Home ਰਾਸ਼ਟਰੀ ਖ਼ਬਰਾਂ ਪਰਵਾਸੀ ਪੰਜਾਬੀ ‘ਤੇ ਲੱਗੇ ਸਨ ਕਤਲ ਦੇ ਇਲਜ਼ਾਮ, 13 ਸਾਲ ਪਹਿਲਾਂ ਲਾਪਤਾ...

ਪਰਵਾਸੀ ਪੰਜਾਬੀ ‘ਤੇ ਲੱਗੇ ਸਨ ਕਤਲ ਦੇ ਇਲਜ਼ਾਮ, 13 ਸਾਲ ਪਹਿਲਾਂ ਲਾਪਤਾ ਹੋਈ ਧੀ ਕੈਨੇਡਾ ‘ਚ ਮਿਲੀ, ਜਾਣੋ ਕੀ ਹੈ ਪੂਰਾ ਮਾਮਲਾ

2
0

Source :- BBC PUNJABI

ਬਲਬੀਰ ਨੇ ਆਪਣੀ ਪਤਨੀ ਦੇ ਕਤਲ ਦੇ ਇਲਜ਼ਾਮਾਂ ਵਿੱਚ ਕਈ ਸਾਲ ਜੇਲ੍ਹ ਵੀ ਕੱਟੀ ਅਤੇ ਆਪਣੇ-ਆਪ ਨੂੰ ਬੇਕਸੂਰ ਸਾਬਤ ਕਰਨ ਵਾਸਤੇ ਲੰਬੀ ਕਾਨੂੰਨੀ ਲੜਾਈ ਲੜੀ

ਤਸਵੀਰ ਸਰੋਤ, Balbir Singh

68 ਸਾਲਾ ਪਰਵਾਸੀ ਪੰਜਾਬੀ ਜੋ ਪਿਛਲੇ ਸਾਲ ਪਤਨੀ ਦੇ ਕਤਲ ਦੇ ਇਲਜ਼ਾਮਾਂ ਤੋਂ ਬਰੀ ਹੋਏ ਅਤੇ ਹੁਣ 13 ਸਾਲਾ ਪਹਿਲਾਂ ਲਾਪਤਾ ਹੋਈ ਉਨ੍ਹਾਂ ਦੀ ਧੀ ਦੇ ਕਥਿਤ ਕਤਲ ਦੇ ਇਲਜ਼ਾਮਾਂ ਤੋਂ ਵੀ ਮੁਕਤ ਹੋ ਗਿਆ ਹੈ।

ਦਰਅਸਲ ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਜਿਸ ਧੀ ਦੇ ਲਾਪਤਾ ਹੋਣ ਨੂੰ ਲੈ ਕੇ ਉਨ੍ਹਾਂ ਉੱਤੇ ਇਲਜ਼ਾਮ ਲਾਏ ਜਾ ਰਹੇ ਸਨ ਉਹ ਕੈਨੇਡਾ ਵਿੱਚ ਰਹਿ ਰਹੀ ਹੈ।

ਇਸ ਮਾਮਲੇ ਨਾਲ ਸਬੰਧਿਤ ਇੱਕ ਪਟੀਸ਼ਨ ਉੱਤੇ ਪੰਜਾਬ ਅਤੇ ਹਰਿਆਣਾ ਕੋਰਟ ਨੇ ਹਾਲ ਹੀ ਵਿੱਚ ਫ਼ੈਸਲਾ ਸੁਣਾਇਆ ਹੈ।

ਜਰਮਨੀ ਦੇ ਨਾਗਰਿਕ ਬਲਬੀਰ ਸਿੰਘ ਉੱਤੇ ਸਾਲ 2013 ਵਿੱਚ ਆਪਣੀ ਪਹਿਲੀ ਪਤਨੀ ਦੇ ਕਥਿਤ ਕਤਲ ਅਤੇ ਧੀ ਦੇ ਲਾਪਤਾ ਹੋਣ ਦੇ ਇਲਜ਼ਾਮਾਂ ਤਹਿਤ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁੱਲਾਂਪੁਰ ਦਾਖਾ ਦੇ ਥਾਣੇ ਵਿੱਚ 18 ਫ਼ਰਵਰੀ 2013 ਨੂੰ ਬਲਬੀਰ ਸਿੰਘ ਅਤੇ ਹੋਰਨਾਂ ਖ਼ਿਲਾਫ਼ ਹੋਏ ਮਾਮਲੇ ਵਿੱਚ ਬਲਬੀਰ ਸਿੰਘ ਦੀ ਪਤਨੀ ਦੇ ਕਤਲ ਦੇ ਇਲਜ਼ਾਮ ਲਾਏ ਗਏ ਸਨ।

ਹਾਲਾਂਕਿ ਬਲਬੀਰ ਸਿੰਘ ਨੂੰ ਆਪਣੀ ਪਹਿਲੀ ਪਤਨੀ ਹਰਪਾਲ ਕੌਰ ਦੇ ਕਤਲ ਦੇ ਮਾਮਲੇ ਵਿੱਚ ਲੁਧਿਆਣਾ ਦੀ ਸਥਾਨਕ ਅਦਾਲਤ ਨੇ ਪਿਛਲੇ ਸਾਲ ਬਰੀ ਕਰ ਦਿੱਤਾ। ਅਦਾਲਤ ਵਿੱਚ ਕਤਲ ਦੇ ਇਲਜ਼ਾਮ ਸਾਬਤ ਨਹੀਂ ਹੋ ਸਕੇ ਸਨ।

ਬਲਬੀਰ ਨੇ ਆਪਣੀ ਪਤਨੀ ਦੇ ਕਤਲ ਦੇ ਇਲਜ਼ਾਮਾਂ ਵਿੱਚ ਕਈ ਸਾਲ ਜੇਲ੍ਹ ਵੀ ਕੱਟੀ ਅਤੇ ਆਪਣੇ-ਆਪ ਨੂੰ ਬੇਕਸੂਰ ਸਾਬਤ ਕਰਨ ਵਾਸਤੇ ਲੰਬੀ ਕਾਨੂੰਨੀ ਲੜਾਈ ਲੜੀ।

ਪਰ ਫਿਰ ਬਲਬੀਰ ਸਿੰਘ ਦੀ ਪਤਨੀ ਦੇ ਭਰਾ ਆਤਮਾ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਕਿ ਪੁਲਿਸ ਨੇ ਬਲਬੀਰ ਸਿੰਘ ਉੱਤੇ ਨਾ ਤਾਂ ਉਸਦੀ ਭਾਣਜੀ ਦੇ ਕਥਿਤ ਕਤਲ ਦਾ ਮੁਕੱਦਮਾ ਚਲਾਇਆ ਅਤੇ ਨਾ ਹੀ ਲਾਪਤਾ ਭਾਣਜੀ ਨੂੰ ਲੱਭਣ ਲਈ ਜ਼ੋਰ ਲਾਇਆ। ਆਤਮਾ ਸਿੰਘ ਨੇ ਇਸ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਦੀ ਮੰਗ ਕੀਤੀ ਸੀ। ਇਸ ਮੰਗ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।

ਮਾਮਲਾ ਕੀ ਹੈ?

ਬਲਬੀਰ ਸਿੰਘ ਦੇ ਦੋ ਵਿਆਹ ਹੋਏ ਹਨ। ਉਸਦੀ ਪਹਿਲੀ ਪਤਨੀ ਹਰਪਾਲ ਕੌਰ ਅਤੇ ਉਸਦੀ ਧੀ ਦਵਿੰਦਰ ਕੌਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੱਟੀਆਂ ਵਿੱਚ ਰਹਿੰਦੇ ਸਨ। ਜਦਕਿ ਉਨ੍ਹਾਂ ਦਾ ਦੂਜਾ ਪਰਿਵਾਰ ਜਰਮਨ ਵਿੱਚ ਰਹਿੰਦਾ ਹੈ।

ਬਲਬੀਰ ਦਾ ਪਹਿਲਾ ਵਿਆਹ 1978 ਵਿੱਚ ਹੋਇਆ ਦੱਸਿਆ ਗਿਆ ਸੀ ਅਤੇ ਉਨ੍ਹਾਂ ਨੇ ਦੂਜਾ ਵਿਆਹ ਸਾਲ 2000 ਵਿੱਚ ਕਰਵਾਇਆ ਸੀ।

ਪੁਲਿਸ ਮੁਤਾਬਕ ਬਲਬੀਰ ਸਿੰਘ ਜਨਵਰੀ 2013 ਵਿੱਚ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਪੰਜਾਬ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਪਹਿਲੀ ਪਤਨੀ ਅਤੇ ਧੀ ਚਾਰ ਦਿਨਾਂ ਦੇ ਅੰਦਰ-ਅੰਦਰ ਲਾਪਤਾ ਹੋ ਗਈਆਂ ਸਨ।

ਪੁਲਿਸ ਨੇ ਦੱਸਿਆ, “ਹਰਪਾਲ ਕੌਰ 29 ਜਨਵਰੀ ਨੂੰ ਲਾਪਤਾ ਹੋ ਗਈ ਜਦਕਿ 27 ਸਾਲਾ ਦਵਿੰਦਰ ਕੌਰ ਆਖਰੀ ਵਾਰ 25 ਜਨਵਰੀ 2013 ਨੂੰ ਲੁਧਿਆਣਾ ਬੱਸ ਅੱਡੇ ‘ਤੇ ਨਜ਼ਰ ਆਈ ਸੀ। ਬਲਬੀਰ 31 ਜਨਵਰੀ ਨੂੰ ਜਰਮਨੀ ਵਾਪਸ ਚਲਾ ਗਿਆ ਸੀ।”


ਅਦਾਲਤ (ਕੋਰਟ)

ਤਸਵੀਰ ਸਰੋਤ, Getty Images

ਕਤਲ ਦੇ ਇਲਜ਼ਾਮ ਕਦੋਂ ਲੱਗੇ?

ਲਗਭਗ ਦੋ ਹਫ਼ਤਿਆਂ ਮਗਰੋਂ ਬਲਬੀਰ ਦੀ ਪਹਿਲੀ ਪਤਨੀ ਦੇ ਪਿਤਾ ਗੁਰਦਿਆਲ ਸਿੰਘ ਅਤੇ ਭਰਾ ਆਤਮਾ ਸਿੰਘ ਨੇ ਲੁਧਿਆਣਾ ਦੇ ਮੁੱਲਾਪੁਰ ਥਾਣੇ ਵਿੱਚ ਐੱਫਆਈਆਰ ਦਰਜ ਕਰਵਾਈ ਸੀ।

ਉਨ੍ਹਾਂ ਨੇ ਇਲਜ਼ਾਮ ਲਾਇਆ ਸੀ ਕਿ ਬਲਬੀਰ, ਉਸਦੇ ਭਰਾ ਅਤੇ ਭਾਣਜੇ ਅਤੇ ਦੋਸਤ ਦੀਪਕ ਕੁਮਾਰ ਨੇ ਹਰਪਾਲ ਕੌਰ ਦਾ ਕਥਿਤ ਤੌਰ ਉੱਤੇ ਕਤਲ ਕਰਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਹੈ।

ਐੱਫਆਈਆਰ ਵਿੱਚ ਗੁਰਦਿਆਲ ਸਿੰਘ ਦੇ ਇਲਜ਼ਾਮ ਲਾਇਆ ਸੀ ਕਿ ਬਲਬੀਰ ਦਾ ਆਪਣਾ ਪਹਿਲੀ ਪਤਨੀ ਨਾਲ ਜ਼ਮੀਨੀ ਵਿਵਾਦ ਹੋਣ ਕਰਕੇ ਉਸਦਾ ਕਥਿਤ ਤੌਰ ਉੱਤੇ ਕਤਲ ਕਰ ਦਿੱਤਾ ਹੈ ਅਤੇ ਦਵਿੰਦਰ ਲਾਪਤਾ ਹੈ।

ਪੁਲਿਸ ਮੁਤਾਬਕ 19 ਫ਼ਰਵਰੀ 2013 ਨੂੰ ਬਲਬੀਰ ਦੇ ਦੋਸਤ ਦੀਪਕ ਕੁਮਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਪੁੱਛਗਿੱਛ ਵਿੱਚ ਦੀਪਕ ਕੁਮਾਰ ਨੇ ਕਥਿਤ ਤੌਰ ਉੱਤੇ ਕਬੂਲ ਕੀਤਾ ਸੀ ਕਿ ਉਹ ਅਤੇ ਬਲਬੀਰ ਸਿੰਘ ਕਥਿਤ ਤੌਰ ਉੱਤੇ ਹਰਪਾਲ ਨੂੰ ਫਰੀਦਕੋਟ ਤੋਂ ਕੋਟਕਪੂਰਾ ਨਜ਼ਦੀਕ ਨਹਿਰ ਕੋਲ ਲੈ ਗਏ ਸੀ ਅਤੇ ਉੱਥੇ ਬਲਬੀਰ ਨੇ ਆਪਣੇ ਪਤਨੀ ‘ਤੇ ਸਿਰ ਬੇਸਬਾਲ ਬੈਟ ਨਾਲ ਕਈ ਹਮਲੇ ਕੀਤੇ। ਮਗਰੋਂ ਦੋਵਾਂ ਨੇ ਹਰਪਾਲ ਕੌਰ ਨੂੰ ਨਹਿਰ ਵਿੱਚ ਸੁੱਟ ਦਿੱਤਾ ਸੀ।

ਹਾਲਾਂਕਿ, ਮੁਕੱਦਮੇ ਦੌਰਾਨ ਦੀਪਕ ਕੁਮਾਰ ਬਰੀ ਹੋ ਗਿਆ ਸੀ ਅਤੇ ਮਗਰੋਂ ਉਸਦੀ ਮੌਤ ਹੋ ਗਈ ਸੀ।

ਵਰਿੰਦਰ ਸਿੰਘ ਖੋਸਾ, ਪੁਲਿਸ

ਬਲਬੀਰ ਸਿੰਘ ਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ

ਬਲਬੀਰ ਸਿੰਘ ਨੂੰ ਆਪਣੀ ਪਤਨੀ ਦੇ ਕਤਲ ਦੇ ਇਲਜ਼ਾਮਾਂ ਦੌਰਾਨ ਚੱਲੇ ਟਰਾਇਲ ਵੇਲੇ ਲਗਭਗ ਚਾਰ ਸਾਲ ਜੇਲ੍ਹ ਵਿੱਚ ਵੀ ਰਹਿਣਾ ਪਿਆ। ਬਲਬੀਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਕਤੂਬਰ 2021 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਮਗਰੋਂ ਉਸਨੂੰ ਜੇਲ੍ਹ ਵਿੱਚ ਵੀ ਰਹਿਣਾ ਪਿਆ।

ਬਲਬੀਰ ਨੇ ਕਿਹਾ, “ਜਦੋਂ ਮੁਕੱਦਮਾ ਚੱਲ ਰਿਹਾ ਸੀ ਤਾਂ ਮੈਂ ਲਗਾਤਾਰ ਆਪਣੀ ਬੇਗੁਨਾਹੀ ਦਾ ਦਾਅਵਾ ਕਰਦਾ ਰਿਹਾ।”

ਬਲਬੀਰ 29 ਅਕਤੂਬਰ 2021 ਤੋਂ 5 ਜੁਲਾਈ 2025 ਤੱਕ ਜੇਲ੍ਹ ਵਿੱਚ ਬੰਦ ਰਹੇ। 5 ਜੁਲਾਈ 2025 ਨੂੰ ਲੁਧਿਆਣਾ ਦੇ ਵਧੀਕ ਸੈਸ਼ਨ ਜੱਜ ਨੇ ਬਲਬੀਰ ਸਿੰਘ ਨੂੰ ਪਤਨੀ ਦਾ ਕਥਿਤ ਤੌਰ ਉੱਤੇ ਕਤਲ ਕਰਨ ਦੇ ਇਲਜ਼ਾਮ ਤੋਂ ਬਰੀ ਕਰ ਦਿੱਤਾ ਸੀ।

13 ਸਾਲ ਪਹਿਲਾਂ ਲਾਪਤਾ ਹੋਈ ਧੀ ਬਾਰੇ ਕਿਵੇਂ ਪਤਾ ਲੱਗਿਆ

ਪੁਲਿਸ ਮੁਤਾਬਕ ਉਨ੍ਹਾਂ ਨੂੰ ਦਵਿੰਦਰ ਕੌਰ ਦੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਰਿਕਾਰਡ ਤੋਂ ਉਸਦੇ ਜਿਉਂਦੇ ਹੋਣ ਦੇ ਸਬੂਤ ਮਿਲੇ ਸਨ।

ਫ਼ਰਵਰੀ 2025 ਵਿੱਚ ਲੁਧਿਆਣਾ ਦਿਹਾਤੀ ਪੁਲਿਸ ਨੇ ਹਾਈਕੋਰਟ ਨੂੰ ਦੱਸਿਆ ਕਿ ਦਵਿੰਦਰ ਕੌਰ ਜਿਉਂਦੀ ਹੈ ਅਤੇ ਕੈਨੇਡਾ ਵਿੱਚ ਰਹਿ ਰਹੀ ਹੈ। ਪੁਲਿਸ ਨੇ ਅਦਾਲਤ ਵਿੱਚ ਉਸ ਦਾ ਪਾਸਪੋਰਟ ਅਤੇ ਇਮੀਗ੍ਰੇਸ਼ਨ ਰਿਕਾਰਡ ਪੇਸ਼ ਕੀਤਾ ਅਤੇ ਦੱਸਿਆ ਕਿ ਜਾਂਚ ਅਧਿਕਾਰੀ ਨੇ ਦਵਿੰਦਰ ਨਾਲ ਵੀਡੀਓ ਕਾਲ ‘ਤੇ ਗੱਲ ਵੀ ਕੀਤੀ ਹੈ।

ਪੁਲਿਸ ਮੁਤਾਬਕ, ਦਵਿੰਦਰ ਕੌਰ 26 ਜਨਵਰੀ 2013 ਨੂੰ, ਲਾਪਤਾ ਹੋਣ ਦੀ ਰਿਪੋਰਟ ਦਰਜ ਹੋਣ ਤੋਂ ਇੱਕ ਦਿਨ ਬਾਅਦ, ਭਾਰਤ ਛੱਡ ਕੇ ਚਲੀ ਗਈ ਸੀ ਅਤੇ ਇਮੀਗ੍ਰੇਸ਼ਨ ਰਿਕਾਰਡ ਮੁਤਾਬਕ ਉਹ ਬਾਅਦ ਵਿੱਚ ਦੋ ਵਾਰ ਭਾਰਤ ਵੀ ਆਈ।

ਪੁਲਿਸ ਮੁਤਾਬਕ ਦਵਿੰਦਰ ਕੌਰ ਪਹਿਲਾਂ 22 ਸਤੰਬਰ 2016 ਨੂੰ ਭਾਰਤ ਆਈ ਸੀ ਅਤੇ ਫਿਰ 14 ਜਨਵਰੀ 2024 ਨੂੰ ਭਾਰਤ ਆਈ ਸੀ।

ਦਵਿੰਦਰ ਕੌਰ ਦਾ ਪਾਸਪੋਰਟ 15 ਮਈ, 2012 ਵਿੱਚ ਬਣਿਆ ਸੀ ਅਤੇ ਇਸਦੀ ਮਿਆਦ 14 ਮਈ, 2022 ਤੱਕ ਸੀ। ਦਵਿੰਦਰ ਕੌਰ ਨੇ ਆਪਣੇ ਪਾਸਪੋਰਟ ਨੂੰ 10 ਫ਼ਰਵਰੀ 2022 ਨੂੰ ਰੀਨਿਊ ਕਰਵਾਇਆ ਸੀ।

ਕੋਰਟ ਦੇ ਹੁਕਮਾਂ ਮੁਤਾਬਕ, ਲੁਧਿਆਣਾ ਰੂਰਲ ਪੁਲਿਸ ਨੇ ਇਨ੍ਹਾਂ ਸਾਰੇ ਤੱਥਾਂ ਬਾਬਤ 22 ਫ਼ਰਵਰੀ 2025 ਨੂੰ ਅਦਾਲਤ ਵਿੱਚ ਇੱਕ ਹਲਫ਼ਨਾਮਾ ਵੀ ਦਾਇਰ ਕੀਤਾ ਸੀ।

ਮਾਮਲਾ ਹਾਈਕੋਰਟ ਕਿਵੇਂ ਪੁੱਜਾ?

ਪੰਜਾਬ ਹਰਿਆਣਾ ਹਾਈਕੋਰਟ ਦੀ ਪੁਰਾਣੀ ਤਸਵੀਰ

ਅਦਾਲਤ ਦੇ ਹੁਕਮ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਸਾਲ 2024 ਵਿੱਚ ਹਾਈਕੋਰਟ ਪੁੱਜੇ ਸਨ। ਸ਼ਿਕਾਇਤਕਰਤਾ ਨੇ ਪਟੀਸ਼ਨ ਵਿੱਚ ਇਲਜ਼ਾਮ ਲਗਾਇਆ ਸੀ ਕਿ ਦਵਿੰਦਰ ਕੌਰ ਸਾਲ 2013 ਤੋਂ ਲਾਪਤਾ ਸੀ। ਪੁਲਿਸ ਨੇ ਉਸਦੇ ਲਾਪਤਾ ਹੋਣ ਦੀ ਜਾਂਚ ਬੰਦ ਕਰ ਦਿੱਤੀ ਸੀ।

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਏ ਸਨ ਕਿ ਪੁਲਿਸ ਨੇ ਨਾ ਤਾਂ ਦਵਿੰਦਰ ਕੌਰ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਬਲਬੀਰ ਸਿੰਘ ਅਤੇ ਹੋਰ ਮੁਲਜ਼ਮਾਂ ਉੱਤੇ ਦਵਿੰਦਰ ਕੌਰ ਦੇ ਕਤਲ ਦਾ ਮੁਕੱਦਮਾ ਚਲਾਇਆ। ਇਸ ਲਈ ਪਟੀਸ਼ਨ ਵਿੱਚ ਦਵਿੰਦਰ ਕੌਰ ਨਾਲ ਸਬੰਧਤ ਮਾਮਲੇ ਵਿੱਚ ਪੁਲੀਸ ਵਿਸ਼ੇਸ਼ ਜਾਂਚ ਟੀਮ ਬਣਾਉਣ ਦੀ ਮੰਗ ਕੀਤੀ ਗਈ ਸੀ। ਹਾਈਕੋਰਟ ਨੇ ਇਸ ਪਟੀਸ਼ਨ ਨੂੰ 5 ਜੂਨ ਨੂੰ ਖਾਰਜ ਕਰ ਦਿੱਤਾ।

ਬਲਬੀਰ ਨੇ ਕੀ ਕਿਹਾ

ਬਲਬੀਰ ਨੇ ਇਲਜ਼ਾਮ ਲਾਏ ਕਿ, “ਜ਼ਮੀਨੀ ਵਿਵਾਦ ਕਰਕੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਸੀ।

“ਇਨ੍ਹਾਂ ਇਲਜ਼ਾਮ ਨੇ ਮੇਰੀ ਜ਼ਿੰਦਗੀ ਦੇ 13 ਸਾਲ ਖ਼ਰਾਬ ਕਰ ਦਿੱਤੇ। ਮੈਨੂੰ ਚਾਰ ਸਾਲ ਜੇਲ੍ਹ ਵੀ ਕੱਟਣੀ ਪਈ।”

ਆਪਣੀ ਧੀ ਨੂੰ ਕੇਸ ਦੀ ਜਾਣਕਾਰੀ ਹੋਣ ਬਾਰੇ ਬਲਬੀਰ ਕਹਿੰਦੇ ਹੈ, “ਹੋ ਸਕਦਾ ਹੈ ਮੇਰੀ ਧੀ ਨੂੰ ਨਾ ਪਤਾ ਹੋਵੇ ਕਿ ਮੇਰੇ ਉੱਤੇ ਕਤਲ ਦੇ ਇਲਜ਼ਾਮ ਲੱਗੇ ਹਨ। ਪਰ ਅਦਾਲਤ ਦਾ ਫ਼ੈਸਲਾ ਆਉਣ ਮਗਰੋਂ ਉਸਨੂੰ ਜ਼ਰੂਰ ਪਤਾ ਲੱਗ ਗਿਆ ਹੋਵੇਗਾ।”

ਬੀਬੀਸੀ ਪੰਜਾਬੀ ਨੇ ਦੂਜੀ ਧਿਰ ਭਾਵ ਬਲਬੀਰ ਸਿੰਘ ਦੇ ਖ਼ਿਲਾਫ ਸ਼ਿਕਾਇਤ ਕਰਨ ਵਾਲੇ ਆਤਮਾ ਸਿੰਘ ਨਾਲ ਵੀ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ। ਇਸ ਮਾਮਲੇ ਉੱਤੇ ਉਨ੍ਹਾਂ ਦਾ ਪੱਖ ਹਾਸਿਲ ਹੋਣ ਉੱਤੇ ਖ਼ਬਰ ਵਿੱਚ ਸ਼ਾਮਿਲ ਕਰ ਦਿੱਤਾ ਜਾਵੇਗਾ।

ਹੋਰਨਾਂ ਮੁਲਜ਼ਮਾਂ ਨਾਲ ਕੀ ਹੋਇਆ

ਬਲਬੀਰ ਨੇ ਦੱਸਿਆ, “ਮੇਰੇ ਨਾਲ ਹੋਰ ਜਿਨ੍ਹਾਂ ਉੱਤੇ ਇਲਜ਼ਾਮ ਲੱਗੇ ਸਨ। ਉਨ੍ਹਾਂ ਸਭ ਦੀ ਮੌਤ ਹੋ ਗਈ ਹੈ।”

ਐੱਫਆਈਆਰ ਮੁਤਾਬਕ ਬਲਬੀਰ ਦੇ ਭਰਾ ਮਨਜੀਤ ਸਿੰਘ, ਭਾਣਜੇ ਸਰਬਜੀਤ ਸਿੰਘ ਅਤੇ ਦੋਸਤ ਦੀਪਕ ਕੁਮਾਰ ਉੱਤੇ ਵੀ ਇਲਜ਼ਾਮ ਲੱਗੇ ਸਨ।

ਬਲਬੀਰ ਮੁਤਾਬਕ ਉਸਦੇ ਭਾਣਜੇ ਦੀ ਮੌਤ ਸਾਲ 2024 ਵਿੱਚ ਜੇਲ੍ਹ ਵਿੱਚ ਹੋ ਗਈ ਸੀ ਅਤੇ ਭਰਾ ਮਨਜੀਤ ਸਿੰਘ ਦੀ ਮੌਤ ਸਾਲ 2015 ਵਿੱਚ ਹੋ ਗਈ ਸੀ। ਜਦਕਿ ਦੋਸਤ ਦੀਪਕ ਕੁਮਾਰ ਦੀ ਮੌਤ 2021 ਵਿੱਚ ਹੋਈ ਸੀ।

ਬਲਬੀਰ ਸਿੰਘ ਦੱਸਦੇ ਹਨ ਕਿ 2021 ਵਿੱਚ ਆਤਮ ਸਮਰਪਣ ਕਰਨ ਮਗਰੋਂ ਉਹ ਜਰਮਨੀ ਨਹੀਂ ਗਏ। ਹਾਲਾਂਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਮਿਲਣ ਲਈ ਪੰਜਾਬ ਜ਼ਰੂਰ ਆਉਂਦਾ ਰਿਹਾ ਹੈ।

ਪੁਲਿਸ ਨੇ ਕੀ ਦੱਸਿਆ

ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਇਸ ਕੇਸ ਦੀ ਜਾਂਚ ਕੀਤੀ ਸੀ। ਉਨ੍ਹਾਂ ਕਿਹਾ, “ਜਾਂਚ ਦੌਰਾਨ ਸਾਨੂੰ ਜਾਣਕਾਰੀ ਮਿਲੀ ਸੀ ਕਿ ਦਵਿੰਦਰ ਕੌਰ ਜਿਉਂਦੀ ਹੈ ਅਤੇ ਮੌਜੂਦਾ ਸਮੇਂ ਕੈਨੇਡਾ ਵਿੱਚ ਹੈ। ਫਿਰ ਅਸੀਂ ਤਕਨੀਕੀ ਪੱਖ ਤੋਂ ਜਾਂਚ ਕੀਤੀ ਅਤੇ ਦਵਿੰਦਰ ਕੌਰ ਦੇ ਪਾਸਪੋਰਟ ਅਤੇ ਇਮੀਗ੍ਰੇਸ਼ਨ ਦਾ ਰਿਕਾਰਡ ਇਕੱਠਾ ਕੀਤਾ।”

ਡੀਐੱਸਪੀ ਨੇ ਕਿਹਾ, “ਮਗਰੋਂ ਅਸੀਂ ਦਵਿੰਦਰ ਕੌਰ ਨੂੰ ਉਸਦੀ ਮਾਸੀ ਦੀ ਹਾਜ਼ਰੀ ਵਿੱਚ ਵੀਡੀਓ ਕਾਲ ਕੀਤੀ। ਇਸ ਵੀਡੀਓ ਕਾਲ ਵਿੱਚ ਦਵਿੰਦਰ ਕੌਰ ਦੀ ਮਾਸੀ ਨੇ ਇਸਨੂੰ ਪਛਾਣ ਲਿਆ।”

ਡੀਐੱਸਪੀ ਨੇ ਦੱਸਿਆ ਕਿ ਬਲਬੀਰ ਦੀ ਉਨ੍ਹਾਂ ਦੇ ਪਿੰਡ ਵਿੱਚ ਲਗਭਗ 18 ਏਕੜ ਜ਼ਮੀਨ ਹੈ, ਜਿਸਦੀ ਬਾਜ਼ਾਰੀ ਕੀਮਤ ਬਹੁਤ ਜ਼ਿਆਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI