Home rss national punjabi2ਰਾਸ਼ਟਰੀ ਖ਼ਬਰਾਂ ਪਰਵਿੰਦਰ ਸਿੰਘ ਝੋਟਾ ਅਤੇ ਦਲਜੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕਿਉਂ...

ਪਰਵਿੰਦਰ ਸਿੰਘ ਝੋਟਾ ਅਤੇ ਦਲਜੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕਿਉਂ ਨਹੀਂ ਹੋ ਰਿਹਾ? ਪੰਜਾਬ ਸਰਕਾਰ ਲਈ ਕਿਉਂ ਬਣਿਆ ਸੰਕਟ?

7
0

Source :- BBC PUNJABI

ਦਲਜੀਤ ਸਿੰਘ ਅਤੇ ਪਰਵਿੰਦਰ ਸਿੰਘ ਝੋਟਾ

ਪੰਜਾਬ ਦੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਦਲਜੀਤ ਸਿੰਘ ਦੀਆਂ ਮ੍ਰਿਤਕ ਦੇਹਾਂ ਦੇ ਸਸਕਾਰ ਦਾ ਮਸਲਾ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ।

ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ ‘ਇਨਸਾਫ਼ ਦਾ ਸੰਘਰਸ਼’ ਹੁਣ ਦਲਜੀਤ ਸਿੰਘ ਦੀ ਮੌਤ ਦੇ ਮਾਮਲੇ ਨਾਲ ਵੀ ਜੁੜ ਗਿਆ ਹੈ। ਦੋਵਾਂ ਪਰਿਵਾਰਾਂ ਨੇ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਮਾਮਲੇ ਨੂੰ ਲੈ ਕੇ ਮਾਨਸਾ ਦੇ ਤਿੰਨ ਕੋਣੀ ਚੌਕ ਵਿੱਚ ਇਨਸਾਫ਼ ਕਮੇਟੀ ਦੀ ਅਗਵਾਈ ਹੇਠ ਧਰਨਾ ਜਾਰੀ ਹੈ। ਇੱਕ ਪਾਸੇ ਪਰਿਵਾਰ ਮ੍ਰਿਤਕਾਂ ਦੇ ਸਸਕਾਰ ਲਈ ਸਹਿਮਤ ਨਹੀਂ ਹਨ, ਦੂਜੇ ਪਾਸੇ ਸਰਕਾਰ ਉਨ੍ਹਾਂ ਨੂੰ ਮਨਾਉਣ ਅਤੇ ਮਾਮਲੇ ਦਾ ਹੱਲ ਕੱਢਣ ਲਈ ਕੋਸ਼ਿਸ਼ਾਂ ਕਰ ਰਹੀ ਹੈ।

ਗੁਰਮੀਤ ਸਿੰਘ ਖੁੱਡੀਆਂ

ਇਸੇ ਦੌਰਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ 21 ਦਿਨ ਬਾਅਦ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਝੋਟਾ ਦੇ ਘਰ ਪਹੁੰਚੇ।

ਉਨ੍ਹਾਂ ਨੇ ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ।

ਪਰਿਵਾਰ ਵੱਲੋਂ ਲਗਾਤਾਰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਪੈਨਲ ਨਾਲ ਮੀਟਿੰਗ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਖੇਤੀਬਾੜੀ ਮੰਤਰੀ ਨੇ ਪਰਿਵਾਰ ਦੀ ਗੱਲ ਸੁਣੀ ਅਤੇ ਭਰੋਸਾ ਦਿੱਤਾ ਕਿ ਜਲਦੀ ਹੀ ਕੈਬਨਿਟ ਮੰਤਰੀਆਂ ਦੇ ਪੈਨਲ ਨਾਲ ਉਨ੍ਹਾਂ ਦੀ ਮੀਟਿੰਗ ਕਰਵਾਈ ਜਾਵੇਗੀ।

ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਦੱਸਿਆ ਕਿ ਮੰਤਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਸਨ।

ਉਨ੍ਹਾਂ ਕਿਹਾ, “ਪਰਵਿੰਦਰ ਸਿੰਘ ਦੇ ਛੋਟੇ-ਛੋਟੇ ਬੱਚੇ ਹਨ ਅਤੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਪੈਨਲ ਨਾਲ ਪਰਿਵਾਰ ਦੀ ਮੀਟਿੰਗ ਕਰਵਾਈ ਜਾਵੇਗੀ।”

ਭੀਮ ਸਿੰਘ ਮੁਤਾਬਕ, ਮੰਤਰੀ ਨਾਲ ਹੋਈ ਗੱਲਬਾਤ ਬਾਰੇ ਇਨਸਾਫ਼ ਕਮੇਟੀ ਦੀ ਐਕਸ਼ਨ ਕਮੇਟੀ ਨੂੰ ਵੀ ਜਾਣੂ ਕਰਵਾਇਆ ਜਾਵੇਗਾ। ਹੁਣ ਪਰਿਵਾਰ ਨੂੰ ਸਰਕਾਰ ਦੇ ਮੰਤਰੀਆਂ ਦੇ ਪੈਨਲ ਨਾਲ ਹੋਣ ਵਾਲੀ ਮੀਟਿੰਗ ਦੀ ਉਡੀਕ ਹੈ।

ਪਰਵਿੰਦਰ ਸਿੰਘ ਝੋਟਾ ਦਾ ਸਸਕਾਰ ਕਿਉਂ ਨਹੀਂ ਹੋ ਰਿਹਾ?

ਪਰਵਿੰਦਰ ਸਿੰਘ ਝੋਟਾ ਫ਼ਰੀ-ਸਟਾਈਲ ਕਬੱਡੀ ਖਿਡਾਰੀ ਰਹੇ ਸਨ ਅਤੇ ਉਨ੍ਹਾਂ ਨੇ ਕਥਿਤ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਲਈ ਆਪਣਾ ਸੰਗਠਨ ਬਣਾਇਆ ਸੀ

ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਪਿਛਲੇ 20 ਦਿਨਾਂ ਤੋਂ ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਪਈ ਹੈ। ਇਨਸਾਫ਼ ਕਮੇਟੀ ਦੇ ਨੁਮਾਇੰਦੇ ਮਾਨਿਕ ਗੋਇਲ ਮੁਤਾਬਕ, ਸਰਕਾਰ ਸਾਹਮਣੇ 14 ਮੰਗਾਂ ਰੱਖੀਆਂ ਗਈਆਂ ਹਨ।

ਮਾਨਿਕ ਗੋਇਲ ਕਹਿੰਦੇ ਹਨ, “ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਸਸਕਾਰ ਉਸ ਦੇ ਪਰਿਵਾਰ ਅਤੇ ਕਮੇਟੀ ਦੀ ਸਹਿਮਤੀ ਨਾਲ ਹੀ ਹੋਵੇਗਾ। ਜਦੋਂ ਤੱਕ ਸਰਕਾਰ ਸਾਰੀਆਂ ਮੰਗਾਂ ਪੂਰੀਆਂ ਨਹੀਂ ਕਰਦੀ, ਪਰਿਵਾਰ ਅਤੇ ਕਮੇਟੀ ਸਸਕਾਰ ਲਈ ਸਹਿਮਤ ਨਹੀਂ ਹੋਣਗੇ।”

ਇਨਸਾਫ਼ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ, “ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫੇ ਦੀ ਬਾਰੇ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਬਿਆਨ ਦੇ ਚੁੱਕੇ ਹਨ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸਰਕਾਰ ਦੇ ਕੁਝ ਮਹੀਨੇ ਹੀ ਬਾਕੀ ਹਨ।”

“ਲੋਕ ਉਨ੍ਹਾਂ ਬਾਰੇ ਫ਼ੈਸਲਾ ਕਰ ਲੈਣਗੇ। ਬਾਕੀ ਮੰਗਾਂ ਬਾਰੇ ਕੈਬਨਿਟ ਮੰਤਰੀਆਂ ਦੇ ਵਫ਼ਦ ਨਾਲ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਹੋਏ ਫ਼ੈਸਲਿਆਂ ਮੁਤਾਬਕ ਪਰਵਿੰਦਰ ਝੋਟਾ ਦੇ ਸਸਕਾਰ ਬਾਰੇ ਫ਼ੈਸਲਾ ਲਿਆ ਜਾਵੇਗਾ।”

13 ਅਕਤੂਬਰ ਨੂੰ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਨਸ਼ੀਲੇ ਅਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਮੁੱਦੇ ਨੂੰ ਲੈ ਕੇ ਹੋਈ ਬਹਿਸਬਾਜ਼ੀ ਮਗਰੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਜਦੋਂ ਪਰਵਿੰਦਰ ਸਿੰਘ ਉੱਤੇ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਪ੍ਰਸਾਰਣ ਕਰ ਰਿਹਾ ਸੀ। ਇਸ ਕਾਰਨ ਵਾਰਦਾਤ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਵਿੱਚੋਂ ਇੱਕ ਵੀਡੀਓ ਵਿੱਚ ਪਰਵਿੰਦਰ ਸਿੰਘ ਝੋਟਾ ਅਤੇ ਇੱਕ ਮੈਡੀਕਲ ਸਟੋਰ ਦੇ ਮਾਲਕ ਵਿਚਾਲੇ ਦੁਕਾਨ ਅੰਦਰ ਨਸ਼ਾ ਵੇਚਣ ਦੇ ਇਲਜ਼ਾਮ ਨੂੰ ਲੈ ਕੇ ਬਹਿਸ ਹੁੰਦੀ ਦਿਖਾਈ ਦਿੰਦੀ ਹੈ।

ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਸ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ।

ਹਾਲਾਂਕਿ, ਝੋਟਾ ਦੇ ਪਰਿਵਾਰ ਅਤੇ ਇਨਸਾਫ਼ ਕਮੇਟੀ ਨੇ ਸਰਕਾਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਸੀ।

ਦਲਜੀਤ ਸਿੰਘ ਦਾ ਸਸਕਾਰ ਕਿਉਂ ਨਹੀਂ ਹੋ ਰਿਹਾ?

ਮ੍ਰਿਤਕ ਦਲਜੀਤ ਸਿਂਘ

35 ਸਾਲਾ ਦਲਜੀਤ ਸਿੰਘ ਦੀ ਲਾਸ਼ 27 ਅਕਤੂਬਰ ਨੂੰ ਉਸ ਦੇ ਪਿੰਡ ਵਿੱਚ ਭੇਤਭਰੀ ਹਾਲਤ ਵਿੱਚ ਮਿਲੀ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ ਕਤਲ ਦਾ ਕੇਸ ਦਰਜ ਕਰ ਕੇ ਤਿੰਨ ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਦੂਜੇ ਪਾਸੇ, ਪਰਿਵਾਰ ਦਾ ਦਾਅਵਾ ਹੈ ਕਿ ਦਲਜੀਤ ਦੀ ਮੌਤ ਨਸ਼ੇ ਦੇ ਓਵਰਡੋਜ਼ ਕਾਰਨ ਹੋਈ ਹੈ।

ਪਰਿਵਾਰ ਦਲਜੀਤ ਦੀ ਲਾਸ਼ ਲੈਕੇ ਝੋਟਾ ਲਈ ਲੱਗੇ ਧਰਨੇ ਵੱਲ ਜਾ ਰਿਹਾ ਸੀ ਪਰ ਰਸਤੇ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ। ਪਰਿਵਾਰ ਨੇ ਪੁਲਿਸ ‘ਤੇ ਜ਼ਬਰਦਸਤੀ ਲਾਸ਼ ਖੋਹਣ ਦੇ ਇਲਜ਼ਾਮ ਲਾਏ।

ਇਸ ਘਟਨਾਕ੍ਰਮ ਦੀਆਂ ਵੀਡੀਓਜ਼ ਕੈਮਰਿਆਂ ਵਿੱਚ ਕੈਦ ਹੋ ਗਈਆਂ, ਜੋ ਲਗਾਤਾਰ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।

ਪੁਲਿਸ ਮੁਤਾਬਕ, 28 ਅਕਤੂਬਰ ਨੂੰ ਦਲਜੀਤ ਦੇ ਪਿਤਾ ਦੀ ਸਹਿਮਤੀ ਨਾਲ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਸੀ।

ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਹੋਇਆ ਸੀ।

ਹਾਲਾਂਕਿ, ਦਲਜੀਤ ਦੀ ਦੇਹ ਦੀ ਮੌਜੂਦਾ ਸਥਿਤੀ ਬਾਰੇ ਪੁਲਿਸ ਵੱਲੋਂ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ।

ਜਰਨੈਲ ਸਿੰਘ

ਦਲਜੀਤ ਦੇ ਪਿਤਾ ਜਰਨੈਲ ਸਿੰਘ ਨੇ 30 ਅਕਤੂਬਰ ਨੂੰ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਦਲਜੀਤ ਦਾ ਸਸਕਾਰ ਕਰਨਾ ਚਾਹੁੰਦੇ ਹਨ।

ਉਨ੍ਹਾਂ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਪਰਿਵਾਰ ਧਰਨੇ ਵਿੱਚੋਂ ਵਾਪਸ ਆ ਜਾਵੇ, ਤਾਂ ਜੋ ਦਲਜੀਤ ਦਾ ਸਸਕਾਰ ਕੀਤਾ ਜਾ ਸਕੇ।

ਦੂਜੇ ਪਾਸੇ, ਦਲਜੀਤ ਦੀ ਪਤਨੀ ਪਰਮਜੀਤ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਹ ਸਸਕਾਰ ਉਦੋਂ ਹੀ ਕਰਨਗੇ, ਜਦੋਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਨੂੰ ਰਿਹਾਅ ਕੀਤਾ ਜਾਵੇਗਾ।

ਦਲਜੀਤ ਦੇ ਸਸਕਾਰ ਬਾਰੇ ਇਨਸਾਫ਼ ਕਮੇਟੀ ਦਾ ਕੀ ਕਹਿਣਾ ਹੈ?

ਅਰਵਿੰਦਰ ਕੌਰ

ਇਨਸਾਫ਼ ਕਮੇਟੀ ਦੀ ਮੈਂਬਰ ਅਤੇ ਨੌਜਵਾਨ ਆਗੂ ਅਰਵਿੰਦਰ ਕੌਰ ਨੇ ਕਿਹਾ, “ਦਲਜੀਤ ਦੀ ਭੈਣ, ਮਾਂ ਅਤੇ ਹੋਰ ਪਰਿਵਾਰਕ ਮੈਂਬਰ ਮਾਨਸਾ ਦੇ ਤਿੰਨ ਕੋਣੀ ਚੌਕ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਮੋਰਚੇ ਵਿੱਚ ਸ਼ਾਮਲ ਹਨ।”

“ਉਹ ਇਨਸਾਫ਼ ਕਮੇਟੀ ਦੇ ਨਾਲ ਹਨ। ਉਹ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਨੂੰ ਰਿਹਾਅ ਕਰਨ ਅਤੇ ਪਰਚੇ ਰੱਦ ਕਰਨ ਤੋਂ ਬਾਅਦ ਹੀ ਦਲਜੀਤ ਦੇ ਸਸਕਾਰ ਲਈ ਸਹਿਮਤ ਹੋਣਗੇ।”

28 ਅਕਤੂਬਰ ਨੂੰ ਕੀ ਹੋਇਆ ਸੀ, ਜਿਸ ਤੋਂ ਬਾਅਦ ਆਗੂਆਂ ਦੀ ਗ੍ਰਿਫ਼ਤਾਰੀ ਹੋਈ?

ਇਨਸਾਫ ਕਮੇਟੀ ਦੀ ਪ੍ਰੈੱਸ ਕਾਨਫਰੰਸ

28 ਅਕਤੂਬਰ ਨੂੰ ਜਦੋਂ ਪ੍ਰਦਰਸ਼ਨਕਾਰੀ ਦਲਜੀਤ ਦੀ ਮ੍ਰਿਤਕ ਦੇਹ ਨੂੰ ਮਾਨਸਾ ਦੇ ਤਿੰਨ ਕੋਣੀ ਚੌਕ ਵੱਲ ਲੈ ਕੇ ਜਾ ਰਹੇ ਸਨ ਤਾਂ ਉੱਥੇ ਹਾਲਾਤ ਤਣਾਅਪੂਰਨ ਹੋ ਗਏ ਸਨ।

ਇਸ ਦੌਰਾਨ ਪੁਲਿਸ ਨੇ ਵਾਰਿਸ ਪੰਜਾਬ ਦੇ ਆਗੂ ਅਤੇ ਇਨਸਾਫ਼ ਕਮੇਟੀ ਦੇ ਮੈਂਬਰ ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਅਤੇ ਹੋਰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

ਇਸ ਘਟਨਾ ਦੌਰਾਨ ਬਣੇ ਤਣਾਅਪੂਰਨ ਹਾਲਾਤ ਦੇ ਸਬੰਧ ਵਿੱਚ ਮਾਨਸਾ ਪੁਲਿਸ ਨੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ।

ਪਹਿਲਾਂ ਇਹ ਕੇਸ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਪੁਲਿਸ ਨੇ ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਅਤੇ ਹੋਰਨਾਂ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਸੀ।

ਇਨਸਾਫ਼ ਕਮੇਟੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਦੀ ਰਿਹਾਈ ਅਤੇ ਉਨ੍ਹਾਂ ਖ਼ਿਲਾਫ਼ ਦਰਜ ਪਰਚੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਸਰਕਾਰ ਨਾਲ ਮੀਟਿੰਗ ਵਿੱਚ ਕੌਣ-ਕੌਣ ਸ਼ਾਮਲ ਹੋਵੇ, ਕਮੇਟੀ ਦੀ ਕੀ ਮੰਗ ਹੈ?

ਗੌਤਮ ਚੀਮਾ

ਇਨਸਾਫ਼ ਕਮੇਟੀ ਨੇ ਪੰਜਾਬ ਦੇ ਕੈਬਨਿਟ ਮੰਤਰੀਆਂ ਨਾਲ ਮੀਟਿੰਗ ਕਰਨ ਦੀ ਮੰਗ ਵੀ ਰੱਖੀ ਹੈ।

ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵਫ਼ਦ ਨੇ ਅਗਲੀ ਮੀਟਿੰਗ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਮੁੱਖ ਸਕੱਤਰ ਦੀ ਸ਼ਮੂਲੀਅਤ ਦੀ ਮੰਗ ਕੀਤੀ।

ਹਾਲਾਂਕਿ ਅੱਜ ਯਾਨੀ 2 ਨਵੰਬਰ ਨੂੰ ਗੁਰਮੀਤ ਸਿੰਘ ਖੁੱਡੀਆਂ ਅਤੇ ਗੁਰਪ੍ਰੀਤ ਸਿੰਘ ਬਨਾਵਲੀ ਝੋਟਾ ਦੇ ਪਰਿਵਾਰ ਨੂੰ ਮਿਲੇ।

1 ਨਵੰਬਰ ਨੂੰ ਇਨਸਾਫ਼ ਕਮੇਟੀ ਦੇ ਵਫ਼ਦ ਨੇ ਏਡੀਜੀਪੀ ਗੌਤਮ ਚੀਮਾ ਅਤੇ ਆਈਏਐੱਸ ਅਧਿਕਾਰੀ ਕੁਲਵੰਤ ਸਿੰਘ ਸਿੱਧੂ ਨਾਲ ਮੀਟਿੰਗ ਕੀਤੀ ਸੀ। ਇਸ ਦੌਰਾਨ ਕਮੇਟੀ ਨੇ ਮੰਗ ਰੱਖੀ ਸੀ ਕਿ ਸਰਕਾਰ ਨਾਲ ਅਗਲੀ ਗੱਲਬਾਤ ਕੈਬਨਿਟ ਮੰਤਰੀਆਂ ਦੀ ਅਗਵਾਈ ਹੇਠ ਹੋਵੇ।

ਏਡੀਜੀਪੀ ਗੌਤਮ ਚੀਮਾ ਨੇ 1 ਨਵੰਬਰ ਦੀ ਮੀਟਿੰਗ ਤੋਂ ਬਾਅਦ ਕਿਹਾ ਸੀ, “ਇਨਸਾਫ਼ ਕਮੇਟੀ ਦੇ ਮੈਂਬਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਸਕਾਰਾਤਮਕ ਮਾਹੌਲ ਵਿੱਚ ਮੀਟਿੰਗ ਹੋਈ ਹੈ। ਸਾਨੂੰ ਉਮੀਦ ਹੈ ਕਿ ਅੱਗੇ ਜਦੋਂ ਸਰਕਾਰ ਦੇ ਨੁਮਾਇੰਦੇ ਗੱਲਬਾਤ ਲਈ ਆਉਣਗੇ ਤਾਂ ਮਸਲੇ ਦਾ ਹੱਲ ਹੋ ਜਾਵੇਗਾ। ਤਿਉਹਾਰਾਂ ਦੇ ਦਿਨਾਂ ਦੌਰਾਨ ਸ਼ਹਿਰ ਵਿੱਚ ਜਿਹੜੀਆਂ ਰੋਕਾਂ ਲੱਗੀਆਂ ਹੋਈਆਂ ਹਨ, ਉਹ ਖੁੱਲ੍ਹ ਜਾਣਗੀਆਂ ਅਤੇ ਧਰਨਾ ਸ਼ਾਂਤੀਪੂਰਵਕ ਖ਼ਤਮ ਹੋ ਜਾਵੇਗਾ।”

ਉਨ੍ਹਾਂ ਅੱਗੇ ਕਿਹਾ, “ਕਮੇਟੀ ਨੇ ਪਰਚੇ ਰੱਦ ਕਰਨ ਅਤੇ ਗ੍ਰਿਫ਼ਤਾਰ ਕੀਤੇ ਗਏ ਬੰਦਿਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ ਹੈ। ਹੁਣ ਸਰਕਾਰ ਜਿਨ੍ਹਾਂ ਵੀ ਸੀਨੀਅਰ ਅਧਿਕਾਰੀਆਂ ਜਾਂ ਮੰਤਰੀਆਂ ਦੀ ਗੱਲਬਾਤ ਲਈ ਡਿਊਟੀ ਲਗਾਏਗੀ, ਉਹ ਕਮੇਟੀ ਨਾਲ ਗੱਲਬਾਤ ਕਰਨਗੇ।”

ਹੁਣ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪਰਵਿੰਦਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਅਤੇ ਜਲਦੀ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਪਰਿਵਾਰ ਨੂੰ ਸਰਕਾਰ ਦੇ ਅਗਲੇ ਕਦਮ ਦੀ ਉਡੀਕ ਹੈ।

5 ਨਵੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਦਾ ਸੱਦਾ

ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਅਤੇ ਸਮਰਥਕ ਮਾਨਸਾ ਵਿੱਚ ਧਰਨੇ 'ਤੇ ਬੈਠ ਗਏ ਹਨ

ਇਨਸਾਫ਼ ਕਮੇਟੀ ਨੇ 5 ਨਵੰਬਰ ਨੂੰ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਹੋਇਆ ਹੈ।

ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ 5 ਨਵੰਬਰ ਦੇ ਸੰਗਰੂਰ ਘਿਰਾਓ ਦੀਆਂ ਤਿਆਰੀਆਂ ਲਈ ਪੰਜਾਬ ਭਰ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।

ਐਕਸ਼ਨ ਕਮੇਟੀ ਨੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਅਧਿਆਪਕਾਂ, ਵਿਦਿਆਰਥੀਆਂ, ਵਪਾਰੀਆਂ ਅਤੇ ਹੋਰ ਸਹਿਯੋਗੀ ਧਿਰਾਂ ਨੂੰ ਲਾਮਬੰਦੀ ਤੇਜ਼ ਕਰਨ ਦਾ ਸੱਦਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਮੋਰਚੇ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਜਾਰੀ ਰਹੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI