Source :- BBC PUNJABI
ਤਸਵੀਰ ਸਰੋਤ, Getty Images
ਪ੍ਰੀਗਾਬਲਿਨ, ਸਿਗਨੇਚਰ ਕੈਪਸੂਲ ਜਾਂ ਘੋੜੇ ਵਾਲੇ ਕੈਪਸੂਲ, ਇਹ ਸ਼ਬਦ ਅੱਜਕੱਲ੍ਹ ਤੁਸੀਂ ਖ਼ਬਰਾਂ ਦੀਆਂ ਸੁਰਖ਼ੀਆਂ ਅਤੇ ਸੋਸ਼ਲ ਮੀਡੀਆ ‘ਤੇ ਅਕਸਰ ਸੁਣਦੇ ਅਤੇ ਪੜ੍ਹਦੇ ਹੋਵੋਗੇ।
ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਇਸ ਦਵਾਈ ਅਤੇ ਪੰਜਾਬ ਵਿੱਚ ਇਸ ਦੀ ਵਰਤੋਂ ਨੂੰ ਲੈ ਕੇ ਹੋ ਰਹੀ ਚਰਚਾ ਬਾਰੇ ਜਾਣਦੇ ਵੀ ਹੋਣਗੇ। ਪਰ ਇਸ ਦੀ ਵਿਕਰੀ ਸਬੰਧੀ ਕਾਨੂੰਨ ਕੀ ਕਹਿੰਦਾ ਹੈ?
ਪ੍ਰੀਗਾਬਲਿਨ ਇਲਾਜ ਲਈ ਇੱਕ ਅਹਿਮ ਦਵਾਈ ਹੈ, ਪਰ ਇਸ ਦੀ ਵਧਦੀ ਦੁਰਵਰਤੋਂ ਬਾਰੇ ਖੋਜ ਅਧਿਐਨ ਕੀ ਕਹਿੰਦੇ ਹਨ?
ਇਸ ਦੀ ਗ਼ੈਰ-ਕਾਨੂੰਨੀ ਵਿਕਰੀ ‘ਤੇ ਕਿਸ ਤਰ੍ਹਾਂ ਰੋਕ ਲਗਾਈ ਜਾ ਸਕਦੀ ਹੈ? ਅੱਜ ਦੀ ਇਸ ਰਿਪੋਰਟ ਵਿੱਚ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ।
ਪ੍ਰੀਗਾਬਲਿਨ ਕੀ ਹੈ?
ਪ੍ਰੀਗਾਬਲਿਨ-300 ਐੱਮਜੀ ਵਿੱਚ ਪ੍ਰੀਗਾਬਲਿਨ ਦਵਾਈ ਦੀ 300 ਮਿਲੀਗ੍ਰਾਮ ਮਾਤਰਾ ਹੁੰਦੀ ਹੈ।
ਇਸ ਨੂੰ ਸਿਗਨੇਚਰ ਕੈਪਸੂਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਿਗਨੇਚਰ ਇੱਕ ਬ੍ਰਾਂਡ ਦਾ ਨਾਂ ਹੈ, ਜਦਕਿ ਪੰਜਾਬ ਵਿੱਚ ਲੋਕ ਇਸ ਨੂੰ ਆਮ ਤੌਰ ‘ਤੇ ‘ਘੋੜੇ ਵਾਲਾ ਕੈਪਸੂਲ’ ਵੀ ਕਹਿੰਦੇ ਹਨ।
ਦਰਅਸਲ, ਪ੍ਰੀਗਾਬਲਿਨ ਦੀ ਵਰਤੋਂ ਮਿਰਗੀ ਦੇ ਕੁਝ ਰੂਪਾਂ ਅਤੇ ਨਸਾਂ ਨਾਲ ਸਬੰਧਤ ਦਰਦ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸ਼ੂਗਰ ਦੇ ਮਰੀਜ਼ਾਂ ਵਿੱਚ ਹੋਣ ਵਾਲੇ ਨਸਾਂ ਦੇ ਦਰਦ ਲਈ ਵੀ ਕੀਤੀ ਜਾਂਦੀ ਹੈ।
ਹਾਲਾਂਕਿ, ਡਾਕਟਰੀ ਸਲਾਹ ਤੋਂ ਬਿਨਾਂ ਇਸ ਦਵਾਈ ਦੀ ਵਰਤੋਂ ਕਰਨਾ ਜਾਂ ਤੈਅ ਮਾਤਰਾ ਤੋਂ ਵੱਧ ਲੈਣਾ ਨੁਕਸਾਨਦੇਹ ਹੋ ਸਕਦਾ ਹੈ।
ਖੋਜ ਅਧਿਐਨ ਕੀ ਕਹਿੰਦੇ ਹਨ?
ਤਸਵੀਰ ਸਰੋਤ, Getty Images
ਇੰਡੀਅਨ ਜਰਨਲ ਆਫ਼ ਪੈਲਿਏਟਿਵ ਕੇਅਰ ਵਿੱਚ ਸਤੰਬਰ 2025 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਦੱਸਿਆ ਗਿਆ ਕਿ ਨਸ਼ਾ ਮੁਕਤੀ ਇਲਾਜ ਕੇਂਦਰ ਦੇ 3,766 ਮਰੀਜ਼ਾਂ ਦੇ ਅੰਕੜਿਆਂ ਦਾ ਇੱਕ ਸਾਲ ਤੱਕ ਅਧਿਐਨ ਕੀਤਾ ਗਿਆ ਸੀ।
ਇਸ ਅਧਿਐਨ ਮੁਤਾਬਕ, ਮਰੀਜ਼ਾਂ ਨੇ ਪ੍ਰੀਗਾਬਲਿਨ ਦੀ ਵਰਤੋਂ ਕਰਨ ਦੇ ਕਈ ਕਾਰਨ ਦੱਸੇ। ਇਨ੍ਹਾਂ ਵਿੱਚ ਓਪੀਔਡਜ਼ ਦੀ ਤਲਬ ਘਟਾਉਣਾ, ਸੁਸਤੀ ਮਹਿਸੂਸ ਕਰਨਾ, ਖ਼ੁਸ਼ੀ ਦੀ ਭਾਵਨਾ ਮਹਿਸੂਸ ਕਰਨਾ, ਓਪੀਔਡਜ਼ ਛੱਡਣ ਕਾਰਨ ਹੋਣ ਵਾਲੀਆਂ ਮੁਸ਼ਕਲਾਂ ਤੋਂ ਰਾਹਤ ਪਾਉਣਾ ਅਤੇ ਚਿੰਤਾ ਘਟਾਉਣਾ ਸ਼ਾਮਲ ਸੀ।
ਰਿਪੋਰਟ ਮੁਤਾਬਕ, ਪ੍ਰੀਗਾਬਲਿਨ ਦੇ ਸ਼ਾਂਤ ਕਰਨ ਵਾਲੇ ਅਤੇ ਖੁਸ਼ੀ ਦੇਣ ਵਾਲੇ ਪ੍ਰਭਾਵਾਂ ਕਾਰਨ ਇਹ ਓਪੀਔਡਜ਼ ਦੇ ਇੱਕ ਆਕਰਸ਼ਕ ਬਦਲ ਵਜੋਂ ਉੱਭਰੀ ਹੈ।
ਇਸ ਦੇ ਨਾਲ ਹੀ, ਨਸ਼ੀਲੇ ਪਦਾਰਥਾਂ (ਨਾਰਕੌਟਿਕ ਡਰੱਗ) ਦੇ ਸਬੰਧ ਵਿੱਚ ਰੇਗੂਲਰ ਕੰਟ੍ਰੋਲ ਦੀ ਘਾਟ ਵੀ ਇੱਕ ਸਮੱਸਿਆ ਹੈ। ਇਸ ਕਾਰਨ ਇਹ ਦਵਾਈ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ।
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਬਠਿੰਡਾ ਦੇ ਮਨੋਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾਕਟਰ ਜਤਿੰਦਰ ਅਨੇਜਾ ਅਤੇ ਡਾਕਟਰ ਜਵਾਹਰ ਸਿੰਘ ਨੇ ਪ੍ਰੀਗਾਬਲਿਨ ਦੀ ਵਰਤੋਂ ਅਤੇ ਦੁਰਵਰਤੋਂ ਬਾਰੇ ਇੱਕ ਖੋਜ ਪੱਤਰ ਪ੍ਰਕਾਸ਼ਿਤ ਕੀਤਾ ਹੈ।
ਇਸ ਖੋਜ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦਾ ਪੱਛਮੀ ਖੇਤਰ ਪ੍ਰੀਗਾਬਲਿਨ ਦੀ ਦੁਰਵਰਤੋਂ ਕਾਰਨ ਇੱਕ ਹੋਰ ਗੰਭੀਰ ਜਨਤਕ ਸਿਹਤ ਸਮੱਸਿਆ ਵੱਲ ਵਧ ਰਿਹਾ ਹੈ।
ਪ੍ਰੀਗਾਬਲਿਨ ਨੂੰ ਮਿਰਗੀ ਦੇ ਕੁਝ ਰੂਪਾਂ, ਨਿਊਰੋਪੈਥਿਕ ਦਰਦ ਅਤੇ ਫਾਈਬਰੋਮਾਇਲਜੀਆ ਦੇ ਇਲਾਜ ਲਈ ਮਨਜ਼ੂਰੀ ਦਿੱਤੀ ਗਈ ਹੈ। ਇਸ ਦੀ ਵਰਤੋਂ ਚਿੰਤਾ ਸਬੰਧੀ ਵਿਗਾੜਾਂ ਅਤੇ ਅਫ਼ੀਮ ਦੀ ਲਤ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ।
ਖੋਜ ਪੱਤਰ ਵਿੱਚ ਵਿਸ਼ਵ ਪੱਧਰ ‘ਤੇ ਹੋਏ ਅਧਿਐਨਾਂ ਦਾ ਹਵਾਲਾ ਦਿੱਤਾ ਗਿਆ ਹੈ।
ਇਨ੍ਹਾਂ ਮੁਤਾਬਕ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦਾ ਇਤਿਹਾਸ ਰੱਖਣ ਵਾਲੇ ਕੁਝ ਲੋਕ ਪ੍ਰੀਗਾਬਲਿਨ ਅਤੇ ਹੋਰ ਚੀਜ਼ਾਂ ਦੀ ਦੁਰਵਰਤੋਂ ਕਰਦੇ ਹਨ। ਉਹ ਤੈਅ ਇਲਾਜ ਦੀ ਖੁਰਾਕ ਨਾਲੋਂ ਤਿੰਨ ਤੋਂ 20 ਗੁਣਾ ਵੱਧ ਮਾਤਰਾ ਵਿੱਚ ਇਹ ਦਵਾਈਆਂ ਲੈਂਦੇ ਹਨ।
ਸਰੀਰ ‘ਤੇ ਕੀ ਪੈਂਦੇ ਹਨ ਮਾੜੇ ਪ੍ਰਭਾਵ?
ਤਸਵੀਰ ਸਰੋਤ, Getty Images
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਗੁਰਪ੍ਰਕਾਸ਼ ਸਿੰਘ ਨੇ ਦੱਸਿਆ ਕਿ ਪ੍ਰੀਗਾਬਲਿਨ ਦੀ ਜ਼ਿਆਦਾ ਵਰਤੋਂ ਨਾਲ ਮਰੀਜ਼ ਦੇ ਗੁਰਦਿਆਂ ਅਤੇ ਜਿਗਰ ‘ਤੇ ਵੀ ਮਾੜਾ ਅਸਰ ਪੈਂਦਾ ਹੈ।
ਜਲੰਧਰ ਦੇ ਸਰਕਾਰੀ ਨਸ਼ਾ ਮੁੜ-ਵਸੇਬਾ ਕੇਂਦਰ ਦੇ ਸੀਨੀਅਰ ਮਨੋਵਿਗਿਆਨੀ ਡਾਕਟਰ ਅਮਨ ਸੂਦ ਨੇ ਦੱਸਿਆ ਕਿ ਪ੍ਰੀਗਾਬਲਿਨ-300 ਐੱਮਜੀ ਦੀ ਵਰਤੋਂ ਨਸ਼ੇ ਦੇ ਆਦੀ ਲੋਕਾਂ ਵਿੱਚ ਵਿਆਪਕ ਪੱਧਰ ‘ਤੇ ਹੁੰਦੀ ਹੈ।
ਉਨ੍ਹਾਂ ਮੁਤਾਬਕ, ਟਰਾਮਾਡੋਲ ਮੁਕਾਬਲਤਨ ਘੱਟ ਉਪਲਬਧ ਹੈ। ਪ੍ਰੀਗਾਬਲਿਨ ਦੀਆਂ ਕੁਝ ਗੋਲੀਆਂ ਦਾ ਸੇਵਨ ਕਰਨ ਨਾਲ ਦਿਮਾਗ ਸੁੰਨ ਜਿਹਾ ਹੋ ਜਾਂਦਾ ਹੈ। ਇਸ ਨਾਲ ਨੀਂਦ ਵੀ ਆਉਂਦੀ ਹੈ।
ਡਾਕਟਰ ਅਮਨ ਸੂਦ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਲੋਕਾਂ ਦਾ ਮੰਨਣਾ ਹੁੰਦਾ ਹੈ ਕਿ ਇਸ ਦਵਾਈ ਦਾ ਸੇਵਨ ਕਰਕੇ ਉਹ ਵੱਧ ਕੰਮ ਕਰ ਸਕਦੇ ਹਨ। ਇਸੇ ਕਰਕੇ ਇਸ ਨੂੰ ‘ਘੋੜੇ ਵਾਲਾ ਕੈਪਸੂਲ’ ਵੀ ਕਿਹਾ ਜਾਂਦਾ ਹੈ।
ਡਾਕਟਰ ਅਮਨ ਸੂਦ ਅਨੁਸਾਰ, “ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਮਾਨਸਿਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਵਿਹਾਰ ਵਿੱਚ ਵੀ ਬਦਲਾਅ ਆਉਂਦਾ ਹੈ।”
ਸਰਕਾਰੀ ਹਸਪਤਾਲ ਵਿੱਚ ਨਸ਼ਾ ਛੁਡਾਊ ਸੇਵਾਵਾਂ ਦੇ ਖੇਤਰ ਵਿੱਚ ਕਰੀਬ ਸੱਤ ਸਾਲ ਕੰਮ ਕਰ ਚੁੱਕੇ ਡਾਕਟਰ ਦੀਪਕ ਕੰਸਲ ਦਾ ਕਹਿਣਾ ਹੈ ਕਿ ਸਾਨੂੰ ਇਹ ਸਮਝਣਾ ਪਵੇਗਾ ਕਿ ਸਿਰਫ਼ ਨਸ਼ੀਲੇ ਪਦਾਰਥ ਦੀ ਉਪਲਬਧਤਾ ਹੀ ਇਸ ਸਮੱਸਿਆ ਦਾ ਵੱਡਾ ਕਾਰਨ ਨਹੀਂ ਹੈ।
ਉਨ੍ਹਾਂ ਮੁਤਾਬਕ, ਘੱਟ ਉਮਰ ਵਿੱਚ ਨਸ਼ੇ ਦੀ ਵਰਤੋਂ ਸ਼ੁਰੂ ਕਰਨਾ ਵੀ ਇੱਕ ਵੱਡਾ ਕਾਰਕ ਹੈ। ਹੁਣ 12-13 ਸਾਲ ਦੇ ਕਈ ਬੱਚੇ ਵੀ ਮਜ਼ੇ ਲਈ ਇਸ ਦਾ ਸੇਵਨ ਕਰ ਰਹੇ ਹਨ।
ਸ਼ੁਰੂਆਤੀ ਕੁਝ ਸਾਲਾਂ ਵਿੱਚ ਬੱਚਿਆਂ ਨੂੰ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਨਸ਼ੇ ਦੇ ਆਦੀ ਹੋ ਰਹੇ ਹਨ। ਜਦੋਂ ਉਹ ਆਦੀ ਹੋ ਜਾਂਦੇ ਹਨ, ਤਾਂ ਇਸ ਜੰਜਾਲ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਇਸ ਲਈ ਜ਼ਰੂਰੀ ਹੈ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਦੇ ਵਿਹਾਰ ਵਿੱਚ ਆਉਣ ਵਾਲੇ ਬਦਲਾਅ ਵੱਲ ਧਿਆਨ ਦੇਣ।
ਡਾਕਟਰ ਦੀਪਕ ਕੰਸਲ ਇਹ ਵੀ ਕਹਿੰਦੇ ਹਨ ਕਿ ਸਮੇਂ ਦੇ ਨਾਲ-ਨਾਲ ਨਸ਼ੇ ਦੇ ਆਦੀ ਲੋਕਾਂ ਦਾ ਘੇਰਾ ਵਧਦਾ ਜਾ ਰਿਹਾ ਹੈ। ਜੇਕਰ ਕੋਈ ਵਿਅਕਤੀ ਨਸ਼ੇ ਤੋਂ ਛੁਟਕਾਰਾ ਪਾਉਣਾ ਵੀ ਚਾਹੁੰਦਾ ਹੈ, ਤਾਂ ਇਸ ਆਦਤ ਨੂੰ ਛੱਡਣ ਵਿੱਚ ਤਿੰਨ ਤੋਂ ਚਾਰ ਸਾਲ ਲੱਗ ਜਾਂਦੇ ਹਨ।
ਕਾਨੂੰਨ ਕੀ ਕਹਿੰਦਾ ਹੈ?

ਇਸ ਸਾਲ ਮਈ ਮਹੀਨੇ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੀਗਾਬਲਿਨ ਨੂੰ ਸਖ਼ਤ ਨਿਯਮਾਂ ਵਾਲੇ ‘ਸ਼ਡਿਊਲ H1’ ਦੇ ਘੇਰੇ ਵਿੱਚ ਸ਼ਾਮਲ ਕਰ ਦਿੱਤਾ ਹੈ।
ਕੇਂਦਰ ਸਰਕਾਰ ਨੇ ਡਰੱਗਜ਼ ਰੂਲਜ਼, 1945 ਤਹਿਤ ਨਵਾਂ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ। ਪਹਿਲਾਂ ਇਹ ਦਵਾਈ ਆਮ ‘ਸ਼ਡਿਊਲ H’ ਵਿੱਚ ਸ਼ਾਮਲ ਸੀ। ਹੁਣ ਇਸ ਨੂੰ ਸਖ਼ਤ ਕਾਨੂੰਨੀ ਨਿਯਮਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ।
ਨਵੇਂ ਵਰਗੀਕਰਨ ‘ਸ਼ਡਿਊਲ H1’ ਤਹਿਤ ਚਾਰ ਨਿਯਮ ਲਾਜ਼ਮੀ ਕੀਤੇ ਗਏ ਹਨ।
ਪਹਿਲਾ, ਪ੍ਰੀਗਾਬਲਿਨ ਸਿਰਫ਼ ਰਜਿਸਟਰਡ ਡਾਕਟਰ ਦੀ ਵੈਧ ਪਰਚੀ ‘ਤੇ ਹੀ ਵੇਚੀ ਜਾ ਸਕੇਗੀ।
ਦੂਜਾ, ਰਿਟੇਲ ਕੈਮਿਸਟਾਂ ਨੂੰ ਇਸ ਦੀ ਖਰੀਦ-ਵੇਚ ਦਾ ਰਿਕਾਰਡ ਰੱਖਣਾ ਹੋਵੇਗਾ। ਇਸ ਦੇ ਨਾਲ ਹੀ ਮਰੀਜ਼ ਦੀ ਪਰਚੀ ਨਾਲ ਸਬੰਧਤ ਵੇਰਵੇ ਦਰਜ ਕਰਨ ਲਈ ਵੱਖਰਾ ਰਜਿਸਟਰ ਬਣਾਉਣਾ ਪਵੇਗਾ।
ਤੀਜਾ, ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੈਕਿੰਗ ‘ਤੇ ‘ਸ਼ਡਿਊਲ H1 ਡਰੱਗ ਚੇਤਾਵਨੀ’ ਦਾ ਲੇਬਲ ਪ੍ਰਮੁੱਖਤਾ ਨਾਲ ਲਗਾਉਣਾ ਹੋਵੇਗਾ।
ਚੌਥਾ, ਨਿਯਮਾਂ ਦੀ ਉਲੰਘਣਾ ਕਰਨ ‘ਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ ਸਖ਼ਤ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ ‘ਤੇ ਸਪੋਰਟ ਨਹੀਂ ਕਰਦਾ

source : BBC PUNJABI


