Home rss national punjabi2ਰਾਸ਼ਟਰੀ ਖ਼ਬਰਾਂ ਨਵਾਂਸ਼ਹਿਰ ’ਚ ਤਿੰਨ ਨੌਜਵਾਨਾਂ ਵੱਲੋਂ ‘ਆਨਲਾਈਨ ਗੇਮਿੰਗ ‘ਚ ਵਿੱਤੀ ਘਾਟੇ ਕਰਕੇ’, ਜ਼ਹਿਰੀਲਾ...

ਨਵਾਂਸ਼ਹਿਰ ’ਚ ਤਿੰਨ ਨੌਜਵਾਨਾਂ ਵੱਲੋਂ ‘ਆਨਲਾਈਨ ਗੇਮਿੰਗ ‘ਚ ਵਿੱਤੀ ਘਾਟੇ ਕਰਕੇ’, ਜ਼ਹਿਰੀਲਾ ਪਦਾਰਥ ਕਥਿਤ ਤੌਰ ਉੱਤੇ ਖਾਣ ਦਾ ਪੂਰਾ ਮਾਮਲਾ ਜਾਣੋ

4
0

Source :- BBC PUNJABI

ਮੋਬਾਈਲ ਫੋਨ

ਤਸਵੀਰ ਸਰੋਤ, Getty Images

ਚੇਤਾਵਨੀ: ਕੁਝ ਵੇਰਵੇ ਤੁਹਾਨੂੰ ਪਰੇਸ਼ਾਨ ਕਰ ਸਕਦੇ ਹਨ

ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਗੜ੍ਹ ਪਧਾਣਾ ਦੇ ਤਿੰਨ ਨੌਜਵਾਨ ਦੋਸਤਾਂ ਨੇ ਕਥਿਤ ਤੌਰ ‘ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਤੋਂ ਬਾਅਦ ਦੋ ਦੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਤਿੰਨ ਮੁੰਡਿਆਂ ਵਿੱਚੋਂ ਦੋ ਨਾਬਾਲਿਗ ਮੁੰਡੇ ਹਨ ਜਦਕਿ ਇੱਕ 21 ਸਾਲਾ ਨੌਜਵਾਨ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਆਨਲਾਈਨ ਗੇਮਿੰਗ ਦੌਰਾਨ ਹੋਏ ਵਿੱਤੀ ਨੁਕਸਾਨ ਦਾ ਪੱਖ ਸਾਹਮਣੇ ਆਇਆ ਹੈ। ਡੀਐਸ ਪੀ ਨਵਾਂ ਸ਼ਹਿਰ ਪੰਕਜ ਸ਼ਰਮਾ ਮੁਤਾਬਕ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਢਲੀ ਰਿਪੋਰਟ ਮੁਤਾਬਕ ਤਿੰਨਾਂ ਨੇ ਕੋਈ ਜ਼ਹਿਰੀਲਾ ਪਦਾਰਥ ਖਾਧਾ ਹੈ।

ਜਲੰਧਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਦੇ ਅਨੁਸਾਰ, ਗੜ੍ਹ ਪਧਾਣਾ ਪਿੰਡ ਦੇ ਸਰਪੰਚ ਹਰਦੀਪ ਸਿੰਘ ਮੁਤਾਬਕ, ਹਸਪਤਾਲ ਵਿੱਚ ਜ਼ੇਰੇ ਇਲਾਜ ਨਾਬਾਲਗ਼ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਹ ਤਿੰਨੋਂ ਇਕੱਠੇ ਮੋਬਾਈਲ ਉੱਤੇ ਗੇਮ ਖੇਡਦੇ ਸਨ। 21 ਸਾਲ ਨੌਜਵਾਨ ਦਿਲਪ੍ਰੀਤ ਇਸ ਗੇਮ ਵਿੱਚ ਕਾਫ਼ੀ ਪੈਸਾ ਹਾਰ ਗਿਆ ਸੀ ਅਤੇ ਇਸ ਕਾਰਨ ਘਰ ਵਾਲਿਆਂ ਅਤੇ ਸਮਾਜ ਦੇ ਡਰ ਕਰਕੇ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾ ਲਿਆ।

ਸਰਪੰਚ ਹਰਦੀਪ ਸਿੰਘ ਮੁਤਾਬਕ, ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਪੰਚਾਇਤ ਨੇ ਬੱਚਿਆਂ ਨੂੰ ਨਵਾਂਸ਼ਹਿਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ।

ਹਸਪਤਾਲ ਵਿੱਚ ਪਹਿਲਾਂ ਨਾਬਾਲਗ਼ ਮੁੰਡੇ ਦੀ ਮੌਤ ਹੋਈ ਅਤੇ ਉਸ ਤੋਂ ਬਾਅਦ 21 ਸਾਲਾ ਦਿਲਪ੍ਰੀਤ ਸਿੰਘ ਨੇ ਵੀ ਬੀਤੀ ਰਾਤ ਦਮ ਤੋੜ ਦਿੱਤਾ। ਸਰਪੰਚ ਹਰਦੀਪ ਸਿੰਘ ਮੁਤਾਬਕ, ਹਸਪਤਾਲ ਵਿੱਚ ਦਾਖ਼ਲ ਨਾਬਾਲਗ਼ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ।

ਲਾਈਨ

ਮਹੱਤਵਪੂਰਨ ਸੂਚਨਾ

ਮਹੱਤਵਪੂਰਨ ਸੂਚਨਾ

(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਵੀ ਤਣਾਅ ਵਿੱਚੋਂ ਗੁਜ਼ਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 ਤੋਂ ਮਦਦ ਲੈ ਸਕਦੇ ਹੋ। ਤੁਹਾਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)

ਲਾਈਨ

ਪੁਲਿਸ ਨੇ ਕੀ ਦੱਸਿਆ

ਔਨਲਾਈਨ ਮਨੀ ਗੇਮਜ਼

ਤਸਵੀਰ ਸਰੋਤ, Getty Images

ਡੀਐਸ ਪੀ ਨਵਾਂ ਸ਼ਹਿਰ ਪੰਕਜ ਸ਼ਰਮਾ ਮੁਤਾਬਕ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਢਲੀ ਰਿਪੋਰਟ ਮੁਤਾਬਕ ਤਿੰਨਾਂ ਨੇ ਕੋਈ ਜਹਿਰੀਲਾ ਪਦਾਰਥ ਖਾਧਾ ਹੈ।

ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਔੜ ਥਾਣੇ ਦੇ ਐੱਸਐੱਚਓ ਸਤਨਾਮ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਪਰਿਵਾਰ ਜਾਂ ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ।

ਸਤਨਾਮ ਸਿੰਘ ਨੇ ਦੱਸਿਆ, “ਹੁਣ ਤੱਕ ਦੀ ਮੁੱਢਲੀ ਜਾਂਚ ਅਤੇ ਹਸਪਤਾਲ ਵਿੱਚ ਦਾਖ਼ਲ ਨਾਬਾਲਗ਼ ਦੇ ਬਿਆਨਾਂ ਤੋਂ ਪਤਾ ਲੱਗਿਆ ਹੈ ਕਿ ਤਿੰਨੇ ਮੋਬਾਈਲ ਫ਼ੋਨ ਉੱਤੇ ਆਨਲਾਈਨ ਗੇਮਿੰਗ ਦੇ ਆਦੀ ਸਨ। ਤਿੰਨਾਂ ਦੇ ਫ਼ੋਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਇਸ ਘਟਨਾ ਦਾ ਅਸਲ ਕਾਰਨ ਕੀ ਹੈ।”

ਸਤਨਾਮ ਸਿੰਘ ਮੁਤਾਬਕ, ਦਿਲਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਤਾ ਬਿਮਾਰ ਰਹਿੰਦੇ ਹੋਣ ਕਾਰਨ ਵਿਦੇਸ਼ ਰਹਿੰਦਾ ਉਨ੍ਹਾਂ ਦਾ ਚਾਚਾ ਹੀ ਪਰਿਵਾਰ ਦੀ ਦੇਖਭਾਲ ਕਰਦਾ ਹੈ। ਉਨ੍ਹਾਂ ਦੇ ਆਉਣ ਉੱਤੇ ਹੀ ਇਸ ਸਬੰਧੀ ਹੋਰ ਜਾਣਕਾਰੀ ਮਿਲ ਸਕੇਗੀ।

ਕਿਵੇਂ ਬਚਾਈਏ ਬੱਚਿਆਂ ਨੂੰ ਮੋਬਾਈਲ ਦੀ ਲਤ ਤੋਂ?

ਮਨੋਵਿਗਿਆਨੀ

ਮੋਬਾਈਲ ਦੀ ਵੱਧ ਰਹੀ ਲਤ ਅਤੇ ਆਨਲਾਈਨ ਗੇਮਾਂ ਦੇ ਮੁੱਦੇ ਉੱਤੇ ਬੀਬੀਸੀ ਪੰਜਾਬੀ ਨੇ ਪਟਿਆਲਾ ਯੂਨੀਵਰਸਿਟੀ ਦੀ ਮਨੋਵਿਗਿਆਨ ਦੀ ਐਸੋਸੀਏਟ ਪ੍ਰੋਫੈਸਰ ਵੀਦੂ ਮੋਹਨ ਨਾਲ ਗੱਲ ਕੀਤੀ।

ਉਨ੍ਹਾਂ ਮੁਤਾਬਕ, “ਮਾਪਿਆਂ ਨੂੰ ਇਹ ਦੇਖਣਾ ਹੋਵੇਗਾ ਕਿ ਉਨ੍ਹਾਂ ਦੇ ਬੱਚੇ ਕਿੰਨਾ ਸਮਾਂ ਮੋਬਾਈਲ ਉੱਤੇ ਬਿਤਾਉਂਦੇ ਹਨ। ਜੇਕਰ ਬੱਚੇ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਉਸ ਦੀ ਮੋਬਾਈਲ ਦੀ ਲਤ ਵੱਧ ਰਹੀ ਹੈ।”

“ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਜਦੋਂ ਬੱਚੇ ਨੂੰ ਮੋਬਾਈਲ ਨਹੀਂ ਮਿਲਦਾ ਤਾਂ ਉਹ ਬੇਚੈਨ ਹੋ ਜਾਂਦਾ ਹੈ ਅਤੇ ਵਾਰ-ਵਾਰ ਉਸ ਦਾ ਧਿਆਨ ਮੋਬਾਈਲ ਵੱਲ ਜਾਂਦਾ ਹੈ। ਇਹ ਰੁਝਾਨ ਵੀ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।”

ਉਨ੍ਹਾਂ ਮੁਤਾਬਕ, ਇਹ ਜ਼ਰੂਰੀ ਹੈ ਕਿ ਮਾਪੇ ਬੱਚਿਆਂ ਨਾਲ ਸਮਾਂ ਬਿਤਾਉਣ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਉੱਤੇ ਨਜ਼ਰ ਰੱਖਣ।

ਉੱਘੇ ਮਨੋਵਿਗਿਆਨੀ ਡਾਕਟਰ ਹਰਵਿੰਦਰ ਸਿੰਘ ਭੱਟੀ ਮੁਤਾਬਕ, “ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ, ਖ਼ਾਸ ਕਰਕੇ ਮੋਬਾਈਲ ਦੀ ਲਤ, ਬਹੁਤ ਖ਼ਤਰਨਾਕ ਰੁਝਾਨ ਹੈ।”

“ਮੋਬਾਈਲ ਉੱਤੇ ਦੇਖੇ ਜਾਣ ਵਾਲੇ ਕੰਟੈਂਟ ਦਾ ਬੱਚਿਆਂ ਦੇ ਦਿਮਾਗ਼ ਉੱਤੇ ਅਸਰ ਪੈਂਦਾ ਹੈ। ਕੁਝ ਬੱਚੇ ਇਸ ਕਾਰਨ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਵੀ ਹੋ ਸਕਦੇ ਹਨ ਅਤੇ ਕਈ ਵਾਰ ਖ਼ਤਰਨਾਕ ਕਦਮ ਚੁੱਕ ਸਕਦੇ ਹਨ।”

ਪ੍ਰੋਫੈਸਰ ਭੱਟੀ ਮੁਤਾਬਕ, ਸੋਸ਼ਲ ਮੀਡੀਆ ਦੇ ਖ਼ਤਰਨਾਕ ਰੁਝਾਨਾਂ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤਿਆਂ ਦੀ ਵਰਤੋਂ ਉੱਤੇ ਪਾਬੰਦੀ ਲਗਾਈ ਹੈ।

ਆਨਲਾਈਨ ਮਨੀ ਗੇਮਿੰਗ ਸਬੰਧੀ ਭਾਰਤ ਵਿੱਚ ਕੀ ਹਨ ਗਾਈਡਲਾਈਨਾਂ ਅਤੇ ਕਾਨੂੰਨ?

ਗੇਮ

ਤਸਵੀਰ ਸਰੋਤ, Getty Images

ਭਾਰਤ ਵਿੱਚ ਆਨਲਾਈਨ ਗੇਮਿੰਗ ਨਾਲ ਸਬੰਧਤ ਮੁੱਖ ਕਾਨੂੰਨੀ ਢਾਂਚਾ ਪ੍ਰਮੋਸ਼ਨ ਐਂਡ ਰੈਗੂਲੇਸ਼ਨ ਆਫ਼ ਆਨਲਾਈਨ ਗੇਮਿੰਗ ਐਕਟ, 2025 ਹੈ। ਇਸ ਤਹਿਤ ਆਨਲਾਈਨ ਮਨੀ ਗੇਮਾਂ ਉੱਤੇ ਪਾਬੰਦੀ ਲਗਾਈ ਗਈ ਹੈ।

ਇਸ ਵਿੱਚ ਰੰਮੀ, ਪੋਕਰ, ਫੈਂਟਸੀ ਸਪੋਰਟਸ, ਆਨਲਾਈਨ ਬੈਟਿੰਗ ਅਤੇ ਕੈਸੀਨੋ ਵਰਗੀਆਂ ਮਨੀ ਗੇਮਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਜਿਹੀਆਂ ਗੇਮਾਂ ਦੀ ਇਸ਼ਤਿਹਾਰਬਾਜ਼ੀ, ਪ੍ਰਚਾਰ ਅਤੇ ਉਨ੍ਹਾਂ ਨਾਲ ਸਬੰਧਤ ਫੰਡ ਟ੍ਰਾਂਜੈਕਸ਼ਨਾਂ ਉੱਤੇ ਵੀ ਰੋਕ ਲਗਾਈ ਗਈ ਹੈ।

ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਲਈ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਇਸ ਤਹਿਤ ਆਨਲਾਈਨ ਮਨੀ ਗੇਮ ਚਲਾਉਣ ਵਾਲਿਆਂ ਨੂੰ ਤਿੰਨ ਸਾਲ ਤੱਕ ਦੀ ਕੈਦ ਜਾਂ ਇੱਕ ਕਰੋੜ ਰੁਪਏ ਤੱਕ ਦਾ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।

ਅਜਿਹੀਆਂ ਗੇਮਾਂ ਦੀ ਇਸ਼ਤਿਹਾਰਬਾਜ਼ੀ ਕਰਨ ਉੱਤੇ ਦੋ ਸਾਲ ਤੱਕ ਦੀ ਕੈਦ ਜਾਂ 50 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।

ਭਾਰਤ ਵਿੱਚ ਆਨਲਾਈਨ ਗੇਮਿੰਗ ਨਾਲ ਸਬੰਧਤ ਨਿਯਮਾਂ ਦੀ ਨਿਗਰਾਨੀ ਅਤੇ ਲਾਗੂ ਕਰਨ ਲਈ ਆਨਲਾਈਨ ਗੇਮਿੰਗ ਅਥਾਰਿਟੀ ਆਫ਼ ਇੰਡੀਆ (ਓਜੀਏਆਈ) ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਬੈਂਕਾਂ ਅਤੇ ਪੇਮੈਂਟ ਐਪਸ ਨੂੰ ਵੀ ਪਾਬੰਦੀਸ਼ੁਦਾ ਆਨਲਾਈਨ ਮਨੀ ਗੇਮਾਂ ਨਾਲ ਸਬੰਧਤ ਪੈਸੇ ਦੇ ਲੈਣ-ਦੇਣ ਨੂੰ ਰੋਕਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ।

ਪੰਜਾਬ ਵਿੱਚ ਆਨਲਾਈਨ ਮਨੀ ਗੇਮਿੰਗ ਲਈ ਕੀ ਹਨ ਕਾਨੂੰਨ?

ਪੰਜਾਬ ਸਰਕਾਰ

ਪੰਜਾਬ ਵਿੱਚ ਆਨਲਾਈਨ ਮਨੀ ਗੇਮਿੰਗ ਲਈ ਕੋਈ ਵੱਖਰਾ ਸੂਬਾਈ ਕਾਨੂੰਨ ਨਹੀਂ ਹੈ। ਸੂਬੇ ਵਿੱਚ ਇਸ ਸਬੰਧੀ ਕੇਂਦਰੀ ਕਾਨੂੰਨ (ਕੇਂਦਰੀ ਐਕਟ 2025) ਅਤੇ ਉਸ ਤਹਿਤ ਬਣਾਏ ਨਿਯਮ ਲਾਗੂ ਹੁੰਦੇ ਹਨ। ਇਨ੍ਹਾਂ ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਪੰਜਾਬ ਪੁਲਿਸ, ਸਾਈਬਰ ਸੈੱਲ ਅਤੇ ਸਬੰਧਤ ਵਿਭਾਗਾਂ ਉੱਤੇ ਹੈ।

ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੇ ਸਾਈਬਰ ਸੈੱਲ ਵੱਲੋਂ ‘ਸਾਈਬਰ ਜਾਗੋ’ ਮੁਹਿੰਮ ਤਹਿਤ ਸਕੂਲਾਂ ਅਤੇ ਹੋਰ ਵਿਦਿਅਕ ਅਦਾਰਿਆਂ ਵਿੱਚ ਸਮੇਂ-ਸਮੇਂ ਉੱਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਹਨ।

ਪੰਜਾਬ ਸਰਕਾਰ ਨੇ ਮਾਰਚ 2026 ਵਿੱਚ ਘੱਟ ਉਮਰ ਦੇ ਬੱਚਿਆਂ ਵਿੱਚ ਸੋਸ਼ਲ ਮੀਡੀਆ ਅਤੇ ਮੋਬਾਈਲ ਫ਼ੋਨ ਦੀ ਲਤ ਨਾਲ ਨਜਿੱਠਣ ਲਈ ‘ਡਿਜੀਟਲ ਸੇਫ਼ਟੀ ਨੈੱਟ’ ਰਣਨੀਤੀ ਦਾ ਵੀ ਐਲਾਨ ਕੀਤਾ ਸੀ।

ਉਸ ਸਮੇਂ ਵਿਧਾਨ ਸਭਾ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਨੇ ਦੱਸਿਆ ਸੀ ਕਿ ਸਰਕਾਰੀ ਹਾਈ ਸਕੂਲਾਂ ਦੇ ਅਧਿਆਪਕਾਂ ਨੂੰ ‘ਡਿਜੀਟਲ ਮੈਂਟੋਰ’ ਵਜੋਂ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤਹਿਤ ਬੱਚਿਆਂ ਨੂੰ ਆਨਲਾਈਨ ਖ਼ਤਰਿਆਂ, ਸਕ੍ਰੀਨ ਟਾਈਮ, ਸਾਈਬਰ ਬੁਲੀਇੰਗ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI