Source :- BBC PUNJABI
ਤਸਵੀਰ ਸਰੋਤ, Getty Images
ਇਹ ਜਣੇਪੇ ਨਾਲ ਜੁੜਿਆ ਇੱਕ ਅਸਾਧਾਰਨ ਮਾਮਲਾ ਹੈ। ਡਾਕਟਰਾਂ ਨੂੰ ਆਪ੍ਰੇਸ਼ਨ ਦੌਰਾਨ ਪਤਾ ਲੱਗਾ ਕਿ ਔਰਤ ਦੇ ਗਰਭ ਵਿੱਚ ਕੋਈ ਬੱਚਾ ਸੀ ਹੀ ਨਹੀਂ।
ਦਰਅਸਲ, ਬੱਚੇ ਦੀ ਡਿਲੀਵਰੀ ਲਈ ਇਹ ਆਪ੍ਰੇਸ਼ਨ 27 ਅਗਸਤ ਨੂੰ ਪਾਕਿਸਤਾਨ ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਵਿੱਚ ਕੀਤਾ ਜਾ ਰਿਹਾ ਸੀ। ਨਾਜ਼ਿਮਾਬਾਦ ਦੇ ਹਮਦਰਦ ਹਸਪਤਾਲ ਲਿਆਂਦੀ ਗਈ ਔਰਤ ਦੇ ਪਰਿਵਾਰ ਦਾ ਮੰਨਣਾ ਸੀ ਕਿ ਉਸਦੀ ਗਰਭ ਅਵਸਥਾ ਨੂੰ ਨੌਂ ਮਹੀਨੇ ਹੋ ਚੁੱਕੇ ਸਨ।
ਪਰਿਵਾਰ ਕੋਲ ਮੌਜੂਦ ਅਲਟ੍ਰਾਸਾਊਂਡ ਰਿਪੋਰਟ ਵਿੱਚ ਵੀ 38 ਹਫ਼ਤਿਆਂ ਦੀ ਗਰਭ ਅਵਸਥਾ ਦਿਖਾਈ ਗਈ ਸੀ।
ਪਰ ਆਪ੍ਰੇਸ਼ਨ ਤੋਂ ਬਾਅਦ ਜਦੋਂ ਪਰਿਵਾਰ ਨੂੰ ਪਤਾ ਲੱਗਾ ਕਿ ਔਰਤ ਦੇ ਗਰਭ ਵਿੱਚ ਬੱਚਾ ਹੈ ਹੀ ਨਹੀਂ, ਤਾਂ ਉਹ ਭੜਕ ਗਏ। ਪਰਿਵਾਰ ਨੇ ਹਸਪਤਾਲ ਉੱਤੇ ਬੱਚੇ ਨੂੰ ਗਾਇਬ ਕਰਨ ਦਾ ਇਲਜ਼ਾਮ ਲਗਾਇਆ।
ਹਸਪਤਾਲ ਵਿੱਚ ਹੰਗਾਮੇ ਤੋਂ ਬਾਅਦ ਪੁਲਿਸ ਵੀ ਉੱਥੇ ਪਹੁੰਚੀ। ਹਾਲਾਂਕਿ, ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਔਰਤ ਨੇ ਕਥਿਤ ਤੌਰ ‘ਤੇ ਆਪਣੀ ਗਰਭ ਅਵਸਥਾ ਬਾਰੇ ਝੂਠ ਬੋਲਿਆ ਸੀ।
ਪੁਲਿਸ ਦਾ ਕਹਿਣਾ ਹੈ ਕਿ ਔਰਤ ਦੇ ਵਿਆਹ ਨੂੰ ਤਿੰਨ ਸਾਲ ਹੋ ਚੁੱਕੇ ਸਨ ਅਤੇ ਪਰਿਵਾਰ ਵੱਲੋਂ ਉਸ ‘ਤੇ ਬੱਚੇ ਲਈ ਦਬਾਅ ਸੀ। ਇਸੇ ਵਜ੍ਹਾ ਨਾਲ ਉਸਨੇ ਵੀ ਆਪਣੇ ਗਰਭਵਤੀ ਹੋਣ ਦੀ ਗੱਲ ਕਹੀ ਸੀ।
ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਇੱਕ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਹਸਪਤਾਲ ਨੇ ਗਰਭ ਅਵਸਥਾ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਕੀਤੇ ਬਿਨਾਂ ਔਰਤ ਦਾ ਆਪ੍ਰੇਸ਼ਨ ਕਿਉਂ ਕੀਤਾ?
ਹਮਦਰਦ ਹਸਪਤਾਲ ਦੇ ਇਸਤਰੀ ਰੋਗ ਵਿਭਾਗ ਦੀ ਮੁਖੀ ਡਾਕਟਰ ਅੰਜੁਮ ਆਰਾ ਹਸਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਔਰਤ 27 ਅਗਸਤ ਨੂੰ ਹਸਪਤਾਲ ਆਈ ਸੀ। ਉਸ ਨੇ ਇੱਕ ਅਲਟ੍ਰਾਸਾਊਂਡ ਰਿਪੋਰਟ ਦਿਖਾਈ ਸੀ। ਇਸ ਦੇ ਆਧਾਰ ‘ਤੇ ਡਿਊਟੀ ਡਾਕਟਰ ਨੇ ਮੈਡੀਕਲ ਜਾਂਚ ਅਤੇ ਹੋਰ ਟੈਸਟਾਂ ਤੋਂ ਬਾਅਦ ਆਪ੍ਰੇਸ਼ਨ ਕਰਨ ਦਾ ਫ਼ੈਸਲਾ ਕੀਤਾ।
ਡਾਕਟਰ ਅੰਜੁਮ ਆਰਾ ਮੁਤਾਬਕ, ਇਨ੍ਹਾਂ ਟੈਸਟਾਂ ਵਿੱਚ ਕਾਰਡੀਓਟੋਕੋਗ੍ਰਾਫ਼ੀ (ਸੀਟੀਜੀ) ਵੀ ਸ਼ਾਮਲ ਸੀ।
ਬੀਬੀਸੀ ਨੇ ਇਸ ਮਾਮਲੇ ‘ਤੇ ਹਸਪਤਾਲ ਪ੍ਰਸ਼ਾਸਨ ਤੋਂ ਹੋਰ ਜਾਣਕਾਰੀ ਮੰਗੀ। ਹਸਪਤਾਲ ਨੇ ਸਿੰਧ ਹੈਲਥਕੇਅਰ ਕਮਿਸ਼ਨ ਦੇ ਫ਼ੈਸਲੇ ਦੀ ਉਡੀਕ ਕਰਨ ਲਈ ਕਿਹਾ।
ਹਾਲਾਂਕਿ, ਮੈਡੀਕਲ ਮਾਹਰਾਂ ਦਾ ਕਹਿਣਾ ਹੈ ਕਿ ਗਰਭ ਅਵਸਥਾ ਦੀ ਸਹੀ ਪੁਸ਼ਟੀ ਤੋਂ ਬਿਨਾਂ ਅਜਿਹਾ ਆਪ੍ਰੇਸ਼ਨ ਨਹੀਂ ਕੀਤਾ ਜਾ ਸਕਦਾ। ਡਾਕਟਰਾਂ ਦੀ ਪਹਿਲੀ ਤਰਜੀਹ ਹਮੇਸ਼ਾ ਆਮ ਜਣੇਪਾ ਕਰਵਾਉਣ ਦੀ ਹੁੰਦੀ ਹੈ।
ਕਰਾਚੀ ਦੀ ਪੁਲਿਸ ਸਰਜਨ ਡਾਕਟਰ ਸਮੀਆ ਦਾ ਸਵਾਲ ਹੈ, “ਔਰਤ ਵੱਲੋਂ ਕਥਿਤ ਤੌਰ ‘ਤੇ ਝੂਠ ਬੋਲਣ ਦੀ ਗੱਲ ਆਪ੍ਰੇਸ਼ਨ ਤੋਂ ਪਹਿਲਾਂ ਸਾਹਮਣੇ ਕਿਉਂ ਨਹੀਂ ਆ ਸਕੀ?”
ਤਸਵੀਰ ਸਰੋਤ, Hospital Website
ਔਰਤ ‘ਤੇ ਸਮਾਜਿਕ ਦਬਾਅ ਸੀ : ਪੁਲਿਸ
ਇਸ ਮਾਮਲੇ ਦੀ ਜਾਂਚ ਡਿਸਟ੍ਰਿਕਟ ਸੈਂਟ੍ਰਲ ਪੁਲਿਸ ਨੇ ਕੀਤੀ ਸੀ। ਜਾਂਚ ਦੀ ਜ਼ਿੰਮੇਵਾਰੀ ਇੰਸਪੈਕਟਰ ਖ਼ਾਲਿਦ ਰਫ਼ੀਕ ਨੂੰ ਸੌਂਪੀ ਗਈ ਸੀ।
ਪੁਲਿਸ ਮੁਤਾਬਕ, ਜਦੋਂ ਆਪ੍ਰੇਸ਼ਨ ਦੌਰਾਨ ਮੈਡੀਕਲ ਸਟਾਫ਼ ਨੂੰ ਪਤਾ ਲੱਗਾ ਕਿ ਔਰਤ ਦੇ ਗਰਭ ਵਿੱਚ ਬੱਚਾ ਹੈ ਹੀ ਨਹੀਂ, ਤਾਂ ਔਰਤ ਅਤੇ ਉਸ ਦਾ ਪਰਿਵਾਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਸਨ। ਇਸ ਤੋਂ ਬਾਅਦ ਹਸਪਤਾਲ ਵਿੱਚ ਹੰਗਾਮਾ ਹੋਇਆ।
ਇੰਸਪੈਕਟਰ ਖ਼ਾਲਿਦ ਰਫ਼ੀਕ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਔਰਤ ਦੇ ਪਤੀ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਹਸਪਤਾਲ ਨਾਲ ਸੰਪਰਕ ਕਰਨ ‘ਤੇ ਉੱਥੋਂ ਦੱਸਿਆ ਗਿਆ ਕਿ “ਆਪ੍ਰੇਸ਼ਨ ਦੌਰਾਨ ਔਰਤ ਦੇ ਗਰਭ ਵਿੱਚ ਬੱਚਾ ਮੌਜੂਦ ਹੀ ਨਹੀਂ ਸੀ।”
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਲਈ ਹੈਰਾਨੀ ਵਾਲੀ ਗੱਲ ਸੀ। ਇਸ ਲਈ ਜਾਂਚ ਲਈ ਆਧੁਨਿਕ ਵਿਗਿਆਨਕ ਤਰੀਕਿਆਂ ਦੀ ਮਦਦ ਲਈ ਗਈ।
“ਔਰਤ ਦਾ ਤੁਰੰਤ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਚੈੱਕਅਪ ਅਤੇ ਟੈਸਟ ਕਰਵਾਇਆ ਗਿਆ। ਉੱਥੋਂ ਰਿਪੋਰਟ ਮਿਲੀ ਕਿ ਔਰਤ ਕਦੇ ਗਰਭਵਤੀ ਹੋਈ ਹੀ ਨਹੀਂ ਸੀ।”
“ਹਸਪਤਾਲ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਔਰਤ ਅਤੇ ਉਸ ਦਾ ਪਰਿਵਾਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਇਸ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਸਾਰੇ ਟੈਸਟਾਂ ਦੀ ਜਾਂਚ ਆਗਾ ਖ਼ਾਨ ਹਸਪਤਾਲ ਤੋਂ ਕਰਵਾਈ ਜਾਵੇਗੀ।”
ਇੰਸਪੈਕਟਰ ਖ਼ਾਲਿਦ ਰਫ਼ੀਕ ਅੱਗੇ ਦੱਸਦੇ ਹਨ, “ਅਸੀਂ ਹਮਦਰਦ ਹਸਪਤਾਲ ਤੋਂ ਸਾਰੇ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਏ ਸਨ ਅਤੇ ਹਸਪਤਾਲ ਦੇ ਪੂਰੇ ਸਟਾਫ਼ ਦੇ ਬਿਆਨ ਵੀ ਦਰਜ ਕੀਤੇ ਸਨ।”
“ਜਦੋਂ ਪੁਲਿਸ ਨੇ ਸਾਰੇ ਟੈਸਟ ਅਤੇ ਹੋਰ ਸਬੂਤ ਜਾਂਚ ਲਈ ਆਗਾ ਖ਼ਾਨ ਹਸਪਤਾਲ ਭੇਜੇ, ਤਾਂ ਔਰਤ ਨੇ ਮੰਨਿਆ ਕਿ ਉਹ ਕਦੇ ਗਰਭਵਤੀ ਹੋਈ ਹੀ ਨਹੀਂ ਸੀ ਅਤੇ ਉਸ ਨੇ ਗ਼ਲਤ ਜਾਣਕਾਰੀ ਦਿੱਤੀ ਸੀ।”
ਪੁਲਿਸ ਦਾ ਦਾਅਵਾ ਹੈ ਕਿ ਔਰਤ ਨੇ ਇਸ ਦੀ ਵਜ੍ਹਾ “ਸਮਾਜਿਕ ਦਬਾਅ” ਦੱਸੀ।
ਪੁਲਿਸ ਮੁਤਾਬਕ, ਔਰਤ ਨੇ ਅੱਗੇ ਦੱਸਿਆ, “ਵਿਆਹ ਦੇ ਤਿੰਨ ਸਾਲ ਬਾਅਦ ਵੀ ਸਾਡੇ ਘਰ ਕੋਈ ਬੱਚਾ ਨਹੀਂ ਹੋਇਆ ਸੀ। ਜਦਕਿ ਮੇਰੇ ਨਾਲ ਦੀਆਂ ਅਤੇ ਮੇਰੀ ਉਮਰ ਦੀਆਂ ਹੋਰ ਔਰਤਾਂ ਮਾਵਾਂ ਬਣ ਚੁੱਕੀਆਂ ਸਨ। ਇਹ ਗੱਲ ਮੈਨੂੰ ਅੰਦਰ ਹੀ ਅੰਦਰ ਪਰੇਸ਼ਾਨ ਕਰ ਰਹੀ ਸੀ। ਇਸ ਲਈ ਮੈਂ ਪਰਿਵਾਰ ਨੂੰ ਦੱਸ ਦਿੱਤਾ ਕਿ ਮੈਂ ਗਰਭਵਤੀ ਹਾਂ।”
ਇੰਸਪੈਕਟਰ ਖ਼ਾਲਿਦ ਰਫ਼ੀਕ ਮੁਤਾਬਕ, ਔਰਤ ਨੂੰ ਉਮੀਦ ਸੀ ਕਿ ਉਹ ਗਰਭਵਤੀ ਹੋ ਜਾਵੇਗੀ। ਪਰ ਅਜਿਹਾ ਨਹੀਂ ਹੋਇਆ। ਇਸ ਦੌਰਾਨ ਉਹ ਸਮਾਂ ਵੀ ਆ ਗਿਆ, ਜਦੋਂ ਉਸ ਦੀ ਡਿਲੀਵਰੀ ਹੋਣ ਦੀ ਉਮੀਦ ਸੀ।
ਹਾਲਾਂਕਿ, ਪੁਲਿਸ ਮੁਤਾਬਕ ਪਤਨੀ ਵੱਲੋਂ “ਅਫ਼ਸੋਸ ਜਤਾਉਣ” ਤੋਂ ਬਾਅਦ ਪਤੀ ਹੁਣ ਇਸ ਘਟਨਾ ਨੂੰ ਭੁਲਾ ਕੇ ਅੱਗੇ ਵਧਣਾ ਚਾਹੁੰਦਾ ਹੈ।
ਇੰਸਪੈਕਟਰ ਖ਼ਾਲਿਦ ਰਫ਼ੀਕ ਕਹਿੰਦੇ ਹਨ ਕਿ ਪਰਿਵਾਰ ਨੇ ਇਹ ਸਵਾਲ ਵੀ ਉਠਾਇਆ ਹੈ, “ਜੇ ਔਰਤ ਨੇ ਗ਼ਲਤ ਜਾਣਕਾਰੀ ਦਿੱਤੀ ਸੀ, ਤਾਂ ਵੀ ਇਹ ਗੱਲ ਕਿਸੇ ਡਾਕਟਰ ਦੀ ਨਜ਼ਰ ਤੋਂ ਕਿਵੇਂ ਲੁਕੀ ਰਹਿ ਸਕਦੀ ਹੈ? ਅਤੇ ਹਸਪਤਾਲ ਨੇ ਪੁਸ਼ਟੀ ਕੀਤੇ ਬਿਨਾਂ ਆਪ੍ਰੇਸ਼ਨ ਕਿਉਂ ਕੀਤਾ?”
ਔਰਤ ਦੇ ਪਤੀ ਨੇ ਹਸਪਤਾਲ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਇੰਸਪੈਕਟਰ ਖ਼ਾਲਿਦ ਰਫ਼ੀਕ ਮੁਤਾਬਕ, “ਉਚਿਤ ਕਾਰਵਾਈ ਸਿੰਧ ਹੈਲਥਕੇਅਰ ਕਮਿਸ਼ਨ ਹੀ ਕਰ ਸਕਦਾ ਹੈ। ਪੁਲਿਸ ਆਪਣੀ ਪੂਰੀ ਜਾਂਚ ਅਤੇ ਇਕੱਠੇ ਕੀਤੇ ਸਾਰੇ ਸਬੂਤ ਸਿੰਧ ਹੈਲਥਕੇਅਰ ਕਮਿਸ਼ਨ ਨੂੰ ਭੇਜ ਦੇਵੇਗੀ।”

ਹਸਪਤਾਲ ਦਾ ਪੱਖ
ਹਮਦਰਦ ਹਸਪਤਾਲ ਦੇ ਗਾਇਨੀ ਵਿਭਾਗ ਦੀ ਮੁਖੀ ਡਾਕਟਰ ਅੰਜੁਮ ਆਰਾ ਹਸਨ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ। ਹਸਪਤਾਲ ਦੇ ਬੁਲਾਰੇ ਨੇ ਵੀ ਇਸ ਵੀਡੀਓ ਬਿਆਨ ਦੀ ਪੁਸ਼ਟੀ ਕੀਤੀ ਹੈ।
ਡਾਕਟਰ ਅੰਜੁਮ ਆਰਾ ਮੁਤਾਬਕ, ਔਰਤ ਦੇ ਮੈਡੀਕਲ ਰਿਕਾਰਡ ਵਿੱਚ ਦਰਜ ਕੁਝ ਜਾਣਕਾਰੀਆਂ ਵੀ ਸ਼ੱਕੀ ਸਨ।
ਉਨ੍ਹਾਂ ਦਾ ਕਹਿਣਾ ਹੈ ਕਿ ਬਾਅਦ ਵਿੱਚ ਔਰਤ ਨੇ ਦੂਜੇ ਹਸਪਤਾਲ ਦੀ ਇੱਕ ਅਲਟ੍ਰਾਸਾਊਂਡ ਰਿਪੋਰਟ ਪੇਸ਼ ਕੀਤੀ। ਇਸ ਵਿੱਚ ਗਰਭ ਅਵਸਥਾ ਦੀ ਪੁਸ਼ਟੀ ਕੀਤੀ ਗਈ ਸੀ। ਪਰ ਹਸਪਤਾਲ ਮੁਤਾਬਕ, ਇਹ ਰਿਪੋਰਟ ਵੀ ਕਥਿਤ ਤੌਰ ‘ਤੇ ਜਾਅਲੀ ਸੀ।
ਡਾਕਟਰ ਅੰਜੁਮ ਆਰਾ ਮੁਤਾਬਕ, 27 ਅਗਸਤ ਨੂੰ ਔਰਤ ਐਮਰਜੈਂਸੀ ਵਿੱਚ ਆਈ ਸੀ। ਡਿਊਟੀ ਡਾਕਟਰ ਨੇ ਇਸੇ ਰਿਪੋਰਟ ਦੇ ਆਧਾਰ ‘ਤੇ ਉਸ ਦੀ ਮੈਡੀਕਲ ਜਾਂਚ ਅਤੇ ਜ਼ਰੂਰੀ ਟੈਸਟ ਕੀਤੇ। ਇਨ੍ਹਾਂ ਵਿੱਚ ਸੀਟੀਜੀ ਵੀ ਸ਼ਾਮਲ ਸੀ। ਇਸ ਤੋਂ ਬਾਅਦ ਆਪ੍ਰੇਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ।
ਡਾਕਟਰ ਅੰਜੁਮ ਆਰਾ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਦੌਰਾਨ ਪਤਾ ਲੱਗਾ ਕਿ ਔਰਤ ਗਰਭਵਤੀ ਨਹੀਂ ਸੀ ਅਤੇ ਉਸ ਦੇ ਗਰਭ ਵਿੱਚ ਬੱਚਾ ਮੌਜੂਦ ਨਹੀਂ ਸੀ।
ਇਸ ਮਾਮਲੇ ਵਿੱਚ ਸਵਾਲ ਉੱਠਦਾ ਹੈ ਕਿ ਆਪ੍ਰੇਸ਼ਨ ਤੋਂ ਪਹਿਲਾਂ ਹਸਪਤਾਲ ਨੇ ਔਰਤ ਦੀ ਗਰਭ ਅਵਸਥਾ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਕਿਉਂ ਨਹੀਂ ਕੀਤੀ?
ਤਸਵੀਰ ਸਰੋਤ, Getty Images
ਆਪ੍ਰੇਸ਼ਨ ਤੋਂ ਪਹਿਲਾਂ ਕੀ-ਕੀ ਜ਼ਰੂਰੀ ਹੁੰਦਾ ਹੈ?
ਬੀਬੀਸੀ ਨੇ ਮੈਡੀਕਲ ਮਾਹਰਾਂ ਨਾਲ ਗੱਲ ਕਰਕੇ ਇਸ ਸਵਾਲ ਦਾ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਹੈ।
ਇਸਲਾਮਾਬਾਦ ਵਿੱਚ ਪਾਕਿਸਤਾਨ ਇਸਲਾਮਿਕ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਫ਼ਜ਼ਲ ਰਬੀ ਕਹਿੰਦੇ ਹਨ, “ਕਿਸੇ ਵੀ ਸਰਜਰੀ ਤੋਂ ਪਹਿਲਾਂ ਆਮ ਤੌਰ ‘ਤੇ ਮਰੀਜ਼ ਦੀ ਮੈਡੀਕਲ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਦੀ ਮੈਡੀਕਲ ਹਿਸਟਰੀ ਲਈ ਜਾਂਦੀ ਹੈ।”
“ਇਸ ਤੋਂ ਬਾਅਦ ਸਰਜਰੀ ਦੀ ਲੋੜ ਅਤੇ ਬਿਮਾਰੀ ਦੀ ਸਹੀ ਪਛਾਣ ਦੀ ਪੁਸ਼ਟੀ ਲਈ ਮਰੀਜ਼ ਦੀ ਹਾਲਤ ਮੁਤਾਬਕ ਜ਼ਰੂਰੀ ਟੈਸਟ ਅਤੇ ਜਾਂਚ ਕੀਤੀ ਜਾਂਦੀ ਹੈ। ਇਨ੍ਹਾਂ ਵਿੱਚ ਬਲੱਡ ਟੈਸਟ, ਇਮੇਜਿੰਗ ਅਤੇ ਹੋਰ ਜ਼ਰੂਰੀ ਜਾਂਚ ਸ਼ਾਮਲ ਹੋ ਸਕਦੀ ਹੈ।”
ਉਨ੍ਹਾਂ ਦਾ ਕਹਿਣਾ ਸੀ ਕਿ ਸਰਜਰੀ ਤੋਂ ਪਹਿਲਾਂ ਐਨੇਸਥੀਸੀਆ ਦੇਣ ਲਈ ਵੀ ਮਰੀਜ਼ ਦੀ ਮੈਡੀਕਲ ਸਥਿਤੀ ਦਾ ਮੁਲਾਂਕਣ ਕੀਤਾ ਜਾਂਦਾ ਹੈ। ਬਲੱਡ ਪ੍ਰੈਸ਼ਰ, ਨਬਜ਼, ਆਕਸੀਜਨ ਲੈਵਲ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ।
ਡਾਕਟਰ ਫ਼ਜ਼ਲ ਰਬੀ ਨੇ ਅੱਗੇ ਕਿਹਾ ਕਿ ਸਾਰੀਆਂ ਜ਼ਰੂਰੀ ਜਾਂਚਾਂ ਤੋਂ ਬਾਅਦ ਮਰੀਜ਼ ਤੋਂ ਸਰਜਰੀ ਲਈ ਸਹਿਮਤੀ ਵੀ ਲਈ ਜਾਂਦੀ ਹੈ।
“ਕਿਸੇ ਵੀ ਗਰਭ ਅਵਸਥਾ ਵਿੱਚ ਸਭ ਤੋਂ ਪਹਿਲਾਂ ਆਮ ਜਣੇਪੇ ਨੂੰ ਤਰਜੀਹ ਦਿੱਤੀ ਜਾਂਦੀ ਹੈ। ਪਰ ਕੁਝ ਗੰਭੀਰ ਹਾਲਾਤਾਂ ਵਿੱਚ ਆਪ੍ਰੇਸ਼ਨ ਕਰਨਾ ਪੈਂਦਾ ਹੈ।”
ਉਨ੍ਹਾਂ ਦਾ ਕਹਿਣਾ ਸੀ ਕਿ ਆਮ ਤੌਰ ‘ਤੇ ਡਾਕਟਰ ਔਰਤ ਦੀ ਜਾਂਚ ਕਰਕੇ ਇਹ ਪਤਾ ਲਗਾ ਲੈਂਦੇ ਹਨ ਕਿ ਆਮ ਜਣੇਪਾ ਸੰਭਵ ਹੈ ਜਾਂ ਨਹੀਂ। ਇਸ ਤੋਂ ਬਾਅਦ ਆਪਣੀ ਤਸੱਲੀ ਲਈ ਅਲਟ੍ਰਾਸਾਊਂਡ ਕਰਵਾਇਆ ਜਾਂਦਾ ਹੈ।
“ਸੀ-ਸੈਕਸ਼ਨ ਭਾਵ ਬੱਚੇ ਦੀ ਡਿਲੀਵਰੀ ਲਈ ਆਪ੍ਰੇਸ਼ਨ ਕਰਨ ਤੋਂ ਪਹਿਲਾਂ ਡਾਕਟਰ ਔਰਤ ਦੀ ਪੂਰੀ ਮੈਡੀਕਲ ਜਾਂਚ ਕਰਦਾ ਹੈ। ਇਸ ਜਾਂਚ ਤੋਂ ਡਾਕਟਰ ਨੂੰ ਮਾਂ ਅਤੇ ਬੱਚੇ ਦੀ ਸਥਿਤੀ ਬਾਰੇ ਕਾਫ਼ੀ ਜਾਣਕਾਰੀ ਮਿਲ ਜਾਂਦੀ ਹੈ।”
“ਡਾਕਟਰ ਔਰਤ ਦੇ ਪੇਟ ਦੀ ਵੀ ਜਾਂਚ ਕਰਦਾ ਹੈ। ਇਸ ਨਾਲ ਬੱਚੇਦਾਨੀ ਦਾ ਆਕਾਰ, ਬੱਚੇ ਦੀ ਸੰਭਾਵਿਤ ਸਥਿਤੀ ਅਤੇ ਗਰਭ ਅਵਸਥਾ ਦੀ ਕੁੱਲ ਸਥਿਤੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਬੱਚੇ ਦੀ ਮੌਜੂਦਗੀ ਅਤੇ ਉਸ ਦੀ ਹਾਲਤ ਜਾਣਨ ਲਈ ਉਸ ਦੇ ਦਿਲ ਦੀ ਧੜਕਣ ਵੀ ਜਾਂਚੀ ਜਾਂਦੀ ਹੈ।”
ਉਨ੍ਹਾਂ ਦਾ ਕਹਿਣਾ ਸੀ ਕਿ ਜੇ ਮੈਡੀਕਲ ਜਾਂਚ ਜਾਂ ਪਹਿਲਾਂ ਤੋਂ ਮੌਜੂਦ ਮੈਡੀਕਲ ਰਿਕਾਰਡ ਤੋਂ ਗਰਭ ਅਵਸਥਾ, ਬੱਚੇ ਦੀ ਸਥਿਤੀ ਜਾਂ ਕਿਸੇ ਪੇਚੀਦਗੀ ਨੂੰ ਲੈ ਕੇ ਸ਼ੱਕ ਹੋਵੇ, ਤਾਂ ਡਾਕਟਰ ਲੋੜ ਮੁਤਾਬਕ ਅਲਟ੍ਰਾਸਾਊਂਡ ਜਾਂ ਹੋਰ ਜ਼ਰੂਰੀ ਮੈਡੀਕਲ ਟੈਸਟ ਕਰਵਾ ਸਕਦੇ ਹਨ।
ਤਸਵੀਰ ਸਰੋਤ, Getty Images
‘ਸਿਹਤ ਪ੍ਰਣਾਲੀ ਦੀ ਹਕੀਕਤ ਸਾਹਮਣੇ ਆ ਗਈ’
ਕਰਾਚੀ ਦੀ ਪੁਲਿਸ ਸਰਜਨ ਡਾਕਟਰ ਸਮੀਆ ਨੇ ਵੀ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਇੱਕ ਪੋਸਟ ਵਿੱਚ ਲਿਖਿਆ ਕਿ ਉਨ੍ਹਾਂ ਦੀ ਚਿੰਤਾ ਇਹ ਨਹੀਂ ਹੈ ਕਿ ਔਰਤ ਨੇ ਆਪਣੀ ਗਰਭ ਅਵਸਥਾ ਬਾਰੇ ਗ਼ਲਤ ਜਾਣਕਾਰੀ ਕਿਉਂ ਦਿੱਤੀ।
ਅਸਲ ਸਵਾਲ ਇਹ ਹੈ ਕਿ “ਔਰਤ ਦਾ ਕਥਿਤ ਝੂਠ ਸੀ-ਸੈਕਸ਼ਨ ਦੀ ਪੂਰੀ ਪ੍ਰਕਿਰਿਆ ਹੋਣ ਤੱਕ ਕਿਵੇਂ ਅਤੇ ਕਿਉਂ ਸਾਹਮਣੇ ਨਹੀਂ ਆਇਆ?”
ਉਨ੍ਹਾਂ ਨੇ ਕਿਹਾ, “ਮੈਡੀਕਲ ਸਾਇੰਸ ਵਿੱਚ ਮਰੀਜ਼ ਨੂੰ ਨੁਕਸਾਨ ਨਾ ਪਹੁੰਚਾਉਣਾ ਇੱਕ ਬੁਨਿਆਦੀ ਸਿਧਾਂਤ ਹੈ। ਪਰ ਇਸ ਮਾਮਲੇ ਵਿੱਚ ਇੱਕ ਵਾਰ ਫਿਰ ਸਾਡੀ ਸਿਹਤ ਪ੍ਰਣਾਲੀ ਦੀ ਹਕੀਕਤ ਸਾਹਮਣੇ ਆ ਗਈ ਹੈ।”
ਡਾਕਟਰ ਸਮੀਆ ਮੁਤਾਬਕ, ਸੀ-ਸੈਕਸ਼ਨ ਅਜਿਹਾ ਆਪ੍ਰੇਸ਼ਨ ਨਹੀਂ ਹੈ ਜਿਸ ਦਾ ਫ਼ੈਸਲਾ ਸਿਰਫ਼ ਇੱਕ ਰਿਪੋਰਟ ਦੇਖ ਕੇ ਕਰ ਲਿਆ ਜਾਵੇ। ਇਸ ਲਈ ਕਈ ਪ੍ਰਕਿਰਿਆਵਾਂ ਪੂਰੀਆਂ ਕਰਨੀਆਂ ਹੁੰਦੀਆਂ ਹਨ।
ਇਨ੍ਹਾਂ ਵਿੱਚ ਕਈ ਦਸਤਾਵੇਜ਼ ਤਿਆਰ ਕਰਨਾ, ਮਰੀਜ਼ ਦੀ ਮੈਡੀਕਲ ਜਾਂਚ ਕਰਨਾ ਅਤੇ ਵੱਖ-ਵੱਖ ਟੈਸਟਾਂ ਦੇ ਨਤੀਜਿਆਂ ਦੀ ਜਾਂਚ ਕਰਨਾ ਸ਼ਾਮਲ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



