Home rss national punjabi2ਰਾਸ਼ਟਰੀ ਖ਼ਬਰਾਂ ਤੁਹਾਡੀ ਚਮੜੀ ਜਵਾਨ ਦਿੱਸੇ, ਇਸ ਦੇ ਲਈ ਕੀ ਖਾਣਾ ਚਾਹੀਦਾ ਹੈ?

ਤੁਹਾਡੀ ਚਮੜੀ ਜਵਾਨ ਦਿੱਸੇ, ਇਸ ਦੇ ਲਈ ਕੀ ਖਾਣਾ ਚਾਹੀਦਾ ਹੈ?

2
0

Source :- BBC PUNJABI

ਸਿਹਤਮੰਦ ਫੈਟਸ ਤੋਂ ਲੈ ਕੇ ਫਰਮੈਂਟ ਕੀਤੇ (ਖਮੀਰੇ ਹੋਏ) ਭੋਜਨਾਂ ਤੱਕ, ਕੁਝ ਚੀਜ਼ਾਂ ਚਮੜੀ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦਗਾਰ ਹੋ ਸਕਦੀਆਂ ਹਨ

ਚਮੜੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਇਸ ਨੇ ਸਾਰੀ ਜ਼ਿੰਦਗੀ ਸਾਡਾ ਸਾਥ ਦੇਣਾ ਹੁੰਦਾ ਹੈ। ਚੰਗੀ ਤਰ੍ਹਾਂ ਦੇਖਭਾਲ ਕੀਤੀ ਗਈ ਚਮੜੀ ਨਾ ਸਿਰਫ਼ ਸਾਨੂੰ ਜਵਾਨ ਦਿਖਾਉਂਦੀ ਹੈ, ਸਗੋਂ ਸਾਡੀ ਸਮੁੱਚੀ ਸਿਹਤ ਨੂੰ ਵੀ ਬਿਹਤਰ ਬਣਾਉਣ ਵਿੱਚ ਮਦਦ ਕਰਦੀ ਹੈ।

ਪਰ ਕਿਉਂਕਿ ਇਹ ਸਾਡੇ ਸਰੀਰ ਅਤੇ ਬਾਹਰੀ ਦੁਨੀਆ ਵਿਚਕਾਰ ਇੱਕ ਪਰਤ (ਬੈਰੀਅਰ) ਵਾਂਗ ਕੰਮ ਕਰਦੀ ਹੈ, ਇਸ ਲਈ ਸਾਡੀ ਚਮੜੀ ਨੂੰ ਨੁਕਸਾਨ ਪਹੁੰਚਣ ਦਾ ਖ਼ਤਰਾ ਰਹਿੰਦਾ ਹੈ।

ਲਾਈਬਨਿਜ਼ ਰਿਸਰਚ ਇੰਸਟੀਚਿਊਟ ਫਾਰ ਐਨਵਾਇਰਨਮੈਂਟਲ ਮੈਡੀਸਨ ਵਿੱਚ ਚਮੜੀ ਵਿਗਿਆਨ ਦੇ ਪ੍ਰੋਫੈਸਰ ਜੀਨ ਕਰੂਟਮੈਨ ਮੁਤਾਬਕ, ਵਾਤਾਵਰਨ ਨਾਲ ਜੁੜੇ ਕਈ ਕਾਰਕ ਚਮੜੀ ਦੀ ਉਮਰ ਵਧਣ ਵਿੱਚ ਯੋਗਦਾਨ ਪਾਉਂਦੇ ਹਨ। ਇਨ੍ਹਾਂ ਵਿੱਚ ਹਵਾ ਪ੍ਰਦੂਸ਼ਣ, ਓਜ਼ੋਨ ਅਤੇ ਜਲਵਾਯੂ ਪਰਿਵਰਤਨ ਸ਼ਾਮਿਲ ਹਨ।

ਕਰੂਟਮੈਨ ਕਹਿੰਦੇ ਹਨ, “ਕਈ ਦਹਾਕਿਆਂ ਤੱਕ ਸਾਨੂੰ ਲੱਗਦਾ ਰਿਹਾ ਕਿ ਅਲਟਰਾਵਾਇਲਟ (ਯੂਵੀ) ਰੇਡੀਏਸ਼ਨ ਹੀ ਵਾਤਾਵਰਨੀ ਕਾਰਨ ਹੈ ਜੋ ਚਮੜੀ ਦੀ ਉਮਰ ਵਧਣ ਦਾ ਮੁੱਖ ਕਾਰਨ ਹੈ, ਪਰ ਹੁਣ ਅਸੀਂ ਜਾਣਦੇ ਹਾਂ ਕਿ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ।”

ਸਨਸਕ੍ਰੀਨ ਦੀ ਵਰਤੋਂ ਕਰਨਾ ਵੀ ਬਹੁਤ ਜ਼ਰੂਰੀ ਹੈ

ਯੂਵੀ ਰੇਡੀਏਸ਼ਨ ਊਰਜਾ ਦਾ ਇੱਕ ਰੂਪ ਹੈ, ਜੋ ਸੂਰਜ ਤੋਂ ਆਉਂਦੀ ਹੈ।

ਉਹ ਕਹਿੰਦੇ ਹਨ, “ਕੁਦਰਤੀ ਧੁੱਪ ਵਿੱਚ ਮੌਜੂਦ ਹੋਰ ਵੇਵਲੈਂਥਜ਼ ਵੀ ਉਮਰ ਵਧਣ ਦੀ ਪ੍ਰਕਿਰਿਆ ਵਿੱਚ ਯੋਗਦਾਨ ਪਾ ਸਕਦੀਆਂ ਹਨ। ਉਦਾਹਰਨ ਲਈ, ਦਿਖਾਈ ਦੇਣ ਵਾਲੀ ਰੌਸ਼ਨੀ (ਵਿਜ਼ੀਬਲ ਲਾਈਟ) ਅਤੇ ਇਨਫਰਾਰੈੱਡ ਰੇਡੀਏਸ਼ਨ।” ਇੱਥੋਂ ਤੱਕ ਕਿ ਤਾਪਮਾਨ ਵਿੱਚ ਵਾਧਾ ਵੀ ਇਸ ਪ੍ਰਕਿਰਿਆ ਨੂੰ ਤੇਜ਼ ਕਰ ਸਕਦਾ ਹੈ।

ਉਮਰ ਵਧਣਾ ਆਪਣੇ ਆਪ ਵਿੱਚ ਵੀ ਇੱਕ ਕਾਰਕ ਹੈ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਸਾਡੇ ਸਰੀਰ ਵਿੱਚ ਕੋਲੇਜਨ ਦੀ ਮਾਤਰਾ ਹੌਲੀ-ਹੌਲੀ ਘਟਣ ਲੱਗਦੀ ਹੈ। ਕੋਲੇਜਨ ਇੱਕ ਅਜਿਹਾ ਪ੍ਰੋਟੀਨ ਹੈ, ਜੋ ਚਮੜੀ ਨੂੰ ਬਣਤਰ ਦਿੰਦਾ ਹੈ ਅਤੇ ਉਸ ਨੂੰ ਕੱਸਿਆ ਹੋਇਆ ਰੱਖਣ ਵਿੱਚ ਮਦਦ ਕਰਦਾ ਹੈ।

ਇੱਕ ਅਜਿਹਾ ਕਾਰਕ, ਜਿਸ ਵੱਲ ਅਕਸਰ ਧਿਆਨ ਨਹੀਂ ਦਿੱਤਾ ਜਾਂਦਾ, ਉਹ ਹੈ ਸਾਡਾ ਖਾਣ-ਪੀਣ। ਸਿਹਤਮੰਦ ਫੈਟਸ ਤੋਂ ਲੈ ਕੇ ਫਰਮੈਂਟ ਕੀਤੇ (ਖਮੀਰੇ ਹੋਏ) ਭੋਜਨਾਂ ਤੱਕ, ਕੁਝ ਚੀਜ਼ਾਂ ਚਮੜੀ ਨੂੰ ਸਿਹਤਮੰਦ ਬਣਾਈ ਰੱਖਣ ਵਿੱਚ ਮਦਦਗਾਰ ਹੋ ਸਕਦੀਆਂ ਹਨ।

1. ਰੰਗ-ਬਿਰੰਗੇ ਫਲ ਅਤੇ ਸਬਜ਼ੀਆਂ

ਰੰਗ-ਬਿਰੰਗੇ ਫਲ ਅਤੇ ਸਬਜ਼ੀਆਂ

ਕਈ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਪੌਦਿਆਂ ਤੋਂ ਮਿਲਣ ਵਾਲੇ ਭੋਜਨਾਂ ਨਾਲ ਭਰਪੂਰ ਖੁਰਾਕ ਸਾਡੀ ਚਮੜੀ ਨੂੰ ਸਿਹਤਮੰਦ ਰੱਖਣ ਲਈ ਬਹੁਤ ਮਹੱਤਵਪੂਰਨ ਹੈ।

ਰੰਗ-ਬਿਰੰਗੇ ਫਲ ਅਤੇ ਸਬਜ਼ੀਆਂ ਖਾਣਾ ਫ਼ਾਇਦੇਮੰਦ ਹੁੰਦਾ ਹੈ, ਕਿਉਂਕਿ ਇਨ੍ਹਾਂ ਵਿੱਚ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਹੁੰਦੇ ਹਨ। ਇਹ ਐਂਟੀਆਕਸੀਡੈਂਟ ਪ੍ਰਦੂਸ਼ਣ ਅਤੇ ਧੁੱਪ ਕਾਰਨ ਹੋਣ ਵਾਲੇ ਨੁਕਸਾਨ ਤੋਂ ਚਮੜੀ ਦੀ ਰੱਖਿਆ ਕਰਦੇ ਹਨ।

ਗਾਜਰ, ਸ਼ਿਮਲਾ ਮਿਰਚ ਅਤੇ ਟਮਾਟਰ ਵਿੱਚ ਕੈਰੋਟੀਨੌਇਡਜ਼ (ਜਿਵੇਂ ਲਿਊਟੀਨ, ਲਾਈਕੋਪੀਨ ਅਤੇ ਬੀਟਾ-ਕੈਰੋਟੀਨ) ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਫ੍ਰੈਡਰਿਕ ਸ਼ਿਲਰ ਯੂਨੀਵਰਸਿਟੀ, ਯੇਨਾ ਵਿੱਚ ਫੂਡ ਕੈਮਿਸਟ੍ਰੀ ਦੇ ਪ੍ਰੋਫੈਸਰ ਵੋਲਕਰ ਬੋਹਮ ਕਹਿੰਦੇ ਹਨ, “ਇਹ ਸਰੀਰ ਦੇ ਚਰਬੀ ਵਾਲੇ ਟਿਸ਼ੂਆਂ ਵਿੱਚ ਜਮ੍ਹਾਂ ਹੋ ਜਾਂਦੇ ਹਨ ਅਤੇ ਯੂਵੀ ਕਿਰਨਾਂ ਤੋਂ ਚਮੜੀ ਦੀ ਰੱਖਿਆ ਕਰਦੇ ਹਨ।”

ਹਾਲਾਂਕਿ, ਸਨਸਕ੍ਰੀਨ ਦੀ ਵਰਤੋਂ ਕਰਨਾ ਅਜੇ ਵੀ ਜ਼ਰੂਰੀ ਹੈ, ਪਰ ਬੋਹਮ ਦੱਸਦੇ ਹਨ ਕਿ ਲੋਕ ਅਕਸਰ ਇਸ ਨੂੰ ਰੋਜ਼ਾਨਾ ਲਗਾਉਣ ਦੀ ਬਜਾਏ ਸਿਰਫ਼ ਉਦੋਂ ਲਗਾਉਂਦੇ ਹਨ, ਜਦੋਂ ਉਹ ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿੰਦੇ ਹਨ। ਉਹ ਕਹਿੰਦੇ ਹਨ ਕਿ ਕੈਰੋਟੀਨੌਇਡਜ਼ ਨਾਲ ਭਰਪੂਰ ਭੋਜਨ ਨਿਯਮਤ ਤੌਰ ‘ਤੇ ਖਾਣ ਨਾਲ “ਪੂਰੇ ਸਾਲ ਦੌਰਾਨ ਲਗਭਗ 2 ਤੋਂ 3 ਦੇ ਯੂਵੀ ਪ੍ਰੋਟੈਕਸ਼ਨ ਫੈਕਟਰ (ਐੱਸਪੀਐੱਫ) ਦੇ ਬਰਾਬਰ ਸੁਰੱਖਿਆ ਮਿਲਦੀ ਰਹਿੰਦੀ ਹੈ।”

ਚਮੜੀ ਦੀ ਦੇਖਭਾਲ

ਟਮਾਟਰ ਜਾਂ ਗਾਜਰ ਵਿੱਚ ਜੈਤੂਨ ਦੇ ਤੇਲ (ਆਲਿਵ ਆਇਲ) ਵਰਗੀ ਥੋੜ੍ਹੀ ਜਿਹੀ ਸਿਹਤਮੰਦ ਚਰਬੀ ਮਿਲਾਉਣ ਨਾਲ ਸਰੀਰ ਲਈ ਇਨ੍ਹਾਂ ਵਿੱਚ ਮੌਜੂਦ ਐਂਟੀਆਕਸੀਡੈਂਟਸ ਨੂੰ ਜਜ਼ਬ ਕਰਨਾ ਆਸਾਨ ਹੋ ਜਾਂਦਾ ਹੈ।

ਬੀਟਾ-ਕੈਰੋਟੀਨ (ਸਾਡੇ ਸਰੀਰ ਵਿੱਚ) ਵਿਟਾਮਿਨ ਏ ਵਿੱਚ ਵੀ ਬਦਲ ਸਕਦਾ ਹੈ, ਜੋ ਚਮੜੀ ਦੇ ਸੈੱਲਾਂ ਦੇ ਵਿਕਾਸ ਅਤੇ ਚਮੜੀ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਜ਼ਰੂਰੀ ਹੈ।

ਕੈਰੋਟੀਨੌਇਡਜ਼ ਚਮੜੀ ਦੇ ਸੈੱਲਾਂ ਨੂੰ ਹਾਈਲੂਰੋਨਿਕ ਐਸਿਡ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਇਹ ਅਣੂ (ਮੌਲੀਕਿਊਲ) ਚਮੜੀ ਵਿੱਚ ਕਸਾਅ ਅਤੇ ਲਚਕੀਲਾਪਣ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ ਅਤੇ ਕਈ ਮੌਇਸਚਰਾਈਜ਼ਰਾਂ ਤੇ ‘ਐਂਟੀ-ਏਜਿੰਗ’ ਕਰੀਮਾਂ ਵਿੱਚ ਪਾਇਆ ਜਾਂਦਾ ਹੈ।

ਇਹੀ ਪਿਗਮੈਂਟ ਕੋਲੇਜਨ ਵਧਾਉਣ ਵਿੱਚ ਵੀ ਮਦਦ ਕਰ ਸਕਦੇ ਹਨ। ਇੱਕ ਛੋਟੇ ਜਿਹੇ ਅਧਿਐਨ ਵਿੱਚ ਦੇਖਿਆ ਗਿਆ ਕਿ ਜਿਨ੍ਹਾਂ ਮਹਿਲਾਵਾਂ ਨੇ ਦਸ ਮਹੀਨਿਆਂ ਤੱਕ ਰੋਜ਼ਾਨਾ ਕੈਰੋਟੀਨੌਇਡ ਸਪਲੀਮੈਂਟ ਲਏ, ਉਨ੍ਹਾਂ ਦੀ ਚਮੜੀ ਵਿੱਚ ਕੋਲੇਜਨ (ਅਜਿਹਾ ਪ੍ਰੋਟੀਨ, ਜੋ ਚਮੜੀ ਨੂੰ ਬਣਤਰ ਦਿੰਦਾ ਹੈ) ਅਤੇ ਇਲਾਸਟਿਨ (ਲਚਕੀਲੇਪਣ ਸਬੰਧੀ ਪ੍ਰੋਟੀਨ) ਵਿੱਚ ਸੁਧਾਰ ਦੇਖਿਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਕੋਲੇਜਨ ਨੂੰ ਟੁੱਟਣ ਤੋਂ ਰੋਕਣ ਵਿੱਚ ਮਦਦ ਕਰ ਸਕਦੇ ਹਨ।

ਅਖ਼ੀਰ ਵਿੱਚ, ਇਹ ਪਾਇਆ ਗਿਆ ਹੈ ਕਿ ਬਹੁਤ ਸਾਰੇ ਰੰਗ-ਬਿਰੰਗੇ ਫਲ ਅਤੇ ਸਬਜ਼ੀਆਂ ਖਾਣ ਨਾਲ ਚਮੜੀ ਸਿਹਤਮੰਦ ਦਿਖਾਈ ਦਿੰਦੀ ਹੈ ਅਤੇ ਉਸ ਵਿੱਚ ਇੱਕ ‘ਗਲੋ’ ਭਾਵ ਚਮਕ ਆਉਂਦੀ ਹੈ।

ਕਰੂਟਮੈਨ ਦਾ ਕਹਿਣਾ ਹੈ ਕਿ ਇਨ੍ਹਾਂ ਫ਼ਾਇਦਿਆਂ ਨੂੰ ਹਾਸਿਲ ਕਰਨ ਲਈ ਸਾਨੂੰ ਇਨ੍ਹਾਂ ਚੀਜ਼ਾਂ ਨੂੰ ਲਗਾਤਾਰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਨਾ ਪਵੇਗਾ।

ਉਹ ਕਹਿੰਦੇ ਹਨ, “ਤੁਸੀਂ ਭਾਵੇਂ ਕੋਈ ਵੀ ਐਂਟੀਆਕਸੀਡੈਂਟ ਲੈ ਰਹੇ ਹੋਵੋ, ਵਾਤਾਵਰਨ ਦੇ ਪ੍ਰਭਾਵਾਂ ਤੋਂ ਸੁਰੱਖਿਆ ਮਿਲਣ ਵਿੱਚ ਆਮ ਤੌਰ ‘ਤੇ 8 ਤੋਂ 10 ਹਫ਼ਤੇ ਲੱਗਦੇ ਹਨ। ਇਸ ਤੋਂ ਬਾਅਦ ਹੀ ਕੋਈ ਸਪਸ਼ਟ ਅਸਰ ਦਿਖਾਈ ਦਿੰਦਾ ਹੈ।”

ਅੰਬ ਸਾਡੀ ਚਮੜੀ ਨੂੰ ਵਧਦੀ ਉਮਰ ਦੇ ਬਾਵਜੂਦ ਵੀ ਜਵਾਨ ਬਣਾਈ ਰੱਖਣ ਵਿੱਚ ਮਦਦ ਕਰ ਸਕਦੇ ਹਨ

ਅੰਬ ਸਾਡੀ ਚਮੜੀ ਨੂੰ ਵਧਦੀ ਉਮਰ ਦੇ ਬਾਵਜੂਦ ਵੀ ਜਵਾਨ ਬਣਾਈ ਰੱਖਣ ਵਿੱਚ ਮਦਦ ਕਰ ਸਕਦੇ ਹਨ।

ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਡੇਵਿਸ ਵਿੱਚ ਵਿਵੀਅਨ ਫਾਮ ਦੀ ਅਗਵਾਈ ਹੇਠ, ਮੀਨੋਪੌਜ਼ ਤੋਂ ਬਾਅਦ ਵਾਲੀਆਂ ਮਹਿਲਾਵਾਂ ‘ਤੇ ਇੱਕ ਅਧਿਐਨ ਕੀਤਾ ਗਿਆ। ਇਸ ਵਿੱਚ ਸ਼ਾਮਿਲ ਮਹਿਲਾਵਾਂ ਨੇ 16 ਹਫ਼ਤਿਆਂ ਤੱਕ ਹਰੇਕ ਹਫ਼ਤੇ ਵਿੱਚ ਚਾਰ ਵਾਰ 85 ਗ੍ਰਾਮ (2.9 ਔਂਸ) ਅੰਬ ਖਾਧੇ। ਖੋਜਕਰਤਾਵਾਂ ਨੇ ਪਾਇਆ ਕਿ ਇਸ ਨਾਲ ਪਹਿਲਾਂ ਤੋਂ ਮੌਜੂਦ ਝੁਰੜੀਆਂ ਦਾ ਆਕਾਰ ਘਟ ਗਿਆ ਅਤੇ ਨਵੀਆਂ ਝੁਰੜੀਆਂ ਵੀ ਘੱਟ ਬਣੀਆਂ।

ਹਾਲਾਂਕਿ ਇਸ ਬਾਰੇ ਅਜੇ ਹੋਰ ਖੋਜ ਦੀ ਲੋੜ ਹੈ, ਪਰ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਸ ਦੇ ਪਿੱਛੇ ਕੈਰੋਟੀਨੌਇਡਜ਼ ਦੇ ਨਾਲ-ਨਾਲ ਫਲੇਵੋਨੌਇਡਜ਼ ਅਤੇ ਮੈਂਗੀਫੇਰਿਨ ਵਰਗੇ ਐਂਟੀਆਕਸੀਡੈਂਟਸ ਦੀ ਭੂਮਿਕਾ ਹੋ ਸਕਦੀ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਅਧਿਐਨ ਵਿੱਚ ਪਾਇਆ ਗਿਆ ਕਿ ਰੋਜ਼ਾਨਾ ਲਗਭਗ 250 ਗ੍ਰਾਮ (8.8 ਔਂਸ) ਅੰਬ ਖਾਣ ਨਾਲ ਝੁਰੜੀਆਂ ਵਧ ਗਈਆਂ।

ਇਸ ਖੋਜ ਦੇ ਸਹਿ-ਲੇਖਕ ਅਤੇ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਡੇਵਿਸ ਵਿੱਚ ਪੋਸ਼ਣ ਵਿਗਿਆਨ ਦੇ ਪ੍ਰੋਫੈਸਰ ਰੌਬਰਟ ਹੈਕਮੈਨ ਦਾ ਕਹਿਣਾ ਹੈ ਕਿ ਅਜਿਹਾ ਕਿਉਂ ਹੋਇਆ, ਇਹ ਅਜੇ ਸਪਸ਼ਟ ਨਹੀਂ ਹੈ। ਪਰ ਹੋ ਸਕਦਾ ਹੈ ਕਿ ਇਸ ਦਾ ਕਾਰਨ ਅੰਬ ਵਿੱਚ ਮੌਜੂਦ ਕੁਦਰਤੀ ਸ਼ੱਕਰ ਦੀ ਵਧੇਰੇ ਮਾਤਰਾ ਹੋਵੇ।

ਹੈਕਮੈਨ ਕਹਿੰਦੇ ਹਨ, “ਸਾਡਾ ਮੰਨਣਾ ਹੈ ਕਿ ਇਸ ਸ਼ੱਕਰ ਕਾਰਨ ਚਮੜੀ ਦੇ ਮੌਲੀਕਿਊਲਜ਼ ਨੂੰ ਕੁਝ ਨੁਕਸਾਨ ਪਹੁੰਚਿਆ ਹੈ।” ਉਹ ਦੱਸਦੇ ਹਨ ਕਿ ਭਾਵੇਂ ਇਹ ਅਧਿਐਨ ਛੋਟਾ ਸੀ, ਪਰ ਬਾਅਦ ਵਿੱਚ ਕੀਤੀ ਗਈ ਖੋਜ (ਜੋ ਅਜੇ ਤੱਕ ਪ੍ਰਕਾਸ਼ਿਤ ਨਹੀਂ ਹੋਈ) ਵਿੱਚ ਵੀ ਇਹੀ ਨਤੀਜੇ ਸਾਹਮਣੇ ਆਏ ਹਨ।

ਅੰਬ ਅਤੇ ਖੱਟੇ ਫਲਾਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਹ ਵਿਟਾਮਿਨ ਸਰੀਰ ਵਿੱਚ ਕੋਲੇਜਨ ਬਣਾਉਣ ਵਿੱਚ ਮਦਦ ਕਰਦਾ ਹੈ ਅਤੇ ਐਂਟੀਆਕਸੀਡੈਂਟ ਵਜੋਂ ਵੀ ਕੰਮ ਕਰਦਾ ਹੈ, ਜੋ ਸਾਡੀ ਚਮੜੀ ਨੂੰ ਧੁੱਪ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦਾ ਹੈ।

ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਵਿਟਾਮਿਨ ਸੀ ਚਮੜੀ ਵਿੱਚ ਨਮੀ ਵਧਾਉਣ ਅਤੇ ਪਿਗਮੈਂਟੇਸ਼ਨ ਘਟਾਉਣ ਵਿੱਚ ਮਦਦਗਾਰ ਹੋ ਸਕਦਾ ਹੈ। ਕਰੂਟਮੈਨ ਮੁਤਾਬਕ, ਇਸੇ ਕਾਰਨ ਸਕਿਨਕੇਅਰ ਉਤਪਾਦਾਂ ਅਤੇ ਸਪਲੀਮੈਂਟਸ ਦੇ ਰੂਪ ਵਿੱਚ ਵਿਟਾਮਿਨ ਸੀ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਜਾਂਦੀ ਹੈ।

2. ਸਿਹਤਮੰਦ ਫੈਟਸ

ਸੁੱਕੇ ਮੇਵਿਆਂ ਅਤੇ ਬੀਜਾਂ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ

ਸੁੱਕੇ ਮੇਵੇ ਅਤੇ ਬੀਜਾਂ ਦੀ ਭਰਪੂਰ ਮਾਤਰਾ ਵਿੱਚ ਵਰਤੋਂ ਸਾਡੀ ਚਮੜੀ ਲਈ ਫ਼ਾਇਦੇਮੰਦ ਹੋ ਸਕਦੀ ਹੈ।

ਵੱਖ-ਵੱਖ ਸਮੂਹਾਂ ‘ਤੇ ਕੀਤੇ ਗਏ ਇੱਕ ਛੋਟੇ ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ 16 ਹਫ਼ਤਿਆਂ ਤੱਕ ਸਨੈਕ ਵਜੋਂ ਬਦਾਮ ਖਾਧੇ, ਉਨ੍ਹਾਂ ਦੀ ਚਮੜੀ ‘ਤੇ ਕੋਈ ਹੋਰ ਸਨੈਕ ਖਾਣ ਵਾਲੇ ਲੋਕਾਂ ਦੇ ਮੁਕਾਬਲੇ ਝੁਰੜੀਆਂ ਘੱਟ ਦਿਖਾਈ ਦਿੱਤੀਆਂ।

ਸੁੱਕੇ ਮੇਵਿਆਂ ਅਤੇ ਬੀਜਾਂ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਚਮੜੀ ਨੂੰ ਕੋਸ਼ਿਕਾਵਾਂ (ਸੈੱਲਾਂ) ਦੇ ਨੁਕਸਾਨ ਅਤੇ ਵਧਦੀ ਉਮਰ ਦੇ ਅਸਰਾਂ ਤੋਂ ਬਚਾ ਸਕਦਾ ਹੈ। ਇਸ ਵਿਟਾਮਿਨ ਦੀ ਕਮੀ ਚਮੜੀ ਦੀ ਸਿਹਤ ‘ਤੇ ਮਾੜਾ ਅਸਰ ਪਾ ਸਕਦੀ ਹੈ, ਜਿਵੇਂ ਕਿ ਜ਼ਖ਼ਮ ਭਰਨ ਵਿੱਚ ਦੇਰੀ ਹੋਣਾ। ਵਿਟਾਮਿਨ ਈ ਦੇ ਚੰਗੇ ਸਰੋਤਾਂ ਵਿੱਚ ਬਦਾਮ, ਹੇਜ਼ਲਨਟਸ, ਪਾਈਨ ਨਟਸ ਅਤੇ ਕਈ ਤਰ੍ਹਾਂ ਦੇ ਬੀਜਾਂ ਤੋਂ ਕੱਢੇ ਗਏ ਤੇਲ ਸ਼ਾਮਿਲ ਹਨ।

ਸੁੱਕੇ ਮੇਵਿਆਂ ਵਿੱਚ ਓਮੇਗਾ-6 ਫੈਟੀ ਐਸਿਡ ਵੀ ਹੁੰਦੇ ਹਨ। ਇਹ ਚਮੜੀ ਦੀ ਸੁਰੱਖਿਆ ਪਰਤ (ਸਕਿਨ ਬੈਰੀਅਰ) ਨੂੰ ਮਜ਼ਬੂਤ ਬਣਾਉਣ ਅਤੇ ਇਸ ਵਿੱਚ ਨਮੀ ਬਰਕਰਾਰ ਰੱਖਣ ਵਿੱਚ ਮਦਦ ਕਰ ਸਕਦੇ ਹਨ।

ਇੱਕ ਹੋਰ ਕਿਸਮ ਦਾ ਹੈਲਦੀ ਫੈਟ ਜੋ ਚਮੜੀ ਲਈ ਚੰਗਾ ਮੰਨਿਆ ਜਾਂਦਾ ਹੈ, ਉਹ ਓਮੇਗਾ-3 ਹੈ। ਇਹ ਚਰਬੀ ਵਾਲੀਆਂ ਮੱਛੀਆਂ ਅਤੇ ਐਲਗੀ (ਕਾਈ) ਵਿੱਚ ਪਾਇਆ ਜਾਂਦਾ ਹੈ।

ਓਮੇਗਾ-3 ਨਾਲ ਭਰਪੂਰ ਮੱਛੀਆਂ ਵਿੱਚ ਸੈਲਮਨ, ਸਾਰਡੀਨ ਅਤੇ ਮੈਕਰਲ ਸ਼ਾਮਿਲ ਹਨ। ਕੁਝ ਛੋਟੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਮੱਛੀਆਂ ਸੂਰਜ ਦੀ ਰੌਸ਼ਨੀ ਪ੍ਰਤੀ ਚਮੜੀ ਦੀ ਸੰਵੇਦਨਸ਼ੀਲਤਾ ਘਟਾ ਸਕਦੀਆਂ ਹਨ। ਇਸ ਨਾਲ ਚਮੜੀ ਨੂੰ ਧੁੱਪ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਮਿਲ ਸਕਦੀ ਹੈ। ਚਰਬੀ ਵਾਲੀਆਂ ਮੱਛੀਆਂ ਚਮੜੀ ਵਿੱਚ ਮੌਜੂਦ ਕੋਲੇਜਨ ਨੂੰ ਬਰਕਰਾਰ ਰੱਖਣ ਅਤੇ ਸੋਜ (ਇਨਫਲਾਮੇਸ਼ਨ) ਘਟਾਉਣ ਵਿੱਚ ਵੀ ਮਦਦ ਕਰਦੀਆਂ ਹਨ।

3. ਅੰਤੜੀਆਂ ਲਈ ਫ਼ਾਇਦੇਮੰਦ ਖਾਣੇ

ਕਿਮਚੀ ਵਰਗੇ ਖਮੀਰੇ ਹੋਏ ਭੋਜਨ ਵੀ ਸਾਡੀ ਸਿਹਤ ਲਈ ਚੰਗੇ ਹੁੰਦੇ ਹਨ

ਜਦੋਂ ਅਸੀਂ ਤਾਜ਼ੇ ਫਲਾਂ, ਸਬਜ਼ੀਆਂ, ਸੁੱਕੇ ਮੇਵਿਆਂ ਅਤੇ ਬੀਜਾਂ ਨਾਲ ਭਰਪੂਰ ਵੱਖ-ਵੱਖ ਤਰ੍ਹਾਂ ਦੀ ਖੁਰਾਕ ਲੈਂਦੇ ਹਾਂ, ਤਾਂ ਇਸ ਨਾਲ ਸਾਡੀਆਂ ਅੰਤੜੀਆਂ ਵਿੱਚ ਮੌਜੂਦ ਸੂਖਮ ਜੀਵਾਂ ਨੂੰ ਫ਼ਾਇਦਾ ਹੁੰਦਾ ਹੈ। ਇਸ ਦਾ ਚੰਗਾ ਅਸਰ ਸਾਡੀ ਚਮੜੀ ‘ਤੇ ਵੀ ਪੈਂਦਾ ਹੈ।

ਅਜਿਹਾ ਇਸ ਲਈ ਹੈ ਕਿਉਂਕਿ ਸਾਡੀਆਂ ਅੰਤੜੀਆਂ ਦੀ ਸਿਹਤ ਅਤੇ ਚਮੜੀ ਦੀ ਸਿਹਤ ਆਪਸ ਵਿੱਚ ਡੂੰਘੇ ਤੌਰ ‘ਤੇ ਜੁੜੇ ਹੋਏ ਹਨ। ਖੋਜਕਰਤਾ ਇਸ ਸਬੰਧ ਨੂੰ “ਗਟ-ਸਕਿਨ ਐਕਸਿਸ” (Gut-skin axis) ਕਹਿੰਦੇ ਹਨ।

ਜਦੋਂ ਅਸੀਂ ਪੌਦਿਆਂ ਤੋਂ ਮਿਲਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਖੁਰਾਕਾਂ ਖਾਂਦੇ ਹਾਂ, ਤਾਂ ਸਾਡੀਆਂ ਅੰਤੜੀਆਂ ਵਿੱਚ ਮੌਜੂਦ ਸੂਖਮ ਜੀਵ ਅਜਿਹੇ ਮਿਸ਼ਰਣ ਛੱਡਦੇ ਹਨ, ਜਿਨ੍ਹਾਂ ਵਿੱਚ ਸੋਜ ਘਟਾਉਣ ਵਾਲੇ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਹੈਕਮੈਨ ਦੇ ਅਨੁਸਾਰ, ਇਨ੍ਹਾਂ ਦਾ ਅਸਰ ਸਾਡੀ ਚਮੜੀ ‘ਤੇ ਵੀ ਪੈਂਦਾ ਹੈ।

ਜੇ ਸਾਡੀਆਂ ਅੰਤੜੀਆਂ ‘ਚ ਮੌਜੂਦ ਸੂਖਮ ਜੀਵਾਂ ਦਾ ਸੰਤੁਲਨ ਅਤੇ ਸਿਹਤ ਬਣੀ ਰਹਿੰਦੀ ਹੈ ਤਾਂ ਇਸ ਨਾਲ ਸਾਡੀ ਰੋਗਾਂ ਨਾਲ ਲੜਨ ਦੀ ਸਮਰੱਥਾ (ਇਮਿਊਨ ਸਿਸਟਮ) ਨੂੰ ਮਦਦ ਮਿਲਦੀ ਹੈ ਅਤੇ ਇਸਦੇ ਨਾਲ ਚਮੜੀ ਦੀਆਂ ਸਮੱਸਿਆਵਾਂ ਵਿੱਚ ਵੀ ਸੁਧਾਰ ਹੋ ਸਕਦਾ ਹੈ।

ਦਹੀਂ ਆਦਿ ਸਾਡੀਆਂ ਅੰਤੜੀਆਂ ਵਿੱਚ ਮੌਜੂਦ ਸੂਖਮ ਜੀਵਾਂ ਨੂੰ ਪੋਸ਼ਣ ਦੇਣ ਲਈ ਖ਼ਾਸ ਤੌਰ 'ਤੇ ਫ਼ਾਇਦੇਮੰਦ ਹੁੰਦੇ ਹਨ

ਇਨ੍ਹਾਂ ਫ਼ਾਇਦਿਆਂ ਨੂੰ ਹਾਸਿਲ ਕਰਨ ਦਾ ਇੱਕ ਤਰੀਕਾ ਹੈ ਕਿ ਤੁਸੀਂ ਪੌਦਿਆਂ ਤੋਂ ਮਿਲਣ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਖੁਰਾਕੀ ਚੀਜ਼ਾਂ ਖਾਓ। ਇਨ੍ਹਾਂ ਵਿੱਚ ਫਲ, ਸਬਜ਼ੀਆਂ, ਦਾਲਾਂ, ਫਲੀਆਂ, ਸਾਬਤ ਅਨਾਜ, ਜੜੀ-ਬੂਟੀਆਂ ਅਤੇ ਮਸਾਲੇ ਸ਼ਾਮਿਲ ਹਨ।

ਅਜਿਹੀ ਖੁਰਾਕ ਨਾਲ ਤਣਾਅ ਘਟਾਉਣ, ਨੀਂਦ ਵਿੱਚ ਸੁਧਾਰ ਕਰਨ ਅਤੇ ਚੰਬਲ (ਸੋਰਾਇਸਿਸ) ਵਰਗੀਆਂ ਚਮੜੀ ਦੀਆਂ ਸਮੱਸਿਆਵਾਂ ਤੋਂ ਬਚਾਅ ਕਰਨ ਵਿੱਚ ਮਦਦ ਮਿਲ ਸਕਦੀ ਹੈ। ਚੰਬਲ ਰੋਗ ਵਿੱਚ ਵਿੱਚ ਚਮੜੀ ‘ਤੇ ਸੁੱਕੇ, ਪਰਤਦਾਰ ਅਤੇ ਖੁਜਲੀ ਵਾਲੇ ਦਰਦਨਾਕ ਧੱਬੇ ਬਣ ਜਾਂਦੇ ਹਨ।

ਖਮੀਰੇ ਹੋਏ ਭੋਜਨ, ਜਿਵੇਂ ਕਿ ਦਹੀਂ ਆਦਿ ਸਾਡੀਆਂ ਅੰਤੜੀਆਂ ਵਿੱਚ ਮੌਜੂਦ ਸੂਖਮ ਜੀਵਾਂ ਨੂੰ ਪੋਸ਼ਣ ਦੇਣ ਲਈ ਖ਼ਾਸ ਤੌਰ ‘ਤੇ ਫ਼ਾਇਦੇਮੰਦ ਹੁੰਦੇ ਹਨ।

ਹੋ ਸਕਦਾ ਹੈ ਕਿ ਤੁਸੀਂ ਹਮੇਸ਼ਾ 30 ਸਾਲ ਦੇ ਨਾ ਦਿੱਸੋ, ਪਰ ਸਿਹਤਮੰਦ ਖੁਰਾਕ ਲੈਣ ਨਾਲ ਤੁਹਾਡੀ ਚਮੜੀ ਆਉਣ ਵਾਲੇ ਸਾਲਾਂ ਤੱਕ ਸਿਹਤਮੰਦ ਰਹਿ ਸਕਦੀ ਹੈ। ਇਸਦੇ ਨਾਲ ਹੀ, ਸਨਸਕ੍ਰੀਨ ਦੀ ਵਰਤੋਂ ਕਰਨਾ ਵੀ ਬਹੁਤ ਜ਼ਰੂਰੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI