Home rss national punjabi2ਰਾਸ਼ਟਰੀ ਖ਼ਬਰਾਂ ਬਲੱਡ ਸ਼ੂਗਰ ਦਾ ਵਧਣਾ ਜ਼ਰੂਰੀ ਨਹੀਂ ਕਿ ਤੁਹਾਡੇ ਲਈ ਮਾੜਾ ਹੀ ਹੋਵੇ,...

ਬਲੱਡ ਸ਼ੂਗਰ ਦਾ ਵਧਣਾ ਜ਼ਰੂਰੀ ਨਹੀਂ ਕਿ ਤੁਹਾਡੇ ਲਈ ਮਾੜਾ ਹੀ ਹੋਵੇ, ਸਮਝੋ ਕਿਉਂ

3
0

Source :- BBC PUNJABI

ਸ਼ੂਗਰ

ਬਲੱਡ ਸ਼ੂਗਰ ਦੇ ਵਧਣ ਨੂੰ ਲੈ ਕੇ ਚਿੰਤਾ ਕਰਨਾ ਅੱਜਕੱਲ੍ਹ ਰੁਝਾਨ ਬਣ ਗਿਆ ਹੈ, ਪਰ ਖਾਣਾ ਖਾਣ ਤੋਂ ਬਾਅਦ ਅਜਿਹਾ ਹੋਣਾ ਇੱਕ ਆਮ ਪ੍ਰਤੀਕਿਰਿਆ ਹੋ ਸਕਦੀ ਹੈ। ਪਰ ਇਸ ਲੇਖ ਰਾਹੀਂ ਦੱਸਿਆ ਗਿਆ ਹੈ ਕਿ ਤੁਹਾਨੂੰ ਕਦੋਂ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਪਿਛਲੇ ਕੁਝ ਸਾਲਾਂ ਦੌਰਾਨ ਦੋ ਹੈਰਾਨੀਜਨਕ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ।

ਆਮ ਅਤੇ ਹੋਰ ਕਿਸੇ ਤਰ੍ਹਾਂ ਸਿਹਤਮੰਦ ਲੋਕਾਂ ਨੇ ਅਜਿਹੇ ਉਪਕਰਨ ਪਹਿਨਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਨਾਲ ਉਹ ਪੂਰਾ ਦਿਨ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਜਾਂਚ ਕਰ ਸਕਦੇ ਹਨ।

ਹੋਰ ਲੋਕ ਰਿਫਾਈਂਡ ਕਾਰਬੋਹਾਈਡ੍ਰੇਟਸ, ਜਿਵੇਂ ਕਿ ਚਿੱਟੇ ਬ੍ਰੈੱਡ ਅਤੇ ਪਾਸਤਾ, ਨੂੰ ਪੂਰੀ ਤਰ੍ਹਾਂ ਖਾਣਾ ਛੱਡ ਰਹੇ ਹਨ।

ਅਸਲ ਵਿੱਚ, ਲੇਖਕ, ਪੌਡਕਾਸਟਰ ਅਤੇ ਵੈਲਨੈੱਸ ਇਨਫਲੂਐਂਸਰ ਇਹ ਵਿਚਾਰ ਪੇਸ਼ ਕਰਦੇ ਆ ਰਹੇ ਹਨ ਕਿ ਸਾਨੂੰ ਸਾਰਿਆਂ ਨੂੰ ਬਲੱਡ ਸ਼ੂਗਰ ਦੇ ਵਧਣ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਇਸ ਤੋਂ ਬਚਣਾ ਚਾਹੀਦਾ ਹੈ।

ਇਸ ਕੱਟੜ ਵਿਚਾਰ ਮੁਤਾਬਕ, ਖੂਨ ਵਿੱਚ ਗਲੂਕੋਜ਼ ਦੀ ਵੱਡੀ ਮਾਤਰਾ ਨੂੰ ਵਧਣ ਦੇਣਾ ਸਾਡੇ ਲਈ ਖ਼ਤਰੇ ਤੋਂ ਖਾਲ੍ਹੀ ਨਹੀਂ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੈਟਾਬੋਲਿਕ ਬਿਮਾਰੀਆਂ ਤੋਂ ਰਹਿਤ ਸਿਹਤਮੰਦ ਲੋਕਾਂ ਵਿੱਚ ਵੀ ਬਲੱਡ ਸ਼ੂਗਰ ਦੇ ਵਧਣ ਦਾ ਖ਼ਤਰਾ ਮੋਲ ਲੈਣਾ ਹਾਰਮੋਨਲ ਅਸੰਤੁਲਨ, ਮੁਹਾਂਸਿਆਂ, ਮੂਡ ਵਿੱਚ ਉਤਾਰ-ਚੜ੍ਹਾਅ ਅਤੇ ਇਸ ਤੋਂ ਵੀ ਬਦਤਰ ਸਮੱਸਿਆਵਾਂ ਨੂੰ ਸੱਦਾ ਦੇਣਾ ਹੈ।

ਪਰ ਹੁਣ ਮਾਹਰ ਇਸ ਵਿਚਾਰ ਨੂੰ ਚੁਣੌਤੀ ਦੇ ਰਹੇ ਹਨ। ਇੱਥੇ ਦੱਸਿਆ ਗਿਆ ਹੈ ਕਿ ਤੁਹਾਨੂੰ ਕਦੋਂ ਚਿੰਤਾ ਕਰਨੀ ਚਾਹੀਦੀ ਹੈ ਅਤੇ ਕਦੋਂ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਭੋਜਨ ਨਾਲ ਲੰਬੇ ਸਮੇਂ ਤੱਕ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੁੰਦੀ।

ਬਲੱਡ ਸ਼ੂਗਰ ਚੈੱਕ ਕਰਦੀ ਮਹਿਲਾ

ਸਾਡੀ ਬਲੱਡ ਸ਼ੂਗਰ ਕਿਉਂ ਵਧਦੀ ਹੈ?

ਜਦੋਂ ਅਸੀਂ ਮਿੱਠੀਆਂ ਚੀਜ਼ਾਂ, ਜਿਵੇਂ ਕਿ ਰਿਫਾਈਂਡ ਸ਼ੂਗਰ, ਫਲ ਅਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਭੋਜਨ ਖਾਂਦੇ ਅਤੇ ਹਜ਼ਮ ਕਰਦੇ ਹਾਂ, ਤਾਂ ਸਾਡੀ ਬਲੱਡ ਸ਼ੂਗਰ ਕੁਦਰਤੀ ਤੌਰ ‘ਤੇ ਵਧਦੀ ਹੈ।

ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਕਾਰਬੋਹਾਈਡ੍ਰੇਟਸ ਅਤੇ ਸ਼ੂਗਰ ਨੂੰ ਹਜ਼ਮ ਕਰਦੇ ਹਾਂ, ਤਾਂ ਇਹ ਗਲੂਕੋਜ਼ ਵਿੱਚ ਟੁੱਟ ਜਾਂਦੇ ਹਨ, ਜੋ ਫਿਰ ਖੂਨ ਦੇ ਪ੍ਰਵਾਹ ਵਿੱਚ ਸੋਖ ਲਿਆ ਜਾਂਦਾ ਹੈ।

ਇਸ ਨਾਲ ਕੁਝ ਸਮੇਂ ਲਈ ਸਾਡੇ ਬਲੱਡ ਸ਼ੂਗਰ ਦੇ ਪੱਧਰ ਵਧ ਜਾਂਦੇ ਹਨ। ਜਿਵੇਂ ਹੀ ਅਜਿਹਾ ਹੁੰਦਾ ਹੈ, ਪੈਂਕ੍ਰਿਆਸ ਹਾਰਮੋਨ ਇਨਸੁਲਿਨ ਛੱਡਦਾ ਹੈ, ਜੋ ਗਲੂਕੋਜ਼ ਨੂੰ ਸਾਡੇ ਖੂਨ ਦੇ ਪ੍ਰਵਾਹ ਵਿੱਚੋਂ ਬਾਹਰ ਕੱਢ ਕੇ ਸਰੀਰ ਦੇ ਸੈੱਲਾਂ ਵਿੱਚ ਪਹੁੰਚਾਉਣ ਵਿੱਚ ਮਦਦ ਕਰਦਾ ਹੈ, ਤਾਂ ਜੋ ਊਰਜਾ ਪ੍ਰਦਾਨ ਕੀਤੀ ਜਾ ਸਕੇ।

ਅਮਰੀਕਾ ਦੇ ਕਨੈਕਟੀਕਟ ਸਥਿਤ ਯੇਲ ਸਕੂਲ ਆਫ਼ ਮੈਡੀਸਨ ਦੀ ਬਾਲ ਰੋਗ ਐਂਡੋਕ੍ਰਾਈਨੋਲੋਜਿਸਟ ਜੈਨੀਫ਼ਰ ਸ਼ੈਰ ਕਹਿੰਦੀ ਹੈ ਕਿ ਸਿਰਫ਼ ਭੋਜਨ ਹੀ ਸਾਡੇ ਖੂਨ ਵਿੱਚ ਗਲੂਕੋਜ਼ ਦੇ ਪੱਧਰ ਨੂੰ ਨਹੀਂ ਵਧਾਉਂਦਾ। ਬਹੁਤ ਜ਼ਿਆਦਾ ਤੀਬਰਤਾ ਵਾਲੀ ਕਸਰਤ ਦੌਰਾਨ ਐਡ੍ਰੀਨਲਿਨ ਵਰਗੇ ਹਾਰਮੋਨ ਜਿਗਰ ਨੂੰ ਖੂਨ ਦੇ ਪ੍ਰਵਾਹ ਵਿੱਚ ਹੋਰ ਗਲੂਕੋਜ਼ ਛੱਡਣ ਦਾ ਸੰਕੇਤ ਦਿੰਦੇ ਹਨ, ਜਿਸ ਨਾਲ ਕੰਮ ਕਰ ਰਹੀਆਂ ਮਾਸਪੇਸ਼ੀਆਂ ਨੂੰ ਵਾਧੂ ਊਰਜਾ ਮਿਲਦੀ ਹੈ।

ਉਨ੍ਹਾਂ ਮੁਤਾਬਕ, ਨਤੀਜੇ ਵਜੋਂ, ਬਲੱਡ ਗਲੂਕੋਜ਼ ਕੁਝ ਸਮੇਂ ਲਈ ਵਧ ਸਕਦਾ ਹੈ।

ਡਾਇਬਟੀਜ਼ ਵਾਲੇ ਲੋਕਾਂ ਵਿੱਚ ਸਰੀਰ ਲੋੜੀਂਦੀ ਮਾਤਰਾ ਵਿੱਚ ਇੰਸੁਲਿਨ ਪੈਦਾ ਨਹੀਂ ਕਰਦਾ ਜਾਂ ਇਹ ਪਹਿਲਾਂ ਵਾਂਗ ਕੰਮ ਨਹੀਂ ਕਰਦਾ (ਇੰਸੁਲਿਨ ਰੋਧਕਤਾ)।

ਇਸ ਦਾ ਮਤਲਬ ਹੈ ਕਿ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਦੀ ਬਲੱਡ ਸ਼ੂਗਰ ਖ਼ਤਰਨਾਕ ਹੱਦ ਤੱਕ ਵਧ ਸਕਦੀ ਹੈ। ਇਸ ਸਥਿਤੀ ਵਿੱਚ, ਇਹ ਜ਼ਰੂਰੀ ਹੈ ਕਿ ਲੋਕ ਬਲੱਡ ਸ਼ੂਗਰ ਦੇ ਵਧਣ ਤੋਂ ਬਚਣ ਲਈ ਆਪਣੀ ਖੁਰਾਕ ਅਤੇ ਕਸਰਤ ਦਾ ਧਿਆਨ ਨਾਲ ਪ੍ਰਬੰਧਨ ਕਰਨ ਅਤੇ ਆਪਣੇ ਬਲੱਡ ਸ਼ੂਗਰ ਦੇ ਪੱਧਰ ਦੀ ਨਿਗਰਾਨੀ ਕਰਨ।

ਕੁਝ ਲੋਕਾਂ ਨੂੰ ਇੰਸੁਲਿਨ ਜਾਂ ਮੈਟਫੋਰਮਿਨ ਵਰਗੀਆਂ ਦਵਾਈਆਂ ਲੈਣ ਦੀ ਵੀ ਲੋੜ ਹੁੰਦੀ ਹੈ।

ਗਲੂਕੋਜ਼ ਦਾ ਵਧਣਾ ਆਮ ਗੱਲ ਹੈ

ਬਲੱਡ ਸ਼ੂਗਰ

ਸਿਹਤਮੰਦ ਵਿਅਕਤੀਆਂ ਵਿੱਚ, ਖਾਣਾ ਖਾਣ ਤੋਂ ਬਾਅਦ ਖੂਨ ਵਿੱਚ ਗਲੂਕੋਜ਼ ਦਾ ਵਧਣਾ ਇੱਕ ਆਮ ਸਰੀਰਕ ਪ੍ਰਤੀਕਿਰਿਆ ਹੈ।

ਯੂਕੇ ਦੀ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਪੋਸ਼ਣ ਅਤੇ ਡਾਇਟੈਟਿਕਸ ਦੇ ਐਸੋਸੀਏਟ ਪ੍ਰੋਫੈਸਰ ਐਡਰੀਅਨ ਬ੍ਰਾਊਨ ਕਹਿੰਦੇ ਹਨ, “ਸਭ ਤੋਂ ਵੱਡੀ ਗਲਤਫਹਿਮੀ ਇਹ ਹੈ ਕਿ ਗਲੂਕੋਜ਼ ਦਾ ਹਰ ਵਾਧਾ ਨੁਕਸਾਨਦੇਹ ਹੁੰਦਾ ਹੈ।”

ਹਾਲ ਹੀ ਵਿੱਚ ਮੈਂ ਛੇ ਹਫ਼ਤਿਆਂ ਲਈ ਖਾਣੇ ਵਿੱਚ ਸ਼ਾਮਲ ਕੀਤੀ ਜਾਣ ਵਾਲੀ ਸ਼ੂਗਰ ਛੱਡਣ ਦਾ ਪ੍ਰਯੋਗ ਕੀਤਾ ਸੀ। ਉਦੋਂ ਤੋਂ, ਮੈਂ ਇਸ ਗੱਲ ਪ੍ਰਤੀ ਖ਼ਾਸ ਤੌਰ ‘ਤੇ ਸੁਚੇਤ ਹੋ ਗਿਆ ਹਾਂ ਕਿ ਜਦੋਂ ਮੈਂ ਮਿੱਠੀਆਂ ਚੀਜ਼ਾਂ ਖਾਂਦਾ ਹਾਂ ਤਾਂ ਮੇਰੀ ਬਲੱਡ ਸ਼ੂਗਰ ਦਾ ਵਧਣਾ ਤੈਅ ਹੈ।

ਸਾਡਾ ਬਲੱਡ ਸ਼ੂਗਰ ਪੱਧਰ ਆਮ ਤੌਰ ‘ਤੇ ਖਾਣਾ ਖਾਣ ਤੋਂ ਲਗਭਗ ਇੱਕ ਘੰਟੇ ਬਾਅਦ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚਦਾ ਹੈ ਅਤੇ ਅਗਲੇ ਦੋ ਘੰਟਿਆਂ ਦੇ ਅੰਦਰ ਆਮ ਪੱਧਰ ‘ਤੇ ਵਾਪਸ ਆਉਣ ਲੱਗਦਾ ਹੈ।

ਬ੍ਰਾਊਨ ਕਹਿੰਦੇ ਹਨ ਕਿ ਜੇਕਰ ਬਲੱਡ ਸ਼ੂਗਰ ਦਾ ਵਾਧਾ ਥੋੜ੍ਹੇ ਸਮੇਂ ਲਈ ਹੋਵੇ ਅਤੇ ਇਹ ਕਿਸੇ ਅਜਿਹੇ ਵਿਅਕਤੀ ਵਿੱਚ ਹੋਵੇ ਜਿਸ ਦਾ ਮੈਟਾਬੋਲਿਜ਼ਮ ਆਮ ਹੈ, ਤਾਂ ਸਾਨੂੰ ਚਿੰਤਾ ਨਹੀਂ ਕਰਨੀ ਚਾਹੀਦੀ।

ਸ਼ੈਰ ਕਹਿੰਦੀ ਹੈ ਕਿ ਜਦੋਂ ਖੂਨ ਵਿੱਚ ਗਲੂਕੋਜ਼ ਉਮੀਦ ਤੋਂ ਜ਼ਿਆਦਾ ਸਮੇਂ ਤੱਕ ਵਧਿਆ ਰਹਿੰਦਾ ਹੈ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਸਰੀਰ ਗਲੂਕੋਜ਼ ਨੂੰ ਆਮ ਤਰੀਕੇ ਨਾਲ ਕੰਟ੍ਰੋਲ ਨਹੀਂ ਕਰ ਰਿਹਾ।

ਇਹ ਇੰਸੁਲਿਨ ਰੋਧਕਤਾ ਦੀ ਨਿਸ਼ਾਨੀ ਹੋ ਸਕਦੀ ਹੈ, ਜਿਸ ਵਿੱਚ ਸਰੀਰ ਗਲੂਕੋਜ਼ ਪ੍ਰਤੀ ਆਮ ਤਰੀਕੇ ਨਾਲ ਪ੍ਰਤੀਕਿਰਿਆ ਨਹੀਂ ਕਰਦਾ। ਜੇਕਰ ਸਰੀਰ ਲੰਬੇ ਸਮੇਂ ਤੱਕ ਬਲੱਡ ਸ਼ੂਗਰ ਦੇ ਉੱਚ ਪੱਧਰਾਂ ਦੇ ਸੰਪਰਕ ਵਿੱਚ ਰਹੇ ਤਾਂ ਇੰਸੁਲਿਨ ਰੋਧਕਤਾ ਹੋ ਸਕਦੀ ਹੈ।

ਆਖ਼ਰਕਾਰ ਇਹ ਪ੍ਰੀ-ਡਾਇਬਟੀਜ਼ ਅਤੇ ਟਾਈਪ-2 ਡਾਇਬਟੀਜ਼ ਦਾ ਕਾਰਨ ਬਣ ਸਕਦੀ ਹੈ। ਕੁਝ ਡਾਇਬਟੀਜ਼ ਮਰੀਜ਼ਾਂ ਵਿੱਚ ਲਗਾਤਾਰ ਉੱਚਾ ਬਲੱਡ ਗਲੂਕੋਜ਼ ਫਿਰ ਨਸਾਂ ਅਤੇ ਅੱਖਾਂ ਨੂੰ ਨੁਕਸਾਨ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਵਰਗੀਆਂ ਪੇਚੀਦਗੀਆਂ ਦਾ ਕਾਰਨ ਬਣ ਸਕਦਾ ਹੈ।

ਹਾਲਾਂਕਿ, ਕੁਝ ਮਾਹਰਾਂ ਦਾ ਤਰਕ ਹੈ ਕਿ ਇਹ ਕਹਿਣ ਲਈ ਕਾਫ਼ੀ ਸਬੂਤ ਨਹੀਂ ਹਨ ਕਿ ਬਹੁਤ ਜ਼ਿਆਦਾ ਬਲੱਡ ਗਲੂਕੋਜ਼ ਸਿੱਧੇ ਤੌਰ ‘ਤੇ ਇੰਸੁਲਿਨ ਰੋਧਕਤਾ ਦਾ ਕਾਰਨ ਬਣਦਾ ਹੈ।

ਯੂਕੇ ਦੀ ਯੂਨੀਵਰਸਿਟੀ ਆਫ਼ ਆਕਸਫੋਰਡ ਦੀ ਡਾਇਟੀਸ਼ੀਅਨ ਅਤੇ ਸੀਨੀਅਰ ਰਿਸਰਚ ਫੈਲੋ ਨਿਕੋਲਾ ਗੈੱਸ ਕਹਿੰਦੀ ਹੈ ਕਿ ਇਸ ਦੀ ਬਜਾਏ, ਵਿਆਖਿਆ ਇਹ ਹੋ ਸਕਦੀ ਹੈ ਕਿ ਜਦੋਂ ਅਸੀਂ ਆਪਣੇ ਸਰੀਰ ਦੀ ਲੋੜ ਤੋਂ ਵੱਧ ਖਾਂਦੇ ਹਾਂ ਤਾਂ ਇਹ ਵਾਧੂ ਕੈਲੋਰੀਆਂ ਚਰਬੀ ਵਿੱਚ ਤਬਦੀਲ ਹੋਣ ਲੱਗਦੀਆਂ ਹਨ।

ਉਹ ਅੱਗੇ ਕਹਿੰਦੀ ਹੈ ਕਿ ਇਸ ਦੇ ਨਤੀਜੇ ਵਜੋਂ ਵਧਿਆ ਹੋਇਆ ਭਾਰ ਟਾਈਪ-2 ਡਾਇਬਟੀਜ਼ ਲਈ ਇੱਕ ਜੋਖ਼ਮ ਕਾਰਕ ਹੈ।

ਲਗਾਤਾਰ ਬਲੱਡ ਗਲੂਕੋਜ਼ ਮਾਨੀਟਰਾਂ ਦਾ ਵਧਦਾ ਰੁਝਾਨ

ਪੀਲ਼ਾ ਕਮੀਜ਼ ਪਹਿਨੇ ਔਰਤ ਜੋ ਹੱਥ ਦੀ ਉਂਗਲ 'ਤੇ ਮਸ਼ੀਨ ਲਗਾ ਕੇ ਸ਼ੂਗਰ ਚੈੱਕ ਕਰ ਰਹੀ ਹੈ।

ਡਾਇਬਟੀਜ਼ ਵਾਲੇ ਲੋਕ ਪਹਿਲਾਂ ਤੋਂ ਹੀ ਨਿਯਮਿਤ ਤੌਰ ‘ਤੇ ਆਪਣੀ ਬਲੱਡ ਸ਼ੂਗਰ ਦੀ ਨਿਗਰਾਨੀ ਕਰਦੇ ਹਨ। ਅਜਿਹਾ ਕਰਨ ਦਾ ਇੱਕ ਤਰੀਕਾ ਲਗਾਤਾਰ ਬਲੱਡ ਸ਼ੂਗਰ ਮਾਨੀਟਰਾਂ (ਸੀਜੀਐੱਮਐੱਸ) ਦੀ ਵਰਤੋਂ ਕਰਨਾ ਹੈ, ਜੋ ਦਿਨ ਭਰ ਬਲੱਡ ਸ਼ੂਗਰ ਦੇ ਪੱਧਰ ਨੂੰ ਮਾਪਦੇ ਹਨ।

ਹੁਣ ਉਨ੍ਹਾਂ ਲੋਕਾਂ ਵਿੱਚ ਵੀ ਇਨ੍ਹਾਂ ਉਪਕਰਨਾਂ ਲਈ ਇੱਕ ਵਧਦਾ ਹੋਇਆ ਵਪਾਰਕ ਬਾਜ਼ਾਰ ਮੌਜੂਦ ਹੈ ਜੋ ਹੋਰ ਤਰੀਕਿਆਂ ਨਾਲ ਸਿਹਤਮੰਦ ਹਨ। ਹਾਲਾਂਕਿ, ਕੁਝ ਮਾਹਰ ਚੇਤਾਵਨੀ ਦਿੰਦੇ ਹਨ ਕਿ ਬਿਨ੍ਹਾਂ ਡਾਇਬਟੀਜ਼ ਵਾਲੇ ਲੋਕਾਂ ਲਈ ਇਹ ਬੇਲੋੜੇ ਹਨ।

ਉਦਾਹਰਨ ਵਜੋਂ, ਗੈਰ-ਡਾਇਬਟੀਜ਼ ਵਾਲੇ ਲੋਕਾਂ ‘ਤੇ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਉਨ੍ਹਾਂ ਦੇ ਬਲੱਡ ਸ਼ੂਗਰ ਦੇ ਪੱਧਰ 96% ਸਮੇਂ ਸਿਹਤਮੰਦ ਹੱਦ ਵਿੱਚ ਰਹੇ।

ਹੋਰ ਮਾਹਰ ਸਾਵਧਾਨੀ ਵਰਤਣ ਦੀ ਸਲਾਹ ਦਿੰਦੇ ਹਨ ਕਿ ਇਹ ਉਪਕਰਨ “ਨੁਕਸਾਨਦੇਹ ਖੁਰਾਕੀ ਤਬਦੀਲੀਆਂ ਲਈ ਪ੍ਰੇਰਿਤ ਕਰ ਸਕਦੇ ਹਨ ਅਤੇ ਸਿਹਤ ਬਾਰੇ ਧਾਰਨਾ ਨੂੰ ਵਿਗਾੜ ਸਕਦੇ ਹਨ”, ਖ਼ਾਸ ਤੌਰ ‘ਤੇ ਕਿਉਂਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਅਸਲ ਤੋਂ ਵੱਧ ਦਿਖਾ ਸਕਦੇ ਹਨ। ਇੱਕ ਹਾਲੀਆ ਸਮੀਖਿਆ ਵਿੱਚ, ਬ੍ਰਾਊਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਾਇਆ ਕਿ “ਇਸ ਗੱਲ ਦੇ ਲਗਾਤਾਰ ਅਤੇ ਉੱਚ-ਗੁਣਵੱਤਾ ਵਾਲੇ ਸਬੂਤਾਂ ਦੀ ਘਾਟ ਹੈ ਕਿ ਸੀਜੀਐੱਮਐੱਸ ਡਾਇਬਟੀਜ਼ ਤੋਂ ਰਹਿਤ ਲੋਕਾਂ ਵਿੱਚ ਸਿਹਤ ਦੇ ਨਤੀਜਿਆਂ ਨੂੰ ਬਿਹਤਰ ਬਣਾਉਂਦੇ ਹਨ।”

ਇਸ ਵਿੱਚ ਅਪਵਾਦ ਉਹ ਲੋਕ ਹੋ ਸਕਦੇ ਹਨ ਜਿਨ੍ਹਾਂ ਨੂੰ ਟਾਈਪ-2 ਡਾਇਬਟੀਜ਼ ਹੋਣ ਦਾ ਖ਼ਤਰਾ ਹੈ।

ਸ਼ੈਰ ਕਹਿੰਦੀ ਹੈ ਕਿ ਉੱਭਰ ਰਹੀ ਖੋਜ ਸੁਝਾਅ ਦਿੰਦੀ ਹੈ ਕਿ ਬਲੱਡ ਗਲੂਕੋਜ਼ ਦੀ ਨਿਗਰਾਨੀ ਕਰਨ ਵਾਲੇ ਟ੍ਰੈਕਰ ਵੱਧ ਜੋਖ਼ਮ ਵਾਲੇ ਲੋਕਾਂ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦੇ ਹਨ, ਪਰ ਇਹ ਤੈਅ ਕਰਨ ਲਈ ਹੋਰ ਸਬੂਤਾਂ ਦੀ ਲੋੜ ਹੈ ਕਿ ਕੀ ਸੀਜੀਐੱਮਐੱਸ ਇਸ ਸਮੂਹ ਲਈ ਲਾਭਦਾਇਕ ਹਨ।

ਫਿਰ ਵੀ ਸੰਤੁਲਿਤ ਖੁਰਾਕ ਲੈਣਾ ਸਭ ਤੋਂ ਵਧੀਆ ਹੈ

ਹਰਾ ਸੇਬ

ਹਾਲਾਂਕਿ ਸਿਹਤਮੰਦ ਲੋਕਾਂ ਵਿੱਚ ਬਲੱਡ ਸ਼ੂਗਰ ਦਾ ਵਧਣਾ ਆਮ ਗੱਲ ਹੈ ਅਤੇ ਇਸ ਨਾਲ ਗੰਭੀਰ ਨਤੀਜੇ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ, ਫਿਰ ਵੀ ਤੁਹਾਡੇ ਸਰੀਰ ਨੂੰ ਸ਼ੂਗਰ ਦੇ ਪੱਧਰ ਨੂੰ ਵਧੇਰੇ ਸਥਿਰ ਰੱਖਣ ਵਿੱਚ ਮਦਦ ਕਰਨ ਦੇ ਕੁਝ ਫਾਇਦੇ ਹਨ।

ਉਦਾਹਰਨ ਲਈ, ਖਾਣਾ ਖਾਣ ਤੋਂ ਬਾਅਦ ਬਲੱਡ ਗਲੂਕੋਜ਼ ਵਿੱਚ ਤੇਜ਼ੀ ਨਾਲ ਆਉਣ ਵਾਲੀ ਕਮੀ ਸਾਡੀ ਭੁੱਖ ਵਧਾ ਸਕਦੀ ਹੈ ਅਤੇ ਕੁੱਲ ਮਿਲਾ ਕੇ ਵਧੇਰੇ ਊਰਜਾ ਲੈਣ ਦਾ ਕਾਰਨ ਬਣ ਸਕਦੀ ਹੈ।

ਇਨ੍ਹਾਂ ਵਿੱਚ ਸਾਬਤ ਅਨਾਜ ਅਤੇ ਪ੍ਰੋਟੀਨ ਆਧਾਰਿਤ ਭੋਜਨ ਸ਼ਾਮਲ ਹਨ। ਚਿੱਟੇ ਬ੍ਰੈੱਡ ਅਤੇ ਚਿੱਟੇ ਚੌਲਾਂ ਵਰਗੇ ਸਧਾਰਨ ਕਾਰਬੋਹਾਈਡ੍ਰੇਟਸ ਖੂਨ ਦੇ ਪ੍ਰਵਾਹ ਵਿੱਚ ਵਧੇਰੇ ਤੇਜ਼ੀ ਨਾਲ ਸੋਖੇ ਜਾਂਦੇ ਹਨ।

ਕੁਝ ਖਾਸ ਭੋਜਨਾਂ ਨੂੰ ਕਿਸ ਕ੍ਰਮ ਵਿੱਚ ਖਾਧਾ ਜਾਂਦਾ ਹੈ, ਇਸ ‘ਤੇ ਵਿਚਾਰ ਕਰਨਾ ਵੀ ਮਦਦਗਾਰ ਹੋ ਸਕਦਾ ਹੈ।

ਇੱਕ ਹੋਰ ਸੁਝਾਅ ਇਹ ਹੈ ਕਿ ਪ੍ਰੋਟੀਨ, ਫਾਈਬਰ ਨਾਲ ਭਰਪੂਰ ਪੌਦਿਆਂ ਤੋਂ ਮਿਲਣ ਵਾਲੇ ਭੋਜਨ ਅਤੇ ਸਿਹਤਮੰਦ ਚਰਬੀਆਂ ਵਾਲਾ ਸੰਤੁਲਿਤ ਭੋਜਨ ਖਾਣ ਦਾ ਟੀਚਾ ਰੱਖੋ। ਇਹ ਪਚਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਅਤੇ ਊਰਜਾ ਦੀ ਵਧੇਰੇ ਸਥਿਰ ਸਪਲਾਈ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ, ਨਾਲ ਹੀ ਸਿਹਤਮੰਦ ਵਜ਼ਨ ਬਣਾਈ ਰੱਖਣ ਵਿੱਚ ਵੀ ਮਦਦ ਕਰ ਸਕਦਾ ਹੈ।

ਮੇਜ਼ ਉੱਤੇ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਅਤੇ ਕੁਝ ਖਾਣ ਵਾਲੀਆਂ ਚੀਜ਼ਾਂ

ਇਹ ਗੱਲ ਵੀ ਧਿਆਨ ਵਿੱਚ ਰੱਖਣ ਯੋਗ ਹੈ ਕਿ ਅਸੀਂ ਸਾਰੇ ਆਪਣੇ ਵੱਲੋਂ ਖਾਧੇ ਜਾਣ ਵਾਲੇ ਭੋਜਨ ਪ੍ਰਤੀ ਥੋੜ੍ਹੇ ਵੱਖਰੇ ਤਰੀਕੇ ਨਾਲ ਪ੍ਰਤੀਕਿਰਿਆ ਕਰਦੇ ਹਾਂ। ਬ੍ਰਾਊਨ ਕਹਿੰਦੇ ਹਨ, “ਵਿਅਕਤੀਆਂ ਵਿਚਕਾਰ ਕਾਫ਼ੀ ਅੰਤਰ ਹੁੰਦਾ ਹੈ ਅਤੇ ਇੱਕੋ ਵਿਅਕਤੀ ਵੀ ਨੀਂਦ, ਤਣਾਅ, ਸਰਗਰਮੀ ਦੇ ਪੱਧਰ ਅਤੇ ਖਾਧੇ ਗਏ ਭੋਜਨ ਦੀ ਕਿਸਮ ਵਰਗੇ ਕਾਰਕਾਂ ਦੇ ਆਧਾਰ ‘ਤੇ ਵੱਖਰੀ ਪ੍ਰਤੀਕਿਰਿਆ ਦਿਖਾ ਸਕਦਾ ਹੈ।”

ਗੈੱਸ ਕਹਿੰਦੀ ਹੈ ਕਿ ਇਸ ਤੋਂ ਇਲਾਵਾ, ਕੁਝ ਖੁਰਾਕਾਂ ਵੱਲੋਂ ਸੁਝਾਏ ਜਾਣ ਅਨੁਸਾਰ ਕਾਰਬੋਹਾਈਡ੍ਰੇਟਸ ਤੋਂ ਪਰਹੇਜ਼ ਕਰਨਾ ਉਲਟਾ ਅਸਰ ਕਰ ਸਕਦਾ ਹੈ।

“ਜਦੋਂ ਅਸੀਂ ਕੁਝ ਸਮੇਂ ਤੱਕ ਕਾਰਬੋਹਾਈਡ੍ਰੇਟਸ ਨੂੰ ਸੀਮਤ ਕਰਨ ਤੋਂ ਬਾਅਦ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਭੋਜਨ ਖਾਂਦੇ ਹਾਂ, ਤਾਂ ਇਸ ਨਾਲ ਅਸਲ ਵਿੱਚ ਸਾਡੀ ਬਲੱਡ ਸ਼ੂਗਰ ਆਮ ਨਾਲੋਂ ਵੱਧ ਵਧ ਸਕਦੀ ਹੈ।”

ਮਹੱਤਵਪੂਰਨ ਗੱਲ ਇਹ ਹੈ ਕਿ ਕਾਰਬੋਹਾਈਡ੍ਰੇਟਸ ਨੂੰ ਸੰਤੁਲਿਤ ਖੁਰਾਕ ਦਾ ਇੱਕ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ। ਜਿਵੇਂ ਕਿ ਗੈੱਸ ਨੇ ਇੱਕ ਹਾਲੀਆ ਸਮੀਖਿਆ ਵਿੱਚ ਦਰਸਾਇਆ ਹੈ, ਕੁਝ ਖਾਸ ਭੋਜਨ ਸਮੂਹਾਂ ਨੂੰ ਸੀਮਤ ਕਰਨ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਸੀਂ ਬਿਨ੍ਹਾਂ ਲੋੜ ਦੇ ਉਨ੍ਹਾਂ ਭੋਜਨਾਂ ਤੋਂ ਪਰਹੇਜ਼ ਕਰ ਰਹੇ ਹੋ ਜੋ ਤੁਹਾਡੇ ਲਈ ਚੰਗੇ ਹਨ।

ਇਸ ਲਈ, ਭਾਵੇਂ ਗਲੂਕੋਜ਼ ਦੀ ਨਿਗਰਾਨੀ ਦੇ ਫਾਇਦਿਆਂ ਬਾਰੇ ਅਜੇ ਪੂਰੀ ਤਰ੍ਹਾਂ ਸਹਿਮਤੀ ਨਾ ਬਣੀ ਹੋਵੇ, ਫਿਲਹਾਲ ਇਹ ਯਾਦ ਰੱਖਣਾ ਮਦਦਗਾਰ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪਹਿਲਾਂ ਹੀ ਬਹੁਤ ਜ਼ਿਆਦਾ ਸ਼ਾਮਲ ਕੀਤੀ ਗਈ ਸ਼ੂਗਰ ਖਾਂਦੇ ਹਨ। ਇਸ ਦੀ ਬਜਾਏ ਅਸੀਂ ਨਿਸ਼ਚਤ ਤੌਰ ‘ਤੇ ਇਸ ਦੀ ਮਾਤਰਾ ਘਟਾਉਣ ‘ਤੇ ਕੰਮ ਕਰ ਸਕਦੇ ਹਾਂ।

ਇਸ ਲੇਖ ਵਿੱਚ ਦਿੱਤੀ ਗਈ ਸਾਰੀ ਸਮੱਗਰੀ ਸਿਰਫ਼ ਆਮ ਜਾਣਕਾਰੀ ਲਈ ਹੈ ਅਤੇ ਇਸ ਨੂੰ ਸਿਹਤ ਸੰਭਾਲ ਪੇਸ਼ੇਵਰਾਂ ਦੀ ਡਾਕਟਰੀ ਸਲਾਹ ਦੇ ਬਦਲ ਵਜੋਂ ਨਹੀਂ ਲਿਆ ਜਾਣਾ ਚਾਹੀਦਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI