Source :- BBC PUNJABI
Getty Images
ਜੇ ਕਿਸੇ ਦਾ ਦਿਲ ਅਚਾਨਕ ਧੜਕਣਾ ਬੰਦ ਕਰ ਦੇਵੇ, ਤਾਂ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਿੰਨੇ ਮਿੰਟਾਂ ਤੱਕ ਕਰਨੀ ਚਾਹੀਦੀ ਹੈ? 5 ਮਿੰਟ? 10 ਮਿੰਟ? ਅੱਧਾ ਘੰਟਾ? ਕੀ ਸੀਪੀਆਰ ਦੇਣ ਲਈ ਕੋਈ ਸਮਾਂ ਸੀਮਾ ਹੁੰਦੀ ਹੈ?
ਸਾਲ 2012 ਵਿੱਚ, ਬੋਲਟਨ ਦੇ 23 ਸਾਲਾ ਫੁੱਟਬਾਲ ਖਿਡਾਰੀ ਫਾਰਿਸ ਮੂਆਮਬਾ ਇੱਕ ਮੈਚ ਦੌਰਾਨ ਅਚਾਨਕ ਮੈਦਾਨ ਵਿੱਚ ਡਿੱਗ ਪਏ। ਉਨ੍ਹਾਂ ਦਾ ਦਿਲ ਧੜਕਣਾ ਬੰਦ ਹੋ ਗਿਆ ਸੀ। ਲਗਾਤਾਰ 78 ਮਿੰਟਾਂ ਤੱਕ ਸੀਪੀਆਰ ਅਤੇ ਮੈਡੀਕਲ ਰੀਸਸਿਟੇਸ਼ਨ ਦੇਣ ਤੋਂ ਬਾਅਦ ਉਨ੍ਹਾਂ ਦੀ ਜਾਨ ਬਚ ਗਈ। ਇਹ ਘਟਨਾ ਪੂਰੀ ਦੁਨੀਆ ਨੇ ਦੇਖੀ।
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ), ਅਮਰੀਕਨ ਹਾਰਟ ਐਸੋਸੀਏਸ਼ਨ, ਯੂਰਪੀਅਨ ਰੀਸਸਿਟੇਸ਼ਨ ਕੌਂਸਲ ਅਤੇ ਭਾਰਤ ਦੀਆਂ ਸਿਹਤ ਸੰਸਥਾਵਾਂ ਦਾ ਕਹਿਣਾ ਹੈ ਕਿ ਸੀਪੀਆਰ ਦੇਣ ਲਈ ਕੋਈ ਤੈਅ “ਸਮਾਂ ਸੀਮਾ” ਨਹੀਂ ਹੁੰਦੀ।
ਸੀਪੀਆਰ ਉਦੋਂ ਤੱਕ ਜਾਰੀ ਰੱਖਣਾ ਚਾਹੀਦਾ ਹੈ, ਜਦੋਂ ਤੱਕ ਵਿਅਕਤੀ ਦੁਬਾਰਾ ਸਾਹ ਲੈਣਾ ਸ਼ੁਰੂ ਨਾ ਕਰ ਦੇਵੇ, ਆਟੋਮੇਟਿਡ ਐਕਸਟਰਨਲ ਡਿਫਿਬ੍ਰਿਲੇਟਰ (ਏਈਡੀ) ਦੀ ਵਰਤੋਂ ਨਾ ਕੀਤੀ ਜਾਵੇ ਜਾਂ ਮੈਡੀਕਲ ਟੀਮ ਪਹੁੰਚ ਕੇ ਜ਼ਿੰਮੇਵਾਰੀ ਨਾ ਸੰਭਾਲ ਲਵੇ।
ਸੀਪੀਆਰ ਕੀ ਹੈ?
Getty Images
ਸੀਪੀਆਰ ਦਾ ਪੂਰਾ ਨਾਮ ‘ਕਾਰਡੀਓਪਲਮੋਨਰੀ ਰੀਸਸਿਟੇਸ਼ਨ’ ਹੈ। ਇਹ ਜਾਨ ਬਚਾਉਣ ਦਾ ਇੱਕ ਐਮਰਜੈਂਸੀ ਤਰੀਕਾ ਹੈ। ਜਦੋਂ ਦਿਲ ਧੜਕਣਾ ਬੰਦ ਕਰ ਦੇਵੇ ਜਾਂ ਸਾਹ ਰੁਕ ਜਾਵੇ, ਤਾਂ ਛਾਤੀ ਦੇ ਵਿਚਕਾਰਲੇ ਹਿੱਸੇ ਨੂੰ ਲਗਾਤਾਰ ਦਬਾ ਕੇ (ਕੰਪਰੈਸ਼ਨ ਦੇ ਕੇ) ਦਿਮਾਗ ਅਤੇ ਸਰੀਰ ਦੇ ਮਹੱਤਵਪੂਰਨ ਅੰਗਾਂ ਤੱਕ ਆਕਸੀਜਨ ਅਤੇ ਖੂਨ ਦਾ ਵਹਾਅ ਬਣਾਈ ਰੱਖਿਆ ਜਾਂਦਾ ਹੈ।
ਦਿਲ ਦਾ ਦੌਰਾ ਪੈਣ ਤੋਂ ਬਾਅਦ ਕੁਝ ਹੀ ਮਿੰਟਾਂ ਵਿੱਚ, ਜੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚਦੀ, ਤਾਂ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ।
ਜੇ ਤੁਰੰਤ ਸੀਪੀਆਰ ਸ਼ੁਰੂ ਕਰ ਦਿੱਤਾ ਜਾਵੇ, ਤਾਂ ਵਿਅਕਤੀ ਦੇ ਬਚਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ।
ਤੁਸੀਂ ਕਿੰਨੀ ਦੇਰ ਤੱਕ ਸੀਪੀਆਰ ਦੇ ਸਕਦੇ ਹੋ?
Getty Images
ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਸੀਪੀਆਰ ਉਦੋਂ ਤੱਕ ਜਾਰੀ ਰੱਖਣਾ ਚਾਹੀਦਾ ਹੈ, ਜਦੋਂ ਤੱਕ ਮਰੀਜ਼ ਵਿੱਚ ਜ਼ਿੰਦਗੀ ਦੇ ਸੰਕੇਤ ਦਿਖਾਈ ਨਾ ਦੇਣ ਲੱਗ ਪੈਣ ਜਾਂ ਮੈਡੀਕਲ ਮਦਦ ਨਾ ਪਹੁੰਚ ਜਾਵੇ।
ਯੂਰਪੀਅਨ ਰੀਸਸਿਟੇਸ਼ਨ ਕੌਂਸਲ ਵੀ ਇਹੀ ਕਹਿੰਦੀ ਹੈ। ਅਜਿਹਾ ਕੋਈ ਕੌਮਾਂਤਰੀ ਨਿਯਮ ਨਹੀਂ ਹੈ ਕਿ ਸੀਪੀਆਰ ਨੂੰ ਕਿਸੇ ਨਿਸ਼ਚਿਤ ਮਿੰਟ ‘ਤੇ ਰੋਕ ਦੇਣਾ ਚਾਹੀਦਾ ਹੈ। ਇਹ ਫ਼ੈਸਲਾ ਹਰ ਮਰੀਜ਼ ਦੀ ਸਥਿਤੀ ਅਤੇ ਹਾਲਾਤ ਨੂੰ ਦੇਖ ਕੇ ਲਿਆ ਜਾਂਦਾ ਹੈ।
ਇਹੀ ਕਾਰਨ ਹੈ ਕਿ ਕੁਝ ਦੁਰਲੱਭ ਮਾਮਲਿਆਂ ਵਿੱਚ ਜਾਨ ਬਚਾਉਣ ਦੀਆਂ ਕੋਸ਼ਿਸ਼ਾਂ 60 ਮਿੰਟ, 70 ਮਿੰਟ ਜਾਂ ਇਸ ਤੋਂ ਵੀ ਵੱਧ ਸਮੇਂ ਤੱਕ ਜਾਰੀ ਰੱਖੀਆਂ ਗਈਆਂ ਹਨ। ਕਿਸੇ ਖਿਡਾਰੀ ਦਾ 78 ਮਿੰਟਾਂ ਬਾਅਦ ਠੀਕ ਹੋ ਜਾਣਾ ਬਹੁਤ ਦੁਰਲੱਭ ਜ਼ਰੂਰ ਹੈ, ਪਰ ਡਾਕਟਰੀ ਪੱਖੋਂ ਇਹ ਕੋਈ ਅਸੰਭਵ ਗੱਲ ਨਹੀਂ ਹੈ।
ਬ੍ਰਿਟਿਸ਼ ਹਾਰਟ ਫਾਊਂਡੇਸ਼ਨ ਦੇ ਕੈਥੀ ਰੌਸ ਨੇ ਸਾਲ 2012 ਵਿੱਚ ਬੀਬੀਸੀ ਨੂੰ ਦੱਸਿਆ ਸੀ, “ਸ਼ੁਰੂਆਤੀ ਸੀਪੀਆਰ ਡਾਕਟਰਾਂ ਨੂੰ ਮਰੀਜ਼ ਦੀ ਜਾਨ ਬਚਾਉਣ ਲਈ ਲੋੜੀਂਦਾ ਸਮਾਂ ਦੇ ਦਿੰਦਾ ਹੈ। 78 ਮਿੰਟ ਇੱਕ ਲੰਮਾ ਸਮਾਂ ਹੈ, ਪਰ ਡਾਕਟਰੀ ਇਤਿਹਾਸ ਵਿੱਚ ਅਜਿਹਾ ਹੋਣਾ ਕੋਈ ਅਣਸੁਣੀ ਗੱਲ ਨਹੀਂ ਹੈ।” (ਉਨ੍ਹਾਂ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਦੇਖੇ ਗਏ ਹਨ)
ਸੀਪੀਆਰ ਦਿੰਦੇ ਸਮੇਂ ਸਭ ਤੋਂ ਜ਼ਰੂਰੀ ਕੰਮ ਕੀ ਹੈ?

ਇਸ ਨੂੰ ਤੁਰੰਤ ਸ਼ੁਰੂ ਕਰੋ।
ਦਿਲ ਦਾ ਦੌਰਾ ਪੈਣ ਤੋਂ ਬਾਅਦ ਹਰ ਮਿੰਟ ਦੀ ਦੇਰੀ ਨਾਲ ਮਰੀਜ਼ ਦੇ ਬਚਣ ਦੀ ਸੰਭਾਵਨਾ ਘਟ ਜਾਂਦੀ ਹੈ। ਭਾਰਤ ਸਰਕਾਰ ਮੁਤਾਬਕ, ਹਰ ਮਿੰਟ ਦੀ ਦੇਰੀ ਨਾਲ ਬਚਣ ਦੀ ਸੰਭਾਵਨਾ ਲਗਭਗ 10 ਫ਼ੀਸਦੀ ਤੱਕ ਘਟ ਸਕਦੀ ਹੈ।
ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਿਫਾਈ ਸ਼ੌਕਤ ਅਲੀ ਦੱਸਦੇ ਹਨ ਕਿ ਸੀਪੀਆਰ ਤੁਰੰਤ ਸ਼ੁਰੂ ਕਰਨਾ ਕਿਉਂ ਜ਼ਰੂਰੀ ਹੈ।
ਡਾ. ਰਿਫਾਈ ਕਹਿੰਦੇ ਹਨ, “ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ ਹੈ, ਤਾਂ ਦਿਮਾਗ ਤੱਕ ਖੂਨ ਦਾ ਵਹਾਅ ਵੀ ਰੁਕ ਜਾਂਦਾ ਹੈ। ਕਈ ਵਾਰ ਸੀਪੀਆਰ ਨਾਲ ਦਿਲ ਤਾਂ ਦੁਬਾਰਾ ਧੜਕਣ ਲੱਗ ਪੈਂਦਾ ਹੈ, ਪਰ ਦਿਮਾਗ ਮੁੜ ਕੰਮ ਨਹੀਂ ਕਰ ਪਾਉਂਦਾ। ਅਜਿਹੀ ਸਥਿਤੀ ਵਿੱਚ ਮਰੀਜ਼ ਹਮੇਸ਼ਾ ਲਈ ਕੋਮਾ ਵਿੱਚ ਜਾ ਸਕਦਾ ਹੈ। ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਸੀਪੀਆਰ ਕਿੰਨੀ ਚੰਗੀ ਤਰ੍ਹਾਂ ਦਿੰਦੇ ਹਾਂ।”
”ਜਦੋਂ ਜਨਤਕ ਥਾਵਾਂ ‘ਤੇ ਲੋਕ ਸੀਪੀਆਰ ਦਿੰਦੇ ਹਨ, ਤਾਂ ਇਹ ਹਸਪਤਾਲ ਵਿੱਚ ਦਿੱਤੇ ਜਾਣ ਵਾਲੇ ਸੀਪੀਆਰ ਵਰਗਾ ਨਹੀਂ ਹੁੰਦਾ। ਜੇ ਛਾਤੀ ਨੂੰ ਲੋੜ ਅਨੁਸਾਰ ਜ਼ੋਰ ਨਾਲ ਨਹੀਂ ਦਬਾਇਆ ਜਾਂਦਾ, ਤਾਂ ਦਿਮਾਗ ਤੱਕ ਖੂਨ ਦਾ ਵਹਾਅ ਨਾਰਮਲ ਨਹੀਂ ਹੋ ਸਕੇਗਾ। ਹਸਪਤਾਲ ਵਿੱਚ ਬਲੱਡ ਪ੍ਰੈਸ਼ਰ ਸਮੇਤ ਕਈ ਜ਼ਰੂਰੀ ਸੰਕੇਤਾਂ (ਵਾਈਟਲ ਸਾਈਨਜ਼) ਦੀ ਨਿਗਰਾਨੀ ਕਰਦੇ ਹੋਏ ਸੀਪੀਆਰ ਦਿੱਤਾ ਜਾਂਦਾ ਹੈ।”
ਸਭ ਤੋਂ ਵੱਡੀ ਗ਼ਲਤੀ ਕਿਹੜੀ ਹੈ, ਜਿਸ ਤੋਂ ਬਚਣਾ ਚਾਹੀਦਾ ਹੈ?
ਛਾਤੀ ਨੂੰ ਦਬਾਉਣ ਦੀ ਪ੍ਰਕਿਰਿਆ (ਚੈਸਟ ਕੰਪਰੈਸ਼ਨ) ਵਿੱਚ ਵਾਰ-ਵਾਰ ਰੁਕਾਵਟ ਨਹੀਂ ਆਉਣੀ ਚਾਹੀਦੀ।
ਛਾਤੀ ਨੂੰ ਲਗਾਤਾਰ ਅਤੇ ਸਹੀ ਰਫ਼ਤਾਰ ਨਾਲ (ਹਰ ਮਿੰਟ 100 ਤੋਂ 120 ਵਾਰ) ਦਬਾਉਣਾ ਚਾਹੀਦਾ ਹੈ। ਇਸ ਵਿਚਕਾਰ ਬਿਨਾਂ ਕਿਸੇ ਕਾਰਨ ਰੁਕਣ ਨਾਲ ਖੂਨ ਦਾ ਵਹਾਅ ਘਟ ਜਾਂਦਾ ਹੈ।
ਡਾ. ਰਿਫਾਈ ਦੱਸਦੇ ਹਨ ਕਿ ਕਿਹੜੇ ਲੋਕਾਂ ਨੂੰ ਸੀਪੀਆਰ ਨਹੀਂ ਦੇਣਾ ਚਾਹੀਦਾ।
ਉਹ ਚਿਤਾਵਨੀ ਦਿੰਦੇ ਹਨ, “ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਅਤੇ ਛਾਤੀ ‘ਤੇ ਸੱਟ ਲੱਗਣ ਵਾਲੇ ਵਿਅਕਤੀ ਨੂੰ ਸੀਪੀਆਰ ਨਹੀਂ ਦੇਣਾ ਚਾਹੀਦਾ। ਜੇ ਕਿਸੇ ਦੀ ਛਾਤੀ ਦੀਆਂ ਹੱਡੀਆਂ ਪਹਿਲਾਂ ਹੀ ਨੁਕਸਾਨੀਆਂ ਹੋਈਆਂ ਹਨ, ਤਾਂ ਉਸ ਨੂੰ ਸੀਪੀਆਰ ਦੇਣ ਨਾਲ ਉਸ ਦੀ ਹਾਲਤ ਹੋਰ ਵਿਗੜ ਸਕਦੀ ਹੈ।”
ਸੀਪੀਆਰ ਨਾਲ ਬਚਣ ਦੀ ਸੰਭਾਵਨਾ ਕਿੰਨੀ ਵਧ ਜਾਂਦੀ ਹੈ?
Getty Images
ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਜੇ ਮੌਕੇ ‘ਤੇ ਮੌਜੂਦ ਲੋਕ ਤੁਰੰਤ ਸੀਪੀਆਰ ਦੇਣਾ ਸ਼ੁਰੂ ਕਰ ਦੇਣ, ਤਾਂ ਮਰੀਜ਼ ਦੇ ਬਚਣ ਦੀ ਸੰਭਾਵਨਾ 2 ਤੋਂ 3 ਗੁਣਾ ਤੱਕ ਵਧ ਸਕਦੀ ਹੈ।
ਅਮਰੀਕਨ ਹਾਰਟ ਐਸੋਸੀਏਸ਼ਨ ਦਾ ਸਹਿਯੋਗ ਪ੍ਰਾਪਤ ‘ਇੰਟਰਨੈਸ਼ਨਲ ਰੀਸਸਿਟੇਸ਼ਨ ਗਾਈਡਲਾਈਨਜ਼’ ਮੁਤਾਬਕ, ਸ਼ੁਰੂਆਤੀ ਸੀਪੀਆਰ ਅਤੇ ਤੁਰੰਤ ‘ਡਿਫਿਬ੍ਰਿਲੇਸ਼ਨ’ ਮਰੀਜ਼ ਦੇ ਬਚਣ ਦੀ ਸੰਭਾਵਨਾ ਵਧਾਉਣ ਵਾਲੇ ਸਭ ਤੋਂ ਅਹਿਮ ਕਾਰਕ ਹਨ।”
”ਰੈਪਿਡ ਡਿਫਿਬ੍ਰਿਲੇਸ਼ਨ ਇੱਕ ਅਜਿਹੀ ਪ੍ਰਕਿਰਿਆ ਹੈ, ਜਿਸ ਵਿੱਚ ਡਿਫਿਬ੍ਰਿਲੇਟਰ ਯੰਤਰ ਦੀ ਵਰਤੋਂ ਕਰਕੇ ਦਿਲ ਨੂੰ ਬਿਜਲੀ ਦਾ ਝਟਕਾ ਦਿੱਤਾ ਜਾਂਦਾ ਹੈ। ਅਜਿਹਾ ਉਦੋਂ ਕੀਤਾ ਜਾਂਦਾ ਹੈ, ਜਦੋਂ ਦਿਲ ਦੀ ਧੜਕਣ ਖ਼ਤਰਨਾਕ ਢੰਗ ਨਾਲ ਰੁਕ ਗਈ ਹੋਵੇ ਜਾਂ ਬੇਤਰਤੀਬ ਹੋ ਗਈ ਹੋਵੇ, ਤਾਂ ਜੋ ਇਸ ਨੂੰ ਮੁੜ ਆਮ ਨਾਰਮਲ ਵਿੱਚ ਲਿਆਂਦਾ ਜਾ ਸਕੇ।
ਯੂਰਪੀਅਨ ਰੀਸਸਿਟੇਸ਼ਨ ਕੌਂਸਲ ਦਾ ਕਹਿਣਾ ਹੈ ਕਿ ਜੇ ਦਿਲ ਦਾ ਦੌਰਾ ਪੈਣ ਤੋਂ ਕੁਝ ਹੀ ਮਿੰਟਾਂ ਦੇ ਅੰਦਰ ਅਜਿਹਾ ਕਰ ਦਿੱਤਾ ਜਾਵੇ, ਤਾਂ ਮਰੀਜ਼ ਦੇ ਬਚਣ ਦੀ ਸੰਭਾਵਨਾ ਕਾਫ਼ੀ ਵਧ ਜਾਂਦੀ ਹੈ।
ਕੀ ਕੋਈ ਵਿਅਕਤੀ ਸੀਪੀਆਰ ਤੋਂ ਬਿਨਾਂ ਜਿਉਂਦਾ ਰਹਿ ਸਕਦਾ ਹੈ?
Getty Images
ਤੁਰੰਤ ਇਲਾਜ ਤੋਂ ਬਿਨਾਂ, ਦਿਲ ਦਾ ਦੌਰਾ ਪੈਣ ਤੋਂ ਕੁਝ ਹੀ ਮਿੰਟਾਂ ਦੇ ਅੰਦਰ ਵਿਅਕਤੀ ਦੀ ਮੌਤ ਹੋ ਸਕਦੀ ਹੈ। ਜਦੋਂ ਦਿਲ ਧੜਕਣਾ ਬੰਦ ਕਰ ਦਿੰਦਾ ਹੈ, ਤਾਂ ਦਿਮਾਗ ਅਤੇ ਸਰੀਰ ਦੇ ਹੋਰ ਮਹੱਤਵਪੂਰਨ ਅੰਗਾਂ ਤੱਕ ਖੂਨ ਦਾ ਵਹਾਅ ਰੁਕ ਜਾਂਦਾ ਹੈ। ਸੀਪੀਆਰ ਇਸ ਖੂਨ ਦੇ ਵਹਾਅ ਨੂੰ ਕੁਝ ਸਮੇਂ ਲਈ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।
ਇਸ ਦਾ ਮਤਲਬ ਹੈ ਕਿ ਸੀਪੀਆਰ ਕੋਈ ਅਜਿਹਾ “ਚਮਤਕਾਰੀ ਇਲਾਜ” ਨਹੀਂ ਹੈ, ਜੋ ਸਾਰੇ ਮਰੀਜ਼ਾਂ ਦੀ ਜਾਨ ਬਚਾ ਸਕੇ। ਪਰ ਡਾਕਟਰੀ ਰਿਕਾਰਡ ਦੱਸਦੇ ਹਨ ਕਿ ਇਹ ਪਹਿਲਾ ਅਤੇ ਸਭ ਤੋਂ ਮਹੱਤਵਪੂਰਨ ਕਦਮ ਹੈ, ਜਿਸ ਨਾਲ ਕਿਸੇ ਦੀ ਜਾਨ ਬਚਾਉਣ ਦੀ ਸੰਭਾਵਨਾ ਬਣਦੀ ਹੈ।
ਸੀਪੀਆਰ ਤੋਂ ਬਾਅਦ ਠੀਕ ਹੋਣ ਦੀ ਸੰਭਾਵਨਾ ਕਿਸ ਵਿੱਚ ਵਧੇਰੇ ਹੁੰਦੀ ਹੈ?

ਡਾਕਟਰੀ ਅਧਿਐਨਾਂ ਮੁਤਾਬਕ,
- ਨੌਜਵਾਨਾਂ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।
- ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਦਿਲ ਦੀ ਕੋਈ ਗੰਭੀਰ ਬਿਮਾਰੀ ਨਹੀਂ ਹੈ, ਉਨ੍ਹਾਂ ਦੇ ਠੀਕ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ।
- ਜੇ ਸੀਪੀਆਰ ਤੁਰੰਤ ਸ਼ੁਰੂ ਕਰ ਦਿੱਤਾ ਜਾਵੇ, ਤਾਂ ਨਤੀਜੇ ਹੋਰ ਵੀ ਬਿਹਤਰ ਹੋ ਸਕਦੇ ਹਨ।
- ਜੇ ਨੇੜੇ ਆਟੋਮੇਟਿਡ ਐਕਸਟਰਨਲ ਡਿਫਿਬ੍ਰਿਲੇਟਰ (ਏਈਡੀ) ਉਪਲੱਬਧ ਹੋਵੇ ਅਤੇ ਉਸ ਦੀ ਤੁਰੰਤ ਵਰਤੋਂ ਕੀਤੀ ਜਾਵੇ, ਤਾਂ ਬਚਣ ਦੀ ਸੰਭਾਵਨਾ ਹੋਰ ਵਧ ਜਾਂਦੀ ਹੈ।
- ਦਿਲ ਦਾ ਦੌਰਾ ਪੈਣ ਅਤੇ ਸੀਪੀਆਰ ਸ਼ੁਰੂ ਕਰਨ ਵਿਚਕਾਰ ਜਿੰਨਾ ਘੱਟ ਸਮਾਂ ਹੋਵੇਗਾ, ਦਿਮਾਗ ਨੂੰ ਓਨਾ ਹੀ ਘੱਟ ਨੁਕਸਾਨ ਪਹੁੰਚੇਗਾ।
ਡਾ. ਰਿਫਾਈ ਕਹਿੰਦੇ ਹਨ, “ਆਮ ਤੌਰ ‘ਤੇ, ਜੇ 30 ਤੋਂ 45 ਮਿੰਟਾਂ ਤੱਕ ਸੀਪੀਆਰ ਦੇਣ ਤੋਂ ਬਾਅਦ ਵੀ ਕੋਈ ਅਸਰ ਦਿਖਾਈ ਨਹੀਂ ਦਿੰਦਾ, ਤਾਂ ਫਿਰ ਅਸੀਂ ਸੋਚਦੇ ਹਾਂ ਕਿ ਅੱਗੇ ਕੀ ਕਰਨਾ ਹੈ। ਅਸੀਂ ਕਈ ਗੱਲਾਂ ‘ਤੇ ਗੌਰ ਕਰਦੇ ਹਾਂ, ਜਿਵੇਂ ਕਿ ਮਰੀਜ਼ ਦੀ ਉਮਰ, ਕੀ ਉਸ ਨੂੰ ਪਹਿਲਾਂ ਤੋਂ ਦਿਲ ਨਾਲ ਸਬੰਧਤ ਕੋਈ ਸਮੱਸਿਆ ਹੈ ਅਤੇ ਕੀ ਦਿਲ ਦੀ ਧੜਕਣ ਦੀ ਦਰ ਵਿੱਚ ਕੋਈ ਬਦਲਾਅ ਆ ਰਿਹਾ ਹੈ। ਇਨ੍ਹਾਂ ਗੱਲਾਂ ਦੇ ਆਧਾਰ ‘ਤੇ ਅਸੀਂ ਅਗਲਾ ਕਦਮ ਤੈਅ ਕਰਦੇ ਹਾਂ। ਕਿਉਂਕਿ ਨੌਜਵਾਨਾਂ ਦੇ ਬਚਣ ਦੀ ਸੰਭਾਵਨਾ ਵੱਧ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੀਪੀਆਰ ਦਿੱਤਾ ਜਾ ਸਕਦਾ ਹੈ।”
ਉਹ ਇਹ ਵੀ ਦੱਸਦੇ ਹਨ ਕਿ ‘ਪਾਣੀ ਚ ਡੁੱਬਣ ਵਾਲੇ ਲੋਕਾਂ ਨੂੰ ਲੰਬੇ ਸਮੇਂ ਤੱਕ ਸੀਪੀਆਰ ਦਿੱਤਾ ਜਾ ਸਕਦਾ ਹੈ।
ਉਹ ਕਹਿੰਦੇ ਹਨ, “ਜਿਹੜੇ ਲੋਕ ਸਵਿਮਿੰਗ ਪੂਲ, ਤਲਾਬ ਜਾਂ ਖੂਹ ਵਿੱਚ ਡੁੱਬ ਗਏ ਹੋਣ, ਉਨ੍ਹਾਂ ਦੇ ਸਰੀਰ ਵਿੱਚੋਂ ਪਾਣੀ ਕੱਢਣ ਲਈ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਸੀਪੀਆਰ ਦਿੱਤਾ ਜਾ ਸਕਦਾ ਹੈ।”
ਰਿਪੋਰਟਾਂ ਦੱਸਦੀਆਂ ਹਨ ਕਿ ਭਾਰਤ ਵਿੱਚ ਆਮ ਲੋਕਾਂ ਵੱਲੋਂ ਸੀਪੀਆਰ ਦੇਣ ਦੀ ਦਰ ਅਜੇ ਵੀ ਬਹੁਤ ਘੱਟ ਹੈ, ਜੋ 1.3 ਫ਼ੀਸਦੀ ਤੋਂ 9.8 ਫ਼ੀਸਦੀ ਦੇ ਵਿਚਕਾਰ ਹੈ। ਉੱਥੇ ਹੀ, ਜੇ ਮੌਕੇ ‘ਤੇ ਮੌਜੂਦ ਲੋਕ ਤੁਰੰਤ ਸੀਪੀਆਰ ਦੇਣਾ ਸ਼ੁਰੂ ਕਰ ਦੇਣ, ਤਾਂ ਮਰੀਜ਼ ਦੇ ਬਚਣ ਦੀ ਸੰਭਾਵਨਾ 2 ਤੋਂ 3 ਗੁਣਾ ਤੱਕ ਵਧ ਸਕਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਦੇ ਸ਼ੁਰੂਆਤੀ ਕੁਝ ਮਿੰਟ ਬਹੁਤ ਮਹੱਤਵਪੂਰਨ ਹੁੰਦੇ ਹਨ। ਇਨ੍ਹਾਂ ਨੂੰ ‘ਗੋਲਡਨ ਟਾਈਮ’ ਕਿਹਾ ਜਾਂਦਾ ਹੈ।
ਸੀਪੀਆਰ ਦਿੰਦੇ ਸਮੇਂ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ?
Getty Images
ਡਾਕਟਰਾਂ ਮੁਤਾਬਕ, ਕੀ ਕਰਨਾ ਚਾਹੀਦਾ ਹੈ?
- ਸਭ ਤੋਂ ਪਹਿਲਾਂ ਆਪਣੀ ਅਤੇ ਪੀੜਤ ਵਿਅਕਤੀ ਦੀ ਸੁਰੱਖਿਆ ਯਕੀਨੀ ਬਣਾਓ।
- ਵਿਅਕਤੀ ਦੇ ਮੋਢੇ ਨੂੰ ਹੌਲੀ-ਹੌਲੀ ਥਪਥਪਾਓ ਅਤੇ ਉੱਚੀ ਆਵਾਜ਼ ਵਿੱਚ ਪੁੱਛੋ, “ਕੀ ਤੁਸੀਂ ਠੀਕ ਹੋ?” ਤਾਂ ਜੋ ਪਤਾ ਲੱਗ ਸਕੇ ਕਿ ਉਹ ਕੋਈ ਪ੍ਰਤੀਕਿਰਿਆ ਦੇ ਰਿਹਾ ਹੈ ਜਾਂ ਨਹੀਂ।
- ਜੇ ਕੋਈ ਪ੍ਰਤੀਕਿਰਿਆ ਨਾ ਮਿਲੇ, ਤਾਂ ਤੁਰੰਤ 911 ‘ਤੇ ਫ਼ੋਨ ਕਰੋ ਅਤੇ ਛਾਤੀ ਨੂੰ ਦਬਾਉਣਾ (ਚੈਸਟ ਕੰਪਰੈਸ਼ਨ) ਸ਼ੁਰੂ ਕਰ ਦਿਓ।
- ਧਿਆਨ ਰੱਖੋ ਕਿ ਪੀੜਤ ਵਿਅਕਤੀ ਕਿਸੇ ਸਖ਼ਤ ਅਤੇ ਸਮਤਲ ਸਤ੍ਹਾ ‘ਤੇ ਲੇਟਿਆ ਹੋਵੇ।
- ਛਾਤੀ ਨੂੰ ਦਬਾਉਂਦੇ ਸਮੇਂ ਆਪਣੀਆਂ ਕੂਹਣੀਆਂ ਸਿੱਧੀਆਂ ਰੱਖੋ। ਹਰ ਮਿੰਟ 100 ਤੋਂ 120 ਵਾਰ ਛਾਤੀ ਨੂੰ ਦਬਾਓ।
- ਹਰ ਵਾਰ ਦਬਾਉਣ ਤੋਂ ਬਾਅਦ ਛਾਤੀ ਨੂੰ ਮੁੜ ਆਪਣੀ ਨਾਰਮਲ ਸਥਿਤੀ ਵਿੱਚ ਆਉਣ ਦਿਓ।
- ਸੀਪੀਆਰ ਉਦੋਂ ਤੱਕ ਜਾਰੀ ਰੱਖੋ, ਜਦੋਂ ਤੱਕ ਵਿਅਕਤੀ ਦੁਬਾਰਾ ਸਾਹ ਲੈਣਾ ਸ਼ੁਰੂ ਨਾ ਕਰ ਦੇਵੇ ਜਾਂ ਡਾਕਟਰੀ ਮਦਦ ਨਾ ਪਹੁੰਚ ਜਾਵੇ।
- ਜੇ ਆਟੋਮੇਟਿਡ ਐਕਸਟਰਨਲ ਡਿਫਿਬ੍ਰਿਲੇਟਰ (ਏਈਡੀ) ਉਪਲੱਬਧ ਹੋਵੇ, ਤਾਂ ਉਸ ਦੀ ਵਰਤੋਂ ਕਰੋ।
ਡਾਕਟਰਾਂ ਮੁਤਾਬਕ, ਕੀ ਨਹੀਂ ਕਰਨਾ ਚਾਹੀਦਾ?
- ਘਬਰਾਓ ਨਾ।
- ਛਾਤੀ ਨੂੰ ਦਬਾਉਣਾ ਸ਼ੁਰੂ ਕਰਨ ਵਿੱਚ ਦੇਰੀ ਨਾ ਕਰੋ।
- ਜੇ ਪੀੜਤ ਵਿਅਕਤੀ ਹੋਸ਼ ਵਿੱਚ ਹੈ, ਤਾਂ ਛਾਤੀ ਨੂੰ ਨਾ ਦਬਾਓ।
- ਛਾਤੀ ਨੂੰ ਦਬਾਉਣ ਦੇ ਵਿਚਕਾਰ ਬਿਨਾਂ ਕਿਸੇ ਕਾਰਨ ਰੁਕਾਵਟ ਨਾ ਪਾਓ।
- ਛਾਤੀ ਨੂੰ ਦਬਾਉਂਦੇ ਸਮੇਂ ਆਪਣੀਆਂ ਕੂਹਣੀਆਂ ਨਾ ਮੋੜੋ।
- ਛਾਤੀ ਨੂੰ ਦਬਾਉਣ ਦੀ ਰਫ਼ਤਾਰ ਅਤੇ ਡੂੰਘਾਈ ਘੱਟ ਨਾ ਹੋਣ ਦਿਓ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



