Source :- BBC PUNJABI
ਤਸਵੀਰ ਸਰੋਤ, Yousuf Sarfaraz/SOPA Images/LightRocket via Getty Images
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਹੋ ਰਹੇ ਪ੍ਰਦਰਸ਼ਨ ਐਤਵਾਰ ਨੂੰ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ।
ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਕੌਮੀ ਪ੍ਰਧਾਨ ਨੇਹਾ ਬੋਰਾ ਨੇ ਐਤਵਾਰ ਨੂੰ ਵੀ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੈ।
ਨੇਹਾ ਬੋਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਸ਼ਨੀਵਾਰ ਨੂੰ ਦਿੱਲੀ ਹਾਟ ‘ਜੰਤਰ-ਮੰਤਰ’ ਬਣ ਗਿਆ ਸੀ ਅਤੇ ਐਤਵਾਰ ਨੂੰ ਕਿਸੇ ਹੋਰ ਥਾਂ ‘ਤੇ ਪ੍ਰਦਰਸ਼ਨ ਕਰਾਂਗੇ।
ਉਨ੍ਹਾਂ ਨੇ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ, “ਇਹ ਤੁਸੀਂ ਤੈਅ ਕਰੋ ਕਿ ਆਮ ਲੋਕਾਂ ਨੂੰ ਜੇਲ੍ਹ ਵਿੱਚ ਪਾਓਗੇ ਜਾਂ ਗਿਆਨੇਸ਼ ਕੁਮਾਰ ਨੂੰ। ਅਸੀਂ ਐਤਵਾਰ ਨੂੰ ਵੀ ਸੜਕਾਂ ‘ਤੇ ਉਤਰਾਂਗੇ। ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਅਤੇ ਐੱਸਆਈਆਰ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਾਂਗੇ।”
ਦੂਜੇ ਪਾਸੇ, ਕਾਕਰੋਚ ਜਨਤਾ ਪਾਰਟੀ ਦੇ ਆਗੂ ਅਜਿੰਕਿਆ ਸ਼ਿੰਦੇ ਨੇ ਐਕਸ ‘ਤੇ ਇੱਕ ਵੀਡੀਓ ਪੋਸਟ ਕਰਕੇ ਐਤਵਾਰ ਨੂੰ ਹੋਣ ਵਾਲੇ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਕਿਹਾ, “ਜਦੋਂ ਤੱਕ ਗਿਆਨੇਸ਼ ਕੁਮਾਰ ਦਾ ਅਸਤੀਫ਼ਾ ਨਹੀਂ ਲਵਾਂਗੇ, ਉਦੋਂ ਤੱਕ ਘਰ ਵਾਪਸ ਨਹੀਂ ਜਾਵਾਂਗੇ।”
ਅਜਿੰਕਿਆ ਨੇ ਕਿਹਾ ਕਿ ਉਹ ਕੱਲ੍ਹ ਮੁੜ ਸਵੇਰੇ 10 ਵਜੇ ਜੰਤਰ-ਮੰਤਰ ਵੱਲ ਕੂਚ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਜੰਤਰ-ਮੰਤਰ ਪਹੁੰਚਣ ਦੀ ਅਪੀਲ ਕੀਤੀ।
ਹਿਰਾਸਤ ‘ਚ ਲਏ ਗਏ ਸੀਜੇਪੀ ਦੇ ਆਗੂਆਂ ਬਾਰੇ ਕੀ ਪਤਾ
ਤਸਵੀਰ ਸਰੋਤ, Ashish Vaishnav/SOPA Images/LightRocket via Getty Images
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਦਾਅਵਾ ਕੀਤਾ ਹੈ ਕਿ ਹਿਰਾਸਤ ਵਿੱਚ ਲਏ ਗਏ ਉਸ ਦੇ ਆਗੂਆਂ ਨੂੰ ਐਤਵਾਰ ਸਵੇਰੇ 9 ਵਜੇ ਦਿੱਲੀ ਕੈਂਟ ਪੁਲਿਸ ਸਟੇਸ਼ਨ ਵਿੱਚ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।
ਦਰਅਸਲ, ਸ਼ਨੀਵਾਰ ਸਵੇਰੇ ਮੁੰਬਈ ਤੋਂ ਦਿੱਲੀ ਪਹੁੰਚੇ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ, ਸਹਿ-ਕਨਵੀਨਰ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਪੁਲਿਸ ਨੇ ਜਹਾਜ਼ ਵਿੱਚੋਂ ਹੀ ਹਿਰਾਸਤ ਵਿੱਚ ਲੈ ਲਿਆ ਸੀ।
ਸੀਜੇਪੀ ਦੇ ਲੀਗਲ ਹੈੱਡ ਰਤਨਾ ਸਿੰਘ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਐਕਸ ‘ਤੇ ਲਿਖਿਆ, “ਅਭਿਜੀਤ, ਆਸ਼ੂਤੋਸ਼ ਅਤੇ ਸੌਰਵ ਨੂੰ ਅੱਜ ਸਵੇਰੇ 9 ਵਜੇ ਦਿੱਲੀ ਕੈਂਟ ਪੁਲਿਸ ਸਟੇਸ਼ਨ ਵਿੱਚ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।”
ਉਨ੍ਹਾਂ ਦੱਸਿਆ, “ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਮੈਨੂੰ ਸਵੇਰੇ ਇਸ ਬਾਰੇ ਜਾਣਕਾਰੀ ਦਿੱਤੀ। ਸੀਜੇਪੀ ਦੀ ਲੀਗਲ ਹੈੱਡ ਹੋਣ ਦੇ ਨਾਤੇ, ਮੈਂ ਸਾਡੀ ਤਰਫ਼ੋਂ ਪੇਸ਼ ਹੋਣ ਵਾਲੇ ਹੋਰ ਵਕੀਲਾਂ ਦੇ ਨਾਲ ਪੁਲਿਸ ਸਟੇਸ਼ਨ ਵਿੱਚ ਮੌਜੂਦ ਰਹਾਂਗੀ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



