Source :- BBC PUNJABI
ਤਸਵੀਰ ਸਰੋਤ, HINDUSTAN TIMES VIA GETTY IMAGES
ਜੇ ਕੋਈ ਆਦਤ ਬਦਲਣੀ ਹੈ ਤਾਂ ਪਹਿਲਾਂ ਪੁਰਾਣੀ ਆਦਤ ਛੱਡਣੀ ਪੈਂਦੀ ਹੈ ਅਤੇ ਨਵੀਂ ਆਦਤ ਅਪਣਾਉਣੀ ਪੈਂਦੀ ਹੈ। ਇਸ ਦੌਰਾਨ ਕਾਫ਼ੀ ਉਲਝਣ ਹੁੰਦੀ ਹੈ। ਰੌਲਾ ਹੁੰਦਾ ਹੈ, ਵਿਰੋਧ ਹੁੰਦਾ ਹੈ ਅਤੇ ਤਣਾਅ ਪੈਦਾ ਹੁੰਦਾ ਹੈ।
ਤੁਕਾਰਾਮ ਮੁੰਢੇ ਨੇ ਹਾਲ ਵਿੱਚ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ ਸੀ। ਇਹ ਵਿਚਾਰ ਉਨ੍ਹਾਂ ਦੀ ਹੁਣ ਤੱਕ ਦੀ ਕਾਰਜਸ਼ੈਲੀ ਨਾਲ ਵੀ ਮੇਲ ਖਾਂਦਾ ਹੈ।
ਸ਼ਾਇਦ ਇਸੇ ਕਾਰਨ ਉਨ੍ਹਾਂ ਨੇ ਆਪਣੀ ਸੇਵਾ ਦੇ ਕੁੱਲ ਸਾਲਾਂ ਤੋਂ ਵੀ ਜ਼ਿਆਦਾ ਵਾਰ ਤਬਾਦਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਤਬਾਦਲਾ ਬਦਲਾਅ ਲਿਆਉਣ ਦਾ ਇੱਕ ਨਵਾ ਮੌਕਾ ਹੁੰਦਾ ਹੈ।
ਮਹਾਰਾਸ਼ਟਰ ਦੇ ਐਫਡੀਏ ਕਮਿਸ਼ਨਰ ਬਣਨ ਤੋਂ ਬਾਅਦ ਉਨ੍ਹਾਂ ਨੇ ਮਿਲਾਵਟੀ, ਕੈਮੀਕਲ ਯੁਕਤ, ਨਕਲੀ ਅਤੇ ਨਿਯਮਾਂ ਖ਼ਿਲਾਫ਼ ਰੰਗਾਂ ਦਾ ਇਸਤੇਮਾਲ ਕਰਨ ਵਾਲੇ ਖਾਧ ਉਤਪਾਦਕਾਂ ਅਤੇ ਕਾਰੋਬਾਰੀਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ।
ਉਨ੍ਹਾਂ ਦੀ ਕਾਰਵਾਈ ਦੀ ਚਰਚਾ ਪੂਰੇ ਮਹਾਰਾਸ਼ਟਰ ਹੀ ਨਹੀਂ, ਬਲਕਿ ਦੂਜੇ ਸੂਬਿਆਂ ਵਿੱਚ ਵੀ ਹੋ ਰਹੀ ਹੈ। ਖਾਸ ਤੌਰ ‘ਤੇ ਘਟੀਆ ਪਨੀਰ ਖ਼ਿਲਾਫ਼ ਕਾਰਵਾਈ ਅਤੇ ਉਸ ਤੋਂ ਬਾਅਦ ਇੱਕ ਸਾਲ ਲਈ ਐਨਾਲੌਗ ਪਨੀਰ ‘ਤੇ ਰੋਕ ਕਾਰਨ ਉਹ ਚਰਚਾ ਵਿੱਚ ਹਨ।
ਹਾਲਾਂਕਿ ਸਖਤ ਕਾਰਵਾਈ ਦੀ ਇਹ ਉਨ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਹ ਜਿਸ ਵਿਭਾਗ ਵਿੱਚ ਗਏ ਉੱਥੇ ਉਨ੍ਹਾਂ ਨੇ ਇਸੇ ਤਰ੍ਹਾਂ ਦਾ ਕੰਮ ਕੀਤਾ। ਇਸੇ ਕਾਰਨ ਉਨ੍ਹਾਂ ਦੇ ਵਾਰ-ਵਾਰ ਤਬਾਦਲੇ ਹੋਣ ਦੀ ਚਰਚਾ ਹੁੰਦੀ ਰਹੀ ਹੈ।
ਬੀਬੀਸੀ ਮਰਾਠੀ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਕਿ ਤਬਾਦਲੇ ਸਰਕਾਰੀ ਸੇਵਾ ਦਾ ਹਿੱਸਾ ਹੁੰਦੇ ਹਨ ਇਸ ਲਈ ਉਹ ਇਸ ਦੀ ਚਿੰਤਾ ਕੀਤੇ ਬਿਨ੍ਹਾਂ ਆਪਣਾ ਕੰਮ ਕਰਦੇ ਰਹਿੰਦੇ ਹਨ।
ਬੀੜ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਹੋਇਆ ਸਫਰ ਅੱਜ ਮਹਾਰਾਸ਼ਟਰ ਦੇ ਸਭ ਤੋਂ ਚਰਚਿਤ ਅਧਿਕਾਰੀਆਂ ਵਿੱਚ ਗਿਣਿਆ ਜਾਂਦਾ ਹੈ। ਆਓ ਉਨ੍ਹਾਂ ਦੇ ਇਸ ਸਫਰ ਨੂੰ ਸਮਝਦੇ ਹਾਂ।
ਤੁਕਾਰਾਮ ਮੁੰਢੇ ਕੌਣ ਹਨ?
ਤਸਵੀਰ ਸਰੋਤ, HINDUSTAN TIMES VIA GETTY IMAGES
ਤੁਕਾਰਾਮ ਮੁੰਢੇ ਆਈਏਐਸ 2005 ਬੈਚ ਦੇ ਮਹਾਰਾਸ਼ਟਰ ਕੇਡਰ ਦੇ ਅਧਿਕਾਰੀ ਹਨ। ਫ਼ਿਲਹਾਲ ਉਹ ਮਹਾਰਾਸ਼ਟਰ ਦੇ ਖਾਧ ਅਤੇ ਔਸ਼ਧੀ ਪ੍ਰਸ਼ਾਸਨ ਵਿਭਾਗ ਦੇ ਕਮਿਸ਼ਨਰ ਹਨ।
ਮਹਾਰਾਸ਼ਟਰ ਵਿੱਚ ਸਭ ਤੋਂ ਜ਼ਿਆਦਾ ਚਰਚਾ ਵਿੱਚ ਰਹਿਣ ਵਾਲੇ ਅਧਿਕਾਰੀਆਂ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਹੈ। ਉਨ੍ਹਾਂ ਦੀ ਕਾਰਜਸ਼ੈਲੀ ਅਕਸਰ ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿੰਦੀ ਹੈ।
ਬੀੜ ਦੇ ਤਾਡਸੋਨਾ ਪਿੰਡ ਦੇ ਰਹਿਣ ਵਾਲੇ ਮੁੰਢੇ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ। ਆਰਥਿਕ ਕਠਿਨਾਈਆਂ ਵਿਚਕਾਰ ਸੰਘਰਸ਼ ਕਰਦਿਆਂ ਉਨ੍ਹਾਂ ਨੇ ਆਈਏਐਸ ਬਣਨ ਤੱਕ ਦਾ ਸਫਰ ਤੈਅ ਕੀਤਾ।
ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਅਧਿਕਾਰੀ, ਕਰਮਚਾਰੀ ਅਤੇ ਕਈ ਵਾਰ ਜਨ ਪ੍ਰਤੀਨਿਧੀ ਵੀ ਉਨ੍ਹਾਂ ਦੀ ਕਾਰਜਸ਼ੈਲੀ ਦੀ ਸ਼ਿਕਾਇਤ ਕਰਦੇ ਰਹੇ ਹਨ।
ਕੰਮ ਦੇ ਦਬਾਅ ਨੂੰ ਲੈ ਕੇ ਸ਼ਿਕਾਇਤਾਂ
ਤਸਵੀਰ ਸਰੋਤ, HINDUSTAN TIMES VIA GETTY IMAGES
ਤੁਕਾਰਾਮ ਮੁੰਢੇ ਦੀ ਕਾਰਜਸ਼ੈਲੀ ਨੂੰ ਲੈ ਕੇ ਕਈ ਵਾਰ ਕਰਮਚਾਰੀ ਵੀ ਨਰਾਜ਼ ਰਹੇ ਹਨ। ਨਵੀਂ ਥਾਂ ਕੰਮ ਸੰਭਾਲਣ ਬਾਅਦ ਉਹ ਸਭ ਤੋਂ ਪਹਿਲਾਂ ਕਰਮਚਾਰੀਆਂ ਦੀ ਅਨੁਸ਼ਾਸਨ ਵਿਵਸਥਾ ਵੱਲ ਧਿਆਨ ਦਿੰਦੇ ਹਨ। ਦਫ਼ਤਰ ਆਉਣ ਦਾ ਸਮਾਂ ਵੀ ਉਨ੍ਹਾਂ ਲਈ ਮਹੱਤਵਪੂਰਨ ਹੁੰਦਾ ਹੈ।
ਐਫਡੀਏ ਵਿੱਚ ਆਉਣ ਬਾਅਦ ਛਤਰਪਤੀ ਸੰਭਾਜੀਨਗਰ ਦੇ ਕੁਝ ਕਰਮਚਾਰੀਆਂ ਨੇ ਵੀ ਸ਼ਿਕਾਇਤ ਕੀਤੀ ਸੀ।
ਕਰਮਚਾਰੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਉਨ੍ਹਾਂ ਨੂੰ ਦੋ ਸ਼ਿਫਟਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ। ਨਾਲ ਹੀ ਸ਼ਨੀਵਾਰ, ਐਤਵਾਰ ਅਤੇ ਜਨਤਕ ਛੁੱਟੀਆਂ ਵਿਚ ਵੀ ਕੰਮ ਕਰਨ ਦੇ ਹੁਕਮ ਦਿੱਤੇ ਗਏ ਹਨ। ਖਾਲੀ ਅਹੁਦਿਆਂ ਕਾਰਨ ਕੰਮ ਦਾ ਬੋਝ ਵਧਾਉਣ ਦੀ ਗੱਲ ਵੀ ਕਹੀ ਗਈ ਸੀ।
ਏਬੀਪੀ ਮਾਝਾ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਤੁਕਾਰਾਮ ਮੁੰਢੇ ਨੇ ਸਪਸ਼ਟ ਕੀਤਾ ਸੀ ਕਿ ਕਿਸੇ ਨੂੰ ਵੀ ਨਿਯਮਾਂ ਖ਼ਿਲਾਫ਼ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਗਿਆ। ਪਹਿਲਾਂ ਜੋ ਕੰਮ ਨਹੀਂ ਹੋ ਰਿਹਾ ਸੀ ਉਸ ਨੂੰ ਨਿਯਮ ਮੁਤਾਬਕ ਸ਼ੁਰੂ ਕੀਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਯੋਗਸ਼ਾਲਾਵਾਂ ਵਿੱਚ ਸ਼ਿਫਟ ਵਿਵਸਥਾ ਪਹਿਲਾਂ ਤੋਂ ਮੌਜੂਦ ਹੈ ਕਿਸੇ ਕਰਮਚਾਰੀ ਤੋਂ ਰੋਜ਼ ਅੱਠ ਘੰਟੇ ਤੋਂ ਜ਼ਿਆਦਾ ਕੰਮ ਨਹੀਂ ਲਿਆ ਜਾਂਦਾ।
ਉਨ੍ਹਾਂ ਨੇ ਕਿਹਾ ਸੀ, “ਹਫਤੇ ਵਿੱਚ 48 ਘੰਟਿਆਂ ਤੋਂ ਜ਼ਿਆਦਾ ਕੰਮ ਵੀ ਨਹੀਂ ਕਰਵਾਇਆ ਜਾਂਦਾ। ਪਰ ਸਾਰੇ ਲੋਕ ਸਿਰਫ਼ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਹੀ ਕੰਮ ਕਰਨਾ ਚਾਹੁਣ ਤਾਂ ਇਹ ਸੰਭਵ ਨਹੀਂ ਹੈ।”
ਮੁੰਢੇ ਅਤੇ ਵਿਵਾਦ: ਕੰਮ ਨਾ ਹੋਣ ‘ਤੇ 660 ਕਰਮਚਾਰੀਆਂ ਨੂੰ ਨੋਟਿਸ
ਤਸਵੀਰ ਸਰੋਤ, FACEBOOK/SHRITUKARAMMUNDHE
ਸੋਲਾਪੁਰ ਵਿੱਚ ਪਹਿਲੀ ਨਿਯੁਕਤੀ
ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਨਿਯੁਕਤੀ ਸੋਲਾਪੁਰ ਵਿੱਚ ਸਹਾਇਕ ਜ਼ਿਲ੍ਹਾ ਅਧਿਕਾਰੀ ਦੇ ਰੂਪ ਵਿੱਚ ਹੋਈ ਸੀ।
ਉੱਥੇ ਉਨ੍ਹਾਂ ਦੀ ਪਹਿਲੀ ਕਾਰਵਾਈ ਹੀ ਵਿਵਾਦਾਂ ਵਿੱਚ ਆ ਗਈ। ਬਾਅਦ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਲੈ ਕੇ ਇੱਕ ਵੱਡਾ ਵਿਵਾਦ ਖੜ੍ਹਾ ਹੋ ਗਿਆ।
ਉਨ੍ਹਾਂ ਨੇ ਸੋਲਾਪੁਰ ਵਿੱਚ ਸਹਾਇਕ ਜ਼ਿਲ੍ਹਾ ਅਧਿਕਾਰੀ, ਜ਼ਿਲ੍ਹਾ ਅਧਿਕਾਰੀ ਅਤੇ ਨਗਰ ਨਿਗਮ ਕਮਿਸ਼ਨਰ ਜਿਹੇ ਅਹੁਦਿਆਂ ‘ਤੇ ਕੰਮ ਕੀਤਾ।
ਜ਼ਿਲ੍ਹਾ ਅਧਿਕਾਰੀ ਰਹਿੰਦਿਆਂ ਇੱਕ ਟਰੱਕ ਦੁਰਘਟਨਾ ਵਿੱਚ ਕਈ ਵਾਰਕਰੀ ਸ਼ਰਧਾਲੂਆਂ ਦੀ ਮੌਤ ਹੋਈ ਸੀ। ਉਸ ਸਮੇਂ ਭੀੜ ਨੂੰ ਕਾਬੂ ਕਰਨ ਲਈ ਉਨ੍ਹਾਂ ਨੇ ਪੁਲਿਸ ਫਾਇਰਿੰਗ ਦੇ ਹੁਕਮ ਦਿੱਤੇ ਸੀ। ਇਸ ਘਟਨਾ ਦੀ ਵੀ ਕਾਫ਼ੀ ਚਰਚਾ ਹੋਈ ਸੀ।
2008 ਵਿੱਚ ਉਹ ਨਾਗਪੁਰ ਜ਼ਿਲ੍ਹਾ ਪਰਿਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਬਣੇ।
ਉਨ੍ਹਾਂ ਨੇ ਅਧਿਆਪਕਾਂ ਦਾ ਸਮੇਂ ਸਿਰ ਪਹੁੰਚਣਾ ਜ਼ਰੂਰੀ ਕੀਤਾ। ਡਰੈਸ ਕੋਡ ਲਾਗੂ ਕੀਤਾ। ਇੱਥੋਂ ਤੱਕ ਕਿਹਾ ਕਿ ਸਵੇਰੇ ਦਸ ਵਜੇ ਤੱਕ ਅਧਿਆਪਕ ਨਾ ਆਵੇ ਤਾਂ ਪੰਜ ਮਿੰਟ ਬਾਅਦ ਸਕੂਲ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ।
ਇਸ ਕਾਰਨ ਵਿਰੋਧ ਵੀ ਹੋਇਆ। ਹਾਲਾਂਕਿ ਉਨ੍ਹਾਂ ਦੇ ਕਾਰਜ-ਕਾਲ ਵਿੱਚ ਜ਼ਿਲ੍ਹਾ ਪਰਿਸ਼ਦ ਨੂੰ ਆਈਐਸਓ ਸਰਟੀਫਿਕੇਟ ਵੀ ਮਿਲਿਆ।
ਬਾਅਦ ਵਿੱਚ ਵਾਸ਼ਿਮ ਜ਼ਿਲ੍ਹਾ ਪਰਿਸ਼ਦ ਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਰਹਿੰਦਿਆਂ ਉਨ੍ਹਾਂ ਨੇ ਇੱਕ ਗ੍ਰਾਮ ਸੇਵਕ ਯੂਨੀਅਨ ਨੇਤਾ ਨੂੰ ਮੁਅੱਤਲ ਕੀਤਾ ਸੀ। ਵਿਵਾਦ ਇੰਨਾ ਵਧਿਆ ਕਿ ਉਸ ਨੇਤਾ ਨੇ ਉਨ੍ਹਾਂ ‘ਤੇ ਪੇਪਰਵੇਟ ਸੁੱਟ ਦਿੱਤਾ।
ਤਸਵੀਰ ਸਰੋਤ, @MAHADGIPR
ਪੂਣੇ ਸਰਕਾਰੀ ਆਵਾਜਾਈ ਕੰਪਨੀ ਦੇ ਸੀਈਓ
ਪੂਣੇ ਮਹਾਨਗਰ ਪਰਿਵਹਨ ਮਹਾਂ-ਮੰਡਲ ਲਿਮਟਿਡ ਜਾਂ ਪੀਐਮਪੀਐਮਐਲ ਵਿੱਚ ਉਨ੍ਹਾਂ ਦੀ ਨਿਯੁਕਤੀ ਤੋਂ ਬਾਅਦ ਵੀ ਕਈ ਵਿਵਾਦ ਹੋਏ।
ਉਨ੍ਹਾਂ ਨੇ ਕਈ ਪ੍ਰਸ਼ਾਸਨਿਕ ਫ਼ੈਸਲੇ ਲਏ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਅਲੋਚਨਾ ਅਤੇ ਪ੍ਰਸ਼ੰਸਾ ਦੋਹੇਂ ਮਿਲੀਆਂ।
ਇੱਕ ਮਾਮਲੇ ਵਿੱਚ ਉਨ੍ਹਾਂ ਨੇ 660 ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸੀ। ਇਹ ਮੁੱਦਾ ਕਾਫ਼ੀ ਚਰਚਿਤ ਰਿਹਾ।
ਕਿਰਾਏ ਵਿੱਚ ਵਾਧਾ, ਕਰਮਚਾਰੀਆਂ ਨਾਲ ਟਕਰਾਅ ਅਤੇ ਹੋਰ ਕਾਰਨਾਂ ਤੋਂ ਉਹ ਚਰਚਾ ਵਿੱਚ ਰਹੇ। ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ।
ਮਹਾਂ ਵਿਕਾਸ ਅਗਾੜੀ ਸਰਕਾਰ ਦੌਰਾਨ ਉਨ੍ਹਾਂ ਦੀ ਨਿਯੁਕਤੀ ਨਾਗਪੁਰ ਮਹਾਂ ਪਾਲਿਕਾ ਕਮਿਸ਼ਨਰ ਦੇ ਰੂਪ ਵਿਚ ਹੋਈ। ਮੇਅਰ ਸੰਦੀਪ ਜੋਸ਼ੀ ਅਤੇ ਤੁਕਾਰਾਮ ਮੁੰਢੇ ਵਿਚਕਾਰ ਸ਼ੁਰੂ ਤੋਂ ਮਤਭੇਦ ਦੇਖਣ ਨੂੰ ਮਿਲੇ।
ਕੋਰੋਨਾ ਕਾਲ ਵਿੱਚ ਉਨ੍ਹਾਂ ਦੀ ਕਾਰਜਸ਼ੈਲੀ ਨੂੰ ਲੈ ਕੇ ਵੀ ਬਹਿਸ ਹੋਈ। ਸਥਾਨਕ ਜਨ ਪ੍ਰਤੀਨਿਧੀਆਂ ਨੇ ਇਲਜ਼ਾਮ ਲਗਾਇਆ ਕਿ ਉਹ ਕਿਸੇ ਨੂੰ ਭਰੋਸੇ ਵਿੱਚ ਨਹੀਂ ਲੈੰਦੇ। ਮੁੰਢੇ ਨੇ ਕਿਹਾ ਕਿ ਸਾਰੇ ਫ਼ੈਸਲੇ ਸਬੰਧਤ ਲੋਕਾਂ ਨੂੰ ਦੱਸੇ ਜਾਂਦੇ ਹਨ।
ਦਿਵਿਯਾਂਗ ਕਲਿਆਣ ਵਿਭਾਗ ਵਿੱਚ ਵੀ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਅਤੇ ਅਲੋਚਨਾ ਦੋਨੇ ਹੋਈਆਂ। ਉੱਥੇ ਉਨ੍ਹਾਂ ਦਾ ਕਾਰਜਕਾਲ ਸਿਰਫ਼ ਨੌ ਮਹੀਨੇ ਰਿਹਾ। ਇਸ ਤੋਂ ਬਾਅਦ ਉਨ੍ਹਾਂ ਦੀ ਬਦਲੀ ਐਫਡੀਏ ਕਮਿਸ਼ਨਰ ਦੇ ਅਹੁਦੇ ‘ਤੇ ਹੋਈ।
ਨਵੀਂ ਮੁੰਬਈ ਵਿੱਚ ਅਵਿਸ਼ਵਾਸ ਪ੍ਰਸਤਾਅ
ਨਵੀਂ ਮੁੰਬਈ ਨਗਰ ਨਿਰਗਮ ਕਮਿਸ਼ਨਰ ਰਹਿੰਦੇ ਹੋਏ ਉਨ੍ਹਾਂ ਖ਼ਿਲਾਫ਼ ਸੱਤਾਧਾਰੀ ਦਲਾਂ ਨੇ ਅਵਿਸ਼ਵਾਸ ਪ੍ਰਸਤਾਅ ਲਾਇਆ ਸੀ। ਇਹ ਪ੍ਰਸਤਾਅ ਬਹੁਮਤ ਨਾਲ ਪਾਸ ਵੀ ਹੋ ਗਿਆ ਸੀ। ਇਸ ਤੋਂ ਬਾਅਦ ਜਨਤਾ ਨੇ ਉਨ੍ਹਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਕੀਤਾ ਸੀ।
‘ਕੰਮ ਦਾ ਫ਼ਾਇਦਾ ਲੋਕਾਂ ਨੂੰ ਮਿਲਣਾ ਚਾਹੀਦਾ ਹੈ’
ਤਸਵੀਰ ਸਰੋਤ, NMC FACEBOOK
ਤੁਕਾਰਾਮ ਮੁੰਢੇ ਦੇ ਤਬਾਦਲੇ ਤੋਂ ਬਾਅਦ ਬੀਬੀਸੀ ਨੇ ਕੁਝ ਸਾਬਕਾ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਅਤੇ ਇਸ ਬਾਰੇ ਵਿੱਚ ਉਨ੍ਹਾਂ ਦੀ ਰਾਏ ਜਾਣੀ।
ਇਸ ਦੌਰਾਨ ਸਾਬਕਾ ਪ੍ਰਸ਼ਾਸਨਕ ਅਧਿਕਾਰੀ ਈਜ਼ੇਡ ਖੋਬਰਾਗੜੇ ਨੇ ਕਿਹਾ ਕਿ ਸਿਵਲ ਸੇਵਕਾਂ ਨੂੰ ਕਿਸੇ ਅਹੁਦੇ ‘ਤੇ ਘੱਟੋ ਘੱਟ ਦੋ ਸਾਲ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਨੂੰ ਆਪਣੇ ਕੰਮ ਦਾ ਪ੍ਰਚਾਰ ਕਰਨ ਦੀ ਬਜਾਏ ਸ਼ਾਂਤੀਪੂਰਨ ਕੰਮ ਕਰਨਾ ਚਾਹੀਦਾ ਹੈ। ਜੇ ਕੋਈ ਅਧਿਕਾਰੀ ਚੰਗਾ ਕੰਮ ਕਰ ਰਿਹਾ ਹੈ ਤਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਸ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ।
ਰਿਟਾਇਰਡ ਅਧਿਕਾਰੀ ਮਹੇਸ਼ ਝਗੜੇ ਨੇ ਕਿਹਾ ਕਿ ਕਿਸੇ ਅਧਿਕਾਰੀ ਦਾ ਮੁਲਾਂਕਣ ਕੇਵਲ ਵਿਵਾਦਾਂ ਨਾਲ ਨਹੀਂ ਹੋਣਾ ਚਾਹੀਦਾ। ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਉਸ ਦੇ ਕੰਮ ਨਾਲ ਆਮ ਲੋਕਾਂ ਨੂੰ ਕਿੰਨਾ ਲਾਭ ਹੋਇਆ।
ਸਿਆਸੀ ਵਿਸ਼ਲੇਸ਼ਕ ਰਵੀ ਕਿਰਨ ਦੇਸ਼ਮੁਖ ਮੁਤਾਬਕ, ਤੁਕਾਰਾਮ ਮੁੰਢੇ ਤੇਜ਼ੀ ਨਾਲ ਕੰਮ ਕਰਨ ਵਾਲੇ ਅਧਿਕਾਰੀ ਹਨ। ਪਰ ਉਨ੍ਹਾਂ ਦੀ ਕਾਰਜਸ਼ੈਲੀ ਕਈ ਵਾਰ ਸਰਕਾਰਾਂ ਨੂੰ ਪਸੰਦ ਨਹੀਂ ਆਉਂਦੀ। ਉਹ ਜਿੱਥੇ ਜਾਂਦੇ ਹਨ, ਬਦਲਾਅ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਕਾਰਨ ਟਕਰਾਅ ਪੈਦਾ ਹੁੰਦਾ ਹੈ ਅਤੇ ਤਬਾਦਲੇ ਹੁੰਦੇ ਹਨ।
ਸੀਨੀਅਰ ਪੱਤਰਕਾਰ ਰਾਜਾ ਮਾਨੇ ਮੁਤਾਬਕ, ਉਨ੍ਹਾਂ ਦੀ ਕਾਰਜਸ਼ੈਲੀ ਜਨਭਾਵਨਾ ਤੋਂ ਜ਼ਿਆਦਾ ਕਾਨੂੰਨ ‘ਤੇ ਅਧਾਰਿਤ ਹੈ। ਉਹ ਹਰ ਗੱਲ ਵਿੱਚ ਨਿਯਮ ਅਤੇ ਜਨਹਿਤ ਨੂੰ ਪਹਿਲ ਦਿੰਦੇ ਹਨ।
ਉਧਰ, ਸੀਨੀਅਰ ਪੱਤਰਕਾਰ ਸੁਨੀਲ ਮਾਲੀ ਦੀ ਰਾਏ ਹੈ ਕਿ ਮੁੰਢੇ ਇਮਾਨਦਾਰ ਅਧਿਕਾਰੀ ਹਨ ਅਤੇ ਉਨ੍ਹਾਂ ‘ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨਹੀਂ ਲਗਦੇ ਪਰ ਉਹ ਵਿਵਸਥਾ ਦੇ ਨਾਲ ਤਾਲਮੇਲ ਬਿਠਾਉਣ ਵਿੱਚ ਸਫਲ ਨਹੀਂ ਹੋ ਪਾਉਂਦੇ।
ਮੁੰਢੇ ਇਨ੍ਹਾਂ ਸਾਰੇ ਅਲੋਚਕਾਂ ਬਾਰੇ ਸਾਫ਼ ਕਹਿੰਦੇ ਹਨ ਕਿ ਉਹ ਹਮੇਸ਼ਾ ਆਪਣੇ ਅਧਿਕਾਰ ਖੇਤਰ ਦੇ ਅੰਦਰ ਰਹਿ ਕੇ ਕੰਮ ਕਰਦੇ ਹਨ। ਉਨ੍ਹਾਂ ਮੁਤਾਬਕ ਲੋਕਾਂ ਦੀ ਰਾਏ ਤੋਂ ਜ਼ਿਆਦਾ ਮਹੱਤਵਪੂਰਨ ਇਮਾਨਦਾਰੀ ਨਾਲ ਕੰਮ ਕਰਨਾ ਹੈ।
ਕੋਰੋਨਾ ਕਾਲ ਵਿੱਚ ਉਨ੍ਹਾਂ ‘ਤੇ ਮਸ਼ਹੂਰੀ ਪਾਉਣ ਲਈ ਕੰਮ ਕਰਨ ਦਾ ਇਲਜ਼ਾਮ ਵੀ ਲੱਗਿਆ ਸੀ। ਉਨ੍ਹਾਂ ਨੇ ਇਸ ਨੂੰ ਖਾਰਿਜ ਕਰਦਿਆਂ ਕਿਹਾ ਸੀ ਕਿ ਅਧਿਕਾਰੀਆਂ ਨੂੰ ਪ੍ਰਸਿੱਧੀ ਦੀ ਲੋੜ ਨਹੀਂ ਹੁੰਦੀ।
ਸੰਘਰਸ਼ ਨਾਲ ਮਿਲੀ ਸਫਲਤਾ
ਤਸਵੀਰ ਸਰੋਤ, FACEBOOK/SHRITUKARAMMUNDHE
ਸ਼ਫੀ ਪਠਾਨ ਦੀ ਕਿਤਾਬ ‘ਤੁਕਾਰਾਮ’ ਵਿੱਚ ਉਨ੍ਹਾਂ ਦੇ ਨਿੱਜੀ ਜੀਵਨ ਦੀਆਂ ਕਈ ਗੱਲਾਂ ਦਰਜ ਹਨ।
ਤੁਕਾਰਾਮ ਮੁੰਢੇ ਦਾ ਜਨਮ ਬੀਡ ਜ਼ਿਲ੍ਹੇ ਦੇ ਤਾਡਸੋਨਾ ਪਿੰਡ ਵਿੱਚ ਹੋਇਆ ਸੀ। ਬਾਅਦ ਦੇ ਸਾਲਾਂ ਵਿੱਚ ਖੇਤੀ ਸੰਕਟ ਅਤੇ ਹੋਰ ਕਾਰਨਾਂ ਕਰਕੇ ਉੱਥੋਂ ਕਈ ਪਰਿਵਾਰ ਆਰਥਿਕ ਕਠਿਨਾਈ ਵਿੱਚ ਆ ਗਏ। ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਵਿੱਚੋਂ ਹੀ ਇੱਕ ਸੀ।
ਬਚਪਨ ਤੋਂ ਹੀ ਉਨ੍ਹਾਂ ਨੂੰ ਮਿਹਨਤ ਅਤੇ ਸੰਘਰਸ਼ ਦੀ ਆਦਤ ਪੈ ਗਈ ਸੀ। ਪੜ੍ਹਾਈ ਦੇ ਨਾਲ ਉਨ੍ਹਾਂ ਨੂੰ ਖੇਤਾਂ ਵਿੱਚ ਵੀ ਕੰਮ ਕਰਨਾ ਪੈਂਦਾ ਸੀ।
ਕਿਤਾਬ ਮੁਤਾਬਕ ਤੀਜੀ ਜਮਾਤ ਤੋਂ ਹੀ ਉਹ ਹਲ ਚਲਾਉਣ ਜਿਹੇ ਕੰਮ ਕਰਨ ਲੱਗੇ ਸੀ। ਉਨ੍ਹਾਂ ਦੇ ਵੱਡੇ ਭਰਾ ਅਸ਼ੋਕ ਮੁੰਢੇ ਅਧਿਕਾਰੀ ਬਣੇ ਸੀ। ਉਹੀ ਉਨ੍ਹਾਂ ਦੇ ਪ੍ਰੇਰਨਾ ਸ੍ਰੋਤ ਸਨ।
ਉਹ ਹਫਤਾਵਾਰੀ ਬਜ਼ਾਰਾਂ ਵਿੱਚ ਸਿਰ ‘ਤੇ ਟੋਕਰੀ ਰੱਖ ਕੇ ਸਬਜ਼ੀਆਂ ਵੇਚਣ ਵੀ ਜਾਂਦੇ ਸੀ।
ਉਨ੍ਹਾਂ ਦੇ ਦੂਜੇ ਭਰਾ ਬਾਬਾ ਸਾਹਿਬ ਪੋਲੀਓ ਤੋਂ ਪ੍ਰਭਾਵਿਤ ਸਨ। ਤੁਕਾਰਾਮ ਉਨ੍ਹਾਂ ਨੂੰ ਮੋਢੇ ‘ਤੇ ਬਿਠਾ ਕੇ ਸਕੂਲ ਲੈ ਜਾਂਦੇ ਸੀ ਅਤੇ ਉਨ੍ਹਾਂ ਦੀ ਦੇਖਭਾਲ ਵੀ ਕਰਦੇ ਸੀ।
ਸ਼ੁਰੂ ਵਿੱਚ ਉਨ੍ਹਾਂ ਪਿਤਾ ਪੜ੍ਹਾਈ ਲਈ ਔਰੰਗਾਬਾਦ ਭੇਜਣ ਦੇ ਖ਼ਿਲਾਫ਼ ਸੀ। ਪਰ ਵੱਡੇ ਭਰਾ ਅਸ਼ੋਕ ਮੁੰਢੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ।
ਇਸ ਤੋਂ ਬਾਅਦ ਉਨ੍ਹਾਂ ਨੇ ਔਰੰਗਾਬਾਦ ਵਿੱਚ ਸਕੂਲ ਅਤੇ ਕਾਲਜ ਦੀ ਪੜ੍ਹਾਈ ਕੀਤੀ। ਫਿਰ ਪੂਣੇ, ਮੁੰਬਈ ਅਤੇ ਦਿੱਲੀ ਵਿੱਚ ਮਹਾਰਾਸ਼ਟਰ ਪਬਲਿਕ ਸਰਵਿਸ ਕਮਿਸ਼ਨ ਅਤੇ ਯੂਪੀਐਸਸੀ ਦੀ ਤਿਆਰੀ ਕੀਤੀ।
ਉਨ੍ਹਾਂ ਨੇ ਇਹ ਪ੍ਰੀਖਿਆ ਵੀ ਪਾਸ ਕੀਤੀ ਸੀ। ਨੀਟ ਪ੍ਰੀਖਿਆ ਵੀ ਪਾਸ ਕੀਤੀ ਅਤੇ ਫੈਲੋਸ਼ਿਪ ਪ੍ਰਾਪਤ ਕੀਤੀ ਸੀ।
ਆਈਏਐਸ ਬਣਨ ਦਾ ਰਸਤਾ ਅਸਾਨ ਨਹੀਂ ਸੀ। ਕਾਫੀ ਸੰਘਰਸ਼ ਤੋਂ ਬਾਅਦ 2005 ਵਿੱਚ ਉਨ੍ਹਾਂ ਦਾ ਸੁਫਨਾ ਪੂਰਾ ਹੋਇਆ। ਉਨ੍ਹਾਂ ਨੇ ਪੂਰੇ ਭਾਰਤ ਵਿੱਚ ਵੀਹਵਾਂ ਰੈਂਕ ਹਾਸਿਲ ਕੀਤਾ ਸੀ।
ਭਵਿੱਖ ਵਿੱਚ ਪ੍ਰਸ਼ਾਸਨਿਕ ਸੇਵਾ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਸਲਾਹ ਦਿੰਦਿਆਂ ਮੁੱਢੇ ਕਹਿੰਦੇ ਹਨ, ” ਜੇ ਤੁਸੀਂ ਸਿਰਫ਼ ਆਪਣਾ ਭਲਾ ਕਰਨ ਲਈ ਇਸ ਖੇਤਰ ਵਿੱਚ ਆਉਣਾ ਚਾਹੁੰਦੇ ਹੋ ਤਾਂ ਪ੍ਰਸ਼ਾਸਨਿਕ ਸੇਵਾ ਵਿੱਚ ਨਾ ਆਓ।, ਪਰ ਜੇ ਤੁਸੀਂ ਜਨਤਕ ਵਿਕਾਸ ਅਤੇ ਨੈਤਿਕ ਮੁੱਲਾਂ ਨਾਲ ਕੰਮ ਕਰਨ ਲਈ ਤਿਆਰ ਹੋ ਤਾਂ ਇਸ ਖੇਤਰ ਵਿੱਚ ਆਓ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


