Source :- BBC PUNJABI

ਇੱਕ ਸਮਾਂ ਸੀ ਜਦੋਂ ਸਾਡੇ ਘਰਾਂ ਵਿੱਚ ਡਾਕੀਏ ਦਾ ਇੱਕ ਅਹਿਮ ਸਥਾਨ ਸੀ। ਡਾਕੀਆ ਹੀ ਸਾਡੇ ਆਪਣਿਆਂ ਦੇ ਪਿਆਰ ਭਰੇ ਸੁਨੇਹੇ, ਸੁੱਖ-ਦੁੱਖ, ਦਾਖਲੇ ਅਤੇ ਨੌਕਰੀ ਦੀਆਂ ਖ਼ਬਰਾਂ ਆਦਿ ਕਈ ਅਹਿਮ ਸੂਚਨਾਵਾਂ ਸਾਡੇ ਤੱਕ ਪਹੁੰਚਾਉਂਦਾ ਹੁੰਦਾ ਸੀ।
ਪਰ ਹੁਣ ਸਭ ਕੁਝ ਆਨਲਾਈਨ ਹੋ ਜਾਣ ਤੋਂ ਬਾਅਦ ਇਹ ਕੰਮ ਈਮੇਲ ਅਤੇ ਸੋਸ਼ਲ ਮੀਡੀਆ ਰਾਹੀਂ ਹੋ ਜਾਣਦਾ ਹੈ।
ਹਾਲਾਂਕਿ, ਅਜੇ ਵੀ ਕੁਝ ਜ਼ਰੂਰੀ ਪੱਤਰ-ਦਸਤਾਵੇਜ਼, ਵਿਆਹ-ਸ਼ਾਦੀ ਵਰਗੇ ਸ਼ੁਭ ਮੌਕਿਆਂ ਦੇ ਸੱਦਾ-ਪੱਤਰ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਭੇਜੇ ਜਾਣ ਵਾਲੇ ਕਾਨੂੰਨੀ ਸੰਮਨ ਆਦਿ ਸਬੰਧਤ ਲੋਕਾਂ ਤੱਕ ਡਾਕ ਰਾਹੀਂ ਹੀ ਪਹੁੰਚਾਏ ਜਾਂਦੇ ਹਨ।
ਇਸ ਵਿਚਕਾਰ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਡਾਕੀਆ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੀ ਡਾਕ ਵੰਡਣ ਦੀ ਬਜਾਏ ਆਪਣੇ ਘਰ ਵਿੱਚ ਹੀ ਇਕੱਠੀ ਕਰ ਰਿਹਾ ਸੀ। ਇਹ ਮਾਮਲਾ ਤਾਮਿਲਨਾਡੂ ਦੇ ਤਿਰੁਪੂਰ ਜ਼ਿਲ੍ਹੇ ਦੇ ਵੇੱਲਾਕੋਵਿਲ ਦਾ ਹੈ।
ਡਾਕੀਏ ਦਾ ਭੇਤ ਖੁੱਲ੍ਹਣ ਤੋਂ ਬਾਅਦ ਉਸ ਡਾਕੀਏ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਡਾਕ ਨੂੰ ਉਸ ਦੇ ਸਹੀ ਮਾਲਕਾਂ ਤੱਕ ਪਹੁੰਚਾਉਣ ਲਈ ਕਦਮ ਚੁੱਕੇ ਜਾ ਰਹੇ ਹਨ।
ਪਰ ਆਖਿਰ ਇਹ ਡਾਕੀਆ ਡਾਕ ਨੂੰ ਲੁਕਾਈ ਕਿਉਂ ਬੈਠਾ ਤੇ ਇਸਦਾ ਭੇਤ ਕਿਵੇਂ ਖੁੱਲ੍ਹਿਆ?
ਕੁੱਤੇ ਦੇ ਕੱਟਣ ਕਾਰਨ ਸਾਹਮਣੇ ਆਇਆ ਮਾਮਲਾ
ਤਿਰੁਪੂਰ ਜ਼ਿਲ੍ਹੇ ਦੇ ਵੇੱਲਾਕੋਵਿਲ ਵਿੱਚ ਇੱਕ ਸਬ-ਪੋਸਟ ਆਫ਼ਿਸ ਹੈ। ਸੇਂਥਿਲਕੁਮਾਰ ਉੱਥੇ ਕੰਮ ਕਰਨ ਵਾਲੇ ਚਾਰ ਡਾਕੀਆਂ ਵਿੱਚੋਂ ਇੱਕ ਹਨ, ਜੋ ਨਗਰਪਾਲਿਕਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋਕਾਂ ਤੱਕ ਡਾਕ ਪਹੁੰਚਾਉਂਦੇ ਹਨ।
ਉੱਥੇ ਦੇ ਕੁਝ ਕਰਮਚਾਰੀਆਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਵੇੱਲਾਕੋਵਿਲ ਦੇ ਕੁਝ ਇਲਾਕਿਆਂ ਵਿੱਚ ਡਾਕ ਵੰਡ ਰਹੇ ਹਨ।
ਉਨ੍ਹਾਂ ਦਾ ਘਰ ਨੇੜਲੇ ਕਾਂਗੇਯਮ ਨਗਰਪਾਲਿਕਾ ਦੇ ਥੱਟਨ ਥੋੱਟਮ ਵਿੱਚ ਹੈ। ਉਨ੍ਹਾਂ ਦੇ ਘਰ ਦੇ ਸਾਹਮਣੇ ਰਹਿਣ ਵਾਲੇ ਪਲਾਨਿਆਮੱਲ ਦੀ ਇੱਕ ਖਾਲੀ ਜ਼ਮੀਨ ਸੇਂਥਿਲਕੁਮਾਰ ਦੇ ਘਰ ਦੇ ਕੋਲ ਹੈ।
ਜਦੋਂ ਪਲਾਨਿਆਮੱਲ 24 ਜੂਨ ਨੂੰ ਉਸ ਜਗ੍ਹਾ ਗਏ, ਤਾਂ ਸੇਂਥਿਲਕੁਮਾਰ ਦੇ ਘਰ ਵਿੱਚ ਰੱਖੇ ਪੰਜ ਕੁੱਤੇ ਉਨ੍ਹਾਂ ਦੇ ਪਿੱਛੇ ਪੈ ਗਏ ਤੇ ਉਨ੍ਹਾਂ ਨੂੰ ਵੱਢ ਲਿਆ। ਇੱਕ ਕੁੱਤੇ ਨੇ ਉਨ੍ਹਾਂ ਦੀ ਲੱਤ ‘ਤੇ ਵੱਢ ਲਿਆ, ਜਿਸ ਕਾਰਨ ਉਹ ਬੇਹੋਸ਼ ਹੋ ਗਏ।
ਜਾਣਕਾਰੀ ਮਿਲਣ ‘ਤੇ ਪਲਾਨਿਆਮਮੱਲ ਦੀ ਧੀ ਸ਼ਿਵਗਾਮੀ ਅਤੇ ਜਵਾਈ ਕਰੁੱਪੁਸਾਮੀ ਉੱਥੇ ਪਹੁੰਚੇ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਵੇੱਲਾਕੋਵਿਲ ਪੁਲਿਸ ਥਾਣੇ ਅਤੇ ਨਗਰਪਾਲਿਕਾ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ।
ਜਦੋਂ ਕਰੁੱਪੁਸਾਮੀ ਪੁਲਿਸ ਸੁਰੱਖਿਆ ਵਰਤਦੇ ਹੋਏ ਉੱਥੇ ਗਏ, ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਆਧਾਰ ਕਾਰਡ ਵਾਲੀ ਡਾਕ ਸਮੇਤ ਕੁਝ ਹੋਰ ਡਾਕ ਵੀ ਖਿੱਲਰੀ ਪਈ ਸੀ। ਉਨ੍ਹਾਂ ਨੇ ਇਸ ਦੀ ਜਾਣਕਾਰੀ ਡਾਕ ਵਿਭਾਗ ਨੂੰ ਦਿੱਤੀ।
ਤਸਵੀਰ ਸਰੋਤ, Handout
ਡਾਕ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਸੇਂਥਿਲਕੁਮਾਰ ਦੇ ਘਰ ਦੀ ਜਾਂਚ ਕੀਤੀ। ਉਨ੍ਹਾਂ ਨੂੰ ਉੱਥੇ ਬਹੁਤ ਸਾਰੀ ਡਾਕ ਮਿਲੀ ਜੋ ਲੁਕਾ ਕੇ ਰੱਖੀ ਸੀ। ਡਾਕ ਨੂੰ ਉਨ੍ਹਾਂ ਨੇ ਸੱਤ ਬੰਡਲਾਂ ਵਿੱਚ ਇਕੱਠਾ ਕੀਤਾ ਅਤੇ ਤਿਰੁਪੂਰ ਡਿਵਿਜ਼ਨਲ ਪੋਸਟਲ ਸੁਪਰੀਟੈਂਡੈਂਟ ਦੇ ਦਫ਼ਤਰ ਲੈ ਗਏ।
ਇਸ ਤਰ੍ਹਾਂ ਇਹ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਡਾਕੀਏ ਸੇਂਥਿਲਕੁਮਾਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।
ਸੱਚਾਈ ਜਾਣਨ ਲਈ ਬੀਬੀਸੀ ਤਮਿਲ ਦੀ ਟੀਮ ਖ਼ੁਦ ਵੇੱਲਾਕੋਵਿਲ ਇਲਾਕੇ ਵਿੱਚ ਗਈ। ਡਾਕੀਆ ਸੇਂਥਿਲਕੁਮਾਰ ਵੇੱਲਾਕੋਵਿਲ ਸਬ-ਪੋਸਟ ਆਫ਼ਿਸ ਵਿੱਚ ਕੰਮ ਕਰਦੇ ਸਨ, ਜੋ ਕਾਂਗੇਯਮ ਹੈੱਡ ਪੋਸਟ ਆਫ਼ਿਸ ਦੇ ਅਧੀਨ ਆਉਂਦਾ ਹੈ।
ਜਦੋਂ ਬੀਬੀਸੀ ਨੇ ਇਸ ਪੋਸਟ ਆਫ਼ਿਸ ਦੇ ਪੋਸਟਮਾਸਟਰ ਸੁੰਦਰਮੂਰਤੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ, “ਡਾਕੀਆ ਸੇਂਥਿਲਕੁਮਾਰ ਇੱਥੇ ਕੰਮ ਕਰਦੇ ਸਨ। ਪਰ ਸਾਨੂੰ ਉਨ੍ਹਾਂ ਵੱਲੋਂ ਆਪਣੇ ਘਰ ਵਿੱਚ ਡਾਕ ਇਕੱਠੀ ਕਰਕੇ ਰੱਖਣ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ।”
“ਤਿਰੁਪੂਰ ਡਿਵਿਜ਼ਨਲ ਸੁਪਰੀਟੈਂਡੈਂਟ ਆਫ਼ ਪੋਸਟਸ ਦੇ ਦਫ਼ਤਰ ਨੂੰ ਇਸ ਦੀ ਜਾਣਕਾਰੀ ਮਿਲੀ ਅਤੇ ਉਹ ਖ਼ੁਦ ਆ ਕੇ ਡਾਕ ਲੈ ਗਏ। ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਿ ਸਕਦਾ।”
ਦਫ਼ਤਰ ਦੇ ਇੰਚਾਰਜ ਹੋਣ ਦੇ ਨਾਤੇ, ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਉਹ ਡਾਕ ਵੰਡਦੇ ਸਨ, ਉੱਥੋਂ ਦੇ ਕਿਸੇ ਵਿਅਕਤੀ ਨੇ ਕਦੇ ਉਨ੍ਹਾਂ ਕੋਲ ਕੋਈ ਸ਼ਿਕਾਇਤ ਕੀਤੀ ਸੀ, ਤਾਂ ਉਨ੍ਹਾਂ ਨੇ ਕਿਹਾ, “ਸਾਨੂੰ ਕਦੇ ਕੋਈ ਸ਼ਿਕਾਇਤ ਨਹੀਂ ਮਿਲੀ।”
ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਰੋਜ਼ਾਨਾ ਕਿੰਨੀ ਡਾਕ ਸੰਭਾਲਦੇ ਹਨ ਅਤੇ ਇਸ ਦਾ ਰਿਕਾਰਡ ਕਿਵੇਂ ਰੱਖਿਆ ਜਾਂਦਾ ਹੈ।
ਲੋਕ ਕੀ ਕਹਿ ਰਹੇ ਹਨ?
ਤਸਵੀਰ ਸਰੋਤ, Handout
ਬੀਬੀਸੀ ਨੇ ਉਨ੍ਹਾਂ ਇਲਾਕਿਆਂ ਬਾਰੇ ਜਾਣਕਾਰੀ ਲਈ ਜਿੱਥੇ ਡਾਕੀਆ ਸੇਂਥਿਲਕੁਮਾਰ ਡਾਕ ਪਹੁੰਚਾਉਂਦੇ ਸਨ। ਸਾਡੀ ਟੀਮ ਵੇੱਲਾਕੋਵਿਲ ਨਗਰਪਾਲਿਕਾ ਦੇ ਕੁਝ ਇਲਾਕਿਆਂ, ਜਿਵੇਂ ਮੁਥੁਰ ਸਾਲਾਈ, ਕਚੇਰੀ ਵਲਾਸੁ ਅਤੇ ਇੰਦਿਰਾ ਨਗਰ ਗਈ ਅਤੇ ਉੱਥੇ ਕਈ ਲੋਕਾਂ ਨਾਲ ਗੱਲ ਕੀਤੀ।
ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਤਾਂ ਸੇਂਥਿਲਕੁਮਾਰ ਨੂੰ ਜਾਣਦੇ ਵੀ ਨਹੀਂ ਸਨ। ਉਨ੍ਹਾਂ ਨੇ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ ਕਿ ਉਨ੍ਹਾਂ ਨੂੰ ਡਾਕ ਨਹੀਂ ਮਿਲ ਰਹੀ ਸੀ।
ਬੀਬੀਸੀ ਨਾਲ ਗੱਲ ਕਰਦਿਆਂ, ਕਚੇਰੀ ਵਲਾਸੁ ਦੇ ਰਹਿਣ ਵਾਲੇ ਰਾਜ ਨੇ ਕਿਹਾ, “ਮੈਂ ਉਨ੍ਹਾਂ ਨੂੰ ਚਾਰ-ਪੰਜ ਸਾਲਾਂ ਤੋਂ ਜਾਣਦਾ ਹਾਂ। ਉਹ ਇੱਥੇ ਆਉਂਦੇ ਸਨ ਅਤੇ ਪਤੇ ਬਾਰੇ ਪੁੱਛਦੇ ਸਨ। ਅਸੀਂ ਉਨ੍ਹਾਂ ਦੀ ਹਰ ਸੰਭਵ ਮਦਦ ਕਰਦੇ ਸਨ। ਕੁਝ ਦਿਨਾਂ ਲਈ ਇੱਕ ਮਹਿਲਾ ਵੀ ਉਨ੍ਹਾਂ ਦੀ ਮਦਦ ਕਰਨ ਆਉਂਦੀ ਸੀ। ਸੋਸ਼ਲ ਮੀਡੀਆ ‘ਤੇ ਦੇਖਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਵਿੱਚ ਇੰਨੀ ਸਾਰੀ ਡਾਕ ਇਕੱਠੀ ਹੋਈ ਪਈ ਸੀ।”
ਇੰਦਿਰਾ ਨਗਰ ਇਲਾਕੇ ਵਿੱਚ ਫਰਨੀਚਰ ਦੀ ਦੁਕਾਨ ਚਲਾਉਣ ਵਾਲੀ ਵਲਾਰਮਥੀ ਨੇ ਕਿਹਾ, “ਜਿੱਥੋਂ ਤੱਕ ਮੈਨੂੰ ਪਤਾ ਹੈ, ਉਹ ਲੰਬੇ ਸਮੇਂ ਤੋਂ ਇਸ ਇਲਾਕੇ ਵਿੱਚ ਕੰਮ ਕਰ ਰਹੇ ਹਨ। ਸਾਨੂੰ ਕਦੇ-ਕਦੇ ਹੀ ਡਾਕ ਮਿਲਦੀ ਹੈ। ਉਸਨੂੰ ਵੀ ਉਹ ਪਹੁੰਚਾ ਦਿੰਦੇ ਹਨ।”
“ਸਾਡੇ ਮਾਮਲੇ ਵਿੱਚ ਡਾਕ ਜ਼ਿਆਦਾਤਰ ਕੂਰੀਅਰ ਰਾਹੀਂ ਆਉਂਦੀ ਹੈ, ਇਸ ਲਈ ਅਜਿਹਾ ਨਹੀਂ ਲੱਗਦਾ ਕਿ ਕੋਈ ਡਾਕ ਰਹਿ ਗਈ ਹੋਵੇ। ਸਾਡੀ ਜਾਣ-ਪਛਾਣ ਵਿੱਚ ਵੀ ਕਿਸੇ ਨੇ ਕਦੇ ਅਜਿਹੀ ਕੋਈ ਸ਼ਿਕਾਇਤ ਨਹੀਂ ਕੀਤੀ।”
ਕਈ ਹੋਰ ਲੋਕਾਂ ਨੇ ਵੀ ਇਸੇ ਤਰ੍ਹਾਂ ਦੀ ਰਾਇ ਜ਼ਾਹਿਰ ਕੀਤੀ।
‘ਕਈ ਲੋਕ ਪਰੇਸ਼ਾਨ’
ਤਸਵੀਰ ਸਰੋਤ, Handout
ਵਕੀਲ ਸ਼ਿਵਗਾਮੀ ਨੇ ਦੱਸਿਆ ਕਿ ਵੇੱਲਾਕੋਵਿਲ ਦੇ ਦੋ ਵਕੀਲਾਂ ਨੇ ਸ਼ਿਕਾਇਤ ਕੀਤੀ ਸੀ ਕਿ ਅਦਾਲਤੀ ਮਾਮਲਿਆਂ ਨਾਲ ਸਬੰਧਤ ਕਈ ਅਹਿਮ ਡਾਕ ਉਨ੍ਹਾਂ ਨੂੰ ਠੀਕ ਤਰ੍ਹਾਂ ਨਹੀਂ ਮਿਲੀ। ਸ਼ਿਕਾਇਤ ਕਰਨ ਵਾਲੇ ਦੋ ਵਕੀਲਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੇ ਹਨ, ਇਸ ਲਈ ਬੀਬੀਸੀ ਨੇ ਦੂਜੇ ਵਕੀਲ ਵਿਜੇ ਨਾਲ ਗੱਲ ਕੀਤੀ।
ਵਿਜੇ ਨੇ ਕਿਹਾ, “ਉਹ ਸਾਡੇ ਇਲਾਕੇ ਦਾ ਡਾਕੀਆ ਹੈ। ਪਿਛਲੇ ਛੇ-ਸੱਤ ਸਾਲਾਂ ਤੋਂ ਸਾਨੂੰ ਕਈ ਡਾਕਾਂ ਨਹੀਂ ਮਿਲ ਰਹੀਆਂ। ਖ਼ਾਸ ਕਰਕੇ ਸਾਡੇ ਵਰਗੇ ਵਕੀਲਾਂ ਨੂੰ ਕਿਸੇ ਨੂੰ ਰਜਿਸਟਰਡ ਡਾਕ ਭੇਜਣ ਲਈ ਡਾਕ ਦੀ ਰਸੀਦ ਲੈਣੀ ਪੈਂਦੀ ਹੈ ਅਤੇ ਉਸ ਨੂੰ ਅਦਾਲਤ ਵਿੱਚ ਦਸਤਾਵੇਜ਼ ਵਜੋਂ ਜਮ੍ਹਾਂ ਕਰਵਾਉਣਾ ਹੁੰਦਾ ਹੈ।”
“ਪਰ ਡਾਕੀਆ ਸੇਂਥਿਲ ਆਮ ਤੌਰ ‘ਤੇ ਉਹ ਰਸੀਦਾਂ ਨਹੀਂ ਦਿੰਦਾ। ਕੁਝ ਦਿਨ ਤੱਕ ਰਸੀਦ ਮੰਗਣ ਤੋਂ ਬਾਅਦ ਉਹ ਇਹ ਕਹਿ ਕੇ ਰਸੀਦ ਦੇ ਦਿੰਦਾ ਹੈ, ‘ਮਾਫ਼ ਕਰਨਾ, ਮੈਂ ਭੁੱਲ ਗਿਆ ਸੀ।'”
ਵਕੀਲ ਵਿਜੇ ਦਾ ਕਹਿਣਾ ਹੈ ਕਿ ਵੱਡੀ ਗਿਣਤੀ ਵਿੱਚ ਨਾਗਰਿਕਾਂ ਨੂੰ ਆਧਾਰ ਕਾਰਡ, ਪੈਨ ਕਾਰਡ, ਸਰਕਾਰ ਵੱਲੋਂ ਭੇਜੀ ਗਈ ਡਾਕ, ਡਿਗਰੀ ਸਰਟੀਫਿਕੇਟ, ਬੈਂਕ ਚੈੱਕਬੁੱਕ, ਡੈਬਿਟ ਕਾਰਡ ਆਦਿ ਨਾ ਮਿਲਣ ਕਾਰਨ ਕਈ ਲੋਕ ਪਰੇਸ਼ਾਨ ਹੋਏ ਹੋਣਗੇ। ਉਨ੍ਹਾਂ ਨੇ ਇਸ ਮਾਮਲੇ ਵਿੱਚ ਲੋਕਾਂ ਨਾਲ ਸਬੰਧਤ ਵਿਸਥਾਰਪੂਰਵਕ ਜਾਂਚ ਦੀ ਵੀ ਮੰਗ ਕੀਤੀ ਹੈ।
ਡਾਕੀਆ ਸੇਂਥਿਲਕੁਮਾਰ ਦੇ ਘਰ ਤੋਂ ਬਿਨਾਂ ਵੰਡੀ ਗਈ ਡਾਕ ਦੇ ਸੱਤ ਬੰਡਲ ਜ਼ਬਤ ਕੀਤੇ ਗਏ ਹਨ। ਬੀਬੀਸੀ ਨੇ ਵੀ ਉਨ੍ਹਾਂ ਦੇ ਘਰ ਜਾ ਕੇ ਸਥਿਤੀ ਦਾ ਜਾਇਜ਼ਾ ਲਿਆ।
ਸੇਂਥਿਲਕੁਮਾਰ ਦਾ ਘਰ ਕੋਇੰਬਟੂਰਰ ਦੇ ਥੱਟਨ ਥੋੱਟਮ ਵਿੱਚ ਮੁੱਖ ਸੜਕ ਨਾਲ ਲੱਗਦੀ ਇੱਕ ਗਲੀ ਵਿੱਚ ਹੈ। ਉਨ੍ਹਾਂ ਦੇ ਘਰ ਤੱਕ ਪਹੁੰਚਣ ਦਾ ਇਕੋ-ਇੱਕ ਰਸਤਾ ਉਹੀ ਗਲੀ ਹੈ ਅਤੇ ਜਿਵੇਂ ਹੀ ਕੋਈ ਉਸ ਗਲੀ ਵਿੱਚ ਦਾਖ਼ਲ ਹੁੰਦਾ ਹੈ, ਤਿੰਨ ਕੁੱਤੇ ਹਮਲਾਵਰ ਢੰਗ ਨਾਲ ਭੌਂਕਦੇ ਹਨ ਅਤੇ ਡਰਾਉਣ ਦੀ ਕੋਸ਼ਿਸ਼ ਕਰਦੇ ਹਨ।
ਡਾਕ ਇਕੱਠੀ ਕਰਕੇ ਰੱਖਣ ਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਸੇਂਥਿਲਕੁਮਾਰ ਦੇ ਘਰ ਵਿੱਚ ਰਹਿਣ ਵਾਲੇ ਇੱਕ ਕੁੱਤੇ ਨੇ ਪਲਾਨਿਆਮੱਲ ਨੂੰ ਕੱਟ ਲਿਆ। ਪਲਾਨਿਆਮੱਲ ਨੇ ਸਾਨੂੰ 24 ਜੂਨ ਨੂੰ ਹੋਈ ਕੁੱਤੇ ਦੇ ਕੱਟਣ ਦੀ ਘਟਨਾ ਬਾਰੇ ਦੱਸਿਆ ਅਤੇ ਆਪਣੇ ਪੈਰ ‘ਤੇ ਲੱਗਿਆ ਜ਼ਖ਼ਮ ਵੀ ਦਿਖਾਇਆ।
ਬੀਬੀਸੀ ਨਾਲ ਗੱਲ ਕਰਦਿਆਂ ਪਲਾਨਿਆਮਮਲ ਨੇ ਕਿਹਾ, “ਉਨ੍ਹਾਂ ਦੇ ਘਰ ਦੇ ਕੋਲ ਸਾਡੀ ਇੱਕ ਖਾਲੀ ਜ਼ਮੀਨ ਹੈ। ਜਦੋਂ ਮੈਂ ਉਸ ਨੂੰ ਸਾਫ਼ ਕਰਨ ਗਿਆ, ਤਾਂ ਪੰਜ ਕੁੱਤਿਆਂ ਨੇ ਮੇਰਾ ਪਿੱਛਾ ਕੀਤਾ ਅਤੇ ਕੱਟਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿੱਚੋਂ ਇੱਕ ਨੇ ਮੈਨੂੰ ਕੱਟ ਲਿਆ।”
“ਮੈਂ ਹੱਥ ਵਿੱਚ ਲੋਹੇ ਦੀ ਬਾਲਟੀ ਫੜ ਕੇ ਬਾਕੀ ਕੁੱਤਿਆਂ ਨੂੰ ਭਜਾਇਆ ਅਤੇ ਆਪਣੀ ਜਾਨ ਬਚਾਈ। ਕੁਝ ਹੀ ਦੇਰ ਵਿੱਚ ਮੈਂ ਬੇਹੋਸ਼ ਹੋ ਗਿਆ। ਕੁੱਤੇ ਦੇ ਕੱਟਣ ਕਾਰਨ ਮੈਨੂੰ ਹੁਣ ਤੱਕ 12 ਟੀਕੇ ਲੱਗ ਚੁੱਕੇ ਹਨ। ਅਜੇ ਵੀ ਕੁੱਤੇ ਹਰ ਸਵੇਰ ਭੌਂਕਦੇ ਰਹਿੰਦੇ ਹਨ, ਜਿਸ ਕਾਰਨ ਸਾਡੀ ਰਾਤਾਂ ਦੀ ਨੀਂਦ ਉੱਡ ਗਈ ਹੈ।”

ਜਦੋਂ ਇਹ ਖਬਰ ਸਾਹਮਣੇ ਆਈ ਕਿ ਪਲਾਨਿਆਮੱਲ ਨੂੰ ਕੁੱਤੇ ਨੇ ਕੱਟ ਲਿਆ ਹੈ, ਤਾਂ ਉਨ੍ਹਾਂ ਦੀ ਧੀ ਸ਼ਿਵਗਾਮੀ ਅਤੇ ਜਵਾਈ ਕਰੁੱਪੁਸਾਮੀ ਉੱਥੇ ਪਹੁੰਚੇ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਨਗਰ ਪਾਲਿਕਾ ਦਫ਼ਤਰ ਵਿੱਚ ਕੁੱਤਿਆਂ ਬਾਰੇ ਸ਼ਿਕਾਇਤ ਦਰਜ ਕਰਵਾਈ।
ਅਗਲੀ ਸਵੇਰ, ਜਦੋਂ ਨਗਰ ਪਾਲਿਕਾ ਦੇ ਅਧਿਕਾਰੀ ਕੁੱਤਿਆਂ ਨੂੰ ਫੜਨ ਆਏ, ਤਾਂ ਇਲਾਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਆਪਣੇ ਆਪ ਨੂੰ ਪਸ਼ੂ ਭਲਾਈ ਕਾਰਕੁਨ ਦੱਸਣ ਵਾਲੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਕਿਹਾ ਕਿ ਨਗਰ ਪਾਲਿਕਾ ਦੇ ਅਧਿਕਾਰੀ ਵਾਪਸ ਚਲੇ ਜਾਣ।
ਬੀਬੀਸੀ ਨਾਲ ਗੱਲ ਕਰਦਿਆਂ ਕਰੁੱਪੁਸਾਮੀ ਨੇ ਕਿਹਾ, “ਜਦੋਂ ਨਗਰ ਪਾਲਿਕਾ ਦੇ ਅਧਿਕਾਰੀ ਕੁੱਤਿਆਂ ਨੂੰ ਫੜਨ ਵਿੱਚ ਨਾਕਾਮ ਰਹੇ, ਤਾਂ ਅਸੀਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਜਦੋਂ ਉਹ ਜਾਂਚ ਕਰਨ ਆਏ, ਤਾਂ ਸਾਨੂੰ ਆਪਣੇ ਘਰ ਦੇ ਆਲੇ-ਦੁਆਲੇ ਆਧਾਰ ਕਾਰਡ ਅਤੇ ਪੈਨ ਕਾਰਡ ਦੇ ਕਈ ਲਿਫ਼ਾਫ਼ੇ ਖਿੱਲਰੇ ਹੋਏ ਮਿਲੇ।”
“ਕੁਝ ਏਟੀਐੱਮ ਕਾਰਡਾਂ ਦੇ ਲਿਫ਼ਾਫ਼ੇ ਸੜੇ ਹੋਏ ਸਨ। ਮੈਂ ਫ਼ੋਨ ‘ਤੇ ਤਿਰੁਪੂਰ ਡਿਵੀਜ਼ਨਲ ਸੁਪਰੀਟੈਂਡੈਂਟ ਆਫ਼ ਪੋਸਟਸ ਨੂੰ ਇਸ ਦੀ ਸ਼ਿਕਾਇਤ ਕੀਤੀ ਅਤੇ ਸਬੂਤ ਭੇਜੇ।”
ਕਰੁੱਪੁਸਾਮੀ ਨੇ ਕਿਹਾ, “ਜਦੋਂ ਕਾਂਗੇਯਮ ਹੈੱਡ ਪੋਸਟ ਆਫ਼ਿਸ ਦੇ ਅਧਿਕਾਰੀ ਜਾਂਚ ਕਰਨ ਆਏ, ਤਾਂ ਉਨ੍ਹਾਂ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ। ਬਾਅਦ ਵਿੱਚ, ਜਦੋਂ ਉਨ੍ਹਾਂ ਨੇ ਪੁਲਿਸ ਸੁਰੱਖਿਆ ਨਾਲ ਘਰ ਦੀ ਤਲਾਸ਼ੀ ਲਈ, ਤਾਂ ਪਤਾ ਲੱਗਿਆ ਕਿ ਸੇਂਥਿਲਕੁਮਾਰ ਨੇ ਡਾਕ ਦੇ ਸੱਤ ਬੰਡਲ ਲੁਕਾ ਕੇ ਰੱਖੇ ਹੋਏ ਸਨ। ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਜ਼ਿਆਦਾਤਰ ਡਾਕ ਕੇਂਦਰ ਸਰਕਾਰ ਦੇ ਵਿਭਾਗਾਂ ਤੋਂ ਆਈ ਸੀ, ਜਿਵੇਂ ਆਧਾਰ ਅਤੇ ਪੈਨ ਕਾਰਡ।”
ਅਪਰਨਾ, ਜੋ ਉਸੇ ਇਲਾਕੇ ਦੀ ਰਹਿਣ ਵਾਲੀ ਹੈ, ਨੇ ਕਿਹਾ, “ਉਹ ਆਪਣੇ ਘਰ ਵਿੱਚ ਕੁੱਤੇ ਪਾਲਦੇ ਹਨ, ਇਸ ਨਾਲ ਕੋਈ ਸਮੱਸਿਆ ਨਹੀਂ ਹੈ। ਪਰ ਉਨ੍ਹਾਂ ਦੇ ਸਾਰੇ ਕੁੱਤੇ ਸੜਕ ‘ਤੇ ਆਉਣ-ਜਾਣ ਵਾਲੇ ਲੋਕਾਂ ਦੇ ਪਿੱਛੇ ਪੈਂਦੇ ਹਨ ਅਤੇ ਕੱਟਣ ਦੀ ਕੋਸ਼ਿਸ਼ ਕਰਦੇ ਹਨ।”
“ਖ਼ਾਸ ਕਰਕੇ ਬੱਚੇ ਤਾਂ ਸੜਕ ‘ਤੇ ਖੇਡ ਵੀ ਨਹੀਂ ਸਕਦੇ। ਡਾਕ ਵਿਭਾਗ ਦੇ ਅਧਿਕਾਰੀ ਜਦੋਂ ਇੱਥੇ ਆਏ, ਦੇਖਿਆ ਅਤੇ ਡਾਕ ਲੈ ਕੇ ਗਏ, ਉਦੋਂ ਹੀ ਪਤਾ ਲੱਗਿਆ ਕਿ ਉਹ ਇਸ ਕਾਰਨ ਇੰਨੇ ਕੁੱਤੇ ਪਾਲ ਰਹੇ ਸਨ। ਅੱਜ ਵੀ ਉਨ੍ਹਾਂ ਦੇ ਘਰ ਦੇ ਸਾਹਮਣੇ ਤਿੰਨ ਕੁੱਤੇ ਹਨ। ਉਸ ਗਲੀ ਵਿੱਚ ਕੋਈ ਵੀ ਨਹੀਂ ਜਾ ਸਕਦਾ।”
ਸੇਵਾਮੁਕਤ ਅਧਿਆਪਕਾ ਵਸੰਥਾ ਨੇ ਕਿਹਾ, “ਇੱਕ ਘਰ ਵਿੱਚ ਇੱਕ ਕੁੱਤਾ ਪਾਲਿਆ ਜਾ ਸਕਦਾ ਹੈ। ਪਰ ਉਹ ਪੰਜ ਕੁੱਤੇ ਪਾਲ ਰਹੇ ਹਨ, ਜਿਸ ਕਾਰਨ ਉਹ ਹਮੇਸ਼ਾ ਗਲੀ ਵਿੱਚ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਬਣੇ ਰਹਿੰਦੇ ਹਨ।”
“ਮੇਰੀ ਉਮਰ 70 ਸਾਲ ਹੈ। ਕਈ ਵਾਰ ਉਹ ਕੁੱਤੇ ਮੇਰੇ ਪਿੱਛੇ ਪੈ ਜਾਂਦੇ ਹਨ ਅਤੇ ਮੈਨੂੰ ਭੱਜਣਾ ਪੈਂਦਾ ਹੈ। ਜਦੋਂ ਮੈਂ ਇਸ ਬਾਰੇ ਸੇਂਥਿਲਕੁਮਾਰ ਦੀ ਪਤਨੀ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਮੇਰੇ ਨਾਲ ਬਹੁਤ ਰੁੱਖੇ ਢੰਗ ਨਾਲ ਗੱਲ ਕੀਤੀ। ਉਸ ਤੋਂ ਬਾਅਦ ਮੈਂ ਉਨ੍ਹਾਂ ਨਾਲ ਕੋਈ ਗੱਲ ਨਹੀਂ ਕੀਤੀ।”
ਕੀ ਨਿਗਰਾਨੀ ਕਰਨ ਵਿੱਚ ਨਾਕਾਮ ਰਹੇ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ?

ਜਦੋਂ ਬੀਬੀਸੀ ਸੇਂਥਿਲਕੁਮਾਰ ਦਾ ਪੱਖ ਜਾਣਨ ਲਈ ਉਨ੍ਹਾਂ ਦੇ ਘਰ ਪਹੁੰਚੀ, ਤਾਂ ਘਰ ਨੂੰ ਤਾਲਾ ਲੱਗਾ ਹੋਇਆ ਸੀ। ਜਦੋਂ ਸੇਂਥਿਲਕੁਮਾਰ ਦੇ ਮੋਬਾਈਲ ਨੰਬਰ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਪਤਾ ਲੱਗਿਆ ਕਿ ਉਹ ਨੰਬਰ ਅਸਥਾਈ ਤੌਰ ‘ਤੇ ਬੰਦ ਹੈ।
ਇਸ ਦੌਰਾਨ, ਪਲਾਨਿਆਮੱਲ ਦੇ ਪਰਿਵਾਰ ਵੱਲੋਂ ਸੇਂਥਿਲਕੁਮਾਰ ਦੇ ਪਰਿਵਾਰ ਵੱਲੋਂ ਕੁੱਤੇ ਪਾਲਣ ਸਬੰਧੀ ਵੇੱਲਾਕੋਵਿਲ ਪੁਲਿਸ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।
ਜਦੋਂ ਬੀਬੀਸੀ ਨੇ ਵੇੱਲਾਕੋਵਿਲ ਪੁਲਿਸ ਥਾਣੇ ਵਿੱਚ ਜਾ ਕੇ ਪੁੱਛਗਿੱਛ ਕੀਤੀ, ਤਾਂ ਸਬ-ਇੰਸਪੈਕਟਰ ਦੁਰੈਸਾਮੀ ਨੇ ਕਿਹਾ, “ਉਸ ਸ਼ਿਕਾਇਤ ਦੇ ਆਧਾਰ ‘ਤੇ ਐੱਫਆਈਆਰ ਦਰਜ ਕਰ ਲਈ ਗਈ ਹੈ। ਪਰ ਘਰ ਵਿੱਚ ਡਾਕ ਇਕੱਠੀ ਕਰਕੇ ਰੱਖਣ ਬਾਰੇ ਸਾਨੂੰ ਕੋਈ ਸ਼ਿਕਾਇਤ ਨਹੀਂ ਮਿਲੀ। ਇਸ ਲਈ ਪੁਲਿਸ ਨੇ ਉਸ ਮਾਮਲੇ ਵਿੱਚ ਨਾ ਕੋਈ ਜਾਂਚ ਕੀਤੀ ਹੈ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ ਹੈ।”
ਬੀਬੀਸੀ ਤਮਿਲ ਨੇ ਇਸ ਮਾਮਲੇ ਬਾਰੇ ਤਿਰੁਪੂਰ ਡਿਵੀਜ਼ਨਲ ਪੋਸਟਮਾਸਟਰ ਪੱਟਾਬਿਰਾਮਨ ਨਾਲ ਵੀ ਗੱਲ ਕੀਤੀ।
ਉਨ੍ਹਾਂ ਨੇ ਵਿਸਥਾਰ ਨਾਲ ਕਿਹਾ, “ਇਹ ਨਹੀਂ ਲੱਗਦਾ ਕਿ ਉਹ ਲਗਾਤਾਰ ਅਜਿਹਾ ਕਰਦਾ ਰਿਹਾ। ਸਮੇਂ-ਸਮੇਂ ‘ਤੇ ਉਹ ਕੁਝ ਡਾਕ ਵੰਡਣ ਦੀ ਬਜਾਏ ਆਪਣੇ ਕੋਲ ਰੱਖ ਲੈਂਦਾ ਸੀ। ਅਜੇ ਤੱਕ ਅਸੀਂ ਇਹ ਨਹੀਂ ਗਿਣਿਆ ਕਿ ਕੁੱਲ ਕਿੰਨੀਆਂ ਚਿੱਠੀਆਂ ਹਨ। ਪਰ ਜ਼ਿਆਦਾਤਰ ਚਿੱਠੀਆਂ 2022, 2023 ਅਤੇ 2024 ਦੀਆਂ ਹਨ। ਹਾਲ ਹੀ ਦੇ ਦਿਨਾਂ ਵਿੱਚ ਵੰਡੀ ਜਾਣ ਵਾਲੀ ਕੋਈ ਡਾਕ ਉੱਥੇ ਨਹੀਂ ਮਿਲੀ।”
ਡਿਵੀਜ਼ਨਲ ਪੋਸਟਮਾਸਟਰ ਪੱਟਾਬਿਰਾਮਨ ਨੇ ਕਿਹਾ ਕਿ ਜੇਕਰ ਪਾਸਪੋਰਟ ਜਾਂ ਸਰਕਾਰੀ ਨੌਕਰੀ ਲਈ ਇੰਟਰਵਿਊ ਕਾਲ ਲੈਟਰ ਵਰਗੀਆਂ ਅਹਿਮ ਚਿੱਠੀਆਂ ਨਾ ਵੰਡੀਆਂ ਗਈਆਂ ਹੁੰਦੀਆਂ, ਤਾਂ ਇਸ ਬਾਰੇ ਯਕੀਨੀ ਤੌਰ ‘ਤੇ ਸ਼ਿਕਾਇਤਾਂ ਮਿਲਦੀਆਂ।
ਉਨ੍ਹਾਂ ਕਿਹਾ ਕਿ ਸੇਂਥਿਲਕੁਮਾਰ ਵੱਲੋਂ ਨਾ ਵੰਡੀਆਂ ਗਈਆਂ ਜ਼ਿਆਦਾਤਰ ਚਿੱਠੀਆਂ ਸੱਦਾ-ਪੱਤਰ ਅਤੇ ਘੱਟ ਅਹਿਮੀਅਤ ਵਾਲੀਆਂ ਸਨ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉੱਥੇ ਵੱਡੀ ਗਿਣਤੀ ਵਿੱਚ ਆਧਾਰ ਅਤੇ ਪੈਨ ਕਾਰਡ ਪਏ ਸਨ। ਉਨ੍ਹਾਂ ਕਿਹਾ ਕਿ ਸੇਂਥਿਲਕੁਮਾਰ ਨੇ ਮੁੱਖ ਤੌਰ ‘ਤੇ ਉਹੀ ਚਿੱਠੀਆਂ ਨਹੀਂ ਵੰਡੀਆਂ, ਜਿਨ੍ਹਾਂ ਬਾਰੇ ਲੋਕ ਆਮ ਤੌਰ ‘ਤੇ ਸ਼ਿਕਾਇਤ ਨਹੀਂ ਕਰਦੇ।
ਤਸਵੀਰ ਸਰੋਤ, Handout
ਉਨ੍ਹਾਂ ਕਿਹਾ, “ਸੇਂਥਿਲਕੁਮਾਰ ਨੂੰ ਅਧਰੰਗ ਦਾ ਦੌਰਾ ਪੈ ਚੁੱਕਾ ਹੈ। ਪਰ ਉਹ ਕਦੇ ਵੀ ਕੰਮ ‘ਤੇ ਆਉਣ ਤੋਂ ਗ਼ੈਰ-ਹਾਜ਼ਰ ਨਹੀਂ ਰਹੇ। ਉਹ ਡਾਕ ਦਾ ਰਿਕਾਰਡ ਦਰਜ ਕਰਦੇ, ਉਸ ਨੂੰ ਆਪਣੇ ਨਾਲ ਲੈ ਜਾਂਦੇ ਅਤੇ ਜਿਨ੍ਹਾਂ ਚਿੱਠੀਆਂ ਨੂੰ ਉਹ ਘੱਟ ਅਹਿਮ ਸਮਝਦੇ ਸਨ, ਉਨ੍ਹਾਂ ਨੂੰ ਘਰ ਵਿੱਚ ਰੱਖ ਲੈਂਦੇ ਸਨ।”
“ਮੁੱਢਲੀ ਜਾਂਚ ਵਿੱਚ ਉਨ੍ਹਾਂ ਨੇ ਇਹ ਗੱਲ ਕਬੂਲ ਕੀਤੀ ਹੈ। ਅਗਲੇ ਪੜਾਅ ਵਿੱਚ ਜੇਕਰ ਪ੍ਰਭਾਵਿਤ ਲੋਕ ਕੋਈ ਸ਼ਿਕਾਇਤ ਕਰਦੇ ਹਨ, ਤਾਂ ਅਸੀਂ ਉਹ ਸ਼ਿਕਾਇਤ ਦਰਜ ਕਰ ਕੇ ਉਨ੍ਹਾਂ ਤੋਂ ਦੁਬਾਰਾ ਪੁੱਛਗਿੱਛ ਕਰਾਂਗੇ।”
ਉਨ੍ਹਾਂ ਇਹ ਵੀ ਦੱਸਿਆ ਕਿ ਸੇਂਥਿਲਕੁਮਾਰ ਦੇ ਘਰ ਤੋਂ ਜ਼ਬਤ ਕੀਤੀ ਗਈ ਡਾਕ ਨੂੰ ਕ੍ਰਮਵਾਰ ਦਰਜ ਕੀਤਾ ਜਾਵੇਗਾ, ਸਬੰਧਤ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਰਾਇ ਵੀ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਹੀ ਲੋਕਾਂ ਵੱਲੋਂ ਇੱਕ ਵੀ ਸ਼ਿਕਾਇਤ ਆ ਜਾਂਦੀ, ਤਾਂ ਇਸ ਲਾਪਰਵਾਹੀ ਨੂੰ ਰੋਕਿਆ ਜਾ ਸਕਦਾ ਸੀ।
ਫਿਲਹਾਲ ਇਹ ਡਾਕ ਸਬੰਧਤ ਲੋਕਾਂ ਤੱਕ ਪਹੁੰਚਾਉਣ ਅਤੇ ਜਾਂਚ ਦੀ ਜ਼ਿੰਮੇਵਾਰੀ ਸਹਾਇਕ ਡਿਵੀਜ਼ਨਲ ਪੋਸਟਮਾਸਟਰ ਪਲਾਨੀ ਨੂੰ ਸੌਂਪੀ ਗਈ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਪਲਾਨੀ ਨੇ ਕਿਹਾ, “ਡਾਕ ਸਬੰਧਤ ਲੋਕਾਂ ਤੱਕ ਪਹੁੰਚਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਕੰਮ 3 ਜੁਲਾਈ ਤੋਂ ਸ਼ੁਰੂ ਹੋਇਆ ਹੈ। ਡਾਕ ਇਕੱਠੀ ਕਰਕੇ ਰੱਖਣ ਦਾ ਮਾਮਲਾ ਸਾਹਮਣੇ ਆਉਂਦੇ ਹੀ ਸੇਂਥਿਲਕੁਮਾਰ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਸੀ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।”
ਵਕੀਲ ਵਿਜੇ ਨੇ ਜ਼ੋਰ ਦੇ ਕੇ ਕਿਹਾ ਕਿ ਕਾਰਵਾਈ ਸਿਰਫ਼ ਡਾਕੀਆ ਸੇਂਥਿਲਕੁਮਾਰ ਖ਼ਿਲਾਫ਼ ਹੀ ਨਹੀਂ, ਸਗੋਂ ਉਨ੍ਹਾਂ ਬਾਰੇ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਕਰਕੇ ਤੁਰੰਤ ਕਾਰਵਾਈ ਨਾ ਕਰਨ ਵਾਲੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਵੀ ਹੋਣੀ ਚਾਹੀਦੀ ਹੈ।
ਉਨ੍ਹਾਂ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, “ਹੁਣ ਜਾ ਕੇ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਕਿੰਨੀਆਂ ਚਿੱਠੀਆਂ ਵੰਡਣ ਦੀ ਬਜਾਏ ਲੁਕਾ ਕੇ ਰੱਖੀਆਂ ਸਨ। ਮੈਂ ਇਸ ਸਬੰਧੀ ਇੱਥੋਂ ਦੇ ਪੋਸਟਮਾਸਟਰ ਨੂੰ ਵੀ ਸ਼ਿਕਾਇਤ ਦਿੱਤੀ ਸੀ।”
“ਇਸ ਤੋਂ ਇਲਾਵਾ ਤਿਰੁਪੂਰ ਡਿਵੀਜ਼ਨਲ ਪੋਸਟਮਾਸਟਰ ਦੇ ਦਫ਼ਤਰ ਅਤੇ ਚੇੱਨਈ ਵਿੱਚ ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਆਨਲਾਈਨ ਸ਼ਿਕਾਇਤ ਭੇਜੀ ਸੀ। ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਹੁਣ ਵਾਪਰੀ ਇਸ ਲਾਪਰਵਾਹੀ ਲਈ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ।”
ਜਦੋਂ ਬੀਬੀਸੀ ਨੇ ਇਸ ਮਾਮਲੇ ਬਾਰੇ ਕੋਇੰਬਟੂਰ ਰੀਜਨ ਦੇ ਪੋਸਟਮਾਸਟਰ ਜਨਰਲ ਸਰਵਣਨ ਨਾਲ ਗੱਲ ਕੀਤੀ, ਤਾਂ ਉਨ੍ਹਾਂ ਕਿਹਾ, “ਸੇਂਥਿਲਕੁਮਾਰ ਖ਼ਿਲਾਫ਼ ਜਾਂਚ ਹੁਣੇ ਹੀ ਸ਼ੁਰੂ ਹੋਈ ਹੈ। ਡਾਕ ਸੇਵਾਵਾਂ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਸੀਨੀਅਰ ਅਧਿਕਾਰੀਆਂ ਦੀ ਵੀ ਹੁੰਦੀ ਹੈ।”
“ਇਹ ਵੀ ਜਾਂਚਿਆ ਜਾਵੇਗਾ ਕਿ ਉਨ੍ਹਾਂ ਦੇ ਕਾਰਜ ਖੇਤਰ ਵਿੱਚੋਂ ਕਿਸੇ ਨੇ ਪਹਿਲਾਂ ਕੋਈ ਸ਼ਿਕਾਇਤ ਕੀਤੀ ਸੀ ਜਾਂ ਨਹੀਂ। ਜੇਕਰ ਅਜਿਹਾ ਹੋਇਆ ਹੋਵੇਗਾ ਤਾਂ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਉਸ ਤੋਂ ਬਾਅਦ ਹੀ ਇਹ ਸਪੱਸ਼ਟ ਹੋਵੇਗਾ ਕਿ ਗਲਤੀ ਕਿਸ ਦੀ ਹੈ। ਜਾਂਚ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



