Home rss national punjabi2ਰਾਸ਼ਟਰੀ ਖ਼ਬਰਾਂ ਮਨੀਲਾ ਦੇ ਜਿਸ 100 ਸਾਲ ਪੁਰਾਣੇ ਗੁਰਦੁਆਰੇ ਵਿੱਚ ਪੀਐੱਮ ਮੋਦੀ ਪਹੁੰਚੇ, ਉਸ...

ਮਨੀਲਾ ਦੇ ਜਿਸ 100 ਸਾਲ ਪੁਰਾਣੇ ਗੁਰਦੁਆਰੇ ਵਿੱਚ ਪੀਐੱਮ ਮੋਦੀ ਪਹੁੰਚੇ, ਉਸ ਦੇ ਬਣਨ ਦੀ ਕੀ ਕਹਾਣੀ ਹੈ

4
0

Source :- BBC PUNJABI

ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲੀਪੀਨਜ਼ ਦੇ ਸਭ ਤੋਂ ਪੁਰਾਣੇ ਗੁਰਦੁਆਰੇ, ਖਾਲਸਾ ਦੀਵਾਨ ਮਨੀਲਾ ਦੀ ਮੁੜ ਉਸਾਰੀ ਲਈ ਨੀਂਹ ਪੱਥਰ ਰੱਖੇ ਜਾਣ ਦੇ ਸਮਾਗਮ ਵਿੱਚ ਪਹੁੰਚੇ।

ਇੱਥੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਸਨਮਾਨਿਤ ਵੀ ਕੀਤਾ ਗਿਆ ਅਤੇ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਨਾਲ ਸਮਾਂ ਵੀ ਬਿਤਾਇਆ।

ਪੀਐੱਮ ਮੋਦੀ ‘ਆਸੀਆਨ ਅਤੇ ਈਸਟ ਏਸ਼ੀਆ’ ਸੰਮੇਲਨਾਂ ਲਈ ਫਿਲੀਪੀਨਜ਼ ਦੇ ਦੌਰੇ ਉੱਤੇ ਹਨ।

ਪ੍ਰੈੱਸ ਇਨਫਰਮੇਸ਼ਨ ਬਿਊਰੋ ਮੁਤਾਬਕ, “ਇਹ ਗੁਰਦੁਆਰਾ 1901 ਵਿੱਚ ਸਥਾਪਤ ਹੋਇਆ, 1903 ਵਿੱਚ ਇਸ ਦਾ ਰਸਮੀ ਤੌਰ ‘ਤੇ ਪ੍ਰਬੰਧ ਹੋਇਆ ਅਤੇ 1924 ਵਿੱਚ ਖਾਲਸਾ ਦੀਵਾਨ ਵਜੋਂ ਰਜਿਸਟਰ ਹੋਇਆ।”

ਗੁਰਦੁਆਰੇ ਪਹੁੰਚਣ ਤੋਂ ਬਾਅਦ ਪੀਐੱਮ ਮੋਦੀ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ, “ਗੁਰਦੁਆਰਾ ਖਾਲਸਾ ਦੀਵਾਨ, ਮਨੀਲਾ ਵਿਖੇ ਆ ਕੇ ਬਹੁਤ ਵਡਭਾਗਾ ਮਹਿਸੂਸ ਕਰ ਰਿਹਾ ਹਾਂ।”

ਇਹ ਗੁਰਦੁਆਰਾ ਮਨੀਲਾ ਦੇ ਪਾਕੋ ਇਲਾਕੇ ਵਿੱਚ ਯੂਨਾਈਟਿਡ ਨੇਸ਼ਨਜ਼ ਐਵੇਨਿਊ ਉੱਤੇ ਸਥਿਤ ਹੈ।

ਫਿਲੀਪੀਨਜ਼ ਵਿੱਚ ਪਹਿਲਾ ਗੁਰਦੁਆਰਾ ਬਣਨ ਦੀ ਕੀ ਹੈ ਕਹਾਣੀ?

ਖਾਲਸਾ ਦੀਵਾਨ ਇੰਡੀਅਨ ਸਿੱਖ ਟੈਂਪਲ

ਫਿਲੀਪੀਨਜ਼ ਵਿੱਚ ਪਹਿਲਾ ਸਿੱਖ ਗੁਰਦੁਆਰਾ ਬਣਨ ਦੀ ਕਹਾਣੀ ਅਣਵੰਡੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੌਰਾਨ ਪੰਜਾਬੀਆਂ ਦੇ ਪਰਵਾਸ ਨਾਲ ਜੁੜੀ ਹੋਈ ਹੈ।

ਗੁਰਦੁਆਰੇ ਦੀ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਦਲਵੀਰ ਸਿੰਘ ਧਾਲੀਵਾਲ ਦੱਸਦੇ ਹਨ ਕਿ ਸ਼ੁਰੂਆਤ ਵਿੱਚ ਇੱਥੇ ਇੱਕ ਘਰ ਕਿਰਾਏ ਉੱਤੇ ਲੈ ਕੇ ਗੁਰਦੁਆਰਾ ਬਣਾਇਆ ਗਿਆ ਸੀ। ਬਾਅਦ ਵਿੱਚ ਜਗ੍ਹਾ ਖਰੀਦ ਕੇ ਇੱਥੇ ਉਸਾਰੀ ਕੀਤੀ ਗਈ।

“ਇਹ ਗੁਰਦੁਆਰਾ ਸਿੰਧੀ ਅਤੇ ਪੰਜਾਬੀ ਭਾਈਚਾਰੇ ਨੇ ਇਕੱਠਿਆਂ ਬਣਾਇਆ ਸੀ। ਇਸ ਨੂੰ ਟੈਂਪਲ ਆਫ਼ ਇੰਡੀਅਨ ਕਿਹਾ ਜਾਂਦਾ ਸੀ। ਬਾਅਦ ਵਿੱਚ ਸਿੰਧੀ ਵੱਖ ਹੋ ਗਏ ਅਤੇ ਇਸ ਦਾ ਨਾਮ ਖਾਲਸਾ ਦੀਵਾਨ ਇੰਡੀਅਨ ਸਿੱਖ ਟੈਂਪਲ ਰੱਖਿਆ ਗਿਆ।”

ਉਹ ਕਹਿੰਦੇ ਹਨ ਕਿ ਪੁਰਾਣਾ ਢਾਂਚਾ ਕਮਜ਼ੋਰ ਹੋ ਚੁੱਕਾ ਸੀ, ਇਸ ਲਈ ਲੋਕਾਂ ਦੀ ਮੰਗ ਸੀ ਕਿ ਨਵੀਂ ਇਮਾਰਤ ਬਣਾਈ ਜਾਵੇ।

ਮਨਜਿੰਦਰ ਕੁਮਾਰ

ਕਰੀਬ 40 ਸਾਲ ਪਹਿਲਾਂ ਫਿਲੀਪੀਨਜ਼ ਆਏ ਖਾਲਸਾ ਦੀਵਾਨ ਮਨੀਲਾ ਦੇ ਪ੍ਰਧਾਨ ਮਨਜਿੰਦਰ ‘ਜੇਮਸ’ ਕੁਮਾਰ ਨੇ ਦੱਸਿਆ ਕਿ ਨਵੇਂ ਗੁਰਦੁਆਰੇ ਦੀ ਇਮਾਰਤ ਪੰਜ ਮੰਜ਼ਿਲੀ ਹੋਵੇਗੀ ਜਿਸ ਵਿੱਚ ਅੰਦਾਜ਼ਨ ਖਰਚਾ 50 ਕਰੋੜ ਪੇਸੋ(ਫਿਲੀਪੀਨਜ਼ ਦੀ ਮੁਦਰਾ) ਆਵੇਗਾ।

ਉਨ੍ਹਾਂ ਨੇ ਦੱਸਿਆ ਕਿ ਉਸਾਰੀ ਦਾ ਕੰਮ ਸਾਲ 2029 ਵਿੱਚ ਪੂਰਾ ਹੋਵੇਗਾ ਅਤੇ ਇਸ ਦੇ ਖਰਚੇ ਵਿੱਚ ਸਾਰੇ ਭਾਈਚਾਰਿਆਂ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ।

ਮਨਜਿੰਦਰ ਜੇਮਸ ਕੁਮਾਰ

2009 ਵਿੱਚ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਸੌਦਾਗਰ ਸਿੰਘ ਦੱਸਦੇ ਹਨ ਕਿ ਫਿਲੀਪੀਨਜ਼ ਵਿੱਚ 40 ਤੋਂ ਵੱਧ ਗੁਰਦੁਆਰੇ ਹਨ, ਪਰ ਫਿਲੀਪੀਨਜ਼ ਦੀ ਰਾਜਧਾਨੀ ਦੇ ਕੇਂਦਰੀ ਇਲਾਕੇ ਵਿੱਚ ਸਥਿਤ ਖਾਲਸਾ ਦੀਵਾਨ ਮਨੀਲਾ ਭਾਈਚਾਰੇ ਦਾ ਇੱਕ ਅਹਿਮ ਕੇਂਦਰ ਹੈ।

ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰੇ ਦੀ ਪੁਰਾਣੀ ਇਮਾਰਤ ਦੀਆਂ ਕੰਧਾਂ ਕੰਕਰੀਟ ਦੀਆਂ ਸਨ, ਜਦਕਿ ਇਸ ਦਾ ਅੰਦਰੂਨੀ ਹਿੱਸਾ ਲੱਕੜ ਦਾ ਬਣਿਆ ਹੋਇਆ ਸੀ। ਇਸ ਦੀ ਦੂਜੀ ਮੰਜ਼ਿਲ ਅਤੇ ਛੱਤ ਵੀ ਲੱਕੜ ਦੀ ਹੀ ਸੀ। ਪਹਿਲਾਂ ਇਸ ਦੀ ਮੁਰੰਮਤ ਕਰਨ ਦੀ ਯੋਜਨਾ ਸੀ, ਪਰ ਹੁਣ ਗੁਰਦੁਆਰੇ ਨੂੰ ਨਵੇਂ ਸਿਰੇ ਤੋਂ ਬਣਾਇਆ ਜਾ ਰਿਹਾ ਹੈ।

ਦਲਵੀਰ ਸਿੰਘ ਦੱਸਦੇ ਹਨ ਕਿ ਫਿਲੀਪੀਨਜ਼ ਵਿੱਚ ਰਹਿੰਦੇ ਪੰਜਾਬੀ ਟ੍ਰੈਵਲ ਏਜੰਸੀਆਂ, ਰੈਸਟੋਰੈਂਟਾਂ, ਟੈਕਸੀਆਂ ਅਤੇ ਹੋਰ ਕੰਮਾਂ ਨਾਲ ਵੀ ਜੁੜੇ ਹੋਏ ਹਨ।

ਕਰੀਬ 32 ਸਾਲ ਪਹਿਲਾਂ ਮਨੀਲਾ ਆ ਕੇ ਵਸੇ ਸੌਦਾਗਰ ਸਿੰਘ ਦੱਸਦੇ ਹਨ ਕਿ ਮਨੀਲਾ ਵਿੱਚ ਪੰਜਾਬੀਆਂ ਸਣੇ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਉਹ ਦੱਸਦੇ ਹਨ ਕਿ ਗੁਰਪੁਰਬ ਮੌਕੇ ਨਗਰ ਕੀਰਤਨਾਂ ਵਿੱਚ ਵੀ ਕਾਫ਼ੀ ਰੌਣਕ ਦੇਖਣ ਨੂੰ ਮਿਲਦੀ ਹੈ ਅਤੇ ਵੱਖ-ਵੱਖ ਸਮਾਗਮ ਕਰਵਾਏ ਜਾਂਦੇ ਹਨ।

ਅਮਰੀਕਾ ਜਾਣ ਦੀ ਚਾਹ ਵਿੱਚ ਫਿਲੀਪੀਨਜ਼ ਕਿਵੇਂ ਪਹੁੰਚੇ ਪੰਜਾਬੀ?

ਆਪਣੀ ਕਿਤਾਬ ‘ਸਿੱਖਸ ਇਨ ਏਸ਼ੀਆ ਪੈਸਿਫਿਕ’ ਵਿੱਚ ਸਵਰਨ ਸਿੰਘ ਕਾਹਲੋਂ ਨੇ ਪੰਜਾਬ ਤੋਂ ਫਿਲੀਪੀਨਜ਼ ਵਿੱਚ ਹੋਏ ਪਰਵਾਸ ਦੀ ਕਹਾਣੀ ਲਿਖੀ ਹੈ।

ਉਹ ਲਿਖਦੇ ਹਨ, “20ਵੀਂ ਸਦੀ ਵਿੱਚ ਫਿਲੀਪੀਨਜ਼ ਅਮਰੀਕਾ ਅਧੀਨ ਹੋਣ ਕਰਕੇ ਇਸ ਨੂੰ ਸਿੱਖਾਂ ਵੱਲੋਂ ਅਮਰੀਕਾ ਵਿੱਚ ਜਾਣ ਲਈ ਇੱਕ ਬੇਸ ਵਜੋਂ ਵਰਤਿਆ ਗਿਆ ਸੀ।”

“ਫਿਲੀਪੀਨਜ਼ ਵੱਲ ਪਰਵਾਸ 1947 ਤੋਂ ਬਾਅਦ ਵਧਿਆ ਅਤੇ 1990 ਤੋਂ ਬਾਅਦ ਹੋਰ ਵੱਧ ਗਿਆ। ਪਹਿਲਾਂ ਚੌਂਕੀਦਾਰ (ਵਾਚਮੈਨ) ਵਜੋਂ ਕੰਮ ਕਰਨ ਵਾਲੇ ਸਿੱਖ ਹੁਣ ਕਰਜ਼ੇ ਉੱਤੇ ਪੈਸੇ ਦੇਣ ਦਾ ਕੰਮ ਕਰਨ ਲੱਗੇ।”

“ਭਾਰਤੀਆਂ ਦਾ ਝੁਕਾਅ ਅਮਰੀਕਾ ਅਤੇ ਕੈਨੇਡਾ ਵੱਲ ਵੱਧ ਸੀ। ਸਿੰਗਾਪੁਰ ਅਤੇ ਹਾਂਗਕਾਂਗ ਤੋਂ ਬਾਅਦ ਫਿਲੀਪੀਨਜ਼ ਉਨ੍ਹਾਂ ਦੀ ਆਖ਼ਰੀ ਚੋਣ ਸੀ। ਸਿੰਧੀ ਵਪਾਰੀ ਸਭ ਤੋਂ ਪਹਿਲਾਂ ਆਏ, ਉਸ ਤੋਂ ਬਾਅਦ ਪੰਜਾਬੀ ਪਰਵਾਸੀ ਆਏ।”

ਉਹ ਲਿਖਦੇ ਹਨ ਕਿ ਕਈ ਲੋਕ ਅਜਿਹੇ ਵੀ ਆਏ, ਜਿਨ੍ਹਾਂ ਨੂੰ ਫਿਲੀਪੀਨਜ਼ ਬਾਰੇ ਬਹੁਤ ਘੱਟ ਜਾਣਕਾਰੀ ਸੀ। ਮਨੀਲਾ ਵਿੱਚ ਗ਼ਦਰ ਪਾਰਟੀ ਦੀ ਸ਼ਾਖ਼ਾ ਵੀ ਸਥਾਪਤ ਹੋਈ ਸੀ।

ਖਾਲਸਾ ਦੀਵਾਨ ਮਨੀਲਾ

2016 ਵਿੱਚ ਛਪੀ ਆਪਣੀ ਕਿਤਾਬ ਵਿੱਚ ਸਵਰਨ ਲਿਖਦੇ ਹਨ ਕਿ ਸਿੰਧੀ ਭਾਈਚਾਰਾ ਵਪਾਰ ਅਤੇ ਉਸਾਰੀ ਦੇ ਕੰਮ ਵਿੱਚ ਸੀ, ਜਦਕਿ ਪੰਜਾਬੀ ਪੈਸੇ ਉਧਾਰ ਦੇਣ ਦੇ ਕੰਮ ਵਿੱਚ ਸਨ।

ਸਥਾਨਕ ਲੋਕਾਂ ਮੁਤਾਬਕ ਫਿਲੀਪੀਨਜ਼ ਵਿੱਚ ਪੰਜਾਬੀ 1890ਵਿਆਂ ਵਿੱਚ ਆਉਣੇ ਸ਼ੁਰੂ ਹੋਏ।

ਸਵਰਨ ਸਿੰਘ ਕਾਹਲੋਂ ਮੁਤਾਬਕ, 1902 ਵਿੱਚ ਫਿਲੀਪੀਨਜ਼ ਵਿੱਚ ਜਾ ਕੇ ਵਸਣ ਵਾਲੇ ਪਹਿਲੇ ਸਿੱਖਾਂ ਵਿੱਚੋਂ ਇੱਕ ਜਲੰਧਰ ਦੇ ਸੰਗਤਪੁਰ ਪਿੰਡ ਤੋਂ ਸੀ।

ਉਹ ਲਿਖਦੇ ਹਨ ਫਿਲੀਪੀਨਜ਼ ਦੀ ਚੋਣ ਅਚਾਨਕ ਹੋਈ ਸੀ ਕਿਉਂਕਿ ਉਹ ਅਮਰੀਕਾ ਜਾਣ ਲਈ ਨਿਕਲਿਆ ਸੀ, ਪਰ ਮਨੀਲਾ ਪਹੁੰਚ ਗਿਆ। ਉਸ ਨੂੰ ਪਤਾ ਲੱਗਾ ਸੀ ਕਿ ਫਿਲੀਪੀਨਜ਼ ਅਮਰੀਕੀਆਂ ਦੇ ਕਬਜ਼ੇ ਹੇਠ ਆ ਗਿਆ ਹੈ ਅਤੇ ਉੱਥੇ ਅੱਗੇ ਵਧਣ ਦੇ ਕਈ ਮੌਕੇ ਹੋ ਸਕਦੇ ਹਨ। ਇਸ ਤੋਂ ਬਾਅਦ ਹੋਰ ਲੋਕ ਵੀ ਇੱਥੇ ਪਹੁੰਚੇ।

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਫਿਲੀਪੀਨਜ਼ ਵਿੱਚ ਭਾਰਤੀ ਡਾਇਸਪੋਰਾ ਅੰਦਾਜ਼ਨ 70,000 ਤੋਂ ਵੱਧ ਹੈ, ਇਨ੍ਹਾਂ ਵਿੱਚੋਂ ਬਹੁਤੇ ਮੈਟਰੋ ਮਨੀਲਾ, ਦਾਵਾਓ ਅਤੇ ਸੇਬੂ ਵਿੱਚ ਕੇਂਦਰਤ ਹਨ। ਐੱਮਈਏ ਮੁਤਾਬਕ ਫਿਲੀਪੀਨਜ਼ ਵਿੱਚ 8 ਮੰਦਿਰ ਵੀ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI