Home rss national punjabi2ਰਾਸ਼ਟਰੀ ਖ਼ਬਰਾਂ ਪਰਵਿੰਦਰ ਝੋਟਾ ਕਤਲ ਮਾਮਲਾ: ਮਾਨਸਾ ਮੋਰਚੇ ‘ਚ ‘ਵਾਰਿਸ ਪੰਜਾਬ ਦੇ’ ਤੇ ਹੋਰ...

ਪਰਵਿੰਦਰ ਝੋਟਾ ਕਤਲ ਮਾਮਲਾ: ਮਾਨਸਾ ਮੋਰਚੇ ‘ਚ ‘ਵਾਰਿਸ ਪੰਜਾਬ ਦੇ’ ਤੇ ਹੋਰ ਵਿਰੋਧੀ ਧਿਰਾਂ ਦੀ ਸਰਗਰਮੀ ‘ਆਪ’ ਸਰਕਾਰ ਲਈ ਕਿੰਨੀ ਵੱਡੀ ਚੁਣੌਤੀ

2
0

Source :- BBC PUNJABI

ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਮਾਨਸਾ ਵਿੱਚ ਧਰਨਾ ਲੱਗਿਆ ਹੋਇਆ ਹੈ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਉਸ ਦੇ ਪਰਿਵਾਰ ਅਤੇ ਹਮਾਇਤੀਆਂ ਦਾ ਮੋਰਚਾ ਜਾਰੀ ਹੈ।

ਇਸ ਮੋਰਚੇ ਵੱਲੋਂ 15 ਅਕਤੂਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਸੱਦੇ ਦਾ ਪੰਜਾਬ ਦੀਆਂ ਸਿਆਸੀ, ਧਾਰਮਿਕ, ਸਮਾਜਿਕ, ਕਿਸਾਨ, ਮਜ਼ਦੂਰ ਅਤੇ ਹੋਰ ਧਿਰਾਂ ਵੱਲੋਂ ਸਮਰਥਨ ਕੀਤਾ ਗਿਆ ਸੀ।

ਵੱਖ-ਵੱਖ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਧਰਨੇ ਵਿੱਚ ਪਹੁੰਚ ਰਹੇ ਹਨ। ਇਨ੍ਹਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ, ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਭਾਜਪਾ ਦੇ ਪੰਜਾਬ ਤੋਂ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਇਨ੍ਹਾਂ ਪਾਰਟੀਆਂ ਦੇ ਹੋਰ ਪ੍ਰਮੁੱਖ ਆਗੂ ਵੀ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੇ ਹਨ।

ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ ਸਣੇ ਕਈ ਹੋਰ ਕਾਂਗਰਸੀ ਆਗੂਆਂ ਵੱਲੋਂ ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ

ਇਸ ਮੋਰਚੇ ਜ਼ਰੀਏ ਵਿਰੋਧੀ ਪਾਰਟੀਆਂ ਵੱਲੋਂ ਨਸ਼ਿਆਂ ਅਤੇ ਕਾਨੂੰਨ-ਵਿਵਸਥਾ ਦੇ ਮੁੱਦੇ ‘ਤੇ ਪੰਜਾਬ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।

ਮਾਹਰਾਂ ਮੁਤਾਬਕ ਪੰਜਾਬ ਵਿੱਚ ਇਹ ਸਮਾਂ ਸਿਆਸੀ ਤੌਰ ਉੱਤੇ ਬਹੁਤ ਅਹਿਮ ਹੈ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਮੰਦਭਾਗੀ ਘਟਨਾ ਇਸ ਸਮੇਂ ਦੌਰਾਨ ਵਾਪਰੀ ਹੈ।

ਮਾਹਰਾਂ ਦੀ ਰਾਏ ਹੈ ਕਿ ਇਸ ਵਾਰਦਾਤ ਨੇ ਵਿਰੋਧੀ ਪਾਰਟੀਆਂ ਨੂੰ ਸਰਕਾਰ ਖ਼ਿਲਾਫ਼ ਮੁੱਦਾ ਦੇ ਦਿੱਤਾ ਹੈ, ਜੋ ਸਰਕਾਰ ਵਾਸਤੇ ਵੱਡੀ ਸਮੱਸਿਆ ਹੈ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਵੀ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ

ਮਾਨਸਾ ਮੋਰਚਾ ਕਿਉਂ ਲੱਗਿਆ ਹੈ?

13 ਅਕਤੂਬਰ ਨੂੰ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਇੱਕ ਕੈਮਿਸਟ ਦੀ ਦੁਕਾਨ ਉੱਤੇ, ਕਥਿਤ ਤੌਰ ਉੱਤੇ ਨਸ਼ੀਲੀ ਦਵਾਈਆਂ ਵੇਚਣ ਦਾ ਵਿਰੋਧ ਕਰਨ ਮਗਰੋਂ ਹੋਈ ਬਹਿਸਬਾਜ਼ੀ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।

ਪਰਵਿੰਦਰ ਸਿੰਘ ਝੋਟੇ ਉੱਤੇ ਗੋਲੀ ਚਲਾਈ ਜਾਣ ਦੀ ਘਟਨਾ ਲਾਈਵ ਮੋਬਾਇਲ ਵਿੱਚ ਕੈਦ ਹੋਈ ਸੀ। ਇਸ ਤੋਂ ਇਲਾਵਾ ਪਰਵਿੰਦਰ ਉੱਤੇ ਗੋਲੀਆਂ ਚਲਾਏ ਜਾਣ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਘੁੰਮ ਰਹੀਆਂ ਹਨ।

ਘਟਨਾ ਮਗਰੋਂ ਪਰਿਵਾਰ ਅਤੇ ਲੋਕਾਂ ਵੱਲੋਂ ਕਈ ਮੰਗਾਂ ਨੂੰ ਲੈਕੇ ਮੋਰਚਾ ਲਾਇਆ ਹੋਇਆ ਹੈ। ਪਰਿਵਾਰ ਮੰਗਾਂ ਮੰਨੇ ਜਾਣ ਤੱਕ ਸਸਕਾਰ ਨਾ ਕਰਨ ਉੱਤੇ ਅੜਿਆ ਹੋਇਆ ਹੈ।

ਪਰਗਟ ਸਿੰਘ

ਪਰਿਵਾਰ ਅਤੇ ਮੋਰਚੇ ਦੀ ਮੰਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਆਪਣੇ ਅਹੁਦੇ ਤੋਂ ਅਸਤੀਫਾ ਦੇਣ। ਪੁਲਿਸ ਮਹਿਕਮੇ ਅਤੇ ਹੋਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਉੱਤੇ ਕਾਰਵਾਈ ਕੀਤੀ ਜਾਵੇ। ਮੋਰਚੇ ਦੀ ਮੰਗ ਹੈ ਕਿ ਅਜਿਹੇ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁੱਖ ਮੁਲਜ਼ਮ ਅਸ਼ਵਨੀ ਅਤੇ ਉਸ ਦੀ ਪਤਨੀ ਸਣੇ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਹੈ ਕਿ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਨਸ਼ਿਆਂ ਦੀ ਰੋਕਥਾਮ ਸਬੰਧੀ ਮੋਰਚੇ ਦੀਆਂ ਕਈ ਹੋਰ ਮੰਗਾਂ ਵੀ ਹਨ।

ਹਰਸਿਮਰਤ ਕੌਰ ਬਾਦਲ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਕਰਦੇ ਹੋਏ

‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਮੋਰਚੇ ਵਿੱਚ ਕੀ ਭੂਮਿਕਾ?

ਇਸ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਆਗੂਆਂ ਖ਼ਾਸ ਕਰਕੇ ਵਰਕਰਾਂ ਦੀ ਹੋਰਨਾਂ ਸਿਆਸੀ ਧਿਰਾਂ ਨਾਲੋਂ ਵੱਧ ਮੌਜੂਦਗੀ ਚਰਚਾ ਦਾ ਵਿਸ਼ਾ ਬਣੀ ਹੈ।

ਮੋਰਚੇ ਦੀ ਸ਼ੁਰੂਆਤ ਮਗਰੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂਆਂ ਅਤੇ ਵਰਕਰਾਂ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਤੋਂ ਪੁਲਿਸ ਵੱਲੋਂ ਰੋਕੇ ਜਾਣ ਦੀ ਜਾਣਕਾਰੀ ਵੀ ਸਾਹਮਣੇ ਆਈ ਸੀ। ਪਾਰਟੀ ਦੇ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਪੋਸਟਾਂ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਸੀ। ਹਾਲਾਂਕਿ ਪੰਜਾਬ ਬੰਦ ਦੇ ਸੱਦੇ ਵਾਲੇ ਦਿਨ ਕਈ ਹੋਰ ਲੋਕਾਂ ਨੂੰ ਵੀ ਰੋਕੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਸੀ।

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਵਾਸਤੇ ਇਨਸਾਫ਼ ਦੀ ਮੰਗ ਨੂੰ ਲੈ ਕੇ ਧਰਨਾ ਦੋ ਥਾਂਵਾਂ ਉੱਤੇ ਚੱਲ ਰਿਹਾ ਹੈ। ਇੱਕ ਤਿੰਨ ਕੋਣੀ ਚੌਂਕ ਅਤੇ ਦੂਜਾ ਸਿਵਲ ਹਸਪਤਾਲ ਦੇ ਬਾਹਰ, ਜਿੱਥੇ ਮੋਰਚਰੀ ਵਿੱਚ ਪਰਵਿੰਦਰ ਸਿੰਘ ਝੋਟਾ ਦੀ ਲਾਸ਼ ਰੱਖੀ ਹੋਈ ਹੈ।

ਤਿੰਨ ਕੋਣੀ ਵਿੱਚ ਚੱਲ ਰਿਹਾ ਮੋਰਚਾ ਪਰਿਵਾਰ ਵੱਲੋਂ ਬਣਾਈ ਹੋਈ ਐਕਸ਼ਨ ਕਮੇਟੀ ਕਰ ਰਹੀ ਹੈ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਲੱਖਾ ਸਿਧਾਣਾ ਵੀ ਇਸ ਕਮੇਟੀ ਦੇ ਮੈਂਬਰ ਹਨ।

ਇਸ ਕਮੇਟੀ ਵੱਲੋਂ ਮੋਰਚੇ ਨੂੰ ਨਿਰਪੱਖ ਰੱਖਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਮੋਰਚੇ ਦੇ ਪਹਿਲੇ ਦੋ ਦਿਨ ਸਟੇਜ ਤੋਂ ਭਾਸ਼ਣ ਦੇਣ ਵਾਲੇ ਬੁਲਾਰਿਆਂ ਵਿੱਚੋਂ ਬਹੁ-ਗਿਣਤੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਆਗੂਆਂ ਦੀ ਸੀ। ਹਾਲਾਂਕਿ ਹੁਣ ਐਕਸ਼ਨ ਕਮੇਟੀ ਅਤੇ ਪਰਿਵਾਰ ਵੱਲੋਂ ਕਿਸੇ ਨੂੰ ਵੀ ਮੋਰਚੇ ਦੇ ਮੰਚ ਨੂੰ ਸਿਆਸੀ ਲਾਹੇ ਵਾਸਤੇ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਪਰ ਦੂਜੇ ਪਾਸੇ ਸਿਵਲ ਹਸਪਤਾਲ ਦੇ ਬਾਹਰ ਲੱਗੇ ਧਰਨੇ ਵਿੱਚ ਕਈ ਨੌਜਵਾਨ ਸ਼ਰੇਆਮ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਦੇ ਹੱਕ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਕਰਦੇ ਸੁਣੇ ਜਾ ਸਕਦੇ ਹਨ। ਇਸ ਧਰਨੇ ਦੀ ਅਗਵਾਈ ਸਮਾਜਿਕ ਕਾਰਕੁਨ ਭਾਨਾ ਸਿੱਧੂ ਕਰ ਰਹੇ ਹਨ।

ਇਸੇ ਦੌਰਾਨ ਲੋਕ ਸਭਾ ਤੋਂ ਮੈਂਬਰ ਅਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਪਰਵਿੰਦਰ ਸਿੰਘ ਝੋਟਾ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਜਥੇਬੰਦੀ ਵਿੱਚ ਸ਼ਾਮਿਲ ਹੋਣ ਵਾਲਾ ਸੀ।

ਇਸ ਦੌਰਾਨ ਐਕਸ਼ਨ ਕਮੇਟੀ ਅਤੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨੇ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਝੋਟੇ ਦਾ ਨਾਮ ਆਪਣੀ ਪਾਰਟੀ ਨਾਲ ਜੋੜਨ ਉੱਤੇ ਇਤਰਾਜ਼ ਪ੍ਰਗਟ ਕੀਤਾ ਹੈ।

ਐਕਸ਼ਨ ਕਮੇਟੀ ਦੇ ਆਗੂ ਮਾਨਿਕ ਗੋਇਲ ਮੁਤਾਬਕ ਪਰਵਿੰਦਰ ਸਿੰਘ ਝੋਟਾ ਸਿਆਸਤ ਵਿੱਚ ਆਉਣ ਦਾ ਇਛੁੱਕ ਨਹੀਂ ਸੀ। ਜਿਊਂਦੇ ਹੋਏ ਕਈ ਵਾਰੀ ਪਰਵਿੰਦਰ ਨੇ ਆਪਣੀਆਂ ਇੰਟਰਵਿਊ ਵਿੱਚ ਇਹ ਗੱਲ ਆਖੀ ਹੈ।

‘ਵਿਰੋਧੀ ਪਾਰਟੀਆਂ ਨੂੰ ਸਿਆਸੀ ਲਾਹਾ ਮਿਲ ਸਕਦਾ’

ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, “ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸਿਰ ਉੱਤੇ ਹਨ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਸਿਆਸੀ ਤੌਰ ‘ਤੇ ਬਹੁਤ ਅਹਿਮ ਸਮੇਂ ਉੱਤੇ ਵਾਪਰੀ ਹੈ। ਆਮ ਆਦਮੀ ਪਾਰਟੀ ਨੂੰ ਇਸ ਘਟਨਾ ਦਾ ਨੁਕਸਾਨ ਹੋ ਸਕਦਾ ਹੈ ਜਦਕਿ ਕਾਂਗਰਸ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਇਸ ਘਟਨਾ ਦਾ ਸਿਆਸੀ ਲਾਹਾ ਮਿਲ ਸਕਦਾ ਹੈ।”

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਦੀ ਟਿੱਪਣੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਕਹਿੰਦੇ ਹਨ, “ਇਸ ਵਾਰਦਾਤ ਨਾਲ ਵਿਰੋਧੀ ਪਾਰਟੀਆਂ ਨੂੰ ਮੁੱਦਾ ਮਿਲ ਗਿਆ ਹੈ। ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਵਾਰਦਾਤ ਅਤੇ ਮਾਨਸਾ ਮੋਰਚਾ ਮੌਜੂਦਾ ਸਰਕਾਰ ਵਾਸਤੇ ਵੱਡੀ ਸਮੱਸਿਆ ਹੈ। ਇਸ ਲਈ ਇੱਕ ਗੱਲ ਪੱਕੀ ਹੈ ਕਿ ਇਸ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਵੇਗਾ।”

ਉਨ੍ਹਾਂ ਅੱਗੇ ਕਿਹਾ, “ਚਾਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਪ੍ਰਭਾਵਿਤ ਨੌਜਵਾਨਾਂ ਦੀ ਗਿਣਤੀ ਮੋਰਚੇ ਵਿੱਚ ਵੱਧ ਹੋਵੇ, ਚਾਹੇ ਪਾਰਟੀ ਦੇ ਝੰਡੇ ਉੱਥੇ ਵੱਧ ਨਜ਼ਰ ਆਉਂਦੇ ਹੋਣ, ਪਰ ਅਜਿਹੇ ਹਾਲਾਤਾਂ ਦਾ ਲਾਹਾ ਹਮੇਸ਼ਾ ਪ੍ਰਮੁੱਖ ਵਿਰੋਧੀ ਪਾਰਟੀ ਨੂੰ ਮਿਲਦਾ ਹੁੰਦਾ ਹੈ।”

ਬੁਲਡੋਜ਼ਰ ਕਾਰਵਾਈ ਦਾ ਕੀ ਪ੍ਰਭਾਵ ਪਿਆ?

ਅਸ਼ਵਨੀ ਕੁਮਾਰ ਦਾ ਮੈਡੀਕਲ ਸਟੋਰ

ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਦੇ ਇੱਕ ਆਗੂ ਨੇ ਨਾਮ ਨਾ ਛਪਣ ਦੀ ਸ਼ਰਤ ਉੱਤੇ ਦੱਸਿਆ, “ਮਾਨਸਾ ਸ਼ਹਿਰ ਦੇ ਦੁਕਾਨਦਾਰ ਅਤੇ ਵਪਾਰ ਨਾਲ ਜੁੜੇ ਹੋਏ ਲੋਕ ਅਤੇ ਹਿੰਦੂ ਸੰਗਠਨਾਂ ਦੇ ਮੈਂਬਰ ਵੀ ਪਹਿਲੇ ਦੋ ਦਿਨ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੇ ਸਨ। ਪਰ 14 ਅਕਤੂਬਰ ਨੂੰ ਬੁਲਡੋਜ਼ਰ ਕਾਰਵਾਈ ਅਤੇ ਭੀੜ ਦੇ ਰਵੱਈਏ ਦਾ ਇਨ੍ਹਾਂ ਧਿਰਾਂ ਉੱਤੇ ਅਸਰ ਪਿਆ ਹੈ।”

“ਇਸ ਤੋਂ ਇਲਾਵਾ ਭੀੜ ਵੱਲੋਂ ਸ਼ਹਿਰ ਵਿੱਚ ਸਥਿਤ ਆਮ ਸ਼ਹਿਰ ਵਾਸੀਆਂ ਦੇ ਘਰਾਂ ਨੂੰ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਦੇ ਘਰ ਦੱਸ ਕੇ ਹੰਗਾਮਾ ਕੀਤਾ ਗਿਆ ਸੀ। ਅਜਿਹੀਆਂ ਘਟਨਾਵਾਂ ਨੇ ਵੀ ਲੋਕਾਂ ਵਿੱਚ ਸਹਿਮ ਪੈਦਾ ਕੀਤਾ ਹੈ।”

ਮੋਰਚੇ ਵਿੱਚ ਲਗਾਤਾਰ ਸ਼ਮੂਲੀਅਤ ਕਰ ਰਹੇ ਇੱਕ ਹਿੰਦੂ ਸੰਗਠਨ ਦੇ ਆਗੂ ਨੇ ਨਾਮ ਨਾ ਛਪਣ ਦੀ ਸ਼ਰਤ ਉੱਤੇ ਦੱਸਿਆ, “ਮੇਰੀ ਅਤੇ ਸਾਡੇ ਸੰਗਠਨ ਦੀ ਮੋਰਚੇ ਨੂੰ ਪੂਰੀ ਹਮਾਇਤ ਹੈ। ਮੈਂ ਰੋਜ਼ਾਨਾ ਮੋਰਚੇ ਵਿੱਚ ਪਹੁੰਚਦਾ ਹਾਂ। ਪਰ ਕਈ ਘਟਨਾਵਾਂ ਦਾ ਮਾੜਾ ਅਸਰ ਪਿਆ ਹੈ।”

ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਤੋਂ ਪੰਜਾਬ ਬੰਦ ਦੇ ਸੱਦੇ ਤੱਕ ਲਗਾਤਾਰ ਤਿੰਨ ਦਿਨ ਬਜ਼ਾਰ ਬੰਦ ਰੱਖ ਕੇ ਮਾਨਸਾ ਸ਼ਹਿਰਵਾਸੀਆਂ ਨੇ ਮੋਰਚੇ ਨੂੰ ਆਪਣਾ ਸਮਰਥਨ ਦਿੱਤਾ ਹੈ।

ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ, “ਮੈਂ ਵਪਾਰੀ ਵਰਗ ਦਾ ਰਿਣੀ ਹਾਂ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਬਜ਼ਾਰ ਬੰਦ ਕੀਤੇ। ਮੈਂ ਬੇਨਤੀ ਕਰਦਾ ਹਾਂ ਕਿ ਉਹ ਆਪਣੀਆਂ ਦੁਕਾਨਾਂ ਖੋਲ੍ਹਣ।”

ਉਨ੍ਹਾਂ ਕਿਹਾ, “ਮੈਂ ਲਗਾਤਾਰ ਬੰਦ ਦਾ ਹਾਮੀ ਨਹੀਂ ਹਾਂ। ਨਾ ਮੇਰਾ ਪਰਿਵਾਰ ਇਸ ਦਾ ਹਾਮੀ ਹੈ ਅਤੇ ਨਾ ਹੀ ਐਕਸ਼ਨ ਕਮੇਟੀ। ਚਾਹੇ ਛੋਟਾ ਦੁਕਾਨਦਾਰ ਹੈ, ਚਾਹੇ ਵੱਡਾ, ਪਰ ਜੇਕਰ ਦੁਕਾਨ ਨਹੀਂ ਖੁੱਲ੍ਹੇਗੀ ਤਾਂ ਉਹ ਰਾਸ਼ਨ ਕਿਵੇਂ ਲਵੇਗਾ। ਦੁਕਾਨਾਂ ਉੱਤੇ ਗਰੀਬ ਮਜ਼ਦੂਰ ਕੰਮ ਕਰ ਰਹੇ ਹਨ। ਬੰਦ ਨਾਲ ਉਨ੍ਹਾਂ ਦੀ ਮਜ਼ਦੂਰੀ ਮਰਦੀ ਹੈ। ਅਸੀਂ ਕਿਸੇ ਦੀ ਰੋਜ਼ੀ ਰੋਟੀ ਉੱਤੇ ਲੱਤ ਨਹੀਂ ਮਾਰਨਾ ਚਾਹੁੰਦੇ।”

ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ?

ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ

ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਵੱਲੋਂ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚ ਅਸ਼ਵਨੀ ਕੁਮਾਰ ਦੀ ਪਤਨੀ ਵੀ ਸ਼ਾਮਿਲ ਹੈ।

ਵੀਰਵਾਰ ਸ਼ਾਮ ਨੂੰ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਸੀ ਕਿ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਉਨ੍ਹਾਂ ਕਿਹਾ, “ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਅਸ਼ਵਨੀ ਦੀ ਪਤਨੀ ਨੀਲਮ ਅਤੇ ਵਿਪਨ ਗਰਗ ਦੀ ਵੀ ਇਸ ਵਾਰਦਾਤ ਵਿੱਚ ਭੂਮਿਕਾ ਸੀ। ਵਿਪਨ ਗਰਗ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦਾ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਨੀਲਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੀ ਪੁਲਿਸ ਸਫ਼ਲ ਰਹੀ ਹੈ।”

“ਅਸ਼ਵਨੀ ਨੂੰ ਰਾਜਸਥਾਨ ਤੋਂ ਕਾਬੂ ਕੀਤਾ ਗਿਆ। ਉਹ ਕਾਫ਼ੀ ਚਲਾਕੀ ਨਾਲ ਕੰਮ ਕਰ ਰਿਹਾ ਸੀ। ਵਾਰਦਾਤ ਤੋਂ ਬਾਅਦ ਉਸ ਨੇ ਆਪਣਾ ਫ਼ੋਨ ਬੰਦ ਕਰ ਦਿੱਤਾ ਸੀ, ਪਰ ਮਨੁੱਖੀ ਸੂਚਨਾ ਦੀ ਮਦਦ ਨਾਲ ਅਸੀਂ ਉਸ ਨੂੰ ਰਾਜਸਥਾਨ ਵਿੱਚ ਟਰੇਸ ਕਰ ਲਿਆ।”

“ਵਾਰਦਾਤ ਤੋਂ ਬਾਅਦ ਲਾਡੀ ਨਾਮ ਦੇ ਵਿਅਕਤੀ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਪਨ ਗਰਗ ਨੇ ਅਸ਼ਵਨੀ ਨੂੰ ਫ਼ਰਾਰ ਹੋਣ ਵਿੱਚ ਮਦਦ ਕੀਤੀ ਅਤੇ ਉਸ ਨੂੰ ਸਹਾਇਤਾ ਮੁਹੱਈਆ ਕਰਵਾਈ।”

ਐੱਸਐੱਸਪੀ ਨੇ ਅੱਗੇ ਕਿਹਾ, “ਉਸ ਦੀ ਪਤਨੀ ਨੂੰ ਉਸ ਦੀ ਮੰਸ਼ਾ ਅਤੇ ਸੋਚ ਬਾਰੇ ਜਾਣਕਾਰੀ ਸੀ। ਉਸ ਨੇ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਨੀਲਮ ਰਾਣੀ ਦੀ ਵੀ ਇਸ ਮਾਮਲੇ ਵਿੱਚ ਭੂਮਿਕਾ ਸੀ।”

ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ, “ਦੋਹਾਂ ਵਿਚਕਾਰ ਪੁਰਾਣਾ ਵਿਵਾਦ ਰਿਹਾ ਹੈ, ਜਿਸ ਬਾਰੇ ਲੋਕ ਜਾਣਦੇ ਹਨ। ਇਸ ਪਿਛੋਕੜ ਕਾਰਨ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਅਤੇ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲਬਾਤ ਕਰਦਾ ਸੀ। ਇਸੇ ਕਰਕੇ ਉਸ ਨੇ ਆਪਣੀ ਪਤਨੀ ਨੂੰ ਵੀ ਘਟਨਾ ਬਾਰੇ ਪਹਿਲਾਂ ਦੱਸ ਦਿੱਤਾ ਸੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI