Source :- BBC PUNJABI
PARVINDER SINGH JHOTA/FB
ਚੇਤਾਵਨੀ: ਇਸ ਆਰਟੀਕਲ ਵਿੱਚ ਮੈਡੀਕਲ ਪ੍ਰਕਿਰਿਆਵਾਂ ਦੇ ਵੇਰਵੇ ਹਨ।
ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਪੋਸਟਮਾਰਟਮ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ।
ਮੌਤ ਤੋਂ 10 ਦਿਨ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਨਹੀਂ ਹੋਇਆ ਹੈ। ਉਨ੍ਹਾਂ ਦੀ ਦੇਹ ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀ ਹੋਈ ਹੈ। ਪਰਿਵਾਰ ਮੁਤਾਬਕ ਉਨ੍ਹਾਂ ਦੀਆਂ ਕੁਝ ਮੰਗਾਂ ਹਨ, ਜਿਨ੍ਹਾਂ ਦੀ ਪੂਰਤੀ ਦੀ ਉਡੀਕ ਹੈ।
ਇਸੇ ਸੰਦਰਭ ਵਿੱਚ ਪੋਸਟਮਾਰਟਮ ਸਬੰਧੀ ਕਈ ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ ਅਤੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਵੀ ਉੱਠ ਰਹੇ ਹੋ ਸਕਦੇ ਹਨ, ਜਿਵੇਂ ਕਿ ਪੋਸਟਮਾਰਟਮ ਕਿਉਂ ਕਰਵਾਇਆ ਜਾਂਦਾ ਹੈ ਅਤੇ ਮੌਤ ਤੋਂ ਬਾਅਦ ਕਿੰਨੇ ਸਮੇਂ ਦੇ ਅੰਦਰ ਇਹ ਹੋ ਜਾਣਾ ਚਾਹੀਦਾ ਹੈ।
ਪੋਸਟਮਾਰਟਮ ਨਾਲ ਜੁੜੇ ਇਨ੍ਹਾਂ ਸਮੇਤ ਹੋਰ ਕਈ ਸਵਾਲਾਂ ਦੇ ਜਵਾਬ ਦੇਣ ਦੀ ਅਸੀਂ ਇੱਥੇ ਕੋਸ਼ਿਸ਼ ਕਰਾਂਗੇ।
ਪੋਸਟਮਾਰਟਮ ਕੀ ਹੁੰਦਾ ਹੈ?
charanjeevkaushal/bbc
ਮੌਤ ਤੋਂ ਬਾਅਦ ਮ੍ਰਿਤਕ ਦੇਹ ਦੀ ਵਿਸਥਾਰਪੂਰਵਕ ਮੈਡੀਕਲ ਜਾਂਚ ਨੂੰ ਪੋਸਟਮਾਰਟਮ ਕਿਹਾ ਜਾਂਦਾ ਹੈ।
ਮੈਡੀਕਲ ਮਾਹਰ ਇਸ ਨੂੰ ਮੁੱਖ ਤੌਰ ‘ਤੇ ਦੋ ਸ਼੍ਰੇਣੀਆਂ ਵਿੱਚ ਵੰਡਦੇ ਹਨ। ਪਹਿਲੀ, ਮੈਡੀਕੋ-ਲੀਗਲ ਪੋਸਟਮਾਰਟਮ, ਜੋ ਕਾਨੂੰਨੀ ਕਾਰਵਾਈ ਲਈ ਲੋੜੀਂਦਾ ਹੁੰਦਾ ਹੈ।
ਦੂਜੀ, ਕਲੀਨਿਕਲ ਪੋਸਟਮਾਰਟਮ, ਜੋ ਮੈਡੀਕਲ ਕਾਲਜਾਂ ਵਿੱਚ ਮੈਡੀਕਲ ਅਧਿਐਨ ਲਈ ਕੀਤਾ ਜਾਂਦਾ ਹੈ।
ਮੋਹਾਲੀ ਦੇ ਸਿਵਲ ਹਸਪਤਾਲ ਵਿੱਚ ਸੇਵਾਵਾਂ ਨਿਭਾ ਰਹੇ ਫੋਰੈਂਸਿਕ ਮਾਹਰ ਡਾ. ਤਾਜਵੀਰ ਦਾ ਕਹਿਣਾ ਹੈ ਕਿ ਭਾਰਤ ਵਿੱਚ ਕਲੀਨਿਕਲ ਪੋਸਟਮਾਰਟਮ ਬਹੁਤਾ ਪ੍ਰਚਲਿਤ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਮੈਡੀਕੋ-ਲੀਗਲ ਪੋਸਟਮਾਰਟਮ ਗ਼ੈਰ-ਕੁਦਰਤੀ ਮੌਤਾਂ ਦੇ ਮਾਮਲਿਆਂ ਵਿੱਚ ਕੀਤਾ ਜਾਂਦਾ ਹੈ।
ਇਨ੍ਹਾਂ ਵਿੱਚ ਪਾਣੀ ਵਿੱਚ ਡੁੱਬਣ, ਗੋਲੀ ਲੱਗਣ, ਤੇਜ਼ਧਾਰ ਹਥਿਆਰ ਨਾਲ ਹਮਲੇ, ਅੱਗ ਨਾਲ ਝੁਲਸਣ, ਤੇਜ਼ਾਬੀ ਹਮਲੇ, ਕੁੱਟਮਾਰ, ਜ਼ਹਿਰ, ਸੜਕ ਹਾਦਸੇ, ਅਚਾਨਕ ਹੋਏ ਕਾਰਡੀਅਕ ਅਰੈਸਟ ਅਤੇ ਭੇਤਭਰੀ ਮੌਤ ਸਮੇਤ ਹੋਰ ਮਾਮਲੇ ਸ਼ਾਮਲ ਹਨ।
ਕਈ ਵਾਰ ਬੀਮਾ ਸੇਵਾਵਾਂ ਲਈ ਵੀ ਪੋਸਟਮਾਰਟਮ ਦੀ ਲੋੜ ਪੈਂਦੀ ਹੈ।
ਮੈਡੀਕੋ-ਲੀਗਲ ਕੇਸ ਉਹ ਮੈਡੀਕਲ ਕੇਸ ਹੁੰਦੇ ਹਨ, ਜਿਨ੍ਹਾਂ ਵਿੱਚ ਕਾਨੂੰਨ ਜਾਂ ਪੁਲਿਸ ਦੀ ਦਖ਼ਲਅੰਦਾਜ਼ੀ ਜ਼ਰੂਰੀ ਹੁੰਦੀ ਹੈ। ਆਮ ਭਾਸ਼ਾ ਵਿੱਚ ਇਨ੍ਹਾਂ ਨੂੰ ਪੁਲਿਸ ਕੇਸ ਵੀ ਕਿਹਾ ਜਾਂਦਾ ਹੈ।
ਪੋਸਟਮਾਰਟਮ ਕਿਉਂ ਕੀਤਾ ਜਾਂਦਾ ਹੈ?
ਡਾ. ਤਾਜਵੀਰ ਨੇ ਦੱਸਿਆ ਕਿ ਪੋਸਟਮਾਰਟਮ ਦਾ ਮੁੱਖ ਮਕਸਦ ਮੌਤ ਦੇ ਕਾਰਨਾਂ ਦੀ ਜਾਂਚ ਕਰਨਾ ਹੁੰਦਾ ਹੈ।
ਇਸ ਤੋਂ ਇਲਾਵਾ, ਮੌਤ ਦਾ ਸਮਾਂ ਪਤਾ ਕਰਨ, ਸੱਟ ਦੀ ਕਿਸਮ ਜਾਣਨ, ਕਈ ਵਾਰ ਮ੍ਰਿਤਕ ਦੀ ਪਛਾਣ ਕਰਨ ਅਤੇ ਜਾਂਚ ਨਾਲ ਜੁੜੇ ਹੋਰ ਸਵਾਲਾਂ ਦੇ ਜਵਾਬ ਲੱਭਣ ਲਈ ਵੀ ਪੋਸਟਮਾਰਟਮ ਕੀਤਾ ਜਾਂਦਾ ਹੈ।
ਇਨ੍ਹਾਂ ਸਵਾਲਾਂ ਦੇ ਜਵਾਬ ਕਾਨੂੰਨੀ ਪ੍ਰਕਿਰਿਆ ਵਿੱਚ ਅਹਿਮ ਸਬੂਤ ਅਤੇ ਵੇਰਵੇ ਸਾਬਤ ਹੋ ਸਕਦੇ ਹਨ।

ਪੋਸਟਮਾਰਟਮ ਕੌਣ ਕਰ ਸਕਦਾ ਹੈ?
ਸਰਕਾਰ ਵੱਲੋਂ ਅਧਿਕਾਰਤ ਡਾਕਟਰ ਹੀ ਪੋਸਟਮਾਰਟਮ ਕਰ ਸਕਦੇ ਹਨ।
ਆਮ ਤੌਰ ‘ਤੇ ਸਰਕਾਰੀ ਮੈਡੀਕਲ ਸੰਸਥਾਵਾਂ ਵਿੱਚ ਕੁਝ ਅਧਿਕਾਰਤ ਮੈਡੀਕਲ ਅਫ਼ਸਰ ਪੋਸਟਮਾਰਟਮ ਕਰਦੇ ਹਨ। ਹਾਲਾਂਕਿ, ਡਾ. ਤਾਜਵੀਰ ਮੁਤਾਬਕ, ਸਰਕਾਰ ਵੱਲੋਂ ਨਿੱਜੀ ਮੈਡੀਕਲ ਸੰਸਥਾਵਾਂ ਦੇ ਮੈਡੀਕਲ ਅਫ਼ਸਰਾਂ ਨੂੰ ਵੀ ਇਸ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ, “ਪੋਸਟਮਾਰਟਮ ਇੱਕ ਡਾਕਟਰ ਕਰੇਗਾ ਜਾਂ ਇੱਕ ਤੋਂ ਵੱਧ ਡਾਕਟਰ, ਇਹ ਸਬੰਧਤ ਕੇਸ ‘ਤੇ ਨਿਰਭਰ ਕਰਦਾ ਹੈ। ਲੋੜ ਮਹਿਸੂਸ ਹੋਣ ‘ਤੇ ਜਾਂਚ ਅਧਿਕਾਰੀ ਡਾਕਟਰਾਂ ਦਾ ਪੈਨਲ ਬਣਾਉਣ ਦੀ ਬੇਨਤੀ ਕਰ ਸਕਦਾ ਹੈ।”
“ਜੇ ਪੋਸਟਮਾਰਟਮ ਕਰ ਰਹੇ ਡਾਕਟਰ ਨੂੰ ਵੀ ਕੇਸ ਗੁੰਝਲਦਾਰ ਲੱਗੇ ਅਤੇ ਉਹ ਇਸ ਦੀ ਲੋੜ ਮਹਿਸੂਸ ਕਰੇ, ਤਾਂ ਉਹ ਸਬੰਧਤ ਅਥਾਰਟੀ, ਜਿਵੇਂ ਕਿ ਸੀਨੀਅਰ ਮੈਡੀਕਲ ਅਫ਼ਸਰ ਜਾਂ ਵਿਭਾਗ ਦੇ ਮੁਖੀ, ਨੂੰ ਪੋਸਟਮਾਰਟਮ ਲਈ ਮੈਡੀਕਲ ਬੋਰਡ ਬਣਾਉਣ ਦੀ ਬੇਨਤੀ ਕਰ ਸਕਦਾ ਹੈ।”
ਉਨ੍ਹਾਂ ਇਹ ਵੀ ਦੱਸਿਆ ਕਿ ਹਿਰਾਸਤ ਦੌਰਾਨ ਹੋਈ ਮੌਤ, ਜਬਰ-ਜਨਾਹ ਜਾਂ ਦਾਜ ਕਾਰਨ ਹੋਈ ਮੌਤ ਦੇ ਮਾਮਲਿਆਂ ਵਿੱਚ ਡਾਕਟਰਾਂ ਦਾ ਪੈਨਲ ਜ਼ਰੂਰੀ ਹੁੰਦਾ ਹੈ।
ਮੌਤ ਤੋਂ ਕਿੰਨੇ ਸਮੇਂ ਦੇ ਅੰਦਰ ਪੋਸਟਮਾਰਟਮ ਹੋ ਜਾਣਾ ਚਾਹੀਦਾ ਹੈ?
ਡਾ. ਤਾਜਵੀਰ ਦਾ ਕਹਿਣਾ ਹੈ ਕਿ ਪੋਸਟਮਾਰਟਮ ਮੌਤ ਤੋਂ ਤੁਰੰਤ ਬਾਅਦ ਵੀ ਕੀਤਾ ਜਾ ਸਕਦਾ ਹੈ ਅਤੇ ਕਈ ਦਿਨਾਂ, ਹਫ਼ਤਿਆਂ ਜਾਂ ਮਹੀਨਿਆਂ ਬਾਅਦ ਵੀ।
ਇਹ ਸਬੰਧਤ ਕੇਸ ‘ਤੇ ਨਿਰਭਰ ਕਰਦਾ ਹੈ, ਕਿਉਂਕਿ ਕਈ ਵਾਰ ਮੌਤ ਤੋਂ ਕਈ ਮਹੀਨਿਆਂ ਬਾਅਦ ਮ੍ਰਿਤਕ ਦੇਹ ਬਰਾਮਦ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਭਾਵੇਂ ਜਿੰਨੀ ਜਲਦੀ ਹੋ ਸਕੇ, ਪੋਸਟਮਾਰਟਮ ਕਰਵਾ ਲੈਣਾ ਚਾਹੀਦਾ ਹੈ, ਪਰ ਇਹ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਕਿ ਮੌਤ ਅਤੇ ਪੋਸਟਮਾਰਟਮ ਵਿਚਾਲੇ ਦੇਰੀ ਹੋਣ ਕਾਰਨ ਮੌਤ ਦੇ ਅਸਲ ਕਾਰਨਾਂ ਦਾ ਪਤਾ ਹੀ ਨਾ ਲੱਗ ਸਕੇ।
ਡਾ. ਤਾਜਵੀਰ ਮੁਤਾਬਕ, ਦੇਰੀ ਕਾਰਨ ਜ਼ਖ਼ਮਾਂ ਦੇ ਰੰਗ ਆਦਿ ਵਿੱਚ ਬਦਲਾਅ ਜ਼ਰੂਰ ਆ ਸਕਦਾ ਹੈ।
ਉਨ੍ਹਾਂ ਇਸ ਗੱਲ ਵੱਲ ਵੀ ਧਿਆਨ ਦਿਵਾਇਆ ਕਿ ਮੌਤ ਅਤੇ ਪੋਸਟਮਾਰਟਮ ਵਿਚਾਲੇ ਸਮਾਂ ਵਧਣ ਨਾਲ ਮ੍ਰਿਤਕ ਦੇ ਸਰੀਰ ਵਿੱਚ ਬਦਲਾਅ ਵੀ ਵਧਦੇ ਜਾਂਦੇ ਹਨ।
ਇਹ ਬਦਲਾਅ ਕਈ ਹੋਰ ਕਾਰਕਾਂ ਦੇ ਨਾਲ-ਨਾਲ ਇਸ ਗੱਲ ‘ਤੇ ਵੀ ਨਿਰਭਰ ਕਰਦੇ ਹਨ ਕਿ ਮੌਤ ਤੋਂ ਬਾਅਦ ਸਰੀਰ ਕਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਰੱਖਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸੇ ਲਈ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਤੋਂ ਪੋਸਟਮਾਰਟਮ ਤੱਕ ਦੇ ਸਮੇਂ ਦਾ ਵੇਰਵਾ ਵੀ ਦਰਜ ਕੀਤਾ ਜਾਂਦਾ ਹੈ। ਉਦਾਹਰਨ ਵਜੋਂ, ਮੌਤ ਤੋਂ ਛੇ ਘੰਟਿਆਂ ਦੇ ਅੰਦਰ, ਛੇ ਤੋਂ 12 ਘੰਟੇ ਬਾਅਦ, 12 ਤੋਂ 24 ਘੰਟੇ ਬਾਅਦ ਜਾਂ ਦੋ-ਤਿੰਨ ਦਿਨ ਬਾਅਦ ਪੋਸਟਮਾਰਟਮ ਕੀਤੇ ਜਾਣ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਪੋਸਟਮਾਰਟਮ ਕਿੱਥੇ ਕੀਤਾ ਜਾਂਦਾ ਹੈ?
Kulveer Singh/BBC
ਪੋਸਟਮਾਰਟਮ ਸਰਕਾਰ ਵੱਲੋਂ ਅਧਿਕਾਰਤ ਮੁਰਦਾਘਰ ਵਿੱਚ ਹੀ ਕੀਤਾ ਜਾਂਦਾ ਹੈ।
ਪੋਸਟਮਾਰਟਮ ਕਿਵੇਂ ਕੀਤਾ ਜਾਂਦਾ ਹੈ ਅਤੇ ਕਿਹੜੀਆਂ ਚੀਜ਼ਾਂ ਦੀ ਜਾਂਚ ਹੁੰਦੀ ਹੈ?
ਫੋਰੈਂਸਿਕ ਮਾਹਰ ਡਾ. ਤਾਜਵੀਰ ਨੇ ਦੱਸਿਆ ਕਿ ਪੋਸਟਮਾਰਟਮ ਦੌਰਾਨ ਕੇਸ ਦੀ ਲੋੜ ਮੁਤਾਬਕ ਸਿਰ ਤੋਂ ਲੈ ਕੇ ਪੈਰਾਂ ਦੇ ਅੰਗੂਠਿਆਂ ਤੱਕ ਪੂਰੇ ਸਰੀਰ ਦੀ ਜਾਂਚ ਕੀਤੀ ਜਾਂਦੀ ਹੈ। ਇਸ ਵਿੱਚ ਬਾਹਰੀ ਜ਼ਖ਼ਮਾਂ ਤੋਂ ਲੈ ਕੇ ਅੰਦਰੂਨੀ ਅੰਗਾਂ ਤੱਕ ਦੀ ਜਾਂਚ ਸ਼ਾਮਲ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਸਰੀਰ ਦੀਆਂ ਸਾਰੀਆਂ ਮੁੱਖ ਕੈਵਿਟੀਜ਼, ਜਿਵੇਂ ਕਿ ਸਿਰ, ਛਾਤੀ ਅਤੇ ਪੇਟ, ਖੋਲ੍ਹ ਕੇ ਅੰਦਰਲੇ ਅੰਗਾਂ ਦੀ ਜਾਂਚ ਕੀਤੀ ਜਾਂਦੀ ਹੈ।
ਲੱਤਾਂ ਅਤੇ ਬਾਹਾਂ ਦੀ ਵਿਸਥਾਰਪੂਰਵਕ ਜਾਂਚ ਸਿਰਫ਼ ਉਨ੍ਹਾਂ ਮਾਮਲਿਆਂ ਵਿੱਚ ਕੀਤੀ ਜਾਂਦੀ ਹੈ, ਜਿੱਥੇ ਇਸ ਦੀ ਲੋੜ ਹੋਵੇ। ਉਦਾਹਰਨ ਵਜੋਂ, ਜੇ ਲੱਤ ਜਾਂ ਬਾਂਹ ‘ਤੇ ਸੱਟ, ਗੋਲੀ ਲੱਗਣ, ਸੜਨ ਜਾਂ ਕਿਸੇ ਹੋਰ ਤਰ੍ਹਾਂ ਦਾ ਜ਼ਖ਼ਮ ਹੋਵੇ ਜਾਂ ਹੱਡੀ ਵਿੱਚ ਫ੍ਰੈਕਚਰ ਹੋਇਆ ਹੋਵੇ।
ਔਰਤਾਂ ਦੇ ਸਰੀਰ ਵਿੱਚੋਂ ਹਰ ਕੇਸ ਵਿੱਚ ਗੁਪਤ ਅੰਗਾਂ ਦੇ ਸੈਂਪਲ ਨਹੀਂ ਲਏ ਜਾਂਦੇ।
ਉਨ੍ਹਾਂ ਦੱਸਿਆ ਕਿ ਪੁਲਿਸ ਦੀ ਬੇਨਤੀ, ਜਬਰ-ਜਨਾਹ ਦਾ ਸ਼ੱਕ ਹੋਣ ਜਾਂ ਪੋਸਟਮਾਰਟਮ ਦੌਰਾਨ ਮੈਡੀਕਲ ਅਫ਼ਸਰ ਨੂੰ ਜਿਨਸੀ ਸ਼ੋਸ਼ਣ ਜਾਂ ਜਬਰ-ਜਨਾਹ ਦਾ ਸ਼ੱਕ ਹੋਣ ‘ਤੇ ਹੀ ਸੈਂਪਲ ਲਏ ਜਾਂਦੇ ਹਨ।
ਵੱਖ-ਵੱਖ ਮਾਮਲਿਆਂ ਵਿੱਚ ਲੋੜ ਅਨੁਸਾਰ ਜਾਂਚ ਦੀਆਂ ਪ੍ਰਕਿਰਿਆਵਾਂ ਵੀ ਵੱਖਰੀਆਂ ਹੋ ਸਕਦੀਆਂ ਹਨ।
ਕੀ ਪੋਸਟਮਾਰਟਮ ਲਈ ਮ੍ਰਿਤਕ ਦੇ ਪਰਿਵਾਰ ਦੀ ਮਨਜ਼ੂਰੀ ਜ਼ਰੂਰੀ ਹੈ?
ਮੈਡੀਕੋ-ਲੀਗਲ ਕੇਸਾਂ ਵਿੱਚ ਪੋਸਟਮਾਰਟਮ ਲਈ ਪਰਿਵਾਰ ਦੀ ਮਨਜ਼ੂਰੀ ਦੀ ਲੋੜ ਨਹੀਂ ਹੁੰਦੀ।
ਅਜਿਹੇ ਮਾਮਲਿਆਂ ਵਿੱਚ ਪੋਸਟਮਾਰਟਮ ਕਰਵਾਉਣ ਜਾਂ ਨਾ ਕਰਵਾਉਣ ਦਾ ਫ਼ੈਸਲਾ ਜਾਂਚ ਅਧਿਕਾਰੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।
ਫੋਰੈਂਸਿਕ ਮਾਹਿਰ ਡਾ. ਤਾਜਵੀਰ ਨੇ ਦੱਸਿਆ ਕਿ ਜੇ ਪਰਿਵਾਰ ਪੋਸਟਮਾਰਟਮ ਕਰਵਾਉਣਾ ਚਾਹੁੰਦਾ ਹੈ, ਤਾਂ ਉਹ ਪੁਲਿਸ ਨੂੰ ਅਰਜ਼ੀ ਦੇ ਸਕਦਾ ਹੈ। ਹਾਲਾਂਕਿ, ਮੈਡੀਕਲ ਅਫ਼ਸਰ ਪੁਲਿਸ ਵੱਲੋਂ ਲਿਖਤੀ ਬੇਨਤੀ ਮਿਲਣ ‘ਤੇ ਹੀ ਪੋਸਟਮਾਰਟਮ ਕਰ ਸਕਦੇ ਹਨ।

ਕੀ ਪੋਸਟਮਾਰਟਮ ਲਈ ਮ੍ਰਿਤਕ ਦੇਹ ਨੂੰ ਜ਼ਿਲ੍ਹੇ ਤੋਂ ਬਾਹਰ ਭੇਜਿਆ ਜਾ ਸਕਦਾ ਹੈ?
ਜੇ ਜਾਂਚ ਅਧਿਕਾਰੀ ਜਾਂ ਨਿਆਂਪਾਲਿਕਾ ਇਸ ਦੀ ਲੋੜ ਮਹਿਸੂਸ ਕਰੇ, ਤਾਂ ਖ਼ਾਸ ਮਾਮਲਿਆਂ ਵਿੱਚ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਜ਼ਿਲ੍ਹੇ ਤੋਂ ਬਾਹਰ ਭੇਜਿਆ ਜਾ ਸਕਦਾ ਹੈ।
ਪੋਸਟਮਾਰਟਮ ਲਈ ਕੇਸ ਉਸ ਮੈਡੀਕਲ ਕਾਲਜ ਨੂੰ ਰੈਫ਼ਰ ਕੀਤਾ ਜਾ ਸਕਦਾ ਹੈ, ਜਿਸ ਦੇ ਰੈਫ਼ਰਲ ਅਧਿਕਾਰ ਖੇਤਰ ਅਧੀਨ ਸਬੰਧਤ ਜ਼ਿਲ੍ਹਾ ਆਉਂਦਾ ਹੋਵੇ।
ਰੈਫ਼ਰਲ ਦੇ ਕਾਰਨਾਂ ਅਤੇ ਆਧਾਰ ਦਾ ਜ਼ਿਕਰ ਕਰਨਾ ਲਾਜ਼ਮੀ ਹੁੰਦਾ ਹੈ। ਇਸ ਦੇ ਨਾਲ ਰੈਫ਼ਰ ਕਰਨ ਵਾਲੇ ਮੈਡੀਕਲ ਅਫ਼ਸਰਾਂ ਦੇ ਨਾਂ, ਅਹੁਦੇ ਅਤੇ ਦਸਤਖ਼ਤ ਹੋਣੇ ਚਾਹੀਦੇ ਹਨ ਅਤੇ ਸਿਵਲ ਸਰਜਨ ਦੇ ਕਾਊਂਟਰ ਸਾਈਨ ਵੀ ਹੋਣੇ ਚਾਹੀਦੇ ਹਨ।
ਪੋਸਟਮਾਰਟਮ ਕਰਨ ਲਈ ਹੋਰ ਕੀ ਨਿਯਮ ਹਨ?
Getty Images
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਹਸਪਤਾਲ ਮੈਨੂਅਲ ਦਾ ਵੇਰਵਾ ਦਿੰਦਿਆਂ ਪੰਜਾਬ ਸਿਹਤ ਵਿਭਾਗ ਦੇ ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਪੋਸਟਮਾਰਟਮ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਕੀਤਾ ਜਾ ਸਕਦਾ ਹੈ।
ਸੂਰਜ ਛਿਪਣ ਤੋਂ ਬਾਅਦ ਪੋਸਟਮਾਰਟਮ ਸਿਰਫ਼ ਉਸ ਸਥਿਤੀ ਵਿੱਚ ਕੀਤਾ ਜਾਂਦਾ ਹੈ, ਜਦੋਂ ਅਜਿਹਾ ਨਾ ਕਰਨ ਨਾਲ ਕਾਨੂੰਨ-ਵਿਵਸਥਾ ਲਈ ਗੰਭੀਰ ਖ਼ਤਰਾ ਪੈਦਾ ਹੋਣ ਦੀ ਸੰਭਾਵਨਾ ਹੋਵੇ। ਇਸ ਲਈ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕਾਰਨ ਦਰਸਾਉਂਦਿਆਂ ਲਿਖਤੀ ਅਰਜ਼ੀ ਦਿੱਤੀ ਜਾਣੀ ਲਾਜ਼ਮੀ ਹੁੰਦੀ ਹੈ।
ਪੋਸਟਮਾਰਟਮ ਸ਼ੁਰੂ ਕਰਨ ਤੋਂ ਪਹਿਲਾਂ ਪੁਲਿਸ ਜਾਂ ਰਿਸ਼ਤੇਦਾਰਾਂ ਵੱਲੋਂ ਮ੍ਰਿਤਕ ਦੇਹ ਦੀ ਪਛਾਣ ਕਰਵਾਉਣੀ ਜ਼ਰੂਰੀ ਹੁੰਦੀ ਹੈ।
ਘੱਟੋ-ਘੱਟ ਦੋ ਰਿਸ਼ਤੇਦਾਰਾਂ ਜਾਂ ਪੁਲਿਸ ਮੁਲਾਜ਼ਮਾਂ ਦੇ ਦਸਤਖ਼ਤ ਜਾਂ ਅੰਗੂਠੇ ਦੇ ਨਿਸ਼ਾਨ ਲੈਣੇ ਜ਼ਰੂਰੀ ਹੁੰਦੇ ਹਨ। ਜੇ ਮ੍ਰਿਤਕ ਦੇਹ ਅਣਪਛਾਤੀ ਹੋਵੇ, ਤਾਂ ਪੁਲਿਸ ਮੁਲਾਜ਼ਮਾਂ ਦੇ ਦਸਤਖ਼ਤ ਹੋਣੇ ਚਾਹੀਦੇ ਹਨ।
ਅਣਪਛਾਤੀਆਂ ਲਾਸ਼ਾਂ ਦੇ ਪੋਸਟਮਾਰਟਮ ਦੌਰਾਨ ਪਛਾਣ ਨਾਲ ਸਬੰਧਤ ਨਿਸ਼ਾਨਾਂ ਅਤੇ ਹੋਰ ਵੇਰਵਿਆਂ ਨੂੰ ਦਰਜ ਕਰਨਾ ਜ਼ਰੂਰੀ ਹੁੰਦਾ ਹੈ।
ਪੋਸਟਮਾਰਟਮ ਦੀ ਪ੍ਰਕਿਰਿਆ ਦੌਰਾਨ ਕਿਸੇ ਵੀ ਅਣਅਧਿਕਾਰਤ ਵਿਅਕਤੀ ਦਾ ਦਾਖ਼ਲਾ ਵਰਜਿਤ ਹੁੰਦਾ ਹੈ।
ਪੋਸਟਮਾਰਟਮ ਰਿਪੋਰਟ ਜਲਦੀ ਤੋਂ ਜਲਦੀ ਤਿਆਰ ਕਰਕੇ ਅਧਿਕਾਰਤ ਪੁਲਿਸ ਅਧਿਕਾਰੀ, ਜਿਵੇਂ ਕਿ ਜਾਂਚ ਅਧਿਕਾਰੀ, ਨੂੰ ਸੌਂਪਣੀ ਹੁੰਦੀ ਹੈ।
ਜਿੱਥੇ ਲੋੜ ਹੋਵੇ, ਉੱਥੇ ਪੋਸਟਮਾਰਟਮ ਦੀ ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਵੀਡੀਓ ਨੂੰ ਡਿਊਟੀ ਡਾਕਟਰ ਵੱਲੋਂ ਲੇਬਲ ਲਗਾ ਕੇ ਅਤੇ ਸੀਲ ਕਰਕੇ ਪੁਲਿਸ ਵਿਭਾਗ ਕੋਲ ਜਮ੍ਹਾਂ ਕਰਵਾਇਆ ਜਾਂਦਾ ਹੈ।
ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਨੂੰ ਸਨਮਾਨਜਨਕ ਸਥਿਤੀ ਵਿੱਚ ਪਰਿਵਾਰ ਨੂੰ ਸੌਂਪਿਆ ਜਾਂਦਾ ਹੈ।
ਡਾ. ਤਾਜਵੀਰ ਨੇ ਦੱਸਿਆ ਕਿ ਕਈ ਵਾਰ ਮ੍ਰਿਤਕ ਦੇਹ ਦੀ ਹਾਲਤ ਖ਼ਰਾਬ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਡਾਕਟਰ ਵਿਸ਼ੇਸ਼ ਤੌਰ ‘ਤੇ ਕੋਸ਼ਿਸ਼ ਕਰਦੇ ਹਨ ਕਿ ਦੇਹ ਦੀ ਦਿੱਖ ਨੂੰ ਜਿੰਨਾ ਸੰਭਵ ਹੋ ਸਕੇ, ਠੀਕ ਕੀਤਾ ਜਾ ਸਕੇ, ਤਾਂ ਜੋ ਪਰਿਵਾਰ ਦੇ ਸਦਮੇ ਨੂੰ ਘਟਾਉਣ ਵਿੱਚ ਮਦਦ ਮਿਲ ਸਕੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI


