Source :- BBC PUNJABI
RALF HIRSCHBERGER / AFP via Getty Images
ਪੜ੍ਹਨ ਦਾ ਸਮਾਂ: 8 ਮਿੰਟ
ਇੱਕ ਵੀਡੀਓ ਗੇਮ ਜਿਸਦੀ ਉਡੀਕ ਸਿਰਫ਼ ਗੇਮਰਜ਼ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਕਈ ਲੋਕਾਂ ਨੇ ਬੇਸਬਰੀ ਨਾਲ ਕੀਤੀ। ਇਸਦੇ ਟ੍ਰੇਲਰ ਨੂੰ ਇੰਟਰਨੈਟ ਉੱਤੇ ਕਰੋੜਾਂ ਲੋਕਾਂ ਨੇ ਦੇਖਿਆ ਹੈ। ਅਸੀਂ ਗੱਲ ਕਰ ਰਹੇ ਹਾਂ ਗ੍ਰੈਂਡ ਥੈਫਟ ਆਟੋ, ਯਾਨੀ GTA 6 ਬਾਰੇ।
13 ਸਾਲਾਂ ਦੀ ਉਡੀਕ ਤੋਂ ਬਾਅਦ, ਰੌਕਸਟਾਰ ਗੇਮਜ਼ ਆਖਰਕਾਰ ਆਪਣੀ ਬਹੁਤ ਮਸ਼ਹੂਰ ਫ੍ਰੈਂਚਾਇਜ਼ੀ ਦਾ ਅਗਲਾ ਚੈਪਟਰ ਲੈ ਆਈ ਹੈ। ਰੌਕਸਟਾਰ ਗੇਮਜ਼ ਇੱਕ ਅਮਰੀਕੀ ਵੀਡੀਓ ਗੇਮ ਕੰਪਨੀ ਹੈ, ਜੋ ਗ੍ਰੈਂਡ ਥੈਫਟ ਆਟੋ ਅਤੇ ਰੈੱਡ ਡੈੱਡ ਰੀਡੈਂਪਸ਼ਨ ਵਰਗੀਆਂ ਗੇਮ ਸੀਰੀਜ਼ ਲਈ ਜਾਣੀ ਜਾਂਦੀ ਹੈ।
ਪਰ GTA 6 ਸਿਰਫ਼ ਇੱਕ ਨਵੀਂ ਗੇਮ ਦੀ ਰਿਲੀਜ਼ ਨਹੀਂ ਹੈ। ਇਸਦੇ ਪਿੱਛੇ ਅਰਬਾਂ ਡਾਲਰ ਦਾ ਕਾਰੋਬਾਰ, ਗੇਮਿੰਗ ਇੰਡਸਟ੍ਰੀ ਦੀ ਬਦਲਦੀ ਤਸਵੀਰ, ਅਤੇ ਲੱਖਾਂ ਲੋਕਾਂ ਦੀਆਂ ਉਮੀਦਾਂ ਹਨ।
ਪਰ GTA 6 ਨੂੰ ਗੇਮਿੰਗ ਇਤਿਹਾਸ ਵਿੱਚ ਸਭ ਤੋਂ ਵੱਡੀਆਂ ਰਿਲੀਜ਼ਾਂ ਵਿੱਚੋਂ ਇੱਕ ਕਿਉਂ ਮੰਨਿਆ ਜਾ ਰਿਹਾ ਹੈ?
ਇਸ ਗੇਮ ਵਿੱਚ ਅਜਿਹਾ ਕੀ ਹੈ ਕਿ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪੂਰੀ ਦੁਨੀਆ ਵਿੱਚ ਇਸ ਦੀ ਖ਼ੂਬ ਚਰਚਾ ਹੋਈ? ਕੀ ਇਹ ਸਿਰਫ਼ ਇੱਕ ਵੀਡੀਓ ਗੇਮ ਹੈ ਜਾਂ ਇੱਕ ਅਜਿਹਾ ਅਨੁਭਵ ਜੋ ਗੇਮਿੰਗ ਦੁਨੀਆ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ?
19 ਨਵੰਬਰ ਰਾਤ 12 ਵਜੇ ਭਾਰਤ ਵਿੱਚ ਵੀ ਇਹ ਰਿਲੀਜ਼ ਹੋ ਗਈ ਹੈ। ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇਹ ਰਿਲੀਜ਼ ਹੋ ਚੁੱਕੀ ਹੈ। ਇਸ ਦਾ ਕ੍ਰੇਜ਼ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਕਈ ਲੋਕ ਇਸ ਦੇ ਲਈ ਛੁੱਟੀਆਂ ਲੈ ਰਹੇ ਹਨ।
ਤਾਂ ਚਲੋ ਜਾਣਦੇ ਹਾਂ GTA 6 ਦੀ ਪੂਰੀ ਕਹਾਣੀ।
GTA 6 ਕਿਸ ਬਾਰੇ ਹੈ ਅਤੇ ਇਸਦੇ ਮੁੱਖ ਕਿਰਦਾਰ ਕੌਣ ਹਨ?
Jakub Porzycki/NurPhoto via Getty Images
ਇਸਦੀ ਕਹਾਣੀ ‘ਬੌਨੀ ਅਤੇ ਕਲਾਈਡ’ ਵਰਗੇ ਕਿਰਦਾਰਾਂ ‘ਤੇ ਆਧਾਰਿਤ ਹੈ। ਇਹ ਜੋੜਾ ਅਮਰੀਕਾ ਦੇ ਅਪਰਾਧਿਕ ਜਗਤ ਵਿੱਚ ਉਦੋਂ ਫਸ ਜਾਂਦਾ ਹੈ ਜਦੋਂ ਇੱਕ “ਆਸਾਨੀ ਨਾਲ ਪੈਸੇ ਕਮਾਉਣ ਦੀ ਯੋਜਨਾ” ਗਲਤ ਹੋ ਜਾਂਦੀ ਹੈ।
ਪਿਛਲੀਆਂ GTA ਗੇਮਾਂ ਵਾਂਗ, ਇਹ ਛੇਵਾਂ ਚੈਪਟਰ ਵੀ ਅਮਰੀਕਾ ਦੇ ਇੱਕ ਕਾਲਪਨਿਕ ਸੂਬੇ ਵਿੱਚ ਸਥਿਤ ਹੈ – ਇਸ ਵਾਰ ਇਹ ‘ਲੀਓਨੀਡਾ’ ਹੈ, ਜੋ ਕਿ ‘ਰੌਕਸਟਾਰ’ ਦੁਆਰਾ ਤਿਆਰ ਕੀਤਾ ਗਿਆ ਫਲੋਰੀਡਾ ਦਾ ਇੱਕ ਰੂਪ ਹੈ।
ਪੁਰਾਣੀਆਂ ਗੇਮਾਂ ਦੇ ਪ੍ਰਸ਼ੰਸਕਾਂ ਲਈ ਇਹ ਗੱਲ ਵੀ ਖ਼ਾਸ ਹੈ ਕਿ ‘ਵਾਈਸ ਸਿਟੀ’ – ਜੋ ਕਿ ਅਮਰੀਕੀ ਸ਼ਹਿਰ ਮਿਆਮੀ ਤੋਂ ਪ੍ਰੇਰਿਤ ਹੈ – ਦੀ ਵਾਪਸੀ ਹੋ ਰਹੀ ਹੈ, ਅਤੇ ਇਹ ਇਸ ਸੂਬੇ ਦੇ ਮੁੱਖ ਸ਼ਹਿਰ ਵਜੋਂ ਦਿਖਾਈ ਦੇਵੇਗੀ।
18 ਜੂਨ ਨੂੰ ‘ਰੌਕਸਟਾਰ’ ਦੁਆਰਾ ਜਾਰੀ ਕੀਤੀ ਗਈ GTA 6 ਦੀ ਕਵਰ ਆਰਟ ਵਿੱਚ ਐਲੀਗੇਟਰ (ਮਗਰਮੱਛ ਵਰਗੇ ਜੀਵ) ਅਤੇ ਫਲੇਮਿੰਗੋ (ਇੱਕ ਕਿਸਮ ਦੇ ਪੰਛੀ) ਦਿਖਾਏ ਗਏ।
‘ਰੌਕਸਟਾਰ’ ਨੂੰ GTA 6 ਬਣਾਉਣ ਵਿੱਚ ਕਿੰਨਾ ਸਮਾਂ ਲੱਗਿਆ ਹੈ?
Emanuele Cremaschi/Getty Images
ਇਹ ਕੋਈ ਲੁਕੀ ਹੋਈ ਗੱਲ ਨਹੀਂ ਹੈ ਕਿ GTA 6 ਨੂੰ ਬਣਨ ਵਿੱਚ ਕਈ ਸਾਲ ਲੱਗ ਗਏ ਹਨ।
ਇਸ ਸਿਰੀਜ਼ ਦੀ ਪਿਛਲੀ ਗੇਮ, GTA 5, ਸਤੰਬਰ 2013 ਵਿੱਚ ਰਿਲੀਜ਼ ਹੋਈ ਸੀ – ਅਤੇ ਜਲਦੀ ਹੀ ਇਹ ਹੁਣ ਤੱਕ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਗੇਮਾਂ ਵਿੱਚੋਂ ਇੱਕ ਬਣ ਗਈ।
ਹਾਲਾਂਕਿ, ਇਹ ਸਪਸ਼ਟ ਨਹੀਂ ਹੈ ਕਿ ਕੀ ‘ਰੌਕਸਟਾਰ’ ਪੂਰੇ ਸਮੇਂ ਦੌਰਾਨ ਇਸ ਛੇਵੀਂ ਗੇਮ ‘ਤੇ ਹੀ ਕੰਮ ਕਰ ਰਿਹਾ ਸੀ, ਕਿਉਂਕਿ 2018 ਵਿੱਚ ਉਨ੍ਹਾਂ ਨੇ ਇੱਕ ਹੋਰ ਵੱਡੀ ਗੇਮ – ‘ਰੈੱਡ ਡੈੱਡ ਰੀਡੈਂਪਸ਼ਨ 2’ (Red Dead Redemption 2) – ਵੀ ਰਿਲੀਜ਼ ਕੀਤੀ ਸੀ।
‘ਰੌਕਸਟਾਰ’ ਨੇ ਫਰਵਰੀ 2022 ਵਿੱਚ ਪਹਿਲੀ ਵਾਰ ਪੁਸ਼ਟੀ ਕੀਤੀ ਸੀ ਕਿ ਉਹ ਇਸ ਸੀਰੀਜ਼ ਦੀ ਛੇਵੀਂ ਗੇਮ ‘ਤੇ ਕੰਮ ਕਰ ਰਹੇ ਹਨ।
ਗੇਮ ਵਿਕਸਿਤ ਕਰਨ ਦੀ ਵਧਦੀ ਲਾਗਤ ਅਤੇ ਇਸ ਸੀਰੀਜ਼ ਨੂੰ ਲੈ ਕੇ ਲੋਕਾਂ ਵਿੱਚ ਬਣੀ ਭਾਰੀ ਉਮੀਦ ‘ਤੇ ਖਰਾ ਉਤਰਨ ਦਾ ਦਬਾਅ – ਇਹ ਕੁਝ ਅਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਗੇਮਰਜ਼ (ਗੇਮ ਖੇਡਣ ਦੇ ਸ਼ੌਕੀਨਾਂ) ਨੂੰ ਇਸ ਗੇਮ ਦੇ ਰਿਲੀਜ਼ ਹੋਣ ਲਈ ਇੰਨਾ ਲੰਬਾ ਇੰਤਜ਼ਾਰ ਕਰਨਾ ਪਿਆ।
ਭਾਰਤ ਵਿੱਚ GTA 6 ਕਦੋਂ ਅਤੇ ਕਿਵੇਂ ਖੇਡ ਸਕਦੇ ਹਾਂ?
RALF HIRSCHBERGER / AFP via Getty Images
GTA 6 ਦੀ ਸ਼ੁਰੂਆਤ ਭਾਰਤ ਵਿੱਚ 19 ਨਵੰਬਰ ਨੂੰ ਰਾਤ 12 ਵਜੇ ਤੋਂ ਹੋ ਗਈ ਹੈ । ਰੌਕਸਟਾਰ ਦੇ ਮੁਤਾਬਕ, ਇਹ ਗੇਮ ਹਰ ਦੇਸ਼ ਵਿੱਚ ਉਸ ਦੇ ਸਥਾਨਕ ਸਮੇਂ ਅਨੁਸਾਰ ਸ਼ੁਰੂ ਕੀਤੀ ਗਈ ਹੈ।
ਬੀਬੀਸੀ ਹਿੰਦੀ ਲਈ ਦੁਸ਼ਅੰਤ ਕੁਮਾਰ ਵੱਲੋਂ ਲਿਖੀ ਗਈ ਰਿਪੋਰਟ ਦੇ ਮੁਤਾਬਕ, ਪਲੇਅਸਟੇਸ਼ਨ 5 ਅਤੇ ਐਕਸਬਾਕਸ (Xbox) ਸੀਰੀਜ਼ X ਜਾਂ S ਗੇਮਿੰਗ ਕੰਸੋਲ ਹਨ। ਇਹ ਵੀਡੀਓ ਗੇਮਜ਼ ਖੇਡਣ ਲਈ ਤਿਆਰ ਕੀਤੇ ਗਏ ਵੱਖਰੇ ਡਿਵਾਈਸ ਹਨ, ਜਿਸ ਨੂੰ ਇੱਕ ਟੀਵੀ ਜਾਂ ਮਾਨੀਟਰ ਨਾਲ ਜੋੜ ਕੇ ਹੱਥਾਂ ਵਿੱਚ ਫੜੇ ਇੱਕ ਕੰਟਰੋਲਰ ਨਾਲ ਖੇਡਿਆ ਜਾਂਦਾ ਹੈ। GTA 6 ਖੇਡਣ ਲਈ ਇਨ੍ਹਾਂ ਵਿੱਚੋਂ ਇੱਕ ਕੰਸੋਲ ਦੀ ਲੋੜ ਹੁੰਦੀ ਹੈ।
ਭਾਰਤ ਵਿੱਚ ਪਲੇਅਸਟੇਸ਼ਨ ਅਤੇ ਐਕਸਬਾਕਸ ਸਟੋਰਾਂ ‘ਤੇ, ਗੇਮ ਦੇ ਸਟੈਂਡਰਡ ਐਡੀਸ਼ਨ ਦੀ ਕੀਮਤ ₹5,999 ਹੈ, ਅਤੇ ਅਲਟੀਮੇਟ ਐਡੀਸ਼ਨ ਦੀ ਕੀਮਤ ₹7,499 ਹੈ।
ਸਟੈਂਡਰਡ ਐਡੀਸ਼ਨ ਵਿੱਚ ਪੂਰੀ ਮੁੱਖ ਕਹਾਣੀ ਮਿਲਦੀ ਹੈ। ਅਲਟੀਮੇਟ ਐਡੀਸ਼ਨ ਵਿੱਚ ਹੋਰ ਵਾਹਨ, ਹਥਿਆਰ, ਕੱਪੜੇ ਅਤੇ ਹੋਰ ਦੂਜੀਆਂ ਡਿਜੀਟਲ ਚੀਜ਼ਾਂ ਸ਼ਾਮਲ ਹਨ। ਜੇਕਰ ਤੁਸੀਂ ਸਿਰਫ਼ ਕਹਾਣੀ ਖੇਡਣਾ ਚਾਹੁੰਦੇ ਹੋ, ਤਾਂ ਸਟੈਂਡਰਡ ਐਡੀਸ਼ਨ ਕਾਫ਼ੀ ਹੈ।
ਜੇਕਰ ਤੁਹਾਡੇ ਕੋਲ GTA 6 ਚਲਾਉਣ ਵਾਲਾ ਕੰਸੋਲ ਨਹੀਂ ਹੈ, ਤਾਂ ਉਸ ਨੂੰ ਖਰੀਦਣ ਦੀ ਲੋੜ ਹੋਵੇਗੀ। ਉਦਾਹਰਨ ਲਈ, ਪਲੇਅਸਟੇਸ਼ਨ 5 ਡਿਜੀਟਲ ਐਡੀਸ਼ਨ ਦੀ ਕੀਮਤ ₹64,990 ਹੈ। ਇਸ ਵਿੱਚ ਗੇਮ ਦੀ ₹5,999 ਦੀ ਕੀਮਤ ਜੋੜਨ ‘ਤੇ ਕੁੱਲ ₹70,989 ਬਣਦਾ ਹੈ। ਇਸ ਵਿੱਚ ਟੀਵੀ ਜਾਂ ਮਾਨੀਟਰ ਅਤੇ ਇੰਟਰਨੈੱਟ ਦੀ ਕੀਮਤ ਸ਼ਾਮਲ ਨਹੀਂ ਹੈ।
ਗੇਮ ਨੂੰ ਡਾਊਨਲੋਡ ਕਰਨ ਲਈ ਕੰਸੋਲ ਦੇ ਹਿਸਾਬ ਨਾਲ 212 ਜੀਬੀ ਤੱਕ ਖਾਲੀ ਸਪੇਸ ਦੀ ਲੋੜ ਹੁੰਦੀ ਹੈ। ਇਹ ਗੇਮ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ। ਇਸ ਵਿੱਚ ਹਿੰਸਾ, ਨਸ਼ਿਆਂ, ਸੈਕਸ ਅਤੇ ਨਗਨਤਾ ਨਾਲ ਸਬੰਧਤ ਸਮੱਗਰੀ ਲਈ ਚੇਤਾਵਨੀ ਵੀ ਹੈ।
ਹਾਲਾਂਕਿ, ਹਿੰਦੀ ਨੂੰ ਮੌਜੂਦਾ ਸਮੇਂ ਵਿੱਚ ਜਾਰੀ ਕੀਤੀ ਗਈ ਭਾਸ਼ਾ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
GTA 6 ਦੇ ਪਹਿਲੇ ਅਧਿਕਾਰਤ ਟ੍ਰੇਲਰ ਨੂੰ ਦਸੰਬਰ 2023 ਵਿੱਚ ਪਹਿਲੇ 24 ਘੰਟਿਆਂ ਦੇ ਅੰਦਰ ਯੂਟਿਊਬ ‘ਤੇ 93 ਮਿਲੀਅਨ ਤੋਂ ਵੱਧ ਵਿਊਜ਼ ਮਿਲੇ। ਦੂਜੇ ਟ੍ਰੇਲਰ ਨੂੰ, ਜੋ ਕਿ ਮਈ 2025 ਵਿੱਚ ਰਿਲੀਜ਼ ਹੋਇਆ ਸੀ, ਨੂੰ ਇਸਦੇ ਪਹਿਲੇ 24 ਘੰਟਿਆਂ ਵਿੱਚ ਵੱਖ-ਵੱਖ ਪਲੇਟਫਾਰਮਾਂ ‘ਤੇ 475 ਮਿਲੀਅਨ ਤੋਂ ਵੱਧ ਵਿਊਜ਼ ਮਿਲੇ।
ਫਿਰ ਇਸ ਦਾ ਫਾਈਨਲ ਪ੍ਰੀਮੀਅਰ 27 ਅਗਸਤ, 2026 ਨੂੰ ਨੈਟਫਲਿਕਸ ‘ਤੇ ਹੋਇਆ ਸੀ। ਐਂਪੀਅਰ ਐਨਾਲਿਸਿਸ ਦੀ 10 ਸਤੰਬਰ ਨੂੰ ਪਬਲਿਸ਼ ਹੋਈ ਇੱਕ ਰਿਪੋਰਟ ਦਾ ਅਨੁਮਾਨ ਹੈ ਕਿ ਇਸ ਕਾਰਨ ਉਸ ਦਿਨ ਅਮਰੀਕਾ ਵਿੱਚ 1 ਲੱਖ ਤੋਂ ਵੱਧ ਲੋਕਾਂ ਨੇ ਨੈਟਫਲਿਕਸ ਲਈ ਸਾਈਨ ਅੱਪ ਕੀਤਾ।
ਇੱਕ ਹੋਰ ਗੇਮਿੰਗ ਮਾਰਕੀਟ ਟਰੈਕਰ, ਨਿਊਜ਼ੂ (Newzoo), ਦਾ ਅੰਦਾਜ਼ਾ ਹੈ ਕਿ GTA 6 ਆਪਣੀ ਰਿਲੀਜ਼ ਦੇ ਪਹਿਲੇ ਹਫ਼ਤੇ ਵਿੱਚ 3.25 ਬਿਲੀਅਨ ਡਾਲਰ ਅਤੇ 5.2 ਬਿਲੀਅਨ ਡਾਲਰ ਦੇ ਵਿਚਕਾਰ ਵਿਕਰੀ ਕਰ ਸਕਦਾ ਹੈ।
GTA ਦੇ ਇਸ ਸਫਰ ਦੀ ਸ਼ੁਰੂਆਤ ਕਿੱਥੋਂ ਹੋਈ?
Rockstar
GTA ਦੀ ਸ਼ੁਰੂਆਤ ਸਾਲ 1997 ਵਿੱਚ ਹੋਈ ਸੀ। ਪਹਿਲੀ ਗੇਮ ਅੱਜ ਦੇ GTA ਤੋਂ ਬਿਲਕੁਲ ਵੱਖਰੀ ਦਿਖਾਈ ਦਿੰਦੀ ਸੀ। ਪਿਕਸਲ ਵਾਂਗ ਦਿਖਾਈ ਦਿੰਦੀ ਇਸ ਦੁਨੀਆ ਵਿੱਚ ਖਿਡਾਰੀ ਕਾਰਾਂ ਦੀ ਚੋਰੀ ਕਰਦੇ ਸਨ ਅਤੇ ਇੱਕ ਅਪਰਾਧਿਕ ਗਿਰੋਹਾਂ ਲਈ ਕੰਮ ਕਰਦੇ ਸਨ। ਸਮੇਂ ਦੇ ਨਾਲ, ਗੇਮ ਦੀ ਤਸਵੀਰ, ਕਹਾਣੀ ਅਤੇ ਦੁਨੀਆ ਹੋਰ ਵੀ ਡੂੰਘੀ ਹੁੰਦੀ ਗਈ।
ਇਸ ਸਿਰੀਜ਼ ਦੀਆਂ ਜੜ੍ਹਾਂ ਅਮਰੀਕਾ ਵਿੱਚ ਨਹੀਂ ਸਨ, ਸਗੋਂ ਸਕਾਟਲੈਂਡ ਦੇ ਡੰਡੀ ਸ਼ਹਿਰ ਦੇ ਇੱਕ ਛੋਟੇ ਗੇਮ ਸਟੂਡੀਓ ਵਿੱਚ ਸਨ। ਬੀਬੀਸੀ ਦੇ ਦਿ ਗਲੋਬਲ ਸਟੋਰੀ ਪ੍ਰੋਗਰਾਮ ਨੇ 13 ਨਵੰਬਰ, 2026 ਨੂੰ GTA ਦੇ ਇਸ ਸਫ਼ਰ ‘ਤੇ ਇੱਕ ਪ੍ਰੋਗਰਾਮ ਜਾਰੀ ਕੀਤਾ ਸੀ।
ਬਾਅਦ ਦੀਆਂ ਗੇਮਜ਼ ਵਿੱਚ ਲਿਬਰਟੀ ਸਿਟੀ, ਵਾਈਸ ਸਿਟੀ ਅਤੇ ਲਾਸ ਸੈਂਟੋਸ ਵਰਗੇ ਕਾਲਪਨਿਕ ਅਮਰੀਕੀ ਸ਼ਹਿਰਾਂ ਦੀ ਵੱਡੀ ਦੁਨੀਆ ਬਣਾ ਦਿੱਤੀ ਗਈ। ਸਤੰਬਰ 2013 ਵਿੱਚ ਰਿਲੀਜ਼ ਹੋਇਆ GTA 5, ਲਾਸ ਐਂਜਲਸ ਤੋਂ ਪ੍ਰੇਰਿਤ ਸੀ।
ਇਸ ਵਿੱਚ ਤਿੰਨ ਮੁੱਖ ਪਾਤਰ ਸਨ: ਮਾਈਕਲ, ਫਰੈਂਕਲਿਨ ਅਤੇ ਟ੍ਰੇਵਰ।
ਇਸ ਤੋਂ ਬਾਅਦ, GTA ਸਿਰੀਜ਼ ਦੀ ਕੋਈ ਨਵੀਂ ਗੇਮ ਰਿਲੀਜ਼ ਨਹੀਂ ਹੋਈ। ਇਸ ਲਈ, GTA 6 ਦਾ ਇੰਤਜ਼ਾਰ ਸਾਲ ਦਰ ਸਾਲ ਵਧਦਾ ਹੀ ਗਿਆ।
ਗੇਮ ਬਣਾਉਣ ਵਾਲੀ ਕੰਪਨੀ ਰੌਕਸਟਾਰ ਨੇ ਪਹਿਲੀ ਵਾਰ 4 ਫਰਵਰੀ, 2022 ਨੂੰ ਜਨਤਕ ਤੌਰ ‘ਤੇ ਐਲਾਨ ਕੀਤਾ ਸੀ ਕਿ ਇੱਕ ਨਵੇਂ GTA ‘ਤੇ ਕੰਮ ਚੱਲ ਰਿਹਾ ਹੈ ਅਤੇ ਇਹ ਗੇਮ ਕਾਫੀ ਅੱਗੇ ਪਹੁੰਚ ਚੁੱਕੀ ਹੈ।
ਹਾਲਾਂਕਿ, ਕੰਪਨੀ ਨੇ ਇਹ ਖੁਲਾਸਾ ਨਹੀਂ ਕੀਤਾ ਕਿ ਗੇਮ ਉੱਤੇ ਕੰਮ ਕਰਨਾ ਕਦੋਂ ਸ਼ੁਰੂ ਕੀਤਾ ਗਿਆ ਸੀ।
ਇਸ ਦੌਰਾਨ, ਰੌਕਸਟਾਰ ਨੇ 2018 ਵਿੱਚ ਇੱਕ ਓਪਨ-ਵਰਲਡ ਗੇਮ, ਰੈੱਡ ਡੈੱਡ ਰੀਡੈਂਪਸ਼ਨ 2 ਵੀ ਜਾਰੀ ਕੀਤੀ ਸੀ। ਕੰਪਨੀ ਦੀਆਂ ਗੇਮਾਂ ਵਿੱਚ ਵੱਡੀ ਦੁਨੀਆ, ਬਹੁਤ ਸਾਰੇ ਕਿਰਦਾਰ, ਅਤੇ ਛੋਟੀਆਂ ਥਾਵਾਂ ਦੇ ਬਾਰੀਕ ਵੇਰਵੇ ਸ਼ਾਮਲ ਹਨ। ਇਨ੍ਹਾਂ ਗੇਮਾਂ ਨੂੰ ਤਿਆਰ ਹੋਣ ਵਿੱਚ ਕਈ ਸਾਲ ਲੱਗਦੇ ਹਨ।
GTA ਔਨਲਾਈਨ, ਜੋ ਇਸਦੇ ਨਾਲ ਆਇਆ ਸੀ, ਚੱਲਦਾ ਰਿਹਾ। ਲੋਕ ਇੰਟਰਨੈੱਟ ਰਾਹੀਂ ਦੋਸਤਾਂ ਅਤੇ ਹੋਰ ਖਿਡਾਰੀਆਂ ਨਾਲ ਖੇਡ ਸਕਦੇ ਹਨ। ਰੌਕਸਟਾਰ ਨੇ ਨਵੇਂ ਮਿਸ਼ਨ, ਵਾਹਨ, ਕਾਰੋਬਾਰ ਅਤੇ ਹੋਰ ਚੀਜ਼ਾਂ ਨੂੰ ਇਸ ਵਿੱਚ ਜੋੜਨਾ ਜਾਰੀ ਰੱਖਿਆ।
ਮਾਪਿਆਂ ਨੂੰ ਬੱਚਿਆਂ ‘ਤੇ ‘GTA 6’ ਦੇ ਪ੍ਰਭਾਵ ਬਾਰੇ ਪੁਲਿਸ ਦੀ ਚੇਤਾਵਨੀ

ਗਰਨਸੀ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਬਾਲਗ ਆਪਣੇ ਬੱਚਿਆਂ ਨਾਲ ਇਹ ਗੇਮ ਖੇਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਉਹ “ਪੁਰਾਣੀਆਂ ਯਾਦਾਂ ਵਿੱਚ ਗੁਆਚ ਨਾ ਜਾਣ”। ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਨਵੀਂ ਗੇਮ “ਪਹਿਲਾਂ ਨਾਲੋਂ ਕਿਤੇ ਵੱਡੀ ਅਤੇ ਕਿਤੇ ਜ਼ਿਆਦਾ ਅਸਲੀਅਤ ਦੇ ਨੇੜੇ” ਹੈ।
ਗਰਨਸੀ ਪੁਲਿਸ ਦੇ ਡਿਜੀਟਲ ਸੁਰੱਖਿਆ ਮੁਖੀ, ਲੌਰਾ ਸਿੰਪਸਨ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਗੇਮ ਵਿੱਚ ਰਿਸ਼ਤਿਆਂ ਵਰਗੇ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ, ਉਹ ਬੱਚਿਆਂ ਲਈ “ਨੁਕਸਾਨਦੇਹ” ਹੋ ਸਕਦਾ ਹੈ।
ਸਿੰਪਸਨ ਨੇ ਕਿਹਾ, “ਇਸ ਵਿੱਚ ਬਹੁਤ ਜ਼ਿਆਦਾ ਖੂਨ-ਖਰਾਬਾ ਅਤੇ ਹਿੰਸਾ ਹੈ, ਨਾਲ ਹੀ ਸਿਰ ਧੜ ਤੋਂ ਵੱਖ ਕਰਨ ਵਰਗੀਆਂ ਘਟਨਾਵਾਂ ਅਤੇ ਗੈਰ-ਸਿਹਤਮੰਦ ਰਿਸ਼ਤੇ ਵੀ ਦਿਖਾਏ ਗਏ ਹਨ।”
“ਅਜਿਹੀਆਂ ਚੀਜ਼ਾਂ ਦੇਖ ਕੇ ਲੋਕ ਸ਼ਾਇਦ ਸਹਿਜ ਹੋ ਜਾਣ, ਪਰ ਇਨ੍ਹਾਂ ਵਿੱਚੋਂ ਕੁਝ ਦ੍ਰਿਸ਼ ਸਭ ਤੋਂ ਵੱਧ ਨੁਕਸਾਨਦੇਹ ਹੋ ਸਕਦੇ ਹਨ।”
ਉਨ੍ਹਾਂ ਕਿਹਾ, “ਜੇਕਰ ਬੱਚੇ [GTA 6] ਤੋਂ ਇਹ ਸਿੱਖ ਰਹੇ ਹਨ ਕਿ ਇੱਕ ਰਿਸ਼ਤਾ ਕਿਹੋ ਜਿਹਾ ਹੋ ਸਕਦਾ ਹੈ, ਤਾਂ ਇਨ੍ਹਾਂ ਵਿੱਚੋਂ ਕੁਝ ਵਿਚਾਰ ਉਨ੍ਹਾਂ ਦੇ ਭਵਿੱਖ ਦੇ ਰਿਸ਼ਤਿਆਂ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੇ ਹਨ।”
ਇਸ ਗੇਮ ਨੂੰ ’18-ਪਲੱਸ’ (ਸਿਰਫ਼ ਬਾਲਗਾਂ ਲਈ) ਦਰਜਾ ਦਿੱਤਾ ਗਿਆ ਹੈ।
ਪਰ ਸਿੰਪਸਨ ਨੇ ਕਿਹਾ, “ਜਿਹੜੀ ਚੀਜ਼ ਇੱਕ ਬੱਚੇ ਲਈ ਮਹਿਜ਼ ਇੱਕ ਮਾਮੂਲੀ ਸੱਟ ਵਰਗੀ ਹੋ ਸਕਦੀ ਹੈ, ਉਹੀ ਚੀਜ਼ ਦੂਜੇ ਬੱਚੇ ਲਈ ਉਮਰ ਭਰ ਦਾ ਸਦਮਾ ਬਣ ਸਕਦੀ ਹੈ, ਅਤੇ ਸਾਨੂੰ ਇਸ ਬਾਰੇ ਪਤਾ ਨਹੀਂ ਹੁੰਦਾ।”
“ਜਿਹੜੇ ਲੋਕ ਇਨ੍ਹਾਂ ਗੱਲਾਂ ਨੂੰ ਸਮਝਦੇ ਹਨ, ਉਹ ਅਕਸਰ ਮਾਪੇ ਹੀ ਹੁੰਦੇ ਹਨ, ਅਤੇ ਉਹ ਆਪਣੇ ਬੱਚਿਆਂ ਨੂੰ ਕਿਸੇ ਵੀ ਹੋਰ ਵਿਅਕਤੀ ਨਾਲੋਂ ਬਿਹਤਰ ਜਾਣਦੇ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




