤੋਂ ਇਨਕਾਰ ਕਰ ਦਿੱਤਾ ਸੀ।
ਉਨ੍ਹਾਂ ਦੇ ਪੁੱਤਰ ਭਾਰਤ ਸਾਗਰ ਨੇ ਦੱਸਿਆ ਕਿ ਇਸ ਕਾਰਨ ਉਨ੍ਹਾਂ ਨੂੰ ਸਟ੍ਰੈਂਜਵੇਜ਼ ਜੇਲ੍ਹ ਵਿੱਚ ਇੱਕ ਹਫ਼ਤਾ ਬਿਤਾਉਣਾ ਪਿਆ।
ਉਨ੍ਹਾਂ ਦੇ ਇੱਕ ਹੋਰ ਪੁੱਤਰ ਉੱਜਲ ਸਿੰਘ, ਜੋ ਉਨ੍ਹਾਂ ਦੀ ਰਿਹਾਈ ਵੇਲੇ ਉੱਥੇ ਮੌਜੂਦ ਸਨ, ਨੇ ਕਿਹਾ ਕਿ 50 ਸਾਲ ਬਾਅਦ ਉਸੇ ਥਾਂ ‘ਤੇ ਵਾਪਸ ਆਉਣਾ “ਕਾਫ਼ੀ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਵਾਲਾ” ਸੀ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਪਿਤਾ ਦੀ ਵਿਰਾਸਤ ਅੱਜ ਵੀ ਕਾਇਮ ਹੈ।
ਉਨ੍ਹਾਂ ਦੇ ਪੁੱਤਰਾਂ ਨੇ ਦੱਸਿਆ ਕਿ ਜੇਲ੍ਹ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਗਿਆਨੀ ਜੀ ਮੁੜ ਆਪਣੇ ਮੋਪੇਡ ‘ਤੇ ਸਵਾਰ ਹੋ ਗਏ ਸਨ ਅਤੇ ਥੋੜ੍ਹੀ ਹੀ ਦੂਰੀ ‘ਤੇ ਪੁਲਿਸ ਨੇ ਉਨ੍ਹਾਂ ਨੂੰ ਛੇ ਹੋਰ ਵਾਰ ਰੋਕਿਆ ਸੀ।

ਯਾਦਗਾਰੀ ਰਾਈਡ ਸ਼ੁਰੂ ਹੋਣ ਤੋਂ ਪਹਿਲਾਂ ਜੇਲ੍ਹ ਦੇ ਬਾਹਰ ਮੋਟਰਸਾਈਕਲ ਸਵਾਰ ਅਤੇ ਗਿਆਨੀ ਜੀ ਦੇ ਪਰਿਵਾਰਕ ਮੈਂਬਰ ਇਕੱਠੇ ਹੋਏ। ਇਸ ਮੌਕੇ ਗਿਆਨੀ ਜੀ ਦੇ ਮੋਪੇਡ ਦੀ ਇੱਕ ਰੈਪਲਿਕਾ ਵੀ ਪ੍ਰਦਰਸ਼ਿਤ ਕੀਤੀ ਗਈ।
67 ਸਾਲਾ ਭਾਰਤ ਸਾਗਰ ਨੇ ਕਿਹਾ ਕਿ ਉਨ੍ਹਾਂ ਨੂੰ “ਸਿੱਖ ਹੋਣ ‘ਤੇ ਬੇਹੱਦ ਮਾਣ ਹੈ, ਪਰ ਮੈਨਚੈਸਟਰ ਦਾ ਵਸਨੀਕ ਹੋਣ ‘ਤੇ ਇਸ ਤੋਂ ਵੀ ਵੱਧ ਮਾਣ ਹੈ।”
ਉਨ੍ਹਾਂ ਕਿਹਾ, “ਮੇਰੇ ਖ਼ਿਆਲ ਵਿੱਚ ਇਹ ਮਾਮਲਾ ਸਿਰਫ਼ ਸਿੱਖਾਂ ਨਾਲ ਸਬੰਧਤ ਨਹੀਂ, ਸਗੋਂ ਮੈਨਚੈਸਟਰ ਅਤੇ ਪੂਰੇ ਸਮਾਜ ਨਾਲ ਵੀ ਜੁੜਿਆ ਹੋਇਆ ਹੈ।”
“ਇਹ ਜ਼ਿਆਦਾ ਸਹਿਣਸ਼ੀਲਤਾ ਅਤੇ ਇੱਕ ਬਿਹਤਰ ਤੇ ਵਧੇਰੇ ਵਿਸ਼ਾਲ ਸਮਾਜ ਬਣਾਉਣ ਬਾਰੇ ਹੈ।”
ਟਰੈਫਰਡ ਕੌਂਸਲ ਮੁਤਾਬਕ, 1959 ਵਿੱਚ ਯੂਨੀਫਾਰਮ ਨਾਲ ਜੁੜੀਆਂ ਪਾਬੰਦੀਆਂ ਕਾਰਨ ਬੱਸ ਕੰਡਕਟਰ ਦੀ ਨੌਕਰੀ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਗਿਆਨੀ ਸੁੰਦਰ ਸਿੰਘ ਸਾਗਰ ਨੇ ਮੈਨਚੈਸਟਰ ਸਿਟੀ ਕਾਰਪੋਰੇਸ਼ਨ ਅਤੇ ਟਰੇਡ ਯੂਨੀਅਨਾਂ ਖ਼ਿਲਾਫ਼ ਲਗਾਤਾਰ ਸੱਤ ਸਾਲ ਮੁਹਿੰਮ ਚਲਾਈ।
ਪਟੀਸ਼ਨਾਂ, ਪੈਰਵੀ ਅਤੇ ਜਨਤਕ ਸ਼ਖ਼ਸੀਅਤਾਂ ਨਾਲ ਪੱਤਰ-ਵਿਹਾਰ ਰਾਹੀਂ ਉਨ੍ਹਾਂ ਨੇ ਸਿੱਖ ਪਛਾਣ ਬਾਰੇ ਗਲਤ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਅਤੇ ਜਨਤਕ ਸੇਵਾ ਵਿੱਚ ਪੱਗ ਪਹਿਨਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਉਜਾਗਰ ਕੀਤਾ।
ਉਨ੍ਹਾਂ ਦੀ ਮੁਹਿੰਮ ਅਕਤੂਬਰ 1966 ਵਿੱਚ ਇੱਕ ਇਤਿਹਾਸਕ ਪੜਾਅ ‘ਤੇ ਪਹੁੰਚੀ, ਜਦੋਂ ਮੈਨਚੈਸਟਰ ਦੀ ਟਰਾਂਸਪੋਰਟ ਕਮੇਟੀ ਨੇ ਯੂਨੀਫਾਰਮ ਦੇ ਹਿੱਸੇ ਵਜੋਂ ਪੱਗ ਬੰਨਣ ਦੀ ਇਜਾਜ਼ਤ ਦੇਣ ਦੇ ਹੱਕ ਵਿੱਚ ਵੋਟ ਪਾਈ।
ਉਨ੍ਹਾਂ ਦੀ ਵਿਰਾਸਤ ਨੂੰ ਇਸ ਸਾਲ ਜੂਨ ਵਿੱਚ ਇੱਕ ਵਾਰ ਫਿਰ ਮਾਨਤਾ ਮਿਲੀ, ਜਦੋਂ ਓਲਡ ਟਰੈਫਰਡ ਸਥਿਤ ਉਨ੍ਹਾਂ ਦੇ ਸਾਬਕਾ ਘਰ ‘ਤੇ ਇੱਕ ਨੀਲੀ ਤਖ਼ਤੀ ਦਾ ਉਦਘਾਟਨ ਕੀਤਾ ਗਿਆ।

ਇਸ ਤੋਂ ਬਾਅਦ ਗਿਆਨੀ ਜੀ ਨੇ ਮੋਟਰ-ਸਾਈਕਲ ਕਰੈਸ਼ ਹੈਲਮੈਟ (ਧਾਰਮਿਕ ਛੋਟ) ਐਕਟ 1976 ਨੂੰ ਲਾਗੂ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਉਹ ਨੈਸ਼ਨਲ ਟਰਬਨ ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਸਨ।
ਕਾਨੂੰਨ ਦੀ ਉਲੰਘਣਾ ਕਰਦਿਆਂ ਬਿਨਾਂ ਹੈਲਮੈਟ ਮੋਪੇਡ ਚਲਾਉਣ ਸਮੇਤ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨਾਂ ਨੇ ਇਸ ਮੁੱਦੇ ਵੱਲ ਦੇਸ਼ ਭਰ ਦਾ ਧਿਆਨ ਖਿੱਚਿਆ।
ਟਰੈਫਰਡ ਕੌਂਸਲ ਮੁਤਾਬਕ, ਗ੍ਰਿਫ਼ਤਾਰੀ ਅਤੇ ਜੇਲ੍ਹ ਜਾਣ ਦੇ ਬਾਵਜੂਦ ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ ਆਖ਼ਰਕਾਰ ਇੱਕ ਲੰਬੇ ਸਮੇਂ ਤੱਕ ਕਾਇਮ ਰਹਿਣ ਵਾਲੇ ਕਾਨੂੰਨੀ ਬਦਲਾਅ ਦਾ ਕਾਰਨ ਬਣੀ।
ਸਿੱਖ ਮੋਟਰਸਾਈਕਲ ਕਲੱਬ ਯੂਕੇ ਦੇ ਸੰਸਥਾਪਕ ਕੁਲਵੰਤ ਸਿੰਘ ਨੇ 1976 ਵਿੱਚ ਹੋਏ ਕਾਨੂੰਨੀ ਬਦਲਾਅ ਨੂੰ “ਇੱਕ ਵੱਡੀ ਉਪਲਬਧੀ” ਦੱਸਿਆ ਅਤੇ ਕਿਹਾ ਕਿ ਸਮੂਹ ਚਾਹੁੰਦਾ ਹੈ ਕਿ ਨੌਜਵਾਨ ਪੀੜ੍ਹੀ ਇਸ ਬਦਲਾਅ ਦੇ ਪਿੱਛੇ ਦਾ ਇਤਿਹਾਸ ਸਮਝੇ।
ਉਨ੍ਹਾਂ ਕਿਹਾ, “ਇਹ ਇੱਕ ਸਕਾਰਾਤਮਕ ਸੁਨੇਹਾ ਹੈ, ਜਿਸ ਨੂੰ ਅਸੀਂ ਵੱਡੇ ਪੱਧਰ ‘ਤੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਸਿਰਫ਼ ਸਿੱਖਾਂ ਤੱਕ ਨਹੀਂ, ਸਗੋਂ ਗੈਰ-ਸਿੱਖ ਲੋਕਾਂ ਤੱਕ ਵੀ।”

ਗਿਆਨੀ ਸੁੰਦਰ ਸਿੰਘ ਸਾਗਰ ਦਾ ਪਿਛੋਕੜ ਕੀ ਹੈ
ਗਿਆਨੀ ਸੁੰਦਰ ਸਿੰਘ ਸਾਗਰ, ਜਿਨ੍ਹਾਂ ਨੂੰ ਗਿਆਨੀ ਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ, ਇੱਕ ਵਿਦਵਾਨ ਅਤੇ ਸਮਾਜਿਕ ਕਾਰਕੁਨ ਸਨ, ਜਿਨ੍ਹਾਂ ਨੇ ਬ੍ਰਿਟੇਨ ਵਿੱਚ ਸਿੱਖਾਂ ਦੇ ਧਾਰਮਿਕ ਹੱਕਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਗਿਆਨੀ ਜੀ ਦਾ ਜਨਮ ਅਣਵੰਡੇ ਪੰਜਾਬ ਦੇ ਘਲੋਟੀਆਂ ਕਲਾਂ ਵਿੱਚ ਹੋਇਆ ਸੀ, ਜੋ ਹੁਣ ਪਾਕਿਸਤਾਨ ਵਿੱਚ ਹੈ।
1996 ਵਿੱਚ 79 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਹ 1948 ਵਿੱਚ ਮੈਨਚੈਸਟਰ ਆ ਕੇ ਵੱਸ ਗਏ ਸਨ ਅਤੇ ਬਾਅਦ ਵਿੱਚ ਯੂਰਪ ਦੇ ਸਭ ਤੋਂ ਪੁਰਾਣੇ ਸਿੱਖ ਗੁਰਦੁਆਰਿਆਂ ਵਿੱਚੋਂ ਇੱਕ ਦੀ ਸਥਾਪਨਾ ਵਿੱਚ ਮਦਦ ਕੀਤੀ ਸੀ।
ਗਿਆਨੀ ਜੀ ਨੇ ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਆਨਰਜ਼ ਡਿਗਰੀ ਨਾਲ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ ਸੀ।
ਬਾਅਦ ਵਿੱਚ ਉਹ ਆਪਣੇ ਪਿਤਾ ਨਾਲ ਇੰਗਲੈਂਡ ਆਏ, ਜਿੱਥੇ ਉਹ ਮੈਨਚੈਸਟਰ ਵਿੱਚ ਵੱਸ ਗਏ।
ਸ਼ੁਰੂ ਵਿੱਚ ਫ੍ਰੀਲਾਂਸ ਸੇਲਜ਼ਮੈਨ ਵਜੋਂ ਕੰਮ ਕਰਨ ਤੋਂ ਬਾਅਦ ਉਹ ਛੇਤੀ ਹੀ ਗ੍ਰੇਟਰ ਮੈਨਚੈਸਟਰ ਦੇ ਸਿੱਖ ਭਾਈਚਾਰੇ ਵਿੱਚ ਇੱਕ ਪ੍ਰਭਾਵਸ਼ਾਲੀ ਸ਼ਖ਼ਸੀਅਤ ਬਣ ਗਏ। ਉਨ੍ਹਾਂ ਨੇ ਆਪਣੀ ਸਿੱਖਿਆ ਅਤੇ ਕੂਟਨੀਤਕ ਹੁਨਰਾਂ ਦੀ ਵਰਤੋਂ ਆਪਣੇ ਸਾਥੀ ਪਰਵਾਸੀਆਂ ਦੀ ਮਦਦ ਲਈ ਕੀਤੀ।
ਇਸੇ ਭਾਈਚਾਰਕ ਭਾਵਨਾ ਨੇ ਉਨ੍ਹਾਂ ਨੂੰ 1953 ਵਿੱਚ ਮੈਨਚੈਸਟਰ ਦੇ ਮੌਸ ਸਾਈਡ ਇਲਾਕੇ ਦੀ ਮੋਂਟਨ ਸਟ੍ਰੀਟ ‘ਤੇ ਯੂਰਪ ਦੇ ਸਭ ਤੋਂ ਪੁਰਾਣੇ ਸਿੱਖ ਗੁਰਦੁਆਰਿਆਂ ਵਿੱਚੋਂ ਇੱਕ ਦੀ ਸਥਾਪਨਾ ਵਿੱਚ ਮਦਦ ਕਰਨ ਲਈ ਪ੍ਰੇਰਿਤ ਕੀਤਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




