Home ਰਾਸ਼ਟਰੀ ਖ਼ਬਰਾਂ ‘ਧੁੰਦਲੀ ਨਜ਼ਰ, ਕਮਜ਼ੋਰ ਹੱਥ ਅਤੇ ਗਰਦਨ’, ਕੀ ਤੁਹਾਡੀ ਵੀ ‘ਫ਼ੋਨ ਬੌਡੀ’ ਬਣਦੀ...

‘ਧੁੰਦਲੀ ਨਜ਼ਰ, ਕਮਜ਼ੋਰ ਹੱਥ ਅਤੇ ਗਰਦਨ’, ਕੀ ਤੁਹਾਡੀ ਵੀ ‘ਫ਼ੋਨ ਬੌਡੀ’ ਬਣਦੀ ਜਾ ਰਹੀ ਹੈ, ਜਾਣੋ ਫ਼ੋਨ ਦੀ ਵੱਧ ਵਰਤੋ ਸਰੀਰ ‘ਤੇ ਕੀ-ਕੀ ਅਸਰ ਪਾ ਸਕਦੀ ਹੈ

2
0

Source :- BBC PUNJABI

ਫ਼ੋਨ ਬੌਡੀ

ਤਸਵੀਰ ਸਰੋਤ, BBC/ Serenity Strull/ Getty Images

ਤੁਹਾਡੇ ਡਿਵਾਈਸ ਤੁਹਾਡੇ ਸਰੀਰ ਨੂੰ ਅਜਿਹੇ ਤਰੀਕਿਆਂ ਨਾਲ ਬਦਲ ਰਹੇ ਹਨ, ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ। ਪਰ ਅਜੇ ਵੀ ਦੇਰ ਨਹੀਂ ਹੋਈ ਹੈ ਅਤੇ ਤੁਸੀਂ ਇਸ ਬਾਰੇ ਬਹੁਤ ਕੁਝ ਕਰ ਸਕਦੇ ਹੋ।

ਜਦੋਂ ਅਸੀਂ ਇਸ ਗੱਲ ਦੀ ਚਿੰਤਾ ਕਰਦੇ ਹਾਂ ਕਿ ਸਾਡੇ ਸਕ੍ਰੀਨ ਟਾਈਮ ਦਾ ਸਾਡੇ ਉੱਤੇ ਕੀ ਅਸਰ ਪੈ ਸਕਦਾ ਹੈ, ਤਾਂ ਅਸੀਂ ਦਿਮਾਗ਼ ਉੱਤੇ ਧਿਆਨ ਦਿੰਦੇ ਹਾਂ। ਪਰ ਹਾਲ ਹੀ ਵਿੱਚ, ਮੈਂ ਹੇਠਾਂ ਦੇਖਿਆ ਤਾਂ ਆਪਣੀ ਛੋਟੀ ਉਂਗਲ ‘ਤੇ ਇੱਕ ਛੋਟਾ ਜਿਹਾ ਸਖ਼ਤ ਜਿਹਾ ਉਭਾਰ ਦੇਖਿਆ। ਇਹ ਬਿਲਕੁਲ ਉਸੇ ਥਾਂ ‘ਤੇ ਹੈ ਜਿੱਥੇ ਮੈਂ ਆਪਣਾ ਫ਼ੋਨ ਟਿਕਾਉਂਦਾ ਹਾਂ। ਇਸਨੂੰ ਦੇਖ ਕੇ ਮੈਂ ਸੋਚਣ ਲੱਗ ਪਿਆ ਕਿ ਆਖਿਰ ਮੇਰਾ ਫ਼ੋਨ ਦਿਮਾਗ ਤੋਂ ਇਲਾਵਾ ਮੇਰੇ ਬਾਕੀ ਦੇ ਸਰੀਰ ਨਾਲ ਕੀ ਕਰ ਰਿਹਾ ਹੈ?

ਇਹ ਪਤਾ ਲਗਾਉਣ ਲਈ ਮੈਂ ਕੁਝ ਮਾਹਿਰਾਂ ਨਾਲ ਗੱਲ ਕੀਤੀ। ਉਨ੍ਹਾਂ ਦਾ ਜਵਾਬ ਚੰਗਾ ਨਹੀਂ ਹੈ – ਸ਼ਾਇਦ ਤੁਸੀਂ ਪਹਿਲਾਂ ਹੀ ਇਸ ਦਾ ਅੰਦਾਜ਼ਾ ਲਾ ਲਿਆ ਹੋਵੇ ਕਿ ਜਵਾਬ ਕੁਝ ਅਜਿਹਾ ਹੀ ਹੋਵੇਗਾ।

ਆਧੁਨਿਕ ਵਿਗਿਆਨ ਦੱਸਦਾ ਹੈ ਕਿ ਤੁਹਾਡਾ ਫ਼ੋਨ ਅਤੇ ਉਸ ਦੇ ਡਿਜੀਟਲ ਸਾਥੀ ਤੁਹਾਡੀ ਗਰਦਨ ਦੀ ਦਿੱਖ ਬਦਲ ਸਕਦੇ ਹਨ, ਤੁਹਾਡੀ ਨਜ਼ਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਤੁਹਾਡੇ ਮੋਟਰ ਸਕਿੱਲਜ਼ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਤੁਹਾਡੀਆਂ ਮਾਸਪੇਸ਼ੀਆਂ ਦੀ ਤਾਕਤ ਘਟਾ ਸਕਦੇ ਹਨ।

ਲੋਕ ਤਾਂ ਇਹ ਵੀ ਚਿੰਤਾ ਕਰ ਰਹੇ ਹਨ ਕਿ ਸਾਡੀ ਟੈਕਨਾਲੋਜੀ-ਆਧਾਰਿਤ ਜ਼ਿੰਦਗੀ ਕਾਰਨ ਸਾਡੀ ਚਮੜੀ ‘ਤੇ ਝੁਰੜੀਆਂ ਵੀ ਵਧ ਰਹੀਆਂ ਹਨ। ਅਤੇ ਇਨ੍ਹਾਂ ਵਿੱਚੋਂ ਕੁਝ ਸਰੀਰਕ ਸਮੱਸਿਆਵਾਂ ਅੱਗੇ ਚੱਲ ਕੇ ਮਾਨਸਿਕ ਸਮਰੱਥਾ ਵਿੱਚ ਕਮੀ ਜਾਂ ਹੋਰ ਵੱਧ ਗੰਭੀਰ ਸਮੱਸਿਆਵਾਂ ਦਾ ਕਾਰਨ ਵੀ ਬਣ ਸਕਦੀਆਂ ਹਨ।

ਮੈਨੂੰ ਤੁਹਾਡੇ ਬਾਰੇ ਤਾਂ ਨਹੀਂ ਪਤਾ, ਪਰ ਮੈਂ ਇੰਨਾ ਜ਼ਿਆਦਾ ਬੈਠੇ ਰਹਿਣ ਲਈ ਤਿਆਰ ਨਹੀਂ ਹਾਂ (ਖ਼ਾਸ ਕਰਕੇ ਇਸ ਲਈ ਕਿਉਂਕਿ ਇੰਨਾ ਜ਼ਿਆਦਾ ਬੈਠਣਾ ਹੀ ਸਮੱਸਿਆ ਦਾ ਇੱਕ ਹਿੱਸਾ ਹੈ)। ਚੰਗੀ ਗੱਲ ਇਹ ਹੈ ਕਿ ਜੇ ਤੁਸੀਂ ਨਹੀਂ ਚਾਹੁੰਦੇ ਕਿ ਟੈਕਨਾਲੋਜੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਏ, ਤਾਂ ਤੁਸੀਂ ਇਸ ਬਾਰੇ ਕੁਝ ਕਦਮ ਚੁੱਕ ਸਕਦੇ ਹੋ।

ਰੀੜ੍ਹ ਦੀ ਹੱਡੀ ਦਾ ਟੇਢਾਪਣ

ਗਰਦਨ ਵਿੱਚ ਦਰਦ

ਤਸਵੀਰ ਸਰੋਤ, Getty Images

ਜੇ ਤੁਸੀਂ ਇਹ ਰਿਪੋਰਟ ਆਪਣੇ ਫ਼ੋਨ ‘ਤੇ ਪੜ੍ਹ ਰਹੇ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਇਸ ਨੂੰ ਦੇਖਣ ਲਈ ਆਪਣਾ ਸਿਰ ਹੇਠਾਂ ਵੱਲ ਝੁਕਾਇਆ ਹੋਇਆ ਹੋਵੇ।

ਇਹ “ਅੱਗੇ ਵੱਲ ਸਿਰ ਝੁਕਾਉਣ ਵਾਲੀ ਪੋਜ਼ੀਸ਼ਨ” ਤੁਹਾਡੀ ਗਰਦਨ ‘ਤੇ 60 ਪੌਂਡ (27 ਕਿਲੋਗ੍ਰਾਮ) ਤੱਕ ਦਾ ਦਬਾਅ ਪਾ ਸਕਦੀ ਹੈ। ਸਮੇਂ ਦੇ ਨਾਲ-ਨਾਲ, ਇਸ ਨਾਲ ਤੁਹਾਡੀ ਰੀੜ੍ਹ ਦੀਆਂ ਡਿਸਕਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ, ਜੋੜ ਅਤੇ ਮਾਸਪੇਸ਼ੀਆਂ ਖ਼ਰਾਬ ਹੋ ਸਕਦੀਆਂ ਹਨ ਅਤੇ ਤੁਹਾਡੇ ਫੇਫੜਿਆਂ ਦੀ ਸਮਰੱਥਾ ਵੀ ਘਟ ਸਕਦੀ ਹੈ। ਇਸ ਸਮੱਸਿਆ ਦਾ ਇੱਕ ਨਾਮ ਵੀ ਹੈ: “ਟੈਕ ਨੈਕ”।

ਇਹ ਤੁਹਾਡੇ ਸਰੀਰ ਦੀ ਦਿੱਖ ਨੂੰ ਵੀ ਹਮੇਸ਼ਾ ਲਈ ਬਦਲ ਸਕਦਾ ਹੈ।

ਡਾਕਟਰ ਦੀ ਸਲਾਹ ਨਾਲ ਕੀਤੀਆਂ ਜਾਣ ਵਾਲੀਆਂ ਖ਼ਾਸ ਕਸਰਤਾਂ ਇਸ ਸਮੱਸਿਆ ਨੂੰ ਠੀਕ ਕਰਨ ਵਿੱਚ ਮਦਦ ਕਰ ਸਕਦੀਆਂ ਹਨ। ਪਰ ਕੁਝ ਆਸਾਨ ਬਦਲਾਅ ਹਨ, ਜੋ ਤੁਸੀਂ ਹੁਣੇ ਸ਼ੁਰੂ ਕਰ ਸਕਦੇ ਹੋ, ਜਿਵੇਂ – ਆਪਣੇ ਫ਼ੋਨ ਨੂੰ ਦੇਖਦੇ ਸਮੇਂ ਇਸਨੂੰ ਹੋਰ ਉੱਚਾ ਰੱਖੋ।

ਸਕ੍ਰੀਨ ਨੂੰ ਆਪਣੀਆਂ ਅੱਖਾਂ ਦੇ ਬਰਾਬਰ ਰੱਖੋ ਅਤੇ ਬਿਹਤਰ ਹੋਵੇਗਾ ਕਿ ਇਸ ਨੂੰ ਆਪਣੇ ਚਿਹਰੇ ਤੋਂ ਲਗਭਗ ਇੱਕ ਬਾਂਹ ਦੀ ਦੂਰੀ ‘ਤੇ ਰੱਖੋ। ਇਹੀ ਸਲਾਹ ਕੰਪਿਊਟਰ ਮਾਨੀਟਰ ਲਈ ਵੀ ਲਾਗੂ ਹੁੰਦੀ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਕ੍ਰੀਨ ਤੋਂ ਬ੍ਰੇਕ ਲੈਣਾ ਵੀ ਮਦਦਗਾਰ ਹੋ ਸਕਦਾ ਹੈ। ਹਰ ਅੱਧੇ ਘੰਟੇ ਬਾਅਦ 20 ਮਿੰਟ ਦਾ ਬ੍ਰੇਕ ਲੈਣ ਦੀ ਕੋਸ਼ਿਸ਼ ਕਰੋ।

ਚਮੜੀ ‘ਤੇ ਜਲਣ ਅਤੇ ਗਰਦਨ ‘ਤੇ ਝੁਰੜੀਆਂ?

ਚਮੜੀ 'ਤੇ ਜਲਣ

ਤਸਵੀਰ ਸਰੋਤ, Getty Images

ਹਾਲ ਹੀ ਵਿੱਚ ਇੱਕ ਨਵੀਂ ਚਿੰਤਾ ਸਾਹਮਣੇ ਆਈ ਹੈ – ਕੀ ਟੈਕ ਨੈਕ ਕਾਰਨ ਗਰਦਨ ‘ਤੇ ਝੁਰੜੀਆਂ ਪੈ ਰਹੀਆਂ ਹਨ?

ਯੂਕੇ ਵਿੱਚ ਰੌਇਲ ਕਾਲਜ ਆਫ਼ ਫ਼ਿਜ਼ੀਸ਼ੀਅਨਜ਼ ਦੇ ਫੈਲੋ ਅਤੇ ਕੰਸਲਟੈਂਟ ਡਰਮੈਟੋਲੋਜਿਸਟ ਜਸਟਿਨ ਹੇਕਸਟਾਲ ਕਹਿੰਦੇ ਹਨ, “ਥਿਊਰੀ ਦੇ ਹਿਸਾਬ ਨਾਲ ਇਹ ਗੱਲ ਸਹੀ ਹੈ।”

ਉਹ ਕਹਿੰਦੇ ਹਨ ਕਿ ਵਾਰ-ਵਾਰ ਪੈਣ ਵਾਲਾ ਦਬਾਅ ਝੁਰੜੀਆਂ ਦਾ ਕਾਰਨ ਬਣਦਾ ਹੈ, ਇਸ ਲਈ ਹਰ ਸਮੇਂ ਅੱਗੇ ਵੱਲ ਝੁਕਣਾ ਅਤੇ ਗਰਦਨ ਨੂੰ ਉੱਪਰ ਵੱਲ ਮੋੜਨਾ ਇੱਕ ਸਮੱਸਿਆ ਹੋ ਸਕਦੀ ਹੈ।

ਪਰ ਹੇਕਸਟਾਲ ਕਹਿੰਦੇ ਹਨ ਕਿ ਇਸ ਸਬੰਧ ਨੂੰ ਸਾਬਿਤ ਕਰਨ ਵਾਲਾ ਕੋਈ ਮਜ਼ਬੂਤ ਅਧਿਐਨ ਨਹੀਂ ਹੋਇਆ ਹੈ। ਉਹ ਆਨਲਾਈਨ ਵਿਕਣ ਵਾਲੇ ਕਿਸੇ ਵੀ ਵਿਸ਼ੇਸ਼ “ਟੈਕ ਨੈਕ” ਸਕਿਨ ਪ੍ਰੋਡਕਟ ਨੂੰ ਨਾ ਖਰੀਦਣ ਦੀ ਸਲਾਹ ਦਿੰਦੇ ਹਨ।

ਹਾਲਾਂਕਿ, ਚਮੜੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਵੀ ਹਨ, ਜਿਨ੍ਹਾਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ, ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਸਮਾਰਟਵਾਚ ਦੇ ਇੰਨੇ ਆਦੀ ਹਨ ਕਿ ਉਸ ਨੂੰ ਕਦੇ ਨਹੀਂ ਉਤਾਰਦੇ।

ਉਹ ਕਹਿੰਦੇ ਹਨ, “ਇੱਕ ਹਨ੍ਹੇਰਾ ਅਤੇ ਨਮੀ ਵਾਲਾ ਮਾਹੌਲ [ਜਿਵੇਂ ਤੁਹਾਡੀ ਘੜੀ ਦੇ ਹੇਠਾਂ ਵਾਲਾ ਹਿੱਸਾ] ਫੰਗਸ (ਯੀਸਟ) ਲਈ ਬਹੁਤ ਵਧੀਆ ਹੁੰਦਾ ਹੈ, ਇਸ ਲਈ ਤੁਹਾਨੂੰ ਜਲਣ ਜਾਂ ਐਕਜ਼ੀਮਾ ਵੀ ਹੋ ਸਕਦਾ ਹੈ।”

ਅਤੇ ਕਿਉਂਕਿ ਇਸ ਨਾਲ ਚਮੜੀ ਦੀ ਸੁਰੱਖਿਆ ਪਰਤ ਨੂੰ ਨੁਕਸਾਨ ਪਹੁੰਚ ਸਕਦਾ ਹੈ, ਹੇਕਸਟਾਲ ਦਾ ਕਹਿਣਾ ਹੈ ਕਿ ਇਸ ਨਾਲ ਟੈਕ ਪ੍ਰੋਡਕਟਾਂ ਵਿੱਚ ਮੌਜੂਦ ਕੁਝ ਤੱਤਾਂ, ਜਿਵੇਂ ਨਿੱਕਲ, ਰਬੜ, ਲੈਟੈਕਸ ਅਤੇ ਐਕ੍ਰਿਲੇਟਸ ਨਾਮ ਦੇ ਰਸਾਇਣਾਂ ਦੇ ਸਮੂਹ ਪ੍ਰਤੀ ਸੰਵੇਦਨਸ਼ੀਲਤਾ ਵੀ ਵਧ ਸਕਦੀ ਹੈ।

ਇਸ ਦਾ ਹੱਲ ਸੌਖਾ ਹੈ- ਆਪਣੀ ਸਮਾਰਟਵਾਚ ਨੂੰ ਵੱਧ ਵਾਰ ਉਤਾਰੋ ਅਤੇ ਆਪਣੀ ਚਮੜੀ ਨੂੰ ਧੋਵੋ। ਜੇ ਤੁਸੀਂ ਸਾਰਾ ਦਿਨ ਘੜੀ ਪਹਿਨਣੀ ਹੈ, ਤਾਂ ਉਹ ਬੈਰੀਅਰ ਕ੍ਰੀਮ ਲਗਾਉਣ ਦੀ ਵੀ ਸਲਾਹ ਦਿੰਦੇ ਹਨ।

ਘੱਟਦੀ ਨਜ਼ਰ

ਬਜ਼ੁਰਗ ਨਾਲ ਖੇਡਦਾ ਹੋਇਆ ਬੱਚਾ

ਤਸਵੀਰ ਸਰੋਤ, Getty Images

ਮਾਇਓਪੀਆ (ਨੇੜੇ ਦੀ ਨਜ਼ਰ ਕਮਜ਼ੋਰ ਹੋਣਾ) ਦੀ ਦਰ ਦਹਾਕਿਆਂ ਤੋਂ ਤੇਜ਼ੀ ਨਾਲ ਵਧ ਰਹੀ ਹੈ। ਜੇ ਤੁਸੀਂ ਸੋਚੋ ਕਿ ਕੀ ਬਦਲਿਆ ਹੈ, ਤਾਂ ਟੈਕਨਾਲੋਜੀ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਣਾ ਆਸਾਨ ਹੈ।

ਅਮਰੀਕਾ ਵਿੱਚ ਓਹਾਇਓ ਸਟੇਟ ਯੂਨੀਵਰਸਿਟੀ ਵਿੱਚ ਆਪਟੋਮੈਟਰੀ ਦੇ ਪ੍ਰੋਫੈਸਰ ਡੌਨਲਡ ਮੱਟੀ ਦੇ ਅਨੁਸਾਰ, ਇਹ ਸੱਚ ਹੋ ਸਕਦਾ ਹੈ, ਪਰ ਉਸ ਤਰ੍ਹਾਂ ਨਹੀਂ ਜਿਵੇਂ ਤੁਸੀਂ ਸੋਚਦੇ ਹੋਵੋ।

ਮੱਟੀ ਕਹਿੰਦੇ ਹਨ, “ਅਸੀਂ ਬੱਚਿਆਂ ਦੀਆਂ ਅੱਖਾਂ ਦੇ ਵਿਕਾਸ ‘ਤੇ 20 ਸਾਲ ਤੋਂ ਵੱਧ ਸਮੇਂ ਤੱਕ, ਲੰਬੇ ਸਮੇਂ ਵਾਲਾ ਅਧਿਐਨ ਕੀਤਾ। ਜਿਸ ਵਿੱਚ ਮਾਇਓਪੀਆ ਦੀ ਸ਼ੁਰੂਆਤ ਅਤੇ ਇਸ ਦੇ ਵਧਣ ਦੇ ਜੋਖ਼ਮ ਕਾਰਕਾਂ ਨੂੰ ਦੇਖਿਆ ਗਿਆ।”

ਇੱਕ ਮਹੱਤਵਪੂਰਨ ਸਵਾਲ ਇਹ ਸੀ ਕਿ ਕੀ ਮਾਇਓਪੀਆ ਅਤੇ “ਨੇੜੇ ਤੋਂ ਕੀਤੇ ਜਾਣ ਵਾਲੇ ਕੰਮ” ਵਿਚਕਾਰ ਕੋਈ ਸਬੰਧ ਹੈ, ਜਿਵੇਂ ਉਹ ਕੰਮ ਜਿਨ੍ਹਾਂ ਵਿੱਚ ਤੁਹਾਡਾ ਧਿਆਨ ਫ਼ੋਨ ਵਰਗੀ ਕਿਸੇ ਚੀਜ਼ ‘ਤੇ ਕੇਂਦਰਿਤ ਰਹਿੰਦਾ ਹੈ। ਉਹ ਕਹਿੰਦੇ ਹਨ, “ਜਵਾਬ ਸੀ- ‘ਅਸਲ ਵਿੱਚ ਨਹੀਂ’।”

ਪਰ ਅਧਿਐਨ ਤੋਂ ਇੱਕ ਹੋਰ ਗੱਲ ਵੀ ਸਾਹਮਣੇ ਆਈ – ਬਾਹਰ ਖੁੱਲ੍ਹੇ ਵਿੱਚ ਬਿਤਾਇਆ ਗਿਆ ਸਮਾਂ ਇੱਕ ਸੁਰੱਖਿਆਤਮਕ ਅਸਰ ਦਿਖਾਉਂਦਾ ਹੈ।

ਮੱਟੀ ਕਹਿੰਦੇ ਹਨ, “ਵਿਚਾਰ ਇਹ ਹੈ ਕਿ ਬਾਹਰ ਦੀ ਤੇਜ਼ ਰੌਸ਼ਨੀ ਰੈਟੀਨਾ ਤੋਂ ਡੋਪਾਮਾਈਨ ਨਿਕਲਣ ਵਿੱਚ ਮਦਦ ਕਰਦੀ ਹੈ,” ਅਤੇ ਅਜਿਹਾ ਲੱਗਦਾ ਹੈ ਕਿ ਇਹ ਤੁਹਾਡੀਆਂ ਅੱਖਾਂ ਦੇ ਵਿਕਸਿਤ ਹੋਣ ਦੇ ਤਰੀਕੇ ‘ਤੇ ਅਸਰ ਪਾ ਸਕਦੀ ਹੈ।

ਦੁਨੀਆ ਬਦਲ ਰਹੀ ਹੈ ਅਤੇ ਟੈਕਨਾਲੋਜੀ ਇਸ ਬਦਲਦੀ ਦੁਨੀਆਂ ਦਾ ਇੱਕ ਹਿੱਸਾ ਹੈ। ਇਸ ਬਦਲਦੀ ਦੁਨੀਆਂ ਅਤੇ ਟੈਕਨਾਲੋਜੀ ਕਾਰਨ ਅਸੀਂ ਆਪਣਾ ਜ਼ਿਆਦਾਤਰ ਸਮਾਂ ਘਰਾਂ ਦੇ ਅੰਦਰ ਬਿਤਾ ਰਹੇ ਹਾਂ। ਮੱਟੀ ਦਾ ਮੰਨਣਾ ਹੈ ਕਿ ਇਸ ਹਿਸਾਬ ਨਾਲ ਤੁਹਾਡੇ ਡਿਵਾਈਸ ਤੁਹਾਡੀਆਂ ਅੱਖਾਂ ‘ਤੇ ਅਸਿੱਧਾ ਨਕਾਰਾਤਮਕ ਅਸਰ ਪਾ ਸਕਦੇ ਹਨ।

ਕਮਜ਼ੋਰ ਹੱਥ

ਪਕੜ ਦੀ ਮਜ਼ਬੂਤੀ (ਗ੍ਰਿਪ ਸਟ੍ਰੈਂਥ)

ਤਸਵੀਰ ਸਰੋਤ, Getty Images

ਪਕੜ ਦੀ ਮਜ਼ਬੂਤੀ (ਗ੍ਰਿਪ ਸਟ੍ਰੈਂਥ) ਨੂੰ ਹੁਣ ਤੁਹਾਡੀ ਸਿਹਤ ਦਾ ਇੱਕ ਮਹੱਤਵਪੂਰਨ ਮਾਪਦੰਡ ਮੰਨਿਆ ਜਾ ਰਿਹਾ ਹੈ।

ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਇਹ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤ ਦੇ ਮਾਮਲਿਆਂ ਵਿੱਚ ਬਲੱਡ ਪ੍ਰੈਸ਼ਰ ਦੇ ਮੁਕਾਬਲੇ ਬਿਹਤਰ ਸੰਕੇਤ ਦਿੰਦੀ ਹੈ। ਅਤੇ ਕਈ ਦੇਸ਼ਾਂ ਵਿੱਚ, ਖ਼ਾਸ ਕਰਕੇ ਨੌਜਵਾਨਾਂ ਵਿੱਚ ਪਕੜ ਦੀ ਮਜ਼ਬੂਤੀ ਘੱਟ ਰਹੀ ਹੈ।

ਜਰਮਨੀ ਦੀ ਮੈਡੀਕਲ ਯੂਨੀਵਰਸਿਟੀ ਆਫ਼ ਲਾਊਜ਼ਿਟਜ਼ ਵਿੱਚ ਮੈਡੀਕਲ ਸੋਸ਼ਿਓਲੋਜੀ ਦੇ ਪ੍ਰੋਫੈਸਰ ਜੋਹਾਨਸ ਬੈਲਰ ਕਹਿੰਦੇ ਹਨ, “ਪੀੜ੍ਹੀਆਂ ਵਿੱਚ ਆਈ ਇਹ ਗਿਰਾਵਟ ਸਿਰਫ਼ ਕਮਜ਼ੋਰ ਹੱਥਾਂ ਦੀ ਗੱਲ ਨਹੀਂ ਹੈ, ਇਹ ਨੌਜਵਾਨਾਂ ਦੀ ਭਵਿੱਖ ਦੀ ਸਿਹਤ ਬਾਰੇ ਇੱਕ ਸ਼ੁਰੂਆਤੀ ਚੇਤਾਵਨੀ ਦਾ ਸੰਕੇਤ ਹੋ ਸਕਦੀ ਹੈ।”

“ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਕੰਪਿਊਟਰ-ਆਧਾਰਿਤ, ਬੈਠ ਕੇ ਕੀਤੇ ਜਾਣ ਵਾਲੇ ਕੰਮ ਸਰੀਰਕ ਤੰਦਰੁਸਤੀ ਵਿੱਚ ਕਮੀ ਲਿਆ ਰਹੇ ਹਨ” ਅਤੇ ਇਹ ਵੀ ਸੰਭਵ ਹੈ ਕਿ ਇਸ ਦਾ ਅਸਰ ਪਕੜ ਦੀ ਮਜ਼ਬੂਤੀ ‘ਤੇ ਵੀ ਪੈ ਰਿਹਾ ਹੋਵੇ।

ਪਰ ਇਹ ਸਿਰਫ਼ ਪਕੜ ਦੀ ਗੱਲ ਨਹੀਂ ਹੈ, ਸਗੋਂ ਤੁਹਾਡੀ ਸਮੁੱਚੀ ਸਰੀਰਕ ਤੰਦਰੁਸਤੀ ਨੂੰ ਬਿਹਤਰ ਬਣਾਉਣ ਬਾਰੇ ਵੀ ਹੈ। ਦੂਜੇ ਸ਼ਬਦਾਂ ਵਿੱਚ ਕਹੀਏ ਤਾਂ – ਜਿਮ ਜਾਓ ਅਤੇ ਕਸਰਤ ਕਰੋ।

ਹੱਥਾਂ ਅਤੇ ਅੱਖਾਂ ਦਾ ਤਾਲਮੇਲ

ਖੇਡਦਾ ਹੋਇਆ ਬੱਚਾ

ਤਸਵੀਰ ਸਰੋਤ, Getty Images

ਅਜਿਹਾ ਲੱਗਦਾ ਹੈ ਕਿ ਟੈਕਨਾਲੋਜੀ ਮੋਟਰ ਸਕਿੱਲਜ਼ (ਸਰੀਰਕ ਗਤੀਵਿਧੀਆਂ ਲਈ ਦਿਮਾਗ ਅਤੇ ਸਰੀਰ ਦੇ ਤਾਲਮੇਲ ਦੀ ਸਮਰੱਥਾ) ‘ਤੇ ਅਸਰ ਪਾਉਂਦੀ ਹੈ।

ਜਰਮਨੀ ਦੀ ਰੇਗੇਨਸਬਰਗ ਯੂਨੀਵਰਸਿਟੀ ਵਿੱਚ ਡਿਵੈਲਪਮੈਂਟਲ ਸਾਈਕੋਲੋਜੀ ਅਤੇ ਐਜੂਕੇਸ਼ਨ ਦੇ ਪ੍ਰੋਫੈਸਰ ਸੇਬੇਸਟੀਅਨ ਸੁਗੇਟ ਕਹਿੰਦੇ ਹਨ ਕਿ ਇਸ ਨਾਲ ਤੁਸੀਂ ਕਲਿੱਕ ਕਰਨ ਅਤੇ ਸਵਾਈਪ ਕਰਨ ਵਰਗੇ ਕੰਮਾਂ ਵਿੱਚ ਬਿਹਤਰ ਹੋ ਸਕਦੇ ਹੋ। “ਪਰ ਜੇ ਤੁਸੀਂ ਵਿਆਪਕ ਮੋਟਰ ਸਕਿੱਲਜ਼ ਦੇ ਵਿਕਾਸ, ਖ਼ਾਸ ਕਰਕੇ ਫ਼ਾਈਨ ਮੋਟਰ ਸਕਿੱਲਜ਼ ਦੇ ਵਿਕਾਸ ਨੂੰ ਦੇਖੋ, ਤਾਂ ਸਬੂਤ ਨਕਾਰਾਤਮਕ ਅਸਰ ਵੱਲ ਇਸ਼ਾਰਾ ਕਰਦੇ ਹਨ।”

ਸੌਖੇ ਸ਼ਬਦਾਂ ਵਿੱਚ, ਇਸ ਨਾਲ ਭਾਵੇਂ ਤੁਸੀਂ ਮੋਬਾਈਲ ਜਾਂ ਕੰਪਿਊਟਰ ਚਲਾਉਣ ਵਿੱਚ ਹੋਰ ਤੇਜ਼ ਹੋ ਜਾਵੋ, ਪਰ ਇਸ ਨਾਲ ਇਹ ਲਾਜ਼ਮੀ ਨਹੀਂ ਕਿ ਤੁਹਾਡੇ ਹੱਥਾਂ ਦੇ ਹੋਰ ਮਹੱਤਵਪੂਰਨ ਅਤੇ ਬਾਰੀਕ ਹੁਨਰ ਵੀ ਉਨ੍ਹਾਂ ਹੀ ਚੰਗੇ ਤਰੀਕੇ ਨਾਲ ਵਿਕਸਿਤ ਹੋਣ।

ਸਾਨੂੰ ਬਾਲਗਾਂ ਦੇ ਮੁਕਾਬਲੇ ਬੱਚਿਆਂ ‘ਤੇ ਪੈਣ ਵਾਲੇ ਅਸਰਾਂ ਬਾਰੇ ਵੱਧ ਜਾਣਕਾਰੀ ਹੈ। ਸੁਗੇਟ ਦੀ ਆਪਣੀ ਖੋਜ ਤੋਂ ਪਤਾ ਲੱਗਦਾ ਹੈ ਕਿ ਵੱਧ ਸਕ੍ਰੀਨ ਟਾਈਮ ਅਤੇ ਕਮਜ਼ੋਰ ਮੋਟਰ ਸਕਿੱਲਜ਼ ਵਿਚਕਾਰ ਸਬੰਧ ਹੈ।

ਇਹ ਗੱਲ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਮੋਟਰ ਸਕਿੱਲਜ਼ ਅਤੇ ਬੋਧਾਤਮਕ (ਕੌਗਨਿਟਿਵ) ਅਤੇ ਅਕਾਦਮਿਕ ਵਿਕਾਸ ਵਿਚਕਾਰ ਸਬੰਧ ਹੁੰਦਾ ਹੈ।

ਹਾਲਾਂਕਿ ਉਹ ਕਹਿੰਦੇ ਹਨ ਇਸ ਨੂੰ ਲੈਕੇ ਘਬਰਾਉਣ ਜਾਂ ਸਕ੍ਰੀਨ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਜ਼ਰੂਰਤ ਨਹੀਂ। ਇਸ ਦੀ ਬਜਾਏ, ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਜਿਹੇ ਕੰਮ ਸ਼ਾਮਲ ਕਰੋ ਜਿਨ੍ਹਾਂ ਵਿੱਚ ਤੁਹਾਡੇ ਹੱਥਾਂ ਦਾ ਵੱਧ ਤੋਂ ਵੱਧ ਇਸਤੇਮਾਲ ਹੋਵੇ।

ਨਿਯਮਿਤ ਤੌਰ ‘ਤੇ ਹੱਥਾਂ ਨਾਲ ਕੀਤੇ ਜਾਣ ਵਾਲੇ ਕੰਮ, ਜਿਵੇਂ ਖਾਣਾ ਬਣਾਉਣਾ ਜਾਂ ਕਲਾ ਅਤੇ ਸ਼ਿਲਪ (ਆਰਟਸ ਐਂਡ ਕਰਾਫ਼ਟਸ) ਮਦਦਗਾਰ ਹੋ ਸਕਦੇ ਹਨ। ਸੁਗੇਟ ਲੱਕੜ ਦਾ ਕੰਮ ਕਰਦੇ ਹਨ, ਪਰ ਤੁਸੀਂ ਕੋਈ ਸੰਗੀਤਕ ਸਾਜ਼ ਵਜਾਉਣਾ ਸਿੱਖ ਸਕਦੇ ਹੋ ਜਾਂ ਹੱਥ ਨਾਲ ਲਿਖਣ ਦੀ ਆਦਤ ਵੀ ਪਾ ਸਕਦੇ ਹੋ।

ਸੁਗੇਟ ਕਹਿੰਦੇ ਹਨ, “ਇਹ ਦੁਨੀਆ ਦਾ ਅੰਤ ਨਹੀਂ ਹੈ। ਇਹ ਮਾਮੂਲੀ ਅਸਰ ਹਨ। ਪਰ ਭਾਵੇਂ ਵਿਅਕਤੀਗਤ ਪੱਧਰ ‘ਤੇ ਇਸ ਦਾ ਅਸਰ ਘੱਟ ਜਾਂ ਦਰਮਿਆਨਾ ਹੋਵੇ, ਫਿਰ ਵੀ ਸਮੂਹਿਕ ਤੌਰ ‘ਤੇ ਅਤੇ ਪੀੜ੍ਹੀਆਂ ਦੇ ਦੌਰਾਨ, ਅਸੀਂ ਅਜਿਹੇ ਸਮਾਜ ਦੀ ਗੱਲ ਕਰ ਰਹੇ ਹਾਂ ਜੋ ਸੰਭਾਵੀ ਤੌਰ ‘ਤੇ ਘੱਟ ਸਮਝਦਾਰ ਹੋ ਸਕਦਾ ਹੈ ਅਤੇ ਅਸਲੀਅਤ ਨੂੰ ਸਮਝਣ ਵਿੱਚ ਘੱਟ ਸਮਰੱਥ ਹੋ ਸਕਦਾ ਹੈ, ਕਿਉਂਕਿ ਦੁਨੀਆ ਨਾਲ ਜੁੜਨ ਲਈ ਸਾਡੇ ਹੱਥ ਹੀ ਸੰਪਰਕ ਦਾ ਮੁੱਖ ਸਾਧਨ ਹੁੰਦੇ ਹਨ।”

ਸੌਖੇ ਸ਼ਬਦਾਂ ਵਿੱਚ ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਭਾਵੇਂ ਵਿਅਕਤੀ ਵਿਸ਼ੇਸ਼ ‘ਤੇ ਤਕਨੀਕ ਦੇ ਪ੍ਰਭਾਵ ਘੱਟ ਜਾਂ ਦਰਮਿਆਨੇ ਹੋਣ ਪਰ ਸਮੂਹਿਕ ਪੱਧਰ ‘ਤੇ ਜਾਂ ਪੀੜ੍ਹੀਆਂ ‘ਤੇ ਇਸਦਾ ਅਸਰ ਵੱਡਾ ਹੁੰਦਾ ਹੈ ਅਤੇ ਲੰਬੇ ਸਮੇਂ ਵਿੱਚ ਇਸ ਦਾ ਅਸਰ ਸਮਾਜ ਦੀ ਸਮੁੱਚੀ ਸੋਚਣ ਅਤੇ ਸਿੱਖਣ ਦੀ ਸਮਰੱਥਾ ‘ਤੇ ਪੈ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI