Home rss national punjabi2ਰਾਸ਼ਟਰੀ ਖ਼ਬਰਾਂ ਜੀਵਨ ਸਾਥੀ ਦੀ ਭਾਲ ਕਰਦੇ ਮਰਦ ਵਿਆਹ ਦੇ ਨਾਮ ‘ਤੇ ਹੋਏ ਅਜਿਹੇ...

ਜੀਵਨ ਸਾਥੀ ਦੀ ਭਾਲ ਕਰਦੇ ਮਰਦ ਵਿਆਹ ਦੇ ਨਾਮ ‘ਤੇ ਹੋਏ ਅਜਿਹੇ ਧੋਖੇ ਦਾ ਸ਼ਿਕਾਰ, ਜਿਸ ਨੇ ਜ਼ਿੰਦਗੀ ਹੀ ਬਦਲ ਦਿੱਤੀ

3
0

Source :- BBC PUNJABI

ਵਾਂਗ ਆਪਣੀ ਸਾਬਕਾ ਪਤਨੀ ਨਾਲ

37 ਸਾਲ ਦੀ ਉਮਰ ਵਿੱਚ ਵਾਂਗ ਝੁਆਂਗ ਨੇ ਜੀਵਨ ਸਾਥੀ ਮਿਲਣ ਦੀ ਉਮੀਦ ਲਗਭਗ ਛੱਡ ਦਿੱਤੀ ਸੀ। ਪਰ ਫਿਰ ਉਸ ਦੀ ਨਜ਼ਰ ਵਿਆਹ ਲਈ ਰਿਸ਼ਤੇ ਕਰਵਾਉਣ ਵਾਲੇ ਇਨ੍ਹਾਂ ਚਮਕਦਾਰ ਇਸ਼ਤਿਹਾਰਾਂ ‘ਤੇ ਪਈ।

ਉਨ੍ਹਾਂ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਅਜਿਹੇ ਰਿਸ਼ਤੇ ਨੂੰ ਬਣਾਉਣ ਵਿੱਚ ਸਾਲ ਬਰਬਾਦ ਨਹੀਂ ਕਰਨੇ ਪੈਣਗੇ, ਜਿਸ ਦਾ ਕੋਈ ਭਵਿੱਖ ਨਹੀਂ ਸੀ। ਉਨ੍ਹਾਂ ਨੇ ਉਨ੍ਹਾਂ ਦੀ ਮੁਲਾਕਾਤ ਇੱਕ ਸ਼ਰਮੀਲੀ ਅਤੇ ਸਮਰਪਿਤ ਔਰਤ ਨਾਲ ਕਰਵਾਉਣ ਦੀ ਪੇਸ਼ਕਸ਼ ਕੀਤੀ।

ਵਾਂਗ ਕਹਿੰਦੇ ਹਨ, “ਮੈਚਮੇਕਰਾਂ ਨੇ ਕਿਹਾ ਕਿ ਗੁਇਜ਼ੌ ਦੀਆਂ ਕੁੜੀਆਂ ਸਮਝਦਾਰ ਹੁੰਦੀਆਂ ਹਨ। ਉਹ ਘਰ ਚਲਾਉਣ ਵਿੱਚ ਚੰਗੀਆਂ ਹੁੰਦੀਆਂ ਹਨ, ਘਰ ਦਾ ਕੰਮ ਕਰਨ ਦੇ ਸਮਰੱਥ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਪਰਿਵਾਰ ਬਹੁਤ ਗਰੀਬ ਹੁੰਦੇ ਹਨ, ਇਸ ਲਈ ਤੁਹਾਡੇ ਪਰਿਵਾਰ ਵਿੱਚ ਵਿਆਹ ਤੋਂ ਬਾਅਦ ਉਹ ਘਰ ਵਸਾ ਕੇ ਤੁਹਾਡੇ ਨਾਲ ਜ਼ਿੰਦਗੀ ਬਿਤਾਉਣਗੀਆਂ।”

ਇਸ ਲਈ ਵਾਂਗ ਆਪਣੀ ਜੀਵਨ ਸਾਥਣ ਲੱਭਣ ਦੀ ਉਮੀਦ ਵਿੱਚ ਦੱਖਣ-ਪੱਛਮੀ ਸੂਬੇ ਗੁਇਜ਼ੌ ਦੇ ਇੱਕ ਸ਼ਹਿਰ ਗੁਈਯਾਂਗ ਗਏ।

ਜਿੱਥੇ ਉਨ੍ਹਾਂ ਦੀ ਮੁਲਾਕਾਤ ਇੱਕ ਅਜਿਹੀ ਔਰਤ ਨਾਲ ਕਰਵਾਈ ਗਈ ਜੋ ਹਰ ਪੱਖੋਂ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੀ ਉਤਰਦੀ ਦਿਖਾਈ ਦਿੱਤੀ ਤਾਂ ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਆਪਣੀ ਜੀਵਨ ਸਾਥਣ ਮਿਲ ਗਈ ਹੈ। ਵਿਆਹ ਤੋਂ ਪਹਿਲਾਂ ਉਹ ਸਿਰਫ਼ ਕੁਝ ਵਾਰ ਹੀ ਮਿਲੇ ਸਨ।

ਫਿਰ, ਜਿੰਨੀ ਤੇਜ਼ੀ ਨਾਲ ਉਨ੍ਹਾਂ ਦੀ ਨਵੀਂ ਜ਼ਿੰਦਗੀ ਸ਼ੁਰੂ ਹੋਈ ਸੀ, ਲਗਭਗ ਉੱਨੀ ਹੀ ਤੇਜ਼ੀ ਨਾਲ ਉਹ ਖ਼ਤਮ ਵੀ ਹੋ ਗਈ।

ਉਹ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ, “ਮੇਰਾ ਪੂਰਾ ਪਰਿਵਾਰ ਹਫੜਾ-ਦਫੜੀ ਵਿੱਚ ਪੈ ਗਿਆ ਹੈ।”

‘ਤਿੰਨ ਵਿਆਹ ਪਹਿਲਾਂ ਹੋ ਚੁੱਕੇ ਸਨ’

ਕੁੜੀ

ਤਸਵੀਰ ਸਰੋਤ, Getty Images

ਆਪਣੀ ਪਤਨੀ ਵੱਲੋਂ ਦੱਸੀ ਹਰ ਗੱਲ ਝੂਠ ਹੋਣ ਦਾ ਪਤਾ ਲੱਗਣ ਤੋਂ ਇੱਕ ਸਾਲ ਤੋਂ ਵੱਧ ਸਮੇਂ ਬਾਅਦ ਵੀ ਉਹ ਆਪਣੀ ਜ਼ਿੰਦਗੀ ਨੂੰ ਮੁੜ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।

ਉਹ ਪਹਿਲਾਂ ਕਰਾਓਕੇ ਹੋਸਟੈੱਸ ਰਹਿ ਚੁੱਕੀ ਸੀ, ਤਿੰਨ ਵਾਰ ਵਿਆਹ ਕਰਵਾ ਚੁੱਕੀ ਸੀ, ਉਨ੍ਹਾਂ ਦੇ ਤਿੰਨ ਬੱਚੇ ਸਨ, ਉਹ ਇੱਕ ਗੰਭੀਰ ਜਿਨਸੀ ਤੌਰ ‘ਤੇ ਫੈਲਣ ਵਾਲੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦੇ ਸਿਰ ਬਹੁਤ ਕਰਜ਼ਾ ਸੀ। ਉਨ੍ਹਾਂ ਨੇ ਆਪਣੀ ਉਮਰ ਬਾਰੇ ਵੀ ਝੂਠ ਬੋਲਿਆ ਸੀ।

ਉਹ ਤਲਾਕ ਲਈ ਲੜ ਰਹੇ ਹਨ ਅਤੇ ਆਪਣੀ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਨਹੀਂ ਜਾ ਸਕਦੇ, ਘੱਟੋ-ਘੱਟ ਉਦੋਂ ਤੱਕ ਨਹੀਂ, ਜਦੋਂ ਤੱਕ ਉਹ ਆਪਣੀ ਜ਼ਿੰਦਗੀ ਭਰ ਦੀ ਕੁਝ ਬਚਤ ਵਾਪਸ ਨਹੀਂ ਲੈ ਲੈਂਦੇ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਸੰਭਾਵੀ ਰਿਸ਼ਤੇ ਦਿਖਾਏ ਜਾਣ ਤੋਂ ਕੁਝ ਹੀ ਘੰਟਿਆਂ ਦੇ ਅੰਦਰ ਉਨ੍ਹਾਂ ਨੇ ਇਹ ਪੈਸਾ ਏਜੰਸੀ ਨੂੰ ਦੇ ਦਿੱਤਾ ਸੀ।

“ਮੇਰੇ ਮਾਪੇ ਮੈਨੂੰ ਦੋਸ਼ ਦਿੰਦੇ ਹਨ। ਮੈਨੂੰ ਨੀਂਦ ਨਹੀਂ ਆਉਂਦੀ ਅਤੇ ਚਿੰਤਾ ਰਹਿੰਦੀ ਹੈ। ਮੈਂ ਕੰਮ ‘ਤੇ ਧਿਆਨ ਨਹੀਂ ਲਗਾ ਸਕਦਾ।”

ਵਾਂਗ ਦੀ ਕਹਾਣੀ ਚੀਨ ਵਿੱਚ ਲੰਬੇ ਸਮੇਂ ਤੋਂ ਬਣ ਰਹੇ ਆਬਾਦੀ ਸੰਕਟ ਦਾ ਇੱਕ ਗੰਭੀਰ ਉਦਾਹਰਣ ਹੈ।

ਦਹਾਕਿਆਂ ਤੱਕ ਚੀਨ ਦੀ ਕਮਿਊਨਿਸਟ ਪਾਰਟੀ ਨੇ ਹੁਕਮ ਦਿੱਤਾ ਸੀ ਕਿ ਜੋੜਿਆਂ ਦਾ ਸਿਰਫ਼ ਇੱਕ ਹੀ ਬੱਚਾ ਹੋ ਸਕਦਾ ਹੈ।

ਜਨਵਰੀ 2016 ਵਿੱਚ ਉਨ੍ਹਾਂ ਨੇ ਆਪਣਾ ਰੁਖ਼ ਬਦਲ ਦਿੱਤਾ, ਪਰ ਉਦੋਂ ਤੱਕ “ਇੱਕ-ਬੱਚਾ” ਨੀਤੀ ਅਤੇ ਮੁੰਡਿਆਂ ਨੂੰ ਤਰਜੀਹ ਦੇਣ ਦੀ ਸੋਚ ਨੇ ਔਰਤਾਂ ਦੀ ਘਟਦੀ ਗਿਣਤੀ ਅਤੇ ਲਿੰਗ ਅਸੰਤੁਲਨ ਦੀ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਸੀ।

ਹੁਣ ਚੀਨ ਵਿੱਚ ਔਰਤਾਂ ਦੇ ਮੁਕਾਬਲੇ 3 ਕਰੋੜ ਵੱਧ ਮਰਦ ਹਨ, ਇਹ ਗਿਣਤੀ ਬ੍ਰਿਟੇਨ ਦੀ ਪੂਰੀ ਮਰਦ ਆਬਾਦੀ ਜਾਂ ਆਸਟ੍ਰੇਲੀਆ ਦੀ ਪੂਰੀ ਆਬਾਦੀ ਤੋਂ ਵੀ ਵੱਧ ਹੈ।

ਇਸ ਕਾਰਨ ਵਾਂਗ ਵਰਗੇ ਮਰਦ, ਜੋ 30 ਸਾਲ ਦੀ ਉਮਰ ਦੇ ਆਖਰੀ ਸਾਲਾਂ ਵਿੱਚ ਹਨ ਅਤੇ ਛੋਟੇ ਸ਼ਹਿਰਾਂ ਜਾਂ ਦੂਰ-ਦੁਰਾਡੇ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ, ਕੋਲ ਬਹੁਤ ਘੱਟ ਬਦਲ ਰਹਿ ਗਏ ਹਨ।

ਇਨ੍ਹਾਂ ਥਾਵਾਂ ‘ਤੇ ਔਰਤਾਂ ਆਪਣੀ ਪਸੰਦ ਚੁਣਨ ਦੀ ਸਥਿਤੀ ਵਿੱਚ ਹਨ, ਕਿਉਂਕਿ ਉਹ ਜਾਣਦੀਆਂ ਹਨ ਕਿ ਉਨ੍ਹਾਂ ਦੀ ਮੰਗ ਹੈ।

‘ਲਾੜੀ ਦੀ ਕੀਮਤ’

'ਫਲੈਸ਼ ਵਿਆਹ'

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, “ਮੇਰੇ ਸ਼ਹਿਰ ਵਿੱਚ ਮਰਦਾਂ ਲਈ ਲੋੜਾਂ ਬਹੁਤ ਜ਼ਿਆਦਾ ਹਨ। ਤੁਹਾਡੇ ਕੋਲ ਕਾਰ ਅਤੇ ਘਰ ਹੋਣਾ ਚਾਹੀਦਾ ਹੈ ਅਤੇ ਤਰਜੀਹੀ ਤੌਰ ‘ਤੇ ਤੁਹਾਡੇ ਪਰਿਵਾਰ ਦਾ ਕੋਈ ਕਾਰੋਬਾਰ ਵੀ ਹੋਣਾ ਚਾਹੀਦਾ ਹੈ।”

ਬਹੁਤ ਸਾਰੇ ਪਰਿਵਾਰ “ਲਾੜੀ ਦੀ ਕੀਮਤ” ਵੀ ਮੰਗਦੇ ਹਨ। ਇਹ ਚੀਨ ਦੀ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਰਵਾਇਤ ਹੈ, ਜਿਸ ਵਿੱਚ ਲਾੜੇ ਦਾ ਪਰਿਵਾਰ ਲਾੜੀ ਨੂੰ ਪੈਸੇ ਦਿੰਦਾ ਹੈ। ਚੀਨ ਦੇ ਕੁਝ ਹਿੱਸਿਆਂ ਵਿੱਚ, ਜਿੱਥੇ ਮਰਦਾਂ ਦੀ ਗਿਣਤੀ ਔਰਤਾਂ ਨਾਲੋਂ ਕਾਫ਼ੀ ਜ਼ਿਆਦਾ ਹੈ, ਇਹ ਇੱਕ ਵੱਡਾ ਵਿੱਤੀ ਬੋਝ ਬਣ ਗਿਆ ਹੈ।

ਇਸੇ ਕਾਰਨ ਗੁਇਜ਼ੌ ਵਿੱਚ ਮੌਜੂਦ ਇਨ੍ਹਾਂ ਵਰਗੀਆਂ ਵਿਆਹ ਕਰਵਾਉਣ ਵਾਲੀਆਂ ਏਜੰਸੀਆਂ ਵੱਲ ਲੋਕ ਆਕਰਸ਼ਿਤ ਹੁੰਦੇ ਹਨ, ਜੋ ਇੱਕੋ ਥਾਂ ‘ਤੇ ਤੁਰੰਤ ਹੱਲ ਜਾਂ “ਫਲੈਸ਼ ਵਿਆਹ” ਦੀ ਪੇਸ਼ਕਸ਼ ਕਰ ਰਹੀਆਂ ਹਨ।

ਚੀਨ ਵਿੱਚ ਵਿਆਹ ਕਰਵਾਉਣ ਵਾਲੀਆਂ ਏਜੰਸੀਆਂ ਕੋਈ ਨਵੀਂ ਗੱਲ ਨਹੀਂ ਹਨ, ਪਰ ਬਹੁਤ ਸਾਰੀਆਂ ਏਜੰਸੀਆਂ ਉਨ੍ਹਾਂ ਕਮਜ਼ੋਰ ਮਰਦਾਂ ਨੂੰ ਨਿਸ਼ਾਨਾ ਬਣਾਉਂਦੀਆਂ ਦਿਖਾਈ ਦਿੰਦੀਆਂ ਹਨ, ਜੋ ਉਮਰ ਵਧਣ ਦੇ ਨਾਲ ਜੀਵਨ ਸਾਥੀ ਲੱਭਣ ਲਈ ਸੰਘਰਸ਼ ਕਰ ਰਹੇ ਹਨ।

ਇੰਨਾ ਜ਼ਿਆਦਾ ਕਿ ਸਰਕਾਰੀ ਮੀਡੀਆ ਨੇ ਹਾਲ ਹੀ ਵਿੱਚ ਰਿਪੋਰਟ ਕੀਤਾ ਕਿ ਇਸ ਉਦਯੋਗ ਵਿੱਚ “ਤੇਜ਼ੀ ਨਾਲ ਵਾਧਾ” ਹੋਇਆ ਹੈ, ਜਿਸ ਨੇ “ਗ਼ੈਰ-ਕਾਨੂੰਨੀ ਕਾਰਵਾਈਆਂ ਅਤੇ ਹਫੜਾ-ਦਫੜੀ ਨੂੰ ਜਨਮ ਦਿੱਤਾ ਹੈ।”

ਚੀਨ ਭਰ ਵਿੱਚ ਅਜਿਹੀ ਧੋਖਾਧੜੀ ਦਾ ਪੈਮਾਨਾ ਤੈਅ ਕਰਨਾ ਮੁਸ਼ਕਲ ਹੈ, ਪਰ ਇਹ ਇੰਨੀ ਵੱਧ ਗਈ ਹੈ ਕਿ ਇਸ ਨੇ ਚੀਨੀ ਅਧਿਕਾਰੀਆਂ ਦਾ ਧਿਆਨ ਖਿੱਚਿਆ ਹੈ। ਜਨਵਰੀ 2024 ਅਤੇ ਮਾਰਚ 2025 ਦੇ ਵਿਚਕਾਰ, ਸਰਕਾਰੀ ਵਕੀਲਾਂ ਨੇ ਵਿਆਹ ਕਰਵਾਉਣ ਵਾਲੇ ਉਦਯੋਗ ਨਾਲ ਜੁੜੇ ਅਪਰਾਧਾਂ ਲਈ 1,546 ਵਿਅਕਤੀਆਂ ਨਾਲ ਸਬੰਧਤ ਮਾਮਲਿਆਂ ਨੂੰ ਸੰਭਾਲਿਆ।

ਜਦੋਂ ਇਸ ਮੁੱਦੇ ਨੇ “ਵਿਆਪਕ ਜਨਤਕ ਚਿੰਤਾ” ਪੈਦਾ ਕੀਤੀ ਤਾਂ ਇਸ ਮਹੀਨੇ, ਪੰਜ ਵੱਖ-ਵੱਖ ਅਥਾਰਟੀਆਂ ਨੇ ਸਾਂਝੇ ਤੌਰ ‘ਤੇ ਵਿਆਹ ਕਰਵਾਉਣ ਵਾਲੇ ਉਦਯੋਗ ਖ਼ਿਲਾਫ਼ ਦੇਸ਼ ਪੱਧਰੀ ਕਾਰਵਾਈ ਸ਼ੁਰੂ ਕੀਤੀ।

ਇੱਕ ਮਾਮਲੇ ਵਿੱਚ, ਇੱਕ ਵਿਆਹ ਕਰਵਾਉਣ ਵਾਲੀ ਏਜੰਸੀ ਨੇ ਕਥਿਤ ਤੌਰ ‘ਤੇ ਕਰਾਓਕੇ ਦੀਆਂ ਵੇਟ੍ਰੈੱਸਾਂ ਦੀ ਵਰਤੋਂ ਕਰ ਕੇ 128 ਪੀੜਤਾਂ ਨਾਲ 25 ਲੱਖ ਯੁਆਨ ਤੋਂ ਵੱਧ (371,000 ਅਮਰੀਕੀ ਡਾਲਰ) ਦੀ ਧੋਖਾਧੜੀ ਕੀਤੀ।

ਬੀਜਿੰਗ ਜਿੰਗਸ਼ੀ ਲਾਅ ਫਰਮ ਦੇ ਨਾਨਜਿੰਗ ਦਫ਼ਤਰ ਤੋਂ ਫੈਨ ਬਿੰਗਹੇ ਨੇ ਬੀਬੀਸੀ ਨੂੰ ਦੱਸਿਆ, “ਮੇਰਾ ਮੰਨਣਾ ਹੈ ਕਿ ਸਰਕਾਰ ਫਲੈਸ਼ ਵਿਆਹ ਦੇ ਘੁਟਾਲਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵਿਸ਼ੇਸ਼ ਉਦਯੋਗ ਨਿਯਮ ਲਾਗੂ ਕਰ ਸਕਦੀ ਹੈ।”

ਸਰਕਾਰੀ ਮੀਡੀਆ, ਚੀਨ

ਏਜੰਸੀਆਂ ਕਿਵੇਂ ਕੰਮ ਕਰਦੀਆਂ ਹਨ

ਹਾਲਾਂਕਿ ਗੁਈਯਾਂਗ ਇਸ ਤੇਜ਼ੀ ਨਾਲ ਵਧ ਰਹੇ “ਫਲੈਸ਼ ਵਿਆਹ” ਦੇ ਬਾਜ਼ਾਰ ਦਾ ਸਮਾਨਾਰਥੀ ਬਣ ਗਿਆ ਹੈ।

ਏਜੰਸੀ ਦੇ ਦਫ਼ਤਰ ਇੱਕ ਖਰੀਦਦਾਰੀ ਖੇਤਰ ਦੇ ਉੱਪਰ ਇਮਾਰਤਾਂ ਦੇ ਸੰਘਣੇ ਜਾਲ ਵਿੱਚ ਸਥਿਤ ਹਨ, ਜਿੱਥੇ ਵਿਕਰੇਤਾ ਸਥਾਨਕ ਫਲ ਵੇਚਦੇ ਹਨ ਅਤੇ ਕਰਮਚਾਰੀ ਟੇਕਅਵੇ ਸੂਪ ਰਾਈਸ ਨੂਡਲਜ਼ ਲਈ ਕਤਾਰ ਵਿੱਚ ਖੜ੍ਹੇ ਹੁੰਦੇ ਹਨ।

ਹਾਲਾਂਕਿ, ਵਾਂਗ ਨੂੰ ਪੂਰਾ ਭਰੋਸਾ ਸੀ ਕਿ ਉਹ ਉਨ੍ਹਾਂ ‘ਤੇ ਭਰੋਸਾ ਕਰ ਸਕਦੇ ਹਨ, ਕਿਉਂਕਿ ਕੰਪਨੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਪੂਰੀ ਪਿਛੋਕੜ ਦੀ ਜਾਂਚ ਕਰਨਗੇ ਅਤੇ ਜੇਕਰ ਉਹ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ ਤਾਂ ਉਹ ਮੁਆਵਜ਼ੇ ਦੇ ਹੱਕਦਾਰ ਹੋਣਗੇ।

ਇਸ ਲਈ ਉਨ੍ਹਾਂ ਨੇ ਪੈਸੇ ਦੇ ਦਿੱਤੇ ਅਤੇ ਰਿਸ਼ਤੇ ਕਰਵਾਉਣ ਦੀਆਂ ਮੁਲਾਕਾਤਾਂ ਸ਼ੁਰੂ ਹੋ ਗਈਆਂ।

ਕੁਝ ਦਿਨਾਂ ਦੌਰਾਨ ਉਨ੍ਹਾਂ ਨੇ ਵੱਖ-ਵੱਖ “ਬਲਾਈਂਡ ਡੇਟ” ਕਮਰਿਆਂ ਵਿੱਚ ਸੱਤ ਔਰਤਾਂ ਨਾਲ ਮੁਲਾਕਾਤ ਕੀਤੀ, ਜਦੋਂ ਕਿ ਏਜੰਸੀ ਦੇ ਕਰਮਚਾਰੀ ਉਨ੍ਹਾਂ ‘ਤੇ ਬਾਰੀਕੀ ਨਾਲ ਨਿਗਰਾਨੀ ਰੱਖ ਰਹੇ ਸਨ। ਉਨ੍ਹਾਂ ਨੇ ਪੁੱਛਿਆ ਕਿ ਉਹ ਕਿੱਥੋਂ ਦੀਆਂ ਸਨ, ਕੀ ਉਨ੍ਹਾਂ ਦਾ ਪਹਿਲਾਂ ਵਿਆਹ ਹੋਇਆ ਸੀ ਅਤੇ ਕੀ ਉਨ੍ਹਾਂ ਦੇ ਕੋਈ ਬੱਚੇ ਸਨ।

ਜਿਸ ਅੱਠਵੀਂ ਔਰਤ ਨਾਲ ਉਹ ਮਿਲੇ, ਉਨ੍ਹਾਂ ਨੇ ਉਸ ਨੂੰ ਆਪਣਾ ਦਿਲ ਦੇ ਦਿੱਤਾ। ਉਹ ਕਿਸੇ ਅਜਿਹੀ ਔਰਤ ਨੂੰ ਮਿਲਣ ਦੀ ਉਮੀਦ ਕਰ ਰਹੇ ਸਨ ਜਿਸ ਦਾ ਪਹਿਲਾਂ ਵਿਆਹ ਨਾ ਹੋਇਆ ਹੋਵੇ, ਕੋਈ ਬੱਚਾ ਨਾ ਹੋਵੇ ਅਤੇ ਜੋ ਉਨ੍ਹਾਂ ਤੋਂ ਥੋੜ੍ਹੀ ਜਿਹੀ ਛੋਟੀ ਹੋਵੇ।

ਉਹ ਯਾਦ ਕਰਦੇ ਹੋਏ ਕਹਿੰਦੇ ਹਨ, “ਉਹ ਬਹੁਤ ਸਾਦੇ ਕੱਪੜੇ ਵੀ ਪਹਿਨਦੀ ਸੀ। ਉਹ ਅੰਤਰਮੁਖੀ ਅਤੇ ਇਮਾਨਦਾਰ ਲੱਗਦੀ ਸੀ।”

ਉਹ ਚਾਰ ਜਾਂ ਪੰਜ ਵਾਰ ਮਿਲੇ ਅਤੇ ਹਰ ਵਾਰ ਸਿਰਫ਼ ਅੱਠ ਤੋਂ 10 ਮਿੰਟ ਲਈ ਮਿਲੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਉਹ ਇੱਕ-ਦੂਜੇ ਨਾਲ ਫ਼ੋਨ ਨੰਬਰ ਜਾਂ ਨਿੱਜੀ ਸੁਨੇਹਿਆਂ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ, ਨਹੀਂ ਤਾਂ ਉਨ੍ਹਾਂ ‘ਤੇ ਜੁਰਮਾਨਾ ਲਗਾਇਆ ਜਾਵੇਗਾ।

ਦੋ ਜਾਂ ਤਿੰਨ ਦਿਨਾਂ ਬਾਅਦ ਉਨ੍ਹਾਂ ਨੇ ਫ਼ੈਸਲਾ ਕਰ ਲਿਆ ਕਿ ਇਹੀ ਉਹ ਔਰਤ ਹੈ ਅਤੇ ਉਹ ਉਨ੍ਹਾਂ ਨੂੰ ਲਾੜੀ ਦੀ ਕੀਮਤ ਵਜੋਂ ਵੱਡੀ ਰਕਮ ਦੇਣ ਲਈ ਸਹਿਮਤ ਹੋ ਗਏ।

ਉਹ ਕਹਿੰਦੇ ਹਨ, “ਮੈਂ 3 ਲੱਖ ਯੁਆਨ (4400 ਅਮਰੀਕੀ ਡਾਲਰ) ਤੋਂ ਵੱਧ ਖਰਚ ਕੀਤੇ ਹਨ।”

ਇਸ ਦੇ ਸਬੂਤ ਵਜੋਂ ਉਨ੍ਹਾਂ ਦੇ ਹੱਥ ਵਿੱਚ ਕਾਨੂੰਨੀ ਕਾਗਜ਼ਾਂ ਦਾ ਇੱਕ ਢੇਰ ਸੀ, ਜੋ ਕਈ ਵਾਰ ਪੜ੍ਹੇ ਜਾਣ ਕਾਰਨ ਘਸੇ ਹੋਏ ਸਨ।

ਉਹ ਕਹਿੰਦੇ ਹਨ, “ਜੇਕਰ ਵਿਆਹ ਦੀ ਦਾਅਵਤ ਅਤੇ ਹੋਰ ਸਭ ਕੁਝ ਵੀ ਸ਼ਾਮਲ ਕਰ ਲਿਆ ਜਾਵੇ, ਤਾਂ ਮੈਂ ਲਗਭਗ 4 ਤੋਂ 5 ਲੱਖ ਯੁਆਨ ਖਰਚ ਕੀਤੇ।”

ਵਿਆਹ ਕਰਵਾਉਣ ਵਾਲੀ ਏਜੰਸੀ ਨੇ ਪੂਰੀ ਪ੍ਰਕਿਰਿਆ ਨੂੰ ਚਮਕਦਾਰ ਤਸਵੀਰਾਂ ਦੀ ਇੱਕ ਲੜੀ ਵਿੱਚ ਦਰਜ ਕੀਤਾ, ਜਿਨ੍ਹਾਂ ਦੀ ਵਰਤੋਂ ਉਹ ਚੀਨੀ ਸੋਸ਼ਲ ਮੀਡੀਆ ‘ਤੇ ਆਪਣੀਆਂ ਸੇਵਾਵਾਂ ਦਾ ਇਸ਼ਤਿਹਾਰ ਦੇਣ ਲਈ ਵੀ ਕਰਦੇ ਹਨ।

ਵੀਡੀਓ ਵਿੱਚ ਜੋੜਾ ਲਾਲ ਕਾਰਪੇਟ ‘ਤੇ ਹੱਥ ਫੜ ਕੇ ਖੜ੍ਹਾ ਹੈ ਅਤੇ ਮੁਸਕਰਾ ਰਿਹਾ ਹੈ, ਜਦਕਿ ਪਿੱਛੇ ਰੋਮਾਂਟਿਕ ਸੰਗੀਤ ਚੱਲ ਰਿਹਾ ਹੈ।

ਕਿਵੇਂ ਖੁੱਲ੍ਹਿਆ ਰਾਜ਼

ਚੀਨ

ਵਿਆਹ ਤੋਂ ਕੁਝ ਮਹੀਨੇ ਬਾਅਦ ਹੀ ਕਰਜ਼ਾ ਵਸੂਲਣ ਵਾਲਿਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਉਨ੍ਹਾਂ ਦਾ ਦਾਅਵਾ ਸੀ ਕਿ ਉਸ ਨੇ ਉਨ੍ਹਾਂ ਦੇ ਪੈਸੇ ਦੇਣੇ ਹਨ।

ਵਾਂਗ ਨੂੰ ਸ਼ੱਕ ਹੋ ਗਿਆ ਅਤੇ ਉਹ ਜਾਣਨਾ ਚਾਹੁੰਦੇ ਸਨ ਕਿ ਉਸ ਨੇ ਹੋਰ ਕੀ ਕੁਝ ਲੁਕਾਇਆ ਸੀ। ਉਨ੍ਹਾਂ ਨੇ ਉਸ ਦਾ ਫੋਨ ਚੈੱਕ ਕੀਤਾ ਅਤੇ ਉਸ ਦੀ ਪਿਛਲੀ ਜ਼ਿੰਦਗੀ, ਜਨਮ ਸਰਟੀਫਿਕੇਟ ਅਤੇ ਪਿਛਲੇ ਵਿਆਹ ਨਾਲ ਸਬੰਧਤ ਦਸਤਾਵੇਜ਼ਾਂ ਬਾਰੇ ਜਾਣਕਾਰੀ ਮਿਲੀ।

ਜਦੋਂ ਉਨ੍ਹਾਂ ਨੇ ਉਸ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਉਨ੍ਹਾਂ ਨੂੰ ਤਲਾਕ ਦੇਣ ਦੀ ਪੇਸ਼ਕਸ਼ ਕੀਤੀ, ਪਰ ਲਾੜੀ ਦੀ ਕੀਮਤ ਵਿੱਚੋਂ ਇੱਕ ਪੈਸਾ ਵੀ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਵਿਆਹ ਲਈ ਜ਼ਿੰਮੇਵਾਰ ਏਜੰਸੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਉਨ੍ਹਾਂ ਦੇ ਦਫ਼ਤਰ ਵਾਪਸ ਗਏ ਤਾਂ ਉਹ ਸਾਰਾ ਸਾਮਾਨ ਸਮੇਟ ਕੇ ਉੱਥੋਂ ਗਾਇਬ ਹੋ ਚੁੱਕੇ ਸਨ।

ਵਾਂਗ ਹੁਣ ਗੁਈਯਾਂਗ ਵਿੱਚ ਆਪਣੇ ਕਿਰਾਏ ਦੇ ਫਲੈਟ ਤੋਂ ਸੋਸ਼ਲ ਮੀਡੀਆ ‘ਤੇ ਵੀਡੀਓ ਬਣਾਉਣ ਵਿੱਚ ਆਪਣਾ ਸਮਾਂ ਬਿਤਾ ਰਹੇ ਹਨ। ਇਹ ਫਲੈਟ ਉਸ ਮੁੱਖ ਇਲਾਕੇ ਦੇ ਬਿਲਕੁਲ ਸਾਹਮਣੇ ਹੈ, ਜਿੱਥੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਏਜੰਸੀਆਂ ਦੇ ਦਫ਼ਤਰ ਹਨ। ਇਨ੍ਹਾਂ ਵੀਡੀਓਜ਼ ਰਾਹੀਂ ਉਹ ਹੋਰ ਮਰਦਾਂ ਨੂੰ ਇਹ ਚੇਤਾਵਨੀ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕੁਝ ਗ਼ਲਤ ਹੋ ਸਕਦਾ ਹੈ।

ਗੁਈਯਾਂਗ ਵਿੱਚ ਅਜਿਹੀ ਏਜੰਸੀ ਲੱਭਣੀ ਮੁਸ਼ਕਲ ਹੈ, ਜਿੱਥੇ ਸਟਾਫ਼ ਗੱਲ ਕਰਨ ਲਈ ਤਿਆਰ ਹੋਵੇ। ਇੱਕ ਏਜੰਸੀ ਦੇ ਮਾਲਕ ਨੇ ਆਪਣੇ ਦਫ਼ਤਰ ਵਿੱਚ ਸਾਡੇ ਨਾਲ ਗੱਲ ਕਰਨ ਲਈ ਸਹਿਮਤੀ ਦਿੱਤੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦੇ ਕਾਰੋਬਾਰੀ ਸਾਥੀ ਨੇ ਸਾਨੂੰ ਉੱਥੋਂ ਜਾਣ ਲਈ ਕਿਹਾ।

ਅੰਦਰ ਲਾਲ ਕਾਰਪੇਟ ਵਿਛਿਆ ਹੋਇਆ ਸੀ, ਜਿਸ ‘ਤੇ ਵਿਆਹ ਦਾ ਪ੍ਰਸਤਾਵ ਦੇਣ ਲਈ ਨਕਲੀ ਫੁੱਲਾਂ ਦੀਆਂ ਪੱਤੀਆਂ ਖਿੱਲਰੀਆਂ ਹੋਈਆਂ ਸਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸਾਡੇ ਉੱਥੇ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਹੀ ਇੱਕ ਜੋੜੇ ਨੇ ਵਿਆਹ ਕਰਨ ਦਾ ਵਾਅਦਾ ਕੀਤਾ ਸੀ।

ਡੇਟਿੰਗ ਰੂਮ

ਉਨ੍ਹਾਂ ਨੇ ਸਾਨੂੰ ਦੱਸਿਆ, “ਚੀਨ ਵਿੱਚ ਫਲੈਸ਼ ਵਿਆਹਾਂ ਦਾ ਬਹੁਤ ਵੱਡਾ ਬਾਜ਼ਾਰ ਹੈ। ਇਹ ਬਾਜ਼ਾਰ ਅਸਲ ਵਿੱਚ ਪਿਛਲੇ ਦੋ ਜਾਂ ਤਿੰਨ ਸਾਲਾਂ ਦੌਰਾਨ ਹੀ ਉਭਰਿਆ ਹੈ।”

ਏਜੰਸੀਆਂ ਦਾ ਦਾਅਵਾ ਹੈ ਕਿ ਇੱਥੋਂ ਦੇ ਪਰਿਵਾਰਾਂ ਨੇ ਇੱਕ-ਬੱਚਾ ਨੀਤੀ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ, ਜਿਸ ਕਾਰਨ ਇਸ ਇਲਾਕੇ ਵਿੱਚ ਔਰਤਾਂ ਦੀ ਗਿਣਤੀ ਵੱਧ ਹੈ। ਉਨ੍ਹਾਂ ਵਿੱਚੋਂ ਇੱਕ ਨੇ ਬੀਬੀਸੀ ਨੂੰ ਦੱਸਿਆ, “ਭਾਵੇਂ ਕਿਸੇ ਪਰਿਵਾਰ ਦੀਆਂ ਦੋ ਜਾਂ ਤਿੰਨ ਧੀਆਂ ਹੁੰਦੀਆਂ, ਉਹ ਪੁੱਤਰ ਲਈ ਕੋਸ਼ਿਸ਼ ਕਰਦੇ ਰਹਿੰਦੇ ਸਨ।”

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਇਨ੍ਹਾਂ ਔਰਤਾਂ ਦੇ ਰਿਸ਼ਤੇ ਕੇਂਦਰੀ ਸੂਬਿਆਂ ਦੇ ਮਰਦਾਂ ਨਾਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਹੇਬੇਈ ਵਿੱਚ ਰਹਿਣ ਵਾਲੇ ਵਾਂਗ, ਜੋ ਮੁਕਾਬਲਤਨ ਅਮੀਰ ਹਨ ਪਰ ਉਨ੍ਹਾਂ ਦੇ ਆਲੇ-ਦੁਆਲੇ ਔਰਤਾਂ ਬਹੁਤ ਘੱਟ ਹਨ।

ਉਹ ਕਹਿੰਦੇ ਹਨ, “ਸਾਡੇ ਗਾਹਕ ਆਪਣੀ ਪਸੰਦ ਦਾ ਕੋਈ ਵੀ ਵਿਅਕਤੀ ਚੁਣਨ ਲਈ ਆਜ਼ਾਦ ਹਨ। ਸਾਡੇ ਕਾਰੋਬਾਰ ਦਾ ਮਕਸਦ ਲੋਕਾਂ ਨੂੰ ਅਜਿਹਾ ਸਾਥੀ ਲੱਭਣ ਵਿੱਚ ਮਦਦ ਕਰਨਾ ਹੈ, ਜਿਸ ਨਾਲ ਉਹ ਸੱਚਮੁੱਚ ਰਹਿਣਾ ਚਾਹੁੰਦੇ ਹਨ।”

ਇਸ਼ਤਿਹਾਰਾਂ ਵਿੱਚੋਂ ਇੱਕ ਵਿੱਚ ਸੰਭਾਵੀ ਗਾਹਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ “ਸਹੀ ਰਿਸ਼ਤੇ ਨਾਲ ਤਿੰਨ ਦਿਨ, ਡੇਟਿੰਗ ਦੇ ਤਿੰਨ ਸਾਲਾਂ ਨਾਲੋਂ ਵੀ ਵੱਧ ਪ੍ਰਭਾਵਸ਼ਾਲੀ ਹੋ ਸਕਦੇ ਹਨ।”

ਵਾਂਗ ਹੁਣ ਆਪਣਾ ਸਮਾਂ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਠੱਗੇ ਗਏ ਹੋਰ ਪੀੜਤਾਂ ਦੀ ਮਦਦ ਕਰਨ ਵਿੱਚ ਬਿਤਾ ਰਹੇ ਹਨ।

ਉਨ੍ਹਾਂ ਦਾ ਕਿਰਾਏ ਦਾ ਫਲੈਟ ਉਨ੍ਹਾਂ ਮਰਦਾਂ ਨਾਲ ਭਰਿਆ ਹੋਇਆ ਹੈ, ਜੋ ਜਾਂ ਤਾਂ ਉਨ੍ਹਾਂ ਨੂੰ ਠੱਗਣ ਵਾਲੀ ਏਜੰਸੀ ਦੇ ਮਾਲਕਾਂ ਨੂੰ ਲੱਭ ਰਹੇ ਹਨ ਜਾਂ ਆਪਣੀਆਂ ਉਨ੍ਹਾਂ ਪਤਨੀਆਂ ਤੋਂ ਹੋਇਆ ਨੁਕਸਾਨ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਵਿਆਹ ਦੇ ਕੁਝ ਹੀ ਹਫ਼ਤਿਆਂ ਬਾਅਦ ਉਨ੍ਹਾਂ ਨੂੰ ਛੱਡ ਕੇ ਚਲੀਆਂ ਗਈਆਂ।

‘ਉਹ ਵਿਆਹ ਤੋਂ ਦੋ ਮਹੀਨਿਆਂ ਬਾਅਦ ਭੱਜ ਗਈ’

ਸ਼ੂ

ਖਿੜਕੀ ਕੋਲ ਪਈ ਫੋਲਡਿੰਗ ਮੰਜੀ ‘ਤੇ ਜਿਆਂਗਸ਼ੀ ਸੂਬੇ ਦੇ 59 ਸਾਲਾ ਸ਼ੂ ਰੂਲਿਨ ਆਪਣੇ ਵੱਲੋਂ ਧਿਆਨ ਨਾਲ ਇਕੱਠੇ ਕੀਤੇ ਸਬੂਤ ਲਾਲ ਪਲਾਸਟਿਕ ਦੇ ਸ਼ਾਪਿੰਗ ਬੈਗ ਵਿੱਚੋਂ ਕੱਢਦੇ ਹਨ।

ਉਨ੍ਹਾਂ ਨੇ “ਫਲੈਸ਼ ਵਿਆਹ” ਕਰਵਾਉਣ ਵਾਲੀ ਏਜੰਸੀ ਰਾਹੀਂ ਆਪਣੇ ਪੁੱਤਰ ਲਈ ਪਤਨੀ ਲੱਭਣ ਦੀ ਕੋਸ਼ਿਸ਼ ਵਿੱਚ ਲਗਭਗ 5 ਲੱਖ ਯੁਆਨ ਖਰਚ ਕਰ ਦਿੱਤੇ।

ਉਹ ਦੋਵੇਂ ਗੁਈਯਾਂਗ ਗਏ, ਜੋ 1,000 ਕਿਲੋਮੀਟਰ ਤੋਂ ਵੀ ਵੱਧ ਦੂਰ ਹੈ ਅਤੇ “ਬਲਾਈਂਡ ਡੇਟ” ਵਾਲੇ ਕਮਰੇ ਵਿੱਚ ਆਪਣੇ ਪੁੱਤਰ ਦੀ ਲਾੜੀ ਨਾਲ ਪਹਿਲੀ ਮੁਲਾਕਾਤ ਤੋਂ ਸਿਰਫ਼ ਸੱਤ ਦਿਨ ਬਾਅਦ ਹੀ ਉਸ ਦਾ ਵਿਆਹ ਹੋ ਗਿਆ।

ਸ਼ੂ ਦਾ ਕਹਿਣਾ ਹੈ ਕਿ ਵਿਆਹ ਰਜਿਸਟਰ ਹੋਣ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਆਪਣੇ ਲਈ ਇੱਕ ਆਈਫੋਨ ਖਰੀਦਣ ਅਤੇ ਆਪਣੇ ਕਾਰੋਬਾਰ ਵਿੱਚ ਮਦਦ ਲਈ ਲਗਭਗ 20,000 ਯੁਆਨ ਟਰਾਂਸਫਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਦਾਅਵਾ ਹੈ ਕਿ ਉਸ ਨੇ ਵਿਆਹ ਦੇ ਜੋੜੇ ਅਤੇ ਗਹਿਣਿਆਂ ਲਈ ਵੀ 1,20,000 ਯੁਆਨ ਮੰਗੇ।

ਉਨ੍ਹਾਂ ਨੇ ਸਾਨੂੰ ਦੱਸਿਆ, “ਮੈਂ ਸਿਰਫ਼ ਇਹ ਚਾਹੁੰਦਾ ਸੀ ਕਿ ਉਹ ਸੱਚਮੁੱਚ ਸਾਡੇ ਨਾਲ ਘਰ ਵਸਾ ਕੇ ਰਹੇ। ਉਸ ਨੇ ਕਿਹਾ ਕਿ ਉਸ ਨੂੰ ਘਰ ਚਾਹੀਦਾ ਹੈ ਅਤੇ ਮੈਂ ਉਨ੍ਹਾਂ ਲਈ ਘਰ ਖਰੀਦਣ ਲਈ ਸਹਿਮਤ ਹੋ ਗਿਆ। ਸਭ ਕੁਝ ਤੈਅ ਹੋ ਗਿਆ ਸੀ।”

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਉਨ੍ਹਾਂ ਨਾਲ ਰਹਿਣ ਤੋਂ ਬਾਅਦ ਭੱਜ ਗਈ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜੋੜਾ ਤਲਾਕ ਲੈਣ ਵਿੱਚ ਕਾਮਯਾਬ ਹੋ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਕਰਵਾਉਣ ਵਾਲੀ ਕੰਪਨੀ ਦੇ ਮਾਲਕਾਂ ਨੂੰ ਵੀ ਇਸ ਸਾਲ ਜਨਵਰੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਪਰ ਉਹ ਅਜੇ ਵੀ ਗੁਈਯਾਂਗ ਵਿੱਚ ਆਪਣੇ ਕੁਝ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਏਜੰਸੀ ਦਾ ਕੀ ਕਹਿਣਾ ਹੈ

ਏਜੰਸੀ ਦਾ ਮੈਨੇਜਰ

ਬੀਬੀਸੀ ਨਾਲ ਗੱਲ ਕਰਨ ਵਾਲੇ ਏਜੰਸੀ ਦੇ ਮੈਨੇਜਰ ਨੇ ਮੰਨਿਆ ਕਿ ਉਨ੍ਹਾਂ ਦੇ ਗਾਹਕਾਂ ਦੀ ਕੋਈ ਰਸਮੀ ਪਿਛੋਕੜ ਜਾਂਚ ਨਹੀਂ ਕੀਤੀ ਜਾਂਦੀ।

“ਔਰਤਾਂ ਦੀ ਜਾਣ-ਪਛਾਣ ਸਥਾਨਕ ਰਿਸ਼ਤੇ ਕਰਵਾਉਣ ਵਾਲੇ ਲੋਕਾਂ ਰਾਹੀਂ ਕਰਵਾਈ ਜਾਂਦੀ ਹੈ, ਜੋ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣਦੇ ਹਨ। ਉਹ ਉਨ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਦੇ ਹਨ, ਕਿਉਂਕਿ ਉਹ ਅਕਸਰ ਇੱਕੋ ਪਿੰਡ ਤੋਂ ਹੁੰਦੇ ਹਨ। ਮਰਦ ਦਾ ਰਿਸ਼ਤਾ ਕਰਵਾਉਣ ਵਾਲਾ ਵਿਅਕਤੀ ਵੀ ਆਮ ਤੌਰ ‘ਤੇ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੁੰਦਾ ਹੈ।”

ਉਨ੍ਹਾਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦੀਆਂ ਸੇਵਾਵਾਂ ਦੀ ਕੀਮਤ ਕਿੰਨੀ ਹੈ, ਕਿਉਂਕਿ ਇਹ ਜਾਣਕਾਰੀ “ਗੁਪਤ” ਹੈ।

ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਜੇਕਰ ਦੋਵਾਂ ਵਿੱਚੋਂ ਕਿਸੇ ਵੀ ਪੱਖ ਵੱਲੋਂ ਦਿੱਤੀ ਗਈ ਜਾਣਕਾਰੀ ਸਹੀ ਨਹੀਂ ਹੈ ਤਾਂ ਗਾਹਕ ਨੂੰ ਆਪਣੇ ਪੈਸੇ ਵਾਪਸ ਲੈਣ ਦਾ ਹੱਕ ਹੈ।

ਉਨ੍ਹਾਂ ਦਾ ਦਾਅਵਾ ਹੈ, “ਮੈਂ ਕਹਾਂਗਾ ਕਿ ਇੱਥੇ ਸਾਡੇ ਗਾਹਕਾਂ ਵੱਲੋਂ ਦੱਸੀ ਗਈ 90% ਤੋਂ ਵੱਧ ਜਾਣਕਾਰੀ ਸੱਚੀ ਹੁੰਦੀ ਹੈ।”

ਉਹ ਕਹਿੰਦੇ ਹਨ, “ਚੀਨ ਵਿੱਚ ਸਾਡੀ ਇੱਕ ਕਹਾਵਤ ਹੈ। ਇੱਕ ਸੜਿਆ ਹੋਇਆ ਚੂਹੇ ਦਾ ਮਲ ਪੂਰੇ ਸੂਪ ਦੇ ਭਾਂਡੇ ਨੂੰ ਖ਼ਰਾਬ ਕਰ ਦਿੰਦਾ ਹੈ। ਇੱਥੇ ਵੀ ਬਿਲਕੁਲ ਅਜਿਹਾ ਹੀ ਹੈ। ਅਸੀਂ ਸਥਾਨਕ ਪੁਲਿਸ ਨਾਲ ਨਿਯਮਿਤ ਤੌਰ ‘ਤੇ ਮੀਟਿੰਗਾਂ ਕਰਦੇ ਹਾਂ।”

“ਜੇਕਰ ਕਿਸੇ ਵਿਆਹ ਕਰਵਾਉਣ ਵਾਲੀ ਏਜੰਸੀ ਨੂੰ ਵਿਆਹ ਦੀ ਧੋਖਾਧੜੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਾਨੂੰਨੀ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਜਾਵੇਗਾ।”

ਇਸ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਘੱਟ ਤਸੱਲੀ ਮਿਲਦੀ ਹੈ, ਜਿਨ੍ਹਾਂ ਨੇ ਆਪਣੀ ਜਮ੍ਹਾਂ ਕੀਤੀ ਸਾਰੀ ਜਾਂ ਜ਼ਿਆਦਾਤਰ ਰਕਮ ਗੁਆ ਦਿੱਤੀ ਹੈ।

ਵਾਂਗ ਕਹਿੰਦੇ ਹਨ, “ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਏਜੰਸੀ ਵੱਲੋਂ ਇੰਨੀ ਵੱਡੀ ਸੇਵਾ ਫੀਸ ਲੈਣ, ਉਸ ਦੇ ਜੱਦੀ ਸ਼ਹਿਰ ਵਿੱਚ ਇੱਕ ਸਥਾਨਕ ਰਿਸ਼ਤਾ ਕਰਵਾਉਣ ਵਾਲੇ ਵੱਲੋਂ ਉਸ ਦੀ ਪਿਛੋਕੜ ਦੀ ਜਾਂਚ ਕਰਨ ਅਤੇ ਕੰਪਨੀ ਵੱਲੋਂ ਇੰਨੀਆਂ ਗਾਰੰਟੀਆਂ ਦੇਣ ਦੇ ਬਾਵਜੂਦ, ਔਰਤਾਂ ਬਾਰੇ ਦਿੱਤੀ ਗਈ ਜਾਣਕਾਰੀ ਪੂਰੀ ਤਰ੍ਹਾਂ ਝੂਠੀ ਨਿਕਲੇਗੀ।”

ਵਾਂਗ

ਵਿਆਹ ਬਾਰੇ ਚੀਨ ਦਾ ਕਾਨੂੰਨ

ਹੁਣ ਉਹ ਲਗਭਗ ਆਪਣੇ ਨੁਕਸਾਨ ਨੂੰ ਸਵੀਕਾਰ ਕਰ ਚੁੱਕੇ ਹਨ ਅਤੇ ਇਸ ਧੋਖੇ ਦਾ ਸ਼ਿਕਾਰ ਹੋਣ ਲਈ ਉਹ ਖੁਦ ਨੂੰ ਦੋਸ਼ੀ ਮੰਨਦੇ ਹਨ, “ਸਿਰਫ਼ ਸਮੱਸਿਆਵਾਂ ਵਾਲੀਆਂ ਔਰਤਾਂ ਹੀ ਇਸ ਤਰ੍ਹਾਂ ਦੇ ਫਲੈਸ਼ ਵਿਆਹ ਲਈ ਸਹਿਮਤ ਹੋਣਗੀਆਂ।”

ਉਨ੍ਹਾਂ ਨੇ ਗੁਈਯਾਂਗ ਵਿੱਚ ਪੁਲਿਸ ਦੇ ਦਫ਼ਤਰਾਂ ਅੱਗੇ ਗੋਡਿਆਂ ਭਾਰ ਬੈਠ ਕੇ ਉਨ੍ਹਾਂ ਨੂੰ ਆਪਣੇ ਪੈਸੇ ਵਾਪਸ ਦਿਵਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ ਅਤੇ ਇਸ ਤਰ੍ਹਾਂ ਦੇ ਅਪਰਾਧ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਹੋਰ ਕੁਝ ਕਰਨ ਦੀ ਅਪੀਲ ਕਰਨ ਵਾਸਤੇ ਉਹ ਬੀਜਿੰਗ ਤੱਕ ਵੀ ਗਏ ਹਨ।

ਫੈਨ ਬਿੰਗਹੇ, ਉਹ ਵਕੀਲ ਜਿਨ੍ਹਾਂ ਨੇ ਅਜਿਹੇ ਕਈ ਮਾਮਲੇ ਸੰਭਾਲੇ ਹਨ, ਕਹਿੰਦੇ ਹਨ ਕਿ ਇਨ੍ਹਾਂ ਮਾਮਲਿਆਂ ਵਿੱਚ ਮੁਕੱਦਮਾ ਚਲਾਉਣਾ ਮੁਸ਼ਕਲ ਹੈ।

ਇੱਕ ਕਾਰਨ ਇਹ ਹੈ ਕਿ ਚੀਨੀ ਕਾਨੂੰਨ ਵਿੱਚ ਇਸ ਤਰ੍ਹਾਂ ਦੀ ਵਿਆਹ ਸਬੰਧੀ ਧੋਖਾਧੜੀ ਲਈ ਕੋਈ ਵਿਸ਼ੇਸ਼ ਅਪਰਾਧ ਨਹੀਂ ਹੈ ਅਤੇ ਇਸ ਲਈ ਅਪਰਾਧਿਕ ਮਾਮਲਾ ਦਰਜ ਕਰਨ ਲਈ ਪੀੜਤ ਨੂੰ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਸ ਦੇ ਜੀਵਨ ਸਾਥੀ ਦਾ ਮਕਸਦ ਸ਼ੁਰੂ ਤੋਂ ਹੀ ਉਸ ਦੇ ਪੈਸੇ ਹੜੱਪਣਾ ਸੀ।

ਉਹ ਕਹਿੰਦੇ ਹਨ, “ਜਿਨ੍ਹਾਂ ਮਾਮਲਿਆਂ ਨੂੰ ਮੈਂ ਸੰਭਾਲਿਆ ਹੈ, ਉਨ੍ਹਾਂ ਵਿੱਚ ਸ਼ੱਕੀ ਵਿਅਕਤੀ ਅਕਸਰ ਦਲੀਲ ਦਿੰਦੇ ਹਨ ਕਿ ਉਨ੍ਹਾਂ ਦਾ ਇਰਾਦਾ ਸੱਚਮੁੱਚ ਵਿਆਹ ਕਰਵਾਉਣ ਅਤੇ ਚੰਗੀ ਜ਼ਿੰਦਗੀ ਜੀਉਣ ਦਾ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੀ ਆਪਸ ਵਿੱਚ ਨਹੀਂ ਬਣਦੀ, ਉਨ੍ਹਾਂ ਵਿਚਕਾਰ ਝਗੜੇ ਹੋਏ ਅਤੇ ਉਨ੍ਹਾਂ ਨੇ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ।”

“ਅਜਿਹੀਆਂ ਸਥਿਤੀਆਂ ਵਿੱਚ ਇਹ ਫ਼ਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਰਿਸ਼ਤੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਗਲਤ ਸਾਬਤ ਕਰਨਾ ਮੁਸ਼ਕਲ ਹੁੰਦਾ ਹੈ।”

ਇਸ ਤੋਂ ਵੀ ਔਖਾ ਹੈ ਜਾਅਲੀ ਰਿਸ਼ਤੇ ਕਰਵਾਉਣ ਵਾਲੀਆਂ ਏਜੰਸੀਆਂ ਤੋਂ ਪੈਸੇ ਵਾਪਸ ਲੈਣਾ, ਜੋ ਅਕਸਰ ਕਾਫ਼ੀ ਪੈਸਾ ਕਮਾ ਲੈਣ ਤੋਂ ਬਾਅਦ ਆਪਣਾ ਕਾਰੋਬਾਰ ਬੰਦ ਕਰ ਦਿੰਦੀਆਂ ਹਨ।

ਵਾਂਗ ਕੁਝ ਪੈਸੇ ਵਾਪਸ ਲੈਣ ਵਿੱਚ ਕਾਮਯਾਬ ਹੋ ਗਏ ਹਨ, ਪਰ ਸਾਰੇ ਨਹੀਂ।

“ਅਜਿਹਾ ਕੁਝ ਝੱਲਣ ਤੋਂ ਬਾਅਦ, ਮੈਨੂੰ ਇਹ ਵੀ ਨਹੀਂ ਪਤਾ ਕਿ ਮੈਂ ਹੁਣ ਵਿਆਹ ਕਰਵਾ ਸਕਾਂਗਾ ਜਾਂ ਨਹੀਂ। ਮੇਰੇ ਲਈ ਪਹਿਲਾਂ ਹੀ ਕਿਸੇ ਨੂੰ ਲੱਭਣਾ ਮੁਸ਼ਕਲ ਸੀ ਅਤੇ ਹੁਣ ਮੈਂ ਇੰਨਾ ਪੈਸਾ ਖਰਚ ਕਰ ਚੁੱਕਾ ਹਾਂ। ਮੈਂ ਹੁਣ ਇਸ ਬਾਰੇ ਨਹੀਂ ਸੋਚਾਂਗਾ।”

ਵਾਂਗ ਦੀ ਜ਼ਿੰਦਗੀ ਅਤੇ ਉਸ ਫਲੈਟ ਵਿੱਚ ਰਹਿਣ ਵਾਲੇ ਹੋਰ ਮਰਦਾਂ ਦੀ ਜ਼ਿੰਦਗੀ ਵੀ ਜਿਵੇਂ ਇੱਕ ਅਜਿਹੀ ਸਥਿਤੀ ਵਿੱਚ ਅਟਕੀ ਹੋਈ ਲੱਗਦੀ ਹੈ, ਜਿਸ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ।

ਉਹ ਆਪਣੇ ਕਾਨੂੰਨੀ ਕਾਗਜ਼ਾਂ ਨਾਲ ਘਿਰੇ ਹੋਏ ਕਹਿੰਦੇ ਹਨ, “ਲਗਭਗ ਦੋ ਸਾਲ ਹੋ ਗਏ ਹਨ ਅਤੇ ਹੁਣ ਵੀ ਮੈਨੂੰ ਨਹੀਂ ਪਤਾ ਕਿ ਮੈਂ ਉਸ ਤੋਂ ਕਦੋਂ ਤਲਾਕ ਲੈ ਸਕਾਂਗਾ।”

“ਮੈਨੂੰ ਨਹੀਂ ਪਤਾ ਕਿ ਇਹ ਮਾਮਲਾ ਕਦੋਂ ਸੁਲਝੇਗਾ, ਤਾਂ ਜੋ ਮੈਂ ਮੁੜ ਆਮ ਜ਼ਿੰਦਗੀ ਸ਼ੁਰੂ ਕਰ ਸਕਾਂ। ਇੰਝ ਲੱਗਦਾ ਹੈ ਜਿਵੇਂ ਇਹ ਕਦੇ ਖ਼ਤਮ ਹੀ ਨਹੀਂ ਹੋਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI