Home rss national punjabi2ਰਾਸ਼ਟਰੀ ਖ਼ਬਰਾਂ ਬੇਅਦਬੀ ਤੋਂ ‘ਸਿੱਖ ਕੈਦੀਆਂ’ ਦੇ ਪਰਿਵਾਰਾਂ ਤੱਕ: ਆਗਾਮੀ ਵਿਧਾਨ ਸਭਾ ਚੋਣਾਂ ਵਿੱਚ...

ਬੇਅਦਬੀ ਤੋਂ ‘ਸਿੱਖ ਕੈਦੀਆਂ’ ਦੇ ਪਰਿਵਾਰਾਂ ਤੱਕ: ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਿਵੇਂ ਬਦਲ ਰਿਹਾ ਹੈ ਪੰਥਕ ਸਿਆਸਤ ਦਾ ਏਜੰਡਾ

3
0

Source :- BBC PUNJABI

ਗੁਰਮੀਤ ਸਿੰਘ ਬੁੱਕਣਵਾਲਾ, ਅਮ੍ਰਿਤਪਾਲ ਸਿੰਘ ਅਤੇ ਦਲਜੀਤ ਸਿੰਘ ਕਲਸੀ

ਤਸਵੀਰ ਸਰੋਤ, Waris Punjab de/BBC

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਅਜੇ ਕੁਝ ਮਹੀਨੇ ਬਾਕੀ ਹਨ, ਪਰ ਸੂਬੇ ਦੀ ਪੰਥਕ ਸਿਆਸਤ ਇਸ ਵੇਲੇ ਪੂਰੀ ਤਰ੍ਹਾਂ ਗਰਮਾਈ ਹੋਈ ਹੈ।

ਸ਼੍ਰੋਮਣੀ ਅਕਾਲੀ ਦਲ ਜਿੱਥੇ ਦੂਜੇ ਗੇੜ ਦੀਆਂ ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਉੱਥੇ ਹੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਬੱਸੀ ਪਠਾਣਾ ਸਮੇਤ ਪੰਜ ਹੋਰ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕਰਕੇ ਆਪਣਾ ਪੰਥਕ ਏਜੰਡਾ ਸਪਸ਼ਟ ਕਰ ਦਿੱਤਾ ਹੈ।

ਬੁੱਧਵਾਰ ਨੂੰ ਪਾਰਟੀ ਨੇ ਪੰਜ ਹਲਕਾ ਇੰਚਾਰਜਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਦਲਜੀਤ ਸਿੰਘ ਕਲਸੀ (ਹਲਕਾ ਅਜਨਾਲਾ), ਗੁਰਮੀਤ ਸਿੰਘ ਬੁੱਕਣਵਾਲਾ (ਮੋਗਾ), ਰਛਪਾਲ ਸਿੰਘ ਸੋਸਣ (ਕੋਟਕਪੂਰਾ), ਜਗਜੀਤ ਸਿੰਘ ਬਾਬਾ ਜੱਗਾ (ਹਲਕਾ ਕਪੂਰਥਲਾ) ਅਤੇ ਦਰਸ਼ਨ ਸਿੰਘ ਸ਼ਿਵਾਲਿਕ (ਹਲਕਾ ਗਿੱਲ) ਦੇ ਨਾਮ ਸ਼ਾਮਲ ਹਨ।

ਇਨ੍ਹਾਂ ਵਿੱਚੋਂ ਦਲਜੀਤ ਸਿੰਘ ਕਲਸੀ ਅਤੇ ਗੁਰਮੀਤ ਸਿੰਘ ਬੁੱਕਣਵਾਲਾ ਪਹਿਲਾਂ ਐੱਨਐੱਸਏ (ਕੌਮੀ ਸੁਰੱਖਿਆ ਐਕਟ) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਅਮ੍ਰਿਤਪਾਲ ਸਿੰਘ ਨਾਲ ਨਜ਼ਰਬੰਦ ਰਹੇ ਹਨ ਅਤੇ ਇਸ ਸਮੇਂ ਪੰਜਾਬ ਦੀ ਜੇਲ੍ਹ ਵਿੱਚ ਬੰਦ ਹਨ।

ਯਾਦ ਰਹੇ ਕਿ ਅਜਨਾਲਾ ਦੇ ਪੁਲਿਸ ਸਟੇਸ਼ਨ ‘ਤੇ ਹੋਏ ਹਮਲੇ ਦੇ ਸਬੰਧ ਵਿੱਚ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ‘ਤੇ ਕੌਮੀ ਸੁਰੱਖਿਆ ਐਕਟ ਲਗਾਇਆ ਗਿਆ ਸੀ।

ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦਾ ਮੁੱਦਾ ਚੁੱਕ ਕੇ ਇਸ ਏਜੰਡੇ ਨੂੰ ਹੋਰ ਅੱਗੇ ਵਧਾਇਆ ਹੈ।

ਸਿਆਸੀ ਮਾਹਰਾਂ ਮੁਤਾਬਕ ਪੰਜਾਬ ਵਿੱਚ 2017 ਤੋਂ ਹੁਣ ਤੱਕ ਦੀਆਂ ਚੋਣਾਂ ਵਿੱਚ ਬੇਅਦਬੀ ਦਾ ਮੁੱਦਾ ਸਰਗਰਮ ਰਿਹਾ ਹੈ, ਪਰ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦਾ ਮੁੱਦਾ ਵੀ ਇਸ ਨਾਲ ਜੁੜ ਗਿਆ ਹੈ।

ਕੌਣ ਹਨ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਉਮੀਦਵਾਰ ਸਤਵੰਤ ਸਿੰਘ

ਸਤਵੰਤ ਸਿੰਘ ਕੇਹਰ ਸਿੰਘ ਦੇ ਪੁੱਤਰ ਹਨ ਅਤੇ ਉਹ ਦਿੱਲੀ ਰਹਿੰਦੇ ਹਨ। ਸਾਬਕਾ ਬੈਂਕ ਕਰਮਚਾਰੀ ਸਤਵੰਤ ਸਿੰਘ ਦਾ ਜੱਦੀ ਪਿੰਡ ਮੁਸਤਫ਼ਾਬਾਦ (ਬੱਸੀ ਪਠਾਣਾ ਨੇੜੇ, ਫ਼ਤਿਹਗੜ੍ਹ ਸਾਹਿਬ ਜ਼ਿਲ੍ਹਾ) ਹੈ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਰਹਿੰਦੇ ਸਨ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕੇਹਰ ਸਿੰਘ ਦੇ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਛੋਟੇ ਭਰਾ ਸਤਵੰਤ ਸਿੰਘ ਇਸ ਸਮੇਂ ਯੂਕੇ ਵਿੱਚ ਹਨ ਅਤੇ ਛੇਤੀ ਹੀ ਉਹ ਪੰਜਾਬ ਵਾਪਸ ਆਉਣਗੇ।

ਉਨ੍ਹਾਂ ਦੱਸਿਆ ਕਿ ‘ਵਾਰਿਸ ਪੰਜਾਬ ਦੇ’ ਦੇ ਆਗੂਆਂ ਨੇ ਕੁਝ ਦਿਨ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰਕੇ ਚੋਣ ਲੜਨ ਲਈ ਟਿਕਟ ਦੀ ਪੇਸ਼ਕਸ਼ ਕੀਤੀ ਸੀ, ਪਰ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਆਪਣੀ ਥਾਂ ਛੋਟੇ ਭਰਾ ਸਤਵੰਤ ਸਿੰਘ ਦਾ ਨਾਮ ਅੱਗੇ ਕੀਤਾ। ਇਸ ਤੋਂ ਬਾਅਦ ਪਾਰਟੀ ਦੇ ਸੱਦੇ ‘ਤੇ ਉਹ ਅੰਮ੍ਰਿਤਸਰ ਗਏ, ਜਿੱਥੇ ਬੀਤੇ ਸੋਮਵਾਰ ਨੂੰ ਬਕਾਇਦਾ ਪ੍ਰੈੱਸ ਕਾਨਫ਼ਰੰਸ ਕਰਕੇ ਸਤਵੰਤ ਸਿੰਘ ਦੇ ਨਾਮ ਦਾ ਉਮੀਦਵਾਰ ਵਜੋਂ ਐਲਾਨ ਕੀਤਾ ਗਿਆ।

ਰਾਜਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਪਰਿਵਾਰ ਦੀ ਕਿਸੇ ਵੀ ਸਿਆਸੀ ਧਿਰ ਨੇ ਸਾਰ ਨਹੀਂ ਲਈ ਅਤੇ ਇਸ ਕਰਕੇ ਉਨ੍ਹਾਂ ਦੇ ਪਰਿਵਾਰ ਨੇ ਰਾਜਨੀਤੀ ਵਿੱਚ ਆਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪੰਜ ਭਰਾ ਹਨ ਅਤੇ ਉਨ੍ਹਾਂ ਦੀ ਮਾਤਾ ਦੀ ਮੌਤ ਕਈ ਸਾਲ ਪਹਿਲਾਂ ਹੋ ਗਈ ਸੀ।

‘ਵਾਰਿਸ ਪੰਜਾਬ ਦੇ’ ਦਾ ਆਗਾਮੀ ਚੋਣ ਏਜੰਡਾ

ਦਰਸ਼ਨ ਸਿੰਘ ਸ਼ਿਵਾਲਿਕ

ਤਸਵੀਰ ਸਰੋਤ, Waris Punjab de

ਪਾਰਟੀ ਨੇ ਬੱਸੀ ਪਠਾਣਾ ਤੋਂ ਜਿੱਥੇ ਸਤਵੰਤ ਸਿੰਘ ਦੇ ਨਾਮ ਦਾ ਉਮੀਦਵਾਰ ਵਜੋਂ ਐਲਾਨ ਕੀਤਾ ਹੈ, ਉੱਥੇ ਹੀ ਜੈਤੋ ਵਿਧਾਨ ਸਭਾ ਹਲਕੇ ਤੋਂ ਐੱਮਪੀ ਸਰਬਜੀਤ ਸਿੰਘ ਖ਼ਾਲਸਾ ਦੀ ਪਤਨੀ ਸੰਦੀਪ ਕੌਰ ਨੂੰ ਪਾਰਟੀ ਦਾ ਹਲਕਾ ਇੰਚਾਰਜ ਲਗਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਵੀ ਇਸ ਹਲਕੇ ਤੋਂ ਟਿਕਟ ਮਿਲਣ ਦੀ ਪੂਰੀ ਸੰਭਾਵਨਾ ਹੈ।

ਇਸ ਤੋਂ ਬਾਅਦ ਬੁੱਧਵਾਰ ਨੂੰ ਪਾਰਟੀ ਦੇ ਪਾਰਲੀਮਾਨੀ ਬੋਰਡ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਭਾਈ ਦਲਜੀਤ ਸਿੰਘ ਕਲਸੀ, ਹਲਕਾ ਮੋਗਾ ਤੋਂ ਭਾਈ ਗੁਰਮੀਤ ਸਿੰਘ ਬੁੱਕਣਵਾਲਾ, ਹਲਕਾ ਗਿੱਲ (ਲੁਧਿਆਣਾ) ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਕਪੂਰਥਲਾ ਤੋਂ ਬਾਬਾ ਜਗਜੀਤ ਸਿੰਘ ਬਾਬਾ ਜੱਗਾ ਅਤੇ ਕੋਟਕਪੂਰਾ ਤੋਂ ਰਸ਼ਪਾਲ ਸਿੰਘ ਸੋਸਣ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਇੰਚਾਰਜ ਐਲਾਨਿਆ ਗਿਆ।

ਪਾਰਟੀ ਨੇ ਸਪਸ਼ਟ ਕੀਤਾ ਹੈ ਕਿ ਉਮੀਦਵਾਰਾਂ ਦੀ ਚੋਣ ਸਿਰਫ਼ ਚੋਣ ਸਮੀਕਰਨਾਂ ਨੂੰ ਧਿਆਨ ਵਿੱਚ ਰੱਖ ਕੇ ਨਹੀਂ ਕੀਤੀ ਗਈ, ਸਗੋਂ ਪੰਥਕ ਸੋਚ, ਲੋਕਾਂ ਨਾਲ ਜੁੜਾਅ, ਸਮਾਜਿਕ ਸਰੋਕਾਰਾਂ, ਸੰਘਰਸ਼ਮਈ ਪਿਛੋਕੜ ਅਤੇ ਪੰਜਾਬ ਦੇ ਹਿੱਤਾਂ ਪ੍ਰਤੀ ਵਚਨਬੱਧਤਾ ਨੂੰ ਮੁੱਖ ਮਾਪਦੰਡ ਬਣਾਇਆ ਗਿਆ ਹੈ।

ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਕੇਸ ਵਿੱਚ ਸ਼ਾਮਲ ਸਤਵੰਤ ਸਿੰਘ, ਕੇਹਰ ਸਿੰਘ ਅਤੇ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ‘ਵਾਰਿਸ ਪੰਜਾਬ ਦੇ’ ਜਥੇਬੰਦੀ ਵਿੱਚ ਅਹਿਮ ਸਥਾਨ ਦਿੱਤਾ ਗਿਆ ਹੈ।

ਮਰਹੂਮ ਸਤਵੰਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਅਵਗਾਨ ਪਾਰਟੀ ਦੇ ਸੰਸਦੀ ਬੋਰਡ ਦੇ ਮੈਂਬਰ ਹਨ।

ਤਰਸੇਮ ਸਿੰਘ

ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮ੍ਰਿਤਪਾਲ ਸਿੰਘ ਦੇ ਪਿਤਾ ਅਤੇ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ।

ਨਾਲ ਹੀ ਉਨ੍ਹਾਂ ਸਪਸ਼ਟ ਕੀਤਾ ਕਿ ਸਿੱਖਾਂ ਦੇ ਨਾਲ-ਨਾਲ ਹਿੰਦੂ ਅਤੇ ਹੋਰ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਟਿਕਟਾਂ ਦਿੱਤੀਆਂ ਜਾਣਗੀਆਂ।

ਉਨ੍ਹਾਂ ਮੁਤਾਬਕ, “‘ਵਾਰਿਸ ਪੰਜਾਬ ਦੇ’ ਪਾਰਟੀ ਸਿਰਫ਼ ਸਿਆਸੀ ਤਾਕਤ ਹਾਸਲ ਕਰਨ ਲਈ ਹੀ ਨਹੀਂ, ਬਲਕਿ ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ ਅਤੇ ਸਨਮਾਨ ਨੂੰ ਅੱਗੇ ਵਧਾਉਣ ਲਈ ਵੀ ਵਚਨਬੱਧ ਹੈ ਅਤੇ ਉਨ੍ਹਾਂ ਪਰਿਵਾਰਾਂ ਨੂੰ ਵੀ ਅਹਿਮੀਅਤ ਦੇ ਰਹੀ ਹੈ, ਜਿਨ੍ਹਾਂ ਨੇ ਸਿੱਖਾਂ ਲਈ ਕੁਰਬਾਨੀਆਂ ਦਿੱਤੀਆਂ ਹਨ।”

ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਵੀ ਸਿੱਖ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਚੋਣਾਂ ਲਈ ਟਿਕਟਾਂ ਦੀ ਪੈਰਵੀ ਕੀਤੀ ਗਈ ਹੈ।

ਦੂਜੇ ਪਾਸੇ, ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇੱਕ ਜਨਤਕ ਇਕੱਠ ਵਿੱਚ ਪਿਛਲੇ ਦਿਨੀਂ ਕਿਹਾ ਕਿ ਸਾਰੀਆਂ ਪੰਥਕ ਧਿਰਾਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਅਤੇ ਸਿੱਖ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਵਾਰਨ ਵਾਲਿਆਂ ਦੇ ਪਰਿਵਾਰਾਂ ਲਈ 30 ਫ਼ੀਸਦੀ ਸੀਟਾਂ ਰਾਖਵੀਆਂ ਕਰਨੀਆਂ ਚਾਹੀਦੀਆਂ ਹਨ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਖਾੜਕੂਵਾਦ ਦੌਰਾਨ ਜਾਨਾਂ ਵਾਰਨ ਵਾਲਿਆਂ ਦੇ ਪਰਿਵਾਰਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਨੂੰ ਉਚਿਤ ਸਨਮਾਨ ਅਤੇ ਹਿੱਸਾ ਦੇਣਾ ਇਸ ਵੇਲੇ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਜੇਕਰ ਅਸੀਂ ਇਨ੍ਹਾਂ ਪਰਿਵਾਰਾਂ ਨੂੰ ਭੁੱਲ ਗਏ ਤਾਂ ਇਹ ਭਾਈਚਾਰੇ ਨਾਲ ਧੋਖਾ ਹੋਵੇਗਾ।”

ਉਨ੍ਹਾਂ ਆਖਿਆ ਕਿ ਪੰਥਕ ਏਕਤਾ ਲਈ ਸਾਰੀਆਂ ਧਿਰਾਂ ਨੂੰ ਇਕੱਠੇ ਹੋਣਾ ਜ਼ਰੂਰੀ ਹੈ, ਪਰ ਅਫ਼ਸੋਸ ਹੈ ਕਿ ਇਸ ਵੇਲੇ ਸਾਰੇ ਵੱਖ-ਵੱਖ ਗੁੱਟਾਂ ਵਿੱਚ ਵੰਡੇ ਹੋਏ ਹਨ।

‘ਵਾਰਿਸ ਪੰਜਾਬ ਦੇ’ ਜਥੇਬੰਦੀ ਅੱਗੇ ਚੁਣੌਤੀਆਂ

ਰਸ਼ਪਾਲ ਸਿੰਘ ਸੋਸਣ ਅਤੇ ਜਗਜੀਤ ਸਿੰਘ ਬਾਬਾ ਜੱਗਾ

ਤਸਵੀਰ ਸਰੋਤ, Waris Punjab de

2024 ਦੀਆਂ ਲੋਕ ਸਭਾ ਚੋਣਾਂ ਵਿੱਚ ਅਮ੍ਰਿਤਪਾਲ ਸਿੰਘ ਅਤੇ ਸਰਬਜੀਤ ਸਿੰਘ ਖ਼ਾਲਸਾ ਨੇ ਕ੍ਰਮਵਾਰ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ ਅਤੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਜਿੱਤ ਕੇ ਪੰਜਾਬ ਦੀ ਰਾਜਨੀਤੀ ਵਿੱਚ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਅਮ੍ਰਿਤਪਾਲ ਸਿੰਘ ਅਪ੍ਰੈਲ 2023 ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। 14 ਜਨਵਰੀ 2025 ਨੂੰ ਮਾਘੀ ਦੇ ਮੇਲੇ ਮੌਕੇ ਮੁਕਤਸਰ ਸਾਹਿਬ ਵਿਖੇ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਗਿਆ ਅਤੇ ਤਰਸੇਮ ਸਿੰਘ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ।

ਇਸ ਸਾਲ ਜੂਨ ਮਹੀਨੇ ਵਿੱਚ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ‘ਵਾਰਿਸ ਪੰਜਾਬ ਦੇ’ ਪਾਰਟੀ ਵਿੱਚ ਸ਼ਾਮਲ ਹੋ ਗਏ।

ਰਾਜਨੀਤਕ ਮਾਹਰਾਂ ਦੀ ਜਿੱਥੇ ਇਸ ਪਾਰਟੀ ਦੀਆਂ ਗਤੀਵਿਧੀਆਂ ‘ਤੇ ਨਜ਼ਰ ਹੈ, ਉੱਥੇ ਹੀ ਉਹ ਇਸ ਅੱਗੇ ਕਈ ਚੁਣੌਤੀਆਂ ਵੀ ਦੇਖ ਰਹੇ ਹਨ।

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਖਾੜਕੂਵਾਦ ਦੇ ਨਾਲ ਜੁੜੇ ਰਹੇ ਲੋਕਾਂ ਦੇ ਪਰਿਵਾਰਾਂ ਨੂੰ ਅੱਗੇ ਲਿਆਉਣਾ ਇੱਕ ਜਜ਼ਬਾਤੀ ਕਾਰਡ ਹੈ, ਪਰ ਚੋਣਾਂ ਵਿੱਚ ਜਜ਼ਬਾਤ ਤੋਂ ਇਲਾਵਾ ਰਾਜਨੀਤੀ ਵੀ ਬਹੁਤ ਅਹਿਮੀਅਤ ਰੱਖਦੀ ਹੈ। ਲੋਕਾਂ ਲਈ ਰੁਜ਼ਗਾਰ, ਕਾਨੂੰਨ-ਵਿਵਸਥਾ, ਨਸ਼ੇ ਸਮੇਤ ਕਈ ਹੋਰ ਮੁੱਦੇ ਵੀ ਅਹਿਮ ਹਨ।

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਸੇਵਾਮੁਕਤ ਪ੍ਰੋਫੈਸਰ ਖ਼ਾਲਿਦ ਮੁਹੰਮਦ ਮੁਤਾਬਕ, “‘ਵਾਰਿਸ ਪੰਜਾਬ ਦੇ’ ਜਥੇਬੰਦੀ ਪੰਥਕ ਵੋਟਰਾਂ ਦੀਆਂ ਸਫ਼ਾਂ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਵਿੱਚ ਇੱਕ ਕਦਮ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕੇਸ ਵਿੱਚ ਸ਼ਾਮਲ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਟਿਕਟ ਦੇਣਾ ਵੀ ਹੈ।”

ਜਗਤਾਰ ਸਿੰਘ

ਪ੍ਰੋਫੈਸਰ ਖ਼ਾਲਿਦ ਮੁਤਾਬਕ ਇਹ ਸਭ ਕੁਝ ਉਸ ਸਮੇਂ ਹੋ ਰਿਹਾ ਹੈ ਜਦੋਂ ਪੰਜਾਬ ਵਿੱਚ ਪੰਥਕ ਰਾਜਨੀਤੀ ਬਦਲਾਅ ਦੀ ਸਥਿਤੀ ਵਿੱਚ ਹੈ।

ਉਨ੍ਹਾਂ ਮੁਤਾਬਕ ਬੇਅਦਬੀ ਦੇ ਮੁੱਦੇ ਤੋਂ ਇਲਾਵਾ ਸਿਆਸੀ ਧਿਰਾਂ, ਖ਼ਾਸ ਤੌਰ ‘ਤੇ ‘ਵਾਰਿਸ ਪੰਜਾਬ ਦੇ’ ਅਤੇ ਅਕਾਲੀ ਦਲ ਪੁਨਰ ਸੁਰਜੀਤ, ਸਿੱਖ ਕੈਦੀਆਂ ਦਾ ਮਸਲਾ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਭਾਰ ਰਹੀਆਂ ਹਨ, ਪਰ ਇਸ ਵਿੱਚ ਕਾਮਯਾਬੀ ਕਿੰਨੀ ਮਿਲਦੀ ਹੈ, ਇਸ ਦਾ ਇੰਤਜ਼ਾਰ ਕਰਨਾ ਹੋਵੇਗਾ।

ਇਸ ਦੇ ਨਾਲ ਹੀ ਪ੍ਰੋਫੈਸਰ ਖ਼ਾਲਿਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਅੱਗੇ ਕਈ ਚੁਣੌਤੀਆਂ ਵੀ ਮੰਨਦੇ ਹਨ, ਖ਼ਾਸ ਤੌਰ ‘ਤੇ ਬੁਨਿਆਦੀ ਢਾਂਚੇ ਦੀ ਘਾਟ, ਜਿਸ ਵਿੱਚ ਬੂਥ ਏਜੰਟ ਵੀ ਸ਼ਾਮਲ ਹਨ।

ਪ੍ਰੋਫੈਸਰ ਖ਼ਾਲਿਦ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਨੂੰ ਪੰਥਕ ਰਾਜਨੀਤੀ ਨਾਲ ਜੋੜ ਕੇ ਦੇਖ ਰਹੇ ਹਨ।

ਉਨ੍ਹਾਂ ਮੁਤਾਬਕ ਪੈਰੋਲ ਮਿਲਣ ਦੀ ਸੂਰਤ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੰਥਕ ਸਫ਼ਾਂ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਆਖਦੇ ਹਨ ਕਿ ਪੰਜਾਬ ਵਿੱਚ ਸਿਰਫ਼ ਸਿੱਖ ਵੋਟਰ ਹੀ ਨਹੀਂ, ਸਗੋਂ ਹਿੰਦੂ ਅਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਹਨ। ਇਕੱਲੇ ਸਿੱਖਾਂ ਦੀਆਂ ਵੋਟਾਂ ਨਾਲ ਕਿਸੇ ਵੀ ਪਾਰਟੀ ਦਾ ਉਮੀਦਵਾਰ ਜਿੱਤ ਨਹੀਂ ਸਕਦਾ।

ਉਨ੍ਹਾਂ ਮੁਤਾਬਕ ਖਾੜਕੂਆਂ ਦੇ ਪਰਿਵਾਰਕ ਮੈਂਬਰ ਪਹਿਲਾਂ ਵੀ ਚੋਣਾਂ ਲੜ ਚੁੱਕੇ ਹਨ, ਪਰ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ (ਮਰਹੂਮ ਐੱਮਪੀ ਬਿਮਲ ਕੌਰ ਖਾਲਸਾ ਅਤੇ ਮੌਜੂਦਾ ਐੱਮਪੀ ਸਰਬਜੀਤ ਸਿੰਘ) ਤੋਂ ਇਲਾਵਾ ਘੱਟ ਲੋਕਾਂ ਨੂੰ ਹੀ ਰਾਜਨੀਤੀ ਵਿੱਚ ਕਾਮਯਾਬੀ ਮਿਲੀ ਹੈ।

ਉਨ੍ਹਾਂ ਮੁਤਾਬਕ ਹਿੰਦੂ ਵੋਟਰ ਵੀ ਪੰਜਾਬ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ। ਇਸ ਕਦਮ ਨਾਲ ਇਨ੍ਹਾਂ ਦੀਆਂ ਵੋਟਾਂ ਗਰਮ ਖਿਆਲੀਆਂ ਵੱਲ ਜਾਣ ਦੀ ਸੰਭਾਵਨਾ ਘੱਟ ਹੋ ਸਕਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI