Source :- BBC PUNJABI

ਦਿੱਲੀ ਦੇ ਸਰਿਤਾ ਵਿਹਾਰ ਵਿੱਚ ਰਹਿਣ ਵਾਲੇ 96 ਸਾਲਾਂ ਦੇ ਕਮਲੇਸ਼ ਰਾਣੀ ਗੱਲ ਕਰਦੇ-ਕਰਦੇ, ਗੱਲ ਭੁੱਲ ਜਾਂਦੇ ਹਨ।
ਉਮਰ ਦਾ ਤਕਾਜ਼ਾ ਕਹਿ ਲਵੋ ਜਾਂ 2011 ‘ਚ ਉਨ੍ਹਾਂ ਦੇ ਸਿਰ ‘ਤੇ ਲੱਗੀ ਸੱਟ ਦਾ ਅਸਰ, ਉਨ੍ਹਾਂ ਨੂੰ ਹੁਣ ਬਹੁਤੀਆਂ ਚੀਜ਼ਾਂ ਯਾਦ ਨਹੀਂ ਹਨ।
ਪਰ ਜਿਵੇਂ ਹੀ ਕਿਸੇ ਦੀ ਜ਼ੁਬਾਨ ਤੋਂ ਆਪਣੇ ਜੱਦੀ ਸ਼ਹਿਰ ਸਿਆਲਕੋਟ ਦਾ ਜ਼ਿਕਰ ਸੁਣਦੇ ਹਨ, ਤਾਂ ਆਪਣੇ ਮੁਹੱਲੇ ਦੇ ਨਕਸ਼ੇ ਤੋਂ ਲੈ ਕੇ, ਆਪਣੇ ਘਰ ਦੇ ਢਾਂਚੇ ਬਾਰੇ ਅਤੇ ਸਕੂਲ ਵਿੱਚ ਬਿਤਾਏ ਆਪਣੇ ਦਿਨਾਂ ਬਾਰੇ ਇਸ ਤਰ੍ਹਾਂ ਦੱਸਦੇ ਹਨ ਜਿਵੇਂ ਉਹ ਕੱਲ੍ਹ ਦੀ ਹੀ ਗੱਲ ਹੋਵੇ।
ਕਹਿੰਦੇ ਹਨ, “ਸਾਡਾ ਘਰ ਤਿੰਨ ਮੰਜ਼ਿਲਾ ਸੀ, ਸਾਡੇ ਕੋਲ ਇੱਕ ਗਾਂ ਸੀ, ਇੱਕ ਮੱਝ ਸੀ। ਸਾਡੀ ਗਲੀ ਦੇ ਬਾਹਰ ਨਿਕਲਦਿਆਂ ਹੀ ਸਿਆਲਕੋਟ ਦਾ ਰੇਲਵੇ ਸਟੇਸ਼ਨ ਸੀ। ਸਾਡੇ ਘਰਦਿਆਂ ਨੇ ਬਹੁਤ ਵਧੀਆ ਨਵਾਂ ਮਕਾਨ ਬਣਾਇਆ ਸੀ, ਮੈਂ ਉਨ੍ਹਾਂ ਦੀ ਪਹਿਲੀ ਸੰਤਾਨ ਸੀ ਜਿਹੜੀ ਉਸ ਘਰ ਵਿੱਚ ਜੰਮੀ ਸੀ। ਮੇਰੇ ਪਿਤਾ ਚੁੰਨੀ ਲਾਲ ਮਰਵਾਹਾ ਦੀਆਂ ਤਿੰਨ ਭੱਠੀਆਂ ਤੇ ਇੱਕ ਕਾਰਖਾਨਾ ਸੀ ਜਿੱਥੇ ਬੈਡਮਿੰਟਨ ਦੇ ਰੈਕੇਟਾਂ ‘ਚ ਲੱਗਣ ਵਾਲੀਆਂ ਤਾਰਾਂ ਬਣਾਈਆਂ ਜਾਂਦੀਆਂ ਸਨ।”
ਅਗਾਂਹ ਉਹ ਕਹਿੰਦੇ ਹਨ, “ਮੈਂ ਕੋਲ ਦੇ ਸਨਾਤਨ ਧਰਮ ਸਕੂਲ ਵਿੱਚ ਪੜ੍ਹਦੀ ਸੀ, ਉਨ੍ਹਾਂ ਵੇਲਿਆਂ ਵਿੱਚ ਅੱਠਵੀਂ ਜਮਾਤ ਲਾਹੌਰ ਯੂਨੀਵਰਸਿਟੀ ਨਾਲ ਐਫੀਲੀਏਟਿਡ ਹੁੰਦੀ ਸੀ। ਮੈਂ ਫਿਰ ਪ੍ਰਭਾਕਰ ਕੀਤੀ ਅਤੇ ਯੂਨੀਵਰਸਿਟੀ ਟੌਪ ਕੀਤੀ। ਮੇਰੀ ਇਸ ਕਾਮਯਾਬੀ ਦਾ ਜਸ਼ਨ ਮਨਾਉਣ ਲਈ ਸਕੂਲ ਵਾਲਿਆਂ ਨੇ ਇੱਕ ਜਲਸਾ ਰੱਖਿਆ, ਹਲਵਾਈ ਬੁਲਾਇਆ ਤੇ ਵੱਡੀ ਦਾਵਤ ਦਿੱਤੀ। ਪਰ ਮੈਨੂੰ ਅੱਜ ਵੀ ਯਾਦ ਹੈ, ਮੇਰੀ ਸਹੇਲੀ ਫੇਲ੍ਹ ਹੋ ਗਈ ਸੀ।”
ਇਹ ਕਿੱਸਾ ਉਨ੍ਹਾਂ ਨੇ ਇੱਕੋ ਸਾਹ ਵਿੱਚ ਸੁਣਾਇਆ, ਜਿਵੇਂ ਇਹ 80 ਸਾਲ ਪਹਿਲਾਂ ਦੀ ਨਹੀਂ, ਬਲਕਿ 8 ਕੁ ਦਿਨਾਂ ਦੀ ਗੱਲ ਹੋਵੇ।
ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਲੰਬੀਆਂ ਗੱਲਾਂ ਕੀਤੀਆਂ, ਭਾਵੇਂ ਬਹੁਤ ਸਾਰੀਆਂ ਚੀਜ਼ਾਂ ਉਨ੍ਹਾਂ ਨੂੰ ਹੁਣ ਚੇਤੇ ਨਹੀਂ ਹਨ।
ਉਨ੍ਹਾਂ ਦੇ ਪੁੱਤਰ, ਨੂੰਹ ਅਤੇ ਪੋਤੀ ਵੱਲੋਂ ਚੇਤੇ ਕਰਵਾਉਣ ‘ਤੇ ਉਨ੍ਹਾਂ ਨੇ ਬਹੁਤ ਸਾਰੇ ਹੋਰ ਵੀ ਕਿੱਸੇ ਸਾਡੇ ਨਾਲ ਸਾਂਝੇ ਕੀਤੇ।
ਪਰ ਅੱਠਵੀਂ ਵਿੱਚ ਯੂਨੀਵਰਸਿਟੀ ਟੌਪ ਕਰਨ ਤੋਂ ਬਾਅਦ ਉਨ੍ਹਾਂ ਦੇ ਮਾਣ ਵਿੱਚ ਰੱਖਿਆ ਗਿਆ ਉਹ ਜਲਸਾ ਉਨ੍ਹਾਂ ਨੂੰ ਅੱਜ ਵੀ ਓਨੀ ਹੀ ਖ਼ੁਸ਼ੀ ਦਿੰਦਾ ਹੈ। ਸਿਆਲਕੋਟ ਦੀ ਹਰ ਗੱਲ ਇਸੇ ਜਲਸੇ ‘ਤੇ ਆ ਕੇ ਰੁਕਦੀ ਹੈ। ਕਰੀਬ ਦੋ ਘੰਟੇ ਚੱਲੀ ਗੱਲਬਾਤ ਵਿੱਚ ਉਨ੍ਹਾਂ ਨੇ ਇਸ ਜਲਸੇ ਦਾ ਜ਼ਿਕਰ 8-10 ਵਾਰ ਕੀਤਾ, ਹਰ ਵਾਰ ਉਸੇ ਬਚਪਨੇ ਅਤੇ ਉਤਸ਼ਾਹ ਦੇ ਨਾਲ।
ਜਿਵੇਂ ਸਿਆਲਕੋਟ ਦੇ ਇਤਿਹਾਸ ਵਿੱਚ ਇਸ ਤੋਂ ਵੱਡੀ ਖ਼ੁਸ਼ੀ ਦਾ ਦਿਨ ਕੋਈ ਹੋਰ ਹੋਇਆ ਹੀ ਨਹੀਂ। ਪਰ ਉਨ੍ਹਾਂ ਦਾ ਸਿਆਲਕੋਟ, 1947 ‘ਚ ਭਾਰਤ-ਪਾਕਿਸਤਾਨ ਦੀ ਵੰਡ ਨੇ ਹਮੇਸ਼ਾ ਲਈ ਉਨ੍ਹਾਂ ਤੋਂ ਖੋਹ ਲਿਆ।
ਉਹ ਬੀਤੇ ਦਿਨਾਂ ਦੀਆਂ ਯਾਦਾਂ ਨੂੰ ਫੋਲਦਿਆਂ ਦੱਸਦੇ ਹਨ, “ਉਦੋਂ ਪਾਕਿਸਤਾਨ ਕੀ ਹੈ, ਇਹ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ। ਅਸੀਂ ਤਾਂ ਬੱਸ ਮਾਹੌਲ ਖ਼ਰਾਬ ਹੋ ਜਾਣ ਕਰਕੇ ਕੁਝ ਦਿਨਾਂ ਲਈ ਉੱਥੋਂ ਤੁਰੇ ਸੀ, ਇਹ ਸੋਚ ਕੇ ਕਿ ਰੌਲਾ-ਰੱਪਾ ਖ਼ਤਮ ਹੁੰਦਿਆਂ ਹੀ ਵਾਪਸ ਆ ਜਾਵਾਂਗੇ। ਅਸੀਂ ਆਪਣੇ ਬਹੁਤ ਸੋਹਣੇ ਖੱਦਰ ਅਤੇ ਬਿਸਤਰੇ ਆਪਣੇ ਦੋਧੀ ਨੂੰ ਰਾਖੀ ਲਈ ਦੇ ਕੇ ਆਏ ਸੀ। ਉਸਨੂੰ ਕਿਹਾ ਸੀ ਕਿ ਵਾਪਸ ਆ ਕੇ ਲੈ ਲਵਾਂਗੇ। ਪਰ ਉਹ ਵਾਪਸੀ ਕਦੇ ਹੋਈ ਹੀ ਨਹੀਂ।”
ਮੁਸਲਿਮ ਗੁਆਂਢੀਆਂ ਦੀ ਉਹ ਅਟੁੱਟ ਸਾਂਝ

ਕਮਲੇਸ਼ ਰਾਣੀ ਦੱਸਦੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਸਾਰੇ ਧਰਮਾਂ ਦੇ ਲੋਕ ਆਪਸੀ ਪਿਆਰ ਨਾਲ ਘੁਲ-ਮਿਲ ਕੇ ਰਹਿੰਦੇ ਸਨ। ਸਮਾਜਿਕ ਸਾਂਝ ਨੂੰ ਯਾਦ ਕਰਦਿਆਂ ਉਹ ਇੱਕ ਕਿੱਸਾ ਸਾਂਝਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਘਰ ਕੰਜਕਾਂ ਬਿਠਾਈਆਂ ਜਾਂਦੀਆਂ ਸਨ (ਭਾਵ ਕੰਨਿਆ ਭੋਜਨ ਕਰਵਾਇਆ ਜਾਂਦਾ ਸੀ), ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਦੇ ਮੁਸਲਮਾਨ ਦੋਸਤ ਵੀ ਉਹ ਪ੍ਰਸਾਦ ਖਾਣ ਆਉਂਦੇ ਸਨ।
ਕਮਲੇਸ਼ ਦੱਸਦੇ ਹਨ, “ਸਾਡੇ ਆਲੇ-ਦੁਆਲੇ ਰਹਿਣ ਵਾਲੇ ਮੁਸਲਮਾਨ ਬਹੁਤ ਚੰਗੇ ਸਨ ਅਤੇ ਸਾਨੂੰ ਬਹੁਤ ਪਿਆਰ ਕਰਦੇ ਸਨ। ਜਦੋਂ ਕੰਜਕਾਂ ਬਿਠਾਉਂਦੇ ਸੀ ਤਾਂ ਮੇਰੇ ਪਿਤਾ ਜੀ ਦੇ ਮੁਸਲਮਾਨ ਦੋਸਤ ਵੀ ਉਹ ਪ੍ਰਸਾਦ ਖਾਣ ਆਉਂਦੇ ਸੀ। ਅਸੀਂ ਹਮੇਸ਼ਾ ਇੱਕ-ਦੂਜੇ ਦੇ ਸੁਖ-ਦੁਖ ਵਿੱਚ ਸ਼ਾਮਲ ਹੁੰਦੇ ਰਹੇ ਹਾਂ।”
ਉਹ ਅੱਗੇ ਦੱਸਦੇ ਹਨ, “ਇੱਥੋਂ ਤੱਕ ਕਿ ਜਦੋਂ ਅਸੀਂ ਮੁਲਕ ਛੱਡਣ ਲੱਗੇ ਸੀ, ਉਦੋਂ ਵੀ ਇੱਕ ਮੁਸਲਮਾਨਾਂ ਨੇ ਹੀ ਮੇਰੇ ਪਿਤਾ ਜੀ ਨੂੰ ਕੁਝ ਜ਼ਰੂਰੀ ਦਵਾਈਆਂ ਮੁਹੱਈਆ ਕਰਵਾਈਆਂ ਸਨ। ਉਹ ਮੇਰੇ ਪਿਤਾ ਜੀ ਦੀ ਢਾਲ ਬਣ ਕੇ ਉਨ੍ਹਾਂ ਨਾਲ ਬਾਜ਼ਾਰ ਗਏ ਤਾਂ ਜੋ ਉਹ ਮਹਿਫ਼ੂਜ਼ ਰਹਿਣ।”
‘ਬਨਿਆਣ ਵਿੱਚ ਲੁਕੋਇਆ ਸੋਨਾ ਅਤੇ ਮਾਲਗੱਡੀ ਦਾ ਸਫ਼ਰ’
ਤਸਵੀਰ ਸਰੋਤ, Getty Images
ਕਮਲੇਸ਼ ਰਾਣੀ ਦੱਸਦੇ ਹਨ ਕਿ ਜਦੋਂ ਹਾਲਾਤ ਬਿਲਕੁਲ ਬੇਕਾਬੂ ਹੋ ਗਏ, ਤਾਂ ਮਾਤਾ ਨੇ ਕਾਹਲੀ ਵਿੱਚ ਸੋਨੇ ਦੇ ਕੁਝ ਗਹਿਣੇ ਸਮੇਟੇ। ਪਰਿਵਾਰ ਇੱਕ ਮੁਸਲਮਾਨ ਸ਼ਖਸ ਦੇ ਤਾਂਗੇ ਵਿੱਚ ਬੈਠ ਕੇ ਕਿਸੇ ਤਰ੍ਹਾਂ ਜੰਮੂ ਦੇ ਇੱਕ ਰਿਫਊਜੀ ਕੈਂਪ ਵਿੱਚ ਪਹੁੰਚਿਆ।
ਕਮਲੇਸ਼ ਯਾਦ ਕਰਦੇ ਹਨ, “ਮੇਰੀ ਮਾਂ ਨੇ ਆਪਣੀ ਸਿਲਾਈ ਮਸ਼ੀਨ ਨਾਲ ਇੱਕ ਜ੍ਹੇਬਾਂ ਵਾਲੀ ਲੰਬੀ ਬਨਿਆਣ ਸਿਉਂਤੀ ਸੀ, ਜਿਸ ਵਿੱਚ ਸੋਨਾ ਲੁਕੋਇਆ ਹੋਇਆ ਸੀ। ਅਸੀਂ ਉਸੇ ਹਾਲਤ ਵਿੱਚ ਜੰਮੂ ਵੱਲ ਚੱਲ ਪਏ। ਉੱਥੋਂ ਇੱਕ ਮਾਲਗੱਡੀ ਵਿੱਚ ਬੈਠ ਕੇ ਪਠਾਨਕੋਟ ਪਹੁੰਚੇ ਅਤੇ ਫਿਰ 3-4 ਦਿਨਾਂ ਦਾ ਸਫ਼ਰ ਤੈਅ ਕਰਕੇ ਲਖਨਊ ਆਪਣੇ ਰਿਸ਼ਤੇਦਾਰਾਂ ਕੋਲ ਪਹੁੰਚੇ।”
ਕੁਝ ਸਮਾਂ ਲਖਨਊ ਬਿਤਾਉਣ ਤੋਂ ਬਾਅਦ ਇਹ ਪਰਿਵਾਰ ਆਗਰੇ ਆ ਗਿਆ, ਜਿੱਥੇ ਉਨ੍ਹਾਂ ਨੂੰ ਇੱਕ ਅਜਿਹਾ ਘਰ ਅਲਾਟ ਹੋਇਆ ਜਿਸਦਾ ਮੁਸਲਮਾਨ ਪਰਿਵਾਰ ਪਾਕਿਸਤਾਨ ਹਿਜਰਤ ਕਰ ਗਿਆ ਸੀ। ਇਸ ਤੋਂ ਬਾਅਦ ਕਮਲੇਸ਼ ਰਾਣੀ ਦਾ ਵਿਆਹ ਦਿੱਲੀ ਵਿੱਚ ਹੋ ਗਿਆ।
“ਸਿਆਲਕੋਟ ਸਾਡਾ ਆਪਣਾ ਹੈ, ਸਾਨੂੰ ਕੌਣ ਰੋਕ ਸਕਦਾ ਹੈ?”

ਕਮਲੇਸ਼ ਰਾਣੀ ਦੀ ਨੂੰਹ, ਅਰਚਨਾ ਬਰਾਰਾ ਨੇ ਵੀ ਉਸ ਦੌਰ ਦੇ ਕੁਝ ਭਾਵੁਕ ਕਰ ਦੇਣ ਵਾਲੇ ਕਿੱਸੇ ਸਾਂਝੇ ਕੀਤੇ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਸਾਲ 2011 ਵਿੱਚ ਹੋਏ ਇੱਕ ਹਾਦਸੇ ਦੌਰਾਨ ਜਦੋਂ ਕਮਲੇਸ਼ ਜੀ ਦੇ ਸਿਰ ‘ਤੇ ਗੰਭੀਰ ਸੱਟ ਲੱਗੀ, ਤਾਂ ਹੋਸ਼ ਆਉਣ ਤੋਂ ਬਾਅਦ ਉਨ੍ਹਾਂ ਦੀ ਜ਼ੁਬਾਨ ‘ਤੇ ਸਿਰਫ਼ ਆਪਣੇ ਬਚਪਨ ਦਾ ਸਿਆਲਕੋਟ ਹੀ ਸੀ।
ਅਰਚਨਾ ਦੱਸਦੇ ਹਨ, “2011 ਵਿੱਚ ਜਦੋਂ ਇਨ੍ਹਾਂ ਦਾ ਐਕਸੀਡੈਂਟ ਹੋਇਆ, ਤਾਂ ਉਸ ਹਾਲਤ ਵਿੱਚ ਵੀ ਇਹ ਸਿੱਧਾ ਆਪਣੇ ਬਚਪਨ ਦੇ ਦਿਨਾਂ ਵਿੱਚ ਸਿਆਲਕੋਟ ਅਤੇ ਪਾਕਿਸਤਾਨ ਪਹੁੰਚ ਗਏ। ਇਹ ਘੰਟਿਆਂ-ਘੰਟੇ ਸਾਨੂੰ ਉਹੀ ਕਹਾਣੀਆਂ ਸੁਣਾਉਂਦੇ ਰਹਿੰਦੇ ਸੀ, ਉਹੀ ਗੱਲਾਂ ਵਾਰ-ਵਾਰ ਦੋਹਰਾਉਂਦੇ ਰਹਿੰਦੇ ਸੀ। ਇਨ੍ਹਾਂ ਦੇ ਦਿਮਾਗ ‘ਤੇ ਉਸ ਦੌਰ ਦਾ ਇੰਨਾ ਡੂੰਘਾ ਅਸਰ ਸੀ ਕਿ ਭਾਵੇਂ ਉਹ ਉਸ ਵੇਲੇ ਆਪਣੇ ਨੌਰਮਲ ਮਾਨਸਿਕ ਸੰਤੁਲਨ ਵਿੱਚ ਨਹੀਂ ਸਨ, ਪਰ ਫਿਰ ਵੀ ਉਹ ਪਾਕਿਸਤਾਨ ਨੂੰ ਨਹੀਂ ਭੁੱਲ ਪਾਏ। ਉਹ ਸਿਆਲਕੋਟ ਦੀਆਂ ਗੱਲਾਂ ਹੀ ਸੁਣਾਉਂਦੇ ਰਹਿੰਦੇ ਸੀ ਤੇ ਉਹ ਸਿਲਸਿਲਾ ਅੱਜ ਤੱਕ ਜਾਰੀ ਹੈ। ਉਸ ਦੌਰ ਵਿੱਚ ਤਾਂ ਅਸੀਂ ਦਿਨ ਵਿੱਚ ਘੱਟੋ-ਘੱਟ 100 ਵਾਰ ਇਹ ਕਹਾਣੀਆਂ ਸੁਣਦੇ ਸੀ।”
ਤਸਵੀਰ ਸਰੋਤ, Getty Images
ਇੱਕ ਹੋਰ ਕਿੱਸਾ ਸਾਂਝੇ ਕਰਦਿਆਂ ਅਰਚਨਾ ਨੇ ਦੱਸਿਆ ਕਿ ਕਿਵੇਂ ਕਰੀਬ ਤਿੰਨ ਸਾਲ ਪਹਿਲਾਂ ਜਦੋਂ ਉਨ੍ਹਾਂ ਦਾ ਪੂਰਾ ਪਰਿਵਾਰ ਜੰਮੂ ਦੇ ਸੁਚੇਤਗੜ੍ਹ ਇੰਟਰਨੈਸ਼ਨਲ ਬਾਰਡਰ ‘ਤੇ ‘ਬੀਟਿੰਗ ਰੀਟਰੀਟ’ ਦੀ ਰਸਮ ਦੇਖਣ ਗਿਆ, ਤਾਂ ਬਾਰਡਰ ਦੇਖ ਕੇ ਕਮਲੇਸ਼ ਜੀ ਦੇ ਅੰਦਰ ਦਾ ਬਚਪਨ ਅਤੇ ਆਪਣੇ ਘਰ ਪਰਤਣ ਦੀ ਤੜਫ਼ ਮੁੜ ਜਾਗ ਪਈ।
ਅਰਚਨਾ ਯਾਦ ਕਰਦੇ ਹਨ, “ਅਸੀਂ ਜੰਮੂ ਬਾਰਡਰ ‘ਤੇ ਸ਼ਾਮ ਦਾ ਪ੍ਰੋਗਰਾਮ ਦਿਖਾਉਣ ਗਏ ਸੀ। ਉੱਥੇ ਜਦੋਂ ਇਨ੍ਹਾਂ ਨੇ ਸਾਹਮਣੇ ਲਿਖਿਆ ਹੋਇਆ ਦੇਖਿਆ ‘ਸਿਆਲਕੋਟ 11 ਕਿਲੋਮੀਟਰ’, ਤਾਂ ਇਹ ਇੰਨੇ ਜ਼ਿਆਦਾ ਇਮੋਸ਼ਨਲ ਹੋ ਗਏ ਕਿ ਇਹ ਬਾਰਡਰ ਦੇ ਪਾਰ ਉਸ ਤਰਫ ਭੱਜਣ ਲੱਗੇ। ਅਸੀਂ ਬੜੀ ਮੁਸ਼ਕਿਲ ਨਾਲ ਇਨ੍ਹਾਂ ਨੂੰ ਸਮਝਾਇਆ ਕਿ ‘ਨਹੀਂ, ਤੁਸੀਂ ਉੱਧਰ ਨਹੀਂ ਜਾ ਸਕਦੇ।’
“ਕਿਉਂ ਨਹੀਂ ਜਾ ਸਕਦੇ? ਸਿਆਲਕੋਟ ਸਾਡਾ ਆਪਣਾ ਹੈ, ਸਾਨੂੰ ਕੋਈ ਨਹੀਂ ਰੋਕ ਸਕਦਾ!’ ਸਾਨੂੰ ਇਨ੍ਹਾਂ ਨੂੰ ਸਮਝਾਉਣ ਵਿੱਚ ਬੜੀ ਮੁਸ਼ਕਿਲ ਹੋਈ ਕਿ ‘ਨਹੀਂ, ਹੁਣ ਉਹ ਮੁਲਕ ਸਾਡਾ ਨਹੀਂ ਰਿਹਾ, ਹੁਣ ਤੁਸੀਂ ਉੱਥੇ ਇੰਝ ਨਹੀਂ ਜਾ ਸਕਦੇ।’ ਇਹ ਸੁਣ ਕੇ ਉਹ ਬਹੁਤ ਉਦਾਸ ਹੋ ਗਏ ਸਨ।”
ਅਰਚਨਾ ਨੇ ਇਹ ਵੀ ਦੱਸਿਆ ਕਿ ਵੰਡ ਵੇਲੇ ਹਾਲਾਤ ਖ਼ੌਫ਼ਨਾਕ ਹੋਣ ਕਾਰਨ ਕਮਲੇਸ਼ ਜੀ ਦੇ ਭਰਾ ਨੇ ਉਨ੍ਹਾਂ ਨੂੰ ਇੱਕ ਖੰਜਰ ਅਤੇ ਜ਼ਹਿਰ ਦੀਆਂ ਪੁੜੀਆਂ ਦਿੱਤੀਆਂ ਸਨ ਤਾਂ ਜੋ ਮੁਸੀਬਤ ਵੇਲੇ ਉਹ ਆਪਣੀ ਰੱਖਿਆ ਕਰ ਸਕਣ। ਉਹ ਖੰਜਰ ਪਰਿਵਾਰ ਨੇ ਹੁਣ ਦਿੱਲੀ ਦੇ ‘ਪਾਰਟੀਸ਼ਨ ਮਿਊਜ਼ੀਅਮ’ ਵਿੱਚ ਸੰਭਾਲਣ ਲਈ ਜਮ੍ਹਾਂ ਕਰਵਾ ਦਿੱਤਾ ਹੈ।
ਬਚਪਨ ਤੋਂ ਸੁਣੀਆਂ ਵੰਡ ਦੀਆਂ ਕਹਾਣੀਆਂ

ਸਿਆਲਕੋਟ ਦੀਆਂ ਗਲੀਆਂ, ਉੱਥੋਂ ਦੇ ਕਾਰਖਾਨੇ ਅਤੇ 1947 ਦੇ ਬਹੁਤ ਸਾਰੇ ਦਰਦਨਾਕ ਮੰਜ਼ਰ—ਇਹ ਸਭ 74 ਸਾਲਾ ਪ੍ਰਦੀਪ ਬਰਾਰਾ ਨੇ ਕਦੇ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ, ਪਰ ਫਿਰ ਵੀ ਇਹ ਯਾਦਾਂ ਉਹਨਾਂ ਦੇ ਵਜੂਦ ਦਾ ਹਿੱਸਾ ਬਣ ਚੁੱਕੀਆਂ ਹਨ।
ਪ੍ਰਦੀਪ ਆਪਣੀ 96 ਸਾਲਾ ਮਾਂ ਕਮਲੇਸ਼ ਰਾਣੀ ਦੇ ਉਸ ਅਤੀਤ ਦੇ ਗਵਾਹ ਹਨ, ਜਿਸ ਨੂੰ ਉਹਨਾਂ ਨੇ ਹੋਸ਼ ਸੰਭਾਲਦਿਆਂ ਹੀ ਆਪਣੇ ਬਚਪਨ ਤੋਂ ਲਗਾਤਾਰ ਸੁਣਿਆ ਹੈ।
ਪ੍ਰਦੀਪ ਦੱਸਦੇ ਹਨ ਕਿ ਉਹਨਾਂ ਦੀ ਮਾਂ ਦੀਆਂ ਇਹਨਾਂ ਯਾਦਾਂ ਵਿੱਚ ਸਿਰਫ਼ ਹਿਜਰਤ ਦਾ ਦੁੱਖ ਹੀ ਨਹੀਂ, ਬਲਕਿ ਇੱਕ ਅਜਿਹੀ ਹਿੰਮਤ ਅਤੇ ਦਲੇਰੀ ਹੈ ਜੋ ਅੱਜ ਵੀ ਉਹਨਾਂ ਦੇ ਪਰਿਵਾਰ ਨੂੰ ਪ੍ਰੇਰਨਾ ਦਿੰਦੀ ਹੈ।
ਪ੍ਰਦੀਪ ਬਰਾਰਾ ਆਪਣੀ ਮਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਵੰਡ ਨੇ ਇੱਕ ਪਲ ਵਿੱਚ ਉਨ੍ਹਾਂ ਦੇ ਪਰਿਵਾਰ ਨੂੰ ਦਾਣੇ-ਦਾਣੇ ਦਾ ਮੁਹਤਾਜ ਕਰ ਦਿੱਤਾ ਅਤੇ ਉਨ੍ਹਾਂ ਦੀ ਮਾਂ, ਜੋ ਕਾਲਜ ਵਿੱਚ ਫਰਸਟ ਆਉਂਦੀ ਸੀ, ਉਸਦੀ ਪੜ੍ਹਾਈ ਹਮੇਸ਼ਾ ਲਈ ਛੁੱਟ ਗਈ।

‘ਮੈਂ ਅੱਜ ਵੀ ਉਸ ਦਰਦ ਨੂੰ ਮਹਿਸੂਸ ਕਰ ਸਕਦਾ ਹਾਂ’
ਜਦੋਂ ਪ੍ਰਦੀਪ ਤੋਂ ਇਹ ਪੁੱਛਿਆ ਗਿਆ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਇਨ੍ਹਾਂ ਕਹਾਣੀਆਂ ਨੂੰ ਰੋਜ਼ਾਨਾ ਸੁਣਨਾ ਉਨ੍ਹਾਂ ਲਈ ਕਿਸ ਤਰ੍ਹਾਂ ਦਾ ਅਨੁਭਵ ਹੈ, ਤਾਂ ਉਨ੍ਹਾਂ ਨੇ ਜਵਾਬ ਦਿੱਤਾ,
“ਮੈਂ ਬਹੁਤ ਸਬਰ ਨਾਲ ਆਪਣੀ ਮਾਂ ਦੀ ਗੱਲ ਸੁਣਦਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਇਨ੍ਹਾਂ ਕਹਾਣੀਆਂ ਦੇ ਪਿੱਛੇ ਕਿੰਨੇ ਡੂੰਘੇ ਜਜ਼ਬਾਤ ਲੁਕੇ ਹੋਏ ਹਨ। ਮੈਂ ਅਕਸਰ ਕਲਪਨਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਇੱਕ ਇਨਸਾਨ ਜੋ ਬੇਹੱਦ ਖੁਸ਼ਹਾਲ ਜ਼ਿੰਦਗੀ ਜੀ ਰਿਹਾ ਹੋਵੇ, ਉਸ ਨੂੰ ਅਚਾਨਕ ਕਹਿ ਦਿੱਤਾ ਜਾਵੇ ਕਿ ‘ਇਹ ਜਗ੍ਹਾ ਤੇਰੀ ਨਹੀਂ, ਇੱਥੋਂ ਭੱਜ ਜਾ, ਨਹੀਂ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ’, ਤਾਂ ਉਸਦੇ ਦਿਲ ‘ਤੇ ਕੀ ਬੀਤੀ ਹੋਵੇਗੀ? ਇਹ ਜ਼ਿੰਦਗੀ ਦਾ ਕਿੱਡਾ ਵੱਡਾ ਅਤੇ ਦਰਦਨਾਕ ਬਦਲਾਅ ਸੀ।”

ਆਪਣੀ 96 ਸਾਲਾ ਦਾਦੀ ਕਮਲੇਸ਼ ਰਾਣੀ ਦੇ ਹਵਾਲੇ ਨਾਲ ਵੰਡ ਦੇ ਉਸ ਖ਼ੌਫ਼ਨਾਕ ਮੰਜ਼ਰ ਨੂੰ ਬਿਆਨ ਕਰ ਰਹੇ ਕਮਲੇਸ਼ ਰਾਣੀ ਦੇ ਪੋਤੀ ਸ਼ੁਭਾ ਬਰਾਰਾ ਕਹਿੰਦੇ ਹਨ, “ਜੇ ਮੈਂ ਆਪਣੀ ਦਾਦੀ ਦੀ ਜਗ੍ਹਾ 1947 ਦੇ ਉਸ ਦੌਰ ਵਿੱਚ ਹੁੰਦੀ, ਤਾਂ ਸ਼ਾਇਦ ਮੈਂ ਕਦੇ ਜ਼ਿੰਦਾ ਨਾ ਬਚਦੀ। ਮੈਂ ਆਪਣਾ ਮਾਨਸਿਕ ਸੰਤੁਲਨ ਗਵਾ ਦਿੰਦੀ।”
ਸ਼ੁਭਾ ਯਾਦ ਕਰਦੇ ਹਨ ਕਿ ਜਦੋਂ ਉਹ ਅਤੇ ਉਨ੍ਹਾਂ ਦੀ ਭੈਣ ਵੱਡੇ ਹੋ ਰਹੇ ਸਨ, ਤਾਂ ਦਾਦੀ ਅਕਸਰ ਬਿਨਾਂ ਕਿਸੇ ਪ੍ਰਸੰਗ ਦੇ ਉਨ੍ਹਾਂ ਨੂੰ ਟੋਕਦੀ ਸੀ, “ਦਾਦੀ ਸਾਨੂੰ ਕਹਿੰਦੀ ਹੁੰਦੀ ਸੀ ਕਿ ‘ਤੁਮ ਲੋਗ ਆਪਣਾ ਧਿਆਨ ਰੱਖਣਾ, ਦੁਨੀਆ ਅੱਛੀ ਨਹੀਂ ਹੈ’।”
ਸ਼ੁਭਾ ਮੁਤਾਬਕ, ਉਸ ਉਮਰ ਵਿੱਚ ਉਨ੍ਹਾਂ ਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਦਾਦੀ ਅਜਿਹਾ ਕਿਉਂ ਕਹਿ ਰਹੀ ਹੈ। ਪਰ ਅਸਲ ਵਿੱਚ, ਵਧਦੀ ਉਮਰ ਦੇ ਨਾਲ ਦਾਦੀ ਦੇ ਦਿਮਾਗ ਵਿੱਚ 1947 ਦੇ ਉਹ ਖ਼ੌਫ਼ਨਾਕ ਹਾਲਾਤ ਅਤੇ ਔਰਤਾਂ ‘ਤੇ ਹੋਏ ਅੱਤਿਆਚਾਰਾਂ ਦੀਆਂ ਯਾਦਾਂ ਮੁੜ ਤਾਜ਼ਾ ਹੋ ਜਾਂਦੀਆਂ ਸਨ, ਜੋ ਉਹਨਾਂ ਨੇ ਸਿਆਲਕੋਟ ਵਿੱਚ ਆਪਣੀਆਂ ਅੱਖਾਂ ਨਾਲ ਦੇਖੇ ਸਨ।

ਸ਼ੁਭਾ ਬੇਬਾਕੀ ਨਾਲ ਮੰਨਦੇ ਹਨ ਕਿ ਉਨ੍ਹਾਂ ਵਿੱਚ ਆਪਣੀ ਦਾਦੀ ਜਿੰਨੀ ਮਾਨਸਿਕ ਮਜ਼ਬੂਤੀ ਅਤੇ ਹਿੰਮਤ ਨਹੀਂ ਹੈ।
ਉਹ ਆਖਦੇ ਹਨ, “ਮੇਰੀ ਦਾਦੀ ਇੰਨਾ ਸਭ ਕੁਝ ਦੇਖਣ ਦੇ ਬਾਵਜੂਦ ਅੱਜ ਵੀ ਮਾਨਸਿਕ ਤੌਰ ‘ਤੇ ਬਿਲਕੁਲ ਸਥਿਰ ਹੈ। ਜੇ ਮੈਂ ਉੱਥੇ ਹੁੰਦੀ, ਤਾਂ ਸ਼ਾਇਦ ਆਪਣੇ ਬਚਾਅ ਲਈ ਲੋਕਾਂ ‘ਤੇ ਹਮਲਾ ਕਰ ਦਿੰਦੀ। ਮੈਂ ਉਸ ਸਥਿਤੀ ਦਾ ਸਾਹਮਣਾ ਕਦੇ ਨਾ ਕਰ ਪਾਉਂਦੀ।”
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਹਾਣੀਆਂ ਦੇ ਦਰਦ ਕਾਰਨ ਉਨ੍ਹਾਂ ਵਿੱਚ ਵੰਡ ‘ਤੇ ਬਣੀ ਫ਼ਿਲਮ ਦੇਖਣ ਜਾਣ ਦੀ ਵੀ ਹਿੰਮਤ ਨਹੀਂ ਸੀ, ਕਿਉਂਕਿ ਜਦੋਂ ਸੁਣ ਕੇ ਹੀ ਇੰਨੇ ਜਜ਼ਬਾਤੀ ਹੋ ਜਾਈਦਾ ਹੈ, ਤਾਂ ਜਿਨ੍ਹਾਂ ਨੇ ਹੰਢਾਇਆ ਉਹਨਾਂ ਦੇ ਦਰਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਸ਼ੁਭਾ ਲਈ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਇੰਨੀ ਹਿੰਸਾ ਅਤੇ ਉਜਾੜਾ ਦੇਖਣ ਦੇ ਬਾਵਜੂਦ, ਉਨ੍ਹਾਂ ਦੀ ਦਾਦੀ ਦੇ ਮਨ ਵਿੱਚ ਕਿਸੇ ਵੀ ਭਾਈਚਾਰੇ ਪ੍ਰਤੀ ਕੋਈ ਨਫ਼ਰਤ ਜਾਂ ਗੁੱਸਾ ਨਹੀਂ ਹੈ।
ਜਦੋਂ ਹਾਲ ਹੀ ਵਿੱਚ ਵੰਡ ‘ਤੇ ਕੰਮ ਕਰਨ ਵਾਲੇ ਕੁਝ ਫ਼ਿਲਮਸਾਜ਼ ਅਤੇ ਅਦਾਕਾਰ ਦਾਦੀ ਨੂੰ ਮਿਲਣ ਆਏ, ਤਾਂ ਦਾਦੀ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਮਿਲੀ ਅਤੇ ਭਾਵੁਕ ਹੋ ਗਈ। ਸ਼ੁਭਾ ਆਖਦੇ ਹਨ, “ਇਸ ਉਮਰ ਵਿੱਚ ਆ ਕੇ ਵੀ, ਸਭ ਕੁਝ ਹੰਢਾਉਣ ਦੇ ਬਾਅਦ ਵੀ, ਉਹਨਾਂ ਦੇ ਅੰਦਰ ਕੋਈ ਵੈਰ-ਭਾਵਨਾ ਨਹੀਂ ਹੈ, ਸਿਰਫ਼ ਪਿਆਰ ਹੀ ਪਿਆਰ ਹੈ, ਅਤੇ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ।

ਫ਼ਿਲਮ ‘ਮੈਂ ਵਾਪਸ ਆਊਂਗਾ’ ਦੇਖਣ ਮਗਰੋਂ ਕਮਲੇਸ਼ ਰਾਣੀ ਦੀ ਪ੍ਰਤੀਕਿਰਿਆ
ਤਸਵੀਰ ਸਰੋਤ, Brara family
ਕਮਲੇਸ਼ ਰਾਣੀ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਇਮਤਿਆਜ਼ ਅਲੀ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ ‘ਮੈਂ ਵਾਪਸ ਆਊਂਗਾ’ ਬਾਰੇ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।
ਫ਼ਿਲਮ ਦੀ ਸਕ੍ਰੀਨਿੰਗ ਦੌਰਾਨ ਉਨ੍ਹਾਂ ਦੀ ਮੁਲਾਕਾਤ ਫ਼ਿਲਮ ਦੇ ਨਿਰਮਾਤਾ ਇਮਤਿਆਜ਼ ਅਲੀ ਅਤੇ ਮੁੱਖ ਅਦਾਕਾਰ ਵੇਦਾਂਗ ਰੈਨਾ ਨਾਲ ਵੀ ਹੋਈ।
ਫ਼ਿਲਮ ਦੇ ਵਿਸ਼ੇ ਅਤੇ ਆਪਣੇ ਨਿੱਜੀ ਤਜ਼ਰਬੇ ਦੀ ਤੁਲਨਾ ਕਰਦਿਆਂ ਕਮਲੇਸ਼ ਰਾਣੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਰਦੇ ‘ਤੇ ਹਕੀਕਤ ਨੂੰ ਪੂਰੀ ਤਰ੍ਹਾਂ ਉਤਾਰਨਾ ਮੁਮਕਿਨ ਨਹੀਂ ਹੈ।
ਇਸ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ “ਅਸੀਂ ਜੋ ਹੰਢਾਇਆ ਹੈ, ਉਹ ਕੋਈ ਫ਼ਿਲਮ ਵਿੱਚ ਨਹੀਂ ਦਿਖਾ ਸਕਦਾ। ਫ਼ਿਲਮ ਤਾਂ ਠੀਕ ਹੈ, ਪਰ ਜੋ ਅਸੀਂ ਅਸਲ ਜ਼ਿੰਦਗੀ ਵਿੱਚ ਦੇਖਿਆ ਅਤੇ ਹੰਢਾਇਆ ਹੈ, ਉਹ ਕੋਈ ਚਾਹ ਕੇ ਵੀ ਫ਼ਿਲਮ ਵਿੱਚ ਨਹੀਂ ਦਰਸਾ ਸਕਦਾ। ਅੱਜ-ਕੱਲ੍ਹ ਦੀ ਪੀੜ੍ਹੀ ਇਹ ਨਹੀਂ ਸਮਝ ਸਕਦੀ ਕਿ ਅਸੀਂ ਕਿਸ ਦੌਰ ਵਿੱਚੋਂ ਲੰਘੇ ਹਾਂ ਅਤੇ ਕੀ ਕੁਝ ਸਿਹਾ ਹੈ। ਕੋਈ ਵੀ ਉਸ ਚੀਜ਼ ਨੂੰ ਨਹੀਂ ਸਮਝ ਸਕਦਾ ਜੋ ਸਾਡੇ ਅੰਦਰ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



