Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਚੋਣਾਂ: ਰਾਹੁਲ ਗਾਂਧੀ ਪੰਜਾਬ ਦੌਰੇ ਉੱਤੇ, ਦਲਜੀਤ ਦਾ ਚੰਡੀਗੜ੍ਹ ਵਿੱਚ ਹੋਵੇਗਾ...

ਪੰਜਾਬ ਚੋਣਾਂ: ਰਾਹੁਲ ਗਾਂਧੀ ਪੰਜਾਬ ਦੌਰੇ ਉੱਤੇ, ਦਲਜੀਤ ਦਾ ਚੰਡੀਗੜ੍ਹ ਵਿੱਚ ਹੋਵੇਗਾ ਪੋਸਟਮਾਰਟਮ, ਕੀ ਹੈ ਤਾਜ਼ਾ ਘਟਨਾਕ੍ਰਮ

6
0

Source :- BBC PUNJABI

ਰਾਹੁਲ ਗਾਂਧੀ

ਪੜ੍ਹਨ ਦਾ ਸਮਾਂ: 3 ਮਿੰਟ

ਕਾਂਗਰਸ ਲੀਡਰ ਰਾਹੁਲ ਗਾਂਧੀ ਅੱਜ ਪੰਜਾਬ ਦੌਰੇ ਉੱਤੇ ਹਨ। ਉਹ ਸੰਗਰੂਰ ਦੇ ਪਿੰਡ ਫੱਗੂਵਾਲਾ ਵਿੱਚ ਇਨਸਾਫ ਰੈਲੀ ਤੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦਾ ਵਿਗੁਲ ਵਜਾਉਣਗੇ। ਰਾਹੁਲ ਗਾਂਧੀ ਦੇ ਇੱਥੇ ਦੁਪਹਿਰ ਲਗਭਗ 12 ਵਜੇ ਦੇ ਕਰੀਬ ਪਹੁੰਚਣ ਦੀ ਉਮੀਦ ਜਤਾਈ ਜਾ ਰਹੀ ਹੈ।

ਉਨ੍ਹਾਂ ਦੇ ਨਾਲ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕ ਅਰਜੁਨ ਖੜਗੇ ਵੀ ਰੈਲੀ ਵਿੱਚ ਪਹੁੰਚਣਗੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਾਰੀ ਕਾਂਗਰਸ ਲੀਡਰਸ਼ਿਪ ਇੱਕੋ ਮੰਚ ‘ਤੇ ਮੌਜੂਦ ਰਹੇਗੀ।

ਜਾਣਕਾਰੀ ਮੁਤਾਬਕ ਇਸ ਦੌਰਾਨ ਰਾਹੁਲ ਗਾਂਧੀ ਸੰਗਰੂਰ ਦੇ ਪਿੰਡ ਤੂਰਬੰਜਾਰਾ ਵਿਖੇ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਮਿਲਣ ਜਾ ਸਕਦੇ ਹਨ।

ਉਧਰ ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ ਲਈ ਮਾਨਸਾ ਵਿੱਚ ਲੱਗੇ ਧਰਨੇ ਵਿੱਚ ਵੀ ਜਾ ਸਕਦੇ ਹਨ।

ਪਰ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਰਾਹੁਲ ਗਾਂਧੀ ਨੂੰ ਉੱਥੇ ਨਾ ਆਉਣ ਦੀ ਨਸੀਹਤ ਦਿੱਤੀ ਸੀ। ਉਨ੍ਹਾਂ ਕਿਹਾ ਸੀ, “ਮੇਰਾ ਰਾਹੁਲ ਗਾਂਧੀ ਨਾਲ ਕਿਸੇ ਕਿਸਮ ਦਾ ਚੰਗਾ ਜਾਂ ਮਾੜਾ ਸਬੰਧ ਨਹੀਂ। ਪਰ ਮੇਰੀ ਬੇਨਤੀ ਹੈ ਕਿ ਸਾਡੇ ‘ਤੇ ਭਾਵੇਂ ਦੁਖ ਹੈ ਪਰ ਇੰਦਰਾ ਗਾਂਧੀ ਦੇ ਪਰਿਵਾਰ ਵਿੱਚ ਕੋਈ ਵੀ ਸਾਡੇ ਕੋਲ ਨਾ ਆਵੇ। “

ਪਰਵਿੰਦਰ ਝੋਟਾ ਅਤੇ ਦਲਜੀਤ ਸਿੰਘ ਦੇ ਪਰਿਵਾਰਾਂ ਦੇ ਅਗਲੇ ਕਦਮ ਕੀ ?

ਪੀਲ਼ੇ ਕੁੜਤੇ ਵਿੱਚ ਦਲਜੀਤ ਸਿੰਘ ਅਤੇ ਨੀਲੀ ਟੀ-ਸ਼ਰਟ ਵਿੱਚ ਪਰਵਿੰਦਰ ਸਿੰਘ ਝੋਟੇ ਦੀਆਂ ਫ਼ਾਈਲ ਤਸਵੀਰਾਂ

ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਅਤੇ ਇਨਸਾਫ ਕਮੇਟੀ ਧਰਨੇ ‘ਤੇ ਬਰਕਰਾਰ ਹੈ ਅਤੇ ਪੰਦਰਾਂ ਦਿਨਾਂ ਤੋਂ ਵੱਧ ਸਮਾਂ ਹੋ ਜਾਣ ਤੋਂ ਬਾਅਦ ਵੀ ਸਸਕਾਰ ਲਈ ਰਾਜ਼ੀ ਨਹੀਂ ਹੋਏ ਹਨ।

ਉਨ੍ਹਾਂ ਨੇ ਪੰਜ ਨਵੰਬਰ ਯਾਨੀ ਆਉਂਦੇ ਕੱਲ੍ਹ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ।

ਉਧਰ ਮਾਨਸਾ ਦੇ ਪਿੰਡ ਭੰਮਾਂ ਕਲਾਂ ਦੇ ਦਲਜੀਤ ਸਿੰਘ ਦੇ ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਨੂੰ ਦਲਜੀਤ ਦੀ ਮ੍ਰਿਤਕ ਦੇਹ ਵਾਪਸ ਕੀਤੀ ਜਾਵੇ, ਉਹ ਆਪਣੇ ਪਿੰਡ ਵਿੱਚ ਉਸ ਦਾ ਸਸਕਾਰ ਕਰਨਾ ਚਾਹੁੰਦੇ ਹਨ।

ਮੰਗਲਵਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸੀ ਕਿ ਦਲਜੀਤ ਸਿੰਘ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਦੁਬਾਰਾ ਪੋਸਟ ਮਾਰਟਮ ਹੋਵੇਗਾ ਅਤੇ ਇੱਥੋਂ ਦੇ ਹੀ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕੀਤਾ ਜਾਵੇਗਾ।

ਪਰ ਪਰਿਵਾਰ ਦੀ ਮੰਗ ਹੈ ਕਿ ਉਨ੍ਹਾਂ ਨੂੰ ਦੇਹ ਸੌਂਪੀ ਜਾਵੇ ਉਹ ਆਪਣੇ ਪਿੰਡ ਵਿੱਚ ਸਸਕਾਰ ਕਰਨਾ ਚਾਹੁੰਦੇ ਹਨ, ਜਦਕਿ ਪੀਜੀਆਈ ਵਿੱਚ ਦੁਬਾਰਾ ਪੋਸਟ ਮਾਰਟਮ ਕਰਵਾਉਣ ਦੇ ਨਿਰਦੇਸ਼ਾਂ ਨਾਲ ਉਹ ਸਹਿਮਤ ਹਨ।

ਅਮਰਜੀਤ ਕੌਰ ਨੇ ਆਪਣੇ ਭਰਾ ਦਲਜੀਤ ਸਿੰਘ ਦੀ ਮੌਤ ਦੀ ਸੀਬੀਆਈ ਜਾਂਚ ਕਰਵਾਉਣ, ਪੀਜੀਆਈ ਤੋਂ ਪੋਸਟ ਮਾਰਟਮ ਕਰਵਾਉਣ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਨਸ਼ੇ ਦੀ ਓਵਰਡੋਜ਼ ਕਾਰਨ ਦਲਜੀਤ ਸਿੰਘ ਦੀ ਮੌਤ ਹੋਈ ਸੀ। ਪਰਿਵਾਰ 27 ਅਕਤੂਬਰ ਨੂੰ ਰੋਸ ਵਜੋਂ ਮ੍ਰਿਤਕ ਦੇਹ ਮਾਨਸਾ ਧਰਨੇ ਵਿੱਚ ਲਿਜਾ ਰਹੇ ਸਨ, ਇਸੇ ਦੌਰਾਨ ਪੁਲਿਸ ਨੇ ਰਾਮਦਿੱਤੇਵਾਲਾ ਚੌਂਕ ਵਿਖੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਪੁਲਿਸ ਉੱਤੇ ਪਰਿਵਾਰ ਦੀ ਸਹਿਮਤੀ ਤੇ ਜਾਣਕਾਰੀ ਤੋਂ ਬਿਨ੍ਹਾਂ ਪੋਸਟ ਮਾਰਟਮ ਕਰਵਾਉਣ ਦਾ ਇਲਜ਼ਾਮ ਲਗਾਇਆ ਸੀ।

ਦੱਸ ਦੇਈਏ ਕਿ ਖੁਦ ਨੂੰ ਨਸ਼ਾ ਵਿਰੋਧੀ ਕਾਰਕੁਨ ਦੱਸਣ ਵਾਲੇ ਪਰਵਿੰਦਰ ਝੋਟਾ ਦਾ 13 ਅਕਤੂਬਰ ਨੂੰ ਮਾਨਸਾ ਦੇ ਬਜ਼ਾਰ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇੱਕ ਮੈਡੀਕਲ ਸਟੋਰ ਦੇ ਮਾਲਿਕ ਅਸ਼ਵਨੀ ਕੁਮਾਰ ਵੱਲੋਂ ਗੋਲੀਆਂ ਚਲਾਉਣ ਦੀਆਂ ਵੀਡੀਓਜ਼ ਸਾਹਮਣੇ ਆਈਆਂ ਸਨ ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

ਉਦੋਂ ਤੋਂ ਉਸ ਦੀ ਮ੍ਰਿਤਕ ਦੇਹ ਮਾਨਸਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਪਈ ਹੈ ਅਤੇ ਪਰਿਵਾਰ ਅਤੇ ਸਮਰਥਕ ਧਰਨੇ ‘ਤੇ ਬੈਠੇ ਹਨ।

ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਨਸ਼ਿਆਂ ਦਾ ਮਸਲਾ ਮੁੜ ਗਰਮਾਇਆ ਹੋਇਆ ਹੈ ਅਤੇ ਵੱਖ ਵੱਖ ਪਾਰਟੀਆਂ ਦੇ ਸਿਆਸਤਦਾਨਾਂ ਸਮੇਤ ਕਈ ਵੱਡੀਆਂ ਹਸਤੀਆਂ ਧਰਨੇ ਵਿਚ ਲਗਾਤਾਰ ਪਹੁੰਚ ਰਹੀਆਂ ਹਨ। ਇਸ ਲਈ ਰਾਹੁਲ ਗਾਂਧੀ ਦੇ ਵੀ ਇਸ ਧਰਨੇ ਵਿੱਚ ਪਹੁੰਚਣ ਦਾ ਜ਼ਿਕਰ ਹੋ ਰਿਹਾ ਸੀ। ਪਰ ਫ਼ਿਲਹਾਲ ਹੁਣ ਇਸ ਬਾਰੇ ਸਥਿਤੀ ਸਪਸ਼ਟ ਨਹੀਂ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube ‘ਤੇ ਜੁੜੋ।)

source : BBC PUNJABI